‘ਪੰਜਾਬ ਟਾਈਮਜ਼’ ਦੇ 19 ਮਾਰਚ 2016 ਦੇ ਅੰਕ ਵਿਚ ਬਸਤਰ ਬਾਰੇ ਵਿਸ਼ੇਸ਼ ਬੂਟਾ ਸਿੰਘ ਦਾ ਲੇਖ ਕਈ ਸਵਾਲ ਖੜ੍ਹੇ ਕਰਦਾ ਹੈ। ਉਸ ਇਲਾਕੇ ਵਿਚ ਜਿਸ ਤਰ੍ਹਾਂ ਪੱਤਰਕਾਰਾਂ ਅਤੇ ਵਕੀਲਾਂ ਨੂੰ ਬੇਦਖਲ ਕਰ ਕੇ ਮਨੁੱਖੀ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ, ਉਸ ਤੋਂ ਸਰਕਾਰ ਦੀ ਨੀਅਤ ਸਪਸ਼ਟ ਹੋ ਜਾਂਦੀ ਹੈ।
ਸੱਚਮੁੱਚ ਇਹ ਲੇਖ ਦੰਗ ਕਰਨ ਵਾਲਾ ਹੈ। ਅਮਰੀਕਾ ਵਿਚ ਬੈਠ ਕੇ ਅਜਿਹੀ ਵਧੀਕੀ ਬਾਰੇ ਤਾਂ ਸੋਚਿਆ ਵੀ ਨਹੀਂ ਜਾ ਸਕਦਾ।
ਵਰਿਆਮ ਸਿੰਘ ਸੰਧੂ ਦੇ ਲੇਖ ਮੈਂ ਬਹੁਤ ਦਿਲਚਸਪੀ ਨਾਲ ਪੜ੍ਹਦੀ ਹਾਂ ਅਤੇ ਫਿਰ ਇਨ੍ਹਾਂ ਬਾਰੇ ਆਪਣੀਆਂ ਸਹੇਲੀਆਂ ਨਾਲ ਚਰਚਾ ਵੀ ਕਰਦੀ ਹਾਂ। ਦਿਲ ਨੂੰ ਤਸੱਲੀ ਜਿਹੀ ਮਿਲਦੀ ਹੈ। ਅਜਿਹੀਆਂ ਲਿਖਤਾਂ ਹੋਰ ਕਿਸੇ ਪੰਜਾਬੀ ਪਰਚੇ ਵਿਚ ਘੱਟ ਹੀ ਪੜ੍ਹਨ ਨੂੰ ਮਿਲਦੀਆਂ ਹਨ। ਰਣਜੀਤ ਸਿੰਘ ਦੀ ਕਹਾਣੀ ‘ਦੁਸ਼ਮਣ’ ਤਾਂ ਇਉਂ ਲੱਗਿਆ, ਜਿਵੇਂ ਜਾਨ ਕੱਢ ਕੇ ਲੈ ਗਈ ਹੋਵੇ। ਕਹਾਣੀ ਵਿਚ ਮਨੁੱਖਤਾ ਭਾਵੇਂ ਬਾਰੂਦ ਅਤੇ ਹਥਿਆਰਾਂ ਉਤੇ ਵਿਜੈ ਪ੍ਰਾਪਤ ਕਰਦੀ ਦਿਸਦੀ ਹੈ, ਪਰ ਆਮ ਹਾਲਾਤ ਵਿਚ ਅਜਿਹਾ ਨਹੀਂ ਹੁੰਦਾ। ਹਰ ਕੋਈ ਇੰਨਾ ਭਾਗਾਂਵਾਲਾ ਵੀ ਨਹੀਂ ਹੁੰਦਾ ਕਿ ਬੰਦੂਕ ਤਾਣੀ ਬੈਠਾ ਕੋਈ ਫੌਜੀ ਇੰਨਾ ਹੀ ਨਰਮ ਦਿਲ ਹੋ ਜਾਵੇ! ਪਤਾ ਨਹੀਂ ਧਰਤੀ ਦੇ ਕਿੰਨੇ ਪੁੱਤਰ ਸਿਆਸਤਦਾਨਾਂ ਦੀ ਸਿਆਸਤ ਦਾ ਖਾਜਾ ਬਣ ਜਾਂਦੇ ਹਨ। ਸ੍ਰੀ ਸ੍ਰੀ ਰਵੀ ਸ਼ੰਕਰ ਦੇ ਸਮਾਗਮ ਤੇ ਵਿਚਾਰਾਂ ਬਾਰੇ ਦਲਜੀਤ ਅਮੀ ਅਤੇ ਜਤਿੰਦਰ ਪੰਨੂ ਦੇ ਲੇਖ ਅੱਖਾਂ ਖੋਲ੍ਹਣ ਵਾਲੇ ਹਨ।
ਅਖੀਰ ਵਿਚ ਪੰਜਾਬ ਟਾਈਮਜ਼ ਨੂੰ 16ਵੀਂ ਵਰ੍ਹੇਗੰਢ ‘ਤੇ ਬਹੁਤ ਬਹੁਤ ਵਧਾਈ। ਸ਼ਾਲਾ ਇਹ ਪਰਚਾ ਇਸੇ ਤਰ੍ਹਾਂ ਪੰਜਾਬੀਆਂ ਦੀ ਸੇਵਾ ਕਰਦਾ ਰਹੇ।
-ਕਮਲੇਸ਼ ਬੈਦਵਾਨ, ਸੈਨ ਹੋਜ਼ੇ