ਮਹਿੰਗੇ ਮੁੱਲ ਦੀ ਚਪੇੜ

ਐਮਰਜੈਂਸੀ ਅਤੇ ‘ਕੱਖ-ਕਾਨਾਂ’ ਦੀ ਵਾਰੀ-16
‘ਐਮਰਜੈਂਸੀ ਤੇ ਕੱਖ-ਕਾਨਾਂ ਦੀ ਵਾਰੀ’ ਲੇਖ ਲੜੀ ਵਿਚ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਐਮਰਜੈਂਸੀ ਨਾਲ ਜੁੜੀਆਂ ਯਾਦਾਂ ਦਾ ਵਰਕਾ ਫਰੋਲਿਆ ਹੈ। ਉਹ ਅਜਿਹਾ ਵਕਤ ਸੀ ਜਦੋਂ ਵਿਰੋਧ ਦੀ ਹਰ ਆਵਾਜ਼ ਨੂੰ ਬੰਦ ਕਰਨ ਦਾ ਹੀਲਾ ਕੇਂਦਰ ਸਰਕਾਰ ਨੇ ਕੀਤਾ ਸੀ। ਬਹੁਤ ਸਾਰੇ ਆਗੂਆਂ, ਪੱਤਰਕਾਰਾਂ, ਲੇਖਕਾਂ ਤੇ ਬੁੱਧੀਜੀਵੀਆਂ ਉਤੇ ਵੱਖ-ਵੱਖ ਕੇਸ ਪਾ ਕੇ ਉਨ੍ਹਾਂ ਨੂੰ ਜੇਲ੍ਹਾਂ ਅੰਦਰ ਡੱਕ ਦਿੱਤਾ ਗਿਆ। ਵਰਿਆਮ ਸਿੰਘ ਸੰਧੂ ਨੇ ਇਸ ਲੰਮੀ ਲੇਖ ਲੜੀ ਵਿਚ ਇਸ ਜੇਲ੍ਹ ਯਾਤਰਾ ਦੇ ਹਵਾਲੇ ਨਾਲ ਆਪਣੇ ਸਮਾਜ ਅਤੇ ਸਿਸਟਮ ਬਾਰੇ ਸਾਰਥਕ ਟਿੱਪਣੀਆਂ ਕੀਤੀਆਂ ਹਨ।

ਇਨ੍ਹਾਂ ਟਿੱਪਣੀਆਂ ਵਿਚ ਬਤੌਰ ਲੇਖਕ ਉਨ੍ਹਾਂ ਅਵਾਮ ਦੇ ਸਰੋਕਾਰ ਸਾਂਝੇ ਕੀਤੇ ਹਨ। ਐਤਕੀਂ ਆਖਰੀ ਕਿਸ਼ਤ ‘ਮਹਿੰਗੇ ਮੁੱਲ ਦੀ ਚਪੇੜ’ ਵਿਚ ਪੁਲਿਸ ਪ੍ਰਸ਼ਾਸਨ ਦੀ ਚਰਚਾ ਦੇ ਨਾਲ ਹੀ ਸ਼ਬਦਾਂ ਦੀ ਕਰਾਮਾਤ ਦਾ ਖੁਲਾਸਾ ਕੀਤਾ ਗਿਆ ਹੈ। -ਸੰਪਾਦਕ
ਵਰਿਆਮ ਸਿੰਘ ਸੰਧੂ
ਫੋਨ: 416-918-5212
ਇੱਕੋ ਕੇਸ ਨਾਲ ਸਬੰਧਿਤ ਹੋਣ ਕਰ ਕੇ ਬਿਜਲੀ ਬੋਰਡ ਵਾਲੇ ਬਲਬੀਰ ਨੇ ਅਤੇ ਮੈਂ ਇਕੱਠਿਆਂ ਤਰੀਕ ਭੁਗਤਣ ਜਾਣਾ ਸੀ। ਸਾਨੂੰ ਜੇਲ੍ਹ ਦੀ ਡਿਓੜੀ ਵਿਚ ਲੈ ਕੇ ਜਾਣ ਵਾਲੇ ਜੇਲ੍ਹ ਕਰਮਚਾਰੀ ਸਾਡੇ ਜਾਣੂ ਹੋ ਚੁੱਕੇ ਸਨ ਅਤੇ ਸਾਡੇ ਵਿਚਾਰਾਂ ਕਰ ਕੇ ਸਾਡੀ ਇੱਜ਼ਤ ਕਰਦੇ ਸਨ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਜੀਤੇ ਨਿਹੰਗ ਦੀ ਚਿੱਠੀ ਬਾਹਰ ਲੈ ਕੇ ਜਾਣੀ ਹੈ।
“ਗੱਲ ਈ ਕੋਈ ਨ੍ਹੀਂ ਭਾ ਜੀ!” ਉਨ੍ਹਾਂ ਆਖਿਆ।
ਡਿਓੜੀ ਵਿਚ ਆਪੋ-ਆਪਣੇ ਮੁਕੱਦਮਿਆਂ ਦੀਆਂ ਤਰੀਕਾਂ ਭੁਗਤਣ ਵਾਲੇ ਹੋਰ ਲੋਕ ਵੀ ਸਨ। ਤਰੀਕ ‘ਤੇ ਜਾਣ ਵਾਲੇ ਸਾਨੂੰ ਸਾਰਿਆਂ ਨੂੰ ਲਾਈਨ ਵਿਚ ਖੜ੍ਹਾ ਕਰ ਲਿਆ ਗਿਆ।
“ਜਿਹਦੇ ਕੋਲ ਜੋ ਕੁਝ ਵੀ ਹੈਗਾ, ਉਹ ਹੁਣੇ ਬਾਹਰ ਕੱਢ ਕੇ ਫੜਾ ਦੇਵੇ। ਫਿਰ ਨਾ ਆਖਿਓ!” ਗਾਰਦ ਨਾਲ ਜਾਣ ਵਾਲੇ ਹਵਾਲਦਾਰ ਨੇ ਧਮਕਾਇਆ ਅਤੇ ਫਿਰ ਲਾਈਨ ਦੇ ਇਕ ਸਿਰੇ ਤੋਂ ਸਭ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ।
“ਜਦੋਂ ਮੈਂ ਆਖ ਜੂ ਦਿੱਤਾ ਸੀ ਤਾਂ ਤੈਨੂੰ ਸੁਣਿਆਂ ਨਹੀਂ ਸੀ। ਬੁੱਜੇ ਦਿੱਤੇ ਸੀ ਕੰਨਾਂ ‘ਚ? ਤੁਸੀਂ ਲੋਕ ਛਿੱਤਰ ਦੇ ਯਾਰ ਓ।” ਹਵਾਲਦਾਰ ਦੀ ਆਵਾਜ਼ ਦੇ ਨਾਲ ਹੀ ‘ਤਾੜ! ਤਾੜ!!’ ਚਪੇੜਾਂ ਵੱਜਣ ਦੀ ਆਵਾਜ਼ ਸੁਣੀ। ਹਵਾਲਦਾਰ ਰੋਹ ਵਿਚ ਮੱਚ ਪਿਆ ਸੀ। ਵਾਰੀ ਵਾਰੀ ਤਲਾਸ਼ੀ ਲੈਂਦਿਆਂ ਜਿਸ ਕੋਲੋਂ ਵੀ ਕੁਝ ਲੱਭਦਾ, ਉਹਨੂੰ ਉਹ ਖੁੱਲ੍ਹੇ ਦਿਲ ਨਾਲ ਗਾਲ੍ਹਾਂ ਤੇ ਚਪੇੜਾਂ ਦੀ ਬਖ਼ਸ਼ਿਸ਼ ਕਰ ਰਿਹਾ ਸੀ। ਮੇਰੀ ਸਾਹਮਣੀ ਜੇਬ ਵਿਚ ਜੀਤੇ ਵਾਲੀ ਚਿੱਠੀ ਸੀ, ਪਰ ਮੈਂ ਲਾਈਨ ਦੇ ਲਗਭਗ ਅਖ਼ੀਰ ‘ਤੇ ਸਾਂ। ਮੇਰੇ ਕੋਲ ਪਹੁੰਚਦਿਆਂ ਨੂੰ ਅਜੇ ਉਹਨੂੰ ਚਿਰ ਲੱਗਣਾ ਸੀ। ਚਹੁੰ ਕਦਮਾਂ ਦੀ ਵਿੱਥ ‘ਤੇ ਮੇਰੇ ਹਮਦਰਦ ਕਰਮਚਾਰੀ ਖਲੋਤੇ ਸਨ। ਉਨ੍ਹਾਂ ਵਿਚੋਂ ਇਕ ਜਣਾ ਰਜਿਸਟਰ ‘ਤੇ ਨਾਂ ਪਤੇ ਲਿਖਣ ਵਾਲੇ ਕਰਮਚਾਰੀ ਨੂੰ ਕੁਝ ਲਿਖਾ ਰਿਹਾ ਸੀ ਤੇ ਦੂਜਾ ਉਸ ‘ਤੇ ਝੁਕਿਆ ਹੋਇਆ ਸੀ। ਮੈਨੂੰ ਆਸ ਸੀ ਕਿ ਮੇਰੇ ਤੱਕ ਹਵਾਲਦਾਰ ਦੇ ਪਹੁੰਚਣ ਤੋਂ ਪਹਿਲਾਂ ਹੀ ਉਹ ‘ਉਧਰੋਂ’ ਵਿਹਲੇ ਹੋ ਕੇ ਮੇਰੀ ‘ਸੁਰੱਖਿਆ’ ਲਈ ਆ ਹਾਜ਼ਰ ਹੋਣਗੇ। ਉਨ੍ਹਾਂ ਵਿਚੋਂ ਰਜਿਸਟਰ ‘ਤੇ ਝੁਕਣ ਵਾਲੇ ਨੇ ਆਪਣੇ ਸਾਥੀ ਨੂੰ ਕਿਹਾ ਵੀ- “ਤੂੰ ਉਧਰ ਧਿਆਨ ਰੱਖ।”
ਉਸ ਨੇ ਰਜਿਸਟਰ ਵੱਲ ਵੇਖਣੋਂ ਹਟ ਕੇ ਸਾਡੇ ਵੱਲ ਝਾਤ ਮਾਰੀ ਤੇ ਮੈਨੂੰ ਸੁਰੱਖਿਅਤ ‘ਹਦੂਦ’ ਵਿਚ ਜਾਣ ਕੇ ਫਿਰ ਸਾਥੀ ਨਾਲ ਹੀ ਰਜਿਸਟਰ ‘ਤੇ ਝੁਕ ਗਿਆ। ਹਵਾਲਦਾਰ ਮੈਥੋਂ ਪਹਿਲਾਂ ਖਲੋਤੇ ਬਲਬੀਰ ਕੋਲ ਸਾਹਮਣੇ ਆ ਖੜ੍ਹਾ ਹੋਇਆ। ਜਦੋਂ ਉਹ ਮੇਰੇ ਸਾਹਮਣੇ ਹੋਇਆ, ਮੈਂ ਜੇਬ ਵਿਚੋਂ ਭਰੋਸੇ ਨਾਲ ਚਿੱਠੀ ਕੱਢ ਕੇ ਥੋੜ੍ਹੀ ਵਿੱਥ ‘ਤੇ ਖਲੋਤੇ ਆਪਣੇ ਹਮਦਰਦ ਕਰਮਚਾਰੀਆਂ ਵੱਲ ਇਸ਼ਾਰਾ ਕਰ ਕੇ, ਹਵਾਲਦਾਰ ਨੂੰ ਦੱਸਣ ਤੇ ਉਨ੍ਹਾਂ ਹਮਦਰਦਾਂ ਦਾ ਧਿਆਨ ਆਪਣੇ ਵੱਲ ਮੋੜਨ ਲਈ ਆਵਾਜ਼ ਦੇਣ ਹੀ ਵਾਲਾ ਸਾਂ ਕਿ ਹਵਾਲਦਾਰ ਨੇ ‘ਪਟਾਕ’ ਕਰਦਾ ਜ਼ੋਰਦਾਰ ਥੱਪੜ ਮੇਰੀ ਗੱਲ੍ਹ ‘ਤੇ ਜੜ ਦਿੱਤਾ। ਖੜਾਕ ਨਾਲ ਡਿਓੜੀ ਗੂੰਜ ਉਠੀ। ਮੇਰੀ ਆਵਾਜ਼ ਮੂੰਹ ਵਿਚ ਹੀ ਘੁਰਲ ਹੋ ਗਈ।
ਬਲਬੀਰ ਨੇ ਵੀ ਉਸ ਦਾ ਉਠਦਾ ਹੱਥ ਵੇਖ ਲਿਆ ਸੀ। ਉਸ ਨੇ ਹਮਦਰਦ ਕਰਮਚਾਰੀ ਨੂੰ ਸੁਚੇਤ ਕਰਨ ਲਈ ਉਸ ਦਾ ਨਾਂ ਲੈ ਕੇ ਆਵਾਜ਼ ਮਾਰ ਦਿੱਤੀ। ਉਸ ਨੇ ਤੁਰਤ ਪਿੱਛੇ ਭੌਂ ਕੇ ਵੇਖਿਆ।
ਪਰ ‘ਭਾਣਾ’ ਤਾਂ ਵਰਤ ਚੁੱਕਾ ਸੀ!
“ਓ ਵੇਖੀਂ ਵੇਖੀਂ!” ਕਹਿੰਦਿਆਂ ਦੂਜਾ ਥੱਪੜ ਮਾਰਨ ਲਈ ਹਵਾਲਦਾਰ ਦਾ ਉਠਿਆ ਹੱਥ ਉਸ ਨੇ ਛਾਲ ਮਾਰ ਕੇ ਫੜ ਲਿਆ। ਉਸ ਦਾ ਦੂਜਾ ਸਾਥੀ ਵੀ ਕੋਲ ਆ ਖਲੋਤਾ।
“ਯਾਰ ਬੰਦਾ-ਕੁ-ਬੰਦਾ ਤਾਂ ਵੇਖ ਲਿਆ ਕਰੋ।” ਉਸ ਨੇ ਹਵਾਲਦਾਰ ਨੂੰ ਹਿਰਖ਼ ਅਤੇ ਪਛਤਾਵੇ ਨਾਲ ਕਿਹਾ।
“ਪਹਿਲਾਂ ਦੱਸਣਾ ਸੀ ਨਾ ਫਿਰ। ਬੰਦੇ ਦੇ ਮੂੰਹ ‘ਤੇ ਤਾਂ ਨਹੀਂ ਨਾ ਲਿਖਿਆ ਹੋਇਆ!”
“ਸੌਰੀ ਭਾ ਜੀ! ਤੁਸੀਂ ਪਹਿਲਾਂ ਆਵਾਜ਼ ਦੇ ਦੇਣੀ ਸੀ।” ਮੈਨੂੰ ਧਰਵਾਸ ਦੇ ਕੇ ਉਸ ਆਪਣੇ ਸਾਥੀ ਵੱਲ ਮੂੰਹ ਕੀਤਾ- “ਮੈਂ ਤੈਨੂੰ ਧਿਆਨ ਰੱਖਣ ਲਈ ਕਿਹਾ ਵੀ ਸੀ, ਜਦੋਂ ਮੈਂ ਜੂ ਰਜਿਸਟਰ ‘ਤੇ ਲਿਖਾਉਣ ਡਿਹਾ ਸਾਂ; ਤੂੰ ਮੇਰੇ ਲਾਗੇ ਖਲੋ ਕੇ ਕੀ ਕੜਛ ਮਾਂਜਣਾ ਸੀ!” ਉਸ ਨੇ ਆਪਣੇ ਸਾਥੀ ਨੂੰ ਝਿੜਕਿਆ ਤੇ ਖੋਹੀ ਗਈ ਚਿੱਠੀ ਹਵਾਲਦਾਰ ਦੇ ਹੱਥ ਵਿਚੋਂ ਫੜ ਕੇ ਮੇਰੇ ਹੱਥ ਫੜਾਉਂਦਿਆਂ ਹਵਾਲਦਾਰ ਵੱਲ ਮੂੰਹ ਕੀਤਾ, “ਤੈਨੂੰ ਪਤਾ ਵੀ ਹੈ, ਇਹ ਕੌਣ ਨੇ!”
ਉਹਦੇ ਅਫ਼ਸੋਸ ਕਰਨ ਨਾਲ ਹੁਣ ਮੇਰਾ ਕੀ ਸੌਰਨਾ ਸੀ! ਮੇਰੇ ਕੰਨ ਅਤੇ ਗੱਲ੍ਹ ‘ਚੋਂ ਸੇਕ ਨਿਕਲ ਰਿਹਾ ਸੀ। ਸਿਰ ਘੁੰਮ ਰਿਹਾ ਸੀ। ਵੱਜੀ ਚਪੇੜ ਦਾ ਖੜਾਕ ਅਜੇ ਵੀ ਡਿਓੜੀ ਵਿਚ ਗੂੰਜਦਾ ਲੱਗਦਾ ਸੀ। ਐਨੇ ਬੰਦਿਆਂ ਵਿਚ ਖਲੋਤਾ ਮੈਂ ਜ਼ਲਾਲਤ, ਨਮੋਸ਼ੀ ਤੇ ਹੀਣ-ਭਾਵਨਾ ਵਿਚ ਡੁੱਬਾ ਹੋਇਆ ਸਾਂ। ਉਹ ਦੋਵੇਂ ਅਜੇ ਵੀ ਉਹਨੂੰ ‘ਮੈਂ ਕੌਣ ਹਾਂ’ ਬਾਰੇ ਦੱਸ ਰਹੇ ਸਨ।
ਉਨ੍ਹਾਂ ਨੂੰ ਸੁਣਨ ਉਪਰੰਤ ਥੱਪੜ ਮਾਰਨ ਵਾਲੇ ਹਵਾਲਦਾਰ ਦੇ ਮਨ ਵਿਚ ਪਤਾ ਨਹੀਂ ਕੀ ਆਇਆ; ਉਸ ਨੇ ਬਾਂਹ ਵਧਾ ਕੇ ਤਸੱਲੀ ਦੇਣ ਲਈ ਮੇਰਾ ਮੋਢਾ ਘੁੱਟਿਆ।
ਮੈਂ ਆਪਣੇ ਆਪ ਵਿਚ ਪਰਤਿਆ। ਆਪਣੇ ਹਮਦਰਦਾਂ ਨੂੰ ਪਛਤਾਵੇ ਦੇ ਭਾਰ ਤੋਂ ਮੁਕਤ ਕਰਨ ਲਈ ਝੂਠੀ-ਮੂਠੀ ਹੱਸਿਆ, “ਇਹਨੇ ਤਾਂ ਮਾਸਟਰ ਸਾਲਗ ਰਾਮ ਦੀ ‘ਇਤਿਹਾਸਕ’ ਚਪੇੜ ਦੀ ‘ਸ਼ਾਂ ਸ਼ਾਂ’ ਦੁਬਾਰਾ ਚੇਤੇ ਕਰਵਾ ਦਿੱਤੀ।”
ਮੈਂ ਪਹਿਲੀ ਜਮਾਤ ਵਿਚ ਸਾਂ। ਮਾਸਟਰ ਸਾਲਗ ਰਾਮ ਨੇ ਸਾਨੂੰ ਫੱਟੀਆਂ ਉਤੇ ਬੋਲ-ਲਿਖਤ ਲਿਖਣ ਲਈ ਸ਼ਬਦ ਬੋਲਿਆ, ‘ਅਚਾਰ’। ਮੈਂ ਉਸੇ ਵੇਲੇ ਲਿਖ ਲਿਆ, ਪਰ ਮਾਸਟਰ ਅਗਲਾ ਸ਼ਬਦ ਅਜੇ ਬੋਲ ਨਹੀਂ ਸੀ ਰਿਹਾ। ਉਹ ਦੂਜੇ ਮੁੰਡਿਆਂ ਵੱਲ ਵੇਖ ਰਿਹਾ ਸੀ; ਸ਼ਾਇਦ, ਜਿਹੜੇ ਅਜੇ ਲਿਖਣ ਦੇ ਯਤਨ ਵਿਚ ਸਨ। ਮੈਂ ਵੀ ਅਗਲੇ ਸਾਥੀ ਵੱਲ ਥੋੜ੍ਹਾ ਝੁਕ ਕੇ ਝਾਤੀ ਮਾਰੀ ਕਿ ਇਸ ਨੇ ਅਜੇ ਤੱਕ ਲਿਖਿਆ ਕਿਉਂ ਨਹੀਂ! ਸਾਲਗ ਰਾਮ ਨੇ ਮੇਰੀ ਝਾਤ ਵੇਖ ਲਈ ਅਤੇ ਮੈਨੂੰ ਉਠ ਕੇ ਆਪਣੇ ਕੋਲ ਆਉਣ ਲਈ ਕਿਹਾ। ਡਰਦਾ ਡਰਦਾ ਮੈਂ ਉਸ ਦੀ ਕੁਰਸੀ ਕੋਲ ਗਿਆ ਤਾਂ ਉਸ ਨੇ ਵੀ ਹਵਾਲਦਾਰ ਵਾਂਗ ਨਾ ਆ ਵੇਖਿਆ ਨਾ ਤਾਅ, ਤੇ “ਨਕਲ ਕਰਦੈਂ” ਆਖ ਕੇ ਪਟਾਕ ਕਰਦੀ ਕੱਟੀ ਹੋਈ ਚੀਚੀ ਵਾਲੇ ਹੱਥ ਦੀ ਤਿੰਨ-ਉਂਗਲੀ ਚਪੇੜ ਮੇਰੀ ਗੱਲ੍ਹ ‘ਤੇ ਜੜ ਦਿੱਤੀ। ਅੱਖਾਂ ਵਿਚੋਂ ਫੁੱਟ ਫੁੱਟ ਡੁੱਲ੍ਹਦੇ ਅੱਥਰੂਆਂ ਨਾਲ ਮੇਰਾ ਚਿਹਰਾ ਤਾਂ ਭਿੱਜਣਾ ਹੀ ਸੀ; ਅਚਨਚੇਤ ਪਈ ਦਹਿਸ਼ਤ ਨਾਲ ਮੇਰੀ ਪਜਾਮੀ ਵੀ ਗਿੱਲੀ ਹੋ ਗਈ। ਮੈਨੂੰ ਤਾਂ ਉਦੋਂ ਅਜੇ ‘ਨਕਲ’ ਦੇ ਅਰਥਾਂ ਦਾ ਵੀ ਪਤਾ ਨਹੀਂ ਸੀ। ਕਿਸੇ ਵੱਲੋਂ ਵੱਜੀ ਇਹ ਮੇਰੀ ਜ਼ਿੰਦਗੀ ਦੀ ਪਹਿਲੀ ਚਪੇੜ ਸੀ। ਇਸੇ ਕਰ ਕੇ ਮੇਰੇ ਲਈ ‘ਇਤਿਹਾਸਕ’ ਸੀ। ਬਿਨਾਂ ਕਸੂਰ ਤੋਂ ਵੱਜੀ ਇਸ ਚਪੇੜ ਦੀ ਪੀੜ ਸਾਰੀ ਉਮਰ ਮੇਰੇ ਜ਼ਿਹਨ ਵਿਚ ‘ਸ਼ਾਂ ਸ਼ਾਂ’ ਕਰਦੀ ਰਹੀ ਸੀ। ਅੱਜ ਇਸ ਵਿਚ ਦੂਜੀ ਚਪੇੜ ਦਾ ਵਾਧਾ ਹੋ ਗਿਆ ਸੀ। ਪੜ੍ਹਦਿਆਂ ਇਕ ਦੋ ਵਾਰ ਮੁਰਗਾ ਵੀ ਬਣਿਆ ਸਾਂ, ਤੇ ਦੋ ਕੁ ਵਾਰ ਅਧਿਆਪਕਾਂ ਤੋਂ ਸੋਟੀਆਂ ਵੀ ਖਾਧੀਆਂ ਸਨ, ਪਰ ਚਪੇੜ ਉਸ ਤੋਂ ਬਾਅਦ ਕਦੀ ਨਹੀਂ ਸੀ ਪਈ।
ਕਚਹਿਰੀ ਜਾਂਦਿਆਂ ਵੀ ਇਸ ਚਪੇੜ ਦੀ ਗੂੰਜ ਮੇਰੇ ਅੰਦਰਲੇ ਗੁੰਬਦ ਵਿਚ ਗੂੰਜਦੀ ਗਈ।
ਤਰੀਕ ਭੁਗਤ ਕੇ ਜੇਲ੍ਹ ਵਿਚ ਪਰਤਣ ਤੋਂ ਪਹਿਲਾਂ ਹੀ ਸਵੇਰ ਵਾਲੀ ਚਪੇੜ ਦੀ ਖ਼ਬਰ ਮੇਰੇ ਸਾਥੀਆਂ ਨੂੰ ਮਿਲ ਚੁੱਕੀ ਸੀ।
“ਅੱਜ ਤਾਂ ਭਰਾਵੋ ਦਿਨ ਈ ਚੰਦਰਾ ਚੜ੍ਹਿਆ। ਪਹਿਲਾਂ ਤਾਂ ਡਿਓੜੀ ਵਿਚ ਪਟਾਕਾ ਪੈ ਗਿਆ। ਫਿਰ ਗਾਰਦ ਵਾਲਿਆਂ ਨੇ ਧੋਖਾ ਕੀਤਾ। ਵਕੀਲ ਨੂੰ ਝਕਾਨੀ ਦੇ ਕੇ ਪਹਿਲਾਂ ਹੀ ਤਰੀਕ ਲੈ ਆਏ। ਅੱਜ ਤਾਂ ਬੱਸ ਇੰਨਾ ਈ ਕੰਮ ਹੋਇਆ ਕਿ ਚਪੇੜ ਤੋਂ ਸਾਵੀਂ ਜੀਤੇ ਨਿਹੰਗ ਦੀ ਚਿੱਠੀ ਤੋਲ ਕੇ ਡਾਕੇ ਪਵਾ ਦਿੱਤੀ ਏ। ਵੇਖੋ ਉਸ ਦਾ ਹੁਣ ਕੀ ਬਣਦਾ ਏ!”
“ਜੇ ਦਿਨ ਈ ਇੰਨਾ ਮਨਹੂਸ ਚੜ੍ਹਿਐ, ਤਾਂ ਬਣਨਾ-ਬਨਾਉਣਾ ਜੀਤੇ ਦੀ ਚਿੱਠੀ ਦਾ ਵੀ ਕੁਝ ਨਹੀਂ।” ਕਿਸੇ ਨੇ ਟੋਣਾ ਮਾਰਿਆ।
ਇਕ ਜਣੇ ਨੇ ‘ਚਪੇੜ’ ਵਾਲੀ ਕਹਾਣੀ ‘ਕਿਵੇਂ ਵਾਪਰੀ?’ ਸੁਣਨ ਦੀ ਫ਼ਰਮਾਇਸ਼ ਪਾ ਦਿੱਤੀ।
ਕੀ ਦੱਸਦਾ ਉਹਨੂੰ! ਉਹ ਇੱਕ ਵਾਰ ਕਲਪਨਾ ਵਿਚ ਮੈਨੂੰ ਫੇਰ ਚਪੇੜ ਵੱਜਦੀ ਆਪ ਵੇਖਣੀ ਤੇ ਮੈਨੂੰ ਵਿਖਾਉਣੀ ਚਾਹੁੰਦਾ ਸੀ।
000
ਮੈਂ ਹੱਸ ਕੇ ਫਿਰ ‘ਸਾਲਗ ਰਾਮ ਦੀ ਇਤਿਹਾਸਕ ਚਪੇੜ’ ਦੀ ਕਹਾਣੀ ਪਾ ਦਿੱਤੀ।
“ਮਾਸਟਰ ਸਾਲਗ ਰਾਮ ਮੇਰੇ ਪਿੰਡ ਦਾ ਈ ਸੀ। ਲੋਕਾਂ ਉਹਦੀਆਂ ਕਹਾਣੀਆਂ ਬਣਾਈਆਂ ਹੋਈਆਂ ਸਨ। ਪਤਾ ਨਹੀਂ ਝੂਠੀਆਂ ਜਾਂ ਸੱਚੀਆਂ। ਕਹਿੰਦੇ; ਆਪਣੀ ਸੁਹਾਗ ਰਾਤ ਨੂੰ ਜਦੋਂ ਉਹ ਚੁਬਾਰੇ ਵਿਚ ਘਰਵਾਲੀ ਕੋਲ ਗਿਆ ਤਾਂ ਇਕਦਮ ਹੇਠਲੇ ਜੀਆਂ ਨੇ ਨਵ-ਵਿਆਹੀ ਵਹੁਟੀ ਨੂੰ ਰੋਂਦਿਆਂ-ਕੁਰਲਾਉਂਦਿਆਂ ਤੇ ‘ਬਚਾਓ! ਬਚਾਓ’ ਦੇ ਹਾੜੇ ਕੱਢਦਿਆਂ ਸੁਣਿਆਂ ਤੇ ਨਾਲ ਹੀ ਸੁਣੀ ‘ਧੈਂਹ! ਧੈਂਹ!’ ਦੀ ਆਵਾਜ਼। ਘਰ ਦੇ ਜੀਅ ਤੇ ਪ੍ਰਾਹੁਣੇ ਭੱਜੇ ਗਏ। ਕੀ ਵੇਖਦੇ ਨੇ ਕਿ ਸਾਲਗ ਰਾਮ ਵਹੁਟੀ ਨੂੰ ਕੁੱਟ ਰਿਹਾ ਹੈ ਤੇ ਉਹ ਜਾਨ ਬਚਾਉਂਦੀ ਚੁਬਾਰੇ ਵਿਚ ਨੁੱਕਰੋ-ਨੁੱਕਰੀ ਭੱਜੀ ਫਿਰਦੀ ਹੈ।
“ਕਮਲਾ ਹੋ ਗਿਐਂ? ਅਕਲ ਨੂੰ ਹੱਥ ਮਾਰ। ਹੋਇਆ ਕੀ ਏ ਤੈਨੂੰ?” ਘਰਦਿਆਂ ਪੁੱਛਿਆ ਤਾਂ ਸਾਲਗ ਰਾਮ ਕਹਿੰਦਾ, “ਮੈਂ ਜਦੋਂ ਜਮਾਤ ‘ਚ ਜਾਂਦਾਂ ਤਾਂ ਪੰਜਾਹ ਮੁੰਡੇ ‘ਕਲਾਸ ਸਟੈਂਡ’ ਆਖ ਕੇ ਮੈਨੂੰ ‘ਬੰਦਗੀ’ ਕਰਨ ਲਈ ਉਠ ਕੇ ਖਲੋ ਜਾਂਦੇ ਨੇ। ਇਹ ਮੇਰੇ ਆਉਣ ‘ਤੇ ਗੁੱਛਾ-ਮੁੱਛਾ ਹੋ ਕੇ ਬੈਠੀ ਰਹੀ। ‘ਕਲਾਸ ਸਟੈਂਡ’ ਆਖ ਕੇ ਉਠੀ ਕਿਉਂ ਨਹੀਂ?”
“ਹਵਾਲਦਾਰ ਵੀ ਕੰਜਰ ਸਾਡੀ ‘ਕਲਾਸ ਸਟੈਂਡ’ ਕਰਾਉਣ ਲੱਗ ਪਿਆ ਸੀ।”
ਉਸ ਪਲ ਤਾਂ ਚਪੇੜ ਦਾ ਖੜਾਕ ਸਾਲਗ ਰਾਮ ਦੀ ਕਹਾਣੀ ਦੇ ਹਾਸੇ ਵਿਚ ਗਵਾਚ ਗਿਆ, ਪਰ ਉਂਜ ਜੀਤੇ ਲਈ ਵੱਜੀ ਚਪੇੜ ਦਾ ਸੇਕ ਮੇਰੇ ਕੰਨਾਂ ਨੂੰ ਕਈ ਦਿਨ ਲੂੰਹਦਾ ਰਿਹਾ।
ਆਖ਼ਰਕਾਰ ਉਸ ਲਈ ਲਿਖੀ ਚਿੱਠੀ ਵਿਚਲੇ ਮੇਰੇ ਸ਼ਬਦਾਂ ਦੀ ਤਾਕਤ ਨੇ ਚਪੇੜ ਦੇ ਸੇਕ ਨੂੰ ਧੋ ਦਿੱਤਾ। ਮੇਰੇ ਅੰਦਰ ਖ਼ੁਸ਼ੀ ਦੇ ਫੁੱਲ ਖਿੜ ਪਏ ਜਦੋਂ ਮੈਨੂੰ ਪਤਾ ਲੱਗਾ ਕਿ ਜੀਤੇ ਨਿਹੰਗ ਦੀ ਅਗਲੀ ਪੇਸ਼ੀ ‘ਤੇ ਬਾਬਾ ਜੀ ਆਪਣੇ ਸਿੰਘਾਂ ਦੀ ਭੀੜ ਨਾਲ ਵਕੀਲ ਸਮੇਤ ਕਚਹਿਰੀ ਵਿਚ ਹਾਜ਼ਰ ਹੋ ਗਏ ਸਨ। ਪਿੱਛੋਂ ਪਤਾ ਲੱਗਾ; ਜੀਤੇ ਦੀ ਚਿੱਠੀ ਕਿਸੇ ਸਿੰਘ ਕੋਲੋਂ ਸੁਣ ਕੇ ਬਾਬਾ ਜੀ ਮੁਸਕਰਾਏ ਸਨ ਤੇ ਫਿਰ ਹੱਸ ਕੇ ਆਖਿਆ ਸੀ, “ਕਰੀਏ ਭਾਈ ਕੁਝ ਆਪਣੇ ਜੀਤ ਸੁੰਹ ਦਾ ਹੁਣ ਤਾਂ। ਕਰਨਾ ਹੀ ਪੈਣੈਂ!”
ਪਤਾ ਨਹੀਂ ਉਨ੍ਹਾਂ ਕੀ ਜੁਗਤ ਵਰਤੀ; ਜੀਤਾ ਅਗਲੀ-ਅਗਲੇਰੀ ਪੇਸ਼ੀ ‘ਤੇ ਹੀ ਛੁੱਟ ਗਿਆ। ਕੇਸ ਅਜੇ ਅਸਲੋਂ ਹੀ ਮੁਢਲੇ ਦੌਰ ਵਿਚ ਸੀ। ਸ਼ਾਇਦ ਪੋਸਟਮਾਰਟਮ ਦੀ ਰਿਪੋਰਟ ਅਜਿਹੀ ‘ਬਣਵਾ ਦਿੱਤੀ ਗਈ’ ਸੀ ਕਿ ਬਜ਼ੁਰਗ ਦੀ ਮੌਤ ਕਤਲ ਦੀ ਥਾਂ ‘ਸੁਭਾਵਿਕ’ ਹੋਈ ਵਿਖਾ ਦਿੱਤੀ ਸੀ।
ਕੁਝ ਵੀ ਸੀ, ਮੇਰੇ ਸ਼ਬਦਾਂ ਨੇ ਨਿਰਦੋਸ਼ ਬੰਦੇ ਨੂੰ ਫਾਂਸੀ ਦੇ ਤਖ਼ਤੇ ਤੋਂ ਹੇਠਾਂ ਡਿਗਦਿਆਂ ਆਪਣੇ ਹੱਥਾਂ ਵਿਚ ਬੋਚ ਲਿਆ ਸੀ।
ਲਿਖਣ ਦਾ ਹੁਨਰ ਨਾਵਲ, ਕਵਿਤਾ, ਕਹਾਣੀ ਆਦਿ ਰਾਹੀਂ ਹੀ ਕਿਸੇ ਦਾ ਜੀਵਨ ਨਹੀਂ ਬਦਲਦਾ, ਸਗੋਂ ‘ਚਿੱਠੀ’ ਰਾਹੀਂ ਵੀ ਬਦਲ ਸਕਦਾ ਹੈ। ਜੀਵਨ ਨੂੰ ‘ਬਦਲ’ ਹੀ ਕਿਉਂ, ‘ਬਚਾ’ ਵੀ ਸਕਦਾ ਹੈ!
ਮੈਂ ਧੰਨ ਧੰਨ ਹੋ ਗਿਆ ਸਾਂ।
(ਸਮਾਪਤ)