ਟ੍ਰੰਪ ਦੇ ਰਾਹ ‘ਚ ਰੋੜਾ ਬਣਨ ਲੱਗੀ ਨਫਰਤ ਦੀ ਸਿਆਸਤ

ਵਾਸ਼ਿੰਗਟਨ: ਡੋਨਲਡ ਟ੍ਰੰਪ ਨੂੰ ਉਸ ਦੀ ‘ਨਫਰਤ ਵਾਲੀ ਰਾਜਨੀਤੀ’ ਖਿਲਾਫ ਖੜ੍ਹੇ ਹੋਏ ਵਿਖਾਵਾਕਾਰੀਆਂ ਕਾਰਨ ਸ਼ਿਕਾਗੋ ਰੈਲੀ ਰੱਦ ਕਰਨੀ ਪਈ ਹੈ। ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਰਿਪਬਲੀਕਨ ਪਾਰਟੀ ਵੱਲੋਂ ਉਮੀਦਵਾਰ ਬਣਨ ਦੇ ਮਜ਼ਬੂਤ ਦਾਅਵੇਦਾਰ ਟ੍ਰੰਪ ਖਿਲਾਫ਼ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਰੋਸ ਪ੍ਰਦਰਸ਼ਨ ਸੀ।

ਰੈਲੀ ਵਾਲੇ ਸਥਾਨ ‘ਤੇ ਪ੍ਰਦਰਸ਼ਨਕਾਰੀ ਟ੍ਰੰਪ ਦੇ ਸਮਰਥਕਾਂ ਨਾਲੋਂ ਹੱਥੋਂਪਾਈ ਵੀ ਹੋਏ। ਟ੍ਰੰਪ ਨੇ ਸ਼ੁਰੂਆਤ ਵਿਚ ਸ਼ਿਕਾਗੋ ਪੈਵੇਲੀਅਨ ਦੀ ਯੂਨੀਵਰਸਿਟੀ ਆਫ ਇਲੀਨੌਇਸ ਵਿਚ ਆਪਣੀ ਰੈਲੀ ਦੇਰ ਨਾਲ ਸ਼ੁਰੂ ਕਰਨ ਦਾ ਫੈਸਲਾ ਕੀਤਾ, ਪਰ ਬਾਅਦ ਵਿਚ ਐਲਾਨ ਕਰ ਦਿੱਤਾ ਕਿ ਸੁਰੱਖਿਆ ਕਾਰਨਾਂ ਕਰਕੇ ਰੈਲੀ ਮੁਲਤਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਵਿਰਲਿਆਂ ਵਿਚੋਂ ਵਿਰਲਾ ਮੌਕਾ ਹੈ ਕਿ ਪ੍ਰਦਰਸ਼ਨ ਕਾਰਨ ਸਿਆਸੀ ਰੈਲੀ ਰੱਦ ਕੀਤੀ ਗਈ ਹੈ।
ਰੈਲੀ ਵਿਚ ਸ਼ਾਮਲ ਹੋਣ ਆਏ ਸਮਰਥਕਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸ਼ਾਂਤੀਪੂਰਵਕ ਘਰ ਜਾਣ ਦੀ ਅਪੀਲ ਕੀਤੀ। ਸ਼ਿਕਾਗੋ ਪੁਲਿਸ ਨੇ ਦੱਸਿਆ ਕਿ ਟੀæਵੀæ ਚੈਨਲਾਂ ਉਤੇ ਦਿਖਾਈ ਗਈ ਫੁਟੇਜ ਵਿਚ ਲੋਕਾਂ ਨੂੰ ਬਹਿਸਦੇ ਦੇਖਿਆ ਗਿਆ ਅਤੇ ਕੁਝ ਹਿੰਸਕ ਘਟਨਾਵਾਂ ਵੀ ਦਿਖਾਈਆਂ ਗਈਆਂ। ਟ੍ਰੰਪ ਨੇ ਦੱਸਿਆ ਕਿ ਦੋ-ਤਿੰਨ ਹਜ਼ਾਰ ਪ੍ਰਦਰਸ਼ਨਕਾਰੀ ਸਨ, ਜੋ ਉਨ੍ਹਾਂ ਦੇ ਤਕਰੀਬਨ 25 ਹਜ਼ਾਰ ਸਮਰਥਕਾਂ ਦਾ ਵਿਰੋਧ ਕਰ ਰਹੇ ਸਨ। ਟ੍ਰੰਪ ਨੇ ਸੀæਐਨæਐਨæ ਨੂੰ ਫੋਨ ‘ਤੇ ਦੱਸਿਆ, ‘ਭਾਵੇਂ ਇਹ ਬੋਲਣ ਦੇ ਅਧਿਕਾਰ ਦੀ ਉਲੰਘਣਾ ਹੋਈ ਹੈ। ਮਾਮੂਲੀ ਕੁੱਟਮਾਰ ਹੋਈ ਹੈ ਅਤੇ ਕੋਈ ਗੰਭੀਰ ਸੰਘਰਸ਼ ਨਹੀਂ ਹੋਇਆ। ਮੈਂ ਨਹੀਂ ਚਾਹੁੰਦਾ ਕਿ ਕਿਸੇ ਨੂੰ ਕੋਈ ਸੱਟ ਲੱਗੇ। ਇਸ ਕਾਰਨ ਰੈਲੀ ਮੁਲਤਵੀ ਕਰਨ ਦਾ ਫੈਸਲਾ ਕੀਤਾ।’
________________________________
ਟ੍ਰੰਪ ਦੀ ਵਾਸ਼ਿੰਗਟਨ ਤੇ ਵਯੋਮਿੰਗ ਵਿਚ ਹਾਰ
ਵਾਸ਼ਿੰਗਟਨ: ਰਿਪਬਲੀਕਨ ਪਾਰਟੀ ਵਿਚ ਰਾਸ਼ਟਰਪਤੀ ਅਹੁਦੇ ਲਈ ਮੋਹਰੀ ਉਮੀਦਵਾਰ ਡੋਨਲਡ ਟ੍ਰੰਪ ਨੂੰ ਉਸ ਸਮੇਂ ਝਟਕਾ ਲੱਗਿਆ ਜਦੋਂ ਉਹ ਆਪਣੇ ਵਿਰੋਧੀ ਟੈਡ ਕਰੂਜ਼ ਅਤੇ ਮਾਰਕੋ ਰੂਬਿਓ ਤੋਂ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਤੇ ਵਯੋਮਿੰਗ ਵਿਚ ਬੂਰੀ ਤਰ੍ਹਾਂ ਹਾਰ ਗਏ। ਇਹ ਇਸ ਗੱਲ ਦਾ ਸੰਕੇਤ ਹੈ ਕਿ ਪਾਰਟੀ ਵੱਲੋਂ ਰਾਸ਼ਟਰਪਤੀ ਉਮੀਦਵਾਰ ਬਣਨ ਲਈ ਸੰਘਰਸ਼ ਜ਼ੋਰਦਾਰ ਹੋ ਗਿਆ ਹੈ। ਦੂਜੇ ਪਾਸੇ ਡੈਮੋਕਰੈਟਿਕ ਪਾਰਟੀ ਲਈ ਉਮੀਦਵਾਰ ਬਣਨ ਦੀ ਇਛੁੱਕ ਹਿਲੇਰੀ ਕਲਿੰਟਨ ਨੇ ਉਤਰੀ ਮੇਰੀਆਨਾ ਵਿਚ ਜਿੱਤ ਹਾਸਲ ਕਰ ਲਈ ਹੈ। ਵ੍ਹਾਈਟ ਹਾਊਸ ਲਈ ਟ੍ਰੰਪ ਦੀ ਦੌੜ ‘ਤੇ ਰੋਕ ਲਾਉਂਦੇ ਹੋਏ ਰਿਪਬਲੀਕਨ ਪਾਰਟੀ ਤੋਂ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰੀ ਲਈ ਦਾਅਵੇਦਾਰ ਸੈਨੇਟਰ ਕਰੂਜ਼ ਤੇ ਰੂਬੀਓ ਨੇ ਵਯੋਮਿੰਗ ਤੇ ਡਿਸਟ੍ਰਿਕ ਆਫ ਕੋਲੰਬੀਆ ਵਿਚ ਕ੍ਰਮਵਾਰ ਜਿੱਤ ਦਰਜ ਕੀਤੀ। ਇਸ ਪ੍ਰਕਿਰਿਆ ਵਿਚ ਕਰੂਜ਼ ਨੂੰ ਨੌਂ ਪ੍ਰਤੀਨਿਧੀਆਂ ਦਾ ਸਮਰਥਨ ਮਿਲਿਆ ਅਤੇ ਰੂਬੀਓ ਨੂੰ ਦਸ ਪ੍ਰਤੀਨਿਧੀਆਂ ਨੇ ਸਮਰਥਨ ਦਿੱਤਾ।