‘ਪੰਜਾਬ ਟਾਈਮਜ਼’ ਦੇ 12 ਮਾਰਚ 2016 ਦੇ ਅੰਕ ਵਿਚ ਐਸ ਅਸ਼ੋਕ ਭੌਰਾ ਨੇ ਪੰਜਾਬੀ ਗਾਇਕਾਂ ਬਾਰੇ ਲਿਖਣ ਦੀ ਬਜਾਏ ਆਪਣੇ ਪਿੰਡ ਦੀ ਭੱਠੀ ਵਾਲੀ ਤਾਈ ਪਾਰੋ ਬਾਰੇ ਬੜਾ ਹੀ ਰੌਚਿਕ ਲੇਖ ਲਿਖਿਆ ਹੈ ਜਿਸ ਵਿਚ ਚਾਲੀ-ਪੰਜਾਹ ਸਾਲ ਪਹਿਲਾਂ ਦੇ ਪੰਜਾਬ ਦੇ ਪਿੰਡਾਂ ਦੀ ਜ਼ਿੰਦਗੀ ਦੀ ਤਸਵੀਰ ਪੇਸ਼ ਕੀਤੀ ਗਈ ਹੈ।
ਪੰਜਾਬੀ ਗਾਇਕਾਂ ਨੇ ਆਪਣੀ ਚੜ੍ਹਤ ਸਮੇਂ, ਜਦੋਂ ਉਨ੍ਹਾਂ ‘ਤੇ ਨੋਟਾਂ ਦੀ ਬਰਖਾ ਹੋਇਆ ਕਰਦੀ ਸੀ, ਸਾਰਾ ਧਨ ਸ਼ਰਾਬ ਅਤੇ ਹੋਰ ਐਸ਼ੋ-ਇਸ਼ਰਤ ਉਤੇ ਬਰਬਾਦ ਕਰਨ ਦੇ ਨਾਲ-ਨਾਲ ਆਪਣੀ ਸਿਹਤ ਵੀ ਖਰਾਬ ਕੀਤੀ। ਨਤੀਜੇ ਵਜੋਂ ਜਦੋਂ ਮਾੜੇ ਦਿਨ ਆਏ ਤਾਂ ਕਈਆਂ ਨੂੰ ਇਲਾਜ ਲਈ ਮਦਦ ਦੀ ਅਪੀਲ ਕਰਨੀ ਪਈ। ਉਹੋ ਜਿਹੇ ਗਾਇਕਾਂ ਦੀ ਜੀਵਨੀ ਪੜ੍ਹ ਕੇ ਪਾਠਕਾਂ ਨੂੰ ਕੀ ਸਿੱਖਿਆ ਮਿਲੇਗੀ?
ਤਰਲੋਚਨ ਸਿੰਘ ਦੁਪਾਲਪੁਰ ਦਾ ‘ਗਪੌੜ ਸੰਖ’ ਚੰਗਾ ਲੱਗਾ। ਉਨ੍ਹਾਂ ਦਾ ਹਰ ਲੇਖ ਹਾਸ ਰਸ ਦੀ ਚਾਸ਼ਣੀ ਵਿਚ ਡੋਬਿਆ ਅਤੇ ਸਮਾਜ ਨੂੰ ਸੇਧ ਦੇਣ ਵਾਲਾ ਹੁੰਦਾ ਹੈ। ਵਰਿਆਮ ਸਿੰਘ ਸੰਧੂ, ਗੁਲਜ਼ਾਰ ਸਿੰਘ ਸੰਧੂ ਅਤੇ ਪ੍ਰਿੰਸੀਪਲ ਸਰਵਣ ਸਿੰਘ ਦੇ ਲੇਖ ਦਿਲਚਸਪ ਹੁੰਦੇ ਹਨ। ਇਸ ਵਾਰ ਗੁਰਬਚਨ ਸਿੰਘ ਭੁੱਲਰ ਦਾ ਕੁਝ ਵੀ ਪੜ੍ਹਨ ਨੂੰ ਨਹੀਂ ਮਿਲਿਆ। ਬੀਬੀ ਸੁਰਜੀਤ ਕੌਰ ਅਤੇ ਡਾæ ਗੁਰਨਾਮ ਕੌਰ ਦੇ ਲੇਖ ਪੜ੍ਹਦੇ ਸਮੇਂ ਇਉਂ ਲਗਦਾ ਹੈ ਜਿਵੇਂ ਕਿਸੇ ਪੁੱਜੇ ਹੋਏ ਸੰਤ ਮਹਾਤਮਾ ਦੀ ਕਥਾ ਸੁਣ ਰਹੇ ਹੋਈਏ।
ਅਫ਼ਜ਼ਲ ਅਹਿਸਨ ਰੰਧਾਵਾ ਦੀ ਕਹਾਣੀ ‘ਬੰਨੇ ਚੰਨੇ ਦੇ ਭਰਾ’ ਬੜੀ ਕਮਾਲ ਦੀ ਕਹਾਣੀ ਹੈ। ਅਫ਼ਜ਼ਲ ਰੰਧਾਵਾ ਆਪਣੀਆਂ ਕਹਾਣੀਆਂ ਵਿਚ ਸਿੱਖ ਕਿਰਦਾਰ ਪੇਸ਼ ਕਰਦਾ ਹੈ। ਮੁੱਕਦੀ ਗੱਲ ਇਹ ਹੈ ਕਿ ਕੋਈ ਹੋਰ ਪੰਜਾਬੀ ਅਖਬਾਰ ‘ਪੰਜਾਬ ਟਾਈਮਜ਼’ ਦੀ ਬਰਾਬਰੀ ਨਹੀਂ ਕਰ ਸਕਦਾ।
-ਵਾਸਦੇਵ ਸਿੰਘ ਪਰਹਾਰ, ਸਿਆਟਲ
ਫੋਨ: 206-434-1155