ਭਗਤ ਸਿੰਘ ਦੀ ਕਲਮ ਤੋਂ…

ਮੈਂ ਨਾਸਤਿਕ ਕਿਉਂ ਹਾਂ?
ਰਿਹਾਈ ਤੋਂ ਪਹਿਲਾਂ ਭਾਈ ਰਣਧੀਰ ਸਿੰਘ ਦੀ ਭਗਤ ਸਿੰਘ ਨਾਲ ਮੁਲਾਕਾਤ ਹੋਈ। ਮੁਲਾਕਾਤ ਤੋਂ ਪਹਿਲਾਂ ਦੋਹਾਂ ਵਿਚਕਾਰ ਕੁਝ ਤਰਕ ਤੇ ਤਕਰਾਰ ਹੋਇਆ। ਗਦਰੀ ਬਾਬਿਆਂ ਦੇ ਸੁਝਾਅ ਉਤੇ ਹੀ ਭਗਤ ਸਿੰਘ ਨੇ ਮੁਲਾਕਾਤ ਦੀ ਹਾਮੀ ਭਰੀ ਸੀ, ਪਰ ਭਾਈ ਰਣਧੀਰ ਸਿੰਘ ਨੇ ਇਨਕਾਰ ਕਰ ਦਿੱਤਾ ਕਿ ਭਗਤ ਸਿੰਘ ਨੇ ਕੇਸ ਕਤਲ ਕਰਵਾਏ ਹੋਏ ਹਨ। ਜਵਾਬ ਵਿਚ ਭਗਤ ਸਿੰਘ ਨੇ ਚਿੱਠੀ ਲਿਖੀ, “ਮੈਂ ਸਿੱਖੀ ਲਈ ਬੰਦ-ਬੰਦ ਕਟਵਾਉਣ ਦੀ ਰਵਾਇਤ ਦਾ ਕਾਇਲ ਹਾਂ, ਅਜੇ ਤਾਂ ਮੈਂ ਇਕ ਬੰਦ ਕਟਵਾਇਆ ਹੈ, ਉਹ ਵੀ ਪੇਟ ਲਈ ਨਹੀਂ, ਦੇਸ਼ ਲਈ, ਜਲਦੀ ਹੀ ਗਰਦਨ ਵੀ ਕਟਵਾਵਾਂਗਾ।

ਇਕ ਸਿੱਖ ਦੀ ਤੰਗਨਜ਼ਰੀ ਤੇ ਤੰਗਦਿਲੀ ਦਾ ਗਿਲਾ ਜ਼ਰੂਰ ਰਹੇਗਾ।” ਪਿੱਛੋਂ ਭਾਈ ਰਣਧੀਰ ਸਿੰਘ ਮੁਲਾਕਾਤ ਲਈ ਆਏ। ਇਕ ਵਾਰ ਇਸੇ ਵਿਸ਼ੇ ‘ਤੇ ਬਾਬਾ ਸੋਹਣ ਸਿੰਘ ਭਕਨਾ ਨਾਲ ਗੱਲ ਕਰਦਿਆਂ ਭਗਤ ਸਿੰਘ ਨੇ ਕਿਹਾ ਸੀ, “ਵਿਰਸੇ ਦੇ ਦੋ ਪੱਖ ਹੁੰਦੇ ਹਨ, ਇਕ ਸਭਿਆਚਾਰਕ ਅਤੇ ਦੂਜਾ ਮਿਥਿਹਾਸਕ। ਮੈਂ ਸਭਿਆਚਾਰਕ ਗੁਣਾਂ ਜਿਵੇਂ ਨਿਸ਼ਕਾਮ ਦੇਸ਼ ਸੇਵਾ, ਕੁਰਬਾਨੀ, ਅਕੀਦੇ ਤੇ ਅਟੱਲ ਰਹਿਣ ਨੂੰ ਪੂਰੀ ਸੱਚਾਈ ਨਾਲ ਅਪਨਾ ਕੇ ਅੱਗੇ ਵਧਾਉਣ ਦੀ ਕੋਸ਼ਿਸ਼ ਵਿਚ ਹਾਂ, ਪਰ ਮਿਥਿਹਾਸਕ ਵਿਚਾਰ ਜੋ ਪੁਰਾਣੇ ਸਮੇਂ ਦੀ ਸਮਝ ਮੁਤਾਬਕ ਹਨ, ਨੂੰ ਉਵੇਂ ਦੇ ਉਵੇਂ ਮੰਨਣ ਲਈ ਬਿਲਕੁਲ ਤਿਆਰ ਨਹੀਂ ਹਾਂ; ਕਿਉਂਕਿ ਵਿਗਿਆਨ ਨੇ ਗਿਆਨ ਵਿਚ ਬਹੁਤ ਵਾਧਾ ਕੀਤਾ ਹੈ ਤੇ ਵਿਗਿਆਨਕ ਵਿਚਾਰ ਅਪਨਾਇਆਂ ਹੀ ਭਵਿੱਖ ਦੇ ਮਸਲੇ ਹੱਲ ਕਰ ਸਕਦੇ ਹਾਂ।” ਇਸ ਬਾਰੇ ਵਿਸਥਾਰ ਸਹਿਤ ਖੁਲਾਸਾ ਉਨ੍ਹਾਂ ਆਪਣੇ ਲੰਮੇ ਲੇਖ ‘ਮੈਂ ਨਾਸਤਿਕ ਕਿਉਂ ਹਾਂ?’ ਵਿਚ ਕੀਤਾ ਹੈ। ਇਹ ਦਸਤਾਵੇਜ਼ ਜਿਥੇ ਭਾਈ ਰਣਧੀਰ ਸਿੰਘ ਦੇ ਸਵਾਲਾਂ ਦੇ ਜਵਾਬ ਦੇ ਰੂਪ ਵਿਚ ਹੈ, ਉਥੇ ਭਗਤ ਸਿੰਘ ਦੀ ਆਪਣੇ ਵਿਚਾਰ ਵਿਕਾਸ ਦੀ ਸਵੈ-ਪੜਚੋਲ ਤੇ ਵਿਚਾਰਾਂ ਦਾ ਅਹਿਮ ਪ੍ਰਮਾਣ ਵੀ ਹੈ। ਇਸ ਲੇਖ ਦਾ ਦੂਜਾ ਤੇ ਆਖਰੀ ਹਿੱਸਾ ਪਾਠਕਾਂ ਦੀ ਨਜ਼ਰ ਹੈ। -ਸੰਪਾਦਕ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਜਿਹੜਾ ਵੀ ਮਨੁੱਖੀ ਪ੍ਰਗਤੀ ਦਾ ਹਾਮੀ ਹੈ, ਉਸ ਨੂੰ ਲਾਜ਼ਮੀ ਤੌਰ ‘ਤੇ ਪੁਰਾਣੇ ਵਿਸ਼ਵਾਸ ਦੀ ਹਰ ਗੱਲ ਦੀ ਆਲੋਚਨਾ ਕਰਨੀ ਪਏਗੀ, ਇਹਦੇ ਵਿਚ ਅਵਿਸ਼ਵਾਸ ਪ੍ਰਗਟ ਕਰਨਾ ਪਏਗਾ, ਤੇ ਇਹਦੇ ਹਰ ਪਹਿਲੂ ਨੂੰ ਵੰਗਾਰਨਾ ਪਏਗਾ, ਪ੍ਰਚੱਲਿਤ ਵਿਸ਼ਵਾਸ ਦੀ ਇਕੱਲੀ-ਇਕੱਲੀ ਗੱਲ ਦੀ ਬਾਦਲੀਲ ਪੁਣਛਾਣ ਕਰਨੀ ਹੋਵੇਗੀ। ਜੇ ਕੋਈ ਦਲੀਲ ਨਾਲ ਕਿਸੇ ਸਿਧਾਂਤ ਜਾਂ ਫਲਸਫੇ ਵਿਚ ਵਿਸ਼ਵਾਸ ਕਰਨ ਲੱਗਦਾ ਹੈ, ਤਾਂ ਉਹਦਾ ਵਿਸ਼ਵਾਸ ਸਰਾਹੁਣਯੋਗ ਹੈ। ਉਹਦੀ ਦਲੀਲ ਗਲਤ ਜਾਂ ਉਕਾ ਹੀ ਬੇਬੁਨਿਆਦ ਹੋ ਸਕਦੀ ਹੈ, ਪਰ ਉਹਨੂੰ ਦਰੁਸਤ ਰਾਹ ਉਤੇ ਲਿਆਂਦਾ ਜਾ ਸਕਦਾ ਹੈ, ਕਿਉਂਕਿ ਤਰਕਸ਼ੀਲਤਾ ਉਹਦਾ ਜ਼ਿੰਦਗੀ ਦਾ ਧਰੂ ਤਾਰਾ ਜੋ ਹੈ, ਪਰ ਨਿਰਾ ਵਿਸ਼ਵਾਸ ਤੇ ਅੰਨ੍ਹਾ ਵਿਸ਼ਵਾਸ ਖਤਰਨਾਕ ਹੁੰਦਾ ਹੈ: ਇਹ ਦਿਮਾਗ਼ ਨੂੰ ਕੁੰਦ ਬਣਾਉਂਦਾ ਹੈ ਤੇ ਬੰਦੇ ਨੂੰ ਪ੍ਰਤੀਗਾਮੀ (ਪਿਛਾਂਹਖਿੱਚੂ)। ਜਿਹੜਾ ਵੀ ਬੰਦਾ ਯਥਾਰਥਵਾਦੀ ਹੋਣ ਦਾ ਦਾਅਵਾ ਕਰਦਾ ਹੈ, ਉਹਨੂੰ ਸਮੁੱਚੇ ਪੁਰਾਤਨ ਵਿਸ਼ਵਾਸ ਨੂੰ ਚੈਲੰਜ ਕਰਨਾ ਪਏਗਾ। ਜੇ ਇਹ ਵਿਸ਼ਵਾਸ ਦਲੀਲ ਅੱਗੇ ਨਾ ਖੜ੍ਹ ਸਕੇ ਤਾਂ ਇਹ ਢਹਿ-ਢੇਰੀ ਹੋ ਜਾਣਗੇ। ਫਿਰ ਉਸ ਬੰਦੇ ਦਾ ਪਹਿਲਾ ਕੰਮ ਸਾਰੇ ਪੁਰਾਤਨ ਵਿਸ਼ਵਾਸ ਨੂੰ ਤਬਾਹ ਕਰ ਕੇ ਨਵੇਂ ਫਲਸਫੇ ਲਈ ਜ਼ਮੀਨ ਤਿਆਰ ਕਰਨੀ ਹੋਵੇਗੀ। ਇਹ ਨਾਕਾਰਾਤਮਕ ਪੱਖ ਹੈ। ਇਸ ਮਗਰੋਂ ਸਾਕਾਰਾਤਮਕ ਕੰਮ ਸ਼ੁਰੂ ਹੁੰਦਾ ਹੈ ਜਿਸ ਵਿਚ ਕਈ ਵਾਰ ਪੁਰਾਣੇ ਵਿਸ਼ਵਾਸ ਦੀ ਕੁਝ ਸਮੱਗਰੀ ਮੁੜ ਉਸਾਰੀ ਲਈ ਵਰਤੀ ਜਾ ਸਕਦੀ ਹੈ। ਜਿਥੋਂ ਤੱਕ ਮੇਰਾ ਸਬੰਧ ਹੈ, ਮੈਂ ਤਸਲੀਮ ਕਰਦਾ ਹਾਂ ਕਿ ਮੈਂ ਇਸ ਬਾਰੇ ਬਹੁਤਾ ਅਧਿਐਨ ਨਹੀਂ ਕਰ ਸਕਿਆ। ਏਸ਼ੀਆਈ ਫਲਸਫੇ ਨੂੰ ਪੜ੍ਹਨ ਦੀ ਮੇਰੀ ਵੱਡੀ ਰੀਝ ਸੀ, ਪਰ ਮੈਨੂੰ ਇਸ ਦਾ ਵਕਤ ਜਾਂ ਮੌਕਾ ਨਹੀਂ ਮਿਲ ਸਕਿਆ, ਜਿਥੋਂ ਤੱਕ ਨਾਕਾਰਾਤਮਕ ਪੱਖ ਦਾ ਸਬੰਧ ਹੈ, ਮੈਨੂੰ ਇਸ ਹੱਦ ਤੱਕ ਯਕੀਨ ਹੈ ਕਿ ਮੈਂ ਪੁਰਾਤਨ ਵਿਸ਼ਵਾਸ ਦੀ ਪੁਖਤਗੀ ਉਤੇ ਕਿੰਤੂ ਕਰ ਸਕਦਾ ਹਾਂ। ਮੈਨੂੰ ਪੱਕਾ ਯਕੀਨ ਹੈ ਕਿ ਕੁਦਰਤ ਨੂੰ ਚਲਾਉਣ ਵਾਲਾ ਕੋਈ ਪਰਮਾਤਮਾ ਜਾਂ ਸੁਚੇਤ ਸੱਤਾ ਨਹੀਂ ਹੈ। ਸਾਡਾ ਕੁਦਰਤ ਵਿਚ ਯਕੀਨ ਹੈ ਤੇ ਸਮੁੱਚੀ ਤਰੱਕੀ ਦਾ ਨਿਸ਼ਾਨਾ ਮਨੁੱਖ ਦਾ ਕੁਦਰਤ ਉਤੇ ਆਪਣੀ ਲੋੜ ਵਾਸਤੇ ਗਲਬਾ ਪਾਉਣਾ ਹੈ। ਇਹਦੇ ਪਿੱਛੇ ਕੋਈ ਸੁਚੇਤ ਚਾਲਕ ਸ਼ਕਤੀ ਨਹੀਂ ਹੈ। ਇਹੋ ਸਾਡਾ ਫਲਸਫਾ ਹੈ।
ਨਾਕਾਰਾਤਮਕ ਪੱਖ ਤੋਂ ਆਸਤਿਕਾਂ ਤੋਂ ਕੁਝ ਸਵਾਲ ਪੁੱਛਦੇ ਹਾਂ:
ਤੁਹਾਡੇ ਵਿਸ਼ਵਾਸ ਅਨੁਸਾਰ ਜੇ ਕੋਈ ਸਰਬ-ਸ਼ਕਤੀਮਾਨ, ਸਰਬ-ਵਿਆਪਕ ਤੇ ਸਰਬ-ਗਿਆਤਾ ਰੱਬ ਹੈ, ਤਾਂ ਦੁਨੀਆਂ ਜਾਂ ਧਰਤੀ ਨੂੰ ਜਿਸ ਨੇ ਸਾਜਿਆ ਸੀ, ਮੈਨੂੰ ਇਹ ਦੱਸਣ ਦੀ ਮਿਹਰਬਾਨੀ ਕਰੋ ਕਿ ਉਸ ਨੇ ਧਰਤੀ ਸਾਜੀ ਹੀ ਕਿਉਂ? ਉਹ ਧਰਤੀ ਜੋ ਦੁੱਖਾਂ-ਆਫ਼ਤਾਂ, ਅਣਗਿਣਤ ਅਨੰਤ ਦੁਖਾਂਤਾਂ ਨਾਲ ਭਰੀ ਪਈ ਹੈ, ਜਿਥੇ ਇਕ ਵੀ ਜੀਅ ਪੂਰੀ ਤਰ੍ਹਾਂ ਸੁਖੀ ਨਹੀਂ ਹੈ।
ਮਿਹਰਬਾਨੀ ਕਰ ਕੇ ਇਹ ਨਾ ਆਖੋ ਕਿ ਇਹ ਉਸ ਦਾ ਨੇਮ ਹੈ: ਜੇ ਉਹ ਕਿਸੇ ਨੇਮ ਦੇ ਵੱਸ ਹੈ, ਤਾਂ ਉਹ ਸਰਬ-ਸ਼ਕਤੀਮਾਨ ਨਹੀਂ। ਤਾਂ ਫਿਰ ਉਹ ਵੀ ਸਾਡੇ ਵਰਗਾ ਗੁਲਾਮ ਹੈ। ਮਿਹਰਬਾਨੀ ਕਰ ਕੇ ਇਹ ਵੀ ਨਾ ਆਖੋ ਕਿ ਇਹ ਉਸ ਦਾ ਸ਼ੁਗਲ ਹੈ। ਨੀਰੋ ਨੇ ਤਾਂ ਇਕੋ ਰੋਮ ਸਾੜ ਕੇ ਸਵਾਹ ਕੀਤਾ ਸੀ। ਉਸ ਨੇ ਗਿਣਤੀ ਦੇ ਬੰਦੇ ਜਾਨੋਂ ਮਾਰੇ ਸਨ। ਉਸ ਦੇ ਹੱਥੋਂ ਬਹੁਤ ਘੱਟ ਦੁਖਾਂਤ ਵਾਪਰੇ। ਇਹ ਸਭ ਉਸ ਨੇ ਆਪਣੇ ਮਜ਼ੇ ਲਈ ਕੀਤਾ ਤੇ ਇਤਿਹਾਸ ਵਿਚ ਉਸ ਨੂੰ ਕਿਹੜੀ ਥਾਂ ਹਾਸਲ ਹੈ? ਇਤਿਹਾਸਕਾਰ ਉਸ ਦਾ ਜ਼ਿਕਰ ਕਿਹੜੇ ਨਾਂਵਾਂ ਨਾਲ ਕਰਦੇ ਹਨ? ਸਾਰੇ ਵਿਹੁਲੇ ਵਿਸ਼ੇਸ਼ਣ ਉਸ ਲਈ ਵਰਤੇ ਜਾਂਦੇ ਹਨ। ਜ਼ਾਲਮ, ਬੇਰਹਿਮ, ਸ਼ੈਤਾਨ ਨੀਰੋ ਦੀ ਨਿਖੇਧੀ ਕਰਨ ਲਈ ਲਾਹਣਤਾਂ ਨਾਲ ਸਫਿਆਂ ਦੇ ਸਫੇ ਕਾਲੇ ਕੀਤੇ ਪਏ ਹਨ। ਚੰਗੇਜ਼ ਖਾਨ ਨੇ ਮਜ਼ਾ ਲੈਣ ਲਈ ਕੁਝ ਹਜ਼ਾਰ ਲੋਕਾਂ ਦੀ ਜਾਨ ਲਈ ਸੀ ਤੇ ਅੱਜ ਅਸੀਂ ਉਸ ਦੇ ਨਾਂ ਤੱਕ ਨੂੰ ਨਫਰਤ ਕਰਦੇ ਹਾਂ। ਤਾਂ ਫੇਰ ਤੁਸੀਂ ਆਪਣੇ ਸਰਬ-ਸ਼ਕਤੀਮਾਨ ਅਨੰਤ ਨੀਰੋ ਨੂੰ ਕਿਵੇਂ ਵਾਜਬ ਠਹਿਰਾਓਗੇ ਜੋ ਅਜੇ ਵੀ ਹਰ ਦਿਨ, ਹਰ ਘੜੀ ਤੇ ਹਰ ਪਲ ਅਣਗਿਣਤ ਕਤਲ ਕਰੀ ਜਾ ਰਿਹਾ ਹੈ? ਤੁਸੀਂ ਉਸ ਦੀਆਂ ਉਨ੍ਹਾਂ ਕਰਤੂਤਾਂ ਦੀ ਹਮਾਇਤ ਕਿਵੇਂ ਕਰੋਗੇ ਜੋ ਪਲੋ-ਪਲੀ ਚੰਗੇਜ਼ ਦੀਆਂ ਕਰਤੂਤਾਂ ਨੂੰ ਵੀ ਮਾਤ ਪਾਈ ਜਾਂਦੀਆਂ ਹਨ? ਮੈਂ ਪੁੱਛਦਾ ਹਾਂ ਕਿ ਉਸ ਨੇ ਇਹ ਦੁਨੀਆਂ ਬਣਾਈ ਹੀ ਕਿਉਂ ਸੀ; ਦੁਨੀਆਂ ਜਿਹੜੀ ਸੁੱਚੀ-ਮੁੱਚੀ ਦਾ ਨਰਕ ਹੈ, ਅਨੰਤ ਤੇ ਤਲਖ ਬੇਚੈਨੀ ਦਾ ਘਰ ਹੈ? ਸਰਬ-ਸ਼ਕਤੀਮਾਨ ਨੇ ਮਨੁੱਖ ਕਿਉਂ ਸਾਜਿਆ, ਜਦ ਕਿ ਉਸ ਦੇ ਕੋਲ ਮਨੁੱਖ ਨੂੰ ਸਾਜਣ ਦੀ ਤਾਕਤ ਸੀ? ਇਨ੍ਹਾਂ ਸਾਰੀਆਂ ਗੱਲਾਂ ਦਾ ਤੁਹਾਡੇ ਕੋਲ ਕੀ ਜਵਾਬ ਹੈ? ਤੁਸੀਂ ਆਖੋਗੇ ਕਿ ਅਗਲੇ ਜਨਮ ਵਿਚ ਮਾਸੂਮ ਪੀੜਤਾਂ ਨੂੰ ਨਿਵਾਜਣ ਤੇ ਕੁਕਰਮੀਆਂ ਨੂੰ ਸਜ਼ਾ ਦੇਣ ਲਈ ਉਸ ਨੇ ਇੰਜ ਕੀਤਾ? ਅੱਛਾ ਤਾਂ ਫਿਰ, ਤੁਸੀਂ ਉਸ ਬੰਦੇ ਨੂੰ ਕਿਵੇਂ ਹੱਕੀ ਠਹਿਰਾਉਗੇ ਜੋ ਤੁਹਾਡੇ ਸਰੀਰ ਨੂੰ ਇਸ ਵਾਸਤੇ ਜ਼ਖ਼ਮੀ ਕਰਦਾ ਹੈ ਕਿ ਮਗਰੋਂ ਬੜੇ ਪਿਆਰ ਨਾਲ ਟਕੋਰਾਂ ਕਰੇਗਾ? ਗਲੈਡੀਏਟਰ (ਪੁਰਾਤਨ ਰੋਮ ਵਿਚ ਗੁਲਾਮਾਂ, ਜੰਗੀ ਕੈਦੀਆਂ ਜਾਂ ਸਜ਼ਾ-ਯਾਫ਼ਤਾ ਮੁਜਰਮਾਂ ਨੂੰ ਰਾਜੇ ਦੇ ਦਰਬਾਰ ਵਿਚ ਆਪਸ ਵਿਚ ਜਾਨਲੇਵਾ ਤਲਵਾਰਬਾਜ਼ੀ ਕਰਨ ਦੀ ਬਹੁਤ ਸਖ਼ਤ ਕਿਸਮ ਦੀ ਸਿੱਖਲਾਈ ਦਿੱਤੀ ਜਾਂਦੀ ਸੀ। ਰਾਜਾ ਕਈ ਵਾਰ ਮਜ਼ੇ ਖਾਤਰ ਗੁਲਾਮਾਂ ਨੂੰ ਭੁੱਖੇ ਸ਼ੇਰਾਂ ਅੱਗੇ ਛੱਡ ਦਿੰਦਾ ਸੀ। ਗਲੈਡੀਏਟਰ ਲਾਤੀਨੀ ਬੋਲੀ ਦਾ ਸ਼ਬਦ ਹੈ ਤੇ ਇਸ ਦਾ ਅਰਥ ਹੈ ਤਲਵਾਰਬਾਜ਼) ਸੰਸਥਾ ਦੇ ਹਮਾਇਤੀਆਂ ਤੇ ਪ੍ਰਬੰਧਕਾਂ ਦਾ ਇਹ ਕਾਰਾ ਕਿਥੋਂ ਤਾਈਂ ਸਹੀ ਸੀ, ਦੂਜੇ ਉਹ ਭੁੱਖੇ ਕਰੋਪੀ ਸ਼ੇਰਾਂ ਅੱਗੇ ਬੰਦਿਆਂ ਨੂੰ ਇਸ ਲਈ ਸੁੱਟ ਦਿੰਦੇ ਸੀ ਕਿ, ਜੇ ਉਹ ਸ਼ੇਰਾਂ ਹੱਥੋਂ ਜਿਉਂਦੇ ਬਚ ਗਏ ਤਾਂ ਫਿਰ ਉਨ੍ਹਾਂ ਦੀ ਬਹੁਤ ਖਾਤਰ-ਤਵੱਜੋ ਹੋਏਗੀ? ਇਸੇ ਕਰ ਕੇ ਮੈਂ ਪੁੱਛਦਾ ਹਾਂ: “ਸੁਚੇਤ ਸਰਬ-ਉਚ ਸੱਤਾ ਨੇ ਦੁਨੀਆਂ ਤੇ ਮਨੁੱਖ ਕਿਉਂ ਸਾਜਿਆ? ਮਜ਼ਾ ਲੈਣ ਲਈ। ਫਿਰ ਉਹਦੇ ਵਿਚ ਤੇ ਨੀਰੋ ਵਿਚ ਫਰਕ ਹੀ ਕੀ ਹੈ!
ਮੁਸਲਮਾਨੋ ਤੇ ਈਸਾਈਓ! ਹਿੰਦੂ ਦਰਸ਼ਨ ਕੋਲ ਤਾਂ ਹੋਰ ਵੀ ਦਲੀਲ ਹੋਏਗੀ। ਮੈਂ ਤੁਹਾਡੇ ਕੋਲੋਂ ਉਪਰਲੇ ਸਵਾਲਾਂ ਦੇ ਜਵਾਬ ਪੁੱਛਦਾ ਹਾਂ। ਪੂਰਬਲੇ ਜਨਮ ਵਿਚ ਤੁਹਾਡਾ ਯਕੀਨ ਨਹੀਂ ਹੈ। ਤੁਸੀਂ ਹਿੰਦੂਆਂ ਵਾਂਗ ਮਾਸੂਮ ਪੀੜਤਾਂ ਦੇ ਪਹਿਲੇ ਕੀਤੇ ਮੰਦੇ ਕਰਮਾਂ ਵਾਲੀ ਦਲੀਲ ਨਹੀਂ ਵਰਤ ਸਕਦੇ। ਮੈਂ ਤੁਹਾਥੋਂ ਪੁੱਛਦਾ ਹਾਂ ਕਿ ਸਰਬ-ਸ਼ਕਤੀਮਾਨ ਨੇ ਇਹ ਦੁਨੀਆਂ ਸਾਜਣ ਲਈ ਛੇ ਦਿਨ ਕਿਉਂ ਮਿਹਨਤ ਕੀਤੀ? ਉਸ ਨੇ ਕਿਉਂ ਕਿਹਾ ਸੀ ਕਿ ਸਭ ਅੱਛਾ ਹੈ? ਉਸ ਨੂੰ ਅੱਜ ਹੀ ਸੱਦੋ। ਉਸ ਨੂੰ ਪਿਛਲਾ ਇਤਿਹਾਸ ਦਿਖਾਓ। ਉਸ ਨੂੰ ਮੌਜੂਦਾ ਹਾਲਾਤ ਬਾਰੇ ਜਾਣਨ ਦਿਓ। ਫਿਰ ਦੇਖਾਂਗੇ ਕਿ ਉਹ ਇਹ ਕਹਿਣ ਦੀ ਜੁਰਅਤ ਕਰਦਾ ਹੈ: ਸਭ ਅੱਛਾ ਹੈ।
ਜੇਲ੍ਹਖ਼ਾਨਿਆਂ ਦੀਆਂ ਕਾਲ ਕੋਠੜੀਆਂ ਤੋਂ ਗੰਦੀਆਂ ਬਸਤੀਆਂ ਤੇ ਝੌਂਪੜੀਆਂ ਵਿਚ ਭੁੱਖਮਰੀ ਦੇ ਹੱਥੋਂ ਮਰ ਰਹੇ ਲੱਖਾਂ ਲੋਕਾਂ ਨੂੰ ਦੇਖ ਕੇ ਪੂੰਜੀਵਾਦੀ ਲੋਕਾਂ ਕੋਲੋਂ ਚੁੱਪ-ਚਾਪ ਜਾਂ ਕਹਿ ਲਓ ਬੇਵਾਸਤਗੀ ਨਾਲ ਆਪਣਾ ਲਹੂ ਪਿਲਾ ਰਹੇ ਲੁਟੀਂਦੇ ਮਜ਼ਦੂਰਾਂ ਨੂੰ ਦੇਖ ਕੇ, ਇਨਸਾਨੀ ਤਾਕਤ ਦੀ ਬਰਬਾਦੀ ਜਿਸ ਨੂੰ ਦੇਖ ਕੇ ਅਤਿ ਸਾਧਾਰਨ ਬੁੱਧੀ ਵਾਲਾ ਵਿਅਕਤੀ ਵੀ ਡਰ ਨਾਲ ਕੰਬਣ ਲੱਗ ਜਾਏ ਤੇ ਲੋੜਵੰਦਾਂ ਨੂੰ ਵੰਡਣ ਦੀ ਥਾਂ ਵਾਧੂ ਪੈਦਾਵਾਰ ਸਮੁੰਦਰਾਂ ਵਿਚ ਸੁੱਟੀ ਜਾਂਦੀ ਦੇਖ ਕੇ, ਇਨਸਾਨਾਂ ਦੀਆਂ ਹੱਡੀਆਂ ਨਾਲ ਚਿਣੀਆਂ ਨੀਹਾਂ ਉਤੇ ਉਸਰੇ ਬਾਦਸ਼ਾਹਾਂ ਦੇ ਮਹਿਲਾਂ ਨੂੰ ਦੇਖ ਕੇ ਉਹ ਰਤਾ ਆਖੇ ਤਾਂ ਸਹੀ, ਸਭ ਅੱਛਾ ਹੈ ਕਿਉਂ ਤੇ ਕਿਸ ਕਾਰਨ? ਇਹ ਮੇਰਾ ਸਵਾਲ ਹੈ। ਤੁਸੀਂ ਚੁੱਪ ਹੋ, ਠੀਕ ਹੈ, ਮੈਂ ਆਪਣੀ ਗੱਲ ਅੱਗੇ ਤੋਰਦਾ ਹਾਂ।
ਤੁਸੀਂ ਹਿੰਦੂ ਆਖਦੇ ਹੋ ਕਿ ਅੱਜ ਜਿਹੜਾ ਵੀ ਦੁੱਖ ਝੱਲ ਰਿਹਾ ਹੈ, ਉਹ ਪੂਰਬਲੇ ਜਨਮ ਦੇ ਮੰਦੇ ਕਰਮਾਂ ਕਰ ਕੇ ਹੈ। ਠੀਕ, ਤੁਸੀਂ ਇਹ ਵੀ ਕਹਿੰਦੇ ਹੋ ਕਿ ਜਿਹੜੇ ਅੱਜ ਲੋਕਾਂ ਨੂੰ ਦਬਾ ਰਹੇ ਹਨ, ਉਹ ਪੂਰਬਲੇ ਜਨਮਾਂ ਵਿਚ ਧਰਮਾਤਮਾ ਲੋਕ ਸਨ। ਇਸ ਕਰ ਕੇ ਉਨ੍ਹਾਂ ਦੇ ਹੱਥ ਤਾਕਤ ਹੈ। ਮੈਂ ਤਾਂ ਮੰਨਦਾ ਹਾਂ ਕਿ ਤੁਹਾਡੇ ਵੱਡੇ-ਵਡੇਰੇ ਬੜੇ ਸ਼ਾਤਰ ਲੋਕ ਸਨ, ਉਹ ਐਸੇ ਸਿਧਾਂਤ ਲੱਭਣ ਵਿਚ ਲੱਗੇ ਰਹੇ ਜਿਨ੍ਹਾਂ ਨਾਲ ਤਰਕ ਤੇ ਅਵਿਸ਼ਵਾਸ ਨੂੰ ਖਤਮ ਕੀਤਾ ਜਾ ਸਕੇ, ਪਰ ਆਪਾਂ ਦੇਖਦੇ ਹਾਂ ਕਿ ਇਸ ਦਲੀਲ ਵਿਚ ਕਿੰਨਾ ਕੁ ਵਜ਼ਨ ਹੈ।
ਬਹੁਤ ਉਘੇ ਨਿਆਂ ਸ਼ਾਸਤਰੀਆਂ ਦਾ ਵਿਚਾਰ ਹੈ ਕਿ ਕਸੂਰਵਾਰ ਨੂੰ ਜੋ ਸਜ਼ਾ ਦਿੱਤੀ ਜਾਂਦੀ ਹੈ, ਉਸ ਦੇ ਤਿੰਨ ਜਾਂ ਚਾਰ ਮਕਸਦ ਹੋ ਸਕਦੇ ਹਨ ਤੇ ਇਸੇ ਆਧਾਰ ‘ਤੇ ਸਜ਼ਾ ਨੂੰ ਵਾਜਬ ਕਰਾਰ ਦਿੱਤਾ ਜਾ ਸਕਦਾ ਹੈ। ਇਹ ਮਕਸਦ ਹਨ: ਬਦਲਾ, ਸੁਧਾਰ ਤੇ ਵਰਜਣ ਲਈ ਡਰ। ਹੁਣ ਸਾਰੇ ਚਿੰਤਕ ਬਦਲੇ ਵਾਲੇ ਸਿਧਾਂਤ ਦੀ ਨੁਤਾਚੀਨੀ ਕਰਦੇ ਹਨ। ਵਰਜਣ ਵਾਲੇ ਸਿਧਾਂਤ ਦੀ ਵੀ ਨੁਕਤਾਚੀਨੀ ਹੋ ਰਹੀ ਹੈ। ਸੁਧਾਰਕ ਸਿਧਾਂਤ ਹੀ ਜ਼ਰੂਰੀ ਹੈ ਅਤੇ ਇਨਸਾਨੀ ਤਰੱਕੀ ਦਾ ਅਟੁੱਟ ਅੰਗ ਹੈ। ਇਸ ਸਿਧਾਂਤ ਦਾ ਮੰਤਵ ਇਹ ਹੈ ਕਿ ਕਸੂਰਵਾਰ ਸਭ ਤੋਂ ਵੱਧ ਕਾਬਲ ਤੇ ਅਮਨ-ਪਸੰਦ ਸ਼ਹਿਰੀ ਬਣ ਕੇ ਸਮਾਜ ਵਿਚ ਵਾਪਸ ਜਾਵੇ, ਪਰ ਜੇ ਅਸੀਂ ਇਹ ਮੰਨ ਵੀ ਲਈਏ ਕਿ ਬੰਦਿਆਂ ਨੇ (ਪੂਰਬਲੇ ਜਨਮ ਵਿਚ) ਪਾਪ ਕੀਤੇ ਹੋਣਗੇ, ਤਾਂ ਰੱਬ ਜਿਹੜੀ ਉਨ੍ਹਾਂ ਨੂੰ ਸਜ਼ਾ ਦਿੰਦਾ ਹੈ, ਉਹ ਕਿਹੋ ਜਿਹੀ ਹੈ? ਤੁਸੀਂ ਆਖਦੇ ਹੋ ਕਿ ਉਹ ਉਨ੍ਹਾਂ ਨੂੰ ਗਾਂ, ਬਿੱਲੀ, ਦਰੱਖ਼ਤ, ਜੜ੍ਹ-ਬੂਟੀ ਜਾਂ ਜਾਨਵਰ ਦੇ ਰੂਪ ਵਿਚ ਜਨਮ ਲੈਣ ਲਈ ਭੇਜਦਾ ਹੈ। ਤੁਸੀਂ ਇਨ੍ਹਾਂ ਸਜ਼ਾਵਾਂ ਦੀ ਗਿਣਤੀ 84 ਲੱਖ ਦੱਸਦੇ ਹੋ। ਮੈਨੂੰ ਇਹ ਦੱਸੋ ਕਿ ਇਸ ਦਾ ਮਨੁੱਖ ਉਤੇ ਕੋਈ ਸੁਧਾਰਕ ਅਸਰ ਪੈਂਦਾ ਹੈ? ਤੁਸੀਂ ਐਸੇ ਕਿੰਨੇ ਕੁ ਜਣਿਆਂ ਨੂੰ ਮਿਲੇ ਹੋ, ਜੋ ਪਾਪ ਕਰਨ ਕਾਰਨ ਪਿਛਲੇ ਜਨਮ ਵਿਚ ਗਧੇ ਦੀ ਜੂਨੇ ਪਏ ਸਨ? ਕੋਈ ਨਹੀਂ ਮਿਲਿਆ ਹੋਣਾ। ਆਪਣੇ ਪੁਰਾਣਾਂ ਦੇ ਬਿਰਤਾਂਤ ਦੀ ਲੋੜ ਨਹੀਂ। ਮੈਂ ਤੁਹਾਡੀਆਂ ਮਿਥਿਹਾਸਕ ਕਹਾਣੀਆਂ ਦਾ ਜ਼ਿਕਰ ਤੱਕ ਨਹੀਂ ਛੁਹਣਾ ਚਾਹੁੰਦਾ। ਇਸ ਤੋਂ ਬਿਨਾਂ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਦੁਨੀਆਂ ਵਿਚ ਸਭ ਤੋਂ ਵੱਡਾ ਪਾਪ ਗਰੀਬ ਹੋਣਾ ਹੈ। ਗਰੀਬੀ ਪਾਪ ਹੈ, ਇਹ ਸਜ਼ਾ ਹੈ। ਤੁਸੀਂ ਇਹੋ ਜਿਹੀਆਂ ਸਜ਼ਾਵਾਂ ਤਜਵੀਜ਼ ਕਰਨ ਵਾਲੇ ਕਿਸੇ ਅਪਰਾਧ ਵਿਗਿਆਨੀ, ਕਿਸੇ ਕਾਨੂੰਨਦਾਨ ਜਾਂ ਕਾਨੂੰਨਸਾਜ਼ ਦੀ ਕਿੰਨੀ ਕੁ ਸਿਫ਼ਤ ਸਲਾਹੀ ਕਰੋਗੇ ਜਿਸ ਨਾਲ ਮਨੁੱਖ ਹੋਰ ਵਧੇਰੇ ਗੁਨਾਹ ਕਰਨ ਲਈ ਮਜਬੂਰ ਹੁੰਦਾ ਹੈ? ਕੀ ਤੁਹਾਡੇ ਰੱਬ ਨੇ ਇਸ ਗੱਲ ਬਾਰੇ ਪਹਿਲਾਂ ਨਹੀਂ ਸੋਚਿਆ ਸੀ ਜਾਂ ਉਹ ਵੀ ਇਹ ਗੱਲਾਂ ਮਨੁੱਖਤਾ ਦੀਆਂ ਅਕਹਿ ਦੁੱਖ-ਤਕਲੀਫਾਂ ਦੀ ਕੀਮਤ ਉਤੇ ਤਜਰਬਿਆਂ ਰਾਹੀਂ ਸਿੱਖਦਾ ਹੈ? ਤੁਹਾਡੀ ਜਾਚੇ ਕਿਸੇ ਚਮਾਰ ਜਾਂ ਭੰਗੀ ਦੇ ਅਨਪੜ੍ਹ ਪਰਿਵਾਰ ਵਿਚ ਜੰਮੇ ਬੰਦੇ ਦੀ ਕੀ ਹੋਣੀ ਹੋਏਗੀ? ਉਹ ਗਰੀਬ ਹੈ, ਇਸ ਲਈ ਉਹ ਪੜ੍ਹਾਈ ਨਹੀਂ ਕਰ ਸਕਦਾ। ਖੁਦ ਨੂੰ ਚੰਗੇ ਸਮਝਣ ਵਾਲੇ ਦੂਜੇ ਇਨਸਾਨ ਉਸ ਨੂੰ ਨਫ਼ਰਤ ਕਰਦੇ ਹਨ ਤੇ ਧਿਕਾਰਦੇ ਹਨ, ਕਿਉਂਕਿ ਉਹ ਉਚੇਰੀ ਜਾਤ ਵਿਚ ਪੈਦਾ ਹੋਏ ਸਨ। ਉਸ ਦੀ ਅਗਿਆਨਤਾ, ਉਸ ਦੀ ਗਰੀਬੀ ਤੇ ਜਿਹੜਾ ਸਲੂਕ ਉਸ ਨਾਲ ਹੁੰਦਾ ਹੈ, ਇਨ੍ਹਾਂ ਸਾਰੀਆਂ ਗੱਲਾਂ ਕਾਰਨ ਸਮਾਜ ਤਾਈਂ ਉਸ ਦਾ ਦਿਲ ਸਖਤ ਹੋ ਜਾਏਗਾ। ਫਰਜ਼ ਕਰੋ ਕਿ ਉਹ ਕੋਈ ਪਾਪ ਕਰਦਾ ਹੈ, ਤਾਂ ਇਸ ਦਾ ਖਮਿਆਜ਼ਾ ਕੌਣ ਭੁਗਤੇਗਾ? ਰੱਬ, ਪਾਪ ਕਰਨ ਵਾਲਾ ਜਾਂ ਸਮਾਜ ਦੇ ਗੁਣੀ ਗਿਆਨੀ ਬੰਦੇ? ਉਨ੍ਹਾਂ ਲੋਕਾਂ ਨੂੰ ਮਿਲੀਆਂ ਸਜ਼ਾਵਾਂ ਬਾਰੇ ਤੁਸੀਂ ਕੀ ਆਖੋਗੇ ਜਿਨ੍ਹਾਂ ਨੂੰ ਹਿਰਸੀ ਤੇ ਹੰਕਾਰੀ ਬ੍ਰਾਹਮਣਾਂ ਨੇ ਜਾਣ ਬੁੱਝ ਕੇ ਅਗਿਆਨ ਦੀਆਂ ਗਾਰਾਂ ਵਿਚ ਸੁੱਟਿਆ ਸੀ। ਉਨ੍ਹਾਂ ਦਾ ਕਸੂਰ ਇਹੋ ਸੀ ਕਿ ਉਨ੍ਹਾਂ ਪਾਪੀਆਂ ਨੇ ਤੁਹਾਡੇ ਗਿਆਨ ਦੀਆਂ ਪਵਿੱਤਰ ਪੋਥੀਆਂ ਵੇਦਾਂ ਦੀਆਂ ਕੁਝ ਸਤਰਾਂ ਆਪਣੇ ਕੰਨੀ ਸੁਣ ਲਈਆਂ ਸਨ ਤੇ ਤੁਸੀਂ ਉਨ੍ਹਾਂ ਦੇ ਕੰਨਾਂ ਵਿਚ ਸਿੱਕਾ ਢਾਲ ਕੇ ਪਾ ਦਿੱਤਾ ਸੀ। ਜੇ ਉਨ੍ਹਾਂ ਨੇ ਕੋਈ ਕਸੂਰ ਕੀਤਾ ਸੀ ਤਾਂ ਇਸ ਦਾ ਜ਼ਿੰਮੇਦਾਰ ਕੌਣ ਸੀ ਤੇ ਬਿਪਤਾ ਕਿਸ ਦੇ ਸਿਰ ਪੈਣੀ ਸੀ? ਮੇਰੇ ਪਿਆਰੇ ਦੋਸਤੋ: ਇਹ ਸਾਰੇ ਸਿਧਾਂਤ ਖਾਸ ਅਧਿਕਾਰਾਂ ਦੇ ਮਾਲਕਾਂ ਦੀਆਂ ਕਾਢਾਂ ਹੀ ਹਨ। ਇਨ੍ਹਾਂ ਸਿਧਾਂਤਾਂ ਸਦਕਾ ਉਹ ਆਪਣੀ ਲੁੱਟੀ ਹੋਈ ਤਾਕਤ, ਦੌਲਤ ਤੇ ਉਤਮਤਾ ਨੂੰ ਵਾਜਬ ਠਹਿਰਾਉਂਦੇ ਹਨ। ਹਾਂ, ਸ਼ਾਇਦ ਅਪਟਨ ਸਿਨਕਲੇਅਰ (ਅਮਰੀਕੀ ਲੇਖਕ ਤੇ ਸੋਸ਼ਲਿਸਟ ਪਾਰਟੀ ਦਾ ਕਾਰਕੁਨ, ਭਗਤ ਸਿੰਘ ਦਾ ਇਸ਼ਾਰਾ ਸ਼ਾਇਦ ਸਿਨਕਲੇਅਰ ਦੇ 1918 ਵਿਚ ਲਿਖੇ ਪੈਂਫਲਿਟ ‘ਪਰੌਫਿਟਸ ਆਫ ਰਿਲੀਜਨ (ਧਰਮ ਦੇ ਮੁਨਾਫ਼ੇ) ਵੱਲ ਹੈ, ਨੇ ਕਿਸੇ ਥਾਂ ਲਿਖਿਆ ਸੀ ਕਿ ਬੰਦੇ ਨੂੰ (ਆਤਮਾ ਦੀ) ਅਮਰਤਾ ਵਿਚ ਯਕੀਨ ਕਰਨ ਲਾ ਦਿਓ ਤੇ ਫਿਰ ਉਸ ਕੋਲ ਜੋ ਕੁਝ ਵੀ ਹੈ, ਉਹ ਲੁੱਟ ਲਓ। ਉਹ ਸਗੋਂ ਹੱਸ ਕੇ ਤੁਹਾਡੀ ਮਦਦ ਕਰੇਗਾ। ਧਾਰਮਿਕ ਉਪਦੇਸ਼ਕਾਂ ਤੇ ਹੁਕਮਰਾਨਾਂ ਨੇ ਮਿਲੀਭੁਗਤ ਕਰ ਕੇ ਜੇਲ੍ਹਾਂ, ਫਾਹੀਆਂ, ਕੋਰੜੇ ਤੇ ਇਨ੍ਹਾਂ ਸਿਧਾਂਤਾਂ ਦੀ ਕਾਢ ਕੱਢੀ ਸੀ।
ਮੈਨੂੰ ਦੱਸੋ ਕਿ ਤੁਹਾਡਾ ਸਰਬ-ਸ਼ਕਤੀਮਾਨ ਰੱਬ ਹਰ ਕਿਸੇ ਬੰਦੇ ਨੂੰ ਕਸੂਰ ਜਾਂ ਪਾਪ ਕਰਨੋਂ ਵਰਜਦਾ ਕਿਉਂ ਨਹੀਂ? ਉਸ ਲਈ ਤਾਂ ਇਹ ਕੰਮ ਬਹੁਤ ਸੌਖਾ ਹੈ। ਉਸ ਨੇ ਜੰਗਬਾਜ਼ਾਂ ਨੂੰ ਕਿਉਂ ਨਾ ਜਾਨੋਂ ਮਾਰਿਆ ਜਾਂ ਉਨ੍ਹਾਂ ਦੇ ਜੰਗੀ ਪਾਗਲਪਨ ਨੂੰ ਮਾਰ ਕੇ ਵੱਡੀ ਜੰਗ ਨਾਲ ਮਨੁੱਖਤਾ ਉਤੇ ਆਈ ਪਰਲੋ ਨੂੰ ਕਿਉਂ ਨਾ ਬਚਾਇਆ? ਉਹ ਅੰਗਰੇਜ਼ ਲੋਕਾਂ ਦੇ ਮਨਾਂ ਵਿਚ ਕੋਈ ਇਹੋ ਜਿਹਾ ਜਜ਼ਬਾ ਕਿਉਂ ਨਹੀਂ ਭਰ ਦਿੰਦਾ ਕਿ ਉਹ ਹਿੰਦੋਸਤਾਨ ਛੱਡ ਕੇ ਚਲੇ ਜਾਣ? ਉਹ ਸਾਰੇ ਸਰਮਾਏਦਾਰਾਂ ਦੇ ਦਿਲਾਂ ਵਿਚ ਇਹ ਜਜ਼ਬਾ ਕਿਉਂ ਨਹੀਂ ਭਰ ਦਿੰਦਾ ਕਿ ਉਹ ਪੈਦਾਵਾਰੀ ਸਾਧਨਾਂ ਦੀ ਸਾਰੀ ਜਾਇਦਾਦ ਨੂੰ ਛੱਡ ਦੇਣ ਤੇ ਸਾਰੇ ਮਿਹਨਤਕਸ਼ ਤਬਕੇ ਨੂੰ ਹੀ ਨਹੀਂ, ਸਗੋਂ ਸਾਰੇ ਮਨੁੱਖੀ ਸਮਾਜ ਨੂੰ ਪੂੰਜੀਵਾਦ ਦੇ ਬੰਧਨ ਤੋਂ ਛੁਟਕਾਰਾ ਦੇ ਦੇਣ। ਤੁਸੀਂ ਬਹਿਸ ਕਰਨਾ ਚਾਹੋਗੇ ਕਿ ਸਮਾਜਵਾਦੀ ਸਿਧਾਂਤ ਲਾਗੂ ਹੋ ਸਕਦਾ ਹੈ ਜਾਂ ਨਹੀਂ, ਮੈਂ ਇਸ ਨੂੰ ਲਾਗੂ ਕਰਨ ਦਾ ਜ਼ਿੰਮਾ ਤੁਹਾਡੇ ਪਰਵਰਦਿਗਾਰ ਉਤੇ ਸੁੱਟਦਾ ਹਾਂ। ਜਿਥੋਂ ਤੱਕ ਆਮ ਲੋਕ ਭਲਾਈ ਦਾ ਸਬੰਧ ਹੈ, ਲੋਕਾਂ ਨੂੰ ਸਮਾਜਵਾਦ ਦੇ ਗੁਣਾਂ ਦਾ ਪਤਾ ਹੈ। ਉਹ ਇਸ ਦਾ ਵਿਰੋਧ ਇਸ ਨੁਕਤੇ ਤੋਂ ਕਰਦੇ ਹਨ ਕਿ ਇਹ ਲਾਗੂ ਨਹੀਂ ਹੋ ਸਕਦਾ। ਚਲੋ, ਤੁਹਾਡਾ ਰੱਬ ਚਾਹਵੇ ਤੇ ਸਭ ਕੁਝ ਬਾਕਾਇਦਾ ਤਰੀਕੇ ਨਾਲ ਕਰ ਦੇਵੇ। ਹੁਣ ਤੁਸੀਂ ਦਲੀਲ ਵਿਚੋਂ ਦਲੀਲ ਕੱਢਣ ਦੀ ਕੋਸ਼ਿਸ਼ ਨਾ ਕਰਨੀ। ਮੈਂ ਤੁਹਾਨੂੰ ਦੱਸਦਾ ਹਾਂ: ਹਿੰਦੋਸਤਾਨ ਉਤੇ ਜੇ ਬਰਤਾਨਵੀ ਹਕੂਮਤ ਹੈ ਤਾਂ ਇਹ ਰੱਬ ਦੀ ਮਰਜ਼ੀ ਕਾਰਨ ਨਹੀਂ ਹੈ, ਸਗੋਂ ਇਸ ਕਾਰਨ ਹੈ ਕਿ ਸਾਡੇ ਵਿਚ ਇਸ ਦਾ ਵਿਰੋਧ ਕਰਨ ਦੀ ਹਿੰਮਤ ਨਹੀਂ ਹੈ। ਉਹ ਰੱਬ ਦੀ ਮਦਦ ਨਾਲ ਸਾਨੂੰ ਗੁਲਾਮ ਨਹੀਂ ਰੱਖ ਰਹੇ, ਸਗੋਂ ਉਨ੍ਹਾਂ ਨੇ ਬੰਦੂਕਾਂ, ਤੋਪਾਂ, ਬੰਬਾਂ, ਗੋਲੀਆਂ, ਪੁਲਿਸ ਤੇ ਫੌਜ ਦੀ ਮਦਦ ਨਾਲ ਸਾਨੂੰ ਗੁਲਾਮ ਬਣਾਇਆ ਹੋਇਆ ਹੈ ਅਤੇ ਸਾਡਾ ਕੀ ਕਸੂਰ ਹੈ ਕਿ ਉਹ (ਮਨੁੱਖੀ) ਸਮਾਜ ਵਿਰੁਧ ਸਭ ਤੋਂ ਵੱਧ ਘਿਨਾਉਣਾ ਗੁਨਾਹ ਇਹ ਕਰ ਰਹੇ ਹਨ ਕਿ ਇਕ ਕੌਮ ਹੱਥੋਂ ਦੂਜੀ ਕੌਮ ਲੁੱਟੀ ਜਾ ਰਹੀ ਹੈ। ਕਿਥੇ ਹੈ ਰੱਬ? ਉਹ ਕਰ ਕੀ ਰਿਹਾ ਹੈ? ਕੀ ਉਹ ਮਨੁੱਖਤਾ ਦੀਆਂ ਇਨ੍ਹਾਂ ਸਾਰੀਆਂ ਦੁੱਖ ਤਕਲੀਫਾਂ ਦਾ ਮਜ਼ਾ ਲੈ ਰਿਹਾ ਹੈ? ਉਹ ਨੀਰੋ ਹੈ, ਉਹ ਚੰਗੇਜ਼ ਖਾਂ ਹੈ। ਰੱਬ ਮੁਰਦਾਬਾਦ!
ਤੁਸੀਂ ਮੈਨੂੰ ਇਹ ਪੁੱਛੋਗੇ ਕਿ ਇਸ ਦੁਨੀਆਂ ਦਾ, ਤੇ ਮਨੁੱਖ ਦਾ ਅਰੰਭ ਕਿਵੇਂ ਹੋਇਆ ਸੀ। ਚਾਰਲਸ ਡਾਰਵਿਨ (1809-1882, ਅੰਗਰੇਜ਼ ਪ੍ਰਕ੍ਰਿਤੀਵਾਦੀ, 19ਵੀਂ ਸਦੀ ਦੀ ਸਭ ਤੋਂ ਵੱਡੀ ਜਿੱਤ, ਉਸ ਦੀ 1859 ਵਿਚ ਛਪੀ ‘ਓਰਿਜਨ ਆਫ਼ ਸਪੀਸੀਜ਼’ ਸੀ ਜਿਸ ਵਿਚ ਪ੍ਰਕ੍ਰਿਤੀ ਦੇ ਵਿਕਾਸ ਦਾ ਸਿਧਾਂਤ ਸੀ। ਇਸ ਸਿਧਾਂਤ ਨੇ ਕੁਦਰਤ ਸਬੰਧੀ ਧਾਰਮਿਕ ਤੇ ਵਿਚਾਰਵਾਦੀ ਸੰਕਲਪਾਂ ਨੂੰ ਤੋੜ ਦਿੱਤਾ) ਨੇ ਇਸ ਵਿਸ਼ੇ ਬਾਰੇ ਚਾਨਣਾ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਉਸ ਦਾ ਮੁਤਾਲਿਆ ਕਰੋ। ਸੋਹੰਮ ਸਵਾਮੀ ਦੀ ਕਿਤਾਬ ‘ਕਾਮਨਸੈਂਸ’ (ਸਾਧਾਰਨ ਗਿਆਨ) ਪੜ੍ਹੋ। ਤੁਹਾਨੂੰ ਇਸ ਸਵਾਲ ਦਾ ਕੁਝ ਹੱਦ ਤੱਕ ਜਵਾਬ ਮਿਲ ਜਾਏਗਾ। ਇਹ ਕੁਦਰਤ ਦਾ ਵਿਸ਼ਾ ਹੈ। ਵੱਖ-ਵੱਖ ਪਦਾਰਥਾਂ ਦੇ ਇਤਫ਼ਾਕੀਆ ਮੇਲ ਨਾਲ ਧਰਤੀ ਤੇ ਬੂਲੇ ਦੇ ਰੂਪ ਵਿਚ ਪੈਦਾ ਹੋਈ ਸੀ। ਕਦੋਂ? ਇਹ ਜਾਣਨ ਲਈ ਇਤਿਹਾਸ ਪੜ੍ਹੋ। ਇਸ ਅਮਲ ਵਿਚ ਜਾਨਵਰ ਤੇ ਫਿਰ ਅਖੀਰ ਵਿਚ ਮਨੁੱਖ ਪੈਦਾ ਹੋਇਆ ਸੀ। ਤੁਸੀਂ ਡਾਰਵਿਨ ਦੀ ਕਿਤਾਬ ‘ਓਰਿਜਨ ਆਫ਼ ਸਪੀਸੀਜ਼’ ਪੜ੍ਹੋ ਅਤੇ ਉਸ ਤੋਂ ਮਗਰੋਂ ਜੋ ਵੀ ਉਨਤੀ ਹੋਈ, ਉਹ ਮਨੁੱਖ ਦੀ ਕੁਦਰਤ ਨਾਲ ਲਗਾਤਾਰ ਟੱਕਰ ਤੇ ਮਨੁੱਖ ਵੱਲੋਂ ਕੁਦਰਤ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਵਜੋਂ ਹੋਈ ਸੀ। ਧਰਤੀ ਦੇ ਆਦਿ ਬਾਰੇ ਇਹ ਸਭ ਸੰਖੇਪ ਜਿਹਾ ਵੇਰਵਾ ਹੈ।
ਤੁਹਾਡਾ ਅਗਲਾ ਸਵਾਲ ਹੋ ਸਕਦਾ ਹੈ ਕਿ ਪਿਛਲੇ ਜਨਮ ਵਿਚ ਮਾੜੇ ਕਰਮ ਨਾ ਕੀਤੇ ਹੋਣ ਤਾਂ ਕੋਈ ਬੱਚਾ ਅੰਨ੍ਹਾ ਜਾਂ ਲੰਗੜਾ ਕਿਉਂ ਜੰਮਦਾ ਹੈ? ਜੀਵ ਵਿਗਿਆਨੀਆਂ ਨੇ ਇਸ ਸਮੱਸਿਆ ਦਾ ਜ਼ਿਕਰ ਕੀਤਾ ਹੈ ਕਿ ਇਹ ਜੀਵ ਵਿਗਿਆਨਿਕ ਵਿਸ਼ਾ ਹੈ। ਇਸ ਦੇ ਕਾਰਨ ਬੱਚੇ ਦੇ ਮਾਂ-ਪਿਓ ਦੇ ਜੀਵ-ਇਤਿਹਾਸ ਵਿਚ ਹੀ ਹੁੰਦੇ ਹਨ।
ਕੁਦਰਤਨ ਤੁਸੀਂ ਇਕ ਹੋਰ ਸਵਾਲ ਪੁੱਛ ਸਕਦੇ ਹੋ: ਭਾਵੇਂ ਇਹ ਨਿਰਾ ਬਚਗਾਨਾ ਸਵਾਲ ਹੀ ਹੈ। ਉਹ ਸਵਾਲ ਇਹ ਹੈ ਕਿ ਜੇ ਰੱਬ ਨਹੀਂ ਸੀ ਤਾਂ ਫਿਰ ਲੋਕ ਉਸ ਨੂੰ ਮੰਨਣ ਕਿਵੇਂ ਲੱਗੇ? ਮੇਰਾ ਜਵਾਬ ਸਪਸ਼ਟ ਤੇ ਸੰਖੇਪ ਹੋਵੇਗਾ। ਜਿਵੇਂ ਲੋਕ ਭੂਤ-ਪ੍ਰੇਤਾਂ ਨੂੰ ਮੰਨਣ ਲੱਗ ਪਏ ਸੀ, ਓਵੇਂ ਹੀ ਉਹ ਰੱਬ ਨੂੰ ਮੰਨਣ ਲੱਗ ਪਏ। ਫਰਕ ਸਿਰਫ਼ ਇੰਨਾ ਹੈ ਕਿ ਰੱਬ ਵਿਚ ਵਿਸ਼ਵਾਸ ਤਕਰੀਬਨ ਸਰਬ-ਵਿਆਪਕ ਹੈ ਤੇ ਇਸ ਦਾ ਦਰਸ਼ਨ ਕਾਫ਼ੀ ਵਿਕਸਿਤ ਹੈ। ਕੁਝ ਪਰਿਵਰਤਨਕਾਰੀਆਂ (ਰੈਡੀਕਲਜ਼) ਵਾਂਗ ਮੇਰਾ ਇਹ ਵਿਚਾਰ ਨਹੀਂ ਹੈ ਕਿ ਰੱਬ ਆਦਿ ਲੁੱਟ-ਖਸੁੱਟ ਕਰਨ ਵਾਲਿਆਂ ਦੀ ਕਰਤੂਤ ਸੀ, ਤਾਂ ਕਿ ਉਹ ਸਰਬ-ਉਚ ਸੱਤਾ ਦੀ ਹੋਂਦ ਦਾ ਪ੍ਰਚਾਰ ਕਰ ਕੇ ਆਪਣੀਆਂ ਗੱਦੀਆਂ ਕਾਇਮ ਰੱਖਣ ਲਈ ਲੋਕਾਂ ਨੂੰ ਗੁਲਾਮ ਰੱਖ ਸਕਣ। ਭਾਵੇਂ ਉਨ੍ਹਾਂ ਨਾਲ ਮੇਰਾ ਇਸ ਜ਼ਰੂਰੀ ਨੁਕਤੇ ਨਾਲ ਕੋਈ ਮਤਭੇਦ ਨਹੀਂ ਹੈ ਕਿ ਸਾਰੇ ਧਾਰਮਿਕ ਮੱਤ, ਧਰਮ, ਸਿਧਾਂਤ ਤੇ ਹੋਰ ਇਹੋ ਜਿਹੀਆਂ ਸੰਸਥਾਵਾਂ ਆਖਰਕਾਰ ਜਾਬਰ, ਦਮਨਕਾਰੀ ਸੰਸਥਾਵਾਂ, ਵਿਅਕਤੀਆਂ ਤੇ ਜਮਾਤਾਂ ਦੀਆਂ ਹਮਾਇਤੀ ਹੀ ਹੋ ਨਿਬੜੀਆਂ ਹਨ। ਹਰ ਧਰਮ ਇਹ ਕਹਿੰਦਾ ਹੈ ਕਿ ਬਾਦਸ਼ਾਹ ਵਿਰੁਧ ਬਗਾਵਤ ਕਰਨਾ ਹਮੇਸ਼ਾ ਹੀ ਪਾਪ ਹੁੰਦਾ ਹੈ।
ਰੱਬ ਦੇ ਆਦਿ ਬਾਰੇ ਮੇਰਾ ਆਪਣਾ ਵਿਚਾਰ ਇਹ ਹੈ ਕਿ ਜਦ ਮਨੁੱਖ ਨੂੰ ਆਪਣੀਆਂ ਸੀਮਾਵਾਂ ਕਮਜ਼ੋਰੀਆਂ ਤੇ ਕਮੀਆਂ ਦਾ ਅਹਿਸਾਸ ਹੋ ਗਿਆ ਤਾਂ ਉਸ ਨੇ ਰੱਬ ਦੀ ਕਾਲਪਨਿਕ ਹੋਂਦ ਬਣਾ ਲਈ, ਤਾਂ ਕਿ ਇਮਤਿਹਾਨੀ ਹਾਲਤ ਦਾ ਦ੍ਰਿੜਤਾ ਨਾਲ ਸਾਹਮਣਾ ਕਰਨ ਲਈ ਮਨੁੱਖ ਨੂੰ ਹੌਸਲਾ ਮਿਲੇ, ਤਾਂ ਕਿ ਸਾਰੇ ਖਤਰਿਆਂ ਦਾ ਜਵਾਂ-ਮਰਦੀ ਨਾਲ ਮੁਕਾਬਲਾ ਕਰ ਸਕੇ ਅਤੇ ਖੁਸ਼ਹਾਲੀ ਤੇ ਅਮੀਰੀ ਦੀ ਹਾਲਤ ਵਿਚ ਆਪਣੀਆਂ ਇੱਛਾਵਾਂ ‘ਤੇ ਕਾਬੂ ਪਾ ਸਕੇ। ਮਨੁੱਖ ਨੇ ਰੱਬ ਨੂੰ ਇਹਦੇ ਨਿੱਜ ਰੂਪਕ ਨੇਮਾਂ ਤੇ ਪਾਲਣਹਾਰ ਗੁਣਾਂ ਦੇ ਰੂਪ ਵਿਚ ਚਿਤਵਿਆ ਤੇ ਚਿਤਰਿਆ ਸੀ। ਉਹਦੀ ਕਰੋਪੀ ਤੇ ਨਿੱਜ ਰੂਪਕ ਨੇਮਾਂ ਨੂੰ ਵਿਚਾਰਨ ਵੇਲੇ ਉਹ ਤਾੜਨਾ ਦਾ ਕੰਮ ਦਿੰਦਾ ਸੀ ਤਾਂ ਜੋ ਮਨੁੱਖ ਸਮਾਜ ਵਾਸਤੇ ਖਤਰਾ ਨਾ ਬਣ ਜਾਵੇ। ਉਹਦੇ ਪਾਲਣਹਾਰ ਗੁਣਾਂ ਵਿਚ ਉਹ ਮਾਂ-ਪਿਤਾ, ਭੈਣ, ਭਾਈ, ਦੋਸਤ ਤੇ ਮਦਦਗਾਰ ਸੀ ਤਾਂ ਕਿ ਉਸ ਹਾਲਤ ਵਿਚ ਜਦ ਬੰਦੇ ਨੂੰ ਔਖੇ ਵੇਲੇ ਹਰ ਕੋਈ ਛੱਡ ਜਾਵੇ ਤਾਂ ਉਸ ਘੜੀ ਵੀ ਬੰਦੇ ਨੂੰ ਇਹ ਧਰਵਾਸ ਰਹੇ ਕਿ ਉਹਦੀ ਮਦਦ ਕਰਨ ਲਈ, ਉਹਨੂੰ ਢਾਰਸ ਦੇਣ ਲਈ ਸਦਾ ਸਲਾਮਤ ਰਹਿਣ ਵਾਲਾ ਸੱਚਾ ਮਿੱਤਰ ਰੱਬ ਹੈ। ਆਦਿ ਕਾਲ ਵਿਚ ਰੱਬ ਸੱਚੇ ਅਰਥਾਂ ਵਿਚ ਸਮਾਜ ਲਈ ਲਾਹੇਬੰਦ ਸੀ। ਔਖੀ ਘੜੀ ਵੇਲੇ ਰੱਬ ਦਾ ਵਿਚਾਰ ਬੰਦੇ ਲਈ ਮਦਦਗਾਰ ਹੁੰਦਾ ਹੈ।
ਸਮਾਜ ਨੇ ਜਿਵੇਂ ਬੁੱਤ ਪੂਜਾ ਤੇ ਧਰਮ ਦੇ ਤੰਗ ਨਜ਼ਰ ਸੰਕਲਪ ਵਿਰੁਧ ਲੜਾਈ ਲੜੀ ਸੀ, ਉਸੇ ਤਰ੍ਹਾਂ ਸਮਾਜ ਨੂੰ ਰੱਬ ਦੇ ਵਿਸ਼ਵਾਸ ਵਿਰੁਧ ਲੜਨਾ ਪੈਣਾ ਹੈ। ਇਸੇ ਤਰ੍ਹਾਂ ਜਦ ਬੰਦਾ ਆਪਣੇ ਪੈਰੀਂ ਹੋਣ ਦੀ ਕੋਸ਼ਿਸ਼ ਕਰਨ ਲੱਗਾ ਤੇ ਯਥਾਰਥਵਾਦੀ ਹੋਣ ਲੱਗਾ ਹੈ ਤਾਂ ਉਹਨੂੰ ਰੱਬ ਦਾ ਵਿਸ਼ਵਾਸ ਲਾਂਭੇ ਸੁੱਟਣਾ ਪਏਗਾ ਤੇ ਹਰ ਮੁਸ਼ਕਿਲ, ਹਰ ਆਫ਼ਤ ਤੇ ਹਰ ਤਰ੍ਹਾਂ ਦੀ ਹਾਲਤ ਦਾ ਡਟ ਕੇ ਮੁਕਾਬਲਾ ਕਰਨਾ ਪਏਗਾ। ਇਸ ਵੇਲੇ ਮੇਰੀ ਹਾਲਤ ਬਿਲਕੁਲ ਇਹੀ ਹੈ। ਮੇਰੇ ਦੋਸਤੋ, ਮੇਰਾ ਇਹ ਕੋਈ ਅਹੰਕਾਰ ਨਹੀਂ ਹੈ। ਮੈਂ ਆਪਣੀ ਸੋਚਣ ਵਿਧੀ ਨਾਲ ਹੀ ਨਾਸਤਿਕ ਬਣਿਆ ਹਾਂ। ਮੇਰਾ ਖਿਆਲ ਨਹੀਂ ਕਿ ਰੱਬ ਵਿਚ ਵਿਸ਼ਵਾਸ ਕਰਨ ਨਾਲ ਤੇ ਹਰ ਰੋਜ਼ ਅਰਦਾਸ ਕਰਨ ਨਾਲ (ਜਿਹੜਾ ਮੈਂ ਮਨੁੱਖ ਦਾ ਸਭ ਤੋਂ ਵੱਧ ਖੁਦਗਰਜ਼ੀ ਕਰਨ ਵਾਲਾ ਤੇ ਘਟੀਆ ਕੰਮ ਸਮਝਦਾ ਹਾਂ) ਮੇਰਾ ਕੁਝ ਸੌਰ ਸਕਦਾ ਹੈ ਜਾਂ ਇਹਦੇ ਨਾਲ ਮੇਰੀ ਹਾਲਤ ਹੋਰ ਵੀ ਭੈੜੀ ਹੋ ਜਾਵੇਗੀ। ਮੈਂ ਉਨ੍ਹਾਂ ਨਾਸਤਿਕਾਂ ਬਾਰੇ ਪੜ੍ਹਿਆ ਹੈ ਜਿਨ੍ਹਾਂ ਨੇ ਬਹੁਤ ਡਟ ਕੇ ਸਾਰੀਆਂ ਮੁਸ਼ਕਿਲਾਂ ਦਾ ਮੁਕਾਬਲਾ ਕੀਤਾ ਸੀ। ਇਸੇ ਲਈ ਮੈਂ ਅਖੀਰ ਤੱਕ ਫਾਂਸੀ ਦੇ ਤਖ਼ਤੇ ‘ਤੇ ਵੀ, ਮਰਦ ਵਾਂਗ ਸਿਰ ਤਾਣ ਕੇ ਸਾਬਤ ਕਦਮ ਰਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ।
ਦੇਖੀਏ, ਮੈਂ ਇਸ ‘ਤੇ ਕਿੰਨਾ ਕੁ ਪੂਰਾ ਉਤਰਦਾ ਹਾਂ। ਮੇਰੇ ਕਿਸੇ ਦੋਸਤ ਨੇ ਮੈਨੂੰ ਅਰਦਾਸ ਕਰਨ ਲਈ ਕਿਹਾ ਸੀ। ਜਦ ਮੈਂ ਉਹਨੂੰ ਦੱਸਿਆ ਕਿ ਮੈਂ ਤਾਂ ਨਾਸਤਿਕ ਹਾਂ, ਤਾਂ ਉਹ ਕਹਿਣ ਲੱਗਾ, “ਦੇਖੀਂ ਆਪਣੇ ਅਖੀਰੀ ਦਿਨਾਂ ਵਿਚ ਤੂੰ ਰੱਬ ਨੂੰ ਮੰਨਣ ਲੱਗ ਜਾਏਂਗਾ।” ਮੈਂ ਅੱਗਿਉਂ ਕਿਹਾ, ਨਹੀਂ ਪਿਆਰੇ ਜਨਾਬ ਜੀ, ਇਸ ਤਰ੍ਹਾਂ ਹਰਗਿਜ਼ ਨਹੀਂ ਹੋਣ ਲੱਗਾ। ਇੰਜ ਕਰਨਾ ਮੇਰੇ ਲਈ ਬੜੀ ਘਟੀਆ ਤੇ ਪਸਤੀ ਵਾਲੀ ਗੱਲ ਹੋਵੇਗੀ। ਖੁਦਗਰਜ਼ੀ ਵਾਸਤੇ ਮੈਂ ਅਰਦਾਸ ਨਹੀਂ ਕਰਨੀ। ਪਾਠਕੋ ਤੇ ਦੋਸਤੋ, ਕੀ ਇਹ ਹਉਮੈ ਹੈ। ਜੇ ਇਹ ਹੈ ਤਾਂ ਮੈਂ ਇਸ ਲਈ ਦ੍ਰਿੜ ਹਾਂ।
(ਸਮਾਪਤ)