ਡਾæ ਪਰਮਜੀਤ ਸਿੰਘ ਕੱਟੂ
ਫੋਨ: 91-94631-24131
ਭਾਸ਼ਾ ਵਿਭਾਗ ਪੰਜਾਬ ਵੱਲੋਂ ਦਿੱਤੇ ਜਾਂਦੇ ਇਨਾਮਾਂ ਵਿਚ ਪਹਿਲੀ ਵਾਰ ਪੰਜਾਬੀ ਭਾਸ਼ਾ ਵਿਚ ਧਰਮ ਬਾਰੇ ਲਿਖ ਰਹੇ ਕਿਸੇ ਵਿਦਵਾਨ ਨੂੰ ਸ਼੍ਰੋਮਣੀ ਪੰਜਾਬੀ ਆਲੋਚਕ/ਖੋਜ ਸਾਹਿਤਕਾਰ ਦਾ ਇਨਾਮ ਮਿਲਿਆ ਹੈ ਜਿਸ ਨਾਲ ਇਨ੍ਹਾਂ ਸਨਮਾਨਾਂ ਦੀ ਨਵੀਂ ਪਿਰਤ ਸਾਹਮਣੇ ਆਈ ਹੈ। ਇਹ ਪਿਰਤ ਡਾæ ਬਲਕਾਰ ਸਿੰਘ ਨਾਲ ਹੀ ਪੈ ਸਕਦੀ ਸੀ ਕਿਉਂਕਿ ਉਹ ਵਿਚਾਰਧਾਰਕ ਪ੍ਰੌੜਤਾ ਅਤੇ ਅਕਾਦਮਿਕ ਸਕਰਮਕਤਾ ਦਾ ਸੁਮੇਲ ਹਨ। ਅਸਲ ਕਾਰਨ ਇਹ ਹੈ ਕਿ ਪੰਜਾਬੀ ਸਾਹਿਤ, ਪੰਜਾਬੀ ਸਾਹਿਤ ਨਾਲ ਸਬੰਧਤ ਸੰਸਥਾਵਾਂ, ਸਾਹਿਤ ਸਭਾਵਾਂ, ਅਕਾਦਮੀਆਂ ਤੇ ਖੱਬੇ-ਪੱਖੀ ਲੇਖਕਾਂ ਦਾ ਹੀ ਗਲਬਾ ਰਿਹਾ ਹੈ
ਅਤੇ ਉਨ੍ਹਾਂ ਨੇ ਕਦੀ ਵੀ ਗੁਰਬਾਣੀ ਅਤੇ ਸਿੱਖ ਧਰਮ ਨਾਲ ਸਬੰਧਤ ਸਾਹਿਤ ਨੂੰ ਸਾਹਿਤ ਹੀ ਨਹੀਂ ਮੰਨਿਆ ਤੇ ਨਾ ਹੀ ਇਸ ਖੇਤਰ ਨਾਲ ਸਬੰਧਤ ਸਾਹਿਤਕਾਰਾਂ ਨੂੰ ਉਨ੍ਹਾਂ ਦੀ ਬਣਦੀ ਥਾਂ ਦਿੱਤੀ ਹੈ। ਥਾਂ ਦੇਣਾ ਤਾਂ ਇੱਕ ਪਾਸੇ ਉਨ੍ਹਾਂ ਨੂੰ ਕਦੀ ਲੇਖਕ ਮੰਨਣ ਲਈ ਹੀ ਤਿਆਰ ਨਹੀਂ ਸਨ। ਉਨ੍ਹਾਂ ਦਾ ਵੱਸ ਚਲਦਾ ਤਾਂ ਉਹ ਭਾਈ ਵੀਰ ਸਿੰਘ ਅਤੇ ਪ੍ਰੋæ ਪੂਰਨ ਸਿੰਘ ਵਰਗੇ ਪੰਜਾਬੀਅਤ ਅਤੇ ਸਿੱਖੀ ਨੂੰ ਪ੍ਰਣਾਏ ਚੋਟੀ ਦੇ ਸਾਹਿਤਕਾਰਾਂ ਨੂੰ ਵੀ ਪਾਠ-ਕ੍ਰਮਾਂ ਦਾ ਹਿੱਸਾ ਨਾ ਬਣਨ ਦਿੰਦੇ।
ਖੈਰ! ਡਾæ ਬਲਕਾਰ ਸਿੰਘ ਨੂੰ ਇਹ ਸਨਮਾਨ ਮਿਲਣ ਨਾਲ ਇਹ ਪਿਰਤ ਹੁਣ ਪੈ ਗਈ ਹੈ ਅਤੇ ਰੱਬ ਕਰੇ ਇਹ ਪਿਰਤ ਇਸੇ ਤਰ੍ਹਾਂ ਕਾਇਮ ਰਹੇ। ਡਾæ ਬਲਕਾਰ ਸਿੰਘ ਭਗਤ ਕਬੀਰ ਦੇ ਇਸ ਕਥਨ ਅਨੁਸਾਰ, ਜਿਨ੍ਹਾਂ ‘ਤੇ ਨਿਸ਼ਾਨ ਲੱਗਿਆ ਹੁੰਦਾ ਹੈ, ਉਹ ਹੀ ਰਣ-ਤੱਤੇ ਵਿਚ ਜੂਝਦੇ ਹਨ, “ਉਦਾਗੇ ਹੋਹਿ ਸੁ ਰਨ ਮਹਿ ਜੂਝਹਿ ਬਿਨੁ ਦਾਗੇ ਭਗਿ ਜਾਈ” ਸਮਕਾਲੀ ਸਮੱਸਿਆਵਾਂ ਨਾਲ ਸਕਰਮਕ ਸਜੱਗਤਾ ਨਾਲ ਸੰਵਾਦ ਰਚਾਉਣ ਵਾਲਾ ਪੰਜਾਬੀ ਸਾਹਿਤ ਦਾ ਵੱਡਾ ਨਾਂ ਹੈ।
ਪੌਣੀ ਸਦੀ ਦੇ ਹੋ ਚੁੱਕੇ ਡਾæ ਬਲਕਾਰ ਸਿੰਘ ਦਾ ਜਨਮ ਉਨ੍ਹਾਂ ਦੇ ਨਾਨਕੇ ਪਿੰਡ ਅੰਮ੍ਰਿਤਸਰ ਜ਼ਿਲੇ ਦੇ ਪੱਟੀ ਲਾਗੇ ਪਾਕਿਸਤਾਨੀ ਸਰਹੱਦ ‘ਤੇ ਪੈਂਦੇ ਪਿੰਡ ਬੱਚੀਵਿੰਡ ਵਿੱਖੇ ਹੋਇਆ ਪਰ ਅਸਲ ਵਿਚ ਉਨ੍ਹਾਂ ਦੇ ਪੁਰਖੇ ਪਾਕਿਸਤਾਨ ਦੇ ਵਿਰਕ ਟੱਪੇ ਵਿਚ ਨਾਨਕਿਆਂ ਤੋਂ ਵਿਰਸੇ ਵਿਚ ਮਿਲੀ ਢੇਰੀ ਤੇ ਅਬਾਦ ਸਨ ਜੋ ਪਾਕਿਸਤਾਨ ਬਣਨ ਤੋਂ ਬਾਅਦ ਸੰਗਰੂਰ ਜ਼ਿਲੇ ਦੇ ਬੱਡਬਰ ਪਿੰਡ ਵਿਚ ਅਲਾਟੀ ਬਣ ਗਏ। ਡਾæ ਬਲਕਾਰ ਸਿੰਘ ਸਾਹਿਤ, ਭਾਸ਼ਾ ਤੇ ਧਰਮ ਦੇ ਅਨੁਭਵੀ ਚਿੰਤਕ ਹਨ। ਉਹ ਉਨ੍ਹਾਂ ਮੋਢੀ ਵਿਦਿਆਰਥੀਆਂ ਵਿਚੋਂ ਹਨ, ਜਿਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਦੇ ਪਹਿਲੇ ਬੈਚ (1964) ਵਿਚ ਪੰਜਾਬੀ ਸਾਹਿਤ ਵਿਚ ਮਾਸਟਰ ਡਿਗਰੀ ਕੀਤੀ। ਅਗਲੇ ਦੋ ਸਾਲ ਉਨ੍ਹਾਂ ਨੇ ਸਿੱਖ ਧਰਮ ਸ਼ਾਸਤਰ ਵਿਚ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਤੋਂ ਪੋਸਟ ਗ੍ਰੈਜੂਏਸ਼ਨ ਕੀਤੀ, ਜਿੱਥੇ ਉਹ ਸਿੱਖ ਧਰਮ ਦੇ ਸਥਾਪਤ ਖੋਜਕਾਰਾਂ ਪ੍ਰੋæ ਸਾਹਿਬ ਸਿੰਘ, ਡਾæ ਤਾਰਨ ਸਿੰਘ ਅਤੇ ਪ੍ਰਿੰਸੀਪਲ ਹਰਭਜਨ ਸਿੰਘ ਵਰਗੇ ਅਧਿਆਪਕਾਂ ਦੇ ਵਿਦਿਆਰਥੀ ਰਹੇ। ਉਨ੍ਹਾਂ ਨੇ ਗੁਰੂ ਅਰਜਨ ਦੇਵ ਕਾਲਜ ਤਰਨ ਤਾਰਨ ਵਿਖੇ ਪੰਜਾਬੀ ਦੇ ਲੈਕਚਰਰ ਵੱਜੋਂ ਆਪਣੇ ਅਧਿਆਪਨ ਕਿੱਤੇ ਦੀ ਸ਼ੁਰੂਆਤ ਕੀਤੀ, ਖਾਲਸਾ ਕਾਲਜ ਪਟਿਆਲਾ ਵਿੱਖੇ ਪੰਜਾਬੀ ਭਾਸ਼ਾ ਅਤੇ ਡਿਵਿਨਿਟੀ ਦੇ ਅਧਿਆਪਕ ਵਜੋਂ ਸੇਵਾ ਨਿਭਾਈ ਅਤੇ ਫਿਰ 1970 ਵਿਚ ਪੰਜਾਬੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਵਿਚ ਸੀਨੀਅਰ ਰਿਸਰਚ ਫੈਲੋ ਦੇ ਤੌਰ ‘ਤੇ ਆ ਗਏ।
ਡਾæ ਬਲਕਾਰ ਸਿੰਘ ਨੇ 1973 ਵਿਚ ਪੰਜਾਬੀ ਯੂਨੀਵਰਸਿਟੀ ਤੋਂ ਪ੍ਰੋæ ਗੁਲਵੰਤ ਸਿੰਘ ਵਰਗੇ ਬਹੁ-ਪਰਤੀ ਵਿਦਵਾਨ ਦੀ ਅਗਵਾਈ ਹੇਠ ਫਾਰਸੀ ਭਾਸ਼ਾ ਵਿਚ ਐਮæਏ ਦੀ ਡਿਗਰੀ ਲਈ। 1983 ਵਿਚ ਉਨ੍ਹਾਂ ਮਰਹੂਮ ਡਾæ ਅਵਤਾਰ ਸਿੰਘ ਦੀ ਦੇਖ-ਰੇਖ ਹੇਠ Ḕਸਿੱਖ ਰਹੱਸਵਾਦ’ ਵਿਸ਼ੇ ‘ਤੇ ਪੀæਐਚæਡੀ ਕੀਤੀ। ਅਸਲ ਵਿਚ ਡਾæ ਅਵਤਾਰ ਸਿੰਘ ਦਾ ਸੁਪਨਾ ਪੰਜਾਬੀ ਯੂਨੀਵਰਸਿਟੀ ਦਾ Ḕਸਕੂਲ ਆਫ ਸਿੱਖ ਫਿਲਾਸਫੀ’ ਸਥਾਪਤ ਕਰਨਾ ਸੀ। ਇਸੇ ਲਈ ਉਨ੍ਹਾਂ ਨੇ ਆਪਣੇ ਪਹਿਲੇ ਹੀ ਚਾਰ ਖੋਜ-ਵਿਦਿਆਰਥੀਆਂ ਡਾæ ਬਲਕਾਰ ਸਿੰਘ, ਡਾæ ਨਿਰਭੈ ਸਿੰਘ, ਡਾæ ਗੁਰਨਾਮ ਕੌਰ ਅਤੇ ਰਾਜਕੁਮਾਰੀ ਬਾਲਿੰਦਰਜੀਤ ਕੌਰ ਨੂੰ ਇਸੇ ਆਸ਼ੇ ਨਾਲ ਟਾਪਿਕ ਅਲਾਟ ਕੀਤੇ। ਭਾਵੇਂ ਰਾਜਕੁਮਾਰੀ ਬਾਲਿੰਦਰਜੀਤ ਕੌਰ ਨੇ ਆਪਣਾ ਥੀਸਿਸ ਪੂਰਾ ਨਹੀਂ ਕੀਤਾ ਪਰ ਬਾਕੀ ਤਿੰਨਾਂ ਵਿਦਿਆਰਥੀਆਂ ਨੇ ਸਿੱਖ ਅਕਾਦਮਿਕਤਾ ਦੀ ਵੱਖਰੀ ਪਛਾਣ ਬਣਾਉਣ ਵਿਚ ਆਪਣੇ ਅਕਾਦਮਿਕ ਕਾਰਜਾਂ ਨਾਲ ਭਰਵਾਂ ਯੋਗਦਾਨ ਪਾਇਆ। ਪ੍ਰੋæ ਤਾਰਨ ਸਿੰਘ ਦੇ ਅਚਾਨਕ ਅਕਾਲ ਚਲਾਣੇ ਤੋਂ ਬਾਅਦ ਤਿੰਨ ਸਾਲ ਵਿਭਾਗ ਲਾਵਾਰਸ ਰਿਹਾ ਪਰ 1983 ਵਿਚ ਡਾæ ਬਲਕਾਰ ਸਿੰਘ ਦੇ ਮੁਖੀ ਬਣ ਜਾਣ ਨਾਲ ਨਾ ਕੇਵਲ ਵਿਭਾਗ ਮੁੜ ਲੀਹ ‘ਤੇ ਆ ਗਿਆ, ਸਗੋਂ ਡਾæ ਬਲਕਾਰ ਸਿੰਘ ਨੇ ਵਿਭਾਗ ਦੀ ਅਕਾਦਮਿਕ ਸਥਾਪਤੀ ਅਤੇ ਸ਼ਾਨ ਵਧਾਉਣ ਲਈ ਬਹੁਤ ਮਿਹਨਤ ਕੀਤੀ। ਡਾæ ਅਵਤਾਰ ਸਿੰਘ ਦੀ ਸੋਚਣੀ ਨੂੰ ਅੱਗੇ ਲੈ ਜਾਂਦਿਆਂ ਆਪਣੇ ਪੀæਐਚæਡੀ ਦੇ ਵਿਦਿਆਰਥੀਆਂ ਡਾæ ਗੁਲਜ਼ਾਰ ਸਿੰਘ ਕੰਗ, ਡਾæ ਗੁਰਦੇਵ ਕੌਰ, ਡਾæ ਸਰਬਜਿੰਦਰ ਸਿੰਘ (ਵਿਭਾਗ ਦੇ ਸਾਬਕਾ ਮੁਖੀ ਤੇ ਅੱਜ ਕਲ ਵਿਭਾਗ ਵਿਚ ਭਾਈ ਗੁਰਦਾਸ ਚੇਅਰ ਦੇ ਚੇਅਰਪਰਸਨ) ਅਤੇ ਡਾæ ਓਅੰਕਾਰ ਸਿੰਘ ਨੂੰ ਸਿੱਖ ਧਰਮ ਸ਼ਾਤਰ ਦੇ ਚੋਣਵੇਂ ਵਿਸ਼ਿਆਂ ਵਿਚ ਡਾਕਟਰੇਟ ਕਰਵਾਈ।
ਇਸ ਸਾਰੇ ਸਮੇਂ ਦੌਰਾਨ ਡਾæ ਬਲਕਾਰ ਸਿੰਘ ਯੂਨੀਵਰਸਿਟੀ ਵਿਚ ਅਹਿਮ ਅਹੁਦਿਆਂ-ਜਿਵੇਂ ਡੀਨ ਫੈਕਲਟੀ, ਡੀਨ ਕਾਲਜ, ਮੈਂਬਰ ਸਿੰਡੀਕੇਟ, ਸੈਨੇਟ ਅਤੇ ਹੋਰ ਅਹਿਮ ਅਕਾਦਮਿਕ ਤੇ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ। ਇਸ ਦੇ ਨਾਲ ਹੀ ਜਾਗੇ ਹੋਏ ਸਿੱਖ ਦੇ ਤੌਰ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਰਹੇ। ਸ਼੍ਰੋਮਣੀ ਕਮੇਟੀ ਵੱਲੋਂ ਹੀ ਅਕਾਲ ਤਖਤ ਸਾਹਿਬ ਦੀ ਛੱਤਰ-ਛਾਇਆ ਹੇਠ 1995 ਵਿਚ ਹੋਏ ਵਿਸ਼ਵ ਸਿੱਖ ਸੰਮੇਲਨ ਨੂੰ ਸਫਲ ਬਣਾਉਣ ਲਈ ਸ਼ ਮਨਜੀਤ ਸਿੰਘ ਕਲਕੱਤਾ ਨਾਲ ਮਿਲ ਕੇ ਅੱਡੀ-ਚੋਟੀ ਦਾ ਜ਼ੋਰ ਲਾ ਦਿੱਤਾ। ਉਸ ਕਿਸਮ ਦਾ ਸੰਮੇਲਨ, ਜਿਸ ਵਿਚ ਦੇਸ਼-ਵਿਦੇਸ਼ ਤੋਂ ਹਰ ਵਰਗ ਦੇ ਸਿੱਖਾਂ ਨੇ ਸ਼ਮੂਲੀਅਤ ਕੀਤੀ, ਨਾ ਕਦੀ ਪਹਿਲਾਂ ਹੋ ਸਕਿਆ ਹੈ ਅਤੇ ਨਾ ਹੀ ਨੇੜ-ਭਵਿੱਖ ਵਿਚ ਹੋਣ ਦੀ ਕੋਈ ਸੰਭਾਵਨਾ ਨਜ਼ਰ ਆਉਂਦੀ ਹੈ। ਡਾæ ਬਲਕਾਰ ਸਿੰਘ ਵਿਚ ਪੰਥ ਅਤੇ ਆਮ ਮਨੁੱਖ ਲਈ ਤੜਪ ਅਤੇ ਦਰਦ ਹੈ, ਜਿਸ ਕਰਕੇ ਉਹ ਆਪਣਾ ਚਿੰਤਨ ਸਾਂਝਾ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਗੱਲ ਕਹਿਣ ਦੀ ਬਾ-ਖੂਬੀ ਜਾਚ ਵੀ ਹੈ। ਇਸੇ ਜਾਚ ਅਤੇ ਤੜਪ ਵਿਚੋਂ ਉਹ ਅੱਜ ਵੀ ਨਿਰੰਤਰ ਕਾਰਜਸ਼ੀਲ ਹਨ।
ਡਾæ ਬਲਕਾਰ ਸਿੰਘ ਦੀ ਅਕਾਲ ਤਖਤ ਸਾਹਿਬ ਬਾਰੇ ਛਪੀ ਪੁਸਤਕ ਦੀ ਪੁਨਰ-ਪ੍ਰਕਾਸ਼ਨਾ ਹੋ ਰਹੀ ਹੈ। ਪੰਜਾਬੀ ਯੂਨੀਵਰਸਿਟੀ ਵਲੋਂ Ḕਗੁਰੂ ਨਾਨਕ ਚਿੰਤਨ’ ਅਤੇ ਦਿੱਲੀ ਤੋਂ Ḕਸਿੱਖ ਥਾਟ’ ਪੁਸਤਕਾਂ ਛਪ ਰਹੀਆਂ ਹਨ। ਇਸ ਤੋਂ ਇਲਾਵਾ ਉਹ ਅਨੇਕਾਂ ਕੌਮੀ ਅਤੇ ਕੌਮਾਂਤਰੀ ਸੈਮੀਨਾਰਾਂ, ਕਾਨਫਰੰਸਾਂ ਵਿਚ ਸਰਗਰਮ ਭੂਮਿਕਾ ਨਿਭਾਉਂਦੇ ਰਹੇ ਹਨ ਅਤੇ ਅੱਜ ਵੀ ਨਿਭਾ ਰਹੇ ਹਨ। ਉਨ੍ਹਾਂ ਦੀ ਕਾਰਜਸ਼ੀਲਤਾ ਨੂੰ ਵੇਖਦਿਆਂ ਹੀ ਉਨ੍ਹਾਂ ਨੂੰ ਵਿਭਾਗ ਵਿਚ ਪ੍ਰੋਫੈਸਰ ਆਫ ਐਮੀਨੈਂਸ ਦੇ ਅਹੁਦੇ ਨਾਲ ਨਿਵਾਜਿਆ ਗਿਆ ਹੈ।
ਉਹ ਯੂਨੀਵਰਸਿਟੀ ਨਾਲ ਹੋਏ ਸਮਝੌਤੇ ਤਹਿਤ ਸੇਵਾ-ਮੁਕਤ ਹੋਣ ਉਪਰੰਤ ਛੇ ਵਰ੍ਹੇ ਗੁਰੂ ਰਾਮ ਦਾਸ ਇੰਸਟੀਚਿਊਟ ਆਫ ਲੈਂਗੁਏਜ਼ ਐਂਡ ਕਲਚਰ, ਨਿਊ ਮੈਕਸੀਕੋ, ਐਸਪੇਨੋਲਾ ਵਿਖੇ ਡਾਇਰੈਕਟਰ ਰਹੇ। ਇਥੇ ਉਨ੍ਹਾਂ ਨੇ ਅਮਰੀਕਨ ਸਿੱਖਾਂ ਨੂੰ ਸਿੱਖ ਸਭਿਆਚਾਰ, ਸਿੱਖ ਧਰਮ ਅਤੇ ਪੰਜਾਬੀ ਬੋਲੀ ਦੀ ਸਿੱਖਿਆ ਦਿੱਤੀ। ਅਹਿਮ ਗੱਲ ਇਹ ਹੈ ਕਿ ਆਪਣੀ ਮਿੱਟੀ ਨਾਲ ਮੋਹ ਹੋਣ ਕਰਕੇ ਉਨ੍ਹਾਂ ਨਾ ਹੀ ਡਾਲਰਾਂ ਦਾ ਲਾਲਚ ਕੀਤਾ ਅਤੇ ਨਾ ਹੀ ਉਥੋਂ ਦੀ ਨਾਗਰਿਕਤਾ ਦਾ।
ਡਾæ ਬਲਕਾਰ ਸਿੰਘ ਸਦਾ ਹੀ ਗੁਰੂ ਦੇ ਭਾਣੇ ਵਿਚ ਵਿਚਰਨ ਵਾਲੇ ਅਤੇ ਚੜ੍ਹਦੀ ਕਲਾ ਵਿਚ ਰਹਿਣ ਵਾਲੇ ਇਨਸਾਨ ਹਨ। ਉਨ੍ਹਾਂ ਦੀ ਧਾਰਨਾ ਹੈ ਕਿ ਸਮਕਾਲ ਵਿਚ ਜਿੰਨੀ ਸਿੱਖ ਅਕਾਦਮਿਕਤਾ ਦੀ ਸਥਾਪਨਾ ਹੋਵੇਗੀ, ਓਨਾ ਹੀ ਸਿੱਖੀ ਨੇ ਸਥਾਪਤ ਹੋਣਾ ਹੈ। ਹੁਣ ਸਿੱਖੀ ਦੀ ਪ੍ਰਫੁੱਲਤਾ ਵਿਚ ਭਾਈਚਾਰੇ ਦੇ ਉਦਮਾਂ ਦੇ ਨਾਲ ਨਾਲ ਸਿੱਖ ਅਕਾਦਮਿਕਤਾ ਦੀ ਮੋਹਰੀ ਭੂਮਿਕਾ ਰਹੇਗੀ। ਡਾæ ਬਲਕਾਰ ਸਿੰਘ ਪੰਜਾਬੀ ਭਾਸ਼ਾ ਅਤੇ ਸਿੱਖ ਧਰਮ ਅਧਿਐਨ ਦੇ ਖੇਤਰ ਵਿਚ ਸਰਗਰਮ ਉਨ੍ਹਾਂ ਚੋਣਵੇਂ ਵਿਦਵਾਨਾਂ ਵਿਚੋਂ ਹਨ, ਜਿਹੜੇ ਆਪਣੀ ਮੁਹਾਰਤ ਦੇ ਖੇਤਰ ਤੋਂ ਬਾਹਰ ਵੀ ਸੰਵਾਦ ਰਚਾਉਂਦੇ ਹਨ। ਕਹਿਣ ਤੋਂ ਭਾਵ ਹੈ ਕਿ ਉਹ ਕਿਸੇ ਕਿਸਮ ਦੀ ਕੱਟੜਤਾ ਦੀ ਥਾਂ, ਗੁਰੂ ਨਾਨਕ ਸਾਹਿਬ ਦੇ ਅਦੇਸ਼ ਅਨੁਸਾਰ Ḕਜਬ ਲਗਿ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ’ ਸੰਵਾਦੀ ਪਹੁੰਚ ਦ੍ਰਿਸ਼ਟੀ ਦੇ ਮਾਲਕ ਹਨ। ਉਨ੍ਹਾਂ ਨੂੰ ਸ਼੍ਰੋਮਣੀ ਪੰਜਾਬੀ ਅਲੋਚਕ/ਖੋਜ ਸਾਹਿਤਕਾਰ ਸਨਮਾਨ ਮਿਲਣ ਨਾਲ ਸਨਮਾਨ ਦਾ ਵਕਾਰ ਹੋਰ ਵਧਿਆ ਹੈ।