ਚੰਡੀਗੜ੍ਹ: ਪੰਜਾਬ ਦੇ ਪੇਂਡੂ ਖੇਤਰਾਂ ਵਿਚ ਸਿਹਤ ਸਹੂਲਤਾਂ ਲਾਵਾਰਸ ਹਨ। ਸਰਕਾਰ ਵੱਲੋਂ ਇਨ੍ਹਾਂ ਹਸਪਤਾਲਾਂ ਵਿਚ 24 ਘੰਟੇ ਸਿਹਤ ਸੇਵਾਵਾਂ ਦੇਣ ਦੇ ਦਾਅਵੇ ਕੀਤੇ ਸਨ, ਪਰ ਜ਼ਿਆਦਾਤਰ ਹਸਪਤਾਲ ਡਾਕਟਰਾਂ ਖੁਣੋਂ ਸੱਖਣੇ ਹਨ। ਸਿਹਤ ਵਿਭਾਗ ਦੇ 132 ਪ੍ਰਾਇਮਰੀ ਹੈਲਥ ਸੈਂਟਰਾਂ ਵਿਚੋਂ 35 ਵਿਚ ਡਾਕਟਰ ਨਹੀਂ ਹਨ ਅਤੇ ਨਰਸਾਂ ਹੀ ਮਰੀਜ਼ਾਂ ਦੀ ਮੈਡੀਕਲ ਜਾਂਚ ਕਰ ਰਹੀਆਂ ਹਨ, ਜਦੋਂਕਿ 14 ਹਸਪਤਾਲਾਂ ਵਿਚ ਡਾਕਟਰ ਤੇ ਨਰਸਾਂ ਵਿਚੋਂ ਕੋਈ ਵੀ ਤਾਇਨਾਤ ਨਹੀਂ ਕੀਤਾ ਗਿਆ ਹੈ।
ਸਿਹਤ ਵਿਭਾਗ ਦੇ ਨਿਯਮਾਂ ਮੁਤਾਬਕ 132 ਸੈਂਟਰਾਂ ਵਿਚ 24 ਘੰਟੇ ਸਿਹਤ ਸੇਵਾਵਾਂ ਦੇਣ ਲਈ 264 ਡਾਕਟਰਾਂ ਦੀ ਲੋੜ ਹੈ, ਪਰ ਸਿਰਫ 53 ਡਾਕਟਰਾਂ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ। ਇਨ੍ਹਾਂ ਸੈਂਟਰਾਂ ਵਿਚ ਤਾਇਨਾਤ 53 ਡਾਕਟਰਾਂ ਵਿਚੋਂ 36 ਮਹਿਲਾ ਅਤੇ 17 ਪੁਰਸ਼ ਮੈਡੀਕਲ ਅਫਸਰ ਹਨ। ਕੁੱਲ 132 ਸੈਂਟਰਾਂ ਵਿਚ 660 ਨਰਸਾਂ ਦੀਆਂ ਅਸਾਮੀਆਂ ਹਨ, ਪਰ 78 ਨਰਸਾਂ ਹੀ ਤਾਇਨਾਤ ਕੀਤੀਆਂ ਗਈਆਂ ਹਨ।
ਸਿਹਤ ਵਿਭਾਗ ਦੀ ਰਿਪੋਰਟ ਮੁਤਾਬਕ ਜ਼ਿਲ੍ਹਾ ਅੰਮ੍ਰਿਤਸਰ ਦੇ ਮੱਤੇਵਾਲ ਤੇ ਭਰੀਏਵਾਲ ਦੇ ਸੈਂਟਰ ਵਿਚ ਕੋਈ ਡਾਕਟਰ ਨਹੀਂ ਹੈ ਅਤੇ ਨਰਸਾਂ ਹੀ ਮਰੀਜ਼ ਦੇਖ ਰਹੀਆਂ ਹਨ। ਬਰਨਾਲਾ ਦੇ ਠੀਕਰੀਵਾਲ ਵਿਚ ਨਾ ਕੋਈ ਡਾਕਟਰ ਹੈ ਅਤੇ ਨਾ ਹੀ ਨਰਸਾਂ ਹਨ।
ਬਠਿੰਡਾ ਦੇ ਮਾਈਸਰਖਾਨੇ, ਜੋਧਪੁਰ ਪਾਖਰ ਅਤੇ ਲਹਿਰਾ ਮੁਹੱਬਤ ਦੇ ਸੈਂਟਰਾਂ ਵਿਚ ਸਿਰਫ ਨਰਸਾਂ ਹੀ ਹਨ ਜਦੋਂਕਿ ਬਾਂਦੀ ਅਤੇ ਬਦਿਆਲ ਸੁੰਨਾ ਪਿਆ ਹੈ। ਫਤਹਿਗੜ੍ਹ ਸਾਹਿਬ ਦੇ ਪਿੰਡ ਲਾਡਪੁਰ ਅਤੇ ਆਲੋਵਾਲ ਵਿਚ ਇਕ-ਇਕ ਨਰਸ ਤੇ ਡਾਕਟਰ ਕੰਮ ਚਲਾ ਰਹੇ ਹਨ। ਸਿਹਤ ਮੰਤਰੀ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਖੀਵੇਵਾਲੀ ਢਾਬ ਤੇ ਜੀਵਨ ਅਰਾਈਆਂ ਦੇ ਸੈਂਟਰ ਨਰਸਾਂ ਹਵਾਲੇ ਕੀਤੇ ਗਏ ਹਨ। ਫਿਰੋਜ਼ਪੁਰ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਦੇ ਸੈਂਟਰ ਵਿਚ ਇਕ ਨਰਸ ਹੈ ਜਦੋਂਕਿ ਪਿੰਡ ਧਰਮਕੋਟ ਦਾ ਸੈਂਟਰ ਖਾਲੀ ਪਿਆ ਹੈ।
ਹੁਸ਼ਿਆਰਪੁਰ ਦੇ ਪਿੰਡ ਬਾਦਲਾ, ਬੁਲ੍ਹੋਵਾਲ, ਜੱਲੋਵਾਲ, ਮਿਆਣੀ, ਜੇਜੋਂ ਤੇ ਮਹਿਲਾਂਵਾਲੀ ਦੇ ਸੈਂਟਰਾਂ ਵਿਚ ਵੀ ਨਰਸਾਂ ਹੀ ਲਾਈਆਂ ਗਈਆਂ ਹਨ। ਜਲੰਧਰ ਦੇ ਪਿੰਡ ਰੂਪੇਵਾਲੀ, ਦੁਸਾਂਝ ਕਲਾਂ, ਡਰੋਲੀ ਕਲਾਂ, ਤਲਵਣ, ਰਾਏਪੁਰ ਕਲਾਂ, ਫਰਾਲਾ, ਰੁੜਕਾ ਕਲਾਂ, ਮੌ ਸਾਹਿਬ, ਅਰਜਨਵਾਲਾ ਅਤੇ ਸੁਮੇਰ ਵਿਚੋਂ ਚਾਰ ਵਿਚ ਇਕ ਡਾਕਟਰ ਅਤੇ ਛੇ ਵਿਚ ਨਰਸਾਂ ਤਾਇਨਾਤ ਹਨ। ਕਪੂਰਥਲਾ ਦੇ ਪਿੰਡ ਮਕਸੂਦਾਂ, ਕਬੀਰਪੁਰ ਦੇ ਸੈਂਟਰ ਬਗੈਰ ਡਾਕਟਰ ਤੋਂ ਚੱਲ ਰਹੇ ਹਨ।
ਮਾਨਸਾ ਦਾ ਪਿੰਡ ਉਭਾ, ਦੌੜਕੀਆਂ, ਪਾਪੜੇ ਭਾਈਕੇ ਅਤੇ ਕਲਰੀਆ ਵਿਚ ਵੀ ਡਾਕਟਰਾਂ ਦੀ ਤੋਟ ਹੈ ਅਤੇ ਸਟਾਫ ਨਰਸਾਂ ਕੰਮ ਚਲਾ ਰਹੀਆਂ ਹਨ। ਮੋਗਾ ਦੇ ਪਿੰਡ ਬਿਲਾਸਪੁਰ, ਲੋਪੋ, ਸੁੱਖਾਨੰਦ ਅਤੇ ਮਲੀਆਂਵਾਲਾ ਵਿਚ ਵੀ ਨਰਸਾਂ ਹੀ ਤਾਇਨਾਤ ਹਨ। ਮੁਹਾਲੀ ਦੇ ਪਿੰਡ ਬਸੌਲੀ ਅਤੇ ਅਲਪਵਾਲਾ ਵਿਚ ਵੀ ਦੋ-ਦੋ ਨਰਸਾਂ ਲਗਾ ਰੱਖੀਆਂ ਹਨ। ਨਵਾਂ ਸ਼ਹਿਰ ਦੇ ਮਸ਼ਹੂਰ ਪਿੰਡ ਖਟਕੜਕਲਾਂ ਵਿਚ ਇਕ ਡਾਕਟਰ ਅਤੇ ਦੋ ਨਰਸਾਂ ਹਨ ਜਦੋਂਕਿ ਕਮਾਮ, ਸਾਹਿਬਾ ਅਤੇ ਮੁਜ਼ੱਫਰਪਰ ਨੂੰ ਡਾਕਟਰ ਅਤੇ ਨਰਸ ਦੋਹਾਂ ਦੀ ਉਡੀਕ ਹੈ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜ਼ਿਲ੍ਹਾ ਮੁਕਤਸਰ ਦੇ ਪਿੰਡ ਕਾਲੀਆਂਆਲ, ਸਿੰਘਵਾਲਾ ਅਤੇ ਭਾਈਕਾਖੇੜਾ ਦੇ ਸੈਂਟਰਾਂ ਦੀ ਚਾਬੀ ਵੀ ਸਟਾਫ ਨਰਸਾਂ ਦੇ ਹੱਥ ਹੈ। ਪਟਿਆਲਾ ਦੇ ਪਿੰਡ ਜੋਗਪੁਰ, ਖੇੜਾ ਗੱਜੂ ਅਤੇ ਟੌਹੜਾ ਵਿਚ ਇਕ ਡਾਕਟਰ ਅਤੇ ਇਕ-ਇਕ ਨਰਸ ਕੰਮ ਕਰ ਰਹੀ ਹੈ। ਪਿੰਡ ਕਤਰਾਲਾ ਦੀ ਵਾਂਗਡੋਰ ਸਿਰਫ ਦੋ ਨਰਸਾਂ ਦੇ ਹੱਥ ਹੈ। ਗੱਜੂਮਾਜਰਾ ਦੇ ਸੈਂਟਰ ਨੂੰ ਇਕ ਨਰਸ ਚਲਾ ਰਹੀ ਹੈ। ਪਠਾਨਕੋਟ ਦੇ ਪਿੰਡ ਤਾਰਾਗੜ੍ਹ, ਬਨਿਆਲ ਅਤੇ ਦਨੇਰਾ ਵਿਚ ਵੀ ਦੋ-ਦੋ ਨਰਸਾਂ ਹੀ ਕੰਮ ਚਲਾ ਰਹੀਆਂ ਹਨ। ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵਿਭਾਗ ਦਾ ਚਾਰਜ ਲੈਣ ਤੋਂ ਬਾਅਦ ਕਾਫੀ ਸੁਧਾਰ ਕੀਤਾ ਹੈ ਅਤੇ ਡਾਕਟਰਾਂ ਦੀ ਘਾਟ ਪੂਰੀ ਕਰਨ ਲਈ ਪੰਜ ਸੌ ਹੋਰ ਅਸਾਮੀਆਂ ਕੱਢੀਆਂ ਜਾ ਰਹੀਆਂ ਹਨ।