ਪੂਰਬ ਤੇ ਪੱਛਮ ਦੀ ਗਲਵੱਕੜੀ

ਨੋਬਲ ਪੁਰਸਕਾਰ ਲੈਣ ਵਕਤ ਟੈਗੋਰ ਦਾ ਭਾਸ਼ਣ
1913 ਵਿਚ ਜਦੋਂ ਰਬਿੰਦਰਨਾਥ ਟੈਗੋਰ ਨੂੰ ਨੋਬਲ ਪੁਰਸਕਾਰ ਮਿਲਿਆ, ਉਨ੍ਹਾਂ ਦੀ ਉਮਰ 52 ਵਰ੍ਹਿਆਂ ਦੀ ਸੀ। ਉਦੋਂ ਤੱਕ ਉਨ੍ਹਾਂ ਦਾ ਪੱਛਮ ਨਾਲ ਸੰਵਾਦ ਭਾਵੇਂ ਸ਼ੁਰੂ ਹੋ ਗਿਆ ਸੀ, ਪਰ ਇਸ ਪੁਰਸਕਾਰ ਤੋਂ ਬਾਅਦ ਇਹ ਰਸਤਾ ਮੋਕਲਾ ਹੋ ਗਿਆ। ਆਪਣੇ ਨੋਬਲ ਪੁਰਸਕਾਰ ਵਾਲੇ ਭਾਸ਼ਣ, ਜਿਸ ਦਾ ਤਰਜਮਾ ਸਾਡੇ ਕਾਲਮਨਵੀਸ ਪ੍ਰੋæ ਹਰਪਾਲ ਸਿੰਘ ਪੰਨੂ ਨੇ ‘ਪੰਜਾਬ ਟਾਈਮਜ਼’ ਲਈ ਉਚੇਚਾ ਘੱਲਿਆ ਹੈ,

ਵਿਚ ਵੀ ਪੂਰਬ ਅਤੇ ਪੱਛਮ ਦੇ ਇਸੇ ਸੰਵਾਦ ਦੀਆਂ ਗੱਲਾਂ ਹਨ। ਉਹ ਪੱਛਮ ਨੂੰ ਪੂਰਬੀ ਵਿਹੜੇ ਵਿਚ ਪੈਰ ਪਾਉਣ ਲਈ ਹਾਕਾਂ ਮਾਰ ਰਹੇ ਹਨ। ਬੇਸ਼ਕ, ਨੋਬਲ ਪੁਰਸਕਾਰ ਦੀ ਚੋਣ ਵੇਲੇ ਸੰਸਾਰ ਦੇ ਬਹੁਤ ਸਾਰੇ ਸਰੋਕਾਰ, ਚੋਣ ਅਮਲ ਵਿਚ ਅਕਸਰ ਆਣ ਜੁੜਦੇ ਰਹੇ ਹਨ, ਪਰ ਪੱਛਮ ਅਤੇ ਪੂਰਬ ਦੇ ਸੰਵਾਦ ਦੇ ਨੁਕਤੇ ਤੋਂ ਟੈਗੋਰ ਨੂੰ ਇਹ ਪੁਰਸਕਾਰ ਮਿਲਣਾ ਮਹੱਤਵ ਰੱਖਦਾ ਹੈ। ਇਸ ਲਿਖਤ ਵਿਚ ਉਨ੍ਹਾਂ ਇਸ ਸੰਵਾਦ ਨੂੰ ਜਰਬ ਦੇਣ ਦਾ ਯਤਨ ਕੀਤਾ ਹੈ ਅਤੇ ਨਾਲ ਹੀ ‘ਗੀਤਾਂਜਲੀ’ ਜਿਸ ਕਿਤਾਬ ਲਈ ਉਨ੍ਹਾਂ ਨੂੰ ਇਹ ਪੁਰਸਕਾਰ ਮਿਲਿਆ, ਦੀ ਸਾਰਥਕਤਾ ਦੀ ਗੱਲ ਵੀ ਉਨ੍ਹਾਂ ਉਭਾਰੀ। ਇਹ ਲਿਖਤ ਪਾਠਕਾਂ ਦੀ ਨਜ਼ਰ ਹੈ। -ਸੰਪਾਦਕ

ਹਰਪਾਲ ਸਿੰਘ ਪੰਨੂ
ਫੋਨ: +91-094642-51454

ਮੇਰੇ ਕੰਮ ਦੀ ਕਦਰ ਪਾ ਕੇ ਤੁਸੀਂ ਮੈਨੂੰ ਨੋਬਲ ਪ੍ਰਾਈਜ਼ ਦੇਣ ਦਾ ਫੈਸਲਾ ਕੀਤਾ ਹੈ, ਮੈਂ ਖੁਸ਼ ਹਾਂ ਕਿ ਤੁਹਾਡੇ ਦੇਸ਼ ਸਵੀਡਨ ਵਿਚ ਆ ਕੇ ਸ਼ੁਕਰਾਨਾ ਕਰਨ ਦਾ ਮੌਕਾ ਮਿਲਿਆ।
ਮੈਨੂੰ ਉਹ ਸ਼ਾਮ ਯਾਦ ਹੈ, ਜਦੋਂ ਮੇਰੇ ਇੰਗਲੈਂਡ ਦੇ ਪ੍ਰਕਾਸ਼ਕ ਨੇ ਤਾਰ ਭੇਜ ਕੇ ਮੈਨੂੰ ਇਸ ਖਬਰ ਦੀ ਸੂਚਨਾ ਦਿਤੀ ਸੀ। ਮੈਂ ਸ਼ਾਂਤੀ ਨਿਕੇਤਨ ਵਿਚ ਰਹਿ ਰਿਹਾ ਸਾਂ। ਅਸੀਂ ਜੰਗਲ ਵਿਚ ਕੁਝ ਖਾਣ-ਪੀਣ ਦਾ ਪ੍ਰੋਗਰਾਮ ਤੈਅ ਕੀਤਾ ਸੀ, ਉਹ ਨਿਬੇੜ ਕੇ ਵਾਪਸ ਜਾ ਰਿਹਾ ਸਾਂ ਕਿ ਡਾਕਖਾਨੇ ਵਿਚੋਂ ਭੱਜਾ ਭੱਜਾ ਡਾਕੀਆ ਮੈਨੂੰ ਤਾਰ ਫੜਾ ਗਿਆ। ਤਾਂਗੇ ਵਿਚ ਮੇਰੇ ਨਾਲ ਇਕ ਅੰਗਰੇਜ਼ ਬੈਠਾ ਸੀ। ਮੈਨੂੰ ਤਾਰ ਸੰਦੇਸ਼ ਕੋਈ ਖਾਸ ਨਾ ਲੱਗਾ ਤੇ ਮੈਂ ਕਾਗਜ਼ ਦੂਹਰਾ ਕਰ ਕੇ ਜੇਬ ਵਿਚ ਪਾ ਲਿਆ ਕਿ ਘਰ ਜਾ ਕੇ ਪੜ੍ਹਾਂਗੇ। ਗੋਰੇ ਨੂੰ ਇਸ ਵਿਚ ਖਾਸ ਗੱਲ ਲਿਖੀ ਮਹਿਸੂਸ ਹੋਈ, ਉਸ ਨੇ ਮੈਨੂੰ ਕਿਹਾ ਕਿ ਇਸ ਨੂੰ ਪੜ੍ਹਾਂ। ਕਾਗਜ਼ ਖੋਲ੍ਹ ਕੇ ਪੜ੍ਹਿਆ ਤਾਂ ਮੈਨੂੰ ਯਕੀਨ ਨਾ ਆਇਆ। ਪਹਿਲਾਂ ਤਾਂ ਮੈਨੂੰ ਲੱਗਾ ਜਿਵੇਂ ਤਾਰ ਦੀ ਭਾਸ਼ਾ ਸਹੀ ਨਹੀਂ, ਮੈਂ ਇਹਦੇ ਅਰਥ ਸਹੀ ਨਹੀਂ ਕੀਤੇ ਸ਼ਾਇਦ, ਫਿਰ ਮੈਨੂੰ ਵਿਸ਼ਵਾਸ ਹੋ ਗਿਆ। ਤੁਸੀਂ ਕੇਵਲ ਅੰਦਾਜ਼ੇ ਲਾ ਸਕਦੇ ਹੋ ਕਿ ਮੇਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕਿੰਨੀ ਖੁਸ਼ੀ ਹੋਈ ਸੀ। ਮੇਰੇ ਵਿਦਿਆਰਥੀ ਮੈਨੂੰ ਪਿਆਰ ਕਰਦੇ ਹਨ ਤੇ ਉਨ੍ਹਾਂ ਨੂੰ ਇਉਂ ਲੱਗਾ, ਜਿਵੇਂ ਇਹ ਇਨਾਮ ਉਨ੍ਹਾਂ ਨੂੰ ਮਿਲਿਆ ਹੈ। ਮੈਨੂੰ ਲਗਦੈ, ਮੇਰੇ ਸਾਰੇ ਦੇਸ਼ਵਾਸੀਆਂ ਨੂੰ ਇਵੇਂ ਹੀ ਲੱਗਾ।
ਇਸ ਤਰੀਕੇ ਸ਼ਾਮ ਬੀਤ ਗਈ, ਰਾਤ ਪੈਣ ‘ਤੇ ਛੱਤ ਉਪਰ ਮੈਂ ਇਕੱਲਾ ਬੈਠ ਗਿਆ, ਆਪਣੇ ਆਪ ਨੂੰ ਪੁੱਛਿਆ, ਪੱਛਮ ਵਲੋਂ ਮੇਰੀਆਂ ਕਵਿਤਾਵਾਂ ਸਵੀਕਾਰਨ ਸਤਿਕਾਰਨ ਪਿਛੇ ਕੀ ਕਾਰਨ ਹੋ ਸਕਦਾ ਹੈ? ਵੱਖਰੀ ਨਸਲ ਦਾ ਬੰਦਾ, ਪੱਛਮ ਦੀ ਵਸੋਂ ਤੋਂ ਬੇਅੰਤ ਦੂਰ, ਮੈਂ ਪਹਾੜਾਂ ਸਮੁੰਦਰਾਂ ਤੋਂ ਪਾਰ ਬੈਠਾ ਹਾਂ, ਫਿਰ ਇਹ ਸਭ ਕਿਵੇਂ ਹੋਇਆ? ਬਿਨਾ ਕਿਸੇ ਉਤੇਜਨਾ ਦੇ ਮੈਂ ਆਪਣੇ ਆਪ ਤੋਂ ਜਦੋਂ ਕੁਝ ਸਵਾਲ ਪੁੱਛੇ ਤਾਂ ਖੁਦ ਨੂੰ ਨਿਮਾਣਾ ਤੇ ਨਿਗੁਣਾ ਸਮਝਿਆ।
ਮੈਨੂੰ ਯਾਦ ਆਇਆ, ਬਚਪਨ ਦਾ ਉਹ ਸਮਾਂ ਜਦੋਂ ਮੇਰਾ ਕੰਮ ਵਿਕਸਿਤ ਹੋਣਾ ਸ਼ੁਰੂ ਹੋਇਆ। ਪੱਚੀ ਸਾਲ ਦੀ ਉਮਰ, ਬੰਗਾਲ ਦੇ ਗੰਗਾ ਕਿਨਾਰੇ ਦੂਰ ਦੁਰਾਡੇ ਇਕ ਪਿੰਡ, ਮੈਂ ਸ਼ਿਕਾਰੇ ਵਿਚ ਇਕੱਲਾ ਰਹਿ ਰਿਹਾ ਸਾਂ, ਸਰਦੀਆਂ ਦੇ ਦਿਨੀਂ ਹਿਮਾਲਿਆ ਵਲੋਂ ਜੰਗਲੀ ਬੱਤਕਾਂ ਦਰਿਆ ਵਿਚ ਆਣ ਉਤਰਦੀਆਂ ਸਨ, ਇਹੀ ਮੇਰੀਆਂ ਸਾਥਣਾਂ ਹੁੰਦੀਆਂ। ਧੁੱਪ ਮੈਨੂੰ ਸ਼ਰਾਬ ਵਾਂਗ ਆਪਣੇ ਉਪਰ ਡੁੱਲ੍ਹਦੀ ਲਗਦੀ, ਦਰਿਆ ਦੀ ਕਲ ਕਲ ਮੈਨੂੰ ਕੁਦਰਤ ਦੇ ਭੇਤ ਦੱਸਦੀ। ਇਕਾਂਤ ਵਿਚ ਆਪਣੇ ਸੁਫਨਿਆਂ ਨੂੰ ਕਵਿਤਾਵਾਂ ਵਿਚ ਉਤਾਰ ਉਤਾਰ ਮੈਂ ਅਖਬਾਰਾਂ ਰਿਸਾਲਿਆਂ ਰਾਹੀਂ ਕਲਕੱਤੇ ਦੇ ਪਾਠਕਾਂ ਤੱਕ ਪੁਚਾਉਂਦਾ। ਤੁਸੀਂ ਸਮਝ ਸਕਦੇ ਹੋ ਕਿ ਪੱਛਮ ਦੇ ਜੀਵਨ ਨਾਲੋਂ ਇਹ ਜ਼ਿੰਦਗੀ ਬਿਲਕੁਲ ਵੱਖ ਕਿਸਮ ਦੀ ਸੀ। ਮੈਨੂੰ ਨਹੀਂ ਪਤਾ ਪੱਛਮੀ ਸ਼ਾਇਰ ਤੇ ਲੇਖਕ ਅਪਣੀ ਜੁਆਨੀ ਦੇ ਦਿਨ ਇਸ ਤਰ੍ਹਾਂ ਅਗਿਆਤਵਾਸ ਵਿਚ ਬਿਤਾਉਂਦੇ ਹੋਣਗੇ। ਮੈਨੂੰ ਪਤਾ ਹੈ, ਪੱਛਮੀ ਦੁਨੀਆਂ ਵਿਚ ਇਸ ਤਰ੍ਹਾਂ ਦੇ ਬਣਵਾਸ ਦੀ ਭੋਰਾ ਸੰਭਾਵਨਾ ਨਹੀਂ।
ਜੀਵਨ ਤੁਰਦਾ ਰਿਹਾ। ਆਪਣੇ ਦੇਸ਼ਵਾਸੀਆਂ ਵਾਸਤੇ ਵੀ ਮੈਂ ਪੂਰਾ ਅਜਨਬੀ ਸਾਂ। ਮੇਰੇ ਆਲੇ ਦੁਆਲੇ ਦੇ ਮੇਰੇ ਪੇਂਡੂ ਵਸਨੀਕਾਂ ਤੋਂ ਇਲਾਵਾ ਕੋਈ ਨਹੀਂ ਸੀ ਮੈਨੂੰ ਜਾਣਦਾ। ਮੈਂ ਇਸ ਹਾਲਤ ਵਿਚ ਸਤੁੰਸ਼ਟ ਸਾਂ, ਭੀੜਾਂ ਦੀ ਉਤਸੁਕਤਾ ਤੋਂ ਮੁਕਤ।
ਫਿਰ ਉਹ ਸਮਾਂ ਆਇਆ ਜਦੋਂ ਮੈਂ ਸੋਚਿਆ, ਹੁਣ ਇਸ ਬਣਵਾਸ ਵਿਚੋਂ ਨਿਕਲ ਕੇ ਆਪਣੇ ਭਰਾਵਾਂ ਭੈਣਾਂ ਲਈ ਕੁਝ ਕਰਾਂ। ਕੇਵਲ ਜੀਵਨ ਦੀਆਂ ਸਮੱਸਿਆਵਾਂ ‘ਤੇ ਧਿਆਨ ਕੇਂਦਰਤ ਨਾ ਕਰਾਂ ਜਾਂ ਆਪਣੇ ਸੁਫ਼ਨਿਆਂ ਨੂੰ ਕਾਗਜ਼ ‘ਤੇ ਉਤਾਰਦਾ ਨਾ ਫਿਰਾਂ, ਸਗੋਂ ਕੁਝ ਠੋਸ ਕਰਾਂ, ਆਪਣੇ ਖਿਆਲਾਂ ਨੂੰ ਅਮਲ ਵਿਚ ਲਿਆਵਾਂ।
ਮੇਰੇ ਦਿਮਾਗ ਵਿਚ ਕੇਵਲ ਇਹੀ ਗੱਲ ਬੈਠੀ ਕਿ ਮੈਂ ਬੱਚਿਆਂ ਨੂੰ ਪੜ੍ਹਾਵਾਂ। ਇਹ ਗੱਲ ਨਹੀਂ ਕਿ ਮੈਂ ਯੋਗ ਅਧਿਆਪਕ ਸਾਂ, ਮੈਂ ਤਾਂ ਖੁਦ ਠੀਕ ਢੰਗ ਨਾਲ ਵਿਦਿਆ ਹਾਸਲ ਨਹੀਂ ਕਰ ਸਕਿਆ। ਕਾਫ਼ੀ ਸਮਾਂ ਝਿਜਕਦਾ ਰਿਹਾ। ਫਿਰ ਸੋਚਿਆ, ਮੈਂ ਕੁਦਰਤ ਨੂੰ ਪਿਆਰ ਕਰਨ ਵਾਲਾ ਬੰਦਾ ਹਾਂ, ਇਸ ਕਰ ਕੇ ਬੱਚਿਆਂ ਨੂੰ ਯਕੀਨਨ ਪਿਆਰ ਕਰਦਾ ਹਾਂ। ਮੇਰਾ ਨਿਸ਼ਾਨਾ ਅਜਿਹੀ ਸੰਸਥਾ ਖੜ੍ਹੀ ਕਰਨ ਦਾ ਸੀ ਜਿਥੇ ਬੱਚੇ ਜੀਵਨ ਦੀ ਖੁਸ਼ੀ ਅਤੇ ਸੁਤੰਤਰਤਾ ਮਾਣਨ, ਕੁਦਰਤ ਨਾਲ ਇਕ ਰਸ ਹੋਣ। ਮੈਂ ਉਸ ਦੌਰ ਵਿਚ ਅਪਣਾ ਬਚਪਨ ਲੰਘਾਇਆ ਸੀ ਜਦੋਂ ਵਿਦਿਆ ਸਾਹ ਘੁਟਣ ਵਾਲੇ ਮਾਹੌਲ ਵਿਚ ਮਸ਼ੀਨੀ ਤਰੀਕੇ ਨਾਲ ਦਿਤੀ ਜਾਂਦੀ ਸੀ ਜੋ ਬੱਚਿਆਂ ਦਾ ਉਤਸ਼ਾਹ ਮਾਰ ਦਿੰਦੀ। ਬੱਚੇ ਵਿਚ ਤਾਂ ਜਾਣਨ ਦੀ ਅਨੰਤ ਪਿਆਸ ਹੁੰਦੀ ਹੈ, ਪਰ ਉਹ ਮਰ ਜਾਂਦੀ ਹੈ, ਕਿਉਂਕਿ ਸਿਖਾਉਣ ਦਾ ਤਰੀਕਾ ਠੀਕ ਨਹੀਂ।
ਮੇਰੇ ਆਲੇ ਦੁਆਲੇ ਕੁਝ ਮੁੰਡੇ ਸਨ, ਮੈਂ ਉਨ੍ਹਾਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ, ਉਨ੍ਹਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ। ਮੈਂ ਉਨ੍ਹਾਂ ਦਾ ਸਾਥੀ ਸਾਂ, ਉਨ੍ਹਾਂ ਨਾਲ ਖੇਡਦਾ ਵੀ, ਹੱਸਦਾ ਵੀ। ਛੋਟਿਆਂ ਛੋਟਿਆਂ ਵਿਚ ਮੈਂ ਥੋੜ੍ਹਾ ਵੱਡਾ ਬੱਚਾ ਸਾਂ। ਇਸ ਆਜ਼ਾਦ ਫਿਜ਼ਾ ਵਿਚ ਅਸੀਂ ਸਾਰੇ ਵਿਕਸਿਤ ਹੋਣ ਲੱਗੇ। ਬੱਚਿਆਂ ਦੀ ਖੁਸ਼ੀ, ਜੋਸ਼, ਗੱਲਾਂ ਅਤੇ ਗੀਤ, ਹਵਾਵਾਂ ਵਿਚ ਖੁਸ਼ੀਆਂ ਦੀ ਮਹਿਕ ਘੋਲ ਦਿੰਦੇ, ਇਹ ਸ਼ਰਬਤ ਮੈਂ ਹਰ ਰੋਜ਼ ਪੀਂਦਾ। ਸੂਰਜ ਛਿਪਣ ਵੇਲੇ ਇਕਾਂਤ ਵਿਚ ਮੈਂ ਇਕੱਲਾ ਬੈਠ ਕੇ ਦਰਖਤ ਤੇ ਦਰਖਤਾਂ ਦੀਆਂ ਦੂਰ ਤੱਕ ਲੰਮੀਆਂ ਛਾਂਵਾਂ ਦੇਖਦਾ। ਮੈਨੂੰ ਇਨ੍ਹਾਂ ਵਿਚੋਂ ਵੀ ਉਹੋ ਆਵਾਜ਼ਾਂ ਸੁਣਾਈ ਦਿੰਦੀਆਂ ਜੋ ਦਿਨੇ ਸੁਣੀਆਂ ਸਨ। ਦਰਖਤ ਧਰਤੀ ਦੀ ਹਿੱਕ ਵਿਚੋਂ ਨਿਕਲੇ ਅਨੰਤ ਅਕਾਸ਼ ਵੱਲ ਉਠਦੇ ਜੀਵਨ ਦੇ ਫੁਹਾਰੇ ਲਗਦੇ। ਮਨੁੱਖਤਾ ਦੇ ਦਿਲ ਵਿਚਲੀਆਂ ਸਾਰੀਆਂ ਖੁਸ਼ੀਆਂ ਤੇ ਸਾਰੇ ਹਉਕੇ ਧਰਤੀ ਤੋਂ ਉਠ ਕੇ ਅਸਮਾਨ ਵੱਲ ਜਾਂਦੇ ਸਾਫ਼ ਦਿਖਾਈ ਦਿੰਦੇ। ਮੈਂ ਸੋਚਦਾ, ਮੇਰੇ ਵਰਗੇ ਵੱਡੀ ਉਮਰ ਦੇ ਬੱਚੇ ਵੀ ਆਪਣੀ ਵੇਦਨਾ ਆਕਾਸ਼ ਤੱਕ ਪੁਚਾ ਸਕਦੇ ਹਨ। ਇਹੋ ਗੱਲ ਵਾਰ ਵਾਰ ਮਹਿਸੂਸ ਹੁੰਦੀ।
ਅਜਿਹੇ ਮਾਹੌਲ ਵਿਚ ‘ਗੀਤਾਂਜਲੀ’ ਵਿਚਲੇ ਗੀਤ ਲਿਖੇ। ਭਾਰਤੀ ਅਸਮਾਨ ਦੇ ਤਾਰਿਆਂ ਦੀ ਛਾਂ ਹੇਠ ਅੱਧੀ ਅੱਧੀ ਰਾਤ ਤੱਕ ਮੈਂ ਆਪਣੇ ਗੀਤ ਗਾਉਂਦਾ। ਫਿਰ ਅੰਮ੍ਰਿਤ ਵੇਲਾ ਹੁੰਦਾ, ਸ਼ਾਮ ਦੀਆਂ ਸੁਨਹਿਰੀ ਧੁੱਪਾਂ ਹੁੰਦੀਆਂ, ਮੈਂ ਲਿਖੀ ਜਾਂਦਾ। ਇਉਂ ਕਰਦਿਆਂ ਮੈਨੂੰ ਲਗਾ ਕਿ ਇਕ ਵਾਰ ਫਿਰ ਮੈਂ ਬਾਹਰ ਨਿਕਲਾਂ ਤੇ ਵੱਡੀ ਦੁਨੀਆਂ ਦੇ ਦਿਲ ਨੂੰ ਮਿਲਾਂ।
ਮੈਂ ਦੇਖ ਰਿਹਾ ਸਾਂ ਕਿ ਆਪਣੇ ਵਿਦਿਆਰਥੀਆਂ ਨੂੰ ਮਿਲਦਿਆਂ ਅਸਲ ਵਿਚ ਮੈਂ ਵੱਡੇ ਸੰਸਾਰ ਨੂੰ ਮਿਲਣ ਦੀ ਤਿਆਰੀ ਕਰ ਰਿਹਾਂ। ਇਸੇ ਸਮੇਂ ਮੈਨੂੰ ਖਿਆਲ ਆਇਆ ਕਿ ਮੈਂ ਪੱਛਮ ਦੇ ਜਹਾਨ ਨੂੰ ਵੀ ਮਿਲਾਂ। ਮੈਂ ਇਸ ਗੱਲੋਂ ਚੇਤੰਨ ਸਾਂ ਕਿ ਵਰਤਮਾਨ ਸਦੀ ਪੱਛਮੀ ਮਨੁੱਖ ਦੀ ਹੈ ਜਿਸ ਵਿਚ ਬੇਅੰਤ ਸ਼ਕਤੀ ਹੈ। ਉਸ ਕੋਲ ਦੁਨੀਆਂ ਦੀ ਤਾਕਤ ਹੈ, ਉਸ ਦਾ ਜੀਵਨ ਸਾਰੀਆਂ ਹੱਦਾਂ ਤੋੜ ਕੇ ਬਾਹਰ ਫੈਲ ਰਿਹਾ ਹੈ ਤੇ ਭਵਿੱਖ ਵਾਸਤੇ ਸੰਦੇਸ਼ ਸਿਰਜ ਰਿਹਾ ਹੈ। ਮੈਂ ਸੋਚਿਆ, ਮਰਨ ਤੋਂ ਪਹਿਲਾਂ ਪੱਛਮ ਵਿਚ ਉਸ ਗੁਪਤ ਇਬਾਦਤਗਾਹ ਜਾਵਾਂ ਜਿਥੇ ਰੂਹਾਨੀਅਤ ਦਾ ਵਾਸਾ ਹੈ। ਮੈਂ ਸੋਚਿਆ, ਆਪਣੀ ਸਾਰੀ ਸ਼ਕਤੀ ਅਤੇ ਜੀਵਨ ਦੀਆਂ ਪ੍ਰਤਿਭਾਵਾਂ ਵਾਲਾ ਰੂਹਾਨੀ ਆਦਮੀ ਪੱਛਮ ਵਿਚ ਮੌਜੂਦ ਹੈ।
ਇਸ ਤਰ੍ਹਾਂ ਮੈਂ ਬਾਹਰ ਆਇਆ। ‘ਗੀਤਾਂਜਲੀ’ ਦੀਆਂ ਬੰਗਲਾ ਕਵਿਤਾਵਾਂ ਨੂੰ ਮੈਂ ਅੰਗਰੇਜ਼ੀ ਵਿਚ ਅਨੁਵਾਦਣਾ ਸ਼ੁਰੂ ਕਰ ਦਿੱਤਾ। ਇਸ ਜ਼ਬਾਨ ਦਾ ਮਾਹਿਰ ਨਾ ਹੋਣ ਕਾਰਨ ਮੈਂ ਅਜੇ ਇਸ ਅਨੁਵਾਦ ਨੂੰ ਛਪਵਾਉਣ ਬਾਰੇ ਨਹੀਂ ਸੀ ਸੋਚਿਆ। ਬੱਸ ਖਰੜਾ ਲੈ ਕੇ ਪੱਛਮ ਵਿਚ ਪੁੱਜ ਗਿਆ। ਮੈਂ ਅੰਗਰੇਜ਼ਾਂ ਨੂੰ ਇਹ ਕਵਿਤਾਵਾਂ ਸੁਣਾਈਆਂ ਵੀ, ਪੜ੍ਹਾਈਆਂ ਵੀ। ਉਨ੍ਹਾਂ ਨੂੰ ਚੰਗੀਆਂ ਲੱਗੀਆਂ, ਯਾਨਿ ਮੈਨੂੰ ਪ੍ਰਵਾਨ ਕਰ ਲਿਆ ਗਿਆ। ਬਗੈਰ ਇੰਤਜ਼ਾਰ ਕਰਵਾਇਆਂ ਪੱਛਮ ਨੇ ਮੇਰੇ ਵਾਸਤੇ ਆਪਣਾ ਦਿਲ ਖੋਲ੍ਹ ਦਿੱਤਾ।
ਮੈਂ, ਜਿਹੜਾ ਅੱਧੀ ਸਦੀ ਬਣਵਾਸੀ ਰਿਹਾ, ਪੱਛਮ ਤੋਂ ਦੂਰ; ਮੈਨੂੰ ਇਕ ਦਮ ਪ੍ਰਵਾਨ ਕਰ ਲਿਆ ਜਾਵੇਗਾ, ਜਿਵੇਂ ਮੈਂ ਪੱਛਮ ਦਾ ਵੀ ਕਵੀ ਹੋਵਾਂ, ਇਹ ਮੇਰੇ ਲਈ ਕਰਾਮਾਤ ਸੀ। ਮੈਂ ਹੈਰਾਨ ਹੋਇਆ, ਪਰ ਮਹਿਸੂਸ ਕੀਤਾ ਕਿ ਜਿਹੜੇ ਸਾਲ ਮੈਂ ਬਣਵਾਸ ਵਿਚ ਗੁਜ਼ਾਰੇ ਤੇ ਉਥੋਂ ਜੋ ਸ਼ਾਂਤੀ ਮੈਨੂੰ ਹਾਸਲ ਹੋਈ, ਉਸ ਦੀ ਤਾਂ ਬਹੁਤੀ ਲੋੜ ਪੱਛਮ ਨੂੰ ਸੀ ਜੋ ਵਧੀਕ ਗਤੀਸ਼ੀਲ ਹੋਣ ਕਰ ਕੇ ਸ਼ਾਂਤੀ ਲਈ ਪਿਆਸਾ ਹੈ। ਗੰਗਾ ਕਿਨਾਰੇ ਬਚਪਨ ਦੇ ਜਿਹੜੇ ਇਕਾਂਤ ਦਿਨ ਗੁਜ਼ਾਰੇ, ਉਨ੍ਹਾਂ ਨੇ ਮੈਨੂੰ ਯੋਗਤਾ ਦਿੱਤੀ। ਇਨ੍ਹਾਂ ਵਰ੍ਹਿਆਂ ਦੀ ਸ਼ਾਂਤੀ ਮੇਰੇ ਦਿਲ ਵਿਚ ਜਮ੍ਹਾਂ ਹੋ ਗਈ। ਮੈਂ ਪੱਛਮੀ ਬੰਦੇ ਅੱਗੇ ਇਸ ਨੂੰ ਰੱਖਿਆ ਤਾਂ ਖੁਸ਼ੀ ਖੁਸ਼ੀ ਉਸ ਨੇ ਮਨਜ਼ੂਰ ਕਰ ਲਿਆ।
ਜਿਹੜੀ ਪ੍ਰਸ਼ੰਸਾ ਮਿਲੀ, ਉਹ ਮੈਨੂੰ ਇਕ ਬੰਦੇ ਨੂੰ ਨਹੀਂ ਮਿਲੀ। ਮੇਰੇ ਅੰਦਰਲਾ ਪੂਰਬ, ਪੱਛਮ ਤੱਕ ਪੁੱਜਾ। ਕੀ ਪੂਰਬ, ਮਾਨਵਤਾ ਦੀ ਮਾਂ ਨਹੀਂ? ਹੱਸਦੇ ਖੇਡਦੇ ਪੱਛਮੀ ਬੱਚੇ ਜਦੋਂ ਸੱਟਾਂ ਖਾ ਬੈਠਣ, ਜਦੋਂ ਲਾਚਾਰ ਹੋ ਜਾਣ, ਜਦੋਂ ਭੁੱਖ ਲੱਗੀ ਹੋਏ, ਉਦੋਂ ਕੀ ਉਹ ਪੂਰਬੀ ਮਾਂ ਵੱਲ ਨਹੀਂ ਝਾਕਦੇ? ਇਸ ਮਾਂ ਤੋਂ ਉਨ੍ਹਾਂ ਨੂੰ ਖੁਰਾਕ ਮਿਲਦੀ ਹੈ, ਰਾਤ ਦਾ ਚੈਨ ਮਿਲਦਾ ਹੈ। ਕੀ ਕਦੀ ਉਹ ਨਿਰਾਸ ਹੋਏ ਹਨ, ਇਸ ਮਾਂ ਵੱਲੋਂ?
ਚੰਗੀ ਕਿਸਮਤ ਨੂੰ ਮੈਂ ਉਦੋਂ ਤੁਹਾਡੇ ਕੋਲ ਆਇਆ, ਜਦੋਂ ਤੁਸੀਂ ਪੂਰਬ ਵੱਲ ਦੇਖਣ ਲੱਗੇ ਸੀ ਕਿ ਕੁਝ ਮਿਲੇਗਾ ਉਧਰੋਂ। ਪੂਰਬ ਦਾ ਪ੍ਰਤੀਨਿਧ ਹੋਣ ਦਾ ਇਨਾਮ ਆਪਣੇ ਪੂਰਬੀ ਮਿੱਤਰਾਂ ਤੋਂ ਮੈਨੂੰ ਪਹਿਲੋਂ ਹੀ ਮਿਲ ਚੁੱਕਾ ਹੈ।
ਮੈਂ ਤੁਹਾਨੂੰ ਵਿਸ਼ਵਾਸ ਦੁਆਉਂਦਾ ਹਾਂ ਕਿ ਜਿਹੜਾ ਇਨਾਮ ਤੁਸੀਂ ਮੈਨੂੰ ਦਿੱਤਾ ਹੈ, ਇਹ ਮੈਂ ਆਪਣੇ ਆਪ ਉਪਰ ਖਰਚ ਕੇ ਜ਼ਾਇਆ ਨਹੀਂ ਕਰਾਂਗਾ। ਮੈਨੂੰ, ਇਕ ਬੰਦੇ ਨੂੰ ਨਾ ਇਹ ਇਨਾਮ ਮਿਲਿਆ ਹੈ, ਨਾ ਮੈਂ ਇਕੱਲਾ ਇਸ ਨੂੰ ਸਵੀਕਾਰ ਕਰਨ ਦਾ ਹੱਕਦਾਰ ਹਾਂ। ਇਸ ਕਰ ਕੇ ਮੈਂ ਇਹ ਹੋਰਨਾਂ ਵਾਸਤੇ ਵਰਤਾਂਗਾ। ਇਹ ਮੈਂ ਪੂਰਬ ਦੇ ਬੱਚਿਆਂ ਨਮਿਤ ਰੱਖਾਂਗਾ। ਇਹ ਬੀਜ ਵਾਂਗ ਹੈ, ਜਦੋਂ ਇਸ ਨੂੰ ਬੀਜ ਦਿੰਦੇ ਹਾਂ, ਬੂਟਾ ਉੱਗ ਕੇ ਰੁੱਖ ਬਣਦਾ ਹੈ। ਬੀਜਣ ਵਾਲੇ ਨੂੰ ਹੋਰ ਬੀਜ ਵੀ ਦਿੰਦਾ ਹੈ, ਫਲ ਵੀ ਦਿੰਦਾ ਹੈ। ਮੈਂ ਵਿਸ਼ਵ-ਵਿਦਿਆਲਾ ਸਥਾਪਤ ਕਰਾਂਗਾ, ਇਹ ਅਜਿਹੀ ਥਾਂ ਹੋਏਗੀ ਜਿਥੇ ਪੱਛਮੀ ਬੱਚੇ ਆਪਣੇ ਪੂਰਬੀ ਭਰਾਵਾਂ ਨਾਲ ਮਿਲ ਕੇ ਸੱਚ ਦੀ ਤਲਾਸ਼ ਕਰਨਗੇ। ਇਥੋਂ ਉਨ੍ਹਾਂ ਨੂੰ ਉਹ ਖਜ਼ਾਨੇ ਮਿਲਣਗੇ ਜਿਨ੍ਹਾਂ ਨਾਲ ਸਾਰੀ ਮਨੁੱਖਤਾ ਅਮੀਰ ਹੋਏਗੀ।
ਮੈਂ ਤੁਹਾਨੂੰ ਯਾਦ ਕਰਵਾਵਾਂ, ਭਾਰਤ ਦੀ ਸ਼ਾਨਾਂਮੱਤੀ ਸਭਿਅਤਾ ਵਿਚ ਕਦੀ ਮਹਾਨ ਯੂਨੀਵਰਸਿਟੀ ਹੋਇਆ ਕਰਦੀ ਸੀ। ਦੀਵਾ ਬਾਲ ਦਿੰਦੇ ਹਾਂ ਤਾਂ ਇਸ ਦੀ ਰੌਸ਼ਨੀ ਮਨਮਰਜ਼ੀ ਨਾਲ ਬੰਨ੍ਹ ਨਹੀਂ ਸਕਦੇ ਫਿਰ ਆਪਾਂ। ਇਹ ਦੁਨੀਆਂ ਤੱਕ ਪੁਜਦੀ ਹੈ। ਭਾਰਤ ਦੀ ਸਭਿਅਤਾ ਵਿਚ ਸ਼ਾਨ ਸੀ, ਸਿਆਣਪ ਸੀ ਤੇ ਅਮੀਰੀ ਸੀ। ਇਹ ਖਜ਼ਾਨੇ ਭਾਰਤ ਨੇ ਆਪਣੇ ਬੱਚਿਆਂ ਵਾਸਤੇ ਜੰਦਰਿਆਂ ਅੰਦਰ ਬੰਦ ਨਹੀਂ ਕੀਤੇ। ਚੀਨੀ, ਜਾਪਾਨੀ, ਈਰਾਨੀ ਸਭ ਕੌਮਾਂ ਦੇ ਲੋਕ ਆਉਂਦੇ ਤੇ ਭਾਰਤ ਵਿਚ ਜੋ ਬਿਹਤਰੀਨ ਹੁੰਦਾ, ਲੈ ਕੇ ਵਾਪਸ ਜਾਂਦੇ। ਤੁਹਾਨੂੰ ਪਤਾ ਹੋਏਗਾ ਸ਼ਾਇਦ ਕਿ ਭਾਰਤ ਵਿਚ ਪੈਸੇ ਲੈ ਕੇ ਵਿਦਿਆ ਵੇਚਣ ਦੀ ਪਰੰਪਰਾ ਨਹੀਂ ਸੀ। ਇਹ ਸਮਝਿਆ ਜਾਂਦਾ ਸੀ ਕਿ ਜਿਸ ਪਾਸ ਵਿਦਿਆ ਹੈ, ਉਸ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਵਿਦਿਆਰਥੀਆਂ ਵਿਚ ਵੰਡੇ। ਵਿਦਿਆਰਥੀ ਅਧਿਆਪਕ ਦੇ ਪਿੱਛੇ ਮੰਗਤਿਆਂ ਵਾਂਗ ਫਿਰਦੇ ਰਹਿਣ, ਇਉਂ ਨਹੀਂ ਹੁੰਦਾ ਸੀ; ਅਧਿਆਪਕ ਦਾ ਖੁਦ ਇਹ ਮਿਸ਼ਨ ਸੀ ਕਿ ਵੰਡਣਾ ਪਵਿੱਤਰ ਫਰਜ਼ ਹੈ। ਭਾਰਤ ਦੇ ਵਖ ਵਖ ਪ੍ਰਾਂਤਾਂ ਵਿਚ ਇਸੇ ਉਦੇਸ਼ ਦੀ ਪੂਰਤੀ ਵਾਸਤੇ ਗੁਰੂਕੁਲਾਂ ਚੱਲੀਆਂ।
ਮੈਨੂੰ ਲਗਦਾ ਹੈ ਮਨੁੱਖਤਾ ਪਾਸ ਹੁਣ ਉਹ ਹਮਦਰਦੀ, ਦਰਿਆਦਿਲੀ ਨਹੀਂ ਰਹੀ। ਪੱਛਮੀ ਨਸਲਾਂ ਦੇ ਭਾਰਤ ਵਿਚ ਆਉਣ ਨਾਲ ਸਾਡਾ ਆਪਣੀ ਸਭਿਅਤਾ ਵਿਚੋਂ ਵਿਸ਼ਵਾਸ ਟੁੱਟ ਗਿਆ ਹੈ। ਪਦਾਰਥਕ ਪ੍ਰਭੁਤਾ ਹਾਵੀ ਹੋ ਗਈ ਹੈ। ਇਕ ਸਦੀ ਤੋਂ ਭਾਰਤੀ ਵਿਦਿਆਰਥੀ ਭੂਤਕਾਲ ਦੀ ਆਪਣੀ ਸਭਿਅਤਾ ਬਾਬਤ ਅਣਜਾਣ, ਅਗਿਆਨੀ ਹੋ ਗਏ ਹਨ। ਕੇਵਲ ਅਸੀਂ ਇਸ ਤੋਂ ਵਾਂਝੇ ਨਹੀਂ ਹੋਏ, ਉਹ ਵੀ ਵਾਂਝੇ ਹੋ ਗਏ ਹਨ ਜਿਨ੍ਹਾਂ ਵਿਚ ਅਸੀਂ ਆਪਣੀ ਸਨਾਤਨੀ ਵਿਦਿਆ ਵੰਡਣੀ ਸੀ।
ਸਮਾਂ ਆ ਗਿਆ ਹੈ ਕਿ ਅਸੀਂ ਆਪਣੀਆਂ ਸੰਭਾਵਨਾਵਾਂ ਜ਼ਾਇਆ ਨਾ ਕਰੀਏ। ਜੋ ਬਿਹਤਰੀਨ ਹੈ, ਉਹ ਕਰੀਏ; ਆਪਣੀ ਕੰਗਾਲੀ ਨਾ ਦਿਖਾਈਏ। ਜੋ ਸਾਨੂੰ ਵਡੇਰਿਆਂ ਤੋਂ ਮਿਲਿਆ, ਉਸ ਉਪਰ ਸਾਰੀ ਮਨੁੱਖਤਾ ਦਾ ਹੱਕ ਹੈ। ਇਹੋ ਕਾਰਨ ਹੈ ਜਿਸ ਸਦਕਾ ਮੈਂ ਦ੍ਰਿੜ ਹੋ ਕੇ ਫੈਸਲਾ ਕੀਤਾ ਕਿ ਕੋਈ ਕੌਮਾਂਤਰੀ ਸੰਸਥਾ ਬਣੇ ਜਿਥੇ ਪੂਰਬੀ ਤੇ ਪੱਛਮੀ ਬੱਚੇ ਇਕੱਠੇ ਰੂਹਾਨੀ ਖੁਰਾਕ ਪ੍ਰਾਪਤ ਕਰਨ।
ਇਹ ਦੱਸਦਿਆਂ ਮੈਂ ਫਖ਼ਰ ਮਹਿਸੂਸ ਕਰਦਾ ਹਾਂ ਕਿ ਤੁਹਾਡੇ ਇਨਾਮ ਦੀ ਰਾਸ਼ੀ ਨਾਲ ਉਸ ਵੱਡੇ ਸੁਫਨੇ ਦੀ ਕੁਝ ਪੂਰਤੀ ਹੋ ਸਕੇਗੀ ਜਿਹੜਾ ਮੇਰੇ ਦਿਲ ਵਿਚ ਹੈ। ਤੁਹਾਨੂੰ ਸੱਦਾ ਦੇਣ ਆਇਆਂ ਮੈਂ, ਆਉ ਬਹੁਤ ਵਧੀਆ ਪ੍ਰੀਤੀ ਭੋਜ ਹੈ, ਸਵੀਕਾਰ ਕਰੋ। ਮੈਨੂੰ ਆਸ ਹੈ, ਮੇਰਾ ਸੱਦਾ ਪੱਤਰ ਤੁਸੀਂ ਸਵੀਕਾਰ ਕਰੋਗੇ। ਯੂਰਪ ਦੇ ਕਈ ਦੇਸ਼ਾਂ ਵਿਚ ਗਿਆ ਹਾਂ ਮੈਂ, ਉਨ੍ਹਾਂ ਨੇ ਮੇਰਾ ਪੁਰਜ਼ੋਰ ਸਵਾਗਤ ਕੀਤਾ। ਇਸ ਸਵਾਗਤ ਦਾ ਮਾਇਨਾ ਹੈ, ਪੱਛਮ ਨੂੰ ਪੂਰਬ ਦੀ ਜ਼ਰੂਰਤ ਹੈ; ਉਵੇਂ, ਜਿਵੇਂ ਪੂਰਬ ਨੂੰ ਪੱਛਮ ਦੀ ਜ਼ਰੂਰਤ ਹੈ। ਮਿਲਾਪਾਂ ਦਾ ਸਮਾਂ ਆ ਗਿਆ ਹੈ।
ਮੈਂ ਖੁਸ਼ ਹਾਂ ਜੋ ਇਸ ਸਮੇਂ ਤੁਹਾਡੇ ਵਿਚਕਾਰ ਹਾਂ, ਮੇਰੇ ਕੋਲ ਦੇਣ ਵਾਸਤੇ ਕੁਝ ਸਮਾਨ ਹੈ। ਪੂਰਬ ਤੇ ਪੱਛਮ ਮਿਲ ਕੇ ਭਵਿੱਖ ਦੀ ਮਹਾਨ ਸੰਸਕ੍ਰਿਤੀ ਸਿਰਜਣਗੇ। ਅਨੁਵਾਦ ਰਾਹੀਂ ਅਸਪਸ਼ਟ ਜਿਹਾ ਸਹੀ; ਪੂਰਬ, ਪੱਛਮ ਤੱਕ ਪੁੱਜ ਗਿਆ ਜਿਥੇ ਇਸ ਨੂੰ ਸ਼ਾਂਤੀ ਮਿਲੀ; ਇਹਨੂੰ ਲੱਗਾ, ਇਹ ਵੀ ਮੇਰਾ ਘਰ ਹੈ। ਸਮੇਂ ਦੀ ਜ਼ਬਾਨ ਤੁਹਾਡੇ ਤੱਕ ਪੁੱਜੀ, ਮੇਰੀ ਚੰਗੀ ਕਿਸਮਤ ਕਿ ਮੇਰੇ ਰਾਹੀਂ ਪੁੱਜੀ। ਸਵੀਡਨ ਦੇ ਸੱਦੇ ਨੇ ਮੈਨੂੰ ਦੂਰ ਦੂਰ ਤਕ ਪੁਚਾ ਦਿਤਾ, ਇਹ ਤਾਂ ਚੰਗਾ ਹੋਇਆ ਪਰ ਇਸ ਦਾ ਨੁਕਸਾਨ ਇਹ ਹੋਇਆ ਕਿ ਮੇਰੀ ਇਕਾਂਤ ਵਿਚ ਵਿਘਨ ਪੈ ਗਿਆ। ਮੈਨੂੰ ਉਨ੍ਹਾਂ ਲੋਕਾਂ ਵਿਚਕਾਰ ਖਲੋਣਾ ਪਵੇਗਾ ਜਿਨ੍ਹਾਂ ਵਿਚ ਖਲੋਣ ਦਾ ਮੈਂ ਆਦੀ ਨਹੀਂ। ਪੱਛਮ ਦੀ ਵਿਸ਼ਾਲ ਦੁਨੀਆਂ ਸਾਹਮਣੇ ਜਦੋਂ ਖਲੋਂਦਾ ਹਾਂ ਤਾਂ ਮੇਰੇ ਦਿਲ ਵਿਚ ਡੋਬੂ ਪੈਣ ਲਗਦਾ ਹੈ। ਤੁਹਾਡੇ ਵਲੋਂ ਦਿੱਤਾ ਸਨਮਾਨ, ਪ੍ਰਸ਼ੰਸਾ ਅਤੇ ਸੁਗਾਤਾਂ ਸਵੀਕਾਰ ਕਰਨ ਦੀ ਅਜੇ ਮੈਨੂੰ ਆਦਤ ਨਹੀਂ ਪਈ। ਤੁਹਾਡੇ ਸਾਹਮਣੇ ਖਲੋਤਾ ਤਾਂ ਹਾਂ, ਪਰ ਮੈਨੂੰ ਸੰਗ ਲੱਗ ਰਹੀ ਹੈ। ਮੈਂ ਪਰਮੇਸ਼ਰ ਦਾ ਸ਼ੁਕਰਗੁਜ਼ਾਰ ਹਾਂ ਜਿਸ ਨੇ ਮੈਨੂੰ ਪੂਰਬ ਅਤੇ ਪੱਛਮ ਵਿਚਕਾਰ ਪੁਲ ਬਣਾਇਆ। ਉਮਰ ਭਰ ਮੈਂ ਇਹ ਕੰਮ ਕਰਦਾ ਰਹਾਂਗਾ। ਜੋ ਕਰ ਸਕਦਾ ਹਾਂ, ਕਰਨਾ ਪਵੇਗਾ। ਇਸੇ ਸੁਫ਼ਨੇ ਦੀ ਪੂਰਤੀ ਖਾਤਰ ਮੈਂ ਸ਼ਾਂਤੀ ਨਿਕੇਤਨ ਦੀ ਨੀਂਹ ਰੱਖੀ। ਕਿਸੇ ਵਸਤੂ ਨੂੰ ਰੱਦ ਕਰਨਾ ਭਾਰਤ ਦਾ ਸੁਭਾਅ ਨਹੀਂ। ਮਿਲਵਰਤਣ ਦਾ ਸੁਭਾਅ ਕਿਸੇ ਨਸਲ ਜਾਂ ਸਭਿਆਚਾਰ ਨੂੰ ਰੱਦ ਨਹੀਂ ਕਰਦਾ। ਹਮਦਰਦੀ ਅਤੇ ਪਿਆਰ ਰਾਹੀਂ ਸਭ ਮਿਲ ਜਾਂਦੇ ਹਨ। ਸਿਆਸੀ ਹਲਚਲ ਦੌਰਾਨ ਭਾਰਤੀ ਬੱਚੇ ਪੱਛਮ ਨੂੰ ਰੱਦ ਕਰਨ ਲੱਗੇ ਦੇਖ ਕੇ ਮੈਨੂੰ ਦੁੱਖ ਹੁੰਦਾ ਹੈ। ਮੈਨੂੰ ਲਗਦੈ, ਰੱਦ ਕਰਨ ਦਾ ਪਾਠ ਉਨ੍ਹਾਂ ਨੂੰ ਪੱਛਮ ਨੇ ਪੜ੍ਹਾਇਆ ਹੈ। ਅਸੀਂ ਇਸ ਤਰ੍ਹਾਂ ਦੇ ਨਹੀਂ ਸਾਂ। ਦਰਾਵੜ, ਮੁਸਲਮਾਨ, ਹਿੰਦੂ ਭਾਰਤ ਵਿਚ ਸਭ ਵੱਸ ਰਹੇ ਹਨ। ਨਕਲੀ ਸਿਆਸੀ ਰੱਸੀ ਨਾਲ ਸਾਨੂੰ ਕੋਈ ਨਹੀਂ ਬੰਨ੍ਹ ਸਕਦਾ। ਸਾਨੂੰ ਡੂੰਘੇ ਉਤਰਨਾ ਪਵੇਗਾ। ਸਾਡੇ ਕੋਲ ਵਡੇਰਿਆਂ ਦੀਆਂ ਸ਼ਾਨਦਾਰ ਲਿਖਤਾਂ ਪਈਆਂ ਹਨ। ਜਿਹੜਾ ਸਭ ਨੂੰ ਆਪਣੇ ਵਰਗਾ ਜਾਣ ਗਿਆ, ਉਹ ਸੱਚ ਤੱਕ ਪੁੱਜ ਗਿਆ। ਇਹ ਗੱਲ ਪੱਛਮ ਨੂੰ ਵੀ ਪਤਾ ਲੱਗੇਗੀ। ਜਾਨਵਰਾਂ ਵਾਂਗ ਲੜਨਾ ਭਿੜਨਾ, ਕਿਸ ਵਾਸਤੇ?
ਮੇਰੀ ਯੂਨੀਵਰਸਿਟੀ ਵਿਚ ਆਓ ਤੇ ਦੇਖੋ, ਇਸ ਵਿਚ ਕੀ ਕੀ ਹੈ। ਤੁਹਾਡੇ ਵਿਦਵਾਨ ਅਤੇ ਵਿਦਿਆਰਥੀ ਆਉਣ, ਅਣਵੰਡੀ ਮਨੁੱਖਤਾ ਵਾਂਗ ਰਹਿਣ। ਇਸ ਮਕਸਦ ਵਾਸਤੇ ਮੈਂ ਤੁਹਾਡੇ ਕੋਲ ਆਇਆਂ। ਪਿਆਰ ਅਤੇ ਪਰਮੇਸ਼ਰ ਦੇ ਨਾਮ ਉਪਰ ਮੈਂ ਤੁਹਾਨੂੰ ਸੱਦਾ ਦਿੰਦਾ ਹਾਂ। (26 ਮਈ 1921, ਸਟਾਕਹੋਮ, ਸਵੀਡਨ)