ਜਾਟ ਅੰਦੋਲਨ: ਸਰਕਾਰੀ ਸ਼ਹਿ ‘ਤੇ ਵਾਪਰੀਆਂ ਲੁੱਟਮਾਰ ਦੀ ਘਟਨਾਵਾਂ

ਚੰਡੀਗੜ੍ਹ: ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ ਜਾਰੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਾਟ ਅੰਦੋਲਨ ਦੌਰਾਨ ਦੰਗਾਕਾਰੀਆਂ ਨੂੰ ਕਤਲ ਤੇ ਲੁੱਟ ਦੀ ਖੁੱਲ੍ਹ ਦੇਣ ਵਾਸਤੇ ਸਰਕਾਰ ਤੇ ਪ੍ਰਸ਼ਾਸਨ ਨੇ 36 ਘੰਟਿਆਂ ਲਈ ਜਾਣਬੁੱਝ ਕੇ ਅੱਖਾਂ ਬੰਦ ਰੱਖੀਆਂ। ਦੰਗਾਕਾਰੀਆਂ ਨੇ ਸਰਕਾਰ ਦੀ ਸ਼ਹਿ ‘ਤੇ 19 ਤੋਂ 21 ਫਰਵਰੀ ਤੱਕ ਪੰਜਾਬੀਆਂ ਖਾਸ ਕਰ ਕੇ ਗੈਰ ਜਾਟ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਇਆ।

ਰਿਪੋਰਟ ਮੁਤਾਬਕ ਜਬਰ ਜਨਾਹ, ਲੁੱਟ ਅਤੇ ਅੱਗ ਲਾਉਣ ਦੀਆਂ 99 ਫੀਸਦੀ ਵਾਰਦਾਤਾਂ ‘ਤੇ ਪਰਦਾ ਪਾਇਆ ਗਿਆ ਹੈ। ਰਿਪੋਰਟ ਵਿਚ ਇਨ੍ਹਾਂ ਘਟਨਾਵਾਂ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਗਈ ਹੈ। ਸਭਾ ਵੱਲੋਂ ਇਹ ਰਿਪੋਰਟ ਸੰਯੁਕਤ ਰਾਸ਼ਟਰ, ਪ੍ਰਧਾਨ ਮੰਤਰੀ ਅਤੇ ਸੁਪਰੀਮ ਕੋਰਟ ਨੂੰ ਭੇਜੀ ਜਾ ਰਹੀ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਮਹੂਰੀ ਅਧਿਕਾਰ ਸਭਾ ਦੇ ਪੰਜ ਨੁਮਾਇੰਦਿਆਂ ਦੀ ਟੀਮ ਜਦੋਂ ਹਰਿਆਣਾ ਵਿਚ ਸੱਚ ਦਾ ਪਤਾ ਲਾਉਣ ਗਈ ਤਾਂ ਸਾਦੇ ਕੱਪੜਿਆਂ ਵਿਚ ਪੁਲਿਸ ਵਾਲਿਆਂ ਨੇ ਘੇਰਾ ਪਾਈ ਰੱਖਿਆ ਅਤੇ ਪੁਲਿਸ ਵੱਲੋਂ ਲੋਕਾਂ ਨੂੰ ਬਿਆਨ ਦੇਣ ਤੋਂ ਰੋਕਿਆ ਗਿਆ। ਮੈਂਬਰਾਂ ਨੇ ਉਥੇ ਮੌਜੂਦ ਫੌਜ ਦੇ ਜਵਾਨਾਂ ਨਾਲ ਕੀਤੀ ਗੱਲਬਾਤ ਦੇ ਹਵਾਲੇ ਨਾਲ ਦੱਸਿਆ ਹੈ ਕਿ ਫੌਜੀਆਂ ਨੂੰ ਕਾਰਵਾਈ ਦੇ ਹੁਕਮ ਹੀ ਨਹੀਂ ਦਿੱਤੇ ਗਏ। ਹਿੰਸਾ ਦੇ ਦੌਰ ਦੌਰਾਨ ਇਕ ਫੌਜੀ ਜਵਾਨ ਵੀ ਜਖ਼ਮੀ ਹੋਇਆ ਸੀ। ਕਮੇਟੀ ਦੇ ਮੈਂਬਰਾਂ ਦਾ ਮੰਨਣਾ ਹੈ ਕਿ ਭਾਜਪਾ ਦੇ ਸੰਸਦ ਮੈਂਬਰ ਰਾਜ ਕੁਮਾਰ ਸੈਣੀ ਵੱਲੋਂ ਜਾਟਾਂ ਵਿਰੁੱਧ ਦਿੱਤੇ ਬਿਆਨ ਕਰ ਕੇ ਉਥੇ ਵੱਸਦੇ ਸੈਣੀ ਭਾਈਚਾਰੇ ਨੂੰ ਮੁੱਖ ਤੌਰ ‘ਤੇ ਨਿਸ਼ਾਨਾ ਬਣਾਇਆ ਗਿਆ।
ਸਭਾ ਦੇ ਮੈਂਬਰਾਂ ਨੇ ਕੌਮੀ ਮਾਰਗ ਨੰਬਰ-1 ‘ਤੇ ਵਾਪਰੀਆਂ ਘਟਨਾਵਾਂ ਨਾਲ ਸਭ ਤੋਂ ਵੱਧ ਨੁਕਸਾਨ ਹੋਣ ਦੀ ਗੱਲ ਕਹੀ ਹੈ। ਰਿਪੋਰਟ ਮੁਤਾਬਕ ਅਪੋਲੋ ਸਕੂਲ, ਮੰਨਤ ਹਵੇਲੀ, ਸੁਖਦੇਵ ਢਾਬਾ, ਪਿੰਡ ਹਸਨਪੁਰ, ਕੁਰਾਹੜ, ਮੂਰਥਲ ਸਮੇਤ ਕਈ ਹੋਰ ਢਾਬਿਆਂ ਅਤੇ ਪੈਟਰੋਲ ਪੰਪਾਂ ਤੋਂ ਜਾਣਕਾਰੀ ਇਕੱਤਰ ਕਰਨ ‘ਤੇ ਪਤਾ ਲੱਗਿਆ ਕਿ ਲੋਕ ਹਾਲੇ ਵੀ ਦਹਿਸ਼ਤ ਵਿਚ ਹਨ ਅਤੇ ਸਰਕਾਰ ਦਾ ਸਾਰਾ ਜ਼ੋਰ ਸਬੂਤ ਖਤਮ ਕਰਨ ‘ਤੇ ਲੱਗਿਆ ਹੋਇਆ ਹੈ।
ਇਨ੍ਹਾਂ ਥਾਵਾਂ ਉਤੇ ਕੰਮ ਕਰਦੇ ਲੋਕਾਂ ਨੇ ਦੱਸਿਆ ਕਿ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਨੰਬਰਾਂ ਵਾਲੀਆਂ ਗੱਡੀਆਂ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਗਿਆ। ਮੂਰਥਲ ਦੇ ਕੁਝ ਪੰਜਾਬੀਆਂ ਨੇ ਦੱਸਿਆ ਕਿ ਤਿੰਨ ਦਿਨ ਨੌਜਵਾਨਾਂ ਦੇ ਗੁੱਟ ਗੁੰਡਾਗਰਦੀ ਕਰਦੇ ਰਹੇ ਤੇ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਰਿਹਾ ਅਤੇ ਫੌਜ ਕਾਰਵਾਈ ਦੇ ਹੁਕਮ ਉਡੀਕਦੀ ਰਹਿ ਗਈ। ਲੋਕਾਂ ਨੂੰ ਜਿਉਂਦਿਆਂ ਸਾੜਨ ਅਤੇ ਸਮੂਹਿਕ ਜਬਰ ਜਨਾਹ ਤੋਂ ਬਾਅਦ ਲਾਸ਼ਾਂ ਨਹਿਰਾਂ ਵਿਚ ਸੁੱਟਣ ਬਾਰੇ ਵੀ ਜਾਣਕਾਰੀ ਮਿਲੀ ਹੈ।
ਗੁਹਾਣਾ ਵਿਚ ਦੰਗਾਕਾਰੀਆਂ ਨੂੰ ਰੋਕਣ ਲਈ ਸਥਾਨਕ ਲੋਕ ਖ਼ੁਦ ਢਾਲ ਬਣ ਕੇ ਖੜ੍ਹ ਗਏ ਸਨ, ਪਰ ਦੰਗਾਕਾਰੀ ਹਵਾਈ ਫਾਇਰ ਕਰਨ ਤੋਂ ਬਾਅਦ ਪਿੰਡ ਵਿਚ ਵੜਨ ਵਿਚ ਸਫਲ ਹੋ ਗਏ ਅਤੇ ਬਾਅਦ ਵਿਚ ਉਨ੍ਹਾਂ ਨੇ ਹੋਰਨਾਂ ਬਰਾਦਰੀ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ। ਝੱਜਰ, ਭਿਵਾਨੀ, ਹਿਸਾਰ, ਕੈਥਲ ਅਤੇ ਹੋਰ ਕਈ ਇਲਾਕਿਆਂ ਵਿਚ ਯੋਜਨਾਬੱਧ ਢੰਗ ਨਾਲ ਗ਼ੈਰ ਜਾਟਾਂ ਨੂੰ ਨਿਸ਼ਾਨਾ ਬਣਾਇਆ ਗਿਆ। ਹਰਿਆਣਾ ਦਾ ਦੋ ਦਿਨ ਦਾ ਦੌਰਾ ਕਰਨ ਤੋਂ ਬਾਅਦ ਟੀਮ ਇਸ ਸਿੱਟੇ ‘ਤੇ ਪੁੱਜੀ ਕਿ ਹਰਿਆਣੇ ਵਿਚ ਜਾਤ-ਪਾਤ ਦਾ ਮਸਲਾ ਕਾਫੀ ਗੰਭੀਰ ਹੈ ਅਤੇ ਵੋਟਾਂ ਦੀ ਸਿਆਸਤ ਨੇ ਸਮੁੱਚੇ ਰਾਜ ਨੂੰ ਜਾਤੀਵਾਦ ਦੀ ਅੱਗ ਵਿਚ ਧੱਕ ਦਿੱਤਾ ਹੈ।
ਰਿਪੋਰਟ ਦੇ ਅੰਤ ਵਿਚ ਕਿਹਾ ਗਿਆ ਹੈ ਕਿ ਇਹ ਪਹਿਲਾਂ ਰਚੀ ਸਾਜ਼ਿਸ਼ ਸੀ ਅਤੇ ਸੋਚ ਸਮਝ ਕੇ ਕੁਝ ਫਿਰਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਸਮਾਜ ਵਿਚ ਪਈਆਂ ਤਰੇੜਾਂ ਦੀ ਭਰਪਾਈ ਲਈ ਭਰਪੂਰ ਯਤਨ ਕਰਨ ਅਤੇ ਇਨ੍ਹਾਂ ਦੇ ਕਾਰਨਾਂ ਦੀ ਨਿਸ਼ਾਨਦੇਹੀ ਦੀ ਲੋੜ ਹੈ। ਰਿਪੋਰਟ ਵਿਚ ਹਾਈ ਕੋਰਟ ਦੇ ਆਦੇਸ਼ਾਂ ‘ਤੇ ਬਣੀ ਵਿਸ਼ੇਸ਼ ਜਾਂਚ ਕਮੇਟੀ ਵੱਲੋਂ ਸੰਜੀਦਗੀ ਨਾਲ ਕੰਮ ਨਾ ਕਰਨ ਉਤੇ ਹੈਰਾਨੀ ਪ੍ਰਗਟ ਕੀਤੀ ਗਈ ਹੈ।
______________________________________
ਮਿਥ ਕੇ ਕੁਝ ਭਾਈਚਾਰਿਆਂ ਨੂੰ ਬਣਾਇਆ ਨਿਸ਼ਾਨਾ
ਚੰਡੀਗੜ੍ਹ: ਰਿਪੋਰਟ ਮੁਤਾਬਕ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਨੰਬਰਾਂ ਵਾਲੀਆਂ ਗੱਡੀਆਂ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਗਿਆ। ਮੂਰਥਲ ਦੇ ਕੁਝ ਪੰਜਾਬੀਆਂ ਨੇ ਦੱਸਿਆ ਕਿ ਤਿੰਨ ਦਿਨ ਨੌਜਵਾਨਾਂ ਦੇ ਗੁੱਟ ਗੁੰਡਾਗਰਦੀ ਕਰਦੇ ਰਹੇ ਤੇ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਰਿਹਾ ਅਤੇ ਫੌਜ ਕਾਰਵਾਈ ਦੇ ਹੁਕਮ ਉਡੀਕਦੀ ਰਹਿ ਗਈ। ਲੋਕਾਂ ਨੂੰ ਜਿਉਂਦਿਆਂ ਸਾੜਨ ਅਤੇ ਸਮੂਹਿਕ ਜਬਰ ਜਨਾਹ ਤੋਂ ਬਾਅਦ ਲਾਸ਼ਾਂ ਨਹਿਰਾਂ ਵਿਚ ਸੁੱਟਣ ਬਾਰੇ ਵੀ ਜਾਣਕਾਰੀ ਮਿਲੀ ਹੈ। ਕਮੇਟੀ ਦੇ ਮੈਂਬਰਾਂ ਦਾ ਮੰਨਣਾ ਹੈ ਕਿ ਭਾਜਪਾ ਦੇ ਸੰਸਦ ਮੈਂਬਰ ਰਾਜ ਕੁਮਾਰ ਸੈਣੀ ਵੱਲੋਂ ਜਾਟਾਂ ਵਿਰੁੱਧ ਦਿੱਤੇ ਬਿਆਨ ਕਰ ਕੇ ਉਥੇ ਵੱਸਦੇ ਸੈਣੀ ਭਾਈਚਾਰੇ ਨੂੰ ਮੁੱਖ ਤੌਰ ‘ਤੇ ਨਿਸ਼ਾਨਾ ਬਣਾਇਆ ਗਿਆ।