ਕੁਲਦੀਪ ਕੌਰ
ਫੋਨ: +91-98554-04330
ਫਿਲਮ ‘ਮੌਸਮ’ ਜ਼ਿੰਦਗੀ ਦੀ ਰਫਤਾਰ ਨਾਲ ਮਨ ਦੇ ਬਦਲਦੇ ਮੌਸਮਾਂ ਦੀ ਫਿਲਮ ਹੈ। ਦਰਸ਼ਕ ਇਨ੍ਹਾਂ ਮੌਸਮਾਂ ਦੀ ਖੁਸ਼ਬੋ ਵੀ ਮਾਣ ਸਕਦਾ ਹੈ। ਫਿਲਮ ਦੇ ਪਹਿਲੇ ਦ੍ਰਿਸ਼ ਤੋਂ ਹੀ ਸ਼ੁਰੂ ਹੋਇਆ ਭੁਪਿੰਦਰ ਦਾ ਗਾਇਆ ਗਾਣਾ ‘ਦਿਲ ਢੂੰਡਤਾ ਹੈ, ਫਿਰ ਵਹੀ, ਫੁਰਸਤ ਕੇ ਰਾਤ ਦਿਨ’ ਫਿਲਮ ਦੀ ਰੂਹ ਹੈ। ਇਸ ਗਾਣੇ ਰਾਹੀਂ ਗੁਲਜ਼ਾਰ ਮੌਸਮਾਂ ਦੇ ਢਲਣ ਨਾਲ ਜੁੜੀ ਉਦਾਸੀ ਵਿਚ ਨਵੇਂ ਮੌਸਮਾਂ ਦੇ ਪੁੰਗਰਨ ਦੀ ਉਮੀਦ ਦਿਖਾਉਂਦਾ ਹੈ।
ਇਸ ਫਿਲਮ ਲਈ ਉਹ ਆਪਣੇ ਮਨਪਸੰਦ ਅਦਾਕਾਰ ਸੰਜੀਵ ਕੁਮਾਰ ਦੀ ਚੋਣ ਕਰਦਾ ਹੈ ਜੋ ਕਿਸੇ ਤਰ੍ਹਾਂ ਵੀ ਫਾਰਮੂਲਾ ਆਧਾਰਤ ਭਾਰਤੀ ਸਿਨੇਮਾ ਦੇ ਪਾਪੂਲਰ ਹੀਰੋ ਦੇ ਚੌਖਟੇ ਵਿਚ ਫਿੱਟ ਨਹੀਂ ਬੈਠਦਾ। ਸੰਜੀਵ ਕੁਮਾਰ ਆਪਣੀਆਂ ਅੱਖਾਂ, ਹੱਥਾਂ ਦੀ ਕਿਰਿਆਵਾਂ ਅਤੇ ਤੁਰਨ ਦੇ ਢੰਗ ਦੁਆਰਾ ਕਵੀ ਗੁਲਜ਼ਾਰ ਦੇ ਅਣਬੋਲੇ ਜਜ਼ਬਾਤ ਨੂੰ ਪਰਦੇ ‘ਤੇ ਉਤਾਰ ਦਿੰਦਾ ਹੈ। ਸ਼ਰਮੀਲਾ ਟੈਗੋਰ ਦੁਆਰਾ ਨਿਭਾਈ ਭੂਮਿਕਾ ਵਿਚ ਗੁਲਜ਼ਾਰ ਅਜਿਹੀ ਨਾਇਕਾ ਦੀ ਸਿਰਜਣਾ ਕਰਦਾ ਹੈ ਜਿਹੜੀ ਕਿਤੇ ਵੀ ਕੈਮਰੇ ਦੀ ਅੱਖ ਰਾਹੀਂ ਕੈਦ ਕੀਤੀ ਕੁਦਰਤ ਤੋਂ ਵੱਖਰੀ ਨਜ਼ਰ ਨਹੀਂ ਆਉਂਦੀ।
ਫਿਲਮ ਦੀ ਕਹਾਣੀ ਅਨੁਸਾਰ ਡਾਕਟਰ ਅਮਰਨਾਥ (ਸੰਜੀਵ ਕੁਮਾਰ) ਵੀਹ ਸਾਲ ਬਾਅਦ ਦਾਰਜੀਲਿੰਗ ਦੀਆਂ ਵਾਦੀਆਂ ਵਿਚ ਆਉਂਦਾ ਹੈ। ਹੁਣ ਉਹ ਦਵਾਈਆਂ ਬਣਾਉਣ ਵਾਲੀ ਕੰਪਨੀ ਦਾ ਮਾਲਕ ਹੈ। ਦਾਰਜੀਲਿੰਗ ਆਣ ਕੇ ਉਸ ਨੂੰ ਆਪਣੇ ਅਤੀਤ ਨਾਲ ਜੁੜੀਆਂ ਭੁੱਲਾਂ ਯਾਦ ਆਉਂਦੀਆਂ ਹਨ ਜਿਨ੍ਹਾਂ ਵਿਚੋਂ ਇੱਕ ਤੋਂ ਉਹ ਅੱਜ ਵੀ ਸ਼ਰਮਿੰਦਾ ਹੈ। ਜਦੋਂ ਵੀਹ ਸਾਲ ਪਹਿਲਾਂ ਉਹ ਡਾਕਟਰੀ ਦੀ ਪੜ੍ਹਾਈ ਲਈ ਦਾਰਜੀਲਿੰਗ ਆਇਆ ਸੀ ਤਾਂ ਉਸ ਨੂੰ ਇੱਕ ਵੈਦ ਦੀ ਕੁੜੀ ਚੰਦਾ (ਸ਼ਰਮੀਲਾ ਟੈਗੋਰ) ਨਾਲ ਮੁਹੱਬਤ ਹੋ ਗਈ ਸੀ। ਫਿਰ ਅਚਾਨਕ ਉਸ ਨੂੰ ਸ਼ਹਿਰ ਮੁੜਨਾ ਪਿਆ ਅਤੇ ਇਸ ਫੇਰੀ ਦੌਰਾਨ ਉਨ੍ਹਾਂ ਹੀ ਥਾਂਵਾਂ ‘ਤੇ ਦੁਬਾਰਾ ਜਾਣ ਨਾਲ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਉਸ ਦਾ ਸਾਰਾ ਕੁਝ ਤਾਂ ਇੱਥੇ ਹੀ ਛੁੱਟ ਗਿਆ ਸੀ! ਇਸੇ ਗੁਆਚੇ ਆਪੇ ਨੂੰ ਭਾਲਣ ਲਈ ਉਹ ਚੰਦਾ ਦੀ ਖੋਜ ਸ਼ੁਰੂ ਕਰਦਾ ਹੈ। ਉਸ ਨੂੰ ਪਤਾ ਲੱਗਦਾ ਹੈ ਕਿ ਜਦੋਂ ਉਹ ਚੰਦਾ ਨੂੰ ਇਕੱਲਿਆਂ ਛੱਡ ਕੇ ਗਿਆ ਤਾਂ ਉਹ ਸਾਲਾਂਬੱਧੀ ਉਸ ਦੇ ਸਟੈਰਥੋਸਕੋਪ ਨੂੰ ਆਪਣੀ ਹਿੱਕ ਨਾਲ ਲਾਈ ਇਨ੍ਹਾਂ ਹੀ ਰਾਹਾਂ ‘ਤੇ ਘੁੰਮਦੀ ਰਹੀ। ਘਰਦਿਆਂ ਨੇ ਆਪਣਾ ਖਹਿੜਾ ਛੁਡਾਉਣ ਲਈ ਉਸ ਦਾ ਵਿਆਹ ਕਿਸੇ ਉਮਰਦਰਾਜ ਬੰਦੇ ਨਾਲ ਕਰ ਦਿੱਤਾ ਜਿਸ ਨਾਲ ਉਸ ਨੇ ਸਾਰੀ ਉਮਰ ਨਰਕ ਭੋਗਦਿਆਂ ਕੱਟੀ। ਡਾਕਟਰ ਅਮਰਨਾਥ ਨੂੰ ਪਤਾ ਲੱਗਦਾ ਹੈ ਕਿ ਉਸ ਵਿਆਹ ਤੋਂ ਚੰਦਾ ਦੀ ਇੱਕ ਕੁੜੀ ਵੀ ਹੈ। ਉਸ ਨੂੰ ਲੱਗਦਾ ਹੈ ਕਿ ਜੇ ਮੈਂ ਉਸ ਕੁੜੀ ਦੀ ਜ਼ਿੰਦਗੀ ਸੰਵਾਰਨ ਦੀ ਕੋਸ਼ਿਸ਼ ਕਰਾਂ ਤਾਂ ਸ਼ਾਇਦ ਉਹਦੇ ਗੁਨਾਹ ਦਾ ਦਾਗ ਧੋਤਾ ਜਾਵੇ, ਪਰ ਚੰਦਾ ਦੀ ਕੁੜੀ ਕਜਲੀ ਨੂੰ ਉਸ ਦੇ ਆਪਣੇ ਰਿਸ਼ਤੇਦਾਰ ਹੀ ਵੇਸਵਾਗਿਰੀ ਵਿਚ ਧੱਕ ਚੁੱਕੇ ਹਨ। ਅਮਰਨਾਥ ਇਸ ਤ੍ਰਾਸਦੀ ‘ਤੇ ਸੁੰਨ ਰਹਿ ਜਾਂਦਾ ਹੈ। ਉਸ ਨੂੰ ਜਾਪਦਾ ਹੈ ਕਿ ਕਿਤੇ ਨਾ ਕਿਤੇ ਕਜਲੀ ਦੀ ਇਸ ਹਾਲਤ ਦਾ ਜ਼ਿੰਮੇਵਾਰ ਵੀ ਉਹੀ ਹੈ। ਦੀਨ-ਦੁਨੀਆ ਦੀ ਪਰਵਾਹ ਨਾ ਕਰਦਿਆਂ ਡਾਕਟਰ ਅਮਰਨਾਥ ਕੋਠੇ ਤੋਂ ਕਜਲੀ ਨੂੰ ਖਰੀਦ ਲੈਂਦਾ ਹੈ। ਪਹਿਲਾਂ ਉਹ ਆਪਣੀ ਅਸਲੀਅਤ ਲੁਕੋ ਕੇ ਕਜਲੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਹੈ। ਕਜਲੀ ਤਰਸ ਅਤੇ ‘ਪਿਆਰ’ ਦੇ ਇੰਨੇ ਝੂਠੇ ਰੰਗ ਦੇਖ ਚੁੱਕੀ ਹੈ ਕਿ ਡਾਕਟਰ ਅਮਰਨਾਥ ਵੀ ਉਸ ਨੂੰ ਪਾਖੰਡੀ ਲੱਗਦਾ ਹੈ। ਉਧਰ ਡਾਕਟਰ ਅਮਰਨਾਥ ਉਸ ਦੀ ਬਦਨਾਮ ਜ਼ਿੰਦਗੀ ਵਿਚ ਇੱਜ਼ਤ ਤੇ ਈਮਾਨ ਦੇ ਰੰਗ ਭਰਨਾ ਚਾਹੁੰਦਾ ਹੈ। ਕਜਲੀ ਦੀ ਜ਼ਿੰਦਗੀ ਵਿਚ ਉਹ ਰੰਗ ਆਉਂਦੇ ਤਾਂ ਹਨ, ਪਰ ਬਿਲਕੁੱਲ ਵੱਖਰੇ ਢੰਗ ਨਾਲ ਜਦੋਂ ਉਹ ਮਨ ਹੀ ਮਨ ਡਾਕਟਰ ਅਮਰਨਾਥ ਨੂੰ ਪਿਆਰ ਕਰਨ ਲੱਗ ਜਾਂਦੀ ਹੈ। ਅਸਲੀਅਤ ਸੁਣ ਕੇ ਉਹ ਡੌਰ-ਭੌਰ ਹੋ ਜਾਂਦੀ ਹੈ। ਗੁਲਜ਼ਾਰ ਨੇ ਇਹ ਫਿਲਮ ਉਦੋਂ ਨਿਰਦੇਸ਼ਿਤ ਕੀਤੀ ਜਦੋਂ ਭਾਰਤੀ ਸਿਨੇਮਾ ਵਿਚ ਅਜਿਹੇ ਰਿਸ਼ਤਿਆਂ ਬਾਰੇ ਗੱਲ ਕਰਨੀ ਵੀ ਬਦਚਲਨੀ ਸਮਝੀ ਜਾਂਦੀ ਸੀ। ‘ਸ਼ੋਅਲੇ’ ਦੀ ਚੜ੍ਹਤ ਦੇ ਦੌਰ ਵਿਚ ਆਈ ਇਹ ਫਿਲਮ ਰਿਸ਼ਤਿਆਂ ਦੀ ਵਿਆਕਰਨ ਦਾ ਅਸਲੋਂ ਵੱਖਰਾ ਰੰਗ ਪੇਸ਼ ਕਰਦੀ ਹੈ। ਫਿਲਮ ਵਿਚ ਸਮੇਂ ਅਤੇ ਸਥਾਨ ਦੀ ਧਾਰਨਾ ਤੋਂ ਅੱਗੇ ਗੁਲਜ਼ਾਰ ਕਿਰਦਾਰਾਂ ਦੇ ਮਨਾਂ ਦੇ ਮੌਸਮਾਂ ਦੀ ਨਵੀਂ ਬਾਤ ਛੇੜਦਾ ਹੈ।