ਬੂਟਾ ਸਿੰਘ
ਫੋਨ: +91-94634-74342
ਜਦੋਂ ਪਿਛਲੇ ਦਿਨੀਂ ਸਿੱਖ ਵਿਦਵਾਨ ਸ਼ ਅਜਮੇਰ ਸਿੰਘ ਵਲੋਂ ਸ਼ਿਕਾਗੋ (ਅਮਰੀਕਾ) ਵਿਚ ਇਹ ਵਿਚਾਰ ਪੇਸ਼ ਕੀਤਾ ਗਿਆ ਕਿ ‘ਭਗਤ ਸਿੰਘ ਨੂੰ ਸ਼ਹੀਦ-ਏ-ਆਜ਼ਮ ਕਹਿਣਾ ਸਹੀ ਨਹੀਂ ਹੈ’ ਤਾਂ ਜ਼ਿਆਦਾਤਰ ਲੋਕਾਂ ਨੂੰ ਕੋਈ ਹੈਰਾਨੀ ਨਹੀਂ ਸੀ ਹੋਈ। ਇਸ ਤੋਂ ਪਹਿਲਾਂ ਵੀ ਉਹ ਅੱਡ-ਅੱਡ ਮੰਚਾਂ ਉੱਪਰ ਅਜਿਹੇ ਵਿਚਾਰ ਪੇਸ਼ ਕਰ ਚੁੱਕੇ ਹਨ। ਸ਼ਹੀਦ ਭਗਤ ਸਿੰਘ ਨੂੰ ਮਿਲੇ ਸ਼ਹੀਦੇ-ਆਜ਼ਮ ਦੇ ਮਾਣਮੱਤੇ ਰੁਤਬੇ ਦੀ ਸਰਵ ਪ੍ਰਵਾਨਗੀ ਭਾਵੇਂ ਇਤਿਹਾਸਕ ਤੱਥ ਹੈ ਪਰ ਫਿਰ ਵੀ ਕੁਝ ਵਿਦਵਾਨਾਂ ਵਲੋਂ ਇਸ ਰੁਤਬੇ ਬਾਰੇ ਕਿੰਤੂ-ਪ੍ਰੰਤੂ ਗਾਹੇ-ਬਗਾਹੇ ਸਾਹਮਣੇ ਆਉਂਦੇ ਰਹਿੰਦੇ ਹਨ। 1980ਵਿਆਂ ਦੇ ਸ਼ੁਰੂ ਵਿਚ ਪ੍ਰਸਿੱਧ ਮਾਰਕਸਵਾਦੀ ਵਿਦਵਾਨ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਵਲੋਂ ਕੀਤੀ ਗਈ ਇਹ ਟਿੱਪਣੀ ਕਾਫ਼ੀ ਚਰਚਾ ਦਾ ਕਾਰਨ ਬਣੀ ਸੀ ਕਿ ਆਜ਼ਾਦੀ ਦੀ ਲੜਾਈ ‘ਚ ਭਗਤ ਸਿੰਘ ਵਰਗੇ ਬਥੇਰੇ ਮਰੇ ਹਨ, ਇਕੱਲੇ ਭਗਤ ਸਿੰਘ ਨੂੰ ਚੁੱਕੀ ਜਾਣਾ ਗ਼ਲਤ ਹੈ। ਇਹ ਵੱਖਰਾ ਸਵਾਲ ਹੈ ਕਿ ਬੌਧਿਕ ਹਲਕਿਆਂ ਅਤੇ ਆਮ ਲੋਕਾਂ, ਕਿਸੇ ਵਲੋਂ ਵੀ ਉਨ੍ਹਾਂ ਦੀ ਟਿੱਪਣੀ ਨੂੰ ਕੋਈ ਤਵੱਜੋ ਨਹੀਂ ਦਿੱਤੀ ਗਈ। ਆਮ ਲੋਕਾਂ ‘ਚ ਉਹ ਅੱਜ ਵੀ ਸ਼ਹੀਦ-ਏ-ਆਜ਼ਮ ਵਜੋਂ ਮਕਬੂਲ ਹਨ। ਪ੍ਰਿੰਸੀਪਲ ਸੇਖੋਂ ਬਾਰੇ ਉਦੋਂ ਇਹ ਧਾਰਨਾ ਬਣ ਗਈ ਸੀ ਕਿ ਸ਼ਾਇਦ ਉਹ ਉਮਰ ਦੇ ਤਕਾਜ਼ੇ ਅਨੁਸਾਰ ਉਸ ਮਨੋ-ਅਵਸਥਾ ‘ਚ ਪਹੁੰਚ ਗਏ ਹਨ ਜਿੱਥੇ ਬੰਦਾ ਆਪਣੀ ਬੌਧਿਕ ਕਾਬਲੀਅਤ ਗੁਆ ਬਹਿੰਦਾ ਹੈ। ਫਿਰ ਸਿੱਖ ਬੁੱਧੀਜੀਵੀਆਂ ਦੇ ਇਕ ਗਰੁੱਪ ਵਲੋਂ ਭਗਤ ਸਿੰਘ ਦੀ ਸੋਚ ਅਤੇ ਕੁਰਬਾਨੀ ਨੂੰ ਗੁੱਝੇ ਰੂਪ ‘ਚ ਨਕਾਰਨ ਤੇ ਸੱਟ ਮਾਰਨ ਦੇ ਖੋਟੇ ਉਦੇਸ਼ ਨਾਲ (ਬਾਹਰੋਂ ਦੇਖਿਆਂ ਇਹੀ ਜਾਪਦਾ ਸੀ ਕਿ ਉਹ ਉਨ੍ਹਾਂ ਦੀ ਸ਼ਹਾਦਤ ਦੀ ਅਹਿਮੀਅਤ ਨੂੰ ਮਹਿਜ਼ ਘਟਾ ਕੇ ਦੇਖ ਰਹੇ ਹਨ) ਲਈ ਖੋਖਲੀ ਦਲੀਲਬਾਜ਼ੀ ਕੀਤੀ ਗਈ ਪਰ ਉਨ੍ਹਾਂ ਦੇ ਯਤਨ ਸਫ਼ਲ ਨਹੀਂ ਹੋਏ। ਅਜਮੇਰ ਸਿੰਘ ਦੀ ਬੌਧਿਕ ਮਸ਼ਕ ਵੀ ਇਸੇ ਲੀਹ ‘ਤੇ ਅੱਗੇ ਵਧਦੀ ਜਾਪਦੀ ਹੈ।
12 ਅਕਤੂਬਰ 2010 ਨੂੰ ਗੁਰੂ ਕਾਸ਼ੀ ਕਾਲਜ ਦਮਦਮਾ ਸਾਹਿਬ ਵਿਖੇ ਯੂæਜੀæਸੀæ ਦੁਆਰਾ ਕਰਵਾਏ ਗਏ ਸੈਮੀਨਾਰ ਵਿਚ ਉਨ੍ਹਾਂ ਨੇ ਜੋ ਪਰਚਾ ਪੇਸ਼ ਕੀਤਾ ਸੀ, ਉਸ ਦਾ ਮੁੱਖ ਵਿਸ਼ਾ ਭਗਤ ਸਿੰਘ ਦੀ ਸੋਚ ਅਤੇ ਸ਼ਹਾਦਤ ਬਾਰੇ ਸਥਾਪਤ ਤੇ ਪ੍ਰਵਾਨਤ ਧਾਰਨਾ ਨੂੰ ਰੱਦ ਕਰਨਾ ਹੀ ਸੀ। ਦਰਅਸਲ ਉਹ ਆਪਣੀ ਆਲੋਚਨਾ ਦੀ ਮਾਰ ਹੇਠ ਹਰ ਉਸ ਸ਼ਖਸੀਅਤ ਨੂੰ ਲਿਆ ਰਹੇ ਹਨ ਜਿਸ ਵਿਚੋਂ ਵੀ ਉਨ੍ਹਾਂ ਨੂੰ ‘ਰਾਸ਼ਟਰਵਾਦ’ ਦੀ ਬੋਅ ਆਉਂਦੀ ਹੈਂ। ਇਹ ਚਾਹੇ ਗ਼ਦਰੀ ਸੂਰਬੀਰ ਹੋਣ, ਚਾਹੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਉਨਾਂ ਦੇ ਸਾਥੀ ਹੋਣ ਅਤੇ ਚਾਹੇ ਕਮਿਊਨਿਸਟ ਹੋਣ ਜਾਂ ਕੋਈ ਹੋਰ ਤਨਜ਼ੀਮ ਹੋਵੇ। ਉਨ੍ਹਾਂ ਨੇ ਸਾਡੇ ਇਤਿਹਾਸ ਦੀ ਆਪਣੇ ਵਿਸ਼ੇਸ਼ ਨਜ਼ਰੀਏ ਤੋਂ ਦੁਬਾਰਾ ਇਤਿਹਾਸਕਾਰੀ ਅਤੇ ਵਿਆਖਿਆ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਅਤੇ ਇਸ ਵਿਚ ਉਹ ਪੂਰੀ ਤਨਦੇਹੀ ਨਾਲ ਜੁੱਟੇ ਹੋਏ ਹਨ। ਉਪਰੋਕਤ ਸੈਮੀਨਾਰ ‘ਚ ਪੜ੍ਹੇ ਗਏ ਪਰਚੇ ਦਾ ਨਿਚੋੜ ਉਨ੍ਹਾਂ ਨੇ ਇਨ੍ਹਾਂ ਲਫ਼ਜ਼ਾਂ ‘ਚ ਕੱਢਿਆ ਸੀ, “ਅੱਜ ਦੇ ਪ੍ਰਸੰਗ ਵਿਚ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਸਿਰਫ਼ ਅਪ੍ਰਸੰਗਿਕ ਹੀ ਨਹੀਂ ਕਹੀ ਜਾ ਸਕਦੀ, ਇਸ ਵਿਚ ਵਿਨਾਸ਼ਕਾਰੀ ਨਤੀਜਿਆਂ ਨੂੰ ਜਨਮ ਦੇਣ ਦੀਆਂ ਸੰਭਾਵਨਾਵਾਂ ਲੁਪਤ ਹਨ।” ਕਹਿਣ ਦੀ ਲੋੜ ਨਹੀਂ ਹੈ ਕਿ ਮਾਮਲਾ ਮਹਿਜ਼ ਸ਼ਹੀਦ ਭਗਤ ਸਿੰਘ ਨੂੰ ਸ਼ਹੀਦ-ਏ-ਆਜ਼ਮ ਮੰਨਣ ਜਾਂ ਨਾ ਮੰਨਣ ਦਾ ਨਹੀਂ ਹੈ ਸਗੋਂ ਸ਼ ਅਜਮੇਰ ਸਿੰਘ ਹੋਰਾਂ ਦੀ ਸੋਚ ਅਨੁਸਾਰ ਜੇ ਸਾਡੇ ਮੁਲਕ ਦੇ ਲੋਕ ਸ਼ਹੀਦ-ਏ-ਆਜ਼ਮ ਦੀ ਵਿਚਾਰਧਾਰਾ ‘ਤੇ ਚੱਲਣਗੇ ਤਾਂ ਉਹ ਸਮਾਜ ਨੂੰ ਵਿਨਾਸ਼ ਦੇ ਮੂੰਹ ਧੱਕ ਰਹੇ ਹੋਣਗੇ। ਹਾਲਾਂਕਿ ਉਨ੍ਹਾਂ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਇਸ ਦੇ ਵਿਨਾਸ਼ਕਾਰੀ ਨਤੀਜੇ ਕਿਵੇਂ ਹੋ ਸਕਦੇ ਹਨ। ਉਨ੍ਹਾਂ ਨੇ ਸ਼ਹੀਦ-ਏ-ਆਜ਼ਮ ਦੀ ਵਿਚਾਰਧਾਰਾ ਦਾ ਸਾਰ-ਤੱਤ ਬਿਆਨ ਕਰਦਿਆਂ ਕਿਹਾ ਹੈ: “ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦੇ ਤਿੰਨ ਉਘੜਵੇਂ ਅੰਗ (ਚੋਮਪੋਨeਨਟਸ) ਇਹ ਸਨ: (1) ਨੈਸ਼ਨਲਿਜ਼ਮ (2) ਸੈਕੂਲਰਿਜ਼ਮ (3) ਸੋਸ਼ਲਿਜ਼ਮ। ਇਨ੍ਹਾਂ ਵਿਚੋਂ ਸਭ ਨਾਲੋਂ ਬੁਨਿਆਦੀ ਪੱਖ ਛਾਂਟਣਾ ਹੋਵੇ ਤਾਂ ਉਹ ਨਿਰਸੰਦੇਹ ਨੈਸ਼ਨਲਿਜ਼ਮ ਹੈ।” ਉਨ੍ਹਾਂ ਦੀ ਸਮਝ ਅਨੁਸਾਰ ਬਸਤੀਵਾਦ ਦਾ ਜੂਲਾ ਲਾਹੁਣ ਲਈ ਅਪਣਾਈ ਜਾਣ ਵਾਲੀ ਅਮਲੀ ਰਣਨੀਤੀ ਅਤੇ ਸੱਤਾ ਹਾਸਲ ਕਰ ਲੈਣ ਤੋਂ ਬਾਅਦ ਸਮਾਜ ਦੀ ਕਾਇਆ-ਕਲਪ ਕਰਨ ਬਾਰੇ ਗਾਂਧੀ ਅਤੇ ਭਗਤ ਸਿੰਘ ਦੀ ਸਮਝ ਭਾਵੇਂ ਬਹੁਤ ਹੀ ਅਲੱਗ ਅਲੱਗ ਸੀ “ਪਰ ਜੇਕਰ ਸਾਰੇ ਮਾਮਲੇ ਦੀ ਤਹਿ ਤਕ ਜਾਇਆ ਜਾਵੇ ਤਾਂ ਇਹ ਤੱਥ ਉਘੜ ਕੇ ਸਾਹਮਣੇ ਆਉਂਦਾ ਹੈ ਕਿ ਇਨ੍ਹਾਂ ਮਹੱਤਵਪੂਰਨ ਮੱਤ-ਵਖਰੇਵਿਆਂ ਦੇ ਬਾਵਜੂਦ ਰਾਸ਼ਟਰਵਾਦ (ਨੈਸ਼ਨਲਿਜ਼ਮ) ਦੀ ਬੁਨਿਆਦੀ ਵਿਚਾਰਧਾਰਾ ਬਾਰੇ ਦੋਵਾਂ ਦੀ ਸਮਝ ਪੂਰੀ ਤਰ੍ਹਾਂ ਮਿਲਦੀ-ਜੁਲਦੀ ਸੀ।” ਦੋਵੇਂ “ਇਕੋ ਜਿੰਨੀ ਸ਼ਿੱਦਤ ਨਾਲ ਰਾਸ਼ਟਰਵਾਦ ਦੀ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਸਨ। ਭਾਰਤੀ ਸਮਾਜ ਅੰਦਰ ਮੌਜੂਦ ਸਭਿਆਚਾਰਕ ਤੇ ਧਾਰਮਿਕ ਭਿੰਨਤਾਵਾਂ ਬਾਰੇ ਅਤੇ ਸਮੁੱਚੇ ਭਾਰਤ ਦੇ ਲੋਕਾਂ ਨੂੰ ਇਕੋ-ਇਕਹਿਰੇ ਕੌਮੀ ਭਾਈਚਾਰੇ ਦਾ ਰੂਪ ਦੇਣ ਬਾਰੇ ਦੋਵਾਂ ਦਾ ਮੂਲ ਨਜ਼ਰੀਆ ਇਕੋ ਜਿਹਾ ਸੀ।” ਇਕ ਹੋਰ ਤਕਰੀਰ ‘ਚ (ਜਿਸ ਦਾ ਸਾਰਅੰਸ਼ ਪੰਜਾਬ ਟਾਈਮਜ਼ 20 ਅਕਤੂਬਰ 2012 ਅੰਕ ‘ਚ ਛਪਿਆ ਹੈ) ਉਨ੍ਹਾਂ ਦਾ ਕਹਿਣਾ ਸੀ ਕਿ ਭਗਤ ਸਿੰਘ ਨੇ ਤਾਂ ਸ਼ਹੀਦੀ ਦੇਸ਼ ਦੀ ਆਜ਼ਾਦੀ ਲਈ ਦਿੱਤੀ ਸੀ ਨਾ ਕਿ ਸਰਬੱਤ ਦੇ ਭਲੇ ਵਾਸਤੇ, ਫਿਰ ਉਸ ਨੂੰ ਸ਼ਹੀਦ-ਏ-ਆਜ਼ਮ ਕਿਵੇਂ ਮੰਨ ਲਈਏ। ਉਹ ਕਹਿੰਦੇ ਹਨ ਕਿ ਸ਼ਹੀਦ-ਏ-ਆਜ਼ਮ ਸਰਵ-ਉੱਚ ਸ਼ਹੀਦੀ ਦਾ ਲਖਾਇਕ ਹੈ ਅਤੇ ਜੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਰਵ-ਉੱਚ ਹੈ ਤਾਂ ਕਿਸੇ ਦੂਜੇ ਦੀ ਕਿਵੇਂ ਹੋ ਸਕਦੀ ਹੈ? ਇਹ ਹੈ ਸ਼ਹੀਦ-ਏ-ਆਜ਼ਮ ਦੀ ਸੋਚ ਅਤੇ ਸ਼ਹਾਦਤ ਬਾਰੇ ਸ਼ ਅਜਮੇਰ ਸਿੰਘ ਦੀ ਸਮਝ ਦਾ ਨਿਚੋੜ।
ਜਿੱਥੋਂ ਤੱਕ ਸ਼ਹਾਦਤ ਦਾ ਸਬੰਧ ਹੈ, ਹਰ ਸ਼ਹਾਦਤ ਖ਼ਾਸ ਇਤਿਹਾਸਕ ਹਾਲਾਤ ਵਿਚੋਂ ਉਪਜ ਕੇ ਖ਼ਾਸ ਮਹੱਤਤਾ ਅਖ਼ਤਿਆਰ ਕਰਦੀ ਹੈ ਅਤੇ ਸਰਵ-ਉੱਚਤਾ ਵੀ। ਇਹ ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਵੀ ਸੱਚ ਹੈ ਅਤੇ ਭਗਤ ਸਿੰਘ ਦੀ ਸ਼ਹਾਦਤ ਬਾਰੇ ਵੀ। ਇਕ ਖ਼ਾਸ ਹਾਲਾਤ ਵਿਚ ਹੋਈ ਸ਼ਹਾਦਤ ਨੂੰ ਦੂਜੇ ਖ਼ਾਸ ਹਾਲਾਤ ‘ਚ ਹੋਈ ਸ਼ਹਾਦਤ ਨੂੰ ਛੁਟਿਆਉਣ/ਉਚਿਆਉਣ ਲਈ ਨਹੀਂ ਵਰਤਿਆ ਜਾ ਸਕਦਾ ਪਰ ਸ਼ ਅਜਮੇਰ ਸਿੰਘ ਭਗਤ ਸਿੰਘ ਦੇ ਸ਼ਹੀਦ-ਏ-ਆਜ਼ਮ ਦੇ ਬਿੰਬ ਨੂੰ ਸੱਟ ਮਾਰਨ ਲਈ ਬਹੁਤ ਹੀ ਚਲਾਕੀ ਨਾਲ ਹਮਲਾ ਕਰਦੇ ਹਨ ਅਤੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਇਕ ਖ਼ਾਸ ਇਤਿਹਾਸਕ ਹਾਲਾਤ ‘ਚ ਉੱਭਰੇ ‘ਸ਼ਹੀਦਾਂ ਦਾ ਸਿਰਤਾਜ’ ਵਾਲੇ ਬਿੰਬ ਨੂੰ ਢਾਲ ਬਣਾ ਕੇ ਵਰਤਦੇ ਹਨ। ਅਜਿਹਾ ਕਰਨਾ ਉਨ੍ਹਾਂ ਦੀ ਅਣਸਰਦੀ ਲੋੜ ਹੈ ਕਿਉਂਕਿ ਭਗਤ ਸਿੰਘ ਦਾ ਮਜ਼੍ਹਬੀ ਵੰਡੀਆਂ ਤੋਂ ਉੱਪਰ ਸੈਕੂਲਰ ਸਮਾਜਵਾਦੀ ਇਨਕਲਾਬੀ ਚਿੰਤਕ ਦਾ ਬਿੰਬ ਉਸ ‘ਸਿੱਖ’ ਏਜੰਡੇ ਦੇ ਰਾਹ ‘ਚ ਵੱਡਾ ਅੜਿੱਕਾ ਬਣਦਾ ਹੈ ਜੋ ਅੱਜ ਉਨ੍ਹਾਂ ਨੂੰ ‘ਇਕੋ ਇਕ ਦਰੁਸਤ’ ਏਜੰਡਾ ਜਾਪਦਾ ਹੈ। ਇਸ ਲਈ ਸਾਡੇ ਲਈ ‘ਸਰਬਤ ਦਾ ਭਲਾ’ ਅਤੇ ‘ਰਾਸ਼ਟਰਵਾਦ’ ਬਾਰੇ ਸ਼ ਅਜਮੇਰ ਸਿੰਘ ਦੀ ਦਲੀਲਬਾਜ਼ੀ ਨੂੰ ਸਮਝਣਾ ਜ਼ਰੂਰੀ ਹੈ।
ਇਹ ਤਾਂ ਹੋ ਨਹੀਂ ਸਕਦਾ ਕਿ ਸ਼ ਅਜਮੇਰ ਸਿੰਘ ਨੇ ਸ਼ਹੀਦ-ਏ-ਆਜ਼ਮ ਤੇ ਉਨ੍ਹਾਂ ਦੇ ਸਾਥੀਆਂ ਦੀਆਂ ਲਿਖਤਾਂ ਨੂੰ ਗ਼ੌਰ ਨਾਲ ਪੜ੍ਹਿਆ ਨਾ ਹੋਵੇ; ਕਿਉਂਕਿ ਇਸੇ ਪਰਚੇ ਵਿਚ ਉਨ੍ਹਾਂ ਨੇ ਸ਼ਹੀਦ-ਏ-ਆਜ਼ਮ ਨੂੰ ‘ਰਾਸ਼ਟਰਵਾਦ’ ਦੀ ਨਾਮੁਰਾਦ ਮਰਜ਼ ਦਾ ਸ਼ਿਕਾਰ ਇਨਕਲਾਬੀ ਦਰਸਾਉਣ ਲਈ ਉਨ੍ਹਾਂ ਦੀਆਂ ਲਿਖਤਾਂ ਦੇ ਸੰਗ੍ਰਹਿ ਵਿਚੋਂ ‘ਇਕ ਦੇਸ਼, ਇਕ ਕੌਮ, ਇਕ ਭਾਸ਼ਾ, ਇਕ ਲਿਪੀ ਤੇ ਇਕੋ-ਸਾਂਝੇ ਸਭਿਆਚਾਰ’ ਬਾਰੇ (ਭਗਤ ਸਿੰਘ ਦੇ ਲੇਖ ਵਿਚੋਂ) ਇਕ ਟੂਕ ਖ਼ੁਦ ਹੀ ਦਿੱਤੀ ਹੈ। ਇੱਥੇ ਇਹ ਮੁੱਖ ਨੁਕਤੇ ਸਾਡੇ ਧਿਆਨ ਦੀ ਮੰਗ ਕਰਦੇ ਹਨ। ਪਹਿਲਾ, ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦਾ ਨਿਸ਼ਾਨਾ ਸਿਰਫ਼ ਅੰਗਰੇਜ਼ ਬਸਤੀਵਾਦੀਆਂ ਨੂੰ ਮੁਲਕ ਵਿਚੋਂ ਕੱਢਣਾ ਹੀ ਨਹੀਂ ਸੀ ਸਗੋਂ ਮਨੁੱਖ ਹੱਥੋਂ ਮਨੁੱਖ ਦੀ ਲੁੱਟ-ਖਸੁੱਟ ਦਾ ਮੁਕੰਮਲ ਖ਼ਾਤਮਾ ਕਰਨਾ ਸੀ। ਉਹ ਹਰ ਤਰ੍ਹਾਂ ਦੇ ਧੱਕੇ, ਵਿਤਕਰੇ ਅਤੇ ਹਰ ਤਰ੍ਹਾਂ ਦੇ ਦਾਬੇ ਨੂੰ ਜੜ੍ਹੋਂ ਖ਼ਤਮ ਕਰ ਕੇ ਇਕ ਸੱਚੀ ਬਰਾਬਰੀ ਵਾਲਾ ਸਮਾਜ ਸਿਰਜਣਾ ਚਾਹੁੰਦੇ ਸਨ। ਆਪਣੇ ਲੇਖਾਂ, ਬਿਆਨਾਂ ਅਤੇ ਟਿੱਪਣੀਆਂ ਵਿਚ ਉਹ ਇਸ ਬਾਰੇ ਆਪਣੀ ਸੋਚ ਵਾਰ-ਵਾਰ ਸਪਸ਼ਟ ਕਰਦੇ ਰਹੇ। ਅਸੰਬਲੀ ਬੰਬ ਮੁਕੱਦਮੇ ਦੌਰਾਨ 6 ਜੂਨ 1929 ਨੂੰ ਭਗਤ ਸਿੰਘ ਅਤੇ ਬੀæਕੇæ ਦੱਤ ਵਲੋਂ ਅਦਾਲਤ ‘ਚ ਦਿੱਤੇ ਗਏ ਲਿਖਤੀ ਬਿਆਨ ਵਿਚ ਅੰਗਰੇਜ਼ ਸਾਮਰਾਜ ਦਾ ਜੂਲਾ ਲਾਹੁਣ ਤੋਂ ਬਾਅਦ ਉਸਾਰੇ ਜਾਣ ਵਾਲੇ ਰਾਜ ਪ੍ਰਬੰਧ ਅਤੇ ਸਮਾਜ ਬਾਰੇ ਆਪਣੇ ਇਨਕਲਾਬੀ ਆਦਰਸ਼ਾਂ ਨੂੰ ਵਿਸਤਾਰ ‘ਚ ਬਿਆਨ ਕੀਤਾ ਗਿਆ ਸੀ। ਇਸੇ ਤਰ੍ਹਾਂ “ਅਦਾਲਤ ਇਕ ਢਕੌਂਜ ਹੈæææਛੇ ਸਾਥੀਆਂ ਦਾ ਬਿਆਨ” (5 ਮਈ 1930) ਵਿਚ ਉਨ੍ਹਾਂ ਵਲੋਂ ਆਪਣਾ ਇਨਕਲਾਬੀ ਆਦਰਸ਼ ਬਾਖ਼ੂਬੀ ਬਿਆਨ ਕੀਤਾ ਗਿਆ: “ਅਸੀਂ ਵਰਤਮਾਨ ਢਾਂਚੇ ਦੇ ਸਮਾਜਕ, ਆਰਥਿਕ ਅਤੇ ਰਾਜਨੀਤਕ ਪੱਖਾਂ ਵਿਚ ਇਨਕਲਾਬੀ ਤਬਦੀਲੀਆਂ ਲਿਆਉਣ ਦੇ ਹੱਕ ਵਿਚ ਹਾਂ। ਚਾਹੁੰਦੇ ਹਾਂ ਕਿ ਵਰਤਮਾਨ ਸਮਾਜ ਨੂੰ ਪੂਰੀ ਤਰ੍ਹਾਂ ਨਵੇਂ ਨਰੋਏ ਸਮਾਜ ਵਿਚ ਬਦਲਿਆ ਜਾਵੇ। ਇਸ ਤਰ੍ਹਾਂ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਅਸੰਭਵ ਬਣਾ ਕੇ ਸਾਰੇ ਲੋਕਾਂ ਲਈ ਸਭ ਖੇਤਰਾਂ ਵਿਚ ਪੂਰੀ ਆਜ਼ਾਦੀ ਯਕੀਨੀ ਬਣਾਈ ਜਾਵੇæææ।” (ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀਆਂ ਲਿਖਤਾਂ, ਪੰਨਾ 288, ਜ਼ੋਰ ਸਾਡੇ ਵਲੋਂ)। ਉਨ੍ਹਾਂ ਵਲੋਂ ਨੰਗੇ ਅਨਿਆਂ ‘ਤੇ ਟਿਕੇ ਪ੍ਰਬੰਧ ਨੂੰ ਖ਼ਤਮ ਕਰ ਕੇ ਕਿਰਤ ਦੀ ਸਰਦਾਰੀ ਵਾਲਾ ਪ੍ਰਬੰਧ ਉਸਾਰਨ ਬਾਰੇ ਆਪਣੀ ਸੋਚ ਪੂਰੀ ਬੇਬਾਕੀ ਅਤੇ ਸਪਸ਼ਟਤਾ ਨਾਲ ਅਦਾਲਤ ‘ਚ ਪੇਸ਼ ਕੀਤੀ। ਉਨ੍ਹਾਂ ਦੇ ਬਿਆਨ ਤੋਂ ਸਪਸ਼ਟ ਹੈ ਕਿ ਉਹ ਮਨੁੱਖਤਾ ਨੂੰ ਗ਼ੁਲਾਮੀ, ਦਾਬੇ, ਧੱਕੇ-ਵਿਤਕਰੇ, ਅਨਿਆਂ ਅਤੇ ਲੁੱਟ ਦੀਆਂ ਜ਼ੰਜੀਰਾਂ ‘ਚ ਜਕੜੀ ਬੈਠੇ ਜਾਬਰ-ਜਰਵਾਣੇ ਵਰਗ ਦੀ ਜਕੜ ਖ਼ਤਮ ਕਰਕੇ ਸਮੁੱਚੀ ਮਨੁੱਖਤਾ ਨੂੰ ਮੁਕਤ ਕਰਾਉਣ ਦੇ ਸਰਵ-ਉੱਚ ਉਦੇਸ਼ ਨੂੰ ਪ੍ਰਣਾਏ ਹੋਏ ਇਨਕਲਾਬੀ ਸਨ। ਉਨ੍ਹਾਂ ਨੇ ਆਪਣੇ ਪ੍ਰੋਗਰਾਮ ਦੀ ਵਿਆਖਿਆ ਕਰਨ ਸਮੇਂ ‘ਸਰਬਤ ਦਾ ਭਲਾ’ ਵਰਗੇ ਰਵਾਇਤੀ ਧਾਰਮਿਕ ਲਕਬ ਨਹੀਂ ਵਰਤੇ; ਪਰ ਕੀ “ਸਾਰੇ ਲੋਕਾਂ ਲਈ ਸਭ ਖੇਤਰਾਂ ਵਿਚ ਪੂਰੀ ਆਜ਼ਾਦੀ” ਸਰਬਤ ਦੇ ਭਲੇ ਤੋਂ ਕੋਈ ਵੱਖਰੀ ਚੀਜ਼ ਹੈ? ਇਹ ਤਾਂ ਸ਼ ਅਜਮੇਰ ਸਿੰਘ ਹੀ ਦੱਸ ਸਕਦੇ ਹਨ।
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਉਹ ਮਨੁੱਖਤਾ ਉੱਪਰੋਂ ਮਲਕ ਭਾਗੋਆਂ ਦੀ ਜਮਾਤ ਦਾ ਗ਼ਲਬਾ ਖ਼ਤਮ ਕਰ ਕੇ ਭਾਈ ਲਾਲੋਆਂ ਦੀ ਜਮਾਤ ਦੀ ਬੰਦ-ਖ਼ਲਾਸੀ ਕਰਾਉਣ ਦਾ ਪ੍ਰੋਗਰਾਮ ਲੈ ਕੇ ਚੱਲ ਰਹੇ ਸਨ। ਉਨ੍ਹਾਂ ਦੀ ਅਜੋਕੇ ਮਲਕ ਭਾਗੋਆਂ ਦੀ ਜਮਾਤ ਨਾਲ ਕੋਈ ਹਮਦਰਦੀ ਨਹੀਂ ਸੀ। ਜੇ ਸਰਬੱਤ ਦੇ ਭਲੇ ਵਿਚ ਮਲਕ ਭਾਗੋਆਂ ਦੇ ਬੋਲਬਾਲੇ ਵਾਲੀ ਹੈਸੀਅਤ ਦਾ ਬਰਕਰਾਰ ਰਹਿਣਾ ਵੀ ਸ਼ਾਮਲ ਹੈ, ਫਿਰ ਭਾਈ ਲਾਲੋਆਂ ਦੀ ਕਿਰਤੀ ਜਮਾਤ ਦੀ ਮੁਕਤੀ ਕਿਵੇਂ ਵੀ ਸੰਭਵ ਨਹੀਂ ਹੈ। ਸ਼ਹੀਦ ਭਗਤ ਸਿੰਘ ਹੋਰੀਂ ਇਸ ਬਾਰੇ ਕਿਸੇ ਭਰਮ-ਭੁਲੇਖੇ ਦਾ ਸ਼ਿਕਾਰ ਨਹੀਂ ਸਨ। ਉਨ੍ਹਾਂ ਦੀ ਸਪਸ਼ਟ ਸਮਝ ਸੀ ਕਿ ਮਹਿਜ਼ ‘ਸਰਬੱਤ ਦਾ ਭਲਾ’ ਵਰਗੇ ਲਫ਼ਜ਼ਾਂ ਦਾ ਜਾਪ ਕਰ ਕੇ ਹੀ ਇਹ ਨਿਸ਼ਾਨਾ ਪੂਰਾ ਨਹੀਂ ਕੀਤਾ ਜਾ ਸਕਦਾ। ਸਮੇਂ ਦੇ ਮਲਕ ਭਾਗੋਆਂ ਦੀ ਜਮਾਤ ਵਿਰੁੱਧ ਇਨਕਲਾਬੀ ਲੋਕ ਜੱਦੋਜਹਿਦ ਲੜਕੇ ਉਨ੍ਹਾਂ ਤੋਂ ਰਾਜ-ਭਾਗ ਖੋਹਣਾ ਹੋਵੇਗਾ ਪਰ ਸ਼ ਅਜਮੇਰ ਸਿੰਘ ਜੀ ਦੀ ‘ਸਰਬਤ ਦਾ ਭਲਾ’ ਦੀ ਧਾਰਨਾ ਕੀ ਹੈ, ਉਨ੍ਹਾਂ ਦਾ ਮਲਕ ਭਾਗੋਆਂ ਦੀ ਜਮਾਤ, ਖ਼ਾਸ ਕਰ ਕੇ ਜਿਨ੍ਹਾਂ ਨੇ ਸਿੱਖੀ ਭੇਖ ਧਾਰਨ ਕਰ ਰੱਖਿਆ ਹੈ, ਪ੍ਰਤੀ ਕੀ ਵਤੀਰਾ ਹੈ। ਉਨ੍ਹਾਂ ਦੇ ਪਰਚੇ ਅਤੇ ਵਖਿਆਨਾਂ ਵਿਚੋਂ ਇਸ ਦਾ ਕੋਈ ਖ਼ਾਕਾ ਨਹੀਂ ਉੱਭਰਦਾ ਪਰ ਉਹ ਭਗਤ ਸਿੰਘ ਨੂੰ ਸਰਬਤ ਦੇ ਭਲੇ ਦੀ ਸੋਚ ਅਤੇ ਭਾਵਨਾ ਤੋਂ ਸੱਖਣਾ ਦਰਸਾਉਣ ਲਈ ਪੂਰਾ ਤਾਣ ਲਾ ਰਹੇ ਹਨ। ਕੀ ਇਹ ਤੱਥਾਂ ਨਾਲ ਮੇਲ ਖਾਂਦਾ ਹੈ?
ਦੂਜਾ, ਸ਼ਹੀਦ-ਏ-ਆਜ਼ਮ ਤੇ ਸਾਥੀਆਂ ਨੂੰ ਸ਼ ਅਜਮੇਰ ਸਿੰਘ ਜੀ ਵਾਂਗ ਲੰਮੀ ਉਮਰ ਭੋਗਣ ਤੇ ਵਿਸ਼ਾਲ ਵਸੀਲਿਆਂ ਦੀ ਮਦਦ ਨਾਲ ਲੰਮਾ ਸਮਾਂ ਅਧਿਐਨ ਕਰਨ ਦਾ ਮੌਕਾ ਨਹੀਂ ਮਿਲਿਆ। ਜੇ ਉਨ੍ਹਾਂ ਨੂੰ ਅਜਿਹਾ ਮੌਕਾ ਹਾਸਲ ਹੋ ਜਾਂਦਾ ਤਾਂ ਉਨ੍ਹਾਂ ਨੇ ਧਾਰਮਿਕ, ਭਾਸ਼ਾਈ ਤੇ ਸਭਿਆਚਾਰਕ ਵੰਨ-ਸੁਵੰਨਤਾ ਆਦਿ ਬਾਰੇ ਡੂੰਘਾ ਮੁਤਾਲਿਆ ਜ਼ਰੂਰ ਕਰਨਾ ਸੀ ਅਤੇ ਫਿਰ ਇਸ ਬਾਰੇ ਠੋਸ ਤਜਵੀਜ਼ ਵੀ ਜ਼ਰੂਰ ਪੇਸ਼ ਕਰਨੀ ਸੀ। 23 ਕੁ ਸਾਲ ਦੀ ਉਮਰ ‘ਚ ਉਹ ਸ਼ਹੀਦ ਹੋ ਗਏ। ਫਿਰ ਵੀ ਉਨ੍ਹਾਂ ਨੇ ਹਾਸਲ ਸੀਮਤ ਵਸੀਲਿਆਂ ਅਤੇ ਮੌਕਿਆਂ ਨੂੰ ਵੱਧ ਤੋਂ ਵੱਧ ਅਧਿਐਨ ਕਰਨ ਅਤੇ ਪੁਰਾਣੇ ਗ਼ਲਤ ਵਿਚਾਰਾਂ (ਜਿਵੇਂ ਇਨਕਲਾਬੀ ਦਹਿਸ਼ਤਵਾਦ) ਤੋਂ ਖਹਿੜਾ ਛੁਡਾ ਕੇ ਦਰੁਸਤ ਵਿਚਾਰਾਂ ਨੂੰ ਗ੍ਰਹਿਣ ਕਰਨ ਲਈ ਵਰਤਿਆ। ਬਹੁਤ ਸਾਰੇ ਮਾਮਲਿਆਂ ਬਾਰੇ ਉਨ੍ਹਾਂ ਦੇ ਵਿਚਾਰ ਹਾਲੇ ਮੁੱਢਲੀ ਅਵਸਥਾ ‘ਚ ਹੀ ਸਨ। ‘ਪੰਜਾਬ ਦੀ ਭਾਸ਼ਾ ਅਤੇ ਲਿੱਪੀ ਦੇ ਮਜ਼ਮੂਨ ਸਬੰਧੀ ਮਸਲਾ’ ਲੇਖ ਇਸ ਦੀ ਮਿਸਾਲ ਹੈ। ਇਹ ਲੇਖ ਸ਼ਹੀਦ-ਏ-ਆਜ਼ਮ ਵਲੋਂ ਨੈਸ਼ਨਲ ਕਾਲਜ ਦੇ ਵਿਦਿਆਰਥੀ ਹੋਣ ਸਮੇਂ 1923-24 ਵਿਚ ਸਾਹਿਤ ਸੰਮੇਲਨ ਲਈ ਲਿਖਿਆ ਗਿਆ ਸੀ। ਇਸ ਵਿਚ ਉਨ੍ਹਾਂ ਨੇ ਭਾਰਤ ਦੀ ਬਹੁ-ਭਾਸ਼ਾਈ ਵਸੋਂ ਦੇ ਵੱਖ-ਵੱਖ ਹਿੱਸਿਆਂ ਦਰਮਿਆਨ ਆਦਾਨ-ਪ੍ਰਦਾਨ ਲਈ ਇਕ ਸੰਚਾਰ ਭਾਸ਼ਾ ਦੀ ਅਹਿਮੀਅਤ ਬਾਰੇ ਆਪਣੇ ਮੁੱਢਲੇ ਵਿਚਾਰ ਪੇਸ਼ ਕੀਤੇ ਹਨ। ਸ਼ ਅਜਮੇਰ ਸਿੰਘ ਜੀ ਇਸ ਵਿਚੋਂ “ਸਾਡੇ ਸਾਹਮਣੇ ਇਸ ਵੇਲੇ ਮੁੱਖ ਸਵਾਲ ਭਾਰਤ ਨੂੰ ਇਕ ਰਾਸ਼ਟਰ ਬਣਾਉਣਾ ਹੈ।æææ” ਟੂਕ ਦੇ ਕੇ ਇਹ ਪ੍ਰਭਾਵ ਸਿਰਜਦੇ ਹਨ ਕਿ ਹਿੰਦੂ ਰਾਸ਼ਟਰਵਾਦੀਆਂ ਵਾਂਗ ਸ਼ਹੀਦ ਭਗਤ ਸਿੰਘ ਹੋਰਾਂ ਦਾ ਭਵਿੱਖ-ਨਕਸ਼ਾ ਭਾਰਤ ਦੀ ਧਾਰਮਿਕ, ਭਾਸ਼ਾਈ ਤੇ ਸਭਿਆਚਾਰਕ ਵੰਨ-ਸੁਵੰਨਤਾ ਨੂੰ ਕਾਇਮ ਰੱਖਦੇ ਹੋਏ, ਕੌਮੀ ਏਕਤਾ ਦਾ ਖੁੱਲ੍ਹਾ-ਡੁੱਲ੍ਹਾ ਢਾਂਚਾ ਉਸਾਰਨ ਦਾ ਬਹੁ-ਵਾਦੀ ਨਹੀਂ ਸੀ, ਸਗੋਂ ‘ਇਕ ਦੇਸ਼, ਇਕ ਕੌਮ, ਇਕ ਭਾਸ਼ਾ, ਇਕ ਲਿਪੀ ਤੇ ਇਕ ਸਭਿਆਚਾਰ’ ਪੈਦਾ ਕਰਨ ਦਾ ਇੱਕਵਾਦੀ ਹਿੰਦੂ ਰਾਸ਼ਟਰਵਾਦੀ ਭਵਿੱਖ-ਨਕਸ਼ਾ ਸੀ। “ਮੰਦੇ ਭਾਗਾਂ ਨੂੰ ਭਾਰਤ ਦੀ ਆਜ਼ਾਦੀ ਦੇ ਸੰਗਰਾਮ ਅੰਦਰ ਮਗਰਲੇ ਭਵਿੱਖ-ਨਕਸ਼ੇ ਨੇ ਮੁਕੰਮਲ ਸਰਦਾਰੀ ਹਾਸਲ ਕਰ ਲਈ ਸੀ।” ਸ਼ ਅਜਮੇਰ ਸਿੰਘ ਜੀ ਸ਼ਹੀਦ-ਏ-ਆਜ਼ਮ ਦੇ ਮਹਿਜ਼ 16 ਕੁ ਸਾਲ ਦੀ ਹਯਾਤੀ ‘ਚ ਲਿਖੇ ਸੰਮੇਲਨਮੁਖੀ ਲੇਖ ਨੂੰ ਉਨ੍ਹਾਂ ਦਾ ਪ੍ਰੋਗਰਾਮੀਆ ਭਵਿੱਖ-ਨਕਸ਼ਾ ਬਣਾ ਧਰਦੇ ਹਨ ਅਤੇ ਨਤੀਜਾ ਕੱਢਦੇ ਹਨ ਕਿ ਗਾਂਧੀ ਅਤੇ ਭਗਤ ਸਿੰਘ ਦੇ ਹੋਰ “ਮਹੱਤਵਪੂਰਨ ਮੱਤ-ਵਖਰੇਵਿਆਂ ਦੇ ਬਾਵਜੂਦ ਰਾਸ਼ਟਰਵਾਦ (ਨੈਸ਼ਨਲਿਜ਼ਮ) ਦੀ ਬੁਨਿਆਦੀ ਵਿਚਾਰਧਾਰਾ ਬਾਰੇ ਦੋਵਾਂ ਦੀ ਸਮਝ ਪੂਰੀ ਤਰ੍ਹਾਂ ਮਿਲਦੀ-ਜੁਲਦੀ ਸੀ।”
ਸ਼ ਅਜਮੇਰ ਸਿੰਘ ਜੀ ਦੇ ਅੱਜ ਸਮਾਜਵਾਦ ਅਤੇ ਇਸ ਦੇ ਅਸਫ਼ਲ ਤਜਰਬਿਆਂ ਬਾਰੇ ਕੀ ਵਿਚਾਰ ਹਨ, ਇਹ ਵੱਖਰੀ ਬਹਿਸ ਦਾ ਵਿਸ਼ਾ ਹੈ ਪਰ ਇੱਥੇ ਇਹ ਪ੍ਰਸੰਗਕ ਸਵਾਲ ਜ਼ਰੂਰ ਹੈ ਕਿ ‘ਸਰਬੱਤ ਦਾ ਭਲਾ’ ਵਾਲੀ ਵਿਚਾਰਧਾਰਾ ਛੇ ਸਦੀਆਂ ਲੰਮਾ ਮੌਕਾ ਮਿਲਣ ਤੋਂ ਬਾਅਦ ਵੀ ਇਸ ਧਰਤੀ ਉੱਪਰੋਂ ਮਲਕ ਭਾਗੋਆਂ ਦੀ ਜਮਾਤ ਦਾ ਗ਼ਲਬਾ ਨਹੀਂ ਤੋੜ ਸਕੀ, ਇਹ ਇਤਿਹਾਸਕ ਤੱਥ ਹੈ। ਕਿਉਂ? ਕਿਉਂਕਿ ‘ਸਰਬੱਤ’ ਦਾ ਆਦਰਸ਼ ਇਕ ਗੱਲ ਹੈ, ਪਰ ਇਸ ਨੂੰ ਅਮਲ ‘ਚ ਸਾਕਾਰ ਕਰਨਾ ਪੂਰੀ ਤਰ੍ਹਾਂ ਵੱਖਰੀ ਗੱਲ ਹੈ। ‘ਸ਼ਹਾਦਤ ਤੇ ਕੁਰਬਾਨੀ ਤੋਂ ਪ੍ਰੇਰਨਾ ਲੈਣ’ ਅਤੇ ‘ਅੱਜ ਦੇ ਪ੍ਰਸੰਗ ਵਿਚ’ ਕਿਸੇ ‘ਵਿਚਾਰਧਾਰਾ ਨੂੰ ਅਪਣਾਉਣ ਤੇ ਲਾਗੂ ਕਰਨ’ ਦਾ ‘ਬਿਲਕੁਲ ਵੱਖਰਾ’ ਸਵਾਲ ਸਿਰਫ਼ ਭਗਤ ਸਿੰਘ ਹੋਰਾਂ ਦੀ ਵਿਚਾਰਧਾਰਾ ‘ਤੇ ਹੀ ਲਾਗੂ ਨਹੀਂ ਹੁੰਦਾ, ਇਹ ਹਰ ਉਸ ਵਿਚਾਰਧਾਰਾ ‘ਤੇ ਲਾਗੂ ਹੁੰਦਾ ਹੈ ਜੋ ਸਮਾਜ ਨੂੰ ਜਿਉਣ ਦੇ ਕਾਬਲ ਬਣਾਉਣ ਅਤੇ ਮਨੁੱਖ ਦੇ ਸਵੈ-ਮਾਣ ਲਈ ਸਾਜ਼ਗਰ ਮਾਹੌਲ ਸਿਰਜਣ ਦੀ ਖਾਹਸ਼ਮੰਦ ਹੈ।
ਜੇ ‘ਭਾਰਤੀ ਰਾਜ ਵੱਲੋਂ ਆਪਣੇ ਖੋਟੇ ਮੰਤਵਾਂ’ ਤਹਿਤ ‘ਭਗਤ ਸਿੰਘ ਦੇ ਰਾਸ਼ਟਰਵਾਦੀ ਬਿੰਬ ਉੱਪਰ ਵਧਵਾਂ ਜ਼ੋਰ’ ਦਿੱਤਾ ਜਾ ਰਿਹਾ ਹੈ ਅਤੇ ‘ਬਾਗ਼ੀ ਬਿੰਬ ਨੂੰ ਧੁੰਦਲਾ ਪਾਉਣ ਦੇ ਸੁਚੇਤ ਉਪਰਾਲੇ ਕੀਤੇ ਜਾ ਰਹੇ ਹਨ’ ਅਤੇ ‘ਪੰਜਾਬ ਦੀਆਂ ਖੱਬੇ ਪੱਖੀ ਤਾਕਤਾਂ ਮੂਲ ਰੂਪ ਵਿਚ ਭਾਰਤੀ ਸਟੇਟ ਦੀ ਸਿਧਾਂਤਕ ਸੇਧ ਨਾਲ ਇਕਸੁਰ ਹੋ ਕੇ ਚੱਲ ਰਹੀਆਂ ਹਨ’ ਅਤੇ ਉਨ੍ਹਾਂ ਦਾ ਸ਼ਹੀਦ ਭਗਤ ਸਿੰਘ ਦੀ ਸੂਰਮਗਤੀ ਤੋਂ ਪ੍ਰੇਰਨਾ ਲੈਣ ਦਾ ਇਨਕਲਾਬੀ ਜਜ਼ਬਾ ਬੁਰੀ ਤਰ੍ਹਾਂ ਕੁਮਲਾ ਗਿਆ ਹੈ ਤਾਂ ਇਸ ਲਈ ਜ਼ਿੰਮੇਵਾਰ ਸ਼ਹੀਦ-ਏ-ਆਜ਼ਮ ਦੀ ਵਿਚਾਰਧਾਰਾ ਨਹੀਂ ਹੈ, ਸਗੋਂ ਇਨ੍ਹਾਂ ਖੱਬੇਪੱਖੀਆਂ ਦੇ ਘੜੇ ਹੋਏ ਗ਼ਲਤ ਸਿਧਾਂਤਕ-ਰਾਜਸੀ ਪ੍ਰੋਗਰਾਮ ਹਨ। ਇਹ ਭਾਣਾ ਕਿਸੇ ਵੀ ਵਿਚਾਰਧਾਰਾ ਨਾਲ ਵਾਪਰ ਸਕਦਾ ਹੈ! ਫਿਰ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਅਪ੍ਰਸੰਗਿਕ ਬਣਾ ਕੇ ਪੇਸ਼ ਕਰਨਾ ਕਿਵੇਂ ਠੀਕ ਹੈ?
ਹੁਣ ਸਵਾਲ ਇਹ ਹੈ ਕਿ 1947 ਤੋਂ ਪਹਿਲਾਂ ਦੇ ਇਤਿਹਾਸਕ ਅਮਲ ਅੰਦਰ ਰਾਸ਼ਟਰਵਾਦ ਨੂੰ ਕਿਵੇਂ ਲਿਆ ਜਾਵੇ? ਅੰਗਰੇਜ਼ਾਂ ਵਲੋਂ ਵੱਖ-ਵੱਖ ਪੜਾਵਾਂ ‘ਚ ਬਸਤੀ ਬਣਾਏ ਇਸ ਪੂਰੇ ਖਿੱਤੇ ਨੂੰ ਇਕ ਬਸਤੀ ਦੇ ਰੂਪ ‘ਚ ਇਕਜੁੱਟ ਰਾਜਨੀਤਕ ਇਕਾਈ ਵਜੋਂ ਜਥੇਬੰਦ ਕੀਤਾ ਗਿਆ ਸੀ। ਇਸ ਇਤਿਹਾਸਕ ਅਮਲ ਅੰਦਰ ਬਸਤੀਵਾਦ ਦਾ ਜੂਲਾ ਲਾਹੁਣ ਲਈ ਇਸ ਖਿੱਤੇ ਦੇ ਲੋਕਾਂ ਦਰਮਿਆਨ ਸਾਂਝੇ ਦੁਸ਼ਮਣ ਵਿਰੁੱਧ ਆਪਣੇ ਮੁਲਕ ਨੂੰ ਆਜ਼ਾਦ ਕਰਾਉਣ ਦੇ ਉਦੇਸ਼ ਦੀ ਸਾਂਝ ਦਾ ਬਾਹਰਮੁਖੀ ਆਧਾਰ ਵਿਕਸਤ ਹੋਇਆ ਅਤੇ ਇਸ ਠੋਸ ਆਧਾਰ ‘ਤੇ ਕੌਮਵਾਦ ਦਾ ਭਰੂਣੀ ਅੰਸ਼ ਵਿਗਸਣਾ ਸ਼ੁਰੂ ਹੋਇਆ ਪਰ ਇਸ ਨੂੰ ਸਾਜ਼ਗਾਰ ਵਿਚਾਰਧਾਰਕ-ਰਾਜਸੀ ਮਾਹੌਲ ਨਾ ਮਿਲ ਸਕਿਆ ਜਿਸ ਵਿਚ ਇਸ ਦੀ ਧਾਰਮਿਕ, ਭਾਸ਼ਾਈ ਤੇ ਸਭਿਆਚਾਰਕ ਵੰਨ-ਸੁਵੰਨਤਾ ਇਕ ਮੋਕਲੇ ਬਹੁਵਾਦੀ ਕੌਮੀ ਢਾਂਚੇ ਵਜੋਂ ਮੌਲ ਸਕਦੀ। ਐਪਰ, ਕਾਂਗਰਸ-ਮੁਸਲਿਮ ਲੀਗ ਵਰਗੀਆਂ ਪਿਛਾਂਹਖਿੱਚੂ ਤਾਕਤਾਂ ਦੀ ਨਾਂਹਪੱਖੀ ਭੂਮਿਕਾ ਦੇ ਬਾਵਜੂਦ ਖ਼ਰੀਆਂ ਸਾਮਰਾਜ ਵਿਰੋਧੀ ਤਾਕਤਾਂ ਵਲੋਂ ਦੇਸ਼ ਭਗਤੀ ਦੇ ਜਜ਼ਬੇ ਤਹਿਤ ਅੰਗਰੇਜ਼ ਸਾਮਰਾਜ ਵਿਰੁੱਧ ਪੂਰੀ ਸ਼ਿੱਦਤ ਨਾਲ ਲੜਾਈ ਲੜੀ ਗਈ। ਇੱਥੇ ਰਾਸ਼ਟਰਵਾਦ ਉਪਰੋਕਤ ਵੰਨ-ਸੁਵੰਨਤਾ ‘ਚ ਸਾਂਝ ਦੀਆਂ ਤੰਦਾਂ ਬੁਣਦਾ ਸਾਫ਼ ਨਜ਼ਰ ਆਉਾਂਦਾਂ ਪਰ ਸ਼ ਅਜਮੇਰ ਸਿੰਘ ਦੀ ਨਜ਼ਰ ‘ਚ ਇਹ ਫਿਰਕਾਪ੍ਰਸਤੀ ਦੀ ਜੰਮਣ ਭੋਂਇ ਹੈ।
ਨਿਰਸੰਦੇਹ, 1947 ਦੀ ਰਸਮੀ ਆਜ਼ਾਦੀ ਤੋਂ ਬਾਅਦ ਰਾਸ਼ਟਰਵਾਦ ਦੀ ਭੂਮਿਕਾ ਬੁਨਿਆਦੀ ਤੌਰ ‘ਤੇ ਬਦਲ ਗਈ। ਹੁਣ ਇਹ ਹੁਕਮਰਾਨ ਜਮਾਤ ਦੇ ਹੱਥ ‘ਚ ਆਪਣੀ ਲੋਕ-ਧ੍ਰੋਹੀ ਅਤੇ ਮੱਕਾਰ ਭੂਮਿਕਾ ‘ਤੇ ਪਰਦਾਪੋਸ਼ੀ ਕਰਨ ਅਤੇ ਸਥਾਪਤੀ ਵਿਰੋਧੀ ਜਾਇਜ਼ ਵਿਦਰੋਹਾਂ ਨੂੰ ਕੁਚਲਣ ਦਾ ਸਾਧਨ ਹੈ। ਮਾਰਕਸੀ ਵਿਦਵਾਨ ਪ੍ਰੋæ ਰਣਧੀਰ ਸਿੰਘ ਨੇ ਇਸ ਦਾ ਬਾਖ਼ੂਬੀ ਵਿਸ਼ਲੇਸ਼ਣ ਇਨ੍ਹਾਂ ਸ਼ਬਦਾਂ ‘ਚ ਕੀਤਾ ਹੈ: “ਇੰਜ, ਇਤਿਹਾਸਕ ਪੱਖੋਂ ਦੇਖਿਆਂ ਰਾਸ਼ਟਰਵਾਦ ਖ਼ੁਦ-ਬ-ਖ਼ੁਦ ਹੀ ਅਗਾਂਹਵਧੂ ਜਾਂ ਪਿਛਾਂਹਖਿੱਚੂ, ਧਰਮਨਿਰਪੱਖ ਜਾਂ ਫਿਰਕਾਪ੍ਰਸਤ, ਜਮਹੂਰੀ ਜਾਂ ਆਪਾਸ਼ਾਹ, ਕੋਈ ਬਿਹਤਰ ਜਾਂ ਬਦਤਰ ਚੀਜ਼ ਨਹੀਂ ਹੈ। ਇਹ ਸਭ ਇਸ ਦੇ ਖ਼ਾਸ ਕਿਰਦਾਰ, ਇਸ ਦੇ ਪ੍ਰੋਗਰਾਮ ਅਤੇ ਲੀਡਰਸ਼ਿਪ ਅਤੇ ਸਭ ਤੋਂ ਵੱਧ ਠੋਸ ਇਤਿਹਾਸਕ ਪ੍ਰਸੰਗ ਜਾਂ ਮੌਕਾਮੇਲ ਉੱਪਰ ਮੁਨੱਸਰ ਕਰਦਾ ਹੈ। ਇਨ੍ਹਾਂ ਕਾਰਕਾਂ ਤੋਂ ਇਸ ਦਾ ਅਸਲ ਸੁਭਾਅ ਅਤੇ ਇਤਿਹਾਸਕ ਭੂਮਿਕਾ ਤੈਅ ਹੁੰਦੇ ਹਨ। 1947 ਤੋਂ ਪਹਿਲਾਂ ਭਾਰਤ ਵਿਚ ਰਾਸ਼ਟਰਵਾਦ ਸੱਚੀਓਂ ਹੀ ਅਗਾਂਹਵਧੂ ਸੀ; ਇਕ ਵੱਖਰੀ, ਵੱਧ ਤਰੱਕੀਪਸੰਦ ਜਮਾਤੀ ਅਗਵਾਈ ਅਤੇ ਪ੍ਰੋਗਰਾਮ ਤਹਿਤ ਇਹ ਰੈਡੀਕਲ, ਇੱਥੋਂ ਤੱਕ ਕਿ ਇਨਕਲਾਬੀ ਵੀ ਹੋ ਸਕਦਾ ਸੀ। ਇਹ ਅਗਾਂਹਵਧੂ ਸੀ ਕਿਉਂਕਿ ਇਸ ਦਾ ਨਿਸ਼ਾਨਾ ਸਮਾਜ ਦੀਆਂ ਬੁਨਿਆਦੀ ਢਾਂਚਾਗਤ ਵਿਰੋਧਤਾਈਆਂ ਨੂੰ ਹੱਲ ਕਰਨਾ ਸੀ ਜਿਸ ਨੂੰ ਸਾਮਰਾਜਵਾਦ ਨੇ ਜੂੜ ਪਾਇਆ ਹੋਇਆ ਸੀ। ਸਾਮਰਾਜਵਾਦ ਦੀ ਖ਼ਿਲਾਫ਼ਤ ਰਾਹੀਂ ਇਨ੍ਹਾਂ ਦਾ ਹੱਲ ਹੀ ਬਿਹਤਰ ਭਵਿੱਖ ਲਈ ਲਗਾਤਾਰ ਜਾਰੀ ਭਾਰਤੀ ਲੋਕਾਂ ਦੇ ਸੰਘਰਸ਼ ਦਾ ਰਾਹ ਪੱਧਰਾ ਕਰ ਸਕਦਾ ਸੀ ਪਰ ਰਾਸ਼ਟਰਵਾਦ ਦਾ 1947 ਤੋਂ ਬਾਅਦ ਦੇ ਸਮੇਂ ‘ਚ ਲਾਜ਼ਮੀ ਤੌਰ ‘ਤੇ ਜਾਂ ਪੂਰੀ ਤਰ੍ਹਾਂ ਇੰਜ ਬਣੇ ਰਹਿਣਾ ਜ਼ਰੂਰੀ ਨਹੀਂ ਹੈ।” (“1914-15 ਦੇ ਪੰਜਾਬ ਦੇ ਇਨਕਲਾਬੀਆਂ ਦੀ ਯਾਦ ‘ਚ”, 1992 ‘ਚ ਕੀਤੀ ਤਕਰੀਰ) ਪਰ ਸ਼ ਅਜਮੇਰ ਸਿੰਘ ਜੀ ਦੀ ਨਜ਼ਰ ‘ਚ 1947 ਤੋਂ ਬਾਅਦ ਦੀ ਹਰ ਬਿਮਾਰੀ ਦੀ ਜੜ੍ਹ 1947 ਤੋਂ ਪਹਿਲਾਂ ਉੱਭਰਿਆ ਕੌਮਵਾਦੀ ਜਜ਼ਬਾ ਹੀ ਹੈ। ਉਹ ਜ਼ੋਰ ਦਿੰਦੇ ਹਨ ਕਿ ਭਗਤ ਸਿੰਘ ਦੇ ਦੇਸ਼ ਭਗਤ ਇਨਕਲਾਬੀ ਵਾਲੇ ਸਥਾਪਤ ਬਿੰਬ ਵਿਚੋਂ ਰਾਸ਼ਟਰਵਾਦ ਝਲਕਦਾ ਹੈ, ਇਸ ਲਈ ਉਸ ਦੀ ਵਿਚਾਰਧਾਰਾ ਦੇ ਗੁਣਾਂ-ਔਗੁਣਾਂ ਨੂੰ ਪਛਾਣਨ ਅਤੇ ਸਵੀਕਾਰ ਕਰਨ ਦਾ ਸੰਵਾਦ ਸੰਜੀਦਗੀ ਅਤੇ ਠੰਢੇ ਮਨ ਨਾਲ ਚਲਾਉਣਾ ਚਾਹੀਦਾ ਹੈ, ਉਸ ਦੇ ਬਿੰਬ ਨੂੰ ਗੁਣਾਂ-ਔਗੁਣਾਂ ਦੇ ਟੁਕੜਿਆਂ ‘ਚ ਵੰਡ ਕੇ ਦੇਖਣਾ ਚਾਹੀਦਾ ਹੈ ਅਤੇ ਉਸ ਨੂੰ ਐਵੇਂ ਹੀ ਸ਼ਹੀਦ-ਏ-ਆਜ਼ਮ ਨਹੀਂ ਮੰਨਦੇ ਰਹਿਣਾ ਚਾਹੀਦਾ; ਪਰ ਉਪਰੋਕਤ ਦੀ ਰੋਸ਼ਨੀ ‘ਚ ਅਸੀਂ ਸਹਿਜੇ ਹੀ ਦੇਖ ਸਕਦੇ ਹਾਂ ਕਿ ਸ਼ ਅਜਮੇਰ ਸਿੰਘ ਦਾ ਦਾਅਵਾ ਤੱਥਾਂ ਤੇ ਦਲੀਲਾਂ ‘ਤੇ ਖ਼ਰਾ ਨਹੀਂ ਉੱਤਰਦਾ ਅਤੇ ਇਸ ਨੂੰ ਉਨ੍ਹਾਂ ਦੀ ਮੌਜੂਦਾ ‘ਗਿਆਨ-ਚੇਤਨਾ’ ਦਾ ਕ੍ਰਿਸ਼ਮਾ ਹੀ ਕਿਹਾ ਜਾ ਸਕਦਾ ਹੈ।
Leave a Reply