ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸਾਲ 2016-17 ਲਈ ਪ੍ਰਵਾਨ ਕੀਤੀ ਗਈ ਨਵੀਂ ਆਬਕਾਰੀ ਨੀਤੀ ਵਿਚ ਸ਼ਰਾਬੀਆਂ ਦਾ ਖਾਸ ਖਿਆਲ ਰੱਖਿਆ ਗਿਆ ਹੈ। ਸਰਕਾਰ ਨੇ ਸੂਬੇ ਦੇ ਸ਼ਰਾਬ ਪੀਣ ਵਾਲੇ ਲੋਕਾਂ ਦਾ ਸਿਰ ਵੱਧ ਘੁਮਾਉਣ ਵਾਲੀ 50 ਦੀ ਥਾਂ 75 ਡਿਗਰੀ ਵਾਲੀ ਦੇਸੀ ਸ਼ਰਾਬ ਵੇਚਣ ਨੂੰ ਉਤਸ਼ਾਹਤ ਕਰਨ ਲਈ ਇਸ ਤੋਂ ਵਿਸ਼ੇਸ਼ ਲਾਇਸੈਂਸ ਫੀਸ 20 ਰੁਪਏ ਤੋਂ ਘਟਾ ਕੇ 5 ਰੁਪਏ ਪ੍ਰਤੀ ਪਰੂਫ ਲਿਟਰ ਕਰ ਦਿੱਤੀ ਹੈ। ਇਸ ਨਾਲ ਜਿਥੇ ਸ਼ਰਾਬ ਪੀਣ ਵਾਲੇ ਲੋਕਾਂ ਦੀ ਸਿਹਤ ਨੂੰ ਹੋਰ ਵੱਧ ਨੁਕਸਾਨ ਹੋਵੇਗਾ, ਉਥੇ ਸ਼ਰਾਬ ਦੇ ਠੇਕੇਦਾਰਾਂ ਨੂੰ ਵੀ 15 ਰੁਪਏ ਪ੍ਰਤੀ ਪਰੂਫ ਲਿਟਰ ਦਾ ਫਾਇਦਾ ਹੋਵੇਗਾ।
ਲੋਕਾਂ ਦੇ ਸਖਤ ਵਿਰੋਧ ਕਾਰਨ ਭਾਵੇਂ ਸਰਕਾਰ ਨੇ ਪਰਚੂਨ ਠੇਕਿਆਂ ਦੀ ਗਿਣਤੀ ਵਿਚ ਤਾਂ ਵਾਧਾ ਨਹੀਂ ਕੀਤਾ, ਪਰ ਦੇਸੀ ਸ਼ਰਾਬ ਦਾ ਕੋਟਾ ਚਾਲੂ ਵਿੱਤੀ ਸਾਲ ਦੇ 9æ80 ਤੋਂ ਵਧਾ ਕੇ 10æ30 ਕਰੋੜ ਪਰੂਫ ਲਿਟਰ ਕਰ ਦਿੱਤਾ ਹੈ। ਇਸੇ ਤਰ੍ਹਾਂ ਮੁਲਕ ਵਿਚ ਬਣੀ ਅੰਗਰੇਜ਼ੀ ਸ਼ਰਾਬ ਦਾ ਕੋਟਾ 4æ50 ਤੋਂ ਵਧਾ ਕੇ 4æ75 ਕਰੋੜ ਪਰੂਫ ਲਿਟਰ ਕਰ ਦਿੱਤਾ ਹੈ। ਇੰਨਾ ਹੀ ਨਹੀਂ, ਸਰਕਾਰ ਨੇ ਇਸ ਮੁੱਢਲੇ ਕੋਟੇ ਉਤੇ 20 ਫੀਸਦੀ ਦੀ ਦਰ ਨਾਲ ਵਾਧੂ ਕੋਟਾ ਵੀ ਰਿਆਇਤੀ ਦਰਾਂ ‘ਤੇ ਸ਼ਰਾਬ ਦੇ ਠੇਕੇਦਾਰਾਂ ਨੂੰ ਮੁਹੱਈਆ ਕਰਵਾਉਣ ਲਈ ਵਚਨਬੱਧਤਾ ਪ੍ਰਗਟਾਈ ਹੈ। ਦੇਸੀ ਅਤੇ ਅੰਗਰੇਜ਼ੀ ਸ਼ਰਾਬ ਤੋਂ ਇਲਾਵਾ ਬੀਅਰ ਦਾ ਕੋਟਾ ਵੀ 312 ਤੋਂ ਵਧਾ ਕੇ 330 ਲੱਖ ਬਲਕ ਲਿਟਰ ਕਰ ਦਿੱਤਾ ਹੈ। ਪੰਜਾਬੀਆਂ ਨੂੰ ਵੱਖ ਵੱਖ ਕਿਸਮਾਂ ਦੀ ਬੀਅਰ ਪਿਲਾਉਣ ਦਾ ਸ਼ੌਕੀਨ ਬਣਾਉਣ ਲਈ ਡੱਬਾਬੰਦ ਬੀਅਰ ਉਤੇ ਦਰਾਮਦੀ ਡਿਊਟੀ ਖਤਮ ਕਰ ਦਿੱਤੀ ਹੈ।
ਇਸ ਤੋਂ ਇਲਾਵਾ ਕਾਰਪੋਰੇਸ਼ਨ ਵਾਲੇ ਸ਼ਹਿਰਾਂ ਵਿਚ ਸ਼ਰਾਬ ਦੀਆਂ ਮਾਡਲ ਦੁਕਾਨਾਂ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਹੈ ਜਿਥੇ ਕੋਈ ਵੀ ਵਿਅਕਤੀ ਬਿਨਾਂ ਕਿਸੇ ਹਿਚਕਿਚਾਹਟ ਤੋਂ ਸ਼ਰਾਬ ਖਰੀਦ ਸਕੇਗਾ। ਪਿਛਲੇ ਸਾਲ ਵਾਂਗ ਹੀ ਸਰਕਾਰ ਨੇ ਨਵੀਂ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਦਿੰਦਿਆਂ ਸੂਬੇ ਦੇ ਲੋਕਾਂ ਦੀ ਸਿਹਤ ਦਾ ਖਿਆਲ ਘੱਟ ਪਰ ਸ਼ਰਾਬ ਦੀ ਵਿਕਰੀ ਦੇ ਬਲਬੂਤੇ ਸਰਕਾਰੀ ਖ਼ਜ਼ਾਨਾ ਭਰਨ ਨੂੰ ਵੱਧ ਤਰਜੀਹ ਦਿੱਤੀ ਹੈ।
ਨਵੀਂ ਆਬਕਾਰੀ ਨੀਤੀ ਤਹਿਤ ਸਰਕਾਰ ਨੇ ਪਿਛਲੇ ਸਾਲ ਦੇ ਮੁਕਾਬਲੇ ਆਗਾਮੀ ਵਿੱਤੀ ਵਰ੍ਹੇ ਵਿਚ ਸ਼ਰਾਬ ਦੀ ਵਿਕਰੀ ਤੋਂ 440 ਕਰੋੜ ਵੱਧ ਕਮਾਈ ਕਰਨ ਦਾ ਟੀਚਾ ਰੱਖਿਆ ਹੈ ਜਿਸ ਦਾ ਸਿੱਧਾ ਅਰਥ ਹੈ ਕਿ ਸੂਬੇ ਦੇ ਲੋਕਾਂ ਨੂੰ ਅਗਲੇ ਸਾਲ ਵਿਚ 440 ਕਰੋੜ ਰੁਪਏ ਹੋਰ ਵੱਧ ਸ਼ਰਾਬ ਪਿਲਾ ਕੇ ਮਦਹੋਸ਼ ਕੀਤਾ ਜਾਵੇਗਾ। ਨਵੀਂ ਆਬਕਾਰੀ ਨੀਤੀ ਸਰਕਾਰ ਸੂਬੇ ਦੇ ਲੋਕਾਂ ਦੀ ਹੱਕ ਹਲਾਲ ਦੀ ਕਮਾਈ ਵਿਚੋਂ 5440 ਰੁਪਏ ਆਬਕਾਰੀ ਕਰ ਤੇ ਵੈਟ ਜ਼ਰੀਏ ਹਥਿਆ ਲਵੇਗੀ। ਇਸ ਤੋਂ ਇਲਾਵਾ ਦੇਸੀ ਸ਼ਰਾਬ ਦੀਆਂ ਤਕਰੀਬਨ 27æ50 ਕਰੋੜ, ਅੰਗਰੇਜ਼ੀ ਸ਼ਰਾਬ ਦੀਆਂ 8æ50 ਕਰੋੜ ਅਤੇ ਬੀਅਰ ਦੀਆਂ ਪੰਜ ਕਰੋੜ ਤੋਂ ਵੱਧ ਬੋਤਲਾਂ ਪਿਲਾ ਕੇ ਲਗਪਗ 82 ਅਰਬ ਰੁਪਏ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਵਿਚੋਂ ਰਸੂਖਵਾਨਾ ਦੇ ਜੋਟੀਦਾਰ ਠੇਕੇਦਾਰਾਂ ਨੇ ਕੱਢ ਲੈਣੇ ਹਨ।
______________________________________
ਸ਼ਰਾਬ ਦੇ ਪੈਸੇ ਨਾਲ ਸਮਾਜ ਸੇਵਾ
ਚੰਡੀਗੜ੍ਹ: ਪਿਛਲੇ ਸਾਲ ਵਾਂਗ ਹੀ ਸਰਕਾਰ ਨੇ ਸ਼ਰਾਬ ਦੀ ਵਿਕਰੀ ਵਧਾ ਕੇ ਸਿੱਖਿਆ, ਖੇਡਾਂ ਤੇ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਵਿਰਾਸਤੀ ਥਾਂਵਾਂ ਦੀ ਸਾਂਭ-ਸੰਭਾਲ ਕਰਨ ਦੀ ਬੇਅਸੂਲੀ ਅਤੇ ਅਨੈਤਿਕ ਨੀਤੀ ਜਾਰੀ ਰੱਖਣ ਦੀ ਪ੍ਰਵਾਨਗੀ ਦਿੱਤੀ ਹੈ। ਇਸ ਨੀਤੀ ਤਹਿਤ ਸ਼ਰਾਬ ਦੇ ਕੁੱਲ ਕੋਟੇ ਉੱਤੇ ਵਾਧੂ ਲਾਇਸੈਂਸ ਫੀਸ 23 ਰੁਪਏ ਤੋਂ ਵਧਾ ਕੇ 29 ਰੁਪਏ ਪ੍ਰਤੀ ਪਰੂਫ ਲਿਟਰ ਕਰ ਦਿੱਤੀ ਹੈ ਜਿਸ ਨਾਲ 300 ਕਰੋੜ ਰੁਪਏ ਹੋਰ ਸ਼ਰਾਬ ਪੀਣ ਵਾਲੇ ਲੋਕਾਂ ਦੀਆਂ ਜੇਬਾਂ ਵਿਚੋਂ ਨਿਕਲ ਜਾਣੇ ਹਨ। ਇਹ ਕਹੀ ਵਿਡੰਬਣਾ ਹੈ ਕਿ ਪਹਿਲਾਂ ਤਾਂ ਸ਼ਰਾਬ ਪਿਲਾ ਕੇ ਲੋਕਾਂ ਨੂੰ ਸਿੱਖਿਆ, ਖੇਡਾਂ, ਸੱਭਿਆਚਾਰ ਅਤੇ ਸਿਹਤ ਤੋਂ ਦੂਰ ਕਰੋ ਅਤੇ ਫਿਰ ਉਸ ਦੀ ਆਮਦਨ ਨਾਲ ਇਨ੍ਹਾਂ ਦਾ ਵਿਕਾਸ ਤੇ ਸਾਂਭ-ਸੰਭਾਲ ਕਰੋ।
______________________________
ਬਿਹਾਰ ‘ਚ ਸ਼ਰਾਬ ਪੀਤੀ ਤਾਂ ਹੋਵੇਗੀ 10 ਸਾਲ ਕੈਦ
ਪਟਨਾ: ਬਿਹਾਰ ਵਿਚ ਪਹਿਲੀ ਅਪਰੈਲ ਤੋਂ ਸ਼ਰਾਬ ਪੀਣ ਦੀ ਮਨਾਹੀ ਕੀਤੀ ਗਈ ਹੈ। ਬਿਹਾਰ ਮੰਤਰੀ ਮੰਡਲ ਵੱਲੋਂ ਪਾਸ ਕੀਤੇ ਨਵੇਂ ਕਾਨੂੰਨ ਮੁਤਾਬਕ ਬਿਹਾਰ ਵਿਚ ਸ਼ਰਾਬ ਪੀਂਦੇ ਫੜੇ ਜਾਣ ‘ਤੇ 10 ਸਾਲ ਤੱਕ ਕੈਦ ਤੇ ਇਕ ਲੱਖ ਤੋਂ ਲੈ ਕੇ ਪੰਜ ਲੱਖ ਤੱਕ ਜੁਰਮਾਨਾ ਹੋ ਸਕਦਾ ਹੈ। ਇਸ ਕਾਨੂੰਨ ਤਹਿਤ ਜੇਕਰ ਕਿਸੇ ਬੇਗੁਨਾਹ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਕਰਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਹ ਕਾਨੂੰਨ ਪਹਿਲੀ ਅਪਰੈਲ ਤੋਂ ਲਾਗੂ ਹੋਵੇਗਾ।