ਵਿੱਦਿਆ ਦੇ ਪਾੜੇ ਤੇ ਸ਼ੁਹਰਤਾਂ

ਗੁਲਜ਼ਾਰ ਸਿੰਘ ਸੰਧੂ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਿਗਰੀ ਵੰਡ ਸਮਾਰੋਹ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਜੇæ ਐਸ਼ ਗਰੇਵਾਲ ਨੂੰ ਗਿਆਨ ਰਤਨ ਅਤੇ ਉਘੇ ਹਾਕੀ ਖਿਡਾਰੀ ਬਲਬੀਰ ਸਿੰਘ ਨੂੰ ਖੇਡ ਰਤਨ ਸਨਮਾਨ ਦਿੱਤਾ ਜਾਣਾ ਪੰਜਾਬ ਤੇ ਦੂਜੇ ਰਾਜਾਂ ਦੇ ਬੁੱਧੀਜੀਵੀਆਂ ਨੇ ਬਹੁਤ ਸਲਾਹਿਆ ਹੈ।

ਮੈਂ ਖੇਡ ਜਗਤ ਦਾ ਬੰਦਾ ਨਹੀਂ ਪਰ ਖੇਡਾਂ ਦਾ ਪਾਰਖੂ ਸਰਵਣ ਸਿੰਘ ਬਲਬੀਰ ਸਿੰਘ ਦੀਆਂ ਸਿਫਤਾਂ ਕਰਦਾ ਨਹੀਂ ਥੱਕਦਾ। ਅਗਲੀ ਪੱਧਰ ਉਤੇ ਚੰਡੀਗੜ੍ਹ ਦੀ ਸਾਹਿਤ ਚਿੰਤਨ ਸੰਸਥਾ ਦੇ ਕਰਤਾ ਧਰਤਾ ਸਰਦਾਰਾ ਸਿੰਘ ਚੀਮਾ (56) ਨੂੰ ਉਰਦੂ ਦੀ ਪੜ੍ਹਾਈ ਵਿਚ ਉਚਤਮ ਨੰਬਰ ਲੈਣ ਤੇ ਪੰਜਾਬ ਯੂਨੀਵਰਸਿਟੀ ਦੀ ਕਲਾ ਅਧਿਆਪਕਾ ਸੀਮਾ ਭੱਲਾ (52) ਦਾ ਉਸੇ ਸਾਲ ਡਾਕਟਰੇਟ ਦੀ ਡਿਗਰੀ ਪ੍ਰਾਪਤ ਕਰਨਾ, ਜਦੋਂ ਉਸ ਦੀ ਪੁੱਤਰੀ ਨੇ ਬੀæ ਏæ ਪਾਸ ਕੀਤੀ, ਕਲਾ ਪਾਰਖੂਆਂ ਨੇ ਬੜਾ ਪਸੰਦ ਕੀਤਾ ਹੈ। ਜਿਥੋਂ ਤੱਕ ਚੀਮਾ ਦਾ ਸਬੰਧ ਹੈ ਉਹ ਸਵਰਗਵਾਸੀ ਗੁਰਸ਼ਰਨ ਸਿੰਘ ਨਾਟਕਕਾਰ ਦਾ ਮਦਾਹ ਹੈ ਤੇ ਉਹਦੇ ਵੱਲੋਂ ਸਥਾਪਿਤ ਸਾਹਿਤ ਚਿੰਤਨ ਦੀ ਇੱਕ ਵੀ ਬੈਠਕ ਮਿਸ ਨਹੀਂ ਹੋਣ ਦਿੰਦਾ। ਏਸ ਵਾਰੀ ਦੇ ਸਮਾਰੋਹ ਵਿਚ ਡਾਟਰੇਕਟ ਦੀ ਡਿਗਰੀ ਪ੍ਰਾਪਤ ਕਰਨ ਵਾਲੇ 298 ਵਿਦਿਆਰਥੀਆਂ ਵਿਚੋਂ 201 ਕੁੜੀਆਂ ਤੇ 97 ਮੁੰਡਿਆਂ ਦਾ ਹੋਣਾ ਸਿੱਧ ਕਰਦਾ ਹੈ ਕਿ ਵਿਦਿਆ ਦੇ ਖੇਤਰ ਵਿਚ ਕੁੜੀਆਂ ਦੀ ਝੰਡੀ ਹੈ।
ਪੰਜਾਬ ਦੇ ਹਰਿਆਣਾ ਦੇ ਗਵਰਨਰ ਪ੍ਰੋæ ਕਪਤਾਨ ਸਿੰਘ ਸੋਲੰਕੀ ਦੀ ਮੁੱਖ ਮਹਿਮਾਨੀ ਵਿਚ ਹੋਈ ਕਨਵੋਕੇਸ਼ਨ ਨੇ ਮੈਨੂੰ ਆਪਣੀ ਖਾਲਸਾ ਕਾਲਜ ਮਾਹਿਲਪੁਰ ਵਾਲੀ ਕਨਵੋਕੇਸ਼ਨ (1954) ਚੇਤੇ ਕਰਵਾ ਦਿੱਤੀ, ਜਿੱਥੇ ਉਸ ਸਮੇਂ ਪੰਜਾਬ ਦੇ ਵਿਕਾਸ ਮੰਤਰੀ ਪ੍ਰਤਾਪ ਸਿੰਘ ਕੈਰੋਂ ਮੁੱਖ ਮਹਿਮਾਨ ਸਨ। ਉਸ ਵੇਲੇ ਕੈਰੋਂ ਨਾਲ 15 ਅਧਿਆਪਕ ਸਨ ਤੇ ਡਿਗਰੀ ਲੈਣ ਵਾਲੇ 121 ਵਿਦਿਆਰਥੀ। ਇਨ੍ਹਾਂ ਵਿਚੋਂ ਮੇਰਾ ਇਕ ਹਮਜਮਾਤੀ ਹੰਸ ਰਾਜ ਹੰਸ ਹਰਿਆਣਾ ਸਰਕਾਰ ਵਿਚ ਡੀæ ਜੀæ ਪੁਲੀਸ ਦੀ ਪਦਵੀ ਤੱਕ ਪਹੁੰਚਿਆ। ਮੈਂ ਉਸ ਨੂੰ ਕਹਿੰਦਾ ਰਹਿੰਦਾ ਹਾਂ ਕਿ ਇਹ ਸਭ ਕੈਰੋਂ ਦੇ ਹੱਥੋਂ ਡਿਗਰੀ ਲੈਣ ਦੀਆਂ ਬਰਕਤਾਂ ਨੇ। ਸੋਲੰਕੀ ਦੀਆਂ ਬਰਕਤਾਂ ਸਮਾਂ ਦੱਸੇਗਾ।
ਚੰਡੀਗੜ੍ਹ ਦੇ ਮੁਖੀ ਦੀ ਅਲਵਿਦਾ ਅਤੇ ਐਮ ਐਸ ਰੰਧਾਵਾ: ਚੰਡੀਗੜ੍ਹ ਪ੍ਰਸ਼ਾਸਨ ਦੇ ਸਲਾਹਕਾਰ ਵਿਜੇ ਦੇਵ ਨੂੰ ਉਸ ਦੀ ਟਰਮ ਦੇ ਅੱਧੇ ਸਮੇਂ ਤੋਂ ਵੀ ਘੱਟ ਸਮੇਂ ਵਿਚ ਬਦਲ ਦਿੱਤਾ ਗਿਆ ਹੈ। ਉਸ ਨੇ ਆਪਣੇ 15 ਮਹੀਨਿਆਂ ਦੇ ਕਾਰਜ ਕਾਲ ਵਿਚ ਚੰਡੀਗੜ੍ਹ ਨੂੰ ਸਮਾਰਟ ਸਿਟੀ ਬਣਾਉਣ ਵਾਲੀਆਂ ਆਰਥਿਕ ਨੀਤੀਆਂ ਉਲੀਕਣ ਤੇ ਟ੍ਰੈਫਿਕ ਦੀ ਉਲੰਘਣਾ ਕਰਨ ਵਾਲਿਆਂ ਉਤੇ ਸ਼ਿਕੰਜਾ ਕੱਸ ਕੇ ਚੰਡੀਗੜ੍ਹੀਆਂ ਦਾ ਦਿਲ ਮੋਹਿਆ। ਆਪਣੇ ਵਿਦਾਇਗੀ ਭਾਸ਼ਣ ਵਿਚ ਸਮਾਜ ਨੂੰ ਇਹ ਵੀ ਚਿਤਾਵਨੀ ਦਿੱਤੀ ਕਿ ਉਹ ਆਪਣੇ ਨੌਜਵਾਨਾਂ ਦੀ ਨਸ਼ਾਖੋਰੀ ਤੇ ਤੇਜ ਰਫਤਾਰੀ ਉਤੇ ਲਗਾਮ ਪਾਉਣ। ਉਸ ਦੇ ਕੀਤੇ ਕੰਮਾਂ ਦੀ ਰਫ਼ਤਾਰ ਵੇਖ ਕੇ ਇਥੋਂ ਦੇ ਵਸਨੀਕਾਂ ਨੂੰ ਚੰਡੀਗੜ੍ਹ ਦਾ ਪ੍ਰਥਮ ਚੀਫ ਕਮਿਸ਼ਨਰ ਐਮæ ਐਸ਼ ਰੰਧਾਵਾ ਚੇਤੇ ਆ ਗਿਆ, ਜਿਸ ਨੇ ਸ਼ਹਿਰ ਨੂੰ ਵੱਧ ਤੋਂ ਵੱਧ ਸੁੰਦਰ ਤੇ ਹਰਾ-ਭਰਾ ਰੱਖਣ ਲਈ ਸੜਕਾਂ ਦੇ ਕੰਢੇ ਛਾਂਦਾਰ ਰੁੱਖ ਤੇ ਪਾਰਕਾਂ ਵਿਚ ਫੁੱਲ ਬੂਟੇ ਲਾ ਕੇ ਇਸ ਨੂੰ ਇਕ ਸਿਹਤਮੰਦ ਸ਼ਹਿਰ ਹੋਣ ਦਾ ਮਾਣ ਦਿੱਤਾ। ਕੁਦਰਤੀ ਸੀ ਕਿ ਉਸ ਦੀ ਵਿਦਾਇਗੀ ਸਮੇਂ ਦਿੱਤੀਆਂ ਗਈਆਂ ਪਾਰਟੀਆਂ ਵਿਚੋਂ ਵਿਜੇ ਦੇਵ, ਰੰਧਾਵਾ ਦਾ ਉਤਮ ਬਦਲ ਮੰਨਿਆ ਗਿਆ। 3 ਮਾਰਚ 2016 ਨੂੰ ਚੰਡੀਗੜ੍ਹ ਸੰਗੀਤ ਨਾਟਕ ਅਕਾਡਮੀ ਨੇ ਐਮæ ਐਸ਼ ਰੰਧਾਵਾ ਦੀ 30ਵੀਂ ਬਰਸੀ ਮਨਾਈ ਤਾਂ ਟੈਗੋਰ ਥੀਏਟਰ ਦੇ ਖਚਾਖਚ ਭਰੇ ਹਾਲ ਵਿਚ 99 ਸਾਲਾ ਸ੍ਰੀਮਤੀ ਇਕਬਾਲ ਕੌਰ ਰੰਧਾਵਾ ਵੀ ਹਾਜ਼ਰ ਸਨ। ਜਦੋਂ ਵਿਜੇ ਦੇਵ ਨੇ ਉਨ੍ਹਾਂ ਦਾ ਪੈਰੀਂ ਪੈ ਕੇ ਸਵਾਗਤ ਕੀਤਾ, ਮੇਰੇ ਮੂੰਹ ਤੋਂ ਆਪ ਮੁਹਾਰੇ ਇਹ ਸ਼ਬਦ ਨਿਕਲੇ ḔḔਬੀਜੀ! ਕੰਮ ਕਾਜ ਦੀ ਫੁਰਤੀ ਅਤੇ ਸ਼ੈਲੀ ਵਿਚ ਵਿਜੇ ਦੇਵ ਵੀ ਰੰਧਾਵਾ ਸਾਹਿਬ ਵਰਗਾ ਹੈ, ਪਰ ਹੁਣ ਜ਼ਮਾਨਾ ਬਦਲ ਚੁੱਕਿਆ ਹੈ।” ਜ਼ਮਾਨਾ ਬਦਲਣ ਵਾਲੇ ਸ਼ਬਦਾਂ ਨੂੰ ਵਿਜੇ ਦੇਵ ਨੇ ਮੇਰੇ ਨਾਲੋਂ ਵੀ ਉਚੀ ਆਵਾਜ਼ ਵਿਚ ਦੁਹਰਾਇਆ। ਉਹ ਜਾਣਦਾ ਸੀ ਕਿ ਅੱਜ ਬੰਦੇ ਦੇ ਕੰਮ ਦਾ ਉਸ ਤਰ੍ਹਾਂ ਮੁੱਲ ਨਹੀਂ ਪੈਂਦਾ ਜਿਸ ਤਰ੍ਹਾਂ ਅੱਧੀ ਸਦੀ ਪਹਿਲਾਂ ਪੈਂਦਾ ਸੀ। ਮੇਰੇ ਮੂੰਹੋਂ ਸਹਿਜ ਸੁਭਾਅ ਨਿਕਲੇ ਇਨ੍ਹਾਂ ਸ਼ਬਦਾਂ ਤੋਂ ਇਕ ਹਫਤਾ ਪਿਛੋਂ ਉਹ ਭਾਣਾ ਵਰਤ ਗਿਆ ਜਿਸ ਦਾ ਕੇਂਦਰ ਦੀ ਸਰਕਾਰ ਨੂੰ ਇਕ ਦਿਨ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।
83 ਸਾਲਾ ਅਜਮੇਰਾ ਦਾ 36 ਕਲਸ਼ਾ ਨ੍ਰਿਤ: ਭੀਲਵਾੜਾ ਦਾ ਨਿਹਾਲ ਚੰਦ ਅਜਮੇਰਾ ਅੱਜ 83 ਸਾਲ ਦੀ ਆਯੂ ਵਿਚ ਵੀ ਪੈਰਾਂ ਵਿਚ ਘੁੰਗਰੂ ਬੰਨ੍ਹ ਕੇ ਤੇ ਸਿਰ ਉਤੇ 36 ਕਲਸ਼ ਰੱਖ ਕੇ ਨਾਚ ਕਰਦਾ ਹੈ। ਉਸ ਨੇ 20 ਸਾਲ ਦੀ ਉਮਰ ਵਿਚ ਤਾਨਪੁਰਾ ਖਰੀਦਿਆ ਤਾਂ ਉਸ ਦੇ ਭਾਈਚਾਰੇ ਨੇ ਵਿਅੰਗ ਕੱਸਣੇ ਸ਼ੁਰੂ ਕਰ ਦਿੱਤੇ ਸਨ ਪਰ ਉਸ ਨੇ ਕੋਈ ਪ੍ਰਵਾਹ ਨਹੀਂ ਕੀਤੀ। 1956 ਵਿਚ ਸੰਗੀਤ ਦੀ ਐਮæ ਏæ ਪਾਸ ਅਜਮੇਰਾ ਕਹਿੰਦਾ ਕਿ ਉਸ ਨੂੰ ਬੁੱਢਾ ਹੋਣ ਦੀ ਵਿਹਲ ਹੀ ਨਹੀਂ। ਹੋਰ ਸਨਮਾਨਾਂ ਤੋਂ ਬਿਨਾਂ ਲਿਮਕਾ ਬੁੱਕ ਰਿਕਾਰਡ ਵਾਲੇ ਉਸ ਨੂੰ ਮੌਕੇ ‘ਤੇ ਨੱਚਦਾ ਵੇਖਣ ਲਈ ਆਉਂਦੇ ਅਪ੍ਰੈਲ ਮਹੀਨੇ ਆਪਣੀ ਟੀਮ ਭੇਜ ਰਹੇ ਹਨ। ਸਫਲਤਾ ਉਸ ਦੇ ਪੈਰ ਚੁੰਮ ਸਕਦੀ ਹੈ।
ਅੰਤਿਕਾ: (ਫ਼ਿਦਾ ਬਟਾਲਵੀ)
ਆਪ ਕਿਆ ਸਮਝੇਂਗੇ ਜਜ਼ਬਾਤ ਕਿਸੇ ਕਹਿਤੇ ਹੈਂ
ਦਰਦ, ਗ਼ਮ, ਹਿਜ਼ਰ ਕੀ ਸੌਗਾਤ ਕਿਸੇ ਕਹਿਤੇ ਹੈਂ।
ਸ਼ਬ ਏ ਫਿਰਾਕ ਮੇਂ ਦਿਲ ਕਿਸ ਤਰ੍ਹਾ ਤੜਪਤਾ ਹੈ
ਆਪ ਕਿਆ ਜਾਨੇਂ ਗ਼ਮ ਕੀ ਰਾਤ ਕਿਸੇ ਕਹਿਤੇ ਹੈਂ।