ਗੁਲਜ਼ਾਰ ਸਿੰਘ ਸੰਧੂ
ਇਸ ਵਰ੍ਹੇ ਉਤਰੀ ਭਾਰਤ ਦੀ ਹੱਡ ਚੀਰਵੀਂ ਠੰਢ ਨੂੰ ਪੰਜਾਬ, ਹਰਿਆਣਾ ਤੇ ਕੇਂਦਰ ਸ਼ਾਸਤ ਟੁੱਕੜੀ ਦੀ ਰਾਜਧਾਨੀ ਚੰਡੀਗੜ੍ਹ ਨੇ ਸੰਗੀਤ ਨਾਟਕੀ ਨਿੱਘ ਪੈਦਾ ਕਰਕੇ ਭੁਲਾਉਣ ਦਾ ਯਤਨ ਕੀਤਾ ਹੈ। ਥੀਏਟਰ ਫਾਰ ਥੀਏਟਰ ਨਾਂ ਦੀ ਸੰਸਥਾ ਨੇ ਸੱਤ-ਰੋਜ਼ਾ ਨਾਟਕ ਮੇਲਾ ਰਚਾ ਕੇ ਜਿਹੜਾ ਇਤਿਹਾਸ ਸਿਰਜਿਆ ਹੈ ਉਸ ਦੀ ਦਾਦ ਦੇਣੀ ਬਣਦੀ ਹੈ। ਟੈਗੋਰ ਥੀਏਟਰ ਦਾ ਵਿਸ਼ਾਲ ਆਡੀਟੋਰੀਅਮ ਲਗਭਗ ਹਰ ਰੋਜ਼ ਹੀ ਭਰਿਆ ਰਿਹਾ ਹੈ। ਉਸ ਦਿਨ ਵੀ ਜਿਸ ਦਿਨ ਸੰਭਵ ਆਰਟ ਗਰੁਪ ਦਿੱਲੀ ਵਾਲਿਆਂ ਨੇ ਸਆਦਤ ਹਸਨ ਮੰਟੋ ਦੀਆਂ ਦੋ ਕਹਾਣੀਆਂ ‘ਖੋਲ੍ਹ ਦੋ’ ਤੇ ‘ਮੋਜ਼ੀਲ’ ਨੂੰ ਆਧਾਰ ਬਣਾ ਕੇ ਦਰਸ਼ਕਾਂ ਦਾ ਝੁੰਗੇ ਵਿਚ ਹੀ ਸਾਰ ਦਿਤਾ। ਕੇਵਲ ਸੱਤ ਕਲਾਕਾਰਾਂ ਵਲੋਂ ਮੇਕਅਪ ਤੇ ਪਹਿਰਾਵੇ ਦਾ ਉਕਾ ਹੀ ਉਚੇਚ ਕੀਤੇ ਬਿਨਾ ਸਆਦਤ ਹਸਨ ਮੰਟੋ ਦੀਆਂ ਸ਼ਕਤੀਸ਼ਾਲੀ ਕਹਾਣੀਆਂ ਨੂੰ ਸਸਤੇ ਭਾਅ ਲਾ ਦੇਣਾ ਜਚਦਾ ਤਾਂ ਨਹੀਂ ਸੀ ਪਰ ਦਰਸ਼ਕਾਂ ਨੇ ਉਹ ਵੀ ਪ੍ਰਵਾਨ ਕਰ ਲਿਆ। ਦਰਸ਼ਕਾਂ ਦੇ ਵਾਹਨਾਂ ਦੀ ਭੀੜ ਦੱਸਦੀ ਸੀ ਚੰਡੀਗੜ੍ਹੀਏ ਰੰਗ ਮੰਚ ਦੀ ਵਿਧਾ ਦੇ ਕਿੰਨੇ ਸ਼ੈਦਾਈ ਹੋ ਚੁੱਕੇ ਹਨ।
ਸੰਗੀਤ ਨਾਟਕ ਅਕਾਡਮੀ ਵਲੋਂ ਪੁਰਸਕਾਰਤ ਪਰਵੇਸ਼ ਸੇਠੀ ਦੀ ਪ੍ਰਧਾਨ ਅਦਾਕਾਰੀ ਤੇ ਸੁਦੇਸ਼ ਸ਼ਰਮਾ ਦੇ ਸੁਚੇਤ ਨਿਰਦੇਸ਼ਨ ਵਾਲਾ ਟੀ ਐਫ ਟੀ ਦਾ ਆਪਣਾ ਕੋਰਟ ਮਾਰਸ਼ਲ ਅੱਗੇ ਪਿੱਛੇ ਵਾਲੇ ਨਾਟਕਾ ਉਤੇ ਪਰਦਾ ਤਾਂ ਪਾ ਦਿੰਦਾ ਹੈ ਪਰ ਹੁਣ ਇਸ ਤੋਂ ਅੱਗੇ ਵਧਣ ਦੀ ਲੋੜ ਹੈ। ਸਾਡੇ ਵਰਗੇ ਰੰਗ ਮੰਚ ਪ੍ਰੇਮੀਆਂ ਨੂੰ ਉਜੈਨ ਦੇ ਅਭਿਨਵ ਰੰਗ ਮੰਡਲ, ਦਿੱਲੀ ਦੇ ਅਕਾਰ ਕਲਾ ਸੰਗਮ, ਜੋਧਪੁਰ ਤੇ ਸਤੱਤ ਗਰੁਪ, ਜੰਮੂ ਦੇ ਐਮੇਚਿਉਰ ਥੀਏਟਰ ਗਰੁਪ ਅਤੇ ਦਿੱਲੀ ਦੇ ਸੰਭਵ ਆਰਟਸ ਗਰੁਪ ਵਲੋਂ ਆਪੋ ਆਪਣੇ ਨਾਟਕ ਲੈ ਕੇ ਚੰਡੀਗੜ੍ਹ ਪਹੁੰਚਣਾ ਬਹੁਤ ਚੰਗਾ ਲਗਦਾ ਹੈ। ਟੈਗੋਰ ਥੀਏਟਰ ਨੂੰ ਮੋਹਾਲੀ-ਚੰਡੀਗੜ੍ਹ-ਪੰਚਕੂਲਾ ਦੀ ਤ੍ਰਿਵੈਣੀ ਦਾ ਧੁਰਾ ਹੋਣ ਦਾ ਲਾਭ ਹੈ। ਨਵਾਂ ਸ਼ਹਿਰ ਹੋਣ ਦੇ ਨਾਤੇ ਦੂਜੇ ਸ਼ਹਿਰਾਂ ਜਿੰਨਾ ਪਸਾਰਾ ਨਾ ਹੋਣ ਕਾਰਨ ਵਾਹਨਾਂ ਵਾਲੇ ਹੁਮ ਹੁਮਾ ਕੇ ਆਉਂਦੇ ਹਨ। ਇਥੋਂ ਦੀ ਵੱਸੋਂ ਪੰਜਾਬੀ ਭਾਸ਼ਾ ਵੀ ਉਨੀ ਹੀ ਸਮਝਦੀ ਹੈ ਜਿੰਨੀ ਹਿੰਦੀ, ਹਿੰਦੁਸਤਾਨੀ ਜਾਂ ਉਰਦੂ। ਡਾæ ਆਤਮਜੀਤ ਦੇ ਤਿਆਰ ਕੀਤੇ ਅਤੇ ਮੰਚਨ ਆਰਟਸ ਮੋਹਾਲੀ ਵਲੋਂ ਖੇਡੇ ਗਏ ‘ਪੰਚਨਦ ਦਾ ਪਾਣੀ’ ਨੂੰ ਮਾਨਣ ਵਾਲਿਆਂ ਦਾ ਅੰਤ ਨਹੀਂ ਸੀ। ਮੈਂ ਇਸ ਤੋਂ ਪਹਿਲਾਂ ਇਸ ਥੀਏਟਰ ਵਿਚ ਸੁਦੇਸ਼ ਸ਼ਰਮਾ ਤੇ ਅਨੀਤਾ ਸ਼ਬਦੀਸ਼ ਦੀ ਵਧੀਆ ਅਦਾਕਾਰੀ ਵਾਲੇ ਬਲਵੰਤ ਗਾਰਗੀ ਦੇ ਪੰਜਾਬੀ ਨਾਟਕ ‘ਲੋਹਾ ਕੁੱਟ’ ਦਾ ਸਵਾਦ ਵੀ ਮਾਣ ਚੁੱਕਿਆ ਹਾਂ।
ਸਾਨੂੰ ਚਾਹੀਦਾ ਹੈ ਕਿ ਅਸੀਂ ਟੈਗੋਰ ਥੀਏਟਰ ਦੇ ਦਰਵਾਜ਼ੇ ਮੰਚ ਰੰਗ ਮੰਚ, ਅੰਮ੍ਰਿਤਸਰ, ਅਦਾਕਾਰ ਮੰਚ ਮੋਹਾਲੀ, ਥੀਏਟਰ ਤੇ ਟੈਲੀਵੀਜ਼ਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਆਦਿ ਲਈ ਵੀ ਖੋਲ੍ਹੀਏ ਤਾਂ ਸਾਡੇ ਉਤਸਵ ਹੋਰ ਵੀ ਮਾਨਣਯੋਗ ਹੋ ਸਕਦੇ ਹਨ। ਜਿਨ੍ਹਾਂ ਨੇ ਰੰਗ ਮੰਚ ਅੰਮ੍ਰਿਤਸਰ ਵਲੋਂ ਕੇਵਲ ਧਾਲੀਵਾਲ ਦਾ ਤਿਆਰ ਕੀਤਾ ‘ਇੱਕ ਸੀ ਮੰਟੋ’ ਵੇਖਿਆ ਹੈ ਉਹ ਦਸਣਗੇ ਕਿ ਵਰਤਮਾਨ ‘ਖੋਲ੍ਹ ਦੋ’ ਨਾਲੋਂ ਮੰਟੋ ਸ਼ਤਾਬਦੀ ਦੇ ਪ੍ਰਸੰਗ ਵਿਚ ਉਹ ਵਾਲੀ ਪੇਸ਼ਕਾਰੀ ਕਿੰਨੀ ਉਤਮ ਸੀ। ਜੇ ਆਪਾਂ ਉਨ੍ਹਾਂ ਨੂੰ ਪਿਆਰ ਨਾਲ ਸੱਦੀਏ ਤਾਂ ਉਹ ਵੀ ਭੱਜੇ ਆਉਣਗੇ। ਜੇ ਕਿਸੇ ਦਾ ਦਰਵਾਜ਼ਾ ਖਟਖਟਾਉਂਦਿਆਂ ਝਿਜਕ ਆਉਂਦੀ ਹੋਵੇ ਤਾਂ ਦਾਸ ਨਾਲ ਤੁਰਨ ਲਈ ਤਿਆਰ ਹੈ। ਜੇ ਡਾæ ਆਤਮਜੀਤ ਦਰਜਨ ਅਦਾਕਾਰ ਤੇ ਕਲਾਕਾਰ ਲੈ ਕੇ ਆ ਸਕਦਾ ਹੈ ਤਾਂ ਉਹ ਵੀ ਆ ਜਾਣਗੇ।
ਭਾਰਤ-ਪਾਕਿ ਸੀਮਾ ਉਤੇ ਅਮਨ ਚੈਨ
ਭਾਰਤ-ਪਾਕਿ ਸੀਮਾ ਉਤੇ ਅਚਾਨਕ ਪੈਦਾ ਹੋਏ ਤਣਾਓ ਨੇ ਵਡੇਰੀ ਉਮਰ ਦੇ ਨਾਗਰਿਕਾਂ ਲਈ ਦਿੱਤੀਆਂ ਜਾ ਰਹੀਆਂ ਵੀਜ਼ਾ ਸਹੂਲਤਾਂ ਨਾਲ ਪੈਦਾ ਹੋਈ ਖੁਸ਼ੀ ਦੀ ਲਹਿਰ ਨੂੰ ਦਬਾ ਲਿਆ ਹੈ। ਇਹ ਚੰਗੀ ਗੱਲ ਹੈ ਕਿ ਇਹ ਤਣਾਓ ਘਟਦਾ ਨਜ਼ਰ ਆ ਰਿਹਾ ਹੈ। ਇਸ ਦਾ ਸਵਾਗਤ ਹੋਣਾ ਚਾਹੀਦਾ ਹੈ। ਕਿਸੇ ਵਡੀ ਰਾਜਨੀਤਕ ਭੁੱਲ ਦਾ ਸ਼ਿਕਾਰ ਹੋ ਕੇ ਹੋਂਦ ਵਿਚ ਆਏ ਸਾਡੇ ਇਨ੍ਹਾਂ ਦੇਸ਼ਾਂ ਦੇ ਵਸਨੀਕ ਇੱਕ ਦੂਜੇ ਨੂੰ ਸੱਚੇ ਦਿਲੋਂ ਚਾਹੁੰਦੇ ਹਨ। ਇਸ ਚਾਹਨਾ ਦੀ ਰਾਖੀ ਕਰਨਾ ਸਾਡਾ ਫਰਜ਼ ਹੈ। ਦੋਹਾਂ ਦੇਸ਼ਾਂ ਨੂੰ ਆਪਣੇ ਮਸਲੇ ਖੁਦ ਨਜਿੱਠਣੇ ਚਾਹੀਦੇ ਹਨ। ਕਿਸੇ ਬਾਹਰਲੇ ਦੇਸ਼ ਦੀ ਚੁੱਕ ਥਲੇ ਆ ਕੇ ਬਿਖੜੇ ਰਾਹ ਨਹੀਂ ਅਪਨਾਉਣੇ ਚਾਹੀਦੇ।
ਤੁਰ ਗਿਆ ਮੇਰੇ ਸ਼ਗਨਾਂ ਦਾ ਰਾਖਾ
ਦਿੱਲੀ ਤੋਂ ਨੌਸ਼ਹਿਰਾ ਪੰਨੂਆਂ ਢੁੱਕੀ ਮੇਰੀ ਜੰਝ ਵਿਚ ਸੰਤ ਸਿੰਘ ਸੇਖੋਂ, ਮੋਹਨ ਸਿੰਘ, ਡਾæ ਸਾਧੂ ਸਿੰਘ ਹਮਦਰਦ ਵਰਗੇ ਮਹਾਰਥੀਆਂ ਵਿਚ ਹਰਫਨ-ਮੌਲਾ ਹਰਭਜਨ ਸਿੰਘ ਰਤਨ ਵੀ ਸ਼ਾਮਲ ਸੀ। ਮੇਰੇ ਆਨੰਦ ਕਾਰਜ ਸਮੇਂ ਪਾਠੀਆਂ ਵਲੋਂ ਦੇਰੀ ਹੁੰਦੀ ਵੇਖ ਉਪਰੋਕਤ ਤਿੱਕੜੀ ਦੇ ਨਿੱਕੇ ਜਿਹੇ ਇਸ਼ਾਰੇ ਉਤੇ ਹਰਭਜਨ ਸਿੰਘ ਰਤਨ ਨੇ ਕਮਾਂਡ ਸਾਂਭ ਲਈ ਤੇ ਤੁਰੰਤ ਕਾਰਜ ਰਚਾ ਛੱਡਿਆ ਸੀ। ਇਥੋਂ ਤੱਕ ਕਿ ਜਦੋਂ ਲਾੜੀ ਦਾ ਪੱਲਾ ਲਾੜੇ ਨੂੰ ਫੜਵਾਉਣਾ ਸੀ ਤਾਂ ਰਤਨ ਨੇ ਕਾਹਲੀ ਵਿਚ ਇਹ ਕੰਮ ਵੀ ਮੇਰੇ ਪਿਤਾ ਕੋਲੋਂ ਹੀ ਕਰਵਾ ਦਿੱਤਾ। ਜਦੋਂ ਇੱਕ ਪਾਸਿਓਂ ਘੁਸਰ-ਮੁਸਰ ਹੋਈ ਤਾਂ ਸਾਡੇ ਸਿਆਣਿਆਂ ਨੇ ਇਸ ਅਮਲ ਨੂੰ ਕੁਸ਼ਗਨੀ ਵਾਲੇ ਪਲੜੇ ਵਿਚ ਡਿਗਣ ਤੋਂ ਬਚਾਉਣ ਲਈ ਫਟਾ ਫਟ ਬੋਲ ਦਿੱਤਾ, ‘ਅੱਜ ਤੋਂ ਲੜਕੇ ਦਾ ਪਿਤਾ ਲੜਕੀ ਦਾ ਪਿਤਾ ਵੀ ਹੈ।’
ਹੁਣ ਇਹ ਗੱਲ ਦੱਸਣ ਦੇ ਦੋ ਕਾਰਨ ਹਨ। ਪਹਿਲਾ ਇਹ ਕਿ ਰਤਨ ਗੀਤਕਾਰ, ਸੰਗੀਤਕਾਰ ਤੇ ਰੇਡੀਓ ਕਲਾਕਾਰ ਹੋਣ ਦੇ ਨਾਲ ਨਾਲ ਪਾਠੀ ਦਾ ਕੰਮ ਵੀ ਨਿਭਾ ਲੈਂਦਾ ਸੀ। ਦੂਜਾ ਇਹ ਕਿ ਮੇਰੇ ਵਿਆਹ ਨੂੰ ਅੱਧੀ ਸਦੀ ਹੋਣ ਵਾਲੀ ਹੈ ਤੇ ਸਾਨੂੰ ਜਾਨਣ ਵਾਲੇ ਜਾਣਦੇ ਹਨ ਕਿ ਸਾਡੀ ਬਹੁਤ ਵਧੀਆ ਨਿਭਦੀ ਆਈ ਹੈ ਤੇ ਨਿੱਭ ਰਹੀ ਹੈ। ਰਤਨ ਸਾਡੇ ਸ਼ਗਨਾਂ ਦਾ ਰਾਖਾ ਵੀ ਸੀ। ਨੇਕ ਨੀਤੀ ਵਾਲੇ ਅਮਲ ਸ਼ਗਨਾਂ ਦੇ ਮੁਹਤਾਜ ਨਹੀਂ ਹੁੰਦੇ।
ਅੰਤਿਕਾ: (ਜਗਤਾਰ)
ਪੈਰਾਂ ਨੂੰ ਲਾ ਕੇ ਮਹਿੰਦੀ
ਮੇਰੀ ਕਬਰ ‘ਤੇ ਕੋਈ,
ਕਲੀਆਂ ਚੜ੍ਹਾਉਣ ਆਇਆ
ਪਰ ਅੱਗ ਲਾ ਗਿਆ ਹੈ।
Leave a Reply