ਕਾਂਗਰਸ ਨੇ ਵੀ ਕੀਤਾ ਹੰਸ ਰਾਜ ਹੰਸ ਦਾ ਦਿਲ ‘ਟੋਟੇ ਟੋਟੇ’

ਚੰਡੀਗੜ੍ਹ: ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਹੁਣ ਕਾਂਗਰਸ ਨੇ ਵੀ ਗਾਇਕ ਹੰਸ ਰਾਜ ਹੰਸ ਨੂੰ ਨਰਾਸ਼ ਕੀਤੀ ਹੈ। ਹੰਸ ਰਾਜ ਹੰਸ ਨੂੰ ਕਾਂਗਰਸ ਰਾਜ ਸਭਾ ਮੈਂਬਰ ਬਣਾਉਣ ਜਾ ਰਹੀ ਸੀ, ਪਰ ਐਨ ਮੌਕੇ ਉਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਹੰਸ ਰਾਜ ਦਾ ਨਾਂਅ ਵਾਪਸ ਲੈ ਕੇ ਉਨ੍ਹਾਂ ਦੀ ਥਾਂ ਸਮਸ਼ੇਰ ਸਿੰਘ ਦੂਲੋ ਨੂੰ ਰਾਜ ਸਭਾ ਭੇਜਣ ਦਾ ਫੈਸਲਾ ਕੀਤਾ ਹੈ।

ਦਰਅਸਲ, ਹੰਸ ਰਾਜ ਹੰਸ ਪਿਛਲੇ ਦਿਨੀਂ ਹੀ ਕਾਂਗਰਸ ਵਿਚ ਸ਼ਾਮਲ ਹੋਏ ਹਨ ਤੇ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੂੰ ਰਾਜ ਸਭਾ ਭੇਜਣਾ ਚਾਹੁੰਦੇ ਹਨ। ਕੈਪਟਨ ਤੇ ਸੋਨੀਆ ਗਾਂਧੀ ਦਰਮਿਆਨ ਹੋਈ ਬੈਠਕ ਵਿਚ ਇਸ ‘ਤੇ ਮੋਹਰ ਵੀ ਲੱਗ ਗਈ ਸੀ, ਪਰ ਕਾਂਗਰਸ ਦੇ ਹੋਰ ਦਲਿਤ ਲੀਡਰਾਂ ਨੇ ਵਿਰੋਧ ਕਾਰਨ ਕਾਂਗਰਸ ਹਾਈਕਮਾਨ ਆਪਣੇ ਫੈਸਲੇ ਤੋਂ ਪਿੱਛੇ ਹਟ ਗਈ ਹੈ। ਕਾਂਗਰਸ ਦੇ ਸੀਨੀਅਰ ਦਲਿਤ ਲੀਡਰਾਂ ਸਮਸ਼ੇਰ ਸਿੰਘ ਦੂਲੋ ਤੇ ਮਹਿੰਦਰ ਸਿੰਘ ਕੇਪੀ ਨੇ ਇਸ ਮਾਮਲੇ ‘ਤੇ ਹਾਈਕਮਾਨ ਨੂੰ ਪਾਰਟੀ ਛੱਡਣ ਦੀ ਧਮਕੀ ਦਿੱਤੀ ਸੀ। ਦੂਲੋ ਨੇ ਕਿਹਾ ਕਿ ਟਕਸਾਲੀ ਲੀਡਰਾਂ ਨੂੰ ਨਜ਼ਰਅੰਦਾਜ਼ ਕਰਕੇ ਕਿਸੇ ਕੱਲ੍ਹ ਆਏ ਲੀਡਰ ਨੂੰ ਰਾਜ ਸਭਾ ਦਾ ਮੈਂਬਰ ਕਿਵੇਂ ਬਣਾਇਆ ਜਾ ਸਕਦਾ ਹੈ। ਇਸ ਤੋਂ ਬਾਅਦ ਹੀ ਸੋਨੀਆ ਗਾਂਧੀ ਨੇ ਹੰਸ ਰਾਜ ਹੰਸ ਦਾ ਨਾਂਅ ਵਾਪਸ ਲਿਆ ਹੈ।
ਹੰਸ ਰਾਜ ਹੰਸ ਨੇ ਕਿਹਾ ਹੈ ਕਿ ਉਨ੍ਹਾਂ ਨਾਲ ਕਾਂਗਰਸ ਵਾਅਦਾ ਕਰਕੇ ਮੁੱਕਰ ਗਈ ਹੈ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਨੂੰ ਰਾਜ ਸਭਾ ਦੇ ਕਾਗਜ਼ ਭਰਨ ਲਈ ਇੰਗਲੈਂਡ ਤੋਂ ਵਿਸ਼ੇਸ਼ ਤੌਰ ‘ਤੇ ਬੁਲਾਇਆ ਗਿਆ ਸੀ ।ਇਹ ਵਾਅਦਾਖ਼ਿਲਾਫੀ ਹੈ ਤੇ ਦਲਿਤ ਭਾਈਚਾਰਾ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਗਾਇਕ ਹੰਸ ਰਾਜ ਹੰਸ ਰਾਜ ਸਭਾ ਮੈਂਬਰ ਬਣਾਉਣ ਦੇ ਭਰੋਸੇ ‘ਤੇ ਹੀ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਸਨ। ਇਸ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੇ ਉਨ੍ਹਾਂ ਨੂੰ ਵਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਹਾਲਾਂਕਿ ਉਨ੍ਹਾਂ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਮੌਕਾ ਦਿੱਤਾ ਗਿਆ ਸੀ ਪਰ ਉਹ ਚੋਣ ਹਾਰ ਗਏ ਸਨ।
ਹੰਸ ਰਾਜ ਹੰਸ ਨੇ ਤਕਰੀਬਨ ਮਹੀਨਾ ਪਹਿਲਾਂ ਹੀ ਅਕਾਲੀ ਦਲ ਦੀ ਤੱਕੜੀ ਛੱਡ ਕਾਂਗਰਸ ਦਾ ਹੱਥ ਫੜਿਆ ਹੈ। ਪਾਰਟੀ ਵਿਚ ਛਿੜੇ ਨਵੇਂ ਵਿਵਾਦ ਨੂੰ ਸੁਲਝਾਉਣ ਲਈ ਪੰਜਾਬ ਕਾਂਗਰਸ ਇੰਚਾਰਜ ਸ਼ਕੀਲ ਅਹਿਮਦ, ਅੰਬਿਕਾ ਸੋਨੀ ਚੰਡੀਗੜ੍ਹ ਆਏ ਸਨ ਤੇ ਸੀਨੀਅਰ ਦਲਿਤ ਲੀਡਰਾਂ ਨੂੰ ਵੀ ਗੱਲਬਾਤ ਲਈ ਬੁਲਾਇਆ ਗਿਆ ਸੀ। ਆਖਰ ਗੱਲਬਾਤ ਤੋਂ ਬਾਅਦ ਇਹ ਨਵਾਂ ਫੈਸਲਾ ਲਿਆ ਗਿਆ ਹੈ। ਸ਼ਕੀਲ ਅਹਿਮਦ ਨੇ ਇਨ੍ਹਾਂ ਦੋਵਾਂ ਨਾਂਵਾਂ ਦੀ ਪੁਸ਼ਟੀ ਕਰ ਦਿੱਤੀ ਹੈ।
______________________________
ਪ੍ਰਤਾਪ ਸਿੰਘ ਬਾਜਵਾ ਧੜਾ ਬਾਗੋਬਾਗ
ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧੀ ਕੈਂਪ ਕਾਂਗਰਸ ਹਾਈਕਮਾਨ ਵੱਲੋਂ ਦੋ ਸਾਬਕਾ ਪ੍ਰਧਾਨਾਂ ਸ਼ਮਸ਼ੇਰ ਸਿੰਘ ਦੂਲੋ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਰਾਜ ਸਭਾ ਲਈ ਟਿਕਟਾਂ ਦੇਣ ਤੋਂ ਬਾਗੋਬਾਗ ਹੈ ਅਤੇ ਇਸ ਫੈਸਲੇ ਨਾਲ ਕੈਪਟਨ ਧੜੇ ਨੂੰ ਹਾਲ ਦੀ ਘੜੀ ਸੱਟ ਲੱਗੀ ਹੈ, ਪਰ ਉਹ ਇਸ ਗੱਲ ‘ਤੇ ਸੰਤੁਸ਼ਟ ਹਨ ਕਿ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਅਗਵਾਈ ਤੇ ਮੁੱਖ ਮੰਤਰੀ ਦੀ ਭਵਿੱਖੀ ਕੁਰਸੀ ਉਨ੍ਹਾਂ ਕੋਲ ਹੈ।
________________________________
ਭਾਜਪਾ ਨੇ ਨਵਜੋਤ ਸਿੰਘ ਸਿੱਧੂ ਨੂੰ ਅਣਗੌਲਿਆ
ਚੰਡੀਗੜ੍ਹ: ਕਾਂਗਰਸ ਨੇ ਹੰਸਰਾਜ ਹੰਸ ਦੀ ਥਾਂ ਸ਼ਮਸ਼ੇਰ ਸਿੰਘ ਦੂਲੋ ਤੇ ਭਾਜਪਾ ਨੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਦੀ ਥਾਂ ਅੰਮ੍ਰਿਤਸਰ ਦੇ ਸਾਬਕਾ ਮੇਅਰ ਸ਼ਵੇਤ ਮਲਿਕ ਨੂੰ ਰਾਜ ਸਭਾ ਦੀ ਟਿਕਟ ਦੇ ਦਿੱਤੀ। ਹੰਸਰਾਜ ਤੇ ਸਿੱਧੂ ਦਾ ਨਾਂ ਕਾਫੀ ਚਰਚਾ ਵਿਚ ਸੀ, ਪਰ ਦੋਵੇਂ ਹੱਥ ਮਲਦੇ ਹੀ ਰਹਿ ਗਏ। ਸਿੱਧੂ ਪਹਿਲਾਂ ਹੀ ਲੋਕ ਸਭਾ ਦੀ ਟਿਕਟ ਨਾ ਦੇਣ ਕਰਕੇ ਪਾਰਟੀ ਤੋਂ ਖਫਾ ਹਨ। ਮੰਨਿਆ ਜਾ ਰਿਹਾ ਸੀ ਕਿ ਪਾਰਟੀ ਉਨ੍ਹਾਂ ਨੂੰ ਰਾਜ ਸਭਾ ਭੇਜ ਕੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕਰੇਗੀ।
______________________________
‘ਆਪ’ ਨੇ ਪਾਇਆ ਹੰਸ ਨੂੰ ‘ਚੋਗਾ’
ਜਲੰਧਰ: ਕਾਂਗਰਸ ਹਾਈਕਮਾਨ ਵੱਲੋਂ ਐਨ ਆਖਰੀ ਮੌਕੇ ਹੰਸ ਰਾਜ ਹੰਸ ਦੀ ਟਿਕਟ ਕੱਟੇ ਜਾਣ ਤੋਂ ਖਫ਼ਾ ਵਾਲਮੀਕ ਭਾਈਚਾਰੇ ਦੇ ਲੋਕਾਂ ਵੱਲੋਂ ਕੁਝ ਸੀਨੀਅਰ ਕਾਂਗਰਸੀ ਆਗੂਆਂ ਵਿਰੁੱਧ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦੇ ਚੱਲਦਿਆਂ ‘ਆਪ’ ਦੇ ਆਗੂਆਂ ਨੇ ਹੰਸ ਰਾਜ ਹੰਸ ਨਾਲ ਚਾਹ ਦੀਆਂ ਚੁਸਕੀਆਂ ਲਈਆਂ। ‘ਆਪ’ ਦੇ ਜਲੰਧਰ ਜ਼ੋਨ ਦੇ ਅਬਜ਼ਰਵਰ ਰਾਜੀਵ ਚੌਧਰੀ ਵੱਲੋਂ ਹੰਸ ਰਾਜ ਹੰਸ ਦੇ ਘਰ ਉਨ੍ਹਾਂ ਨਾਲ ਤਕਰੀਬਨ 15 ਮਿੰਟ ਬੰਦ ਕਮਰਾ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਦੋਆਬੇ ਦੇ ਵਾਲਮੀਕ ਭਾਈਚਾਰੇ ਦੇ ਆਗੂ ਵੀ ਹਾਜ਼ਰ ਸਨ। ‘ਆਪ’ ਦੇ ਆਗੂ ਨਾਲ ਹੋਈ ਇਸ ਗੱਲਬਾਤ ਦੀ ਪੁਸ਼ਟੀ ਖ਼ੁਦ ਹੰਸ ਰਾਜ ਹੰਸ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ ਆਗੂ ਦਾ ਇਸ ਸਮੇਂ ‘ਤੇ ਘਰ ਆਉਣ ਦਾ ਮਤਲਬ ਤਾਂ ਸਭ ਜਾਣਦੇ ਹੀ ਹਨ। ‘ਆਪ’ ਦੇ ਆਗੂ ਰਾਜੀਵ ਚੌਧਰੀ ਨੇ ਵੀ ਇਹ ਗੱਲ ਮੰਨੀ ਹੈ ਕਿ ਉਸ ਨੇ ਹੰਸ ਰਾਜ ਹੰਸ ਦੇ ਘਰ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਮੀਟਿੰਗ ਗੈਰ-ਸਿਆਸੀ ਸੀ।