ਸੰਪਾਦਕ ਜੀ,
ਮੈਂ ਅਖਬਾਰ ‘ਪੰਜਾਬ ਟਾਈਮਜ਼’ ਨਾਲ ਅਮਰੀਕਾ ਪਹੁੰਚਣ ਤੋਂ ਹੀ ਜੁੜਿਆ ਹੋਇਆ ਹਾਂ। ਪਰ ਖਾਸ ਕਰ ਕੇ ਜਦੋਂ ਸ਼ ਤਰਲੋਚਨ ਸਿੰਘ ਦੁਪਾਲਪੁਰ ਨੇ ਇਸ ਅਖਬਾਰ ਲਈ ਲਿਖਣਾ ਸ਼ੁਰੂ ਕੀਤਾ ਹੈ ਤਾਂ ਮੈਂ ਤੁਹਾਡਾ ਅਖਬਾਰ ਕਦੇ ਵੀ ਪੜ੍ਹਨੋਂ ਨਹੀਂ ਖੁੰਝਿਆ। ਇਨ੍ਹਾਂ ਦੇ ਲੇਖ ਵਧੀਆ ਸੇਧ ਦੇਣ ਵਾਲੇ ਅਤੇ ਸਲਾਹੁਣਯੋਗ ਹੁੰਦੇ ਹਨ,
ਜਿਨ੍ਹਾਂ ਦੀ ਮੈਂ ਦਿਲੋਂ ਤਾਰੀਫ ਕਰਦਾ ਹਾਂ ਪਰ ਪੰਜਾਬ ਟਾਈਮਜ਼ ਦੇ 27 ਫਰਵਰੀ 2016 ਦੇ ਅੰਕ ਵਿਚ ਸ਼ ਦੁਪਾਲਪਰ ਦਾ ਲੇਖ Ḕਸਾਈਕਲ ਦੀ ਸਵਾਰੀ ‘ਤੇ ਵਿਦੇਸ਼ ਦੀ ਉਡਾਰੀḔ ਪੜ੍ਹ ਕੇ ਦੁੱਖ ਮਹਿਸੂਸ ਹੋਇਆ। ਮੈਨੂੰ ਲੱਗਦਾ ਹੈ ਕਿ ਲੇਖ ਵਿਚ ਜ਼ਿਕਰਅਧੀਨ ਸੋਢੀ ਸੁਲਤਾਨ ਸਿੰਘ ਦੀ ਕਿਤਾਬ Ḕਮੁਲਕੋ ਮੁਲਕ ਸਾਈਕਲਨਾਮਾḔ ਪੜ੍ਹ ਕੇ ਹੀ ਸ਼ ਦੁਪਾਲਪੁਰ ਨੇ ਲੇਖ ਲਿਖ ਦਿਤਾ ਤੇ ਉਨ੍ਹਾਂ ਨੂੰ ਲੇਖਕ ਦੀ ਨਿਜੀ ਜ਼ਿੰਦਗੀ ਬਾਰੇ ਕੁਝ ਵੀ ਪਤਾ ਨਹੀਂ ਹੈ।
ਮੈਨੂੰ ਸੋਢੀ ਸੁਲਤਾਨ ਸਿੰਘ ਨਾਲ ਲਗਭਗ ਢਾਈ ਸਾਲ ਰਹਿਣ ਦਾ ਮੌਕਾ ਮਿਲਿਆ। ਲੇਖਕ ‘ਤੇ ਲਿਖਣ ਦਾ ਭੂਤ ਜ਼ਰੂਰ ਸਵਾਰ ਹੈ ਪਰ ਜੋ ਕੁਝ ਉਹ ਲਿਖਦਾ ਹੈ, ਉਹ ਚਾਹੇ ਗਲਤ ਹੋਵੇ ਜਾਂ ਠੀਕ, ਪਰ ਸੁਣਨ ਵਾਲੇ ਨੂੰ ਮੰਨਣ ਲਈ ਮਜਬੂਰ ਕਰਦਾ ਹੈ। ਸਿੱਖ ਗੁਰੂਆਂ, ਜੱਟ ਭਾਈਚਾਰੇ ਅਤੇ ਪਰਮਾਤਮਾ (ਰੱਬ) ਦੀ ਨਿਖੇਧੀ ਕਰਨੀ, ਇਹ ਆਪਣਾ ਫਰਜ਼ ਸਮਝਦਾ ਹੈ। ਕੋਈ ਵੀ ਬੰਦਾ ਇਕ ਦੋ ਕਿਤਾਬਾਂ ਲਿਖਣ ਨਾਲ ਹੀ ਮਹਾਨ ਨਹੀਂ ਬਣ ਜਾਂਦਾ। ਉਸ ਨੂੰ ਆਪਣੇ ਚਰਿੱਤਰ ਅਤੇ ਰਹਿਣ-ਸਹਿਣ ਦੇ ਸਲੀਕੇ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ।
ਸੋਢੀ ਸੁਲਤਾਨ ਵਲੋਂ ਕਿਤਾਬ Ḕਹਿੰਦੂ ਸਾਮਰਾਜਵਾਦ ਦਾ ਇਤਿਹਾਸḔ ਦਾ ਪੰਜਾਬੀ ਤਰਜਮਾ ਕਰਨ ਤੋਂ ਬਾਅਦ ਲਿਖੇ ਸਫਾ ਨੰਬਰ 432 ਤੋਂ ਸ਼ੁਰੂ ਕਰ ਕੇ ਆਖਰ ਤੱਕ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਲੇਖਕ ਕਿਸ ਕਿਸਮ ਦੇ ਚਰਿਤਰ ਦਾ ਮਾਲਕ ਹੈ। ਸਾਫ ਸਫਾਈ ਜਾਂ ਸਹੀ ਢੰਗ ਅਪਨਾਉਣ ਬਾਰੇ ਕਹਿਣ ਵਾਲੇ ਨਾਲ ਇਹ ਹਮੇਸ਼ਾ ਝਗੜਾ ਪਾਉਣ ਨੂੰ ਤਿਆਰ ਰਹਿੰਦਾ ਹੈ। ਇਸ ਦੀ ਵਜ੍ਹਾ ਕਰ ਕੇ ਹੀ ਇਕ ਵਾਰ ਉਸ ਨੂੰ ਰਾਤ ਦੇ 10 ਵਜੇ ਕਮਰਾ ਛੱਡ ਕੇ ਜਾਣਾ ਪਿਆ।
ਮੇਰੀ ਸ਼ ਦੁਪਾਲਪੁਰ ਨੂੰ ਬੇਨਤੀ ਹੈ ਕਿ ਅੱਗੇ ਵਾਸਤੇ ਕਿਸੇ ਵੀ ਲੇਖਕ ਦੀ ਕਿਤਾਬ ਪੜ੍ਹ ਕੇ ਉਸ ਦੇ ਹੱਕ ਜਾਂ ਵਿਰੋਧ ਵਿਚ ਲਿਖਣ ਤੋਂ ਪਹਿਲਾਂ ਲੇਖਕ ਦੀ ਨਿਜੀ ਜ਼ਿੰਦਗੀ, ਸਮਾਜ ਵਿਚ ਰਹਿਣ ਦਾ ਢੰਗ-ਤਰੀਕਾ ਅਤੇ ਭਾਈਚਾਰੇ ਨਾਲ ਵਰਤ-ਵਰਤਾਓ ਬਾਰੇ ਜ਼ਰੂਰ ਜਾਣਕਾਰੀ ਹਾਸਲ ਕਰ ਲਿਆ ਕਰਨ ਤਾਂ ਕਿ ਕਿਸੇ ਵੀ ਕਿਸਮ ਦੀ ਟਿੱਪਣੀ ਤੋਂ ਬਚਿਆ ਜਾ ਸਕੇ।
-ਨਿਰਮਲ ਸਿੰਘ ਗਿੱਲ
ਮਨਟੀਕਾ, ਕੈਲੀਫੋਰਨੀਆ।
ਫੋਨ: 650-388-2739