ਪੰਜਾਬੀ ਸਾਹਿਤ ਜਗਤ ਵਿਚ ਪਟਿਆਲੇ ਵਾਲੇ ‘ਭੂਤਵਾੜੇ’ ਦੀ ਚਰਚਾ ਅਕਸਰ ਚੱਲਦੀ ਰਹੀ ਹੈ। ‘ਭੂਤਵਾੜਾ’ ਪੜ੍ਹਨ-ਪੜ੍ਹਾਉਣ ਤੇ ਬੌਧਿਕਤਾ ਦਾ ਇਕ ਅਜਿਹਾ ਕੇਂਦਰ ਬਣਿਆ ਕਿ ਇਸ ਦੀ ਮਿਸਾਲ ਮੁੜ ਕੇ ਪੰਜਾਬ ਵਿਚ ਅਜ ਤਕ ਸਾਹਮਣੇ ਨਹੀਂ ਆਈ। ਇਸ ਭੂਤਵਾੜੇ ਨਾਲ ਜੁੜੇ ਬੁਧੀਜੀਵੀਆਂ ਨੇ ਵੱਖ-ਵੱਖ ਖੇਤਰਾਂ ਵਿਚ ਖੂਬ ਮੱਲਾਂ ਮਾਰੀਆਂ। ਇਨ੍ਹਾਂ ‘ਭੂਤਾਂ’ ਬਾਰੇ ਡਾæ ਤਰਸ਼ਿੰਦਰ ਕੌਰ ਨੇ ਪੂਰੀ ਕਿਤਾਬ ‘ਭੂਤਵਾੜੇ ਦੇ ਭੂਤਾਂ ਦੀ ਕਥਾ’ ਲਿਖੀ ਹੈ ਜੋ ਇਕੱਲੇ-ਇਕੱਲੇ ਭੂਤ ਨਾਲ ਮੁਲਾਕਾਤਾਂ ਦੀ ਲੜੀ ਹੈ।
ਪੰਜਾਬੀ ਦੀ ਉਘੀ ਗਲਪਕਾਰ ਦਲੀਪ ਕੌਰ ਟਿਵਾਣਾ ਨੂੰ ਇਨ੍ਹਾਂ ਭੂਤਾਂ ਦੀ ਅਧਿਆਪਕਾ ਹੋਣ ਦਾ ਮਾਣ ਹਾਸਲ ਹੈ। ਐਤਕੀਂ ਅਸੀਂ ਪਾਠਕਾਂ ਨਾਲ ਡਾæ ਤਰਸ਼ਿੰਦਰ ਕੌਰ ਅਤੇ ਦਲੀਪ ਕੌਰ ਟਿਵਾਣਾ ਦੀ ਮੁਲਾਕਾਤ ਸਾਂਝੀ ਕਰ ਰਹੇ ਹਾਂ ਜਿਸ ਵਿਚ ਭੂਤਵਾੜੇ ਦੇ ਨਾਲ-ਨਾਲ ਜੱਗ ਜਹਾਨ ਦੀਆਂ ਗੱਲਾਂ ਹੋਈਆਂ ਹਨ। 4 ਮਈ 1935 ਨੂੰ ਲੁਧਿਆਣਾ ਜ਼ਿਲ੍ਹੇ ਦੇ ਰੱਬੋਂ ਪਿੰਡ ਵਿਚ ਸਰਦੇ-ਪੁੱਜਦੇ ਪਰਿਵਾਰ ਵਿਚ ਜਨਮੀ ਟਿਵਾਣਾ ਪਟਿਆਲਾ ਵਿਖੇ ਪੜ੍ਹੀ। ਉਹ ਪੰਜਾਬੀ ਯੂਨੀਵਰਸਿਟੀ ਤੋਂ ਪੀਐਚæਡੀæ ਹਾਸਲ ਕਰਨ ਵਾਲੀ ਇਲਾਕੇ ਦੀ ਪਹਿਲੀ ਔਰਤ ਸੀ। ਉਹ ਸਾਹਿਤ ਦੀ ਝੋਲੀ ਵਿਚ ਤਕਰੀਬਨ 50 ਕਿਤਾਬਾਂ ਪਾ ਚੁੱਕੇ ਹਨ। -ਸੰਪਾਦਕ
ਮੁਲਾਕਾਤੀ: ਡਾæ ਤਰਸ਼ਿੰਦਰ ਕੌਰ
ਫੋਨ: 224-409-3396
ਸਵਾਲ: ਤੁਹਾਨੂੰ ਬਹੁਤ ਜ਼ਿਆਦਾ ਪੜ੍ਹਨ ਲਿਖਣ ਦੀ ਆਦਤ ਹੈ, ਸਾਹਿਤਕ ਖੇਤਰ ਵਿਚ ਤੁਹਾਨੂੰ ਇਸੇ ਕਰ ਕੇ ਸਫ਼ਲਤਾ ਵੀ ਮਿਲੀ। ਸਾਨੂੰ ਯਕੀਨ ਹੈ ਕਿ ਜੇ ਤੁਸੀਂ ਹੋਰ ਕਿਸੇ ਵੀ ਖੇਤਰ ਵਿਚ ਹੁੰਦੇ, ਤੁਸੀਂ ਸਫ਼ਲ ਹੋਣਾ ਹੀ ਸੀ। ਤੁਹਾਡੇ ਵਿਦਿਆਰਥੀਆਂ ਨੇ ਕੰਮ ਪ੍ਰਤੀ ਪ੍ਰਤੀਬੱਧ ਹੋਣਾ ਤੁਹਾਥੋਂ ਸਿੱਖਿਆ। ਭੂਤਵਾੜੇ ‘ਚ ਰਹਿਣ ਵਾਲੇ, ਤੁਹਾਡੇ ਮੁੱਢਲੇ ਵਿਦਿਆਰਥੀਆਂ ‘ਚੋਂ ਹਨ। ਇਨ੍ਹਾਂ ‘ਭੂਤ’ ਵਿਦਿਆਰਥੀ ਨਾਲ ਪੜ੍ਹਾਉਣ ਦਾ ਤਜਰਬਾ ਕਿਵੇਂ ਰਿਹਾ?
ਜਵਾਬ: ਮੈਂ ਜਦੋਂ ਪੜ੍ਹਾਉਣਾ ਸ਼ੁਰੂ ਕੀਤਾ, ਇਹ ਮੇਰੀ ਪਹਿਲੀ ਕਲਾਸ ਸੀ ਤੇ ਇਹ ਵੀ ਚੰਗੇ ਪੜ੍ਹਨ ਲਿਖਣ ਵਾਲੇ ਮੁੰਡੇ ਸਨ। ਮੈਨੂੰ ਉਦੋਂ ਐਨਾ ਭਰੋਸਾ ਵੀ ਨਹੀਂ ਸੀ, ਪਰ ਇਹ ਐਨੇ ਚੰਗੇ ਸਨ ਕਿ ਇਨ੍ਹਾਂ ਨੇ ਮੈਨੂੰ ਕਦੇ ਪਤਾ ਨਹੀਂ ਲੱਗਣ ਦਿੱਤਾ ਕਿ ਸਮਝ ਨਹੀਂ ਆਉਂਦੀ। ਇਕ ਦਿਨ ਕੀ ਹੋਇਆ, ਮੈਂ ਕਿਸੇ ਹੋਰ ਲੇਖਕ ਦਾ ਨਾਉਂ ਲਈ ਗਈ ਤੇ ਪੜ੍ਹਾਈ ਕੋਈ ਹੋਰ ਗਈ; ਇਨ੍ਹਾਂ ਨੇ ਮੈਨੂੰ ਟੋਕਿਆ ਨਹੀਂ। ਬਾਅਦ ‘ਚ ਮੈਨੂੰ ਆਪੇ ਪਤਾ ਲੱਗ ਗਿਆ। ਅਗਲੇ ਦਿਨ ਮੈਂ ਕਿਹਾ, ਬਈ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ, ਤਾਂ ਹੱਸ ਪਏ। ਇਨ੍ਹਾਂ ਨੂੰ ਲੱਗਿਆ, ਸ਼ਾਇਦ ਮੈਂ ਇਨ੍ਹਾਂ ਨੂੰ ਇਨ੍ਹਾਂ ਜਿੱਡੀ ਜਾਂ ਸ਼ਾਇਦ ਇਨ੍ਹਾਂ ਵਰਗੀ ਹੀ ਲੱਗਦੀ ਆਂ। ਇਨ੍ਹਾਂ ਨੇ ਫਿਰ ਆਪੇ ਫੈਸਲਾ ਕਰ ਲਿਆ, ਤੇ ਆ ਕੇ ਸਵੇਰੇ ਸਾਰੇ ਜਣੇ ਵਾਰੀ-ਵਾਰੀ ਕਹਿਣ ਲੱਗੇ- ਦੀਦੀ ਮੱਥਾ ਟੇਕਦੇ ਆਂ। ਜਿਹੜਾ ਆਵੇ ਕਲਾਸ ‘ਚ ਕਹੇ- ਦੀਦੀ ਮੱਥਾ ਟੇਕਦੈਂæææਮੈਂ ਤਾਂ ਬਹੁਤ ਨਰਵਸ ਹੋਈ ਕਿ ਆਹ ਕੀ ਹੋ ਗਿਆ!
ਸਵਾਲ: ਉਦੋਂ ਮਹਿੰਦਰਾ ਕਾਲਜ ਕਲਾਸਾਂ ਲੱਗਦੀਆਂ ਸਨ?
ਜਵਾਬ: ਹਾਂ! ਇਹ ਸਾਰੇ ਪਿੰਡਾਂ ‘ਚੋਂ ਆਏ ਸੀ, ਆਮ ਘਰਾਂ ‘ਚੋਂ। ਇਸ ਕਰ ਇਨ੍ਹਾਂ ਨੂੰ ਮੈਥੋਂ ਕੋਈ ਚੀਜ਼ ਮੰਗਦਿਆਂ ਸੰਕੋਚ ਨਹੀਂ ਸੀ ਹੁੰਦਾ। ਇਕ ਵਾਰੀ ਨਵਤੇਜ ਮੈਨੂੰ ਕਹਿਣ ਲੱਗਾ, ‘ਦੀਦੀ ਤੁਸੀਂ ਮੈਨੂੰ ਖੱਦਰ ਦਾ ਸੂਟ ਸਵਾ ਕੇ ਦਿੱਤਾ ਸੀ ਤੇ ਫਿਰ ਮੈਂ ਉਹੀ ਪਾਈ ਗਿਆ।’ ਕਈ ਵਾਰੀ ਮੈਨੂੰ ਪਤਾ ਨਾ ਹੋਣਾ ਕਿ ਕਲਾਸ ਕਿਥੇ ਗਈ, ਪਿਛੋਂ ਪਤਾ ਲੱਗਣਾ ਕਿ ਆਪੇ ਮੇਰੇ ਬੀਜੀ ਨੂੰ ਕਹਿ ਆਏ ਕਿ ਸਾਗ ਤੇ ਮੱਕੀ ਦੀਆਂ ਰੋਟੀਆਂ ਬਣਾ ਕੇ ਰੱਖਿਓ, ਤੇ ਸਾਰੀ ਕਲਾਸ ਉਥੇ ਰੋਟੀ ਖਾਣ ਚਲੀ ਗਈ।æææਮੈਂ ਆਪਣਾ ਪੀਐਚæਡੀæ ਥੀਸਿਜ਼ ਮੁਕੰਮਲ ਕੀਤਾ। ਪ੍ਰੋæ ਪ੍ਰੀਤਮ ਸਿੰਘ ਨੂੰ ਦਿਖਾਇਆ ਤਾਂ ਉਹ ਕਹਿਣ ਲੱਗੇ ਕਿ ਸਾਰੇ ਨੋਟ ਤਾਂ ਗ਼ਲਤ ਦਿੱਤੇ ਨੇ, ਦੁਬਾਰਾ ਕਰੋ। ਮੈਂ ਸੋਚਿਆ, ਹੁਣ ਕੀ ਕਰਾਂਗੇ? ਤਾਂ ਇਹ ਸਾਰੇ ਬਹਿ ਗਏ ਆ ਕੇ ਕਮਰੇ ‘ਚ। ਦੋ ਤਿੰਨ ਟਾਈਪਿਸਟ ਨਾਲ ਲੈ ਆਏ, ਟਾਈਪਿਸਟ ਟਾਈਪ ਕਰੀ ਜਾਵੇ ਤੇ ਇਹ ਨਾਲ ਦੀ ਨਾਲ ਪੜ੍ਹੀ ਜਾਣ। ਤਿੰਨ ਦਿਨ ਤੇ ਤਿੰਨ ਰਾਤਾਂ ਤਾਂ ਮੈਂ ਜਾਗਦੀ ਰਹੀ। ਇਕ ਦਿਨ ਮੈਂ ਮੰਜੇ ‘ਤੇ ਬੈਠੀ-ਬੈਠੀ ਸੌਂ ਗਈ। ਹੁਣ ਮੈਨੂੰ ਜਗਾਉਣ ਕਿਵੇਂ, ਨਾ ਹੱਥ ਲਾਉਣ। ਇਨ੍ਹਾਂ ਨੇ ਦੋਵੇਂ ਪਾਸੋਂ ਫੜ ਕੇ ਮੇਰਾ ਮੰਜਾ ਜ਼ੋਰ-ਜ਼ੋਰ ਦੀ ਹਿਲਾਉਣਾ ਸ਼ੁਰੂ ਕਰ’ਤਾ। ਮੈਂ ਸੋਚਿਆ ਭੂਚਾਲ ਆ ਗਿਆ।æææਇਉਂ ਉਹ ਥੀਸਿਜ਼ ਮੁਕੰਮਲ ਕੀਤਾæææਇੱਕ ਭੂਤ ਗਿੱਲੀ-ਗਿੱਲੀ ਜਿਲਦ ਲੈ ਕੇ ਹੀ ਚੰਡੀਗੜ੍ਹ ਜਮ੍ਹਾਂ ਕਰਵਾਉਣ ਚਲਾ ਗਿਆ।æææਕਈਆਂ ਨੇ ਜ਼ੋਰ ਲਾਇਆ, ਮੇਰਾ ਕੰਮ ਰੱਦ ਹੋ ਜਾਵੇ। ਮੈਨੂੰ ਸੁਨੇਹਾ ਭੇਜਿਆ ਕਿ ਜੇ ਡਿਗਰੀ ਲੈਣੀ ਐਂ ਤਾਂ ਪ੍ਰੋæ ਪ੍ਰੀਤਮ ਸਿੰਘ ਹੋਰਾਂ ਦੀ ਪਾਰਟੀ ਛੱਡ ਦੇ। ਮੈਂ ਕਿਹਾæææਕੁੜੀਆਂ ਦੀ ਕਿਹੜੀ ਪਾਰਟੀ ਹੁੰਦੀ ਹੈ? ਪ੍ਰੀਤਮ ਸਿੰਘ ਮੇਰੇ ਟੀਚਰ ਐ, ਹਮੇਸ਼ਾ ਰਹਿਣਗੇ ਤੇ ਉਨ੍ਹਾਂ ਦਾ ਸਤਿਕਾਰ ਵੀ ਰਹੂਗਾ ਤੇ ਬਾਕੀ ਅਸੀਂ ਹੁੰਨੇ ਆਂ ਜੱਟ, ਨਾ ਮੀਂਹ ਪੈਣੋਂ ਹਟੇ, ਨਾ ਦਾਣੇ ਉਗਣੋਂ ਹਟਣ, ਪੀਐਚæਡੀæ ਦਾ ਕੀ ਐ? ਸਾਨੂੰ ਤਾਂ ਰੋਟੀ ਦੀ ਵੀ ਚਿੰਤਾ ਹੈਨੀ। ਉਹ ਹੋਰ ਚਿੜ ਗਏ ਕਿ ਇਹ ਸਮਝਦੀ ਕੀ ਐ ਆਪਣੇ ਆਪ ਨੂੰ! ਬਾਅਦ ‘ਚ ਪਤਾ ਲੱਗਾ ਕਿ ਉਨ੍ਹਾਂ ਐਗਜ਼ਾਮੀਨਰਾਂ ਤੱਕ ਪਹੁੰਚ ਕੀਤੀ ਕਿ ਫੇਲ੍ਹ ਕਰ ਦਿਉ। ਐਗਜ਼ਾਮੀਨਰ ਨੇ ਜਿਹੜੀ ਰਿਪੋਰਟ ਭੇਜੀ, ਉਹ ਸੀ ਕਿ ਮੈਂ ਵਾਈਵੇ ਤੋਂ ਬਾਅਦ ਫਾਈਨਲ ਰਿਪੋਰਟ ਦਿਊਂਗਾ। ਮੈਂ ਪ੍ਰੋæ ਪ੍ਰੀਤਮ ਸਿੰਘ ਨੂੰ ਦੱਸਿਆ। ਉਨ੍ਹਾਂ ਵਾਈਸ ਚਾਂਸਲਰ ਨੂੰ ਕਿਹਾ ਜਾ ਕੇ, ਕਿ ਇਸ ਲੜਕੀ ਦੇ ਵਾਈਵੇ ਵਿਚ ਆਪ ਬੈਠੋ। ਅਸਲ ਵਿਚ ਐਗਜ਼ਾਮੀਨਰ ਨੇ ਇੰਟਰਵਿਊ ਦਿੱਲੀ ਰੱਖ ਲਈ ਸੀ, ਕਿਉਂਕਿ ਉਹ ਵਿਭਾਗ ਦੇ ਮੁਖੀ ਸਨ। ਆਖਰ ਵੀæਸੀæ ਨੇ ਇੰਟਰਵਿਊ ਚੰਡੀਗੜ੍ਹ ਰਖਵਾ ਲਈ। ਇਕ ਘੰਟਾ ਚਾਲੀ ਮਿੰਟ ਵਾਈਵਾ ਹੁੰਦਾ ਰਿਹਾ। ਅਗਲਿਆਂ ਬੜਾ ਘੇਰਾ ਪਾਇਆ। ਵੀæਸੀæ ਨੇ ਪੁੱਛੇ ਗਏ ਸਵਾਲਾਂ ਉਤੇ ਸਵਾਲ ਕਰ ਦਿੱਤੇ; ਨਾਲੇ ਕਿਹਾ, ਹੈਰਾਨੀ ਵਾਲੀ ਗੱਲ ਹੈ ਕਿ ਲੋਕਾਂ ਦੀਆਂ ਪਾਸ ਕਰਵਾਉਣ ਦੀਆਂ ਸਿਫਾਰਸ਼ਾਂ ਆਉਂਦੀਆਂ, ਪਰ ਇਸ ਕੁੜੀ ਦੀਆਂ ਫੇਲ੍ਹ ਕਰਾਉਣ ਦੀਆਂ ਸਿਫਾਰਿਸ਼ਾਂ ਆਈਆਂ।æææਜਿੱਦਣ ਨਤੀਜਾ ਖੁੱਲ੍ਹਣਾ ਸੀ, ਉਦਣ ਕੋਈ ਜਾਵੇ ਨਾ ਭੂਤਵਾੜੇ ਵਾਲੇ ਵਿਦਿਆਰਥੀਆਂ ਵਿਚੋਂ, ਬਈ ਨਤੀਜਾ ਦੱਸਾਂਗੇ ਕਿਵੇਂ! ਹਰਿੰਦਰ (ਮਹਿਬੂਬ) ਕਹਿੰਦਾ ਮੈਂ ਜਾਨਾਂ। ਇਹ ਗਿਆ। ਜਦੋਂ ਪ੍ਰੋæ ਪ੍ਰੀਤਮ ਸਿੰਘ ਬਾਹਰ ਆਏ, ਤੇ ਕਿਹਾ ਕਿ ਪਾਸ ਹੋ ਗਈ ਬੀਬੀ, ਤਾਂ ਉਨ੍ਹਾਂ ਨੂੰ ਬਾਹਾਂ ਤੋਂ ਫੜ ਕੇ ਲੱਗ ਪਿਆ ਘੁਮਾਉਣ!
ਸਵਾਲ: ਖ਼ੁਸ਼ੀ ਬਹੁਤ ਹੋਈ ਨਾ!
ਜਵਾਬ: ਹਾਂ, ਉਥੋਂ ਬੱਸ ਫੜ ਕੇ ਸਟੇਸ਼ਨ ਪਹੁੰਚ ਗਿਆ, ਹਲਵਾਈ ਨੂੰ ਕਹਿਣ ਲੱਗਾ, ਥੋੜ੍ਹੀ ਜਿਹੀ ਮਠਿਆਈ ਲੈ ਕੇ ਜਾਣੀ ਐਂ ਮੈਡਮ ਲਈ, ਤੂੰ ਮੇਰੇ ਜੁੱਤੇ ਰੱਖ ਲੈ, ਜਦੋਂ ਮੇਰੇ ਕੋਲ ਪੈਸੇ ਹੋਏ, ਛੁਡਾ ਕੇ ਲੈ ਜੂੰਗਾæææਕੋਈ ਭਲਾ ਬੰਦਾ ਹੋਣਾ ਅਗਲਾæææਕਹਿੰਦਾ ਜੁੱਤੇ ਵੀ ਲੈ ਜਾ, ਤੇ ਮਠਿਆਈ ਵੀ ਲੈ ਜਾ, ਜਦੋਂ ਤੇਰਾ ਜੀਅ ਕਰਿਆ, ਪੈਸੇ ਦੇ ਜੀਂæææਕੋਠੀ ਸਾਡੀ ਨੀਲਾ ਭੌਣ ਕੋਲੇ ਐ; ਮੈਨੂੰ ਕਹਿੰਦਾ, ਇਕ ਟੁਕੜਾ ਚੱਕ ਲੋ, ਬਾਕੀ ਮੈਂ ਭੂਤਵਾੜੇ ਨੂੰ ਦੇਣੀ ਐਂ, ਤੁਸੀਂ ਪਾਸ ਹੋ’ਗੇ। ਸਾਰੇ ਜਣੇ ਬਹੁਤ ਖ਼ੁਸ਼। ਮੈਂ ਇਨ੍ਹਾਂ ਨੂੰ ਕਹਿੰਦੀ ਹੁੰਦੀ ਸੀਗੀ, ਕਿ ਜਿੱਡਾ ਕੁ ਬੰਦਾ ਹੁੰਦੈ, ਓਡੀ ਕੁ ਉਹਦੀ ਰਚਨਾ ਹੁੰਦੀ ਐ; ਇਹ ਗੱਲ ਨਾ ਭੁੱਲਿਓ, ਜੇ ਤੁਸੀਂ ਵੱਡੀ ਰਚਨਾ ਕਰਨੀ, ਤਾਂ ਬੰਦੇ ਚੰਗੇ ਬਣਿਓਂ।æææਜਰਮਨ ਫਿਲਾਸਫਰ ਨਿਤਸ਼ੇ ਦੀ ਮਾਂ ਨੂੰ ਸੰਗੀਤ, ਨਾਟਕ ਤੇ ਲੇਖਕਾਂ ਦੀਆਂ ਮਹਿਫ਼ਲਾਂ ਵਿਚ ਜਾਣ ਦਾ ਬੜਾ ਸ਼ੌਕ ਸੀ। ਕਿਸੇ ਸਮਾਗਮ ‘ਤੇ ਉਹਨੇ ਜਾਣਾ ਸੀ, ਨਿਤਸ਼ੇ ਛੋਟਾ ਸੀ, ਕਹਿਣ ਲੱਗਾ, ‘ਮਾਂ ਮੈਨੂੰ ਵੀ ਲੈ ਜਾ’। ਕਹਿੰਦੀ, ‘ਚੱਲ, ਮੇਰੇ ਕਰ ਕੇ ਜਾਣ ਦੇਣਗੇ ਤੈਨੂੰ ਅੰਦਰæææਉਹ ਜਾਣ ਜਾਣਗੇ ਨਾ ਕਿ ਤੂੰ ਮੇਰਾ ਬੇਟੈਂ’। ਉਹ ਕਹਿਣ ਲੱਗਾ, ‘ਹੋ ਸਕਦੈ ਕੱਲ੍ਹ ਨੂੰ ਤੈਨੂੰ ਮੇਰੇ ਕਰ ਕੇ ਜਾਣਨ’।
ਸਵਾਲ: ਕਿਆ ਬਾਤ ਹੈ!
ਜਵਾਬ: ਸੋ, ਅੱਜ ਅਸੀਂ ਨਿਤਸ਼ੇ ਕਰ ਕੇ ਉਹਦੀ ਮਾਂ ਨੂੰ ਜਾਣਦੇ ਆਂ। ਲੋਕਾਂ ਨੂੰ ਇਹ ਲਗਦਾ ਸੀ ਕਿ ਇਹ ਮੇਰੇ ਵਿਦਿਆਰਥੀ ਨੇ, ਪਰ ਅੱਜ ਇਹ ਸਾਰੇ ਇੰਨਾ ਅੱਗੇ ਲੰਘ ਗਏ ਨੇ, ਲਗਦੈ ਲੋਕਾਂ ਨੂੰ ਕਿ ਮੈਂ ਇਨ੍ਹਾਂ ਦੀ ਟੀਚਰ ਆਂ। ਇਕ ਵਾਰ ਮੈਂ ਕੈਨੇਡਾ ਗਈ। ਉਥੇ ਸਹੇਲੀ ਕੋਲ ਠਹਿਰੀ। ਇਹ ਮਿਲਣ ਆਏ ਤੇ ਮੇਰੇ ਪੈਰੀਂ ਹੱਥ ਲਾਉਣ। ਉਹ ਕਹਿੰਦੀ, ਇੰਨੇ ਸਾਲ ਹੋ ਗਏ, ਇਨ੍ਹਾਂ ਨੂੰ ਇਸ ਕਲਚਰ ਵਿਚ ਰਹਿੰਦਿਆਂ, ਇਹ ਅਜੇ ਵੀ ਪੈਰੀਂ ਹੱਥ ਲਾਉਂਦੇ ਐ ਤੇਰੇ। ਮੈਂ ਕਿਹਾ, ਸਾਡੀ ਕਮਾਈ ਹੀ ਇਹ ਐ, ਜਾਂ ਕਹਿ ਲਉ ਕਿ ਸਾਡਾ ਰਿਸ਼ਤਾ ਹੀ ਇਹ ਐ, ਰਿਸ਼ਤਾ ਮੁੱਕ ਨਹੀਂ ਗਿਆ ਪਰਦੇਸ ਆਉਣ ਨਾਲ।æææਇਕ ਵਾਰ ਪ੍ਰੋæ ਪ੍ਰੀਤਮ ਸਿੰਘ ਨੇ ਸੈਨੇਟ ਦੀ ਚੋਣ ਲੜਨੀ ਸੀ, ਉਹਦੇ ਲਈ ਪਰਚੀਆਂ ਬਣਾਉਣੀਆਂ, ਚਿੱਠੀਆਂ ਲਿਖਣ ਲਈ ਨਵਤੇਜ ਉਥੇ ਹੀ ਰਹਿੰਦਾ। ਮਹੀਨਾ ਦੋ ਮਹੀਨੇ ਕਾਲਜ ਨਾ ਆਇਆ, ਜਦੋਂ ਇਮਤਿਹਾਨ ਦੇ ਦਿਨ ਆਏ, ਇਹਦੇ ਲੈਕਚਰ ਘਟ ਗਏ; ਤੇ ਪ੍ਰੋæ ਪ੍ਰੀਤਮ ਸਿੰਘ ਇੰਨੇ ਅਸੂਲਾਂ ਦੇ ਪੱਕੇ ਕਿ ਉਨ੍ਹਾਂ ਨੂੰ ਕੁਝ ਨਹੀਂ ਸੀ ਕਹਿ ਸਕਦੇ। ਮੈਂ ਕਿਹਾ, ‘ਪ੍ਰੋਫੈਸਰ ਸਾਹਿਬ, ਨਵਤੇਜ ਦੇ ਲੈਕਚਰ ਸ਼ੌਰਟ ਹੋ ਗਏ’, ਹਾਲਾਂਕਿ ਉਨ੍ਹਾਂ ਦੇ ਘਰੇ ਹੀ ਕੰਮ ਕਰਦਾ ਰਿਹਾ ਸੀ। ਕਹਿਣ ਲੱਗੇ, ‘ਮੈਂ ਕੀ ਕਰਾਂ ਫੇਰ?æææਮੈਂ ਵਿਦਿਆਰਥੀਆਂ ਨੂੰ ਕਿਹਾ, ‘ਪ੍ਰੋæ ਪ੍ਰੀਤਮ ਸਿੰਘ ਦੇ ਖਾਨੇ ਦੀ ਚੋਰੀਓਂ ਜਿੰਦਰੀ ਤੋੜੋ, ਤੇ ਰਜਿਸਟਰ ਕੱਢ ਲਓ’। ਇਨ੍ਹਾਂ ਇਵੇਂ ਹੀ ਕੀਤਾ। ਫਿਰ ਅਸੀਂ ਪ੍ਰਿੰਸੀਪਲ ਸਾਹਿਬ ਨੂੰ ਕਿਹਾ ਕਿ ਐਵੇਂ ਭੁਲੇਖਾ ਲੱਗਿਆ ਪ੍ਰੋæ ਸਾਹਿਬ ਨੂੰ, ਲੈਕਚਰ ਸ਼ੌਰਟ ਨਹੀਂ ਨਵਤੇਜ ਦੇ।
ਸਵਾਲ: ਲੈਕਚਰ ਵੀ ਪ੍ਰੋæ ਸਾਹਿਬ ਵਾਲੇ ਵਿਸ਼ੇ ਵਿਚੋਂ ਹੀ ਸ਼ੌਰਟ ਸਨ?
ਜਵਾਬ: ਬਾਕੀਆਂ ਨੇ ਪੂਰੇ ਕਰ’ਤੇ ਬਈ ਚਲੋæææ।
ਸਵਾਲ: ਕਿਉਂਕਿ ਉਨ੍ਹਾਂ ਦੇ ਕੁਲੀਗ ਦੇ ਘਰੇ ਕੰਮ ਕਰਦਾ ਰਿਹਾ ਸੀ!
ਜਵਾਬ: ਪ੍ਰਿੰਸੀਪਲ ਉਮਰਾਓ ਸਿੰਘ ਸਨ ਉਦੋਂ। ਪ੍ਰੋæ ਸਾਹਿਬ ਕਹਿਣ ਕਿ ਲੈਕਚਰ ਸ਼ੌਰਟ ਐ। ਉਹ ਕਹਿੰਦੇ, ਲਿਆਉ ਰਜਿਸਟਰ ਦਿਖਾਉ ਮੈਨੂੰæææਰਜਿਸਟਰ ਹੀ ਗਾਇਬ ਕਰ’ਤਾ।
ਸਵਾਲ: ਅੱਛਾ! ਰਜਿਸਟਰ ਹੀ ਗਾਇਬ ਕਰ’ਤਾ। ਮੈਂ ਸਮਝਿਆ ਕਿਤੇ ਪੂਰੇ ਕਰ ਲਏ ਸੀ ਲੈਕਚਰ ਆਪੇ।
ਜਵਾਬ: ਜੇ ਪੂਰੇ ਕਰਦੇ, ਫਿਰ ਤਾਂ ਉਨ੍ਹਾਂ ਨੂੰ ਪਤਾ ਲੱਗ ਜਾਂਦਾ! ਕਹਿਣ ਲੱਗੇ, ਇਥੇ ਹੀ ਰਜਿਸਟਰ ਸੀ, ਕੀਹਨੇ ਕੱਢਿਆ? ਅਸੀਂ ਕਿਹਾ, ਜੀ ਸਾਨੂੰ ਕੀ ਪਤੈ, ਅਸੀਂ ਤਾਂ ਘਰਾਂ ਨੂੰ ਚਲੇ ਜਾਨੇਂ ਆਂ। ਚਲੋ ਜੀ, ਪ੍ਰਿੰਸੀਪਲ ਕਹਿਣ ਲੱਗਾ, ਜੇ ਹੈਨੀ ਰਿਕਾਰਡ, ਤਾਂ ਭੇਜ ਦਿਉ ਫੀਸ ਇਹਦੀ। ਉਧਰ, ਇਹਨੇ ਪਹਿਲਾਂ ਹੀ ਪੋਸਟ ਕਾਰਡ ਲਿਖਿਆ ਕਿ ਮੇਰੇ ਲੈਕਚਰ ਸ਼ੌਰਟ ਹਨ, ਮੈਂ ਇਮਤਿਹਾਨ ‘ਚ ਤਾਂ ਬੈਠ ਨਹੀਂ ਸਕਦਾ, ਇਸ ਕਰ ਕੇ ਪਿੰਡ ਜਾਨਾਂæææਤੇ ਪਿੰਡ ਚਲਾ ਗਿਆ।
ਸਵਾਲ: ਤੁਸੀਂ ਪਿਛੋਂ ਹੀ ਸਾਰਾ ਕੰਮ ਕਰਾ’ਤਾ।
ਜਵਾਬ: ਹੋਰ! ਪਿਛੋਂ ਹੀ ਸਾਰਾ ਕੰਮ ਕਰ ਕੇ, ਫੀਸ ਭਰ ਕੇ ਚਿੱਠੀ ਪਾ’ਤੀ, ਬਈ ਆ ਜਾ, ਤੇ ਆ ਕੇ ਇਮਤਿਹਾਨ ‘ਚ ਬਹਿ ਜਾ। ਫਿਰ ਇਹਨੇ ਇਮਤਿਹਾਨ ਦਿੱਤਾ ਤੇ ਅੱਵਲ ਰਿਹਾ। ਇਸ ਤੋਂ ਬਾਅਦ ਮੈਨੂੰ ਭਰੋਸਾ ਹੋ ਗਿਆ ਕਿ ਇਹ ਜ਼ਿੰਦਗੀ ‘ਚ ਕਦੇ ਮਾਰ ਨਹੀਂ ਖਾਂਦਾ। ਫਿਰ ਇਹ ਬਾਹਰ ਚਲਾ ਗਿਆ, ਪਰ ਸੰਪਰਕ ਰਿਹਾ। ਮੈਨੂੰ ਇਨ੍ਹਾਂ ‘ਤੇ ਮਾਣ ਐ। ਇਕ ਵਾਰ ਮੇਰਾ ਬੇਟਾ ਕਹਿਣ ਲੱਗਾ, ਮਾਂ, ਮੈਂ ‘ਕੱਲਾ ਆਂ, ਨਾ ਕੋਈ ਭੈਣ ਐ ਤੇ ਨਾ ਭਾਈ। ਮੈਂ ਕਿਹਾ, ਮੈਨੂੰ ਆਵਦੇ ਵਿਦਿਆਰਥੀਆਂ ‘ਤੇ ਬੜਾ ਮਾਣ ਐ, ਜਿਥੇ-ਜਿਥੇ ਵੀ ਬੈਠੇ ਨੇ, ਤੂੰ ਇਕ ਵਾਰ ਹਾਕ ਮਾਰ ਕੇ ਵੇਖ ਲੀਂ, ਇੰਨੀ ਛੇਤੀ ਕੋਈ ਭੈਣ-ਭਾਈ ਨੀ ਪਹੁੰਚਦਾ, ਜਿੰਨੀ ਛੇਤੀ ਉਹ ਪਹੁੰਚਣਗੇ।
ਸਵਾਲ: ਸਾਰੇ ਭੂਤ ਹੀ ਤੁਹਾਡੇ ਨੇੜੇ ਸਨ?
ਜਵਾਬ: ਇਹ ਸਾਰਾ ਗਰੁੱਪ ਹੀ ਸੀ ਤੇ ਸਾਰੇ ਮੈਨੂੰ ਆਵਦੇ ਹੀ ਲੱਗਦੇ ਸੀਗੇ। ਮੇਰੇ ਘਰਦੇ ਕਈ ਵਾਰ ਗਿਲਾ ਵੀ ਕਰਦੇ, ਇਹਨੂੰ ਆਪਣੇ ਬਿਗਾਨਿਆਂ ‘ਚ ਫਰਕ ਹੀ ਪਤਾ ਨਹੀਂ ਲੱਗਦਾ। ਇਕ ਵਾਰ ਦੀ ਗੱਲ ਦਸਦੀ ਆਂ, ਅੱਜ ਦੇ ਵਿਦਿਆਰਥੀ ਤਾਂ ਕਲਪਨਾ ਵੀ ਨਹੀਂ ਕਰ ਸਕਦੇ। ਮੇਰੀ ਚੱਪਲ ਟੁੱਟ’ਗੀ। ਮੈਂ ਕਿਹਾ, ਆਹੀ ਚੱਪਲ ਮੈਨੂੰ ਚੰਗੀ ਲਗਦੀ ਸੀ ਤੇ ਆਹੀ ਟੁੱਟ’ਗੀ। ਨਵਤੇਜ ਕਹਿਣ ਲੱਗਾ, ਮੈਂ ਗਠਾ ਲਿਆਉਨੈਂæææਭੱਜ ਕੇ। ਦੂਸਰਾ ਕਹਿੰਦਾ, ਬੇਜੀ, ਚੱਲੇ ਤਾਂ ਹਾਂ, ਹੋਰ ਵੀ ਜੇ ਕੋਈ ਟੁੱਟੀ ਭੱਜੀ ਚੀਜ਼ ਹੈਗੀ, ਉਹ ਵੀ ਕੱਢ ਦਿਉæææਇਸ ਤਰ੍ਹਾਂ ਦੇ ਸਨ ਇਹ।
ਸਵਾਲ: ਘਰ ਦੇ ਮੈਂਬਰਾਂ ਵਾਂਗੂੰ?
ਜਵਾਬ: ਹਾਂ। ਬੱਸ ਕਦੇ ਇਨ੍ਹਾਂ ਕਹਿਣਾ, ਦੀਦੀ, ਅੰਬਾਲੇ ਫਿਲਮ ਲੱਗੀ ਐ ਰੇਅ ਦੀæææਇੱਕ ਭੂਤ ਨੂੰ ਅਸੀਂ ਪਹਿਲਾਂ ਭੇਜ’ਤਾ, ਬਈ ਲਾਈਨ ‘ਚ ਵਾਰੀ ਲੈ ਲਾ, ਤੇ ਅਸੀਂ ਦੀਦੀ ਤੋਂ ਟਿਕਟਾਂ ਲਈ ਪੈਸੇ ਲੈ ਕੇ ਆਏ। ਮੈਂ ਕਹਿਣਾ, ਚੰਗਾ! ਲੈ ਲੋ, ਪਰ ਪੈਸੇ ਤੁਹਾਨੂੰ ਮੂਹਰਲੀਆਂ ਕਤਾਰਾਂ ਵਿਚ ਬੈਠਣ ਲਈ ਹੀ ਦਿਊਂਗੀ। ਇੰਜ ਹੀ ਇਨ੍ਹਾਂ ਨੂੰ ਕਿਤੇ ਨਵੀਂ ਕਿਤਾਬ ਨਜ਼ਰ ਪੈ ਜਾਣੀ। ਇਨ੍ਹਾਂ ਪੈਸੇ ਪੂਸੇ ਲੈ ਕੇ ਕਿਤਾਬ ਖਰੀਦ ਲੈਣੀ, ਫਿਰ ਭੂਤਵਾੜੇ ‘ਚ ਬੈਠ ਕੇ ਪੜ੍ਹਨੀ। ਬਾਅਦ ‘ਚ ਮੈਨੂੰ ਦੇ ਜਾਂਦੇ, ਕਹਿੰਦੇ, ਦੀਦੀ! ਤੁਸੀਂ ਵੀ ਪੜ੍ਹ ਲੋ, ਬਹੁਤ ਅੱਛੀ ਐ। ਮੈਨੂੰ ਉਰਦੂ ਨਹੀਂ ਸੀ ਆਉਂਦੀ। ਕੁਰਤੁਲ ਐਨ ਹੈਦਰ ਦਾ ਨਾਵਲ ‘ਆਗ ਕਾ ਦਰਿਆ’ ਮੇਰੇ ਘਰ ਬੈਠ ਕੇ ਸਭਾ ਲਾ ਕੇ ਪੜ੍ਹਿਆ ਗਿਆ ਸੀ।
ਸਵਾਲ: ਤੁਸੀਂ ਕਿਹੈ ਕਿ ਕੋਈ ਟਾਂਵਾਂ-ਟਾਂਵਾਂ ਭੂਤ ਆਪਣੇ ਵੇਲਿਆਂ ‘ਚ ਖਲੋ ਗਿਆ ਪ੍ਰਤੀਤ ਹੁੰਦੈæææਇਹ ਟਾਂਵਾਂ-ਟਾਂਵਾਂ ਭੂਤ ਕਿਹੜਾ ਹੈ?
ਜਵਾਬ: ਜਿਵੇਂ (ਸਵਰਗੀ) ਗੁਰਭਗਤ। ਉਹ ਅਜੇ ਵੀ ਓਨਾ ਈ ਪੜ੍ਹਦੈ, ਓਨਾ ਹੀ ਸੋਚਦੈ, ਉਹੀ ਸੁਭਾਅ ਐ। ਜਾਂ ਫਿਰ ਜਿਵੇਂ ਹਰਬੰਸ ਬਰਾੜ ਸੀ, ਉਹਦੀ ਮੌਤ ਹੋਗੀ, ਉਹ ਤਾਂ ਫਿਰ ਗਾਹਾਂ ਤੁਰਿਆ ਈ ਨਹੀਂ, ਉਥੇ ਈ ਰਹਿ ਗਿਆ। ਇਨ੍ਹਾਂ ਸਾਰਿਆਂ ਦੀਆਂ ਆਪੋ-ਆਪਣੀਆਂ ਕਹਾਣੀਆਂ। ਗੁਰਭਗਤ ਨੂੰ ਨੌਕਰੀ ਮਿਲ’ਗੀ, ਜਦੋਂ ਕਿਸੇ ਨੇ ਇੰਟਰਵਿਊ ‘ਤੇ ਜਾਣਾ ਹੁੰਦਾ, ਕਿਸੇ ਦੀ ਪੱਗ, ਕਿਸੇ ਦਾ ਕੋਟ ਤੇ ਕਿਸੇ ਦੀ ਟਾਈ, ਕਿਸੇ ਦੇ ਬੂਟæææਤੇ ਕਿਰਾਇਆ ਗੁਰਭਗਤ ਤੋਂ ਲੈ ਕੇæææ। ਇਕ ਦਿਨ ਕਿਸੇ ਨੂੰ 50 ਰੁਪਏ ਦਾ ਇਨਾਮ ਮਿਲਿਆ; ਕਹਿੰਦੇ, ਅੱਜ ਐਸ਼ ਕਰਨੀ ਐ। ਪ੍ਰਸ਼ਾਦ ਬਣਾਇਆ। ਹਰਬੰਸ ਬੜਾ ਕਮਜ਼ੋਰ ਜਿਹਾ ਸੀ ਤੇ ਲੁਕੋ ਕੇ ਵਿਟਾਮਿਨ ਦੀਆਂ ਗੋਲੀਆਂ ਰੱਖਦਾ ਹੁੰਦਾ ਸੀ, ਉਹ ਗੋਲੀਆਂ ਵੀ ਵਿਚੇ ਪਾ ਲਈਆਂ। ਫਿਰ ਕਹਿੰਦੇ, ਅੱਜ ਆਪਾਂ ਸੇਬਾਂ ਦੀ ਸਬਜ਼ੀ ਬਣਾਵਾਂਗੇ। ਹਰਬੰਸ ਆਪਣੇ ਕੱਪੜਿਆਂ ਦੀਆਂ ਤਹਿਆਂ ‘ਚ ਪੈਸੇ ਲੁਕੋ ਕੇ ਰੱਖਦਾ ਹੁੰਦਾ ਸੀ, ਇਕ ਦਿਨ ਉਹ ਵੀ ਕੱਢ ਕੇ ਖਰਚ’ਗੇ। ਜਦੋਂ ਉਹਨੇ ਰੌਲਾ ਪਾਇਆ, ਸਾਰੇ ਕਹਿਣ ਲੱਗੇ, ਤੂੰ ਤਾਂ ਕਹਿੰਦਾ ਸੀ, ਹੈਨੀ ਪੈਸੇ ਮੇਰੇ ਕੋਲ, ਹੁਣ ਕਿਥੋਂ ਆ’ਗੇ?
ਸਵਾਲ: ਤੁਹਾਡਾ ਵਿਚਾਰ ਐ, ਸਾਹਿਤ ਦਾ ਆਧਾਰ ਵਿਚਾਰਧਾਰਾ ਨਹੀਂ ਹੋਣੀ ਚਾਹੀਦੀ, ਸਗੋਂ ਜ਼ਿੰਦਗੀ ਦੇ ਮੂਲ ਤੱਤ ਹੋਣੇ ਚਾਹੀਦੇ ਐ, ਜ਼ਿੰਦਗੀ ਦਾ ਸੱਚ ਹੋਣਾ ਚਾਹੀਦਾ ਹੈ?
ਜਵਾਬ: ਸਿਰਫ਼ ਵਿਚਾਰਧਾਰਾ ਭਾਰੂ ਨਹੀਂ ਹੋਣੀ ਚਾਹੀਦੀ। ਵਿਚਾਰਧਾਰਾ ਕਿਸੇ ਵਕਤ ਦੀ ਹੁੰਦੀ ਐ, ਵਕਤ ਲੰਘਣ ਮਗਰੋਂ ਪਿਛਾਂਹ ਰਹਿ ਜਾਂਦੀ ਹੈ। ਮੂਲ ਤੱਤ ਉਹੀ ਰਹਿੰਦੇ ਨੇ; ਇਸ ਕਰ ਕੇ ਉਹ ਜ਼ਿਆਦਾ ਮਹੱਤਵਪੂਰਨ ਐ। ਬੰਦੇ ਨੂੰ ਅੱਗੇ ਵਧਣਾ ਚਾਹੀਦੈ। ਕਈ ਉਥੇ ਹੀ ਖਲੋ ਜਾਂਦੇ ਐ। ਵਰ੍ਹਿਆਂ ‘ਚ ਲੰਘੀ ਜਾਂਦੈ ਐ, ਪਰ ਮਾਨਸਿਕ ਪੱਖੋਂ ਉਥੇ ਹੀ ਖੜ੍ਹ ਜਾਂਦੇ ਐ। ਕਈਆਂ ਦੇ ਵੱਸ ਵੀ ਨਹੀਂ ਹੁੰਦਾ। ਹੁਣ ਮੈਂ ਅੰਮ੍ਰਿਤਾ ਦੀ ਪ੍ਰਸੰਸਕ ਆਂ; ਇਸ ਕਰ ਕੇ ਕਿ ਉਹਨੇ ਕੰਮ ਬਹੁਤ ਕੀਤਾ; ਦੂਜੇ ਪਾਸੇ ਮੈਂ ਇਹ ਵੀ ਕਹਿਨੀ ਆਂ ਕਿ ਚਲੋ ਉਹਨੇ ਬਗਾਵਤ ਦੀ ਗੱਲ ਵੀ ਕੀਤੀ ਕਿ ਔਰਤ ਨੂੰ ਬਗਾਵਤ ਕਰਨੀ ਚਾਹੀਦੀ ਹੈ, ਪਰ 60 ਸਾਲ ਦੀ ਉਮਰ ‘ਚ ਜਾ ਕੇ ਉਹ ਹਸਤ ਰੇਖਾ, ਤਾਰਿਆਂ ਦੇ ਗ੍ਰਹਿæææਇਨ੍ਹਾਂ ਕੰਮਾਂ ‘ਚ ਪੈਗੀ। ਜੇ ਤੁਹਾਡੀ ਤਕਦੀਰ ਪਹਿਲਾਂ ਹੀ ਤੈਅ ਹੈ, ਪਹਿਲਾਂ ਹੀ ਲਿਖੀ ਹੋਈ ਐ, ਤੁਹਾਡੇ ਗ੍ਰਹਿਆਂ ‘ਚ ਪਹਿਲਾਂ ਈ ਐ, ਫਿਰ ਤੁਸੀਂ ਕਾਹਦੀ ਬਗਾਵਤ ਕੀਤੀ?
ਸਵਾਲ: ਪ੍ਰੋæ ਪ੍ਰੀਤਮ ਸਿੰਘ ਬਾਰੇ ਦੱਸੋ?
ਜਵਾਬ: ਭੂਤਵਾੜੇ ਦੇ ਸਾਹਮਣੇ ਪ੍ਰੋæ ਪ੍ਰੀਤਮ ਸਿੰਘ ਰਹਿੰਦੇ ਸੀਗੇ। ਉਹ ਹਰ ਸਵਾਲ ਦਾ ਜਵਾਬ ਸੀਗੇ; ਨਾ ਘਬਰਾਂਦੇ, ਨਾ ਮੂੰਹ ਰੱਖਣ ਦੀਆਂ ਗੱਲਾਂ ਕਰਦੇ, ਸੱਚੀ ਗੱਲ ਕਹਿ ਦੇਣੀ। ਉਨ੍ਹਾਂ ਦੀ ਛਤਰ-ਛਾਇਆ ਮਿਲਣੀ ਵੱਡੀ ਗੱਲ ਸੀ। ਨਵਤੇਜ ਉਨ੍ਹਾਂ ਨਾਲ ਇਸੇ ਕਰ ਕੇ ਜੁੜਿਆ ਹੋਇਆ ਸੀ, ਤੇ ਕਹਿੰਦਾ ਸੀ ਕਿ ਉਨ੍ਹਾਂ ਦੇ ਘਰ ਨੂੰ ਜੰਦਰਾ ਲੱਗਾ ਦੇਖ ਕੇ ਬੜੇ ਹੌਲ ਪਏ। ਉਨ੍ਹਾਂ ‘ਤੇ ਮੈਂ ਲੇਖ ਲਿਖਿਆ ਸੀ, ‘ਮਹਾਂ ਭੂਤ’। ਇਹ ਮੇਰੀ ਕਿਤਾਬ ‘ਜਿਉਣ ਜੋਗੇ’ ਵਿਚ ਛਪਿਐ। ਉਹ ਇਨ੍ਹਾਂ ਭੂਤਾਂ ਦੇ ਵੀ ‘ਗਾਹਾਂ ਸਿਰਜਕ ਸੀ; ਸਾਰਾ ਟਾਈਮ ਪੜ੍ਹਨਾ-ਲਿਖਣਾ ਤੇ ਵਿਦਵਤਾ ਦੀਆਂ ਗੱਲਾਂ ਕਰਨੀਆਂ।
ਸਵਾਲ: ਤੁਹਾਡੇ ਖਿਆਲ ਵਿਚ ਮਿੱਥ ਤੇ ਯਥਾਰਥ ਦਾ ਕੀ ਰਿਸ਼ਤੈ?
ਜਵਾਬ: ਸਿੰਬਲ ਦਾ ਈ ਐ। ਯਥਾਰਥ ਨੂੰ ਸਿੰਬੌਲੀਕਲੀ ਪੇਸ਼ ਕਰੋ, ਤਾਂ ਉਹ ਮਿੱਥਕ ਬਣ ਜਾਂਦੈ।
ਸਵਾਲ: ਜਦੋਂ ਕਵੀ ਕਵਿਤਾ ‘ਚ ਮਿੱਥ ਵਰਤਦੈ, ਤਾਂ ਮਿੱਥ ਦੀ ਆਵਦੇ ਸ਼ਬਦਾਂ ‘ਚ ਵਿਆਖਿਆ ਮਹਤਵਪੂਰਨ ਐ ਜਾਂ ਉਸ ਦਾ ਰੂਪਾਂਤਰਣ?
ਜਵਾਬ: ਇਹ ਤਾਂ ਕਵੀ ਦੀ ਸਮਰਥਾ ‘ਤੇ ਨਿਰਭਰ ਕਰਦੈ ਕਿ ਮਿੱਥ ਨੂੰ ਉਵੇਂ ਵਰਤਦੈ ਕਿ ਰੂਪਾਂਤਰਣ ਕਰਦੈ।
ਸਵਾਲ: ਵੱਡਾ ਕੀ ਹੋਇਆæææਵਿਆਖਿਆ ਕਿ ਰੂਪਾਂਤਰਣ?
ਜਵਾਬ: ਰੂਪਾਂਤਰਣ ਥੋੜ੍ਹਾ ਮੁਸ਼ਕਿਲ ਐ, ਇਸ ਲਈ ਉਹੀ ਵੱਡੈ।
ਸਵਾਲ: ਕਈ ਵਾਰੀ ਮਿੱਥਾਂ ਨੂੰ ਅਸਲੀਅਤ ਸਮਝ ਕੇ, ਔਰਤਾਂ ਨਾਲ ਵਿਤਕਰਾ ਕੀਤਾ ਜਾਂਦੈ, ਜਿਵੇਂ ਕਿਹਾ ਜਾਂਦੈ ਕਿ ਆਹ ਤੇਰੇ ਲਈ ਲਛਮਣ ਰੇਖਾ ਖਿੱਚ’ਤੀ, ਤੂੰ ਪਾਰ ਨਹੀਂ ਕਰਨੀ, ਤੁਹਾਡਾ ਕੀ ਵਿਚਾਰ ਐ?
ਜਵਾਬ: ਉਪਨਿਸ਼ਦ ‘ਚ ਇਕ ਕਥਾ ਐ, ਬੱਚਾ (ਸਤਿਆ ਕਾਂਤ) ਗੁਰੂ ਕੋਲ ਗਿਆ ਤੇ ਕਹਿੰਦਾ, ਮੈਨੂੰ ਸਿੱਖਿਆ ਦਿਓ। ਗੁਰੂ ਕਹਿੰਦੇ, ਬਈ ਤੇਰਾ ਗੋਤਰ ਕੀ ਐ? ਬੱਚਾ ਕਹਿੰਦਾ, ਮੇਰੀ ਮਾਂ ਕਈ ਘਰਾਂ ‘ਚ ਕੰਮ ਕਰਦੀ ਐ, ਉਹਨੂੰ ਨਹੀਂ ਪਤਾ, ਬਈ ਮੇਰਾ ਬਾਪ ਕੌਣ ਐ? ਰਿਸ਼ੀ ਉਹਨੂੰ ਕਹਿੰਦਾ, ਤੇਰੇ ‘ਚ ਸੱਚ ਬੋਲਣ ਦੀ ਜੋ ਸਮਰੱਥਾ ਐ, ਇਹਦਾ ਮਤਲਬ ਐ, ਤੂੰ ਬ੍ਰਾਹਮਣ ਦਾ ਪੁੱਤਰ ਈ ਐਂ। ਹੁਣ ਇਥੇ ਮੁੱਕ ਗਈ ਇਹ ਕਥਾ। ਬ੍ਰਾਹਮਣ ਬ੍ਰਹਮ ਤੱਕ ਪਹੁੰਚੀ ਹੋਈ ਜਾਤੀ ਸੀਗੀ, ਬਈ ਉਹ ਸੱਚ ਬੋਲਦਾ ਸੀ। ਇਹਦੇ ਨਾਲ ਜਿਹੜੀ ਗੱਲ ਛੱਡ ਗਿਆ ਲੇਖਕ ਪਾਠਕਾਂ ‘ਤੇ, ਉਹ ਸੀ, ਬਈ ਬ੍ਰਾਹਮਣ ਵੀ ਗਿਰਦੇ ਸੀ, ਇਸ ਕਰ ਕੇ ਉਹਦੇ ਬਾਪ ਦਾ ਨਾਉਂ ਨਹੀਂ ਪਤਾ, ਇਸ ਕਰ ਕੇ ਮਿੱਥ ਨੂੰ ਸਾਨੂੰ ਤਿਰਛੀ ਨਜ਼ਰ ਨਾਲ ਦੇਖਣਾ ਚਾਹੀਦੈ।
ਸਵਾਲ: ਪਰਵਾਸ ਬਾਰੇ ਕੀ ਸੋਚਦੇ ਓ?
ਜਵਾਬ: ਇਸ ਬਾਰੇ ਤਾਂ ਗੁਰਬਾਣੀ ਕਹਿੰਦੀ ਹੈ, “ਮਨ ਪਰਦੇਸੀ ਜੇ ਥੀਆ ਸਭ ਦੇਸ ਪਰਾਇਆ।” ਇਥੇ ਬੈਠੇ ਵੀ ਤੁਸੀਂ ਪਰਦੇਸੀ ਹੋ ਸਕਦੇ ਓ।
ਸਵਾਲ: ਹੁਣ ਸਾਹਿਤਕਾਰ ਸਾਹਿਤ ਵੱਲ ਘੱਟ ਤੇ ਇਹਦੀ ਸਿਆਸਤ ਵੱਲ ਵੱਧ ਰੁਚਿਤ ਨੇ।
ਜਵਾਬ: ਮੈਂ ਇਕ ਬੰਦੇ ਨੂੰ ਇਹ ਟੌਪਿਕ ਦਿੱਤਾ ਸੀ ਕਿ ਲੇਖਕਾਂ ਨਾਲ ਇੰਟਰਵਿਊ ਕਰਕੇ ਇਹ ਲਿਖ, ਕਿ ਤੁਸੀਂ ਸਾਹਿਤ ਕਿਉਂ ਲਿਖਦੇ ਓ? ਕਿਉਂਕਿ ਲਿਖਣ ਵਾਲਿਆਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਲਿਖਦੇ ਕਿਉਂ ਨੇ? ਕਿਸੇ ਨੇ ਕਿਹਾ ਹੈ, ਪੰਜਾਬੀ ਦੇ ਲੇਖਕ ਲਿਖਦੇ ਬਹੁਤ ਜ਼ਿਆਦਾ ਨੇ, ਪੜ੍ਹਦੇ ਬਹੁਤ ਘੱਟ, ਤੇ ਸੋਚਦੇ ਬਿਲਕੁਲ ਹੀ ਨਹੀਂ। ਪਤਾ ਹੀ ਨਹੀਂ, ਬਈ ਲਿਖਦੇ ਕਿਉਂ ਨੇ! ਫਿਰ ਇਹੀ ਰਹਿ ਜਾਂਦੈ ਕਿ ਆਪੇ ਕਿਤਾਬ ਲਿਖ ਕੇ ਆਪੇ ਭੂਮਿਕਾ ਲਿਖਾ ਲਈ ਆਪਣੇ ਕਿਸੇ ਦੋਸਤ ਮਿੱਤਰ ਤੋਂ, ਆਪੇ ਹੀ ਰਿਲੀਜ਼ ਕਰਵਾ ਲਈ, ਫਿਰ ਇਨਾਮਾਂ ਮਗਰ ਭੱਜ ਲਏ, ਫਿਰ ਉਹਦੇ ‘ਤੇ ਕੋਈ ਤਰੱਕੀ ਮਿਲਦੀ ਹੋਈ, ਉਹ ਲੈ ਲਈ, ਜਾਂ ਦੋਸਤਾਂ ਮਿੱਤਰਾਂ ‘ਚ ਆਪਣੇ ਆਪ ਨੂੰ ਵੱਡਾ ਸਮਝਣ ਲੱਗ ਪਏ।
ਸਵਾਲ: ਤੁਹਾਨੂੰ ਨਹੀਂ ਲਗਦਾ ਕਿ ਇਹ ਖਾਸ ਤਰ੍ਹਾਂ ਦੇ ਪੰਜਾਬੀ ਲੇਖਕ, ਜਿਹੜੇ ਲਿਖਦੇ ਬਹੁਤ ਜ਼ਿਆਦਾ ਤੇ ਪੜ੍ਹਦੇ ਬਹੁਤ ਘੱਟ ਐ, ਉਹ ਉਪਰਲੀ ਪਰਤ ਬਣਾ ਲੈਂਦੇ ਐ, ਗੈਲਰੀ ਟਾਈਪ। ਇਹਦੇ ਨਾਲ ਅੱਛਾ ਲੇਖਕ ਕਿਤੇ ਦਬ ਜਾਂਦੈ ਹੈ, ਤੇ ਕਈ ਵਾਰ ਲਿਖਣਾ ਵੀ ਛਡ ਦਿੰਦੈ। ਅਸੀਂ ਕੁਝ ਇੰਟਰਵਿਊ ਕੀਤੀਆਂ, ਅਜਿਹੇ ਸ਼ਖਸ ਵੀ ਮਿਲੇ ਜੋ ਬੁਨਿਆਦੀ ਤੌਰ ‘ਤੇ ਠੀਕ ਹਨ, ਪਰ ਹੁਣ ਉਨ੍ਹਾਂ ਨੇ ਕਲਮ ਨਾਲੋਂ ਨਾਤਾ ਬਿਲਕੁਲ ਤੋੜ ਲਿਐ, ਇਸੇ ਪਰਤ ਕਰ ਕੇ। ਤੁਸੀਂ ਨਹੀਂ ਸਮਝਦੇ ਕਿ ਇਹ ਸਭ ਟੁੱਟਣਾ ਚਾਹੀਦੈ?
ਜਵਾਬ: ਮੈਂ ਕਹਿਨੀ ਆਂ, ਸਾਹਿਤ ਦਾ ਮੁੱਲ 100 ਸਾਲ ਬਾਅਦ ਪੈਂਦੈ। ਜਿਸ ਨੇ ਇਜਾਰੇਦਾਰੀ ਬਣਾ ਲਈ ਐ, ਉਹ ਆਪੇ ਈ ਸਮੇਂ ਨਾਲ ਝੜ ਜਾਣੈਂ, ਤੁਹਾਡੀ ਲਗਨ ਨਹੀਂ ਟੁੱਟਣੀ ਚਾਹੀਦੀ। ਤੁਸੀਂ ਉਨ੍ਹਾਂ ਲਈ ਥੋੜ੍ਹੋ ਲਿਖ ਰਹੇ ਓ!
ਸਵਾਲ: ਅਸੀਂ ਪ੍ਰੇਮ ਪਾਲੀ ਦੀ ਇੰਟਰਵਿਊ ਕੀਤੀ। ਉਹ ਕਹਿਣ ਲੱਗੇ, ਮੈਂ ਨਹੀਂ ਅੱਜ ਕੱਲ੍ਹ ਲਿਖਦਾ। ਅਸੀਂ ਕਿਹਾ ਕਿ ਤੁਸੀਂ ਲਿਖੋ, ਤੁਹਾਡੇ ਲੇਖ ਅੱਛੇ ਹੁੰਦੇ। ਉਹ ਵੀ ਭੂਤਵਾੜੇ ‘ਚ ਹੀ ਸੀਗੇ। ਇਹ ਤਾਂ ਸਾਡੀ ਜਾਣਕਾਰੀ ਵਿਚ ਆ ਗਏ, ਅਜਿਹੇ ਵੀ ਹੋਣਗੇ ਜੋ ਧਿਆਨ ਵਿਚ ਨਾ ਆਏ ਹੋਣ।
ਜਵਾਬ: ਦੇਖੋ, ਕਿੰਨੇ ਵੀ ਵੱਡੇ ਹੋਣ, ਕੁਝ ਕਰ ਲੈਣ, ਵਕਤ ਸਭ ਕਾਸੇ ‘ਤੇ ਹੂੰਝਾ ਫੇਰ ਦਿੰਦੈ। ਸੋ ਜਿਹੜੇ ਸਾਨੂੰ ਲਗਦੈ ਕਿ ਅੱਜ ਛਾਏ ਹੋਏ ਐ, ਉਹ ਉਨ੍ਹਾਂ ਦੇ ਕਰਮ ਨੇ। ਮੈਂ ਲਿਖਿਆ ਸੀ, ‘ਸਤਿਯੁਗ ਤੇ ਕਲਯੁਗ ਕਾਲ ਖੰਡਾਂ ਦੇ ਨਾਂ ਨਹੀਂ, ਮਨੋਸਥਿਤੀਆਂ ਦੇ ਨਾਂ ਨੇ’ ਕਿਉਂਕਿ ਰਾਮ ਚੰਦਰ ਵੇਲੇ ਵੀ ਰਾਵਣ ਹੋਇਆ ਤੇ ਕਲਯੁਗ ਵੇਲੇ ਵੀ ਗੁਰੂ ਨਾਨਕ ਹੋਇਐ। ਸੋ ਇਹ ਮਨੋਸਥਿਤੀਆਂ ਨੇ। ਕਲਯੁਗ ਵਿਚ ਵੀ ਸਤਿਯੁਗੀ ਬੰਦੇ ਹੋ ਸਕਦੇ ਨੇ ਤੇ ਸਤਿਯੁਗ ‘ਚ ਵੀ ਕਲਯੁਗੀ ਬੰਦੇ। ਇੰਜ ਜੋ ਵੀ ਸਾਡੇ ਲੇਖਕ ਹੈਗੇ, ਉਨ੍ਹਾਂ ਆਪਣੀ ਮਨੋਸਥਿਤੀ ਅਨੁਸਾਰ ਲਿਖਣੈਂ। ਡਾਰਵਿਨ ਆਖਦੈ, ਬੰਦਾ ਵਿਕਾਸ ਦੀ ਪੌੜੀ ਚੜ੍ਹਦਾ ਇਥੇ ਤੱਕ ਪਹੁੰਚਿਐ।
ਸਵਾਲ: ਆਪਣੇ ਕੋਲ ਤਾਂ ਮਿਸਾਲ ਵੀ ਹੈਗੀ ਐ, ਅਮਰੀਕਾ ਜਾਂ ਜਿਹੜੇ ਹੋਰ ਮੁਲਕ ਨੇ, ਉਹ ਸਾਥੋਂ 2-2 ਸੌ ਸਾਲ ਅੱਗੇ ਹਨ ਤੇ ਜਿਹੜੀਆਂ ਚੀਜ਼ਾਂ ਅਸੀਂ ਅੱਜ ਬੜੇ ਫ਼ਖ਼ਰ ਨਾਲ ਵਰਤ ਰਹੇ ਆਂ, ਉਹ ਚੀਜ਼ਾਂ ਉਹ ਵਰਤ ਕੇ ਸੁੱਟ ਚੁੱਕੇ ਐ।
ਜਵਾਬ: ਪਰ ਇਹਦੇ ‘ਚ ਇਕ ਫਰਕ ਐ, ਜਿਨ੍ਹਾਂ ਨੂੰ ਅਸੀਂ ਅੱਗੇ ਮੰਨਦੇ ਆਂ, ਉਨ੍ਹਾਂ ਦੇ ਸਭ ਹਾਸਲ ਦੇਹ ਲਈ ਨੇ। ਉਮਰ ਲੰਮੀ ਕਰਨ ਲਈ ਡਾਕਟਰੀ ਮਦਦ ਹੋਗੀ, ਵਧੀਆ ਹਸਪਤਾਲ ਹੋਗੇ, ਵਧੀਆ ਕਾਰਾਂ ਹੋਗੀਆਂ; ਇਹ ਸਰੀਰਕ ਸੁੱਖਾਂ ਦੀ ਗੱਲ ਐ। ਸਾਡੇ ਸ਼ੁਰੂ ਤੋਂ ਹੀ ਕਹਿੰਦੇ ਐ ਕਿ ਦੇਹ ਤਾਂ ਤੁਹਾਡੇ ਕਰਮਾਂ ਧਰਮਾਂ ਦਾ ਸਾਧਨ ਐ। ਆਪਣੇ ਆਪ ਵਿਚ ਕੋਈ ਅਖੀਰ ਨਹੀਂ, ਤੇ ਅਸੀਂ ਅੱਗੇ ਆਂ ਉਨ੍ਹਾਂ ਨਾਲੋਂ। ਉਹ ਕਹਿੰਦੇ ਐ, ਸਾਡਾ ਇਹ ਨੋਬੇਲ ਅਵਾਰਡ ਜੇਤੂ ਲੇਖਕ ਕਹਿੰਦੈ ਕਿ ਮੈਂ ਕੌਣ ਆਂ! ਮੈਂ ਕਿਹਾ, ਸਾਡਾ ਤਾਂ ਫਲਸਫਾ ਸ਼ੁਰੂ ਹੀ ਇਥੋਂ ਹੁੰਦੈ। ਉਹ ਪਦਾਰਥਕ ਪੱਖੋਂ ਅੱਗੇ ਸੀਗੇ, ਅਸੀਂ ਅਧਿਆਤਮਿਕ ਪੱਖ ਤੋਂ ਅੱਗੇ ਸੀ, ਪਰ ਹੁਣ ਅਸੀਂ ਕਿਸੇ ਪਾਸੇ ਵੀ ਅੱਗੇ ਨਹੀਂ ਰਹੇ।
ਸਵਾਲ: ਤੁਸੀਂ ਮਰਦ ਪ੍ਰਧਾਨ ਸਮਾਜ ਵਿਚ ਆਪਣੇ ਲਈ ਜਗ੍ਹਾ ਮੁਕੱਰਰ ਕਰ ਕੇ ਦੱਸ ਦਿੱਤਾ ਕਿ ਔਰਤ ਦਾ ਵੀ ਆਪਣਾ ਮੁਕਾਮ ਹੈ, ਪਿਛਲੀਆਂ ਸਭ ਦੁਸ਼ਵਾਰੀਆਂ, ਲੌਬੀਇੰਗ ਜਾਂ ਲੱਤਾਂ ਖਿੱਚਣ ਦੇ ਬਾਵਜੂਦ ਤੁਸੀਂ ਕਾਇਮ ਰਹੇ। ਤੁਹਾਡੇ ਕੋਲ ਜਿਹੜੇ ਪੜ੍ਹਨ ਵਾਲੇ ਬੱਚੇ ਆਉਂਦੇ ਐ, ਖਾਸ ਕਰ ਕੇ ਕੁੜੀਆਂ, ਕੀ ਤੁਸੀਂ ਆਵਦੇ ਵਰਗਾ ਜਜ਼ਬਾ ਉਨ੍ਹਾਂ ਅੰਦਰ ਭਰਨ ਦੇ ਸਮਰੱਥ ਹੋਏ ਓ? ਤੁਹਾਨੂੰ ਲਗਦੈ ਕਿ ਆਉਣ ਵਾਲੀ ਪੀੜ੍ਹੀ ਤੁਹਾਥੋਂ ਅੱਗੇ ਲੰਘੇਗੀ, ਖਾਸ ਕਰ ਕੇ ਕੁੜੀਆਂ।
ਜਵਾਬ: ਪਹਿਲੀ ਗੱਲ ਤਾਂ ਇਹ, ਕਿ ਮੈਂ ਆਵਦੇ-ਆਪ ਨੂੰ ਕੁਝ ਨਹੀਂ ਮੰਨਦੀ। ਮੈਨੂੰ ਇਹੀ ਲਗਦੈ ਕਿ ਮੈਂ ਆਮ ਜਿਹੀ ਔਰਤ ਹਾਂ, ਸਾਰੇ ਫਰਜ਼ ਨਿਭਾਉਨੀ ਆਂ। ਮੈਂ ਬੇਟਾ ਵੀ ਪਾਲਿਐ, ਘਰ ਵੀ ਚਲਾਇਐ, ਅੱਜ ਕਲ੍ਹ ਦੀਆਂ ਕੁੜੀਆਂ ਦੇ ਸਰੋਕਾਰ ਹੀ ਬਦਲ ਗਏ ਨੇ। ਜਿਨ੍ਹਾਂ ਕੁੜੀਆਂ ਨੂੰ ਮੈਂ ਪੜ੍ਹਾਉਂਦੀ ਸਾਂ, ਉਹ ਅੱਜ ਵੀ ਮੇਰੇ ਨਾਲ ਗੱਲਾਂ ਸਾਂਝੀਆਂ ਕਰਦੀਐਂ। ਮੈਂ ਕਹਿੰਦੀ ਹੁੰਦੀ ਸੀ ਕਿ ਕੋਈ ਲੜਕੀ ਜਾਂ ਔਰਤ ਤਿੰਨ ਫਿਕਰਿਆਂ ਦੀ ਮਾਰ ਐ: ਪਹਿਲਾ, ਤੂੰ ਬਹੁਤ ਸੋਹਣੀ ਐਂ, ਮੈਂ ਕਿਹਾ, ਇੰਨਾ ਕੁ ਕਹਿਣ ਨਾਲ ਤੁਹਾਡੀ ਚਾਲ ਕਿਉਂ ਵਿਗੜ ਜਾਂਦੀ ਐ? ਰੋਜ਼ ਸ਼ੀਸ਼ਾ ਨਹੀਂ ਵੇਖਦੀਆਂ? ਦੂਜਾ, ਬਈ ਤੂੰ ਬਹੁਤ ਸਿਆਣੀ ਐਂ! ਸਿਆਣੀ, ਬਈ ਥੋਡੇ ਨੰਬਰ ਹੀ ਦੱਸੀ ਜਾਂਦੇ ਨੇ ਕਿ ਕਿੰਨੀ ਕੁ ਸਿਆਣੀ ਐਂ! ਤੀਜਾ, ਅਗਲਾ ਕਹਿੰਦੈ, ਆਈ ਲਵ ਯੂ, ਤੇ ਤੁਸੀਂ ਉਸੇ ਵਿਚ ਈ ਬੌਂਦਲ ਜਾਂਦੀਆਂ ਓਂ। ਇਹ ਨਹੀਂ ਸੋਚਦੀਆਂ ਕਿ ਕਿਉਂ ਕਿਸ ਮਤਲਬ ਨਾਲ ਕਹਿੰਦੈ? ਫਿਰ ਕਹੂ, ਚਲੋ ਕੈਂਟੀਨ ‘ਚ ਚਾਹ ਪੀਣ ਚੱਲੀਏ; ਫਿਰ ਕਹੂ, ਚਲੋ ਸਿਨਮੇ ਚੱਲੀਏ। ਮੇਰੀਆਂ ਵਿਦਿਆਰਥਣਾਂ ਕਹਿੰਦੀਆਂ ਸੀ ਕਿ ਜਦੋਂ ਕੋਈ ਪਹਿਲਾ ਫਿਕਰਾ ਬੋਲਦੈ ਤਾਂ ਸਾਨੂੰ ਹਾਸਾ ਆ ਜਾਂਦੈ।
ਸਵਾਲ: ਜਿਨ੍ਹਾਂ ਨੇ ਕੱਲ੍ਹ ਨੂੰ ਅਧਿਆਪਕ ਬਣਨੈਂ, ਤੁਸੀਂ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦਾ ਕਿਹੜਾ ਰਾਜ਼ ਦੱਸਣਾ ਚਾਹੋਗੇ?
ਜਵਾਬ: ਮੇਰੀ ਸਫ਼ਲਤਾ ਦਾ ਰਾਜ਼ ਤਾਂ ਇਹ ਹੈ ਕਿ ਮੇਰੀ ਮਾਂ ਜਿਹੜੀ ਬਹੁਤ ਭਗਤੀ ਕਰਦੀ ਸੀ, ਬਹੁਤ ਪਾਠ ਕਰਦੀ ਸੀ, ਉਹਨੇ ਮੈਨੂੰ ਕੁਝ ਫਿਕਰੇ ਹੀ ਕਹੇ ਸਨ। ਬਹੁਤ ਘੱਟ ਬੋਲਦੀ ਸੀ। ਇਕ ਤਾਂ ਮੈਨੂੰ ਕਿਹਾ ਸੀ ਕਿ ਅਜਿਹੀ ਕੋਈ ਗੱਲ ਨਹੀਂ ਕਰਨੀ ਜੋ ਕਿਸੇ ਤੋਂ ਲੁਕਾਉਣੀ ਪਵੇ। ਤੁਸੀਂ ਚਾਹੇ ਇਹਨੂੰ ਸੰਸਕਾਰ ਸਮਝ ਲਉ, ਚਾਹੇ ਕੋਈ ਸੀਮਾ ਤੇ ਚਾਹੇ ਮਾਂ ਦੀ ਆਗਿਆ। ਇਕ ਕਿਹਾ ਸੀ ਕਿ ਰੱਬ ਤੇ ਮੌਤ ਨੂੰ ਕਦੇ ਨਹੀਂ ਭੁੱਲਣਾ। ਮੈਂ ਬਚਪਨ ਵਿਚ ਹੀ ਬਹੁਤ ਕੁਝ ਵੇਖਿਆ ਅਮੀਰੀ ਵੀ ਰੱਜ ਕੇ ਵੇਖੀ। ਸੋ ਮੈਨੂੰ ਕੋਈ ਵੀ ਚੀਜ਼ ਕੁਝ ਵੀ ਨਹੀਂ ਲੱਗਦੀ ਸੀ। ਅਸੀਂ ਸ਼ਹਿਰ ਰਹਿੰਦੇ ਸੀ, ਉਦੋਂ ਸਾਡੇ ਕੋਲ ਗੱਡੀ ਨਹੀਂ ਸੀ, ਮੈਂ ਬੱਸ ‘ਤੇ ਜਾਂਦੀ ਸਾਂ। ਕਿਸੇ ਕਾਲਜ ‘ਚ ਕੋਈ ਫੰਕਸ਼ਨ ਸੀ, ਬਹੁਤ ਸਾਰੇ ਪ੍ਰੋਫੈਸਰ ਤੇ ਵਿਦਿਆਰਥੀ ਵੀ ਇਸ ਵਿਚ ਜਾ ਰਹੇ ਸਨ। ਇਕ ਪ੍ਰੋਫੈਸਰ ਸੀ, ਕਾਫੀ ਦੂਰ ਬੈਠਾ ਮੈਨੂੰ ਕਹਿਣ ਲੱਗਾ, ‘ਟਿਵਾਣਾ ਤੁਸੀਂ ਫੰਕਸ਼ਨ ਦੇਖਣ ਜਾ ਰਹੇ ਓ?’ ਮੈਂ ਕਿਹਾ, ਨਹੀਂ। ਕਹਿਣ ਲੱਗਾ, ‘ਤੁਸੀਂ ਚਲੇ ਚਲੋ, ਰਿਕਸ਼ੇ ਦੇ ਪੈਸੇ ਮੈਂ ਦੇ ਦੂੰਗਾ।’ ਮੈਂ ਕਿਹਾ, ‘ਥੋਨੂੰ ਪਤੈ, ਮੇਰੇ ਕੈ ਨੰਬਰ ਦੀ ਜੁੱਤੀ ਆਉਂਦੀ ਐ? ਮੈਂ ਇਹ ਸਿਰਫ਼ ਪੈਰ ‘ਚ ਨਹੀਂ ਪਾਉਂਦੀ ਹੁੰਦੀ, ਸਿਰ ‘ਚ ਵੀ ਮਾਰ ਦਿੰਦੀ ਹੁੰਨੀ ਆਂ।’ ਸਾਰੀ ਬੱਸ ਹੀ ਹੱਸ ਪਈ। ਉਦੂੰ ਬਾਅਦ ਕਿਸੇ ਨੇ ਜੁਰਅਤ ਨਹੀਂ ਕੀਤੀ।
ਸਵਾਲ: ਆਪਣੇ ਬਾਰੇ ਕੁਝ ਹੋਰ ਕਹੋ?
ਜਵਾਬ: ਜਦੋਂ ਅਰਸਤੂ ਨੂੰ ਕਿਸੇ ਨੇ ਕਿਹਾ, ਤੇਰੇ ਤੇ ਲੋਕਾਂ ‘ਚ ਕੀ ਫਰਕ ਐ, ਤਾਂ ਕਹਿਣ ਲੱਗਾ, ਮੇਰੇ ਤੇ ਲੋਕਾਂ ‘ਚ ਇਹੀ ਫ਼ਰਕ ਐ ਕਿ ਮੈਨੂੰ ਪਤੈ ਕਿ ਮੈਨੂੰ ਕੁਝ ਨਹੀਂ ਆਉਂਦਾ; ਇਹ ਤਾਂ ਦੂਜਿਆਂ ਨੂੰ ਐ, ਬਈ ਮੈਨੂੰ ਬੜਾ ਕੁਝ ਆਉਂਦੈ।
ਸਵਾਲ: ਪੰਜਾਬੀ ‘ਚ ਵਧੀਆ ਲੇਖਕ ਵੀ ਹੈਗੇ ਐ, ਵਧੀਆ ਕਿਤਾਬਾਂ ਵੀ ਹੈਗੀਆਂ, ਤੁਹਾਡੇ ਵਰਗੀਆਂ ਸ਼ਖਸੀਅਤਾਂ ਵੀ ਹੈਗੀਆਂ, ਪਰ ਚੰਗੇ ਪਾਠਕ ਨਹੀਂ। ਕਿਤਾਬਾਂ ਪੜ੍ਹਨ ਦਾ ਰੁਝਾਨ ਘਟ ਰਿਹੈ। ਹੁਣ ਬੱਚੇ ਕਿਤਾਬਾਂ ਪੜ੍ਹਦੇ ਹੀ ਨਹੀਂ!
ਜਵਾਬ: ਇਹਦਾ ਦੋਸ਼ ਆਪਾਂ ਬੱਚਿਆਂ ਨੂੰ ਨਹੀਂ ਦੇ ਸਕਦੇ। ਜੇ ਘਰ ਵਿਚ ਕਿਤਾਬਾਂ ਹੋਣ, ਮਾਂ ਪੜ੍ਹ ਰਹੀ ਹੋਵੇ, ਬਾਪ ਪੜ੍ਹ ਰਿਹਾ ਹੋਵੇ, ਮੈਗਜ਼ੀਨ ਆਉਂਦੇ ਹੋਣ; ਬੱਚਾ ਕਦੇ ਨਾ ਕਦੇ ਤਾਂ ਪੜੂਗਾ ਹੀ। ਪ੍ਰੇਰਨ ਵਾਲੇ ਮਾਪੇ ਚਾਹੀਦੇ ਐ। ਸਾਡਾ ਇੱਕ ਵਿਦਿਆਰਥੀ ਸੀ, ਉਹਨੇ ਐਮæਏæ ਅੰਗਰੇਜ਼ੀ ‘ਚ ਦਾਖਲਾ ਲਿਆ, ਤੇ ਪੰਜ-ਸੱਤ ਦਿਨਾਂ ਬਾਅਦ ਭੱਜਿਆ-ਭੱਜਿਆ ਆਇਆ ਮੇਰੇ ਕੋਲ; ਕਹਿੰਦਾ, ਦੀਦੀ ਅੰਗਰੇਜ਼ੀ ਵਾਲੇ ਤਾਂ ਜਮਾਂ ਈ ਬੁੱਧੂ ਨੇ, ਜੋ ਕਿਤਾਬਾਂ ਤੁਸੀਂ ਸਾਨੂੰ ਪੜ੍ਹਾਤੀਆਂ, ਉਨ੍ਹਾਂ ਨੇ ਤਾਂ ਉਹ ਪੜ੍ਹੀਆਂ ਈ ਨੀ ਹੋਈਆਂ। ਮੈਂ ਇਕ ਕਿਤਾਬ ਸੰਪਾਦਤ ਕੀਤੀ ਹੋਈ ਐ, ‘ਬਾਬਾਣੀਆਂ ਕਹਾਣੀਆਂ’। ਕੋਰਸ ਵਿਚ ਲੱਗੀ ਹੋਈ ਸੀ। ਕਈ ਟੀਚਰਜ਼ ਦੀਆਂ ਚਿੱਠੀਆਂ ਆਈਆਂ ਕਿ ਇਸ ਦੀ ਭੂਮਿਕਾ ਹਟਾ ਦਿਉ ਕੋਰਸ ‘ਚੋਂ, ਔਖੀ ਐ। ਮੈਂ ਕਿਹਾ, ਹਟਾਣੀ ਐ ਤਾਂ ਸਾਰੀ ਕਿਤਾਬ ਈ ਹਟਾ ਦਿਉ, ਭੂਮਿਕਾ ਨਹੀਂ ਹਟਾਉਣੀ। ਮੈਂ ਕਿਹਾ, ਜੇ ਪੜ੍ਹੀ ਹੋਊ ਤਾਂ ਹੀ ਤਾਂ ਤੁਹਾਨੂੰ ਰੈਫਰੈਂਸ ਦਾ ਪਤਾ ਹੋਊ ਕਿ ਇਹ ਕੌਣ ਐ, ਇਹ ਕੌਣ ਐ। ਜਦੋਂ ਟੀਚਰ ਆਪ ਈ ਪੜ੍ਹ ਕੇ ਰਾਜ਼ੀ ਨਹੀਂ, ਉਨ੍ਹਾਂ ਨੇ ਬੱਚਿਆਂ ਨੂੰ ਕੀ ਪ੍ਰੇਰਨਾ ਹੋਇਆ?
-ਅਸਲ ਵਿਚ ਅੱਜ ਕਲ੍ਹ ਬਹੁਤੇ ਲੋਕ ਉਹ ਅਧਿਆਪਕ ਲੱਗੇ ਹੋਏ ਹਨ ਜਿਹੜੇ ਸ਼ੌਕ ਨਾਲ ਅਧਿਆਪਕ ਨਹੀਂ ਬਣੇ, ਸਗੋਂ ਇਸ ਕਰ ਕੇ ਬਣੇ ਐ, ਕਿ ਚਲੋ ਹੋਰ ਕਿਤੇ ਢੋਈ ਨਹੀਂ ਮਿਲੀ, ਅਧਿਆਪਕ ਈ ਬਣ ਜਾਉ।æææ ਮੁਲਾਕਾਤ ਲਈ ਸਮਾਂ ਕੱਢਣ ਲਈ ਸ਼ੁਕਰੀਆ ਮੈ’ਮ!
-0-