ਗੁਰਦੁਆਰਾ ਫਰੀਮਾਂਟ ਚੋਣਾਂ: ਸਿੱਖ ਪੰਚਾਇਤ ਨੂੰ ਵੱਡੀ ਜਿੱਤ ਹਾਸਲ

ਫਰੀਮਾਂਟ (ਬਿਊਰੋ): ਗੁਰਦੁਆਰਾ ਫਰੀਮਾਂਟ ਦੀ ਪੰਜ ਮੈਂਬਰੀ ਸੁਪਰੀਮ ਕੌਂਸਲ ਦੀਆਂ ਲੰਘੀ 13 ਮਾਰਚ ਨੂੰ ਹੋਈਆਂ ਚੋਣਾਂ ਵਿਚ ਮੌਜੂਦਾ ਕਾਬਜ਼ ਗਰੁਪ ਸਿੱਖ ਪੰਚਾਇਤ ਨੂੰ ਬਹੁਤ ਵੱਡੀ ਜਿੱਤ ਹਾਸਲ ਹੋਈ ਹੈ ਅਤੇ ਇਸ ਦੇ ਪੰਜੇ ਉਮੀਦਵਾਰ ਜੇਤੂ ਰਹੇ ਹਨ। ਚੋਣਾਂ ਵਿਚ ਤਿੰਨ ਸਲੇਟਾਂ ਵਿਚਾਲੇ ਮੁਕਾਬਲਾ ਸੀ। ਦੂਜੀਆਂ ਦੋ ਸਲੇਟਾਂ ਸਨ-ਬੇਏਰੀਆ ਸਿੱਖ ਅਲਾਇੰਸ ਆਰਗੇਨਾਈਜੇਸ਼ਨ ਅਤੇ ਸਿੱਖ ਪੰਚਾਇਤ ਤੋਂ ਵੱਖ ਹੋਈ ਭਾਈ ਜਸਵਿੰਦਰ ਸਿੰਘ ਜੰਡੀ ਦੀ ਪੰਥਕ ਸਲੇਟ। ਸਿੱਖ ਪੰਚਾਇਤ ਅਤੇ ਦੂਜੇ ਥਾਂ ਰਹੀ ਬੇਏਰੀਆ ਸਿੱਖ ਅਲਾਇੰਸ ਆਰਗੇਨਾਈਜੇਸ਼ਨ ਸਲੇਟ ਦੀਆਂ ਵੋਟਾਂ ਵਿਚਾਲੇ ਅੱਧੋ ਅੱਧ ਦਾ ਫਰਕ ਹੈ।

ਇੰਜ ਸਿੱਖ ਪੰਚਾਇਤ ਦੇ ਇਹ ਦਾਅਵੇ ਸੱਚ ਸਾਬਤ ਹੋਏ ਹਨ ਕਿ ਪਿਛਲੇ ਚਾਰ ਸਾਲਾਂ ਦੌਰਾਨ ਇਸ ਦੇ ਨੁਮਾਇੰਦਿਆਂ ਨਾਲ ਬਣੀ ਸੁਪਰੀਮ ਕੌਂਸਲ ਵਲੋਂ ਕੀਤੇ ਗਏ ਉਸਾਰੂ ਕੰਮਾਂ ਕਰ ਕੇ ਸੰਗਤ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿਤਾਏਗੀ।
ਸਿੱਖ ਪੰਚਾਇਤ ਦੀ ਉਮੀਦਵਾਰ ਬੀਬੀ ਅਰਵਿੰਦਰਜੀਤ ਕੌਰ ਨੂੰ ਸਭ ਤੋਂ ਵੱਧ, 2605 ਵੋਟਾਂ ਮਿਲੀਆਂ ਜਦੋਂ ਕਿ ਬਾਕੀ ਉਮੀਦਵਾਰਾਂ ਹਰਿੰਦਰਪਾਲ ਸਿੰਘ ਨੂੰ 2522, ਜਸਦੇਵ ਸਿੰਘ ਨੂੰ 2520, ਗੁਰਿੰਦਰ ਸਿੰਘ ਨੂੰ 2505 ਅਤੇ ਪਰਮਿੰਦਰ ਸਿੰਘ ਨੂੰ 2464 ਵੋਟਾਂ ਮਿਲੀਆਂ। ਬੇਏਰੀਆ ਸਿੱਖ ਅਲਾਇੰਸ ਆਰਗੇਨਾਈਜੇਸ਼ਨ ਦੇ ਉਮੀਦਵਾਰ ਅਵਤਾਰ ਸਿੰਘ ਧਾਮੀ ਨੂੰ 1338, ਦਵਿੰਦਰ ਸਿੰਘ ਚਾਨਾ ਨੂੰ 1294, ਬਲਵੰਤ ਸਿੰਘ ਧਾਲੀਵਾਲ ਨੂੰ 1250, ਵਿਕਰਮਜੀਤ ਸਿੰਘ ਨੂੰ 1236 ਅਤੇ ਹਰਿੰਦਰ ਸਿੰਘ ਕਲੇਰ ਨੂੰ 1229 ਵੋਟਾਂ ਮਿਲੀਆਂ।
ਤੀਜੇ ਥਾਂ ਰਹੀ ਪੰਥਕ ਸਲੇਟ ਦੇ ਮੋਢੀ ਜਸਵਿੰਦਰ ਸਿੰਘ ਜੰਡੀ ਨੂੰ 1151, ਨਿਰਮਲ ਸਿੰਘ ਖਾਲਸਾ ਨੂੰ 1052, ਹਰਬੰਸ ਸਿੰਘ ਨੂੰ 864, ਭੁਪਿੰਦਰਪਾਲ ਸਿੰਘ ਨੂੰ 844 ਅਤੇ ਅਮਰਜੀਤ ਸਿੰਘ ਨੂੰ 837 ਵੋਟਾਂ ਮਿਲੀਆਂ। ਇੱਕੋ ਇੱਕ ਆਜ਼ਾਦ ਉਮੀਦਵਾਰ ਜੁਗਰਾਜ ਸਿੰਘ ਧਾਲੀਵਾਲ ਨੂੰ ਸਿਰਫ 28 ਵੋਟਾਂ ਮਿਲ ਸਕੀਆਂ।
ਵੋਟਾਂ ਦੀ ਗਿਣਤੀ ਵਿਚ ਕਾਫੀ ਲੰਮਾ ਸਮਾਂ ਲੱਗਿਆ ਅਤੇ ਇਨ੍ਹਾਂ ਚੋਣਾਂ ਵਿਚ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਨਤੀਜਿਆਂ ਦੀ ਉਡੀਕ ਬੇਸਬਰੀ ਨਾਲ ਅੱਧੀ ਰਾਤ ਤੱਕ ਕਰਨੀ ਪਈ।
ਅਮਰੀਕਾ ਦੀ ਸਿੱਖ ਸਿਆਸਤ ਵਿਚ ਅਹਿਮ ਸਮਝੇ ਜਾਂਦੇ ਗੁਰਦੁਆਰਾ ਫਰੀਮਾਂਟ (300 ਗੁਰਦੁਆਰਾ ਰੋਡ) ਦੀ ਪੰਜ ਮੈਂਬਰੀ ਸੁਪਰੀਮ ਕੌਂਸਲ ਦੀ ਚੋਣ ਹਰ ਦੋ ਸਾਲ ਬਾਅਦ ਹੁੰਦੀ ਹੈ ਅਤੇ ਪਿਛਲੀਆਂ ਦੋਹਾਂ ਚੋਣਾਂ ਵਿਚ ਲੰਮਾ ਸਮਾਂ ਇਕ ਦੂਜੇ ਦੇ ਕੱਟੜ ਵਿਰੋਧੀ ਰਹੇ ਦੋ ਵੱਡੇ ਗੁੱਟਾਂ ਦੇ ਇਕੱਠੇ ਹੋ ਜਾਣ ਨਾਲ ਬਣੀ ਸਿੱਖ ਪੰਚਾਇਤ ਜੇਤੂ ਰਹੀ ਹੈ।
ਸਿੱਖ ਪੰਚਾਇਤ ਦਾ ਕਹਿਣਾ ਹੈ ਕਿ ਵਿਰੋਧੀਆਂ ਦਾ ਇਸ ਵਿਰੁਧ ‘ਝੂਠਾ ਭੰਡੀ ਪ੍ਰਚਾਰ’ ਉਨ੍ਹਾਂ ਦੇ ਆਪਣੇ ਵਿਰੁਧ ਹੀ ਭੁਗਤਿਆ ਜਦੋਂ ਸਿੱਖ ਪੰਚਾਇਤ ਦੇ ਹਮਾਇਤੀਆਂ ਨੇ ਘਰ-ਘਰ ਜਾ ਕੇ ਕੂੜ ਪ੍ਰਚਾਰ ਨੂੰ ਠੱਲ੍ਹ ਪਾ ਦਿੱਤੀ।
ਸਿੱਖ ਪੰਚਾਇਤ ਦਾ ਕਹਿਣਾ ਹੈ ਕਿ ਸੰਗਤ ਵਿਚ ਗੁਰੂ ਘਰ ਦੇ ਮੌਜੂਦਾ ਪ੍ਰਬੰਧਕਾਂ ਸਿੱਖ ਪੰਚਾਇਤ ਦਾ ਸਿੱਖ ਮਸਲਿਆਂ ਪ੍ਰਤੀ ਦ੍ਰਿੜ ਸੋਚ, ਸਹੀ ਪਹੁੰਚ ਅਤੇ ਗੁਰੂ ਘਰ ਵਿਖੇ ਕੀਤੇ ਗਏ ਬਹੁਪੱਖੀ ਕੰਮਾਂ ਕਰਕੇ ਪਹਿਲਾਂ ਹੀ ਬਹੁਤ ਵਧੀਆ ਅਕਸ ਬਣਿਆ ਹੋਇਆ ਸੀ ਅਤੇ ਇਸ ਨੇ ਆਪਣੀ ਚੋਣ ਮੁਹਿੰਮ ਸੁਚੱਜੇ ਢੰਗ ਨਾਲ ਚਲਾ ਕੇ ਆਪਣੀ ਇਮਾਨਦਾਰੀ ਅਤੇ ਆਪਣਾ ਸੱਚ ਸੰਗਤਾਂ ਦੇ ਮਨੀਂ ਬਿਠਾ ਦਿੱਤਾ, ਜਿਸ ਕਰਕੇ ਵੱਡੀ ਜਿੱਤ ਹਾਸਲ ਹੋਈ। ਇਸ ਦਾ ਇਹ ਵੀ ਦਾਅਵਾ ਹੈ ਕਿ ਇਸ ਦੀ ਮੁੱਖ ਵਿਰੋਧੀ ਧਿਰ ਬੇਏਰੀਆ ਸਿੱਖ ਅਲਾਇੰਸ ਆਰਗੇਨਾਈਜੇਸ਼ਨ ਦੇ ਆਗੂਆਂ ਦੇ ਬਾਦਲ ਅਕਾਲੀ ਦਲ ਅਤੇ ਗੁਰਬਖ਼ਸ ਸਿੰਘ ਕਾਲਾ ਅਫਗਾਨਾ ਨਾਲ ਸਬੰਧ ਵੀ ਉਸ ਦੇ ਵਿਰੁਧ ਭੁਗਤੇ। ਇਸ ਤੋਂ ਇਲਾਵਾ ਇਸ ਵਲੋਂ ਸਿੱਖ ਪੰਚਾਇਤ ਦੇ ਪ੍ਰਬੰਧਕਾਂ ਵਿਰੁਧ ਬਿਨਾ ਠੋਸ ਸਬੂਤਾਂ ਦੇ ਕੀਤਾ ਗਿਆ ਪ੍ਰਚਾਰ ਵੀ ਉਲਟਾ ਪਿਆ।
ਸਿੱਖ ਪੰਚਾਇਤ ਦਾ ਇਹ ਵੀ ਕਹਿਣਾ ਹੈ ਕਿ ਭਾਈ ਜਸਵਿੰਦਰ ਸਿੰਘ ਜੰਡੀ ਨੂੰ ਸਿੱਖ ਪੰਚਾਇਤ ਤੋਂ ਚੋਣਾਂ ਮੌਕੇ ਤੋੜ-ਵਿਛੋੜਾ ਕਰ ਜਾਣ ਕਾਰਨ ਸੰਗਤ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ।
ਸਿੱਖ ਪੰਚਾਇਤ ਦੇ ਆਗੂਆਂ ਅਨੁਸਾਰ ਜਿੱਤ ਦਾ ਵੱਡਾ ਕਾਰਨ ਗੁਰਦੁਆਰਾ ਸਾਹਿਬ ਦੀ ਆਮਦਨ ਪਿਛਲੇ ਤਿੰਨ ਸਾਲਾਂ ਵਿਚ ਲਗਾਤਾਰ ਵੱਧਣਾ ਹੈ, ਜਿਸ ਕਰਕੇ ਬਿਨਾਂ ਕਰਜ਼ਾ ਲਿਆਂ ਨਵੀਂ ਇਮਾਰਤ ਬਣ ਰਹੀ ਹੈ। ਸਿੱਖ ਪੰਚਾਇਤ ਨੇ ਆਪਣੇ ਕੀਤੇ ਕੰਮਾਂ ਦੇ ਆਧਾਰ ‘ਤੇ ਹੀ ਵੋਟਾਂ ਮੰਗੀਆਂ ਸਨ, ਜਿਨ੍ਹਾਂ ਵਿਚ ਉਸਾਰੀ ਦੇ ਪ੍ਰਾਜੈਕਟ ਮੁੱਖ ਸਨ।
ਜੇਤੂ ਸਿੱਖ ਪੰਚਾਇਤ ਨੇ ਚੋਣ ਨਤੀਜਿਆਂ ਨੂੰ ਸੱਚ ਦੀ ਜਿੱਤ ਕਰਾਰ ਦਿੰਦਿਆਂ ਸੰਗਤ, ਵਾਲੰਟੀਅਰਾਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ ਹੈ। ਨਾਲ ਹੀ ਵਿਸ਼ਵਾਸ ਦਿਵਾਇਆ ਕਿ ਉਹ ਬਿਨਾਂ ਭੇਦ ਭਾਵ ਅਤੇ ਪੱਖਪਾਤ ਦੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਗੁਰੂ ਘਰ ਦੇ ਅਧੂਰੇ ਕਾਰਜ ਮੁਕੰਮਲ ਕਰਨ ਨੂੰ ਪਹਿਲ ਦੇਵੇਗੀ।
ਇਸੇ ਦੌਰਾਨ ਪੰਥਕ ਸਲੇਟ ਦੇ ਮੋਢੀ ਭਾਈ ਜਸਵਿੰਦਰ ਸਿੰਘ ਜੰਡੀ ਅਤੇ ਸਮੁੱਚੀ ਟੀਮ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਸੰਗਤ ਨੇ ਜੋ ਵੀ ਫੈਸਲਾ ਕਰ ਕੇ ਜਿੱਤ ਸਿੱਖ ਪੰਚਾਇਤ ਦੀ ਝੋਲੀ ਪਾਈ ਹੈ, ਪੰਥਕ ਸਲੇਟ ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰਦੀ ਹੈ। ਉਨ੍ਹਾਂ ਪੰਥਕ ਸਲੇਟ ਵਲੋਂ ਇਕ ਬਿਆਨ ਰਾਹੀਂ ਕਿਹਾ ਹੈ ਕਿ ਚੋਣ ਮੁਹਿੰਮ ਦੌਰਾਨ ਜੇਕਰ ਕੋਈ ਵੀ ਸ਼ਬਦ ਕਿਸੇ ਦੀ ਸ਼ਾਨ ਦੇ ਖਿਲਾਫ ਬੋਲਿਆ ਗਿਆ ਹੋਵੇ, ਉਸ ਦੀ ਅਸੀਂ ਮੁਆਫੀ ਮੰਗਦੇ ਹਾਂ ਅਤੇ ਆਸ ਕਰਦੇ ਹਾਂ ਕਿ ਸੰਗਤਾਂ ਇਸ ਨੂੰ ਚੋਣ ਮੁਹਿੰਮ ਤੱਕ ਹੀ ਸੀਮਤ ਰੱਖਣਗੀਆਂ, ਕਿਉਂਕਿ ਚੋਣਾਂ ਲੰਘ ਗਈਆਂ ਹਨ ਅਤੇ ਆਪਾਂ ਗੁਰੂ ਘਰ ਵਿਚ ਸੰਗਤੀ ਰੂਪ ਵਿਚ ਮਿਲ ਬੈਠ ਕੇ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਨੇ ਹਨ। ਉਨ੍ਹਾਂ ਕਿਹਾ ਕਿ ਪੰਥਕ ਸਲੇਟ ਗੁਰਦੁਆਰਾ ਫਰੀਮਾਂਟ ਦੇ ਉਸਾਰੀ ਪ੍ਰਾਜੈਕਟਾਂ ਵਿਚ ਆਪਣਾ ਬਣਦਾ-ਸਰਦਾ ਯੋਗਦਾਨ ਜਰੂਰ ਪਾਉਂਦੀ ਰਹੇਗੀ।
_________________________________________
ਬਾਸਾਓ ਨੂੰ ਸੰਗਤ ਦਾ ਫਤਵਾ ਪ੍ਰਵਾਨ
ਫਰੀਮਾਂਟ: (ਬਿਊਰੋ): ਬੇਏਰੀਆ ਸਿੱਖ ਅਲਾਇੰਸ ਆਰਗੇਨਾਈਜੇਸ਼ਨ (ਬਾਸਾਓ) ਨੇ ਇਕ ਬਿਆਨ ਵਿਚ ਕਿਹਾ ਹੈ ਕਿ ਇਹ ਚੋਣ ਵਿਚ ਸੰਗਤ ਵਲੋਂ ਦਿੱਤੇ ਗਏ ਫਤਵੇ ਦਾ ਸਤਿਕਾਰ ਕਰਦੀ ਹੈ ਅਤੇ ਇਸ ਨੂੰ ਖਿੜੇ ਮੱਥੇ ਪ੍ਰਵਾਨ ਕਰਦੀ ਹੈ।
ਜਥੇਬੰਦੀ ਦੇ ਸਕੱਤਰ ਅਮਰਜੀਤ ਸਿੰਘ ਸਿੱਧੂ ਵਲੋਂ ਜਾਰੀ ਇਕ ਬਿਆਨ ਵਿਚ ਨਵੇਂ ਸੇਵਾਦਾਰਾਂ ਨੂੰ ਵਧਾਈ ਦਿੰਦਿਆਂ ਭਰੋਸਾ ਦਿਵਾਇਆ ਗਿਆ ਹੈ ਕਿ ਗੁਰੂਘਰ ਦੇ ਪ੍ਰਬੰਧ ਵਿਚ ਸੁਧਾਰਾਂ ਲਈ ਜਥੇਬੰਦੀ ਹਮੇਸ਼ਾ ਸਾਥ ਦੇਵੇਗੀ। ਉਮੀਦ ਹੈ ਕਿ ਇਹ ਸੇਵਾਦਾਰ ਗੁਰੂਘਰ ਦੇ ਪ੍ਰਬੰਧ ਵਿਚ ਬੇਈਮਾਨੀ ਦਾ ਅਜਿਹਾ ਪ੍ਰਭਾਵ ਕਿਸੇ ਨੂੰ ਵੀ ਮਹਿਸੂਸ ਨਹੀਂ ਹੋਣ ਦੇਣਗੇ ਜਿਹੋ ਜਿਹਾ ਪਿਛਲੇ ਪ੍ਰਬੰਧਕਾਂ ਵਲੋਂ ਵੋਟਾਂ ਬਣਾਉਣ ਸਮੇਂ ਦਿੱਤਾ ਗਿਆ ਸੀ।
ਜਥੇਬੰਦੀ ਨੇ ਸੰਗਤ ਨੂੰ ਵੀ ਚੋਣ ਵਿਚ ਜਿੱਤੇ ਸਿੱਖ ਪੰਚਾਇਤ ਦੇ ਨੁਮਾਇੰਦਿਆਂ ਨੂੰ ਉਨ੍ਹਾਂ ਵਲੋਂ ਗੁਰੂ ਦੀ ਹਜੂਰੀ ਵਿਚ ਕੀਤੇ ਵਾਅਦੇ ਯਾਦ ਕਰਾਉਂਦੇ ਰਹਿਣ ਲਈ ਸੁਚੇਤ ਕੀਤਾ ਹੈ ਕਿਉਂਕਿ ਇਨਸਾਨ ਦੀ ਯਾਦਸ਼ਕਤੀ ਥੋੜਚਿਰੀ ਹੁੰਦੀ ਹੈ। ਪ੍ਰਬੰਧਕਾਂ ਨੇ ਚੋਣਾਂ ਵਾਲੇ ਦਿਨ ਤੋਂ ਬਾਅਦ ਗੁਰੂ ਘਰ ਦੇ ਇੰਟਰਨੈਟ ਪੇਜ ‘ਤੇ ਫਾਈਨੈਂਸ਼ਲ ਟੈਬ ਨੂੰ ਫਿਰ ਲਾਕ ਕਰ ਦਿੱਤਾ ਹੈ। ਜਥੇਬੰਦੀ ਨੇ ਵਿਅੰਗ ਨਾਲ ਕਿਹਾ ਹੈ ਕਿ ਇਹ ਗੁਰੂ ਘਰ ਦਾ ਹਿਸਾਬ-ਕਿਤਾਬ ਪਾਰਦਰਸ਼ੀ ਹੋਣ ਦੀ ਪਹਿਲੀ ਮਿਸਾਲ ਹੈ।