ਇਕ ਯੂਨੀਵਰਸਿਟੀ ਵਿਚ ਸਿਆਣੇ ਲੋਕ ਵਿਚਾਰ-ਵਟਾਂਦਰਾ ਕਰ ਰਹੇ ਸਨ। ਇਕ ਬੋਲਿਆ, “ਰੰਗ ਮੰਚ ਦਾ ਰੰਗ ਕਿਉਂ ਫਿੱਕਾ ਪੈਣ ਲੱਗ ਪਿਆ ਏ?” ਦੂਜੇ ਦੀ ਦਲੀਲ ਸੀ, “ਇਹ ਥਾਂ ਫਿਲਮਾਂ ਨੇ ਜੂ ਲੈ ਲਈ ਹੈ।” ਇਕ ਦਰਸ਼ਕ ਬਾਂਹ ਖੜ੍ਹੀ ਕਰਕੇ ਬੋਲਿਆ, “ਬੰਦਾ ਸਾਰੇ ਦਾ ਸਾਰਾ ਡਰਾਮੇਬਾਜ਼ ਹੋ ਗਿਆ ਹੈ, ਘਰ ਤੇ ਬਾਹਰ ਵੀ, ਸਾਰਾ ਦਿਨ ਨਾਟਕ ਹੀ ਚੱਲਦੈ। ਪਤਾ ਨਹੀਂ ਤੁਹਾਨੂੰ ਕਿਸ ਰੰਗ ਮੰਚ ਦਾ ਫਿਕਰ ਖਾ ਰਿਹੈ?” ਵਿਦਵਾਨ ਸ਼ਰਮਿੰਦਾ ਹੋ ਗਏ। ਇਸ ਯੁੱਗ ਵਿਚ ਮਨੁੱਖ ਦੀ ਸੋਚ ਤਾਂ ਲੋਭ ਨੇ ਖੁੰਢੀ ਕਰ ਹੀ ਦਿੱਤੀ ਹੈ, ਯਾਦ ਸ਼ਕਤੀ ਵੀ ਜਾਂਦੀ ਲੱਗੀ ਹੈ।
ਇਕ ਲੀਡਰ ਦਾ ਇਕ ਦਿਨ ‘ਚ ਦੋ ਥਾਂਵਾਂ ‘ਤੇ ਕੀਤਾ ਭਾਸ਼ਣ ਸੁਣ ਕੇ ਵੇਖਿਓ, ਸੱਚ ਤਾਂ ਵਿਚੋਂ ਚਲੋ ਨਾ ਲੱਭੇ ਕੋਈ ਗੱਲ ਨ੍ਹੀਂ, ਉਹ ਸਤਲੁਜ ਯਮੁਨਾ ਦੀ ਕਹਾਣੀ ਨਹੀਂ ਸਗੋਂ ਰਾਵੀ-ਝਨਾਅ ਦਾ ਲਿੰਕ ਬਣਾਉਣ ਲੱਗਾ ਹੁੰਦਾ ਹੈ। ਲੀਡਰ ਆਪਣੇ ਭਾਸ਼ਣਾਂ ਦੀ ਪ੍ਰਸ਼ੰਸਾ ਪਰਜਾ ਤੋਂ ਨਹੀਂ, ਆਪਣੇ ਚਮਚਿਆਂ ਤੋਂ ਜਾਂ ਆਪਣੀ ਪਤਨੀ ਤੋਂ ਕਰਵਾਉਣ ਲੱਗੇ ਹੋਏ ਹਨ। ਹੁੱਬ ਕੇ ਪਤਨੀ ਨੂੰ ਪੁੱਛਣਗੇ, “ਕਿਵੇਂ ਰਿਹਾ ਫਿਰ ਅੱਜ?” ਤੇ ਵਿਚਾਰੀ ਬੀਵੀ ਅੱਗੋਂ ਮੁਸਕਰਾ ਕੇ ਕਹੇਗੀ, “ਜਮ੍ਹਾਂ ਸਿਰੇ ਲਾ’ਤੀ।” ਪ੍ਰੇਮੀ ਪ੍ਰੇਮਿਕਾ ਪਿਆਰ ਤਾਂ ਰੱਜ ਕੇ ਕਰਨਾ ਚਾਹੁੰਦੇ ਨੇ ਪਰ ਪਤੀ-ਪਤਨੀ ਬਣਨ ਤੋਂ ਭੱਜ ਰਹੇ ਹਨ, ਬੀਵੀ ਚਰਿੱਤਰਹੀਣ ਪਤੀ ਨੂੰ Ḕਹਊ ਪਰੇḔ ਕਹੀ ਜਾ ਰਹੀ ਹੈ, ਇਸ ਤਰਕ ਨਾਲ ਕਿ ਇਹਨੂੰ ਵੀ Ḕਹਊ ਪਰੇḔ ਕਰਨ ਦੀ ਆਦਤ ਹੈ। ਲੀਡਰ ਆਖਦੇ ਨੇ, ਕਿਹੜਾ ਵਿਗਿਆਨ, ਕਿਹੜਾ ਇੰਟਰਨੈਟ? ਦਰਅਸਲ ਅਲਜ਼ਬਰਾ ਪੁਰਾਣਾ ਹੈ, ਫਾਰਮੂਲੇ ਨਵੇਂ ਬਣਦੇ ਜਾ ਰਹੇ ਨੇ। ਜਿਸ ਦੌਰ ‘ਚ ਆਪਾਂ ਸਾਹ ਲੈ ਰਹੇ ਹਾਂ, ਨਿਆਣੇ ਹੀ ਲੀਡਰਾਂ ਦੇ ਬੁੱਢੇ ਹੋਣ ‘ਤੇ ਕਹੀ ਜਾਂਦੇ ਨੇ, “ਕਿਤੇ ਜੇ ਇਨ੍ਹਾਂ ਨੂੰ ਟਕੇ ਜਿੰਨੀ ਮੱਤ ਵੀ ਹੁੰਦੀ?” ਬੇਸ਼ਰਮਾਂ ਦੀ ਗਿਣਤੀ ਇਸ ਕਰਕੇ ਵਧੀ ਜਾ ਰਹੀ ਹੈ, ਕਿਉਂਕਿ ਜ਼ਮੀਰ ਤਾਂ ਚਲੋ ਮਰ ਹੀ ਰਹੀ ਸੀ, ਆਤਮਾ ਵੀ ਜਿਉਂਦੀ ਨਹੀਂ ਰਹੀ। ਆਹ ਵਾਰਤਾਲਾਪ ਸੁਣ ਕੇ ਅਰਥ ਕੱਢੋਗੇ ਕਿ ਜ਼ਰੂਰੀ ਨਹੀਂ, ਅਨਪੜ੍ਹਾਂ ਨੂੰ ਅਕਲ ਨਾ ਹੋਵੇæææ!
ਐਸ ਅਸ਼ੋਕ ਭੌਰਾ
“ਓ ਬੱਲੇ ਓ ਫੁੰਮਣਾ, ਢਿੱਲਾ ਮੱਠਾ ਸਿਗਾ, ਦਿਖਿਆ ਈ ਨ੍ਹੀਂ ਬੜੇ ਦਿਨਾਂ ਦਾ?” ਨਰੈਣੇ ਨੇ ਡੱਬੀ ਖੇਸੀ ਨਾਲ ਠੰਡ ਤੋਂ ਗੋਡੇ ‘ਤੇ ਪੈਰ ਢੱਕਦਿਆਂ ਸੱਥ ‘ਚ ਵੜਦੇ ਫੁੰਮਣ ਨੂੰ ਸਵਾਲ ਕੀਤਾ।
“ਦਿਖਣਾ ਸੁਆਹ ਹੈ, ਨੀਲੀ ਛੱਤ ਆਲਾ ਈ ਨ੍ਹੀਂ ਪੇਸ਼ ਜਾਣ ਦਿੰਦਾ, ਹਾਲੇ ਦੋ ਕੁ ਦਿਨ ਪਹਿਲਾਂ ਬੇਲੀਆਂ ਦਾ ਬੰਸਾ ਮਰ ਗਿਆ ਕਰਜ਼ੇ ਦੁੱਖੋਂ ਫਾਹਾ ਲੈ ਕੇ ਤੇ ਆਹ ਹੁਣ ਜਿਹੜੀ ਉਪਰ ਆਲੇ ਨੇ ਮੀਂਹ ਦੀ ਪੰਡ ਖੋਲ’ਤੀ, ਨਾਲੇ ਮਾੜੇ ਪੱਖੇ ਵਾਗੂੰ ਹਵਾ ਦੇ ਫੱਰਾਟੇ। ਇਹਨੇ ਕੱਖ ਨ੍ਹੀਂ ਛੱਡਣਾ। ਮੈਨੂੰ ਘਰ ਬੈਠੇ ਨੂੰ ਚਿੰਤਾ ਖਾਈ ਜਾਂਦੀ ਐ, ਤਾਂ ਨ੍ਹੀਂ ਭਰਾਵਾ ਬਾਹਰ ਨਿਕਲਦਾ।”
“ਆਹੋ ਢਾਅ ਲਈ ਸਾਰੀ ਕਣਕ, ਵਿਛ ਗਈ ਦਰੀ ਆਗੂੰ।”
“ਓ ਦਰੀ ਆਗੂੰ ਕਾਹਨੂੰ ਜਿਮੀਂਦਾਰਾਂ ਦਾ ਸੱਥਰ ਵਿਛਾ’ਤਾ। ਹੁਣ ਤਾਂ ਲੱਗਦੈ ਸਾਰਾ ਪਿੰਡ ਹੀ ਫਾਹਾ ਲਊ।”
ਅਮਲੀ ਜਾਗਰ ਨੇ ਵੀ ਵਿਚ ਦੀ ਛੱਡ’ਤੀ, “ਇਹ ਨੀਲੀ ਛੱਤ ਆਲਾ ਵੀ ਨੀਲੀਆਂ ਆਲਿਆਂ ਨਾਲ ਰਲਿਆ ਲੱਗਦੈ, ਇਹ ਵੀ ਉਹ ਨ੍ਹੀਂ ਰਿਹਾ, ਜਦੋਂ ਪੈਣਾ ਹੋਵੇ ਪੈਂਦਾ ਨ੍ਹੀਂ, ਹੁਣ ਊਂ ਈ ਲਾਲਿਆਂ ਦੀ ਬੱਕਰੀ ਆਙੂੰ ਆਫਰਿਆ ਰਹਿੰਦੈ।”
“ਓਏ ਚੁੱਪ ਕਰ ਓਏ, ਤੈਨੂੰ ਕੀ ਪਤਾ ਅਮਲੀਆ?”
“ਲੈ ਜਿੱਦਾਂ ਕਿਤੇ ਇਨ੍ਹਾਂ ਨੂੰ ਬਾਹਲਾ ਪਤੈ, ਵੇਖ ਲਿਓ ਜਿੱਦਣ ਸਰਕਾਰ ਬਦਲੀ ਜੇ ਨੀਲੀਆਂ ਆਲਿਆਂ ‘ਤੇ ਚਿੱਟੀਆਂ ਆਲਿਆਂ ਨੇ ਨੀਲੀ ਛੱਤ ਆਲੇ ਨਾਲ ਰਲੇ ਹੋਣ ਦੇ ਪਰਚੇ ਕਰਕੇ ਅੰਦਰ ਨਾ ਕਰ’ਤੇ।” ਅਮਲੀ ਕਾਲਰ ਥਾਣੀ ਹੱਥ ਪਾ ਕੇ ਪਿੱਠ ‘ਤੇ ਖਾਜ ਕਰਦਾ ਤੁਰ ਪਿਆ ਤੇ ਬੁੜ ਬੁੜ ਕਰਦਾ ਕਹਿ ਹੀ ਗਿਆ, “ਨਾ ਮੰਨੋ ਸਾਡੀ, ਸਾਡੇ ਲਈ ਤਾਂ ਦੋਏ ਦੁਸ਼ਮਣ ਆ, ਬੀਕਾਨੇਰ ਦੇ ਨਿਆਣਾ ਪਾਉਣ ਨੂੰ ਫਿਰਦੇ ਆ ਪਈ ਕਿਤੇ ਭੋਰਾ ਭੁੱਕੀ ਨਾ ਆ ਜਾਏ ਇੱਧਰ।”
“ਹਾਅ ਭਲਾ ਕੌਣ ਆਉਂਦਾ?”
“ਦੀਹਦਾ ਨ੍ਹੀਂ ਫੁੰਮਣਾ, ਕਾਲਾ ਉਤਰ ਆਇਐ, ਸਾਲਾ ਮੁੱਛਲ ਐ ਬਿਸ਼ਨਾ, ਵਿਗੜੀ ਨਸਲ।”
“ਦੀਹਦਾ ਸੱਚੀਂ ਨ੍ਹੀਂ ਨਰੈਣਿਆਂ, ਐਨਕ ਅੱਖਾਂ ਆਲੇ ਕੈਂਪ ‘ਚੋਂ ਲੁਆਈ ਸੀ। ਉਹ ਸਾਲੀ ਪੈਨਸ਼ਨ ਲੈਣ ਗਏ ਦੀ ਲਾਰੀ ‘ਚ ਚੜ੍ਹਦੇ ਦੀ ਡਿੱਗ ਕੇ ਟੁੱਟ ਗਈ, ਬੁੱਢਿਆਂ ਨੂੰ ਦੇਣ ਲਈ ਨੀਲੀਆਂ ਆਲਿਆਂ ਕੋਲ ਟਕਾ ਨ੍ਹੀਂ, ਆਪ ਚੱਲੇ ਆ, ਨਵੇਂ ਆਉਣਗੇ, ਕੋਈ ਧੇਲਾ ਦਊ ਤਾਂ ਲੁਆਵਾਂਗੇ ਐਨਕਾਂ।”
“ਤੂੰ ਫੁੰਮਣਾ ਆਪਣੀ ਰਾਮ ਕਹਾਣੀ ਛੱਡ, ਇਹ ਕੰਜਰ ਦੇ ਨਰੈਣੇ ਨੇ ਕੱਲ੍ਹ ਆਪਣੀ ਭਜਨੀ ਕੁੱਟ’ਤੀ।”
“ਆਹੋ ਕਹਿੰਦੇ ਕੁੱਟੀ ਵੀ ਬਹੁਤੀ ਆ!”
“ਡਮਾਕ ਖਰਾਬ ਆ ਸਾਲੇ ਦਾ ਬੁੱਢੇ ਵਾਰੇ, ਕੋਈ ਧੀ-ਪੁੱਤ ਹੁੰਦਾ ਤਾਂ ਵਿਚਾਰੀ ਦਾ ਖਿਆਲ ਰੱਖਦਾ, ਨਰੈਣਾ ਤਾਂ ਆeੈਂ ਈ ਕਰਦੈ ਵਿਚਾਰੀ ਨਾਲ।”
“ਓਏ ਵਿੰਗਿਓ ਟੇਡਿਓ ਜਿਹੋ ਕੀ ਘੁਸਰ-ਮੁਸਰ ਲਾਈ ਆ?”
“ਤੇਰੀਆਂ ਚੁਗਲੀਆਂ ਕਰਦੇ ਆਂ, ਸ਼ਰਮ ਨ੍ਹੀਂ ਆਉਂਦੀ ਬੁੱਢ ਬੁਲੇਡ ਨੂੰ, ਓਹ ਵਿਚਾਰੀ ਭਜਨੀ ਊਂ ਵੀ ਢਿੱਲ੍ਹੀ ਮੱਠੀ ਰਹਿੰਦੀ ਐ, ਕੱਲ੍ਹ ਤੈਂ ਫਿਰ ਖੜਕਾ’ਤੀ।”
“ਸਾਲਿਓ ਤੀਵੀਂ ਮੇਰੀ ਆ, ਮੈਂ ਕੁੱਟਾਂ ਜਾਂ ਪਿਆਰ ਕਰਾਂ, ਤੁਹਾਡੇ ਜਲਾਟ ਹੁੰਦੈ। ਉਹਨੇ ਬੜੀ ਸੋਹਣੀ ਸਵੇਰੇ ਮੈਨੂੰ ਅਧਰਕ ਪਾ ਕੇ ਚਾਹ ਪਲਾਈ ਆ, ਡੱਬੀਆਂ ਵਾਲਾ ਸਾਫਾ ਕੱਢ ਕੇ ਫੜਾਇਆ, ਕੰਜਰ ਦੇ ਗੱਲ ਈਂ ਨ੍ਹੀਂ ਭੁੰਜੇ ਪੈਣ ਦਿੰਦੇ।”
“ਨਾ ਨਰੈਣਿਆਂ ਤੈਂ ਉਹ ਸਾਧਣੀ ਕੁੱਟੀ ਕਿਉਂ?”
“ਸਾਧਣੀ ਨਾ ਕਹੋ, ਦੱਸਦਾਂ ਮੈਂ ਸਾਧਾਂ ਨੂੰ ਕੀ ਕਹਿੰਦੀ ਆ? ਮੈਂ ਤਾਂ ਕੁੱਟੀ ਆ, ਉਹ ਸਹੁਰੀ ਸਾਧ ਕੁੱਟਣ ਨੂੰ ਫਿਰਦੀ ਆ।”
“ਨਾ ਗੱਲ ਕੀ ਹੋਈ ਸੀ ਨਰੈਣਿਆ?” ਫੁੰਮਣ ਨੇ ਪਿੱਪਲ ਦੀ ਜੜ੍ਹ ‘ਤੇ ਥੱਲਾ ਥੱਲੇ ਲਾਉਂਦੇ ਨੂੰ ਐਂ ਪੁੱਛਿਆ ਜਿਵੇਂ ਪਰ੍ਹਿਆ ‘ਚ ਸਰਪੰਚ ਪੁੱਛਦੈ।”
“ਰਹਿਣ ਈ ਦਿਓ, ਲਗਦੈ ਭਜਨੀ ਨੇ ਫਿਰ ਕੁੱਟ ਖਾ ਲੈਣੀ ਆ ਅੱਜ ਭਲਕੇ।”
“ਓਏ ਓਹਨੇ ਤਾਂ ਸ਼ਰੀਫ ਨੇ ਜੁਆਨੀ ਵਾਰੇ ਨ੍ਹੀਂ ਅੱਖ ਚੁੱਕੀ, ਤੈਨੂੰ ਆਂਹਦੀ ਰਹੀ, ਜੁਆਕ-ਜੱਲਾ ਚਾਹੀਦੈ ਤਾਂ ਹੋਰ ਕਰਾ ਲੈ, ਹੁਣ ਕੀ ਸੱਪ ਦੀ ਪੂਛ ਖਿੱਚ ਲਈ ਉਹਨੇ?”
“ਕੰਜਰ ਦਿਓ ਕੁਪੱਤ ਤਾਂ ਥੋਡੇ ਨਾਲ ਵੀ ਘਰ ਬਥੇਰੀ ਹੁੰਦੀ ਆ, ਤਾਂ ਹੀ ਸਵੇਰੇ ਆ ਕੇ ਇੱਥੇ ਬੈਠ ਜਾਨੇ ਓਂ, ਕਰਦੇ ਓਂ ਚੱਬ ਚੱਬ ਕੇæææ ਬੰਦਿਆਂ ਵਾਗੂੰ ਸੁਣੋ, ਮੈਂ ਜਾਣਾ ਸੀ ਕੱਲ੍ਹ ਮੱਸਿਆ, ਉਹਨੂੰ ਕਿਹਾ, ਪਈ ਮੇਰਾ ਚਿੱਟਾ ਕਮੀਜ ਪਜਾਮਾ ਧੋ ਕੇ ਸਿਰਹਾਣੇ ਹੇਠਾਂ ਦੇ ਦੀਂ, ਵਲ-ਵੁਲ ਨਿਕਲ ਜਾਣਗੇæææ।”
“ਸਾਲਾ ਸ਼ੌਕੀਨ, ਲੱਤਾਂ ‘ਚ ਬੁੱਢੇ ਕੁੱਤੇ ਆਂਗੂੰ ਵੀਹ ਵਲ ਆ, ਲੀੜੇ ਸਿੱਧੇ ਕਰਾਉਂਦੈ, ਕੀਤੇ ਨ੍ਹੀਂ ਹੋਣੇ ਭਜਨੀ ਨੇ ਤਾਂ ਢਾਹ ਲਈ?”
“ਗੱਲ ਜਾਂ ਤਾਂ ਮੂੰਹ ਬੰਦ ਕਰਕੇ ਮੇਰੀ ਧਿਆਨ ਨਾਲ ਸੁਣ ਲਓ ਜਾਂ ਫਿਰæææ।”
“ਚੱਲ ਦੱਸ?”
“ਭਜਨੀ ਨੂੰ ਪਤੈ ਕਿ ਮੈਂ ਜਦੋਂ ਵੀ ਮੇਲੇ-ਮੁਸਾਬੇ ਜਾਨਾਂ ਚਿੱਟੇ ਲੀੜੇ ਨੀਲ ਦੁਆ ਕੇ ਪਾਉਂਨਾਂ, ਉਹਨੇ ਨੀਲ ਈ ਨ੍ਹੀਂ ਦਿੱਤਾ! ਮੈਂ ਪੁਛਿਆ ਤਾਂæææ?”
“ਫੇਰ?”
“ਅੱਗੋਂ ਆਂਹਦੀ, ਨਹੀਂ ਦਿੰਦੀ। ਤੂੰ ਨੀਲ ਨੂੰ ਰੋਨੈ ਮੈਂ ਤਾਂ ਘਰ ‘ਚ ਨੀਲਾ ਰੰਗ ਨ੍ਹੀਂ ਵੜ੍ਹਨ ਦੇਣਾ, ਤਾਂ ਕੁੱਟੀ ਫਿਰ। ਆ ਵੀ ਹੱਥ ਨਿੰਮ ਦੀ ਪਰੈਣ ਹੀ ਗਈ।”
“ਬਈ ਫੇਰ ਤਾਂ ਕਮਲੀ ਐ ਭਜਨੀ, ਪਈ ਸ਼ੁਦੈਣੇ ਦੇ ਦੇ ਨੀਲ ਕਾਹਨੂੰ ਹੱਡ ਭਨਾਉਂਦੀ ਆ?”
“ਨਾ ਫੁੰਮਣਾ ਐਵੇਂ ਸਲਾਹ ਦਈ ਜਾਨੈਂ ਬਿੱਲੀ ਜੁਲਾਹੀ ਵਾਗੂੰ, ਪੁੱਛ ਤਾਂ ਲੈ ਪਈ ਨੀਲ ਦਿੱਤਾ ਕਿਉਂ ਨ੍ਹੀਂ।”
“ਕਈ ਵਾਰ ਇਹਦੇ ਨਾਲ ਹੱਥ ਖਰਾਬ ਹੋ ਜਾਂਦੇ ਆ।” ਨਰੈਣੇ ਨੇ ਪੋਲੀ ਜਿਹੀ ਹੋਰ ਦਲੀਲ ਦੇ’ਤੀ।
“ਬਿਸ਼ਨਿਆ, ਦੱਸ ਤਾਂ ਸਹੀ ਨੀਲੇ ਰੰਗ ਦਾ ਰੌਲਾ ਕੀ ਹੈ?”
“ਬਈ ਸੁਣੋ, ਆਖਣ ਲੱਗੀ ਜਿਹੜੇ ਬਾਹਰਲੇ ਬੰਤੂ ਕਿਆਂ ਦੇ ਦੋਵੇਂ ਮੁੰਡੇ ਮਰ ਗਏ, ਇਹ ਨੀਲੀਆਂ ਆਲਿਆਂ ਨੇ ਮਰਾ’ਤੇ। ਵੈਰੀਆਂ ਨੇ ਪਹਿਲਾਂ ਪੀਣ ਲਾਏ, ਫਿਰ ਵੇਚਣ ਲਾਏ, ਪੀਣ ਦੇ ਲਾਲਚ ਨੂੰ।”
“ਪਰ ਨੀਲ ਲੀੜਿਆਂ ਨੂੰ ਨਾ ਦੇਣ ਦਾ ਕੀ ਰੌਲੈ?”
“ਇਹੀ ਤਾਂ ਭਜਨੀ ਨੂੰ ਮੈਂ ਪੁੱਛਦਾ ਸੀ?”
“ਫਿਰ?”
“ਆਂਹਦੀ ਭਾਵੇਂ ਲੱਤਾਂ ਭੰਨ੍ਹ ਦੇ, ਚੂਲਾ ਟੁੱਟ ਜਾਏ, ਨੀਲਾ ਰੰਗ ਨ੍ਹੀਂ ਘਰ ਵਾੜਨਾ। ਇਨ੍ਹਾਂ ਮਰਨ ਵਾਲੇ ਦੋਵੇਂ ਪੁੱਤਾਂ ਲੱਡੂ ਤੇ ਭੋਲੇ ਨੂੰ ਜਦੋਂ ਸਿਵਿਆਂ ਵੱਲ ਲੈ ਕੇ ਤੁਰੇ ਤਾਂ ਮਾਂ ਚਰਨੋ ਦੇ ਵੈਣ ਨਹੀਂ ਸੀ ਸੁਣੇ ਜਾਂਦੇ। ਪਿੱਟਦੀ ਕਹੇ, ਬਚੋ ਨੀਲੀਆਂ ਤੋਂ। ਇਨ੍ਹਾਂ ਨੇ ਨ੍ਹੀਂ ਫੱਕਾ ਛੱਡਣਾ। ਜਿਸ ਘਰ ‘ਚ ਨੀਲੇ ਵੜਨ, ਸੰਭਲ ਜਾਇਓ, ਮੇਰੇ ਦੋਵੇਂ ਖਾ ਲਏ। ਨੀਲਾ ਰੰਗ ਈ ਘਰ ‘ਚੋਂ ਕੱਢ ਦਿਓ।”
“ਬਾਜੀ ਹੋ ਗਈ ਐ ਭਜਨੀ ਵਿਚਾਰੀ ਚਰਨੋ ਦਾ ਦੁੱਖ ਸੁਣ ਕੇ।”
“ਕਿਤੇ ਫੁੰਮਣਾ ਇਕ, ਆਂਹਦੀ ਮੇਰੇ ਕਿਹੜੇ ਗੋਦ ਖੇਡਦੇ ਆ, ਨੀਲੇ ਨਾ ਪਾ। ਤੂੰ ਮੇਰਾ ‘ਕੱਲਾ ਈ ਆ, ਜੇ ਤੈਨੂੰ ਕੁਝ ਹੋ ਗਿਆ, ਮੇਰਾ ਕੀ ਬਣੂੰ?”
“ਅੱਛਾ! ਤਾਂ ਕਹਿੰਦੀ ਆ ਨੀਲ ਨ੍ਹੀਂ ਦੇਣਾ। ਡਰ ਗਈ ਵਿਚਾਰੀ।”
“ਚੱਲ ਤੀਵੀਂ ਮਾਨੀ ਆ। ਤੈਨੂੰ ਮੋਹ ਕਰਦੀ ਆ। ਗੱਲ ਤਾਂ ਉਹਦੀ ਸੱਚੀ ਵੀ ਐ, ਪਿਛਲੇ ਜੁੰਮੇ ਨੂੰ ਮੈਂ ਸਹੁਰੀਂ ਗਿਆ, ਉਥੇ ਲੋਕ ਇਕ ਲੀਡਰ ਨੂੰ ਗਾਲ੍ਹਾਂ ਕੱਢਣ ਪਈ ਬੰਨ੍ਹਦਾ ਨੀਲੀ ਐ, ਵੇਚਦਾ ਚਿੱਟਾ! ਚੱਲ ਹੁਣ ਭਜਨੀ ਨੂੰ ਫੇਰ ਨਾ ਕਹੀਂ ਕੁਛ।”
“ਕਹਾਂ ਕਿਉਂ ਨਾ ਫੁੰਮਣਾ! ਹੁਣ ਕਹਿੰਦੀ ਤੈਨੂੰ ਚਿੱਟੇ ਨ੍ਹੀਂ ਪਾਉਣ ਦੇਣੇ।”
“ਬਈ ਅੰਬਰਸਰ ਲੈ ਜਾ ਫਿਰ ਭਜਨੀ ਨੂੰ, ਸੱਚੀਂ ਡਮਾਕ ਟਿਕਾਣੇ ਨ੍ਹੀਂ ਲੱਗਦਾ। ਹੁਣ ਚਿੱਟਾ ਕਿਉਂ ਆਂਹਦੀ ਆ, ਨਾ ਪਾ!”
“ਤੇਰਾ ਬਹੁਤ ਸਹੀ ਆ ਡਮਾਕ? ਮੇਰੀ ਤੀਵੀਂ ਨੂੰ ਕਮਲੀ ਕਹਿਨੈ!”
“ਨਾ ਹੋਰ ਕੀ ਕਹਾਂ ਫਿਰ?”
“ਆਪ ਹੀ ਦੱਸਦੈਂ ਕਿ ਲੀਡਰ ਜਿਹੜੇ ਚਿੱਟਾ ਵੇਚਦੇ ਆ ਉਹ ਵੀ ਮੌਤ ਦੇ ਵਰੰਟ ਈ ਐ। ਚਿੱਟੇ ਤੋਂ ਤਾਂ ਭਜਨੀ ਨੀਲਿਆਂ ਨਾਲੋਂ ਵੀ ਖਫਾ ਐ।”
“ਦੇਖ ਲੈ ਬਈ, ਊਂ ਦੋ ਜਮਾਤਾਂ ਨ੍ਹੀਂ ਪੜ੍ਹੀ, ਚਿੱਟੇ ਲੀੜੇ ਸਾਰੇ ਮੰਜੇ ‘ਤੇ ਰੱਖ ਕੇ ਕਹਿੰਦੀ ਇਹ ਸਾਰੇ ਲੱਕੜੀਆਂ ਪਾੜਨ ਆਉਂਦੇ ਜੰਮੂ ਆਲੇ ਰਾਸ਼ਿਆਂ ਨੂੰ ਦੇ ਦੇ।”
“ਉਹ ਕਾਹਤੋਂ?”
“ਭਰਾਵਾ ਕਰ’ਤਾ ਭਾਸ਼ਣ। ਕਹੇ, ਚਿੱਟੇ ਲੀੜੇ ਪਾ ਕੇ ਮੁਲਕ ਲੁੱਟ ਲਿਆ, ਚਿੱਟੀ ਬੰਨ੍ਹ ਕੇ ਹੇਠਾਂ ਖਰਾਬ ਡਮਾਕ।”
“ਬੱਲੇ! ਏਨੀ ਤਿੱਖੀ ਹੋ ਗਈ ਭਜਨੀ?”
“ਹੋਰ ਸੁਣ! ਕਹੇ ਚਿੱਟਾ ਮੱਛਰ ਨਰਮਾ ਖਾ ਗਿਆ ਸਾਰਾ, ਵਿਗੜੀ ਮੁੰਡੀਰ, ਚਿੱਟੇ ਕੁੜਤੇ-ਪਜਾਮੇ ਪਾ ਕੇ ਚਿੱਟਾ ਪੀਂਦੀ ਆ, ਘਰ ਘਰ ਚੁੰਨੀਆਂ ਦਾ ਰੰਗ ਚਿੱਟਾ ਛੇਤੀਂ ਹੋਣ ਲੱਗ ਪਿਆ। ਭਰਾਵਾ ਉਹ ਤਾਂ ਜਿਵੇਂ ਖਾ ਕੇ ਕੁਛ ਭਾਸ਼ਣ ਕਰਦੀ ਹੋਵੇæææ ਜ਼ੋਰ ਲਾ ਲਾ ਕੇ ਕਹੇ, ਚਿੱਟਾ ਵੀ ਨਹੀਂ ਪਾਉਣਾ ਹੁਣ ਕਦੇ, ਇਹ ਚਿੱਟਿਆਂ ਨੇ ਕੱਖ ਨ੍ਹੀਂ ਛੱਡਿਆ ਪਹਿਲਾਂ। ਹੁਣ ਚਿੱਟਾ ਪਾ ਕੇ ਚੱਟ ਗਏ ਮੁਲਖ ਸਾਰਾ।”
“ਗੱਲ ਤਾਂ ਭਜਨੀ ਊਂ ਠੀਕ ਈ ਕਰਦੀ ਆ। ਕਿਤੇ ਚੱਕ ਤਾਂ ਨ੍ਹੀਂ ਕਿਸੇ ਦੀ? ਤੂੰ ਪੁੱਛ ਲੈਣਾ ਸੀ ਕਿ ਭਜਨੀਏ ਭਗਵੇਂ ਪਾ ਕੇ ਸਾਧ ਬਣ ਜਾਵਾਂ ਫਿਰ?”
“ਫਿਰ ਤਾਂ ਖੁਸ਼ ਹੋ ਗਈ ਹੋਣੀ ਆ ਪਈ ਬਿਸ਼ਨਾ ਕਿਸੇ ਚੰਗੇ ਡੇਰੇ ‘ਤੇ ਬਹਿ ਜੂ?”
“ਭਰਾਵਾ ਹਾਅ ਈ ਮੈਂ ਕਹਿ ਬੈਠਾ ਪਈ ਹੁਣ ਸਾਧ ਬਣਨੋਂ ਰਹਿੰਦਾ, ਭਗਵੇਂ ਪਾ ਲਵਾਂ”
“ਫਿਰ?”
“ਲੱਗ ਪਈ ਪਿੱਟਣ!”
“ਹੈਂ! ਉਹ ਕਿਉਂ?”
“ਨਰੈਣਿਆ ਹੋ ਗਈ ਬੇ ਕਾਬੂ। ਅੱਖਾਂ ਲਾਲ, ਦਾਰੇ ਭਲਵਾਨ ਜਿੰਨਾ ਜੋਸ਼। ਪਿੱਟਦੀ ਆਖੇ, ਸਾਧ ਬਣਨ ਨਾਲੋਂ ਤਾਂ ਚੰਗਾ ਤੂੰ ਪੂਰਾ ਈ ਹੋ ਜਾਵੇਂ। ਹਾਏ ਮੈਂ ਮਰ ਜਾਂ ਸਾਧ ਲੁੱਚੇ ਸਿਰੇ ਦੇ, ਬਦਨਾਮ, ਭੋਲੀਆਂ ਜਨਾਨੀਆਂ ਦੀਆਂ ਇੱਜਤਾਂ ਲੁੱਟਦੇ ਆ। ਭਗਵੇਂ ਪਾ ਕੇ ਚੋਰਾਂ ਨਾਲ ਰਹਿੰਦੇ ਆ।”
“ਬਿਸ਼ਨਿਆਂ ਚੋਰਾਂ ਨਾਲ! ਉਹ ਕਿੱਦਾਂ?”
“ਹਾਅ ਈ ਮੈਂ ਪੁੱਛ ਬੈਠਾ। ਹੋਰ ਪਾਰਾ ਉਪਰ, ਹੱਥੋਂ ਨਿਕਲਦੀ ਜਾਵੇ। ਕਹਿੰਦੀ, ਇਕ ਡੂਢ ਅੱਖਾ ਜਿਹਾ ਦਿੱਲੀ ਦੀਆਂ ਗੱਲਾਂ ਕਰਦੈ। ਸਾਧਾਂ ਕੋਲ ਭਾਨ ਨ੍ਹੀਂ ਹੁੰਦੀ, ਉਹ ਕਰੋੜਾਂ ਗਿਣਦੈ, ਕਿਤੇ ਜੁੱਤੀਆਂ ਪੈਣ ਲੱਗੀਆਂ ਤਾਂ ਸਾਡੇ ਆਗੂੰ ਲੀੜੇ ਪਾ ਕੇ ਤੀਵੀਂ ਬਣ ਕੇ ਭੱਜ ਗਿਆ ਬੇਸ਼ਰਮ, ਬੰਦਾ ਬਣਨ ਨੂੰ ਪਿਐ! ਸਾਧ ਫਿਲਮਾਂ ਬਣਾਉਣ ਲੱਗ ਪਏ ਆ, ਲੋਕਾਂ ਨੂੰ ਆਂਹਦੇ ਆ ਮੌਤ ਤੋਂ ਨਾ ਡਰੋ, ਆਪ ਕਾਲੇ ਕੱਪੜਿਆਂ ਆਲੇ ਲਈ ਫਿਰਦੇ ਆ। ਬਾਪੂ ਦੀ ਚਿੱਟੀ ਦਾੜੀ ‘ਚ ਫੁੱਲ ਪੈ ਰਿਹੈ ਜੇਲ੍ਹਾਂ ‘ਚ, ਪੁੱਤ ਵੀ ਨੱਚਦਾ ਸੀ ਨਚਾਰਾਂ ਵਾਗੂੰ, ਉਹ ਵੀ ਤੀਵੀਆਂ ਆਲੇ ਚੱਕਰ ‘ਚ ਅੰਦਰ ਈ ਆ। ਇਨ੍ਹਾਂ ਨੂੰ ਤਾਂ ਲੋਕਾਂ ਨੇ ਮਰਿਆ ਨੂੰ ਨ੍ਹੀਂ ਫੂਕਣਾ। ਬਾਈ ਫੁੰਮਣਾ ਪਤਾ ਨ੍ਹੀਂ ਕੀ ਹੋ ਗਿਆ ਭਜਨੀ ਨੂੰ, ਕਿਤੇ ਸਾਧਾਂ ਦੇ ਉਹਨੇ ਭਜਨ ਸੁਣਾਏ! ਪੁੱਛ ਨਾ, ਮਸੀਂ ਠੰਡੀ ਪਈ।”
“ਸਾਲੋ ਦੀ ਪ੍ਰਤਾਪੀ ਆਂਹਦੀ ਹੁੰਦੀ ਸੀ, ਤੂੰ ਏਨੀਆਂ ਚੰਗੀਆਂ ਗੱਲਾਂ ਕਰਦੀ ਕਰਦੀ ਫਿਰ ਭੰਨ’ਤੀ। ਤੂੰ ਸ਼ਰਮ ਕਰਦਾ।”
“ਫਿਰ ਤਾਂ ਚੱਲ ਮੈਂ ਉਹਦੇ ਕੰਨਾਂ ‘ਤੇ ਚਾਰ ਨਾ ਲਾਉਂਦਾ ਯਾਰ ਪਰ ਮੈਂ ਇਹਦੇ ਨਾਲ ਸਾਰੀ ਉਮਰ ਕੱਟੀ ਆ, ਚੁੱਭਵੀਂ ਗੱਲ ਨ੍ਹੀਂ ਕਰਨੋਂ ਹਟਦੀ!”
“ਹੋਰ ਕੀ ਕਹਿ’ਤਾ?”
“ਝਾੜੂ ਚੁੱਕ ਕੇ ਆਂਹਦੀ, Ḕਆਹ ਫਿਰਨਾ ਹੁਣ।Ḕ ਮੈਂ ਕਿਹਾ ਕਿਹਦੇ? ਮੂਹਰਿਓਂ ਬਣਾ ਸੁਆਰ ਕੇ ਆਖਣ ਲੱਗੀ, ‘ਪਤਾ ਨ੍ਹੀਂ ਕੱਬੀ ਗਾਂ ਨੇ ਸਿੰਗਾਂ ਨਾਲ ਢਿੱਡ ਪਤਾ ਨ੍ਹੀਂ ਕੀਹਦਾ ਦੋ ਥਾਂ ਕਰ ਦੇਣੈ!’ ਮੈਂ ਨ੍ਹੀਂ ਫਿਰ ਅੱਗਾ ਪਿੱਛਾ ਦੇਖਿਆ ਪਟਕਾ ਪਟਕਾ ਕੇ ਮਾਰੀ। ਮੂਹਰੇ ਬੋਲਦੀ ਆ ਵੱਡੀ।”
“ਓ ਜਾ ਓਏ ਚਰਖਿਆ! ਤੂੰ ਸੋਚਦਾ ਹੋਣਾ ਵਿਹੜਾ ਸੁੰਬਰਨ ਵਾਲਾ ਝਾੜੂ।”
“ਨਾ ਹੋਰ ਕਿਹੜਾ ਹੁੰਦੈ?”
“ਸਾਲੇ ਤੀਵੀਂ ਕੁੱਟ ਕੇ ਭੀਮ ਸੈਨ ਦੇ ਸਾਂਢੂ ਬਣ ਜਾਂਦੇ ਆ। ਜਾਹ ਡਿਗ ਪੈ ਉਹਦੇ ਪੈਰੀਂ।”
“ਕਿਉਂ?”
“ਕੰਜਰ ਦਿਆ ਝਾੜੂ ਦੂਜੀ ਵਾਰ ਤਾਂ ਭਾਵੇਂ ਟੁੱਟ ਜਾਏ, ਇਕ ਵਾਰ ਤਾਂ ਫਿਰੂਗਾ ਹੀ ਫਿਰੂਗਾ।”
“ਤੇਰਾ ਨਰੈਣਿਆ ਮਤਬਲ ਐ ਪਈ ਹੁਣ ਭਜਨੀ ਨੂੰ ਨਾ ਹੀ ਕੁੱਟਿਆ ਕਰਾਂ?”
“ਚੰਗਾਂ ਰਹੇਂਗਾ?” ਜਾਗਰ ਨੇ ਗੱਲ ਵਿਚੋਂ ਬੋਚ ਲਈ।
“ਲੈ ਇਹ ਵੀ ਆ ਗਿਆ ਲਮਢੀਂਗਾ ਜਿਹਾ ਫਿਰ ਕਿਤੋਂ ਮਾਵਾ ਛਕ, ਛਲੇਡਾ ਪੂਰਾ।”
“ਆਪ ਜਿੱਦਾਂ ਕਿਤੇ ਸਾਲਾ ਰਾਹੁਲ ਗਾਂਧੀ ਹੁੰਦਾ, ਲਮਢੀਂਗ ਦੱਸਦਾ ਮੈਨੂੰæææ ਗੱਲ ਨ੍ਹੀਂ ਥੱਲੇ ਪੈਣ ਦਿੰਦੇ ਰਤਾ।” ਜਾਗਰ ਨੇ ਆਪਣੇ ਚਿੱਤੋਂ ਤਾਂ ਲਾਹ’ਤੀ ਨਰੈਣੇ ਦੀ।
“ਨਾ ਤੂੰ ਟਰੜੇ ਕੁੱਤੇ ਆਗੂੰ ਆਇਆ ਕਿੱਥੋਂ ਆਂ?”
“ਚੁੱਪ ਕਰ ਤੂੰ ਵੀ ਬਿਸ਼ਨਿਆ ਸਾਲਿਆ, ਬੁੱਢੀ ਤੀਵੀਂ ਕੁੱਟ ਕੇ ਜਿਊਣੇ ਮੌੜ ਦਾ ਫੁੱਫੜ ਬਣੀ ਫਿਰਦੈਂ। ਆਇਆ ਮੈਂæææ ਦੱਸਦੈਂ ਬਹਿ ਲੈਣ ਦੇ। ਪਹਿਲਾਂ ਤਾਂ ਸਾਂਸੀਆਂ ਦੇ ਨਛੱਤਰ ਤੋਂ ਵੀਹਾਂ ਦਾ ਕੱਪ ਪੀਤਾ ਭੁੱਕੀ ਦਾ। ਸਰੀਰ ਕੰਡੇ ‘ਚ ਹੋਇਆ ਤਾਂ ਸਹੁਰੇ ਬੇਲਿਆਂ ਦਾ ਨੱਥਾ ਸਿਹੁੰ ਰੋਵੇ ਪਈ ਗੜ੍ਹਿਆਂ ਨੇ ਕਣਕ ਰੋਲ’ਤੀ, ਅੱਗੇ ਸਰਪੰਚ ਦੇ ਘਰ ਮੂਹਰੇ ਸੱਥ ਬੱਝੀ ਪਈ, ਉਥੇ ਬੰਨੋ ਤੇ ਚੰਨੋ ਦਾ ਰੌਲਾ ਪਵੇ।”
“ਓਏ ਅਮਲੀਆ, ਚੰਨੋ ਤੇ ਬੰਨੋ ਕੀ?”
“ਜਿਹੜਾ ਜੱਟਾਂ ਦਾ ਜਾਟਾਂ ਨਾਲ ਰੌਲਾ ਪੈਂਦਾ ਸਤਲੁਜ ਤੇ ਯਮਨਾ ਵਾਲਾ। ਮੈਥੋਂ ਵੀ ਰਿਹਾ ਨਾ ਗਿਆ, ਸਾਲੇ ਸਾਰੇ ਬਹਿ ਗਏ, ਮੂਤ ਦੀ ਝੱਗ ਵਾਂਗੂ।”
“ਨਾ ਤੈਂ ਕੀ ਕਿਹਾ?”
“ਮੈਂ ਕਿਹਾ ਲੀਡਰ ਕਹੀ ਜਾਂਦੇ ਆ ਪਾਣੀ ‘ਚ ਬੱਸਾਂ ਚਲਾਉਣੀਆਂ, ਸਿਰ ਸੁਆਹ ਇਨ੍ਹਾਂ ਦੇ ਛੱਪੜ ਸੁੱਕੇ ਪਏ, ਦਸ ਕੁ ਸਾਲ ਹੋ ਗਏ ਹੋਣੇ ਆ, ਆਪਣੇ ਪਿੰਡ ਆਲੀ ਬੇਈਂ ਦੀ ਕਦੇ ਵਾਰੀ ਨਹੀਂæææਬੱਸਾਂ ਚਲਾਉਣੀਆਂ ਖੂਹ ‘ਚ ਆ? ਉਹ ਵੀ ਉਜੜੇ ਪਏ, ਆ ਜਿਹੜੀਆਂ ਨਹਿਰਾਂ ਦੀ ਖੱਪ ਪੈਂਦੀ ਆ, ਇਹ ਹੈਗੀਆਂ ਵੀ ਆ ਕਿਤੇ। ਮੈਂ ਤਾਂ ਦੇਖੀਆਂ ਨ੍ਹੀਂ ਪਤਾ ਨੀਂ ਚੰਦ ‘ਤੇ ਆ! ਜੰਗਲ ਪਾਣੀ ਜਾਣ ਨੂੰ ਪਾਣੀ ਨ੍ਹੀਂ ਮਿਲਦਾ! ਬਈ ਮੇਰੀਆਂ ਸੁਣ ਕੇ ਦੰਦ ਛਿੱਕਲ ਪੈ ਗਈ ਸਾਰਿਆਂ ਨੂੰ।”
“ਗੱਲਾਂ ਤੇਰੀਆਂ ਜਾਗਰਾ ਵਾਕਿਆ ਸਹੀ ਨੇ, ਤੂੰ ਤਾਂ ਮੁੱਖ ਮੰਤਰੀ ਹੁੰਦੋਂ।”
“ਚੱਲਿਆ ਮੈਂ, ਸਾਲਾ ਟੱਟੂ ਜਿਹਾ ਫੁੰਮਣ ਨ੍ਹੀਂ ਗੱਲ ਭੁੰਜੇ ਲੱਗਣ ਦਿੰਦਾ, ਮੁੱਖ ਮੰਤਰੀ ਬਣਾਉਂਦਾ ਮੈਨੂੰ! ਨੀਲੀ ਛੱਤ ਆਲੇ ਨੇ ਘਰ ਵਾਲਾ ਕਿਸੇ ਦਾ ਬਣਾਇਆ ਨ੍ਹੀਂ, ਸਾਰੀ ਉਮਰ ਛੜਾ ਰਿਹਾਂ, ਮੁੱਖ ਮੰਤਰੀ ਬਣਨੈ! ਚਲੋ ਫਿਰ ਵੀ ਊਂ ਚੰਗੇ ਆਂ, ਨਹੀਂ ਤਾਂ ਰੋਜ਼ ਬਿਸ਼ਨੇ ਆਲਾ ਕੁੱਤਖਾਨਾ ਹੋਣਾ ਸੀ।”
“ਲਾ’ਤੀ ਬਈ ਸਿਰੇ ਜਾਗਰ ਨੇ।”
“ਕਿਣ ਮਿਣ ਸਾਲੀ ਫਿਰ ਲੱਗ ਪਈ। ਚਲੋ, ਚੱਲ ਕੇ ਫੁੰਮਣਾ ਆਪਾਂ ਵੀ ਆਪਣੀ ḔਕੌੜੀḔ ਕਿਣ ਮਿਣ ਕਰੀਏ।”
æææਤੇ ਸੱਥ ਉਖੜ ਗਈ।
______________________
ਗੱਲ ਬਣੀ ਕਿ ਨਹੀਂ?
ਐਸ ਅਸ਼ੋਕ ਭੌਰਾ
ਵਕਤ ਬੋਲਦਾ ਹੈ!
ਯੁੱਗ ਬਦਲ ਗਿਆ, ਸਾਜ਼ ਬਦਲ ਗਏ, ਨਹੀਂ ਬਦਲਦੇ ਰਾਗ ਮੀਆਂ।
ਹਾੜ੍ਹ ਮਹੀਨੇ ਸਰਦੀ ਲੱਗੇ, ਤਪਦਾ ਅੱਜ ਕਲ ਮਾਘ ਮੀਆਂ।
ਅੰਦਰੋਂ ਸੜਿਆ ਈਰਖਾ ਵਿਚ ਜੋ, ਉਤੋਂ Ḕਹੀਂ ਹੀਂḔ ਕਰਦਾ ਏ,
ਏਦੂੰ ਚੰਗਾ ਮਿਲ ਜਾਏ ਮਿੱਤਰੋ, ਕਿਤੇ ਖੜੱਪਾ ਨਾਗ ਮੀਆਂ।
ਕਿਸੇ ਵੀ ਘਰ ‘ਚ ਲਗਦਾ ਨਹੀਂ ਹੁਣ, ਉਹ ਪ੍ਰਾਹੁਣੇ ਆਉਂਦੇ ਨੇ,
ਵੇਖ ਜਿਨ੍ਹਾਂ ਨੂੰ ਬੋਲਣ ਲੱਗ ਪਏ, ਬੈਠ ਬਨੇਰੇ ਕਾਗ ਮੀਆਂ।
ਰੋਜ਼ ਸਿਆਲਾਂ ਦੇ ਵਿਚ ਕੈਦੋਂ ਹਲ਼ਕੇ ਵੇਖੇ ਫਿਰਦੇ ਨੇ,
ਤਾਂ ਹੀਰ ਦਾ ਲੁੱਟਿਆ ਜਾਂਦਾ ਦਿਨ ਚੜ੍ਹਦੇ ਨੂੰ ਬਾਗ ਮੀਆਂ।
ਵੇਖ ਕੇ ਬਾਣਾ ਇਉਂ ਜਾਪਦੈ, ਇਸ ਤੋਂ ਵੱਡਾ ਧਰਮੀ ਨਹੀਂ,
ਚੁੱਪ ਕਰਕੇ ਉਂਜ ਲਾ ਜਾਂਦਾ ਏ, ਨਿੱਤ ਨਫਰਤ ਦਾ ਜਾਗ ਮੀਆਂ।
ਗੱਦੀ ਉਤੇ ਬਹਿ ਕੇ ਹਾਕਮ ਮੂਰਖ ਸਮਝਣ ਪਰਜਾ ਨੂੰ,
ਫਿਰ ਵੀ ਲੱਛੀ ਸੋਚ ਰਹੀ ਹੈ, ਜਾਗ ਪੈਣਗੇ ਭਾਗ ਮੀਆਂ।
ਦੁਖਦਾ ਰਹਿੰਦਾ ਸਿਰ ਸੱਸੀ ਦਾ, ਮਾਤਾ ਨਿਕਲੀ ਪੁੰਨੂ ਦੇ,
ਪਈ ਜਾਂਦੇ ਯੂਸਫ ਦੇ ਮੂੰਹ ‘ਤੇ, ਕਿਉਂ ਚੇਚਕ ਦੇ ਦਾਗ ਮੀਆਂ।
ਝੂਠ-ਫਰੇਬ ਦੀ ਮਾਰ ਕੇ ਤਾਲੀ, ਲੋਕ ਕੱਵਾਲੀ ਗਾਉਂਦੇ ਨੇ,
ਫਿਰ ਵੀ ਸੋਚਣ ਦਰਗਾਹਾਂ ‘ਤੇ ਜਗਦੇ ਰਹਿਣ ਚਿਰਾਗ ਮੀਆਂ।
ਲੀੜੇ ਪਾ ਕੇ ਚਿੱਟੇ ਬੰਦੇ, ਉਂਜ ਬੜੇ ਸੁਨੱਖੇ ਬਣਦੇ ਨੇ,
ਧੀਆਂ-ਪੁੱਤਾਂ ਕੋਲੋਂ ਮਾਪੇ ਮੰਗਦੇ ਨੇ ਹੁਣ ਲਾਗ ਮੀਆਂ।
ਪਹਿਲੀ ਵੰਡ ਵਿਚ ਅੱਧੇ ਰਹਿ ਗਏ, ਹੁਣ ਬਚਣੇ ਦੀ ਆਸ ਨਹੀਂ,
ਇਕ-ਦੂਜੇ ਦੇ ਗਲ ਲੱਗ ਰੋਂਦੇ, ਪੰਜੇ ḔਭੌਰੇḔ ‘ਆਬ ਮੀਆਂ।