ਹਿੰਦੁਸਤਾਨ ਅਤੇ ਪਾਕਿਸਤਾਨ ਦੇ ਸਿਆਸਤਦਾਨਾਂ ਵਿਚਕਾਰ ਭਾਵੇਂ ਕਿੰਨਾ ਵੀ ਤਕਰਾਰ ਹੋ ਜਾਵੇ, ਕਲਾਕਾਰਾਂ ਨੇ ਦਿਲਾਂ ਵਾਲੇ ਦਰਵਾਜ਼ੇ ਸਦਾ ਖੁੱਲ੍ਹੇ ਰੱਖੇ ਹਨ। ਅੰਮ੍ਰਿਤਸਰ-ਲਾਹੌਰ ਮੇਲੇ ਦਾ ਸੁਨੇਹਾ ਵੀ ਇਹੀ ਸੀ।
-ਸੰਪਾਦਕ
ਜਗਜੀਤ ਸਿੰਘ ਸੇਖੋਂ
1947 ਵਿਚ ਹਿੰਦੁਸਤਾਨ ਦੇ ਦੋ ਟੋਟੇ ਹੋਣ ਤੋਂ ਬਾਅਦ ਦੋਹਾਂ ਮੁਲਕਾਂ- ਹਿੰਦੁਸਤਾਨ ਅਤੇ ਪਾਕਿਸਤਾਨ ਵਿਚਕਾਰ ਰਿਸ਼ਤਿਆਂ ਵਿਚ ਬੜੇ ਉਤਰਾਅ-ਚੜ੍ਹਾਅ ਆਉਂਦੇ ਰਹੇ ਹਨ। ਗੱਲ ਵਧਦੀ-ਵਧਦੀ ਜੰਗਾਂ ਤੱਕ ਵੀ ਗਈ, ਪਰ ਸਿਆਸੀ ਪੱਧਰ ਉਤੇ ਅਤਿਅੰਤ ਦੂਰੀਆਂ ਦੇ ਬਾਵਜੂਦ ਸਮਾਜਿਕ ਅਤੇ ਕਲਾ ਦੇ ਖੇਤਰ ਨਾਲ ਸਬੰਧਤ ਲੋਕ ਇਕ-ਦੂਜੇ ਨੂੰ ਲਗਾਤਾਰ ਹਾਕਾਂ ਮਾਰਦੇ ਰਹੇ ਹਨ ਅਤੇ ਇਕ-ਦੂਜੇ ਦੀ ਗੱਲ ਸੁਣਦੇ ਤੇ ਸੁਣਾਉਂਦੇ ਰਹੇ। ਇਸ ਸਿਲਸਿਲੇ ਵਿਚ ਗਾਹੇ-ਬਗਾਹੇ ਸਾਹਿਤ, ਸਭਿਆਚਾਰ, ਕਲਾ, ਥੀਏਟਰ, ਫਿਲਮਾਂ ਆਦਿ ਦੇ ਮੇਲੇ ਵੀ ਲਗਦੇ ਰਹੇ ਹਨ। ਇਨ੍ਹਾਂ ਮੇਲਿਆਂ ਵਿਚ ਦੋਹਾਂ ਪਾਸਿਆਂ ਦੀਆਂ ਅਹਿਮ ਸ਼ਖਸੀਅਤਾਂ ਅਤੇ ਆਮਾਂ ਨੇ ਲਗਾਤਾਰ ਸ਼ਿਰਕਤ ਕੀਤੀ ਅਤੇ ਇਕ-ਦੂਜੇ ਨੂੰ ਸੁੱਖਾਂ ਦੇ ਸੁਨੇਹੇ ਦਿੱਤੇ।
ਇਸ ਵਾਰ ਖਿੱਤੇ ਦੇ ਦੋ ਅਹਿਮ ਸ਼ਹਿਰਾਂ- ਅੰਮ੍ਰਿਤਸਰ ਤੇ ਲਾਹੌਰ, ਇਕ-ਦੂਜੇ ਦੇ ਨੇੜੇ ਆਏ। ਮੌਕਾ 12ਵੇਂ ਸਾਲਾਨਾ ਸਾਂਝ ਮੇਲੇ ਦਾ ਸੀ। ਇਹ ਮੇਲਾ ਹਰ ਸਾਲ ਪੁਨਰਜੋਤ (ਅੰਮ੍ਰਿਤਸਰ) ਅਤੇ ਰਫੀ ਪੀਰ ਥੀਏਟਰ ਵਰਕਸ਼ਾਪ (ਲਾਹੌਰ) ਵੱਲੋਂ ਲਾਇਆ ਜਾਂਦਾ ਹੈ। ਇਸ ਵਾਰ ਪਾਕਿਸਤਾਨ ਵੱਲੋਂ ਕੱਥਕ ਡਾਂਸਰ ਨਿਗਹਤ ਚੌਧਰੀ ਤੇ ਸੂਫੀ ਗਾਇਕ ਸਾਈਂ ਜ਼ਹੂਰ ਅਹਿਮਦ ਅਤੇ ਭਾਰਤ ਵੱਲੋਂ ਦੇਵੇਸ਼ੀ ਸਹਿਗਲ ਤੇ ਲਖਵਿੰਦਰ ਵੰਡਾਲੀ ਨੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾਏ। ਇਸ ਪ੍ਰੋਗਰਾਮ ਦਾ ਰੰਗ ਵੇਖਿਆਂ ਹੀ ਬਣਦਾ ਸੀ। ਜਾਪ ਰਿਹਾ ਸੀ, ਜਿਵੇਂ ਪੁਰਾਣੇ ਵੇਲਿਆਂ ਦਾ ਪੰਜਾਬ ਹੱਸ-ਖੇਡ ਰਿਹਾ ਹੋਵੇ।
ਪੁਨਰਜੋਤ ਦੇ ਡਾਇਰੈਕਟਰ ਕੀਰਤ ਮੁਤਾਬਕ, ਇਹ ਮੇਲਾ ਅਸਲ ਵਿਚ ਅਮਨ-ਅਮਾਨ ਦਾ ਹੋਕਾ ਹੈ ਜਿਸ ਦੀ ਅੱਜ ਦੋਹਾਂ ਪਾਸਿਆਂ ਦੇ ਲੋਕਾਂ ਨੂੰ ਬਹੁਤ ਜ਼ਰੂਰਤ ਹੈ। ਇਹ ਜ਼ਰੂਰਤ ਇਸ ਕਰ ਕੇ ਵੀ ਹੈ ਕਿਉਂਕਿ ਚਿਰਾਂ ਦੀ ਸਾਂਝ ਟੁੱਟਣੀ ਨਹੀਂ ਚਾਹੀਦੀ; ਇਹ ਹਰ ਹਾਲ ਅਤੇ ਹਰ ਹੀਲੇ ਬਰਕਰਾਰ ਰਹਿਣੀ ਚਾਹੀਦੀ ਹੈ। ਰਫੀ ਪੀਰ ਥੀਏਟਰ ਵਰਕਸ਼ਾਪ ਦੇ ਮੁਖੀ ਅਤੇ ਪ੍ਰਸਿੱਧ ਅਦਾਕਾਰ ਉਸਮਾਨ ਪੀਰਦਾਤਾ ਮੁਤਾਬਕ, ਅਮਨ ਦੀਆਂ ਪਗਡੰਡੀਆਂ ਜਿੰਨੀਆਂ ਵੀ ਬਣਾਈਆਂ ਜਾਣ, ਥੋੜ੍ਹੀਆਂ ਹਨ। ਇਹ ਅਗਲੀਆਂ ਪੀੜ੍ਹੀਆਂ ਲਈ ਸੌਗਾਤ ਹਨ। ਇਸ ਸੌਗਾਤ ਰਾਹੀਂ ਹੀ ਸਾਂਝ ਨੇ ਅਗਲੀ ਉਡਾਣ ਭਰਨੀ ਹੈ। ਇਸ ਮੇਲੇ ਦਾ ਮਕਸਦ ਦੋਹਾਂ ਪਾਸਿਆਂ ਦੇ ਆਵਾਮ ਨੂੰ ਨੇੜੇ ਲਿਆਉਣਾ ਅਤੇ ਸਾਂਝ ਨੂੰ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਮੇਲੇ ਨੂੰ ਹੋਰ ਮੋਕਲਾ ਬਣਾਉਣ ਲਈ ਵੱਡੀ ਪੱਧਰ ਉਤੇ ਯਤਨ ਕੀਤੇ ਜਾ ਰਹੇ ਹਨ।
ਇਸ ਸਮਾਗਮ ਮੌਕੇ ਦੋਵਾਂ ਮੁਲਕਾਂ ਦੇ ਨਾਮੀ ਫਿਲਮਸਾਜ਼ ਵੀ ਪੁੱਜੇ ਹੋਏ ਸਨ ਜਿਨ੍ਹਾਂ ਵਿਚ ਤਨੂਜਾ ਚੰਦਰਾ, ਬਿਜੌਇ ਨਾਂਬਿਆਰ, ਕੇਤਨ ਮਹਿਤਾ, ਖਾਲਿਦ ਮੁਹੰਮਦ, ਅਪਰਨਾ ਸੇਨ, ਮਹਿਰੀਨ ਜੱਬਾਰ, ਸਿਰਾਜ ਉਲ ਹੱਕ, ਸ਼ਹਿਬਾਜ਼ ਸਮਰ, ਤਿਗਮਾਂਗਸ਼ੂ ਧੂਲੀਆ ਆਦਿ ਮੁੱਖ ਸਨ। ਇਨ੍ਹਾਂ ਫਿਲਮਸਾਜ਼ਾਂ ਦੀਆਂ 12 ਲਘੂ ਫਿਲਮਾਂ ਇਸ ਵਾਰ ਅਗਸਤ ਵਿਚ ਦੋਹਾਂ ਮੁਲਕਾਂ ਦੇ ਆਜ਼ਾਦੀ ਦਿਹਾੜਿਆਂ ਮੌਕੇ ਦਿਖਾਈਆਂ ਜਾਣੀਆਂ ਹਨ। ਫਿਲਮਸਾਜ਼ ਕੇਤਨ ਮਹਿਤਾ ਵੱਲੋਂ ਤਿਆਰ ਫਿਲਮ Ḕਟੋਭਾ ਟੇਕ ਸਿੰਘḔ ਉਰਦੂ ਲੇਖਕ ਸਾਅਦਤ ਹਸਨ ਮੰਟੋ ਦੀ ਕਹਾਣੀ Ḕਤੇ ਆਧਾਰਤ ਹੈ। ਇਸ ਕਹਾਣੀ ਦਾ ਪਿਛੋਕੜ 1947 ਦੀ ਵੰਡ ਹੈ। ਇਸ ਵਿਚ ਮੰਟੋ ਨੇ ਸਿਆਸਤਦਾਨਾਂ ਉਤੇ ਤਿੱਖਾ ਵਿਅੰਗ ਕੀਤਾ ਹੈ ਅਤੇ ਮਨੁੱਖਤਾ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਹੈ। ਇਸ ਫਿਲਮ ਦਾ ਸ਼ੋਅ ਪਿਛਲੇ ਦਿਨੀਂ ਨਵੀਂ ਦਿੱਲੀ ਵਿਚ ਕੀਤਾ ਗਿਆ ਸੀ। ਫਿਲਮ ਵਿਚ ਮੁੱਖ ਕਿਰਦਾਰ ਪੰਕਜ ਕਪੂਰ ਨੇ ਨਿਭਾਇਆ ਹੈ ਅਤੇ ਕਿਰਦਾਰ ਵਿਚ ਰੂਹ ਭਰ ਦਿੱਤੀ ਹੈ। ਪਾਕਿਸਤਾਨੀ ਫਿਲਮਸਾਜ਼ਾਂ ਵੱਲੋਂ ਜਿਹੜੀਆਂ ਫਿਲਮਾਂ ਦਿਖਾਈਆਂ ਜਾਣਗੀਆਂ ਉਨ੍ਹਾਂ ਵਿਚ Ḕਜੀਵਨ ਹਾਥੀḔ, ḔਦੋਬਾਰਾḔ, Ḕਛੋਟੇ ਸ਼ਾਹḔ, ਲਾਲੋਲਾਲ ਡੋਟ ਕੌਮ, ਲਾਲ ਬੇਗਮ, ਸਾਰੀ ਰਾਤ ਆਦਿ ਸ਼ਾਮਲ ਹਨ।