ਇਕ ਵਕਤ ਐਸਾ ਵੀ ਆਇਆ ਸੀ ਜਦੋਂ ਸਭ ਨੇ ਇਹ ਮੰਨ ਲਿਆ ਸੀ ਕਿ ਪੰਜਾਬ ਵਿਚ ਬਾਦਲਾਂ ਨੂੰ ਸਿਆਸੀ ਪਿੜ ਵਿਚ ਸਿਰਫ ਇਕੋ ਬੰਦਾ ਹੀ ਟੱਕਰ ਦੇ ਸਕਦਾ ਹੈ ਤੇ ਉਹ ਹੈ ਕੈਪਟਨ ਅਮਰਿੰਦਰ ਸਿੰਘ। ਆਪਣੀ ਸਿਆਸੀ ਚੜ੍ਹਾਈ ਦੇ ਦਿਨੀਂ ਉਨ੍ਹਾਂ ਸੱਚੀਂ-ਮੁੱਚੀਂ ਬਾਦਲਾਂ ਨੂੰ ਵਾਹਣੀਂ ਪਾ ਲਿਆ ਸੀ। ਬਾਦਲਾਂ ਨੂੰ ਅਮਰਿੰਦਰ ਸਿੰਘ ਦੀ ਸੱਤਾ ਵਾਲੇ ਉਹ ਪੰਜ ਸਾਲ ਕੱਢਣੇ ਔਖੇ ਜਿਹੇ ਹੋ ਗਏ ਸਨ। ਅਸਲ ਵਿਚ ਇਥੇ ਹੀ ਕੈਪਟਨ ਦੀ ਕਪਤਾਨੀ ਦਾ ਕਜ ਲੁਕਿਆ ਹੋਇਆ ਸੀ। ਉਨ੍ਹਾਂ ਸਾਰਾ ਜ਼ੋਰ ਆਪਣੇ ਸਿਆਸੀ ਵਿਰੋਧੀਆਂ ਦੀ ਤਹਿ ਲਾਉਣ ‘ਤੇ ਹੀ ਖਰਚ ਦਿੱਤਾ ਅਤੇ ਫਿਰ ਅਗਲੀਆਂ ਚੋਣਾਂ ਵਿਚ ਉਨ੍ਹਾਂ ਦੀ ਆਪਣੀ ਤਹਿ ਲੱਗ ਗਈ। ਉਂਜ ਵੀ ਪੰਜਾਬ ਕਾਂਗਰਸ ਵਿਚ ਲੀਡਰਸ਼ਿਪ ਦਾ ਖਿਲਾਰਾ ਹੁਣ ਇੰਨਾ ਪੈ ਚੁੱਕਾ ਹੈ ਕਿ ਸਾਰੇ ਪ੍ਰਧਾਨੀਆਂ ਦੀ ਭਾਲ ਵਿਚ ਹਨ। ਨਾਲੇ ਜਿਸ ਢੰਗ ਨਾਲ ਕਾਂਗਰਸ ਵਿਚ ਪ੍ਰਧਾਨੀਆਂ ਵੰਡਣ ਦੀ ਰੀਤ ਚੱਲ ਪਈ ਹੈ, ਉਸ ਦਾ ਨਤੀਜਾ ਉਹੀ ਆਉਣਾ ਸੀ ਜੋ ਅੱਜਕੱਲ੍ਹ ਸਭ ਦੇ ਸਾਹਮਣੇ ਹੈ। ਇਸ ਨਤੀਜੇ ਕਰ ਕੇ ਹੀ ਬਾਦਲ ਪਿਉ-ਪੁੱਤ ਦੀ ਬੱਲੇ-ਬੱਲੇ ਹੈ; ਨਹੀਂ ਤਾਂ ਕੋਈ ਵੀ ਕਾਰਨ ਨਹੀਂ ਸੀ ਕਿ ਇਹ ਪਿਉ-ਪੁੱਤ ਦੁਬਾਰਾ ਸੱਤਾ ਦਾ ਸੁੱਖ ਮਾਣ ਸਕਦੇ। ਰਤਾ ਕੁ ਗੁਜਰਾਤ ਸੂਬੇ ਦੀ ਸਿਆਸਤ ਉਤੇ ਨਿਗ੍ਹਾ ਦੁੜਾਈਏ ਤਾਂ ਸਾਫ ਹੋ ਜਾਂਦਾ ਹੈ ਕਿ ਸਿਆਸੀ ਸਫਬੰਦੀਆਂ ਕਿੰਜ ਅਸਰਅੰਦਾਜ਼ ਹੁੰਦੀਆਂ ਹਨ। ਗੁਜਰਾਤ ਵਿਚ ਘੱਟਗਿਣਤੀ ਮੁਸਲਮਾਨਾਂ ਦਾ ਕਥਿਤ ਕਾਤਲ ਨਰਿੰਦਰ ਮੋਦੀ ਵਾਰ-ਵਾਰ ਇਸ ਕਰ ਕੇ ਜਿੱਤ ਰਿਹਾ ਹੈ ਕਿ ਉਥੇ ਉਸ ਦੇ ਮੁਕਾਬਲੇ ਵਿਚ ਕੋਈ ਨਹੀਂ ਹੈ। ਇਹੀ ਹਾਲ ਪੰਜਾਬ ਦਾ ਹੈ। ਬਾਦਲਾਂ ਦੀ ਜਿੱਤ ਅਸਲ ਵਿਚ ਕਾਂਗਰਸ ਦੀ ਹਾਰ ਵਿਚੋਂ ਨਿਕਲੀ ਹੈ ਅਤੇ ਜਦੋਂ ਤੋਂ ਕਾਂਗਰਸ ਨੂੰ ਚੁਣਾਵੀ ਪਛਾੜ ਵੱਜੀ ਹੈ, ਅੱਜ ਤੱਕ ਵੱਜਦੀ ਹੀ ਚਲੀ ਗਈ ਹੈ। ਪਾਰਟੀ ਵਿਚਲੇ ਕੈਪਟਨ ਦੇ ਵਿਰੋਧੀਆਂ ਨੂੰ ਮੌਕਾ ਮਿਲ ਗਿਆ ਹੈ ਅਤੇ ਇਹ ਵਿਰੋਧੀ ਹੱਥ ਆਇਆ ਮੌਕਾ ਹੱਥੋਂ ਜਾਣ ਨਹੀਂ ਦੇਣਾ ਚਾਹੁੰਦੇ। ਕੇਂਦਰੀ ਸਿਆਸਤ ਵਿਚ ਕਿਉਂਕਿ ਪੰਜਾਬ ਵਾਹਵਾ ਅਸਰ ਰੱਖਦਾ ਹੈ, ਇਸ ਕਰ ਕੇ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਵੀ ਸਿਆਸੀ ਗਿਣਤੀਆਂ-ਮਿਣਤੀਆਂ ਤਹਿਤ ਕੈਪਟਨ ਦਾ ਬਦਲ ਲੱਭ ਰਹੀ ਹੈ। ਲੋਕ ਸਭਾ ਚੋਣਾਂ ਸਿਰ ਉਤੇ ਹਨ ਅਤੇ ਕੇਂਦਰੀ ਲੀਡਰਸ਼ਿਪ ਚਾਹੁੰਦੀ ਹੈ ਕਿ ਇਨ੍ਹਾਂ ਚੋਣਾਂ ਵਿਚ ਜੇ ਬਹੁਤਾ ਨਹੀਂ, ਤਾਂ ਘੱਟੋ-ਘੱਟ ਬਾਦਲਾਂ ਦੀ ਬਰਾਬਰੀ ਤਾਂ ਜ਼ਰੂਰ ਹੀ ਕੀਤੀ ਜਾਵੇ। ਦੂਜੇ ਬੰਨ੍ਹੇ ਬਾਦਲਾਂ ਦੀ ਚੜ੍ਹਾਈ ਦਾ ਤਾਂ ਹੁਣ ਇਹ ਹਾਲ ਹੈ ਕਿ ਇੰਨੀਆਂ ਨਾਲਾਇਕੀਆਂ ਦੇ ਬਾਵਜੂਦ ਕੋਈ ਵੀ ਧਿਰ ਇਨ੍ਹਾਂ ਨੂੰ ਗਲਾਵੇਂ ਤੋਂ ਫੜਨ ਦੇ ਅਸਮਰਥ ਹੈ। ਹਰ ਵਿਰੋਧੀ ਹਾਲਾਤ ਦੇ ਬਾਵਜੂਦ ਇਨ੍ਹਾਂ ਦੀ ਹੀ ਹੱਟੀ ਚੱਲ ਰਹੀ ਹੈ।
ਅਸਲ ਵਿਚ ਇਸ ਵੇਲੇ ਪੰਜਾਬ ਵਿਚ ਨਵੀਂ ਸਿਆਸੀ ਉਡਾਣ ਲਈ ਕਿਸੇ ਨੀਤੀ ਨਹੀਂ, ਰਣਨੀਤੀ ਦੀ ਲੋੜ ਹੈ ਅਤੇ ਫਿਲਹਾਲ ਅਜਿਹੇ ਕੋਈ ਲੀਡਰ ਜਾਂ ਜਥੇਬੰਦੀ ਕਿਤੇ ਰੜਕ ਨਹੀਂ ਰਹੇ ਜੋ ਕਾਰਗਰ ਰਣਨੀਤੀ ਦਾ ਸੂਤਰਧਾਰ ਬਣ ਸਕੇ। ਅੱਜ ਬਾਦਲ ਸਿਰਫ ਆਪਣੀ ਜਿੱਤ ਲਈ ਦਿਨ-ਰਾਤ ਇਕ ਨਹੀਂ ਕਰ ਰਹੇ; ਸਗੋਂ ਵਿਰੋਧੀਆਂ ਦੀ ਹਾਰ ਲਈ ਵੀ ਬਰਾਬਰ ਸਾਮਾਨ ਤਿਆਰ ਕਰਦੇ ਨਜ਼ਰ ਆਉਂਦੇ ਹਨ। ਇਹੀ ਉਨ੍ਹਾਂ ਦੀ ਰਣਨੀਤੀ ਹੈ। ਜਿੰਨਾ ਚਿਰ ਇਸ ਰਣਨੀਤੀ ਦਾ ਤੋੜ ਨਹੀਂ ਲੱਭਦਾ, ਪੰਜਾਬ ਲਈ ਕੋਈ ਨਵਾਂ ਰਾਹ ਲੱਭਣਾ ਸ਼ਾਇਦ ਔਖਾ ਹੈ। ਸਿਆਸਤ ਦੀ ਸਿਤਮਜ਼ਰੀਫੀ ਇਹ ਹੈ ਕਿ ਪੰਜਾਬ ਲਈ ਨਵਾਂ ਰਾਹ ਲੱਭਣ ਲਈ ਕਾਂਗਰਸੀ ਲੀਡਰਸ਼ਿਪ ਨੇ ਰਾਹੁਲ ਗਾਂਧੀ ਦੇ ਹੱਥ ਡੋਰ ਫੜਾਈ ਹੋਈ ਹੈ। ਰਾਹੁਲ ਦੀ ਹੁਣ ਤੱਕ ਦੀ ਸਰਗਰਮੀ ਅਤੇ ਸਿਆਸਤ ਦੱਸਦੀ ਹੈ ਕਿ ਉਹ ਕਦੀ ਕਿਸੇ ਵਕਤ ਕੋਈ ਹੋਰ ਕ੍ਰਿਸ਼ਮਾ ਤਾਂ ਸ਼ਾਇਦ ਕਰ ਸਕਦਾ ਹੋਵੇ, ਪਰ ਰਣਨੀਤੀ ਘੜਨ ਦੇ ਮਾਮਲੇ ਵਿਚ ਉਹ ਸਿਫਰ ਹੀ ਹੈ। ਉਹਦੀ ਸਿਆਸੀ ਸੋਝੀ ਗਰੀਬਾਂ-ਗੁਰਬਿਆਂ ਦੇ ਕੱਚੇ ਘਰਾਂ ਵਿਚ ਰਾਤ ਕੱਟਣ ਤੱਕ ਹੀ ਸੀਮਤ ਹੈ। ਇੱਦਾਂ ਦੀਆਂ ਹਮਦਰਦੀਆਂ ਤਾਂ ਸਿਆਸੀ ਪਿੜ ਦੀ ਪਹਿਲੀ ਪੌੜੀ ਦਾ ਪਹਿਲਾ ਪੌਡਾ ਹੁੰਦਾ ਹੈ। ਪੰਜਾਬ ਵਰਗੀ ਗਹਿ-ਗੱਡਵੀਂ ਸਿਆਸਤ ਵਿਚ ਸਿਆਸੀ ਸੋਝੀ ਦਾ ਅਰਥ ਬਹੁਤ ਵੱਡਾ ਅਤੇ ਲੰਮਾ-ਚੌੜਾ ਹੈ। ਇਹ ਘੱਟੋ-ਘੱਟ ਰਾਹੁਲ ਗਾਂਧੀ ਦੇ ਵੱਸ ਦਾ ਰੋਗ ਤਾਂ ਬਿਲਕੁੱਲ ਨਹੀਂ ਹੈ। ਪੰਜਾਬ ਦੀ ਸਿਆਸਤ ਦੇਸ਼ ਦੀ ਬਾਕੀ ਸਿਆਸਤ ਤੋਂ ਉਂਜ ਵੀ ਵੱਖਰੀ ਹੈ। ਧਾਰਮਿਕ ਸੰਸਥਾਵਾਂ ਦੇ ਸਿਆਸੀ ਦਖਲ ਨਾਲ ਪੰਜਾਬ ਵਿਚ ਜਿਹੜਾ ਸਿਆਸੀ ਪਿੜ ਬੱਝਦਾ ਹੈ, ਉਸ ਪਿੜ ਵਿਚ ਤਿੱਖਾ ਆਗੂ ਹੀ ਪੈਰ ਲਾ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਚੜ੍ਹਾਈ ਦੇ ਦਿਨਾਂ ਉਤੇ ਜੇ ਤਰਦੀ ਜਿਹੀ ਨਿਗ੍ਹਾ ਵੀ ਮਾਰੀਏ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਉਦੋਂ ਵੀ ਸਿਆਸਤ ਵਿਚ ਰਣਨੀਤਕ ਪਹੁੰਚ ਨੇ ਹੀ ਨਵੇਂ ਨਤੀਜਿਆਂ ਦਾ ਰਾਹ ਖੋਲ੍ਹਿਆ ਸੀ। ਅੱਜ ਦੀ ਸਿਆਸੀ ਰਣਨੀਤੀ ਬਾਦਲਾਂ ਖਿਲਾਫ ਇਕਜੁੱਟ ਮੋਰਚਾਬੰਦੀ ਹੀ ਹੋ ਸਕਦੀ ਹੈ। ਪਿਛਲੇ ਕੁਝ ਮਹੀਨਆਂ ਦੌਰਾਨ ਇਹ ਕਵਾਇਦ ਚੱਲ ਵੀ ਰਹੀ ਸੀ ਪਰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਮਾਮਲੇ ਨੇ ਫਿਲਹਾਲ ਸਭ ਕੁਝ ਖਿੰਡਾ ਦਿੱਤਾ ਹੈ। ਇਸੇ ਕਰ ਕੇ ਪੰਜਾਬ ਦੇ ਸਿਆਸੀ ਅਤੇ ਚੁਣਾਵੀ ਪਿੜ ਦਾ ਬਹੁਤਾ ਦਾਰੋਮਦਾਰ ਹੁਣ ਕਾਂਗਰਸ ਦਾ ਕਲੇਸ਼ ਮੁੱਕਣ ਜਾਂ ਵਧਣ ਉਤੇ ਹੀ ਟਿਕਿਆ ਹੋਇਆ ਜਾਪਦਾ ਹੈ। ਮਨਪ੍ਰੀਤ ਸਿੰਘ ਬਾਦਲ ਵਾਲੀ ਧਿਰ ਦੀ ਰੜਕ ਵੀ ਆਪਸੀ ਤਾਲਮੇਲ ਉਤੇ ਨਿਰਭਰ ਹੈ। ਰਣਨੀਤੀ ਦੇ ਮਾਮਲੇ ‘ਤੇ ਮਨਪ੍ਰੀਤ ਵੀ ਹੁਣ ਤੱਕ ਕੋਈ ਵੱਡੀ ਛਾਲ ਮਾਰਨ ਤੋਂ ਅਸਮਰੱਥ ਰਿਹਾ ਹੈ। ਆਪਣੀ ਚੜ੍ਹਤ ਦੇ ਦਿਨੀਂ ਵੀ ਉਹ ਆਪਣੇ ਦੁਆਲੇ ਸਿਆਸੀ ਆਭਾ ਮੰਡਲ ਉਸਾਰਨ ਵਿਚ ਨਾਕਾਮ ਰਿਹਾ ਹੈ। ਹੁਣ ਉਹਦੇ ਲਈ ਇਕ ਵਾਰ ਫਿਰ ਤੋਂ ਸਿਫਰ ਤੋਂ ਸ਼ੁਰੂ ਕਰ ਵਾਲੀ ਗੱਲ ਹੈ। ਉਹਦੇ ਨਾਲ ਵਾਲੇ ਸਾਥੀ ਉਹਦੇ ਕੰਮ ਢੰਗ ਉਤੇ ਇਤਰਾਜ਼ ਕਰਦੇ ਹਨ। ਇਹੀ ਇਤਰਾਜ਼ ਕੈਪਟਨ ਅਮਰਿੰਦਰ ਸਿੰਘ ਉਤੇ ਹੈ। ਸਿੱਧਾ ਜਿਹਾ ਸੱਚ ਹੈ ਕਿ ਮਹਾਰਾਜਿਆਂ ਵਾਲਾ ਕੰਮ ਢੰਗ ਅਜੇ ਪੰਜਾਬ ਵਿਚ ਚੱਲਣਾ ਔਖਾ ਹੈ। ਇਸ ਦਾ ਸਿਰਫ ਇਕ ਹੀ ਕਾਰਨ ਹੈ ਕਿ ਬਾਦਲ ਪਿਉ-ਪੁੱਤ ਜਿੱਦਾਂ ਦੀਆਂ ਸਿਆਸੀ ਜੁਗਤਾਂ ਨਿੱਤ ਵਰਤਦੇ ਹਨ, ਉਨ੍ਹਾਂ ਦੇ ਤੋੜ ਵਾਲੀਆਂ ਜੁਗਤਾਂ ਹੀ ਕਿਸੇ ਧਿਰ ਦੇ ਪੈਰ, ਸਿਆਸੀ ਪਿੜ ਵਿਚ ਲੁਆ ਸਕਦੀਆਂ ਹਨ।
Leave a Reply