ਹਿੰਦੂਤਵਵਾਦੀ ਅਤੇ ਭਗਤ ਸਿੰਘ

ਬੂਟਾ ਸਿੰਘ
ਫੋਨ: +91-94634-74342
ਭਾਜਪਾ ਦੀ ਕੌਮੀ ਕਾਰਜਕਾਰਨੀ ਨੇ ਮੀਟਿੰਗ ਵਿਚ ਫ਼ਰਮਾਨ ਜਾਰੀ ਕੀਤਾ- ‘ਭਾਰਤ ਮਾਤਾ ਦੀ ਜੈ’ ਨਾ ਕਹਿਣਾ ਸੰਵਿਧਾਨ ਦਾ ਅਪਮਾਨ ਹੈ। ਸੰਘ ਬਾਰੇ ਲੋਕ ਭਲੀਭਾਂਤ ਜਾਣਦੇ ਹਨ ਕਿ ਇਸ ਨੂੰ ਮੁਲਕ ਨਾਲ ਕਿਹੋ ਜਿਹਾ ਪ੍ਰੇਮ ਹੈ! ਸੰਘ ਪਰਿਵਾਰ ਜੋ ਆਜ਼ਾਦੀ ਦੀ ਲੜਾਈ ਨੂੰ ਤਾਕਤ ਜ਼ਾਇਆ ਕਰਨਾ ਕਰਾਰ ਦੇ ਕੇ ਆਜ਼ਾਦੀ ਸੰਗਰਾਮ ਦਾ ਵਿਰੋਧ ਕਰਦਾ ਰਿਹਾ ਤੇ ‘ਹਿੰਦੂ ਗੌਰਵ ਦੀ ਸੁਰਜੀਤੀ’ ਲਈ ਆਪਣੀ ਤਾਕਤ ਬਚਾ ਕੇ ਰੱਖਣਾ ਜਿਸ ਦੀ ਨੀਤੀ ਰਹੀ ਹੈ, ਜੋ ਤਿਰੰਗੇ ਨੂੰ ਕੌਮੀ ਝੰਡਾ ਬਣਾਉਣ ਤੇ ਮੌਜੂਦਾ ਸੰਵਿਧਾਨ ਨੂੰ ਅਪਨਾਉਣ ਦਾ ਵਿਰੋਧੀ ਰਿਹਾ,

ਉਹ ਹੁਣ ਆਪਣਾ ਏਜੰਡਾ ਥੋਪਣ ਲਈ ਕੌਮੀ ਝੰਡੇ ਅਤੇ ਸੰਵਿਧਾਨ ਦੇ ਸਨਮਾਨ ਨੂੰ ਮੁੱਦੇ ਬਣਾ ਕੇ ਹਰ ਕਿਸੇ ਨੂੰ ਦੇਸ਼ ਧ੍ਰੋਹੀ ਕਰਾਰ ਦੇ ਰਿਹਾ ਹੈ। ਬਰਤਾਨਵੀ ਲੇਖਕ ਸੈਮੂਅਲ ਜੌਹਨਸਨ ਦੇ 1775 ਵਿਚ ਕਹੇ ਲਫ਼ਜ਼ ਭਗਵੇਂ ਬਰਗੇਡ ਉਪਰ ਕਿੰਨਾ ਢੁੱਕਦੇ ਹਨ- ‘ਦੇਸ਼ ਭਗਤੀ ਬਦਮਾਸ਼ਾਂ ਦੀ ਆਖ਼ਰੀ ਪਨਾਹ ਹੁੰਦੀ ਹੈ’। ਮੁਲਕ ਦੀ ਆਜ਼ਾਦੀ ਲਈ ਜਾਨਾਂ ਕੁਰਬਾਨ ਕਰਨ ਵਾਲੇ ਇਨਕਲਾਬੀ ਦੇਸ਼ ਭਗਤਾਂ ਦਾ ਸਤਿਕਾਰ ਸੰਘ ਲਾਣਾ ਕਿਹੋ ਜਿਹਾ ਕਰਦਾ ਹੈ, ਇਹ ਹਾਲੀਆ ਘਟਨਾ ਤੋਂ ਸਾਹਮਣੇ ਆ ਗਿਆ ਹੈ।
ਸੱਤਾਧਾਰੀ ਹੋਣ ਦੇ ਸਮੇਂ ਤੋਂ ਹੀ ਸੰਘ ਪਰਿਵਾਰ ਨੇ ਅਕਲ ਦੇ ਖ਼ਿਲਾਫ਼ ਜੋ ਜੰਗ ਛੇੜੀ , ਉਸ ਵਿਚ ਤੇਜ਼ੀ ਲਿਆਉਂਦਿਆਂ ਹੁਣ ਇਨ੍ਹਾਂ ਦੇ ਵਿਦਿਆਰਥੀ ਵਿੰਗ ਏæਬੀæਵੀæਪੀæ ਨੇ ਦਿੱਲੀ ਯੂਨੀਵਰਸਿਟੀ ਅੰਦਰ ਭਗਤ ਸਿੰਘ ਬਾਰੇ ਪ੍ਰੋਗਰਾਮ ਵਿਚ ਬੁਰਛਾਗਰਦੀ ਕਰ ਕੇ, ਤੇ ਉਥੇ ਲੋਕਾਂ ਉਪਰ ਹਮਲਾ ਕਰ ਕੇ ‘ਦੇਸ਼ ਭਗਤੀ’ ਦਾ ਸਬੂਤ ਪੇਸ਼ ਕੀਤਾ ਹੈ। ਇਹ ਕਾਰਾ 23 ਮਾਰਚ ਦੇ ਸ਼ਹੀਦਾਂ ਦੇ ਸ਼ਹਾਦਤ ਦਿਹਾੜੇ ਮੌਕੇ ਕੀਤਾ ਗਿਆ।
ਦਿੱਲੀ ਯੂਨੀਵਰਸਿਟੀ ਵਿਚ ਵਿਦਿਆਰਥੀ ਜਥੇਬੰਦੀ ‘ਭਗਤ ਸਿੰਘ ਛਾਤਰ ਏਕਤਾ ਮੰਚ’ ਤੇ ਸਭਿਆਚਾਰਕ ਜਥੇਬੰਦੀ ‘ਆਹਵਾਨ’ ਵਲੋਂ ‘ਭਗਤ ਸਿੰਘ ਦੀ ਜ਼ਿੰਦਗੀ ਤੇ ਲਿਖਤਾਂ’ ਉਪਰ ਵਿਚਾਰ ਗੋਸ਼ਟੀ ਰੱਖੀ ਹੋਈ ਸੀ ਜਿਸ ਵਿਚ ਜੇæਐੱਨæਯੂæ ਦੇ ਸਾਬਕਾ ਅਧਿਆਪਕ ਪ੍ਰੋਫੈਸਰ ਚਮਨ ਲਾਲ ਨੇ ਮੁੱਖ ਬੁਲਾਰੇ ਵਜੋਂ ਆਪਣੇ ਵਿਚਾਰ ਪੇਸ਼ ਕਰਨੇ ਸਨ। ਆਰਟਸ ਫੈਕਲਟੀ ਅੰਦਰ ਜਗ੍ਹਾ ਹਾਸਲ ਨਾ ਹੋਣ ਕਾਰਨ ਫੈਕਲਟੀ ਦੇ ਮੁੱਖ ਦੁਆਰ ਉਪਰ ਪ੍ਰੋਗਰਾਮ ਰੱਖ ਲਿਆ ਗਿਆ ਜਿਸ ਦੀ ਮਨਜ਼ੂਰੀ ਪੁਲਿਸ ਵਲੋਂ ਦਿੱਤੀ ਗਈ। ਵਿਚਾਰ ਚਰਚਾ 12 ਵਜੇ ਸ਼ੁਰੂ ਹੋਣੀ ਸੀ। ਇਸ ਦੌਰਾਨ, ਸਾਂਗਵਾੜੀ ਨਾਂ ਦੀ ਇਕ ਹੋਰ ਸਭਿਆਚਾਰਕ ਜਥੇਬੰਦੀ ਜੇæਐੱਨæਯੂæ ਦੇ ਮੁੱਦੇ ਬਾਰੇ ਆਪਣਾ ਨੁੱਕੜ ਨਾਟਕ ਖੇਡਣ ਲਈ ਉਥੇ ਆ ਗਈ। ਉਨ੍ਹਾਂ ਨੂੰ ਲਾਅ ਫੈਕਲਟੀ ਵਿਚ ਪੇਸ਼ਕਾਰੀ ਦੀ ਆਗਿਆ ਨਹੀਂ ਸੀ ਦਿੱਤੀ ਗਈ। ਇਸ ਦੇ ਮੱਦੇਨਜ਼ਰ ਪ੍ਰਬੰਧਕਾਂ ਨੇ ਉਨ੍ਹਾਂ ਦੀ ਪੇਸ਼ਕਾਰੀ ਖ਼ਤਮ ਹੋਣ ਤਕ ਆਪਣੀ ਵਿਚਾਰ ਚਰਚਾ ਰੋਕ ਲਈ। ਪੇਸ਼ਕਾਰੀ ਸ਼ੁਰੂ ਹੁੰਦੇ ਸਾਰ, ਏæਬੀæਵੀæਪੀæ ਦੇ ਪੰਦਰਾਂ ਕੁ ਕਾਰਕੁਨਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਥੇ ਮੌਜੂਦ 60-70 ਪੁਲਿਸ ਵਾਲੇ ਤਮਾਸ਼ਬੀਨ ਬਣੇ ਰਹੇ। ਨਾਟਕ ਵਾਲਿਆਂ ਨੂੰ ਲੱਗਿਆ ਕਿ ਉਹ ਪੇਸ਼ਕਾਰੀ ਨਹੀਂ ਕਰ ਸਕਣਗੇ, ਉਨ੍ਹਾਂ ਪ੍ਰੋਗਰਾਮ ਬੰਦ ਕਰ ਦਿੱਤਾ।
ਇਸ ਤੋਂ ਬਾਅਦ ਜਦੋਂ ਵਿਚਾਰ ਚਰਚਾ ਦੇ ਪ੍ਰਬੰਧਕਾਂ ਨੇ ਗੋਸ਼ਟੀ ਸ਼ੁਰੂ ਕਰਨ ਦਾ ਯਤਨ ਕੀਤਾ ਤਾਂ ਸੰਘੀਆਂ ਨੇ ਮੰਚ ਉਪਰ ਹਮਲਾ ਕਰ ਕੇ ਮੇਜ਼ ਉਲਟਾ ਦਿੱਤਾ ਅਤੇ ਭਗਤ ਸਿੰਘ ਦੇ ਪੋਸਟਰ ਪਾੜ ਦਿੱਤੇ। ਪ੍ਰਬੰਧਕਾਂ ਨੇ ਇਸ ਖ਼ਲਲ ਨੂੰ ਰੋਕਣ ਦਾ ਯਤਨ ਕੀਤਾ, ਪਰ ਪੁਲਿਸ ਦੀ ਮਿਲੀਭੁਗਤ ਨਾਲ ਸੰਘੀਆਂ ਦੀ ਨਾਅਰੇਬਾਜ਼ੀ, ਗਾਲੀਗਲੋਚ ਅਤੇ ਦਰਸ਼ਕਾਂ ਨੂੰ ਧੱਕੇ ਮਾਰਨ ਦਾ ਸਿਲਸਿਲਾ ਜਾਰੀ ਰਿਹਾ। ਪੁਲਿਸ ਨੇ ਗੁੰਡਾਗਰਦੀ ਰੋਕਣ ਦੀ ਥਾਂ ਪ੍ਰਬੰਧਕਾਂ ਨੂੰ ਘੇਰਾ ਪਾ ਕੇ ਗੁੰਡਿਆਂ ਨੂੰ ਸੁਰੱਖਿਆ ਦਿੱਤੀ। ਜਦੋਂ ਪ੍ਰਬੰਧਕਾਂ ਨੇ ਉਥੇ ਮੌਜੂਦ ਪੁਲਿਸ ਦੇ ਐੱਸ਼ਐੱਚæਓæ ਨੂੰ ਚੇਤੇ ਕਰਾਇਆ ਕਿ ਉਸ ਵਲੋਂ ਪ੍ਰੋਗਰਾਮ ਕਰਨ ਦੀ ਬਾਕਾਇਦਾ ਮਨਜ਼ੂਰੀ ਦਿੱਤੀ ਗਈ ਸੀ, ਤਾਂ ਪੁਲਿਸ ਅਧਿਕਾਰੀ ਨੇ ਜਵਾਬ ਦਿੱਤਾ ਕਿ ਏæਬੀæਵੀæਪੀæ ਨੂੰ ਉਥੇ ਰਹਿਣ ਤੇ ਪ੍ਰੋਗਰਾਮ ਵਿਚ ਨਾਅਰੇਬਾਜ਼ੀ ਕਰ ਕੇ ਆਪਣਾ ਰੋਸ ਪ੍ਰਗਟਾਉਣ ਦਾ ਹੱਕ ਹੈ, ਤੇ ਪੁਲਿਸ ਉਸ ਵਿਚ ਦਖ਼ਲਅੰਦਾਜ਼ੀ ਨਹੀਂ ਕਰ ਸਕਦੀ। ਇਸ ਤੋਂ ਪੁਲਿਸ ਦੀ ਉਥੇ ਮੌਜੂਦਗੀ ਦੀ ਮਨਸ਼ਾ ਜ਼ਾਹਿਰ ਹੋ ਗਈ।
ਪੁਲਿਸ ਦੀ ਮਿਲੀਭੁਗਤ ਦੇਖ ਕੇ ਪ੍ਰਬੰਧਕ ਇਕਜੁੱਟ ਹੋ ਗਏ, ਗੁੰਡਿਆਂ ਨੂੰ ਪਿੱਛੇ ਧੱਕ ਦਿੱਤਾ। ਡਾæ ਵਿਕਾਸ ਗਰਗ ਵਲੋਂ ਵਿਸ਼ੇ ਦਾ ਤੁਆਰਫ਼ ਕਰਾਏ ਜਾਣ ਪਿੱਛੋਂ ਪ੍ਰੋਫੈਸਰ ਚਮਨ ਲਾਲ ਨੇ ਤਕਰੀਰ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਯੂਨੀਵਰਸਿਟੀ ਵਿਚ ਜਮਹੂਰੀ ਸਪੇਸ ਦੀ ਅਣਹੋਂਦ ਤੋਂ ਆਪਣੀ ਗੱਲ ਸ਼ੁਰੂ ਕੀਤੀ ਅਤੇ ਕਿਹਾ ਕਿ ਭਗਤ ਸਿੰਘ ਨੇ ਅਜਿਹੇ ਪ੍ਰੋਗਰਾਮਾਂ ਵਿਚ ਖ਼ਲਲ ਪਾਉਣ ਵਾਲੇ ਬਸਤੀਵਾਦੀ ਤੇ ਸਾਮਰਾਜਵਾਦੀ ਤਾਕਤਾਂ ਦੇ ਪਿੱਠੂਆਂ ਨੂੰ ਕਿਵੇਂ ਲੈਣਾ ਸੀ। ਮੁਲਕ ਲਈ ਲੜਨ ਦੇ ਮਾਇਨੇ ਕੀ ਸਨ, ਇਸ ‘ਤੇ ਜ਼ੋਰ ਦੇਣ ਲਈ ਪ੍ਰੋਫੈਸਰ ਚਮਨ ਲਾਲ ਨੇ ਭਗਤ ਸਿੰਘ ਦੇ ਸ਼ਬਦ ਦੁਹਰਾਏ। ਇਸ ‘ਤੇ ਨਾਅਰੇਬਾਜ਼ੀ ਕਰਨ ਵਾਲੇ ਗੁੰਡੇ ਪ੍ਰੋਫੈਸਰ ਚਮਨ ਲਾਲ ਅਤੇ ਹਾਜ਼ਰੀਨ ਨੂੰ ਸਿੱਧੇ ਤੌਰ ‘ਤੇ ਧਮਕੀਆਂ ਦੇਣ ‘ਤੇ ਉਤਰ ਆਏ। ਹੁਣ ਉਹ ਨਾਅਰੇ ਲਾ ਰਹੇ ਸਨ – ‘ਜੋ ਭਗਤ ਸਿੰਘ ਕੀ ਰਾਹ ਚਲੇਗਾ, ਉਹ ਅਫ਼ਜ਼ਲ ਕੀ ਮੌਤ ਮਰੇਗਾ’, ‘ਦੇਸ਼ ਕੇ ਗ਼ਦਾਰੋਂ ਕੋ, ਗੋਲੀ ਮਾਰੋ ਸਾਲੋਂ ਕੋ’। ਪ੍ਰੋਫੈਸਰ ਚਮਨ ਲਾਲ ਨੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਾ ਕੇ ਜਵਾਬ ਦਿੱਤਾ। ਇਸ ‘ਤੇ ਪੁਲਿਸ ਦੀ ਐੱਸ਼ਐੱਚæਓæ ਸਿੱਧੇ ਤੌਰ ‘ਤੇ ਪ੍ਰੋਫੈਸਰ ਚਮਨ ਲਾਲ ਨਾਲ ਤਕਰਾਰ ਕਰਨ ਲੱਗੀ। ਹੁਣ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਸੀ ਕਿ ਪੁਲਿਸ ਸਿਆਸੀ ਇਸ਼ਾਰੇ ‘ਤੇ ਭਗਵੇਂ ਗੁੰਡਿਆਂ ਨੂੰ ਸ਼ਹਿ ਦੇਣ ਲਈ ਉਥੇ ਤਾਇਨਾਤ ਸੀ। ਪ੍ਰਬੰਧਕਾਂ ਨੇ ਪ੍ਰੋਫੈਸਰ ਚਮਨ ਲਾਲ ਨੂੰ ਆਪਣੇ ਘੇਰੇ ਵਿਚ ਲੈ ਕੇ ਉਸ ਉਪਰ ਹਮਲਾ ਕਰਨ ਦੇ ਯਤਨ ਨਾਕਾਮ ਬਣਾ ਦਿੱਤੇ।
ਇਸ ਮੌਕੇ ਏæਬੀæਵੀæਪੀæ ਦਾ ਇਕ ਆਗੂ ਦੋ ਕੁੜੀਆਂ ਨੂੰ ਕਹਿ ਰਿਹਾ ਸੀ- ‘ਤੁਸੀਂ ਕਿਥੇ ਪੜ੍ਹਦੀਆਂ ਹੋ, ਮੈਂ ਜਾਣਦਾ ਹਾਂ, ਤੁਹਾਨੂੰ ਦੇਖ ਲਵਾਂਗੇ।’ ਜਦੋਂ ਉਥੇ ਮੌਜੂਦ ਬਾਕੀਆਂ ਨੇ ਇਸ ਧਮਕੀ ਦਾ ਨੋਟਿਸ ਲਿਆ ਤਾਂ ਉਹ ਐੱਸ਼ਐੱਚæਓæ ਨੂੰ ਮੁਖ਼ਾਤਬ ਹੋ ਕੇ ਕਹਿਣ ਲੱਗਾ- ‘ਹਮੇਂ ਛੋੜ ਦੀਜੀਏ ਇਨ ਪੇ, ਠੀਕ ਕਰ ਦੇਂਗੇ।’
ਭਗਤ ਸਿੰਘ ਦੇ ਰਾਹ ‘ਤੇ ਚੱਲਣ ਵਾਲਿਆਂ ਨੂੰ ਅਫ਼ਜ਼ਲ ਗੁਰੂ ਦੀ ਮੌਤ ਮਾਰਨ ਦੇ ਭਗਵੇਂ ਕਾਰਕੁਨਾਂ ਦੇ ਐਲਾਨ ਕੋਈ ਅਚਾਨਕ ਭੜਕਾਹਟ ਦਾ ਸਿੱਟਾ ਨਹੀਂ, ਸਗੋਂ ਇਸ ਦਾ ਬਾਕਾਇਦਾ ਵਿਚਾਰਧਾਰਕ ਆਧਾਰ ਹੈ। ਸੰਘ ਦਾ ਅਖੌਤੀ ਰਾਸ਼ਟਰਵਾਦ ਹਿੰਦੂਤਵ ਦੀ ਸੌੜੀ ਪ੍ਰੀਭਾਸ਼ਾ ‘ਤੇ ਆਧਾਰਿਤ ਹੈ ਜਿਸ ਵਿਚ ਸਮਾਜੀ-ਸਭਿਆਚਾਰਕ ਵੰਨ-ਸੁਵੰਨਤਾ ਲਈ ਕੋਈ ਥਾਂ ਨਹੀਂ। ਇਸ ਦੇ ਉਲਟ ਸ਼ਹੀਦ ਭਗਤ ਸਿੰਘ ਤੇ ਗ਼ਦਰੀ ਇਨਕਲਾਬੀਆਂ ਦਾ ਰਾਸ਼ਟਰਵਾਦ ਵੱਖ-ਵੱਖ ਧਰਮਾਂ, ਅਕੀਦਿਆਂ ਅਤੇ ਸਭਿਆਚਾਰ ਵਾਲੇ ਸਮਾਜੀ ਸਮੂਹਾਂ ਲਈ ਸਹਿ-ਹੋਂਦ ਵਿਚ ਵਿਚਰਨ ਦੀ ਸੱਚੀ ਜਮਹੂਰੀ ਸਪੇਸ ਮੁਹੱਈਆ ਕਰਦਾ ਹੈ। ਸ਼ਹੀਦ ਭਗਤ ਸਿੰਘ ਤੇ ਗ਼ਦਰੀ ਇਨਕਲਾਬੀਆਂ ਦੀ ਸੋਚ ਅਤੇ ਉਨ੍ਹਾਂ ਦੇ ਆਜ਼ਾਦੀ ਦੇ ਸੁਪਨੇ ਸੰਘ ਦੇ ਫਿਰਕੂ ਏਜੰਡੇ ਦੇ ਰਾਹ ਵਿਚ ਸਭ ਤੋਂ ਵੱਡਾ ਅੜਿੱਕਾ ਹਨ। ਇਨਕਲਾਬੀਆਂ ਦੇ ਆਜ਼ਾਦੀ ਦੇ ਮਾਡਲ ਦੀ ਤਾਂ ਗੱਲ ਛੱਡੋ, ਸੰਘੀਆਂ ਨੂੰ ਤਾਂ ਡਾæ ਅੰਬੇਦਕਰ ਦੇ ਸੁਪਨਿਆਂ ਦਾ ਉਦਾਰਵਾਦੀ ਜਮਹੂਰੀ ਸਮਾਜੀ-ਸਿਆਸੀ ਮਾਡਲ ਵੀ ਪ੍ਰਵਾਨ ਨਹੀਂ। ਇਸੇ ਲਈ ਉਨ੍ਹਾਂ ਨੇ ਦਲਿਤ ਅਤੇ ਇਨਕਲਾਬੀ ਸੋਚ ਵਾਲਿਆਂ ਦੇ ਖ਼ਿਲਾਫ਼ ਵੱਡੀ ਹਮਲਾਵਰ ਮੁਹਿੰਮ ਵਿੱਢੀ ਹੋਈ ਹੈ।