ਔਰਤਾਂ ਦੀ ਸੁਰੱਖਿਆ ਪੱਖੋਂ ਬਦਨਾਮ ਹੋਇਆ ਪੰਜਾਬ

ਚੰਡੀਗੜ੍ਹ: ਪੰਜਾਬ ਵਿਚ ਔਰਤਾਂ ਹੁਣ ਸੁਰੱਖਿਅਤ ਨਹੀਂ। ਬਟਾਲਾ ਨੇੜਲੇ ਪਿੰਡ ਹਰਦਾਨ ਵਿਚ ਆਪਣੀ ਧੀ ਦੀ ਇੱਜ਼ਤ ਬਚਾਉਣ ਦਾ ਯਤਨ ਕਰਦੇ ਇਕ ਪਿਉ ਨੂੰ ਦੋ ਨੌਜਵਾਨਾਂ ਵੱਲੋਂ ਗੋਲੀਆਂ ਮਾਰਨ ਤੇ ਡੇਰਾ ਬਾਬਾ ਨਾਨਕ ਨੇੜਲੇ ਪਿੰਡ ਸਿੰਘਪੁਰਾ ਦੇ ਸਰਕਾਰੀ ਸਕੂਲ ਦੀਆਂ ਛੇ ਵਿਦਿਆਰਥਣਾਂ ‘ਤੇ ਦੋ ਲੜਕਿਆਂ ਵੱਲੋਂ ਤੇਜ਼ਾਬ ਸੁੱਟਣ ਦੀਆਂ ਦਰਦਨਾਕ ਘਟਨਾਵਾਂ ਨੇ ਪੰਜਾਬ ਵਿਚ ਔਰਤਾਂ ਦੀ ਸੁਰੱਖਿਆ ਉਤੇ ਸਵਾਲ ਖੜ੍ਹੇ ਕੀਤੇ ਹਨ।

ਹਾਲੇ ਕੁਝ ਦਿਨ ਪਹਿਲਾਂ ਹੀ ਬਟਾਲੇ ਵਿਖੇ ਹੀ ਇਕ ਔਰਤ ਦੇ ਸਾਹਮਣੇ ਹੀ ਉਸ ਦੀ ਧੀ ਨਾਲ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਪੁਲਿਸ ਨੇ ਬਟਾਲਾ ਵਿਚ ਛੇ ਵਿਦਿਆਰਥਣਾਂ ‘ਤੇ ਤੇਜ਼ਾਬ ਸੁੱਟਣ ਦੇ ਮਾਮਲੇ ਵਿਚ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਪੁਰਾ ਦੀਆਂ ਅੱਠਵੀਂ ਕਲਾਸ ਦੀਆਂ ਛੇ ਵਿਦਿਆਰਥਣਾਂ ਪੇਪਰ ਦੇ ਕੇ ਆਪਣੇ ਪਿੰਡ ਧਰਮਾਬਾਦ ਜਾ ਰਹੀਆਂ ਸਨ ਕਿ ਰਸਤੇ ਵਿਚ ਦੋ ਨੌਜਵਾਨਾਂ ਨੇ ਉਨ੍ਹਾਂ ‘ਤੇ ਤੇਜ਼ਾਬ ਸੁੱਟ ਦਿੱਤਾ। ਇਨ੍ਹਾਂ ਵਿਚੋਂ ਪ੍ਰਭਜੋਤ ਕੌਰ ਲੜਕੀ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਸੀ ਜਦੋਂ ਕਿ ਪੰਜ ਲੜਕੀਆਂ ਮਨਪ੍ਰੀਤ ਕੌਰ, ਅਰਸ਼ਦੀਪ ਕੌਰ, ਸੁਖਮਨਦੀਪ ਕੌਰ, ਮਗਨਦੀਪ ਕੌਰ, ਆਸ਼ਾ ਪਿੰਡ ਧਰਮਾਬਾਦ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
ਦਰਅਸਲ, ਔਰਤਾਂ ਨਾਲ ਵਧੀਕੀਆਂ ਕਰਨ ਵੇਲੇ ਬਿਗੜੈਲਾਂ ਵਾਂਗ ਪੇਸ਼ ਆਉਣ ਦਾ ਸਿਲਸਿਲਾ 2013 ਵਿਚ ਕੋਟਕਪੂਰੇ ਵਿਖੇ ਇਕ ਰਸੂਖਵਾਨ ਦੇ ਨਜ਼ਦੀਕੀ ਵਿਗੜੇ ਮੁੰਡੇ ਵੱਲੋਂ ਇਕ ਕੁੜੀ ਨੂੰ ਜ਼ਬਰਦਸਤੀ ਅਗਵਾ ਕਰਕੇ ਲੈ ਜਾਣ ਦੀ ਘਟਨਾ ਨਾਲ ਸ਼ੁਰੂ ਹੋਇਆ ਸੀ। ਇਸ ਕੇਸ ਵਿਚ ਪੁਲਿਸ, ਪ੍ਰਸ਼ਾਸਨ, ਸਰਕਾਰ ਅਤੇ ਰਸੂਖ਼ਵਾਨਾਂ ਦੀ ਨਾਕਾਰਾਤਮਕ ਭੂਮਿਕਾ ਕਾਰਨ ਅਜਿਹੇ ਅਪਰਾਧੀਆਂ ਦੇ ਹੌਸਲੇ ਬੁਲੰਦ ਹੋ ਗਏ। ਸਿੱਟੇ ਵਜੋਂ ਕੁਝ ਮਹੀਨੇ ਬਾਅਦ ਹੀ ਰਸੂਖਵਾਨਾਂ ਦੀ ਬੱਸ ਦੇ ਅਮਲੇ-ਫੈਲੇ ਨੇ ਚੱਲਦੀ ਬੱਸ ਵਿਚ ਮਾਂ ਦੇ ਸਾਹਮਣੇ ਹੀ ਉਸ ਦੀ ਧੀ ਨਾਲ ਵਧੀਕੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਵਿਰੋਧ ਕਰਨ ‘ਤੇ ਮਾਵਾਂ-ਧੀਆਂ ਨੂੰ ਚੱਲਦੀ ਬੱਸ ਵਿਚੋਂ ਬਾਹਰ ਸੁੱਟ ਦਿੱਤਾ ਸੀ।
ਅਪਰਾਧੀਆਂ ਦੇ ਸਿਰ ‘ਤੇ ਰਸੂਖਵਾਨਾਂ ਦਾ ਹੱਥ ਹੋਣ ਕਾਰਨ ਇਸ ਘਟਨਾ ਵਿਚ ਵੀ ਧੀ ਦੀ ਮੌਤ ਅਤੇ ਮਾਂ ਦੇ ਬੁਰੀ ਤਰ੍ਹਾਂ ਜ਼ਖ਼ਮੀ ਹੋਣ ‘ਤੇ ਵੀ ਹਾਲੇ ਤੱਕ ਦੋਸ਼ੀਆਂ ਨੂੰ ਬਣਦੀ ਸਜ਼ਾ ਨਹੀਂ ਮਿਲੀ। ਇੰਜ ਹੀ, ਅੰਮ੍ਰਿਤਸਰ ਵਿਚ ਆਪਣੀ ਧੀ ਦੀ ਇੱਜ਼ਤ ਬਚਾਉਣ ਲਈ ਅੱਗੇ ਆਏ ਇਕ ਪੁਲਿਸ ਅਧਿਕਾਰੀ ਨੂੰ ਇਕ ਯੂਥ ਅਕਾਲੀ ਆਗੂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ।
ਪਿਛਲੇ ਕੁਝ ਸਾਲਾਂ ਦੌਰਾਨ ਰਸੂਖ਼ਵਾਨਾਂ ਦੀ ਸ਼ਹਿ ‘ਤੇ ਹਿੱਕ ਦੇ ਜ਼ੋਰ ਸ਼ਰ੍ਹੇਆਮ ਵਧੀਕੀਆਂ ਦੀਆਂ ਇਨ੍ਹਾਂ ਘਟਨਾਵਾਂ ਨਾਲ ਸੂਬੇ ਵਿਚ ਔਰਤਾਂ ਨਾਲ ਬਲਾਤਕਾਰ, ਛੇੜਛਾੜ ਅਤੇ ਤੇਜ਼ਾਬ ਸੁੱਟਣ ਦਾ ਵਰਤਾਰਾ ਵਧਦਾ ਜਾ ਰਿਹਾ ਹੈ। ਪ੍ਰਾਪਤ ਤੱਥਾਂ ਮੁਤਾਬਕ ਪੰਜਾਬ ਵਿਚ ਹਰ ਮਹੀਨੇ ਔਸਤ 100 ਔਰਤਾਂ ਵਧੀਕੀਆਂ ਦਾ ਸ਼ਿਕਾਰ ਹੋ ਰਹੀਆਂ ਹਨ ਜਦੋਂਕਿ ਗ਼ੈਰ-ਸਰਕਾਰੀ ਰਿਪੋਰਟਾਂ ਮੁਤਾਬਕ ਇਹ ਗਿਣਤੀ ਕਿਤੇ ਵੱਧ ਹੈ ਕਿਉਂਕਿ ਵੱਖ-ਵੱਖ ਕਾਰਨਾਂ ਕਰਕੇ ਕਾਫੀ ਮਾਮਲੇ ਪੁਲਿਸ ਕੋਲ ਦਰਜ ਹੀ ਨਹੀਂ ਕਰਵਾਏ ਜਾਂਦੇ।
ਇਨ੍ਹਾਂ ਘਟਨਾਵਾਂ ਦਾ ਅਫਸੋਸਨਾਕ ਪਹਿਲੂ ਇਹ ਹੈ ਕਿ ਰਸੂਖਵਾਨਾਂ ਦੀ ਸਰਪ੍ਰਸਤੀ ਕਰਕੇ ਆਮ ਤੌਰ ‘ਤੇ ਦੋਸ਼ੀਆਂ ਵਿਰੁੱਧ ਮੌਕੇ ਸਿਰ ਪੁਲਿਸ ਲੋੜੀਂਦੀ ਕਾਰਵਾਈ ਨਹੀਂ ਕਰਦੀ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਥਾਂ ਪੀੜਤਾਂ ਉਤੇ ਦਬਾਅ ਪਾ ਕੇ ਸਮਝੌਤੇ ਦੀਆਂ ਕੋਸ਼ਿਸ਼ਾਂ ਕਰਨ ਲੱਗ ਜਾਂਦੀ ਹੈ ਜਾਂ ਫਿਰ ਕੇਸ ਨੂੰ ਬਿਲਕੁਲ ਖੋਖਲਾ ਬਣਾ ਦਿੰਦੀ ਹੈ। ਇਹੀ ਕਾਰਨ ਹੈ ਕਿ ਔਰਤਾਂ ਵਿਰੁੱਧ ਵਧੀਕੀਆਂ ਦੇ 80 ਫੀਸਦੀ ਤੋਂ ਵੱਧ ਦੋਸ਼ੀਆਂ ਨੂੰ ਕੋਈ ਸਜ਼ਾ ਨਹੀਂ ਹੁੰਦੀ।
ਦਿੱਲੀ ਵਿਚ ਦਸੰਬਰ 2012 ਨੂੰ ਵਾਪਰੇ ਨਿਰਭਯਾ ਕਾਂਡ ਬਾਅਦ ਭਾਵੇਂ ਸੁਪਰੀਮ ਕੋਰਟ ਅਤੇ ਕੇਂਦਰੀ ਤੇ ਸੂਬਾਈ ਸਰਕਾਰਾਂ ਨੇ ਔਰਤਾਂ ਵਿਰੁੱਧ ਵਧੀਕੀਆਂ ਦੇ ਮਾਮਲਿਆਂ ਨੂੰ ਠੱਲ੍ਹ ਪਾਉਣ ਲਈ ਕਾਨੂੰਨੀ ਤੇ ਇਹਤਿਆਤੀ ਕਾਰਵਾਈਆਂ ਤੇਜ਼ ਕਰਨ ਸਬੰਧੀ ਕਾਫੀ ਦਿਲਚਸਪੀ ਦਿਖਾਈ ਸੀ, ਪਰ ਘਟਨਾਵਾਂ ਦੇ ਵਧ ਰਹੇ ਸਿਲਸਿਲੇ ਤੋਂ ਜਾਪਦਾ ਹੈ ਕਿ ਪਰਨਾਲਾ ਹਾਲੇ ਉਥੇ ਦਾ ਉਥੇ ਹੀ ਹੈ।
ਕੇਂਦਰ ਸਰਕਾਰ ਵੱਲੋਂ ਗਠਿਤ ਕੀਤੀ ਗਈ ਜਸਟਿਸ ਵਰਮਾ ਕਮੇਟੀ ਦੀਆਂ ਸਿਫਾਰਸ਼ਾਂ ਵੀ ਹਾਲੇ ਤੱਕ ਕਈ ਸੂਬਿਆਂ ਨੇ ਪੂਰੀ ਤਰ੍ਹਾਂ ਲਾਗੂ ਨਹੀਂ ਕੀਤੀਆਂ। ਤੇਜ਼ਾਬੀ ਹਮਲਿਆਂ ਨੂੰ ਠੱਲ੍ਹ ਪਾਉਣ ਲਈ ਸੁਪਰੀਮ ਕੋਰਟ ਦੇ ਤਤਕਾਲੀ ਜਸਟਿਸ ਆਰ ਐੱਸ ਲੌਢਾ ਦੀ ਅਗਵਾਈ ਵਾਲੇ ਬੈਂਚ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਨੂੰ ਵੀ ਉਨ੍ਹਾਂ ਦੀ ਭਾਵਨਾ ਅਨੁਸਾਰ ਲਾਗੂ ਨਹੀਂ ਕੀਤਾ ਗਿਆ।
______________________________________________
ਛੇੜਖਾਨੀ ਤੋਂ ਰੋਕਣ ‘ਤੇ ਪਿਉ ਨੂੰ ਗੋਲੀ ਮਾਰਨ ਵਾਲਾ ਹਲਾਕ
ਬਟਾਲਾ: ਇਥੋਂ ਨੇੜਲੇ ਪਿੰਡ ਹਰਦਾਨ ਵਿਚ ਦੋ ਨੌਜਵਾਨਾਂ ਨੇ ਇਕ ਕਿਸਾਨ ਦੇ ਘਰ ਵਿਚ ਦਾਖਲ ਹੋ ਕੇ ਉਸ ਦੀ ਧੀ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ। ਇਕ ਨੌਜਵਾਨ ਨੇ ਰੋਕਣ ਉਤੇ ਗੋਲੀਆਂ ਮਾਰ ਕੇ ਕਿਸਾਨ ਨੂੰ ਜ਼ਖ਼ਮੀ ਕਰ ਦਿੱਤਾ। ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਦੋਵੇਂ ਨੌਜਵਾਨਾਂ ਦੀ ਕੁੱਟਮਾਰ ਕੀਤੀ, ਜਿਸ ਕਾਰਨ ਇਕ ਨੌਜਵਾਨ ਦੀ ਹਸਪਤਾਲ ਲਿਜਾਂਦੇ ਸਮੇਂ ਰਾਹ ਵਿਚ ਮੌਤ ਹੋ ਗਈ ਅਤੇ ਦੂਜੇ ਨੂੰ ਗੰਭੀਰ ਹਾਲਤ ਵਿਚ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਗੋਲੀਆਂ ਵੱਜਣ ਕਾਰਨ ਜਖ਼ਮੀ ਹੋਏ ਕਿਸਾਨ ਨੂੰ ਵੀ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਪਿੰਡ ਅਰਾਈਆਂਵਾਲ ਦੇ ਬਲਜੀਤ ਸਿੰਘ ਉਰਫ ਬੱਲਾ ਵਜੋਂ ਹੋਈ ਹੈ ਜਦੋਂ ਕਿ ਗੰਭੀਰ ਜ਼ਖ਼ਮੀ ਨੌਜਵਾਨ ਤੇਜਿੰਦਰ ਸਿੰਘ ਵੀ ਇਸੇ ਪਿੰਡ ਦਾ ਹੈ।
__________________________________________
ਭਾਰਤ ਵਿਚ ਸੈਲਾਨੀ ਔਰਤਾਂ ਦੀ ਗਿਣਤੀ ਘਟੀ
ਲੁਧਿਆਣਾ: ਪਿਛਲੇ ਪੰਜ ਸਾਲਾਂ ਦੌਰਾਨ ਦੇਸ਼ ਵਿਚ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਭਾਵੇਂ 17 ਲੱਖ ਦੇ ਕਰੀਬ ਵਧੀ ਹੈ, ਪਰ ਦਿੱਲੀ ਅਤੇ ਯੂæ ਪੀæ ਵਿਚ ਪਿਛਲੇ ਸਾਲਾਂ ਦੌਰਾਨ ਸੈਲਾਨੀ ਔਰਤਾਂ ਨਾਲ ਜਬਰ ਜਨਾਹ ਜਾਂ ਲੁੱਟ-ਖੋਹ ਦੀਆਂ ਵਾਪਰੀਆਂ ਘਟਨਾਵਾਂ ਕਾਰਨ ਤਾਜ ਮਹਿਲ ਵੇਖਣ ਆਉਣ ਵਾਲੀਆਂ ਸੈਲਾਨੀ ਔਰਤਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਕੇਂਦਰੀ ਸੈਰ ਸਪਾਟਾ ਮੰਤਰੀ ਡਾæ ਮਹੇਸ਼ ਸ਼ਰਮਾ ਵੱਲੋਂ ਦੱਸੇ ਅੰਕੜਿਆਂ ਮੁਤਾਬਕ 2012 ਵਿਚ ਤਾਜ ਮਹਿਲ ਵੇਖਣ ਆਈਆਂ ਵਿਦੇਸ਼ੀ ਸੈਲਾਨੀ ਔਰਤਾਂ ਦੀ ਗਿਣਤੀ ਸੱਤ ਲੱਖ 43 ਹਜ਼ਾਰ 256 ਸੀ ਜੋ 2013 ਵਿਚ ਘਟ ਕੇ 6 ਲੱਖ 95 ਹਜ਼ਾਰ 702 ਅਤੇ 2014 ਵਿਚ ਹੋਰ ਘਟ ਕੇ ਛੇ ਲੱਖ 48 ਹਜ਼ਾਰ 511 ਰਹਿ ਗਈ ਹੈ।
ਨਵੀਂ ਦਿੱਲੀ ਵਿਚ ਸੈਲਾਨੀਆਂ ਨਾਲ ਵਾਪਰੀਆਂ ਅਜਿਹੀਆਂ ਅਪਰਾਧਕ ਘਟਨਾਵਾਂ ਦੀ ਗਿਣਤੀ ਦੇਸ਼ ਭਰ ਵਿਚ ਸਭ ਤੋਂ ਵੱਧ ਹੈ ਜਿਥੇ ਵਿਦੇਸ਼ੀ ਸੈਲਾਨੀਆਂ ਵੱਲੋਂ 135 ਕੇਸ ਦਰਜ ਕਰਾਏ ਗਏ ਜਦਕਿ ਗੋਆ ਵਿਚ 66 ਅਤੇ ਯੂæ ਪੀæ ਵਿਚ 64 ਕੇਸ ਦਰਜ ਹੋਏ ਸਨ। ਇਸ ਦੌਰਾਨ ਦੇਸ਼ ਦੇ ਦਰਜਨਾਂ ਸੂਬਿਆਂ ਵਿਚ ਅਜੇ ਵੀ ਸੈਲਾਨੀਆਂ ਦੀ ਸਹਾਇਤਾ ਜਾਂ ਉਨ੍ਹਾਂ ਨਾਲ ਵਾਪਰਦੇ ਅਪਰਾਧਾਂ ਦੀ ਰੋਕਥਾਮ ਲਈ ਵਿਸ਼ੇਸ਼ ਸੈਲਾਨੀ ਪੁਲਿਸ ਦਾ ਪ੍ਰਬੰਧ ਨਹੀਂ ਹੈ। ਆਂਧਰਾ ਪ੍ਰਦੇਸ਼, ਗੋਆ, ਪੰਜਾਬ, ਕਰਨਾਟਕਾ, ਕੇਰਲ, ਹਿਮਾਚਲ ਪ੍ਰਦੇਸ਼, ਰਾਜਸਥਾਨ, ਜੰਮੂ ਕਸ਼ਮੀਰ, ਮਹਾਂਰਾਸ਼ਟਰ, ਉਤਰ ਪ੍ਰਦੇਸ਼, ਦਿੱਲੀ, ਮੱਧ ਪ੍ਰਦੇਸ਼ ਤੇ ਉਡੀਸ਼ਾ ਹੀ ਸਿਰਫ ਅਜਿਹੇ ਰਾਜ ਹਨ ਜਿਨ੍ਹਾਂ ਨੇ ਸੈਲਾਨੀ ਪੁਲਿਸ ਦਾ ਪ੍ਰਬੰਧ ਕੀਤਾ ਹੈ।
ਵੱਖ- ਵੱਖ ਮੁਲਕਾਂ ਤੋਂ ਸੈਲਾਨੀ ਵੀਜ਼ੇ ‘ਤੇ ਭਾਰਤ ਆਉਣ ਵਾਲੀਆਂ ਔਰਤਾਂ ਵਿਚੋਂ ਸਭ ਤੋਂ ਵੱਡੀ ਗਿਣਤੀ ਅਮਰੀਕੀ ਨਾਗਰਿਕ ਔਰਤਾਂ ਦੀ ਹੈ। ਦੂਜਾ ਨੰਬਰ ਇੰਗਲੈਂਡ ਤੇ ਤੀਜਾ ਨੰਬਰ ਰਸ਼ੀਅਨ ਫੈਡਰੇਸ਼ਨ ਦੇ ਰਾਜਾਂ ਦਾ ਹੈ। ਇਸ ਤੋਂ ਬਾਅਦ ਕੈਨੇਡਾ, ਫਰਾਂਸ, ਆਸਟਰੇਲੀਆ ਮੁਲਕ ਐਸੇ ਹਨ ਜਿਥੋਂ ਹਰ ਵਰ੍ਹੇ ਇਕ ਲੱਖ ਤੋਂ ਵੱਧ ਸੈਲਾਨੀ ਔਰਤਾਂ ਭਾਰਤ ਆਉਂਦੀਆਂ ਹਨ। 2011 ਵਿਚ ਕੁੱਲ 63 ਲੱਖ 9 ਹਜ਼ਾਰ 22 ਸੈਲਾਨੀ ਭਾਰਤ ਆਏ ਸਨ ਜਦਕਿ 2014 ਵਿਚ ਇਹ ਗਿਣਤੀ ਵਧ ਕੇ 80 ਲੱਖ 27 ਹਜ਼ਾਰ 133 ਤੱਕ ਪਹੁੰਚੀ ਹੈ। ਇਨ੍ਹਾਂ ਵਿਚੋਂ ਅਮਰੀਕਾ ਤੋਂ 2014 ਵਿਚ ਆਈਆਂ ਸੈਲਾਨੀ ਔਰਤਾਂ ਦੀ ਗਿਣਤੀ ਚਾਰ ਲੱਖ 93 ਹਜ਼ਾਰ 472 ਸੀ। ਇੰਗਲੈਂਡ ਤੋਂ 3,69,098, ਰਸ਼ੀਅਨ ਫੈਡਰੇਸ਼ਨ ਤੋਂ 1,54,144, ਕੈਨੇਡਾ ਤੋਂ 1,24,109, ਫਰਾਂਸ ਤੋਂ 1,12,960 ਜਦਕਿ ਆਸਟਰੇਲੀਆ ਤੋਂ 1,00,940 ਸੈਲਾਨੀ ਔਰਤਾਂ ਭਾਰਤ ਪਹੁੰਚੀਆਂ ਸਨ। ਗੁਆਂਢੀ ਮੁਲਕਾਂ ਵਿਚੋਂ ਬੰਗਲਾਦੇਸ਼ ਤੇ ਸ੍ਰੀਲੰਕਾ ਇਸ ਮਾਮਲੇ ਵਿਚ ਪਾਕਿਸਤਾਨ ਤੋਂ ਕਈ ਗੁਣਾ ਅੱਗੇ ਹਨ।