ਨਿਵੇਕਲੀ ਪੈੜ ਪਾਵੇਗੀ ‘ਵਿਸਾਖੀ ਲਿਸਟ’: ਗਾਖਲ

ਐਸ ਅਸ਼ੋਕ ਭੌਰਾ
ਕੰਮ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ, ਔਖਾ ਹੀ ਹੁੰਦਾ ਹੈ ਪਰ ਇਹ ਸੁਖਾਲਾ ਉਦੋਂ ਬਣਦਾ ਹੈ ਜਦੋਂ ਤੁਹਾਡੇ ਅੰਦਰ ਹਿੰਮਤ ਦੀ ਅੱਗ ਬਲਣ ਲੱਗ ਪਵੇ ਤੇ ਲਗਨ ਦੇ ਘੋੜੇ ਦੌੜਨ ਲੱਗ ਪੈਣ। ਅਜਿਹਾ ਕੁਝ ਹੀ ਕੈਲੀਫੋਰਨੀਆ ਵਿਚ ਵੱਸਦੇ ਗਾਖਲ ਭਰਾਵਾਂ ਦੇ ਅੰਦਰ ਲੰਮੇ ਅਰਸੇ ਤੋਂ ਉਥਲ-ਪੁਥਲ ਹੁੰਦਾ ਆਇਆ ਹੈ। ਟਰਾਂਸਪੋਰਟ ਦਾ ਕਾਰੋਬਾਰ ਸੀ, ਜਾਂ ਮੋਟਲ ਦਾ; ਖੇਡਾਂ ਦਾ ਖੇਤਰ ਸੀ ਜਾਂ ਗੋਲਡ ਜਿਮ ਦਾ; ਤਿੰਨਾਂ ਭਰਾਵਾਂ- ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਅਤੇ ਇਕਬਾਲ ਸਿੰਘ ਗਾਖਲ ਨੇ ਚਹੁੰ ਦਿਸ਼ਾਵਾਂ ‘ਚ ਬਰਾਬਰ ਪੈੜ ਪਾਈ ਹੈ ਅਤੇ ਭਾਈਚਾਰੇ ਨੂੰ ਮਾਇਕ ਸਹਾਇਤਾ ਦੇਣ ਵਿਚ ਵੀ ਉਹ ਸਭ ਤੋਂ ਅੱਗੇ ਰਹੇ ਹਨ।

ਹਿੰਦੀ ਫਿਲਮ ‘ਸੈਕੰਡ ਹੈਂਡ ਹਸਬੈਂਡ’ ਨਾਲ ਉਨ੍ਹਾਂ ਫਿਲਮ ਜਗਤ ਵਿਚ ਪੈਰ ਰੱਖਿਆ ਸੀ। ਹੁਣ ਉਨ੍ਹਾਂ ‘ਜੀ ਬੀ ਐਂਟਰਟੇਨਮੈਂਟ’ ਦੇ ਬੈਨਰ ਹੇਠ ਵੱਡੇ ਬਜਟ ਦੀ ਪੰਜਾਬੀ ਫਿਲਮ ‘ਵਿਸਾਖੀ ਲਿਸਟ’ ਦਾ ਨਿਰਮਾਣ ਕੀਤਾ ਹੈ ਜੋ 22 ਅਪਰੈਲ ਨੂੰ ਦੁਨੀਆਂ ਭਰ ਦੇ ਸਿਨੇਮਾ ਘਰਾਂ ‘ਚ ਦਸਤਕ ਦੇਣ ਲਈ ਤਿਆਰ ਹੈ। ਪੇਸ਼ ਹੈ ਨਿਰਮਾਤਾ ਅਮੋਲਕ ਸਿੰਘ ਗਾਖਲ ਨਾਲ ਫਿਲਮੀ ਦੁਨੀਆਂ ਦੇ ਨਵੇਂ ਤਜਰਬੇ ਬਾਰੇ ਕੁਝ ਗੱਲਾਂ:
ਸਵਾਲ: ਤੁਸੀਂ ਕਈ ਖੇਤਰਾਂ ‘ਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ, ਫਿਲਮਾਂ ਵੱਲ ਆਉਣ ਦਾ ਕਿਉਂ ਤੇ ਕਿਵੇਂ ਖਿਆਲ ਆਇਆ?
ਜਵਾਬ: ਤੁਹਾਡੇ ਅੰਦਰ ਜੋ ਕੁਝ ਵੀ ਹੁੰਦਾ ਹੈ, ਉਹ ਕਦੇ ਨਾ ਕਦੇ ਬਾਹਰ ਆਉਣਾ ਹੁੰਦਾ ਹੈ। ਮੈਂ 13 ਸਾਲਾਂ ਦਾ ਸਾਂ ਜਦੋਂ ਧਰਮਿੰਦਰ ਨੂੰ ਮਿਲਣ ਲਈ ਘਰੋਂ ਭੱਜ ਗਿਆ ਸਾਂ। ਸਾਹਨੇਵਾਲ ਵੀ ਗੇੜੀ ਮਾਰੀ, ਪਰ ਗੱਲ ਨਾ ਬਣੀ। ਫਿਰ ਉਸੇ ਧਰਮਿੰਦਰ ਨੂੰ ਲੈ ਕੇ ਅਸੀਂ ‘ਸੈਕੰਡ ਹੈਂਡ ਹਸਬੈਂਡ’ ਫਿਲਮ ਬਣਾਈ। ਜਿਸ ਧਰਮਿੰਦਰ ਨੂੰ ਵੇਖਣ ਲਈ ਘਰੋਂ ਭੱਜਿਆ ਸਾਂ, ਉਸ ਨੂੰ ਪਰਿਵਾਰ ਵਿਚ ਲਿਆ ਕੇ ਸਾਂਝੇ ਟੇਬਲ ‘ਤੇ ਬਿਠਾ ਕੇ ਖਾਣਾ ਖੁਆਇਆ। ਫਿਲਮਾਂ ਵਿਚ ਆਉਣ ਦਾ ਕਾਰਨ ਸ਼ੌਕ ਹੀ ਹੈ, ਲੇਕਿਨ ਇਹ ਵੀ ਸੱਚ ਹੈ ਕਿ ਸ਼ੌਕ ਪੈਸੇ ਬਿਨਾਂ ਪੂਰੇ ਨਹੀਂ ਹੋ ਸਕਦੇ। ਇਨ੍ਹਾਂ ਫਿਲਮਾਂ ਨੂੰ ਅਸੀਂ ਬਿਜ਼ਨਸ ਵਜੋਂ ਲੈ ਰਹੇ ਹਾਂ ਤੇ ਸਾਡੇ ਤਿੰਨਾਂ ਭਰਾਵਾਂ ਦੀ ਇਕਸੁਰਤਾ ਇਸ ਸੋਚ ਵਿਚ ਹੈ ਕਿ ਜਿਨ੍ਹਾਂ ਰਾਹਾਂ ਵਿਚੋਂ ਲੰਘੀਏ, ਉਹ ਰਾਹ ਜਰਨੈਲੀ ਸੜਕ ਵਰਗੇ ਬਣਾ ਕੇ ਅਤੇ ਸਫਲ ਵਪਾਰ ਨਾਲ ਸਮਾਜ ਦੇ ਕਿਤੇ ਨਾ ਕਿਤੇ ਕੰਮ ਵੀ ਆਈਏ। ਲੰਮੇ ਸਮੇਂ ਤੋਂ ਮੈਂ ਫਿਲਮ ਨਿਰਮਾਣ ਵਿਚ ਆਉਣਾ ਚਾਹੁੰਦਾ ਸਾਂ, ਪਰ ਜਿਵੇਂ ਕਹਿੰਦੇ ਨੇ, ਵਕਤ ਤੋਂ ਪਹਿਲਾਂ ਕੁਝ ਵੀ ਸੰਭਵ ਨਹੀਂ ਹੁੰਦਾ, ਹੁਣ ਜਦੋਂ ਫਿਲਮ ਜਗਤ ਵਿਚ ਪੈਰ ਧਰਿਆ ਤਾਂ ਮਜ਼ਬੂਤ ਅਤੇ ਨਰੋਏ ਮਨ ਨਾਲ ਧਰਿਆ ਹੈ; ਤਾਂ ਕਿ ਵਪਾਰ ਦੇ ਨਾਲ-ਨਾਲ ਪੰਜਾਬੀ ਫਿਲਮ ਜਗਤ ਨੂੰ ਕੁਝ ਨਾ ਕੁਝ ਦੇ ਸਕੀਏ, ਆਪਣੇ ਪਿਤਾ ਨਸੀਬ ਸਿੰਘ ਗਾਖਲ ਦੇ ਦਿੱਤੇ ਗੁਰ ਅਨੁਸਾਰ ‘ਜੇ ਘਰੋਂ ਨਿਕਲੀਏ ਤਾਂ ਖਾਲੀ ਹੱਥ ਨਹੀਂ ਪਰਤੀਦਾ’ ਵਾਲੇ ਅਹਿਦ ‘ਤੇ ਵੀ ਚੱਲਦੇ ਰਹੀਏ।
ਸਵਾਲ: ਹਿੰਦੀ ਫਿਲਮ ਦਾ ਪਹਿਲਾਂ ਨਿਰਮਾਣ ਕੀਤਾ, ਰਿਸਕ ਵੱਡਾ ਸੀ, ਪੰਜਾਬੀ ਫਿਲਮ ਪਹਿਲਾਂ ਕਿਉਂ ਨਾ ਬਣਾਈ?
ਜਵਾਬ: ਮੱਝ ਭਾਵੇਂ ਲੱਖ ਰੁਪਏ ਦੀ ਘਰ ਲੈ ਆਓ, ਪਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਉਹ ਪਹਿਲੇ ਸੂਏ ਬਾਲਟੀਆਂ ਨੱਕੋ-ਨੱਕ ਭਰ ਕੇ ਦੁੱਧ ਦੇਵੇ। ਕੰਮ ਅਸੀਂ ਸੁਭਾਅ ਮੁਤਾਬਿਕ ਸਿਰੇ ਦਾ ਕੀਤਾ। ਧਰਮਿੰਦਰ ਨੂੰ ਲੈ ਕੇ ਫਿਲਮ ਬਣਾਈ। ਪੰਜਾਬੀ ਫਿਲਮਾਂ ਵਾਲੇ ਗਿੱਪੀ ਗਰੇਵਾਲ ਨੂੰ ਹਿੰਦੀ ਪਲੇਟਫਾਰਮ ‘ਤੇ ਮੌਕਾ ਦਿੱਤਾ। ਘਾਟੇ-ਵਾਧੇ ਦੀ ਕੋਈ ਪ੍ਰਵਾਹ ਨਹੀਂ ਕੀਤੀ, ਕਿਉਂਕਿ ਇਹ ਧਾਰਨਾ ਪੱਕੀ ਹੈ ਕਿ ਕੁਝ ਹਾਸਲ ਕਰਨਾ ਹੋਵੇ ਤਾਂ ਗੁਆਉਣਾ ਵੀ ਪੈਂਦਾ ਹੈ। ਫਿਲਮ ਘੱਟ ਚੱਲੀ ਜਾਂ ਵੱਧ, ਪਰ ਅਸੀਂ ਤਜਰਬਾ ਮੁਕੰਮਲ ਹਾਸਲ ਕਰ ਲਿਆ ਹੈ। ਅਸੀਂ ਕੈਲੀਫੋਰਨੀਆ ਤੇ ਮੁੰਬਈ ਨਾਲ ਇੱਕੋ ਵੇਲੇ ਜੁੜੇ ਰਹਿੰਦੇ ਹਾਂ।
ਸਵਾਲ: ਸਮੀਪ ਕੰਗ ਨਾਲ ਪਹਿਲੀ ਫਿਲਮ ਬਣਾਈ ਸੀ, ਹੁਣ ‘ਵਿਸਾਖੀ ਲਿਸਟ’ ਵੀ ਸਮੀਪ ਕੰਗ ਨਾਲ ਹੀ ਕਤੀ ਹੈ।
ਜਵਾਬ: ਕੰਮ ਕਰਨ ਤੇ ਕਰਾਉਣ ਦਾ ਉਥੋਂ ਸੁਆਦ ਆਉਂਦਾ ਹੈ ਜਿੱਥੇ ਤੁਹਾਡੀ ਸੁਰ ਮਿਲਦੀ ਹੋਵੇ। ‘ਕੈਰੀ ਆਨ ਜੱਟਾ’ ਵਰਗੀਆਂ ਸਫਲ ਪੰਜਾਬੀ ਫਿਲਮਾਂ ਸਮੀਪ ਕੰਗ ਨੇ ਪੰਜਾਬੀ ਫਿਲਮ ਜਗਤ ਨੂੰ ਦਿੱਤੀਆਂ ਹਨ, ਉਹਨੇ ਹਿੰਦੀ ਫਿਲਮ ਵੀ ਬਣਾਈ ਸੀ। ਉਹਦਾ ਇਹ ਇਤਿਹਾਸ ਗਾਖਲ ਭਰਾਵਾਂ ਨਾਲ ਜੁੜਿਆ ਰਹੇਗਾ। ‘ਵਿਸਾਖੀ ਲਿਸਟ’ ਮਨੋਰੰਜਨ ਭਰਪੂਰ ਹੀਂ ਨਹੀਂ, ਉਦੇਸ਼ ਹੀ ਸਪਸ਼ਟ ਨਹੀਂ ਕਰਦੀ, ਸਗੋਂ ਇਸ ਧਾਰਨਾ ਨੂੰ ਵੀ ਪੱਕਾ ਕਰੇਗੀ ਕਿ ਜੇ ਤੰਦਰੁਸਤ ਰਹਿਣਾ ਹੈ ਤਾਂ ਹੱਸਣ ਦੀ ਆਦਤ ਪਾ ਲਵੋ। ਫਿਲਮ ਵੇਖ ਕੇ ਹਰ ਦਰਸ਼ਕ ਸੰਤੁਸ਼ਟ ਅਤੇ ਉਹਦੇ ਚਿਹਰੇ ‘ਤੇ ਰੌਣਕ ਹੋਵੇਗੀ।
ਸਵਾਲ: ‘ਵਿਸਾਖੀ ਲਿਸਟ’ ਕੀ ਹੈ?
ਜਵਾਬ: ਦੋ ਕੈਦੀਆਂ ਦੀ ਕਹਾਣੀ ਪਿਆਰ ਦੁਆਲੇ ਵੀ ਘੁੰਮਦੀ ਹੈ ਤੇ ਜੇਲ੍ਹ ਵਿਚੋਂ ਭੱਜਣ ਦੁਆਲੇ ਵੀ। ਫਿਰ ਮੁੜ ਜੇਲ੍ਹ ਵਿਚ ਐਂਟਰ ਹੋਣ ਲਈ ਵੀ। ਤਿਓਹਾਰਾਂ ਮੌਕੇ ਸਰਕਾਰਾਂ ਕੈਦੀਆਂ ਨੂੰ ਵਿਸ਼ੇਸ਼ ਰਿਆਇਤਾਂ ਤਹਿਤ ਰਿਹਾਅ ਕਰਦੀਆਂ ਨੇ। ਇਨ੍ਹਾਂ ਸਾਰੇ ਪੱਖਾਂ ਨੂੰ ਉਦੇਸ਼ ਤੇ ਹਾਸਰਸ ਨਾਲ ਜੋੜਿਆ ਹੈ, ਸਿਹਤਮੰਦ ਮਨੋਰੰਜਨ ਦੇਣ ਦਾ ਯਤਨ ਕੀਤਾ ਹੈ ਤਾਂ ਕਿ ਫਿਲਮ ਵੇਖ ਕੇ ਇਹ ਧਾਰਨਾ ਵੀ ਬਣੇ ਕਿ ਪਰਿਵਾਰ ਨਾਲ ਗੁਜ਼ਾਰੇ ਢਾਈ-ਤਿੰਨ ਘੰਟੇ ਜ਼ਿੰਦਗੀ ਦੇ ਯਾਦਗਾਰੀ ਪਲ ਬਣ ਗਏ। ਇਹ ਬਿਲਕੁਲ ਹਟਵੇਂ ਵਿਸ਼ੇ ‘ਤੇ ਬਣੀ ਫਿਲਮ, ਪੰਜਾਬੀ ਫਿਲਮ ਜਗਤ ਵਿਚ ਨਿਵੇਕਲੀ ਪੈੜ ਹੋਵੇਗੀ।
ਸਵਾਲ: ਫਿਲਮ ਦੀ ਸਮੁੱਚੀ ਸਟਾਰ ਕਾਸਟ ਕੀ ਹੈ?
ਜਵਾਬ: ਪਹਿਲੀ ਵਾਰ ਹੋਵੇਗਾ ਕਿ ਕਪਿਲ ਸ਼ਰਮਾ ਦੇ ਵਿਸ਼ਵ ਪ੍ਰਸਿੱਧ ਹਾਸਰਸ ਸ਼ੋਅ ‘ਕਮੇਡੀ ਨਾਈਟ’ ਵਿਚ ਭਰਪੂਰ ਹਾਸੇ ਵੰਡਣ ਵਾਲਾ ਸੁਨੀਲ ਗਰੋਵਰ ਉਰਫ ਗੁੱਥੀ ਵਰਗਾ ਕਲਾਕਾਰ ਦਰਸ਼ਕਾਂ ਨੂੰ ਪੰਜਾਬੀ ਫਿਲਮ ਵਿਚ ਵੇਖਣ ਨੂੰ ਮਿਲੇਗਾ। ਜਿਹੜਾ ਕੰਮ ਗੁੱਥੀ ਨੇ ‘ਵਿਸਾਖੀ ਲਿਸਟ’ ਵਿਚ ਕੀਤਾ ਹੈ, ਉਹਦਾ ਕੋਈ ਜਵਾਬ ਨਹੀਂ। ਫਿਲਮ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੇ ਜਿੰਮੀ ਸ਼ੇਰਗਿੱਲ ਦੀ ਪੰਜਾਬੀ ਫਿਲਮਾਂ ਵਿਚ ਆਪਣੀ ਥਾਂ ਹੈ। ਉਸ ਦੇ ਪ੍ਰਸ਼ੰਸਕ ਵੱਡੀ ਗਿਣਤੀ ਵਿਚ ਹਨ। ਆਪਣੇ ਕਿਰਦਾਰ ਨਾਲ ਉਸ ਨੇ ਪੂਰਾ ਇਨਸਾਫ ਕੀਤਾ ਹੈ। ਜਸਵਿੰਦਰ ਭੱਲਾ ਹੋਵੇ ਜਾਂ ਬੀਨੂੰ ਢਿੱਲੋਂ, ਰਾਣਾ ਰਣਬੀਰ ਹੋਵੇ ਜਾਂ ਕਰਮਜੀਤ ਅਨਮੋਲ, ਬੀ ਐਨ ਸ਼ਰਮਾ ਹੋਵੇ ਜਾਂ ਬਾਲ ਮੁਕੰਦ ਸ਼ਰਮਾ, ਸਭ ਪੂਰੇ ਜਚੇ ਹਨ। ਫਿਲਮ ਵਿਚ ਹਾਸਿਆਂ ਦੀਆਂ ਪੰਡਾਂ ਖੁੱਲ੍ਹਣਗੀਆਂ। ਦਰਸ਼ਕ ਯਾਦ ਰੱਖਣਗੇ ਕਿ ਫਿਲਮ ਵਿਚ ਬਹੁਤ ਕੁਝ ਖਾਸ ਦਿੱਤਾ ਹੈ। ਇਕ ਖਾਸ ਉਦੇਸ਼ ਨੂੰ ਹਾਸਿਆਂ ਦੇ ਮਾਹੌਲ ਵਿਚ ਸਮੀਪ ਕੰਗ ਨੇ ਬਾਕਮਾਲ ਸਿਰਜਿਆ ਹੈ।
ਸਵਾਲ: ‘ਵਿਸਾਖੀ ਲਿਸਟ’ ਬਾਰੇ ਕੋਈ ਹੋਰ ਗੱਲ?
ਜਵਾਬ: ਪੰਜਾਬ ਦੇ ਨੌਜਵਾਨ ਵਰਗ ਵਿਚ ਬੇਹੱਦ ਪਿਆਰੇ ਗਾਇਕ ਰਣਜੀਤ ਬਾਵਾ ਨੇ ਧਨੀ ਰਾਮ ਚਾਤ੍ਰਿਕ ਦੀ ਅਮਰ ਰਚਨਾ ‘ਮਾਰਦਾ ਦਮਾਮੇ ਜੱਟ ਮੇਲੇ ਆ ਗਿਆ’ ਕਿੰਨੇ ਵਧੀਆ ਅੰਦਾਜ਼ ਵਿਚ ਗਾਇਆ ਹੈ, ਫਿਲਮੀ ਪਰਦਾ ਮੂੰਹੋਂ ਬੋਲੇਗਾ। ਰਾਹਤ ਫਤਿਹ ਅਲੀ ਖਾਨ ਵਰਗੇ ਗਾਇਕ ਨੂੰ ਇਸ ਫਿਲਮ ਵਿਚ ਸਥਾਪਿਤ ਸੁਹਿਰਦ ਗਾਇਕ ਵਜੋਂ ਪੇਸ਼ ਕਰਨ ਵਿਚ ਸਾਡੀ ਇਹ ਕੋਸ਼ਿਸ਼ ਵੱਖਰਾ ਰੰਗ ਦਿਖਾਵੇਗੀ। ਸੰਗੀਤ ਜੈ ਦੇਵ ਕੁਮਾਰ ਦਾ ਹੈ ਅਤੇ ਗੀਤ ਬਾਬੂ ਸਿੰਘ ਮਾਨ ਨੇ ਲਿਖੇ ਨੇ। ‘ਵਿਸਾਖੀ ਲਿਸਟ’ ਸੱਚ-ਮੁੱਚ ਇਤਿਹਾਸ ਸਿਰਜੇਗੀ ਅਤੇ ਅਸੀਂ ਆਪਣੇ ਹੋਰ ਸਫਲ ਕਾਰਜਾਂ ਵਾਂਗ ਇਸ ਨਵੇਂ ਪਿੜ ਵਿਚ ਵੀ ਸਫਲਤਾ ਨਾਲ ਹੋਰ ਅੱਗੇ ਤੁਰਨ ਵਿਚ ਕਾਮਯਾਬ ਹੋਵਾਂਗੇ।