ਬਠਿੰਡਾ: ਪੰਜਾਬ ਪੁਲਿਸ ਦੇ ਤਿੰਨ ਵਰ੍ਹਿਆਂ ਵਿਚ ਤਕਰੀਬਨ ਸੌ ਮੁਲਾਜ਼ਮ (ਹੋਮਗਾਰਡ ਤੋਂ ਥਾਣੇਦਾਰ ਤੱਕ) ਨਸ਼ਿਆਂ ਦੀ ਤਸਕਰੀ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਹਨ। ਪੰਜਾਬ ਦੇ ਥਾਣਿਆਂ ਵਿਚ ਤਿੰਨ ਵਰ੍ਹਿਆਂ ਦੌਰਾਨ 78 ਅਜਿਹੇ ਪੁਲਿਸ ਕੇਸ ਦਰਜ ਹੋਏ ਹਨ, ਜਿਨ੍ਹਾਂ ਵਿਚ ਨਸ਼ਿਆਂ ਦੀ ਤਸਕਰੀ ਵਿਚ ਪੁਲਿਸ ਦੇ ਥਾਣੇਦਾਰ ਤੇ ਹੋਰ ਮੁਲਾਜ਼ਮ ਸ਼ਾਮਲ ਹਨ।
ਇਹ ਤੱਥ ਪੰਜਾਬ ਦੇ ਗ੍ਰਹਿ ਵਿਭਾਗ ਵੱਲੋਂ ਕੇਂਦਰ ਸਰਕਾਰ ਨੂੰ ਭੇਜੀ ਗਈ ਰਿਪੋਰਟ ਵਿਚ ਉਜਾਗਰ ਹੋਏ ਹਨ। ਕੇਂਦਰੀ ਗ੍ਰਹਿ ਮੰਤਰਾਲੇ ਦੇ ਤਾਜ਼ਾ ਵੇਰਵਿਆਂ ਅਨੁਸਾਰ ਪੰਜਾਬ ਪੁਲਿਸ ਨੇ ਨਸ਼ਿਆਂ ਦੀ ਤਸਕਰੀ ਕਰਨ ਵਾਲੇ 32 ਮੁਲਾਜ਼ਮਾਂ ਨੂੰ ਨੌਕਰੀ ਵਿਚੋਂ ਕੱਢ ਦਿੱਤਾ ਹੈ। ਪੰਜਾਬ ਵਿਚ ਹਰ ਵਰ੍ਹੇ ਔਸਤਨ 30 ਤੋਂ 35 ਪੁਲਿਸ ਮੁਲਾਜ਼ਮ ਨਸ਼ਿਆਂ ਦੀ ਤਸਕਰੀ ਕਰਦੇ ਫੜੇ ਜਾ ਰਹੇ ਹਨ। ਜ਼ਿਲ੍ਹਾ ਮੋਗਾ ਦੇ ਕਈ ਮੁਲਾਜ਼ਮ ਇਸ ਕਾਰੋਬਾਰ ਵਿਚ ਗ੍ਰਿਫਤਾਰ ਕੀਤੇ ਗਏ ਹਨ। ਫ਼ਰੀਦਕੋਟ ਪੁਲਿਸ ਨੇ ਤਿੰਨ ਜੁਲਾਈ 2015 ਨੂੰ ਹੀ ਇਕ ਹੌਲਦਾਰ ਖਿਲਾਫ਼ ਕੇਸ ਦਰਜ ਕੀਤਾ ਹੈ, ਜੋ ਤਸਕਰੀ ਕਰ ਰਿਹਾ ਸੀ। ਮੋਗਾ ਪੁਲਿਸ ਦੇ ਕਈ ਮੁਲਾਜ਼ਮ ਇਸ ਮਾਮਲੇ ਵਿਚ ਮੁਅੱਤਲ ਕੀਤੇ ਜਾ ਚੁੱਕੇ ਹਨ। ਸਰਕਾਰੀ ਵੇਰਵਿਆਂ ਅਨੁਸਾਰ ਜਨਵਰੀ 2013 ਤੋਂ ਦਸੰਬਰ 2015 ਦੌਰਾਨ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਦੋ ਸਬ ਇੰਸਪੈਕਟਰ, ਅੱਠ ਏæਐਸ਼ਆਈæ, 36 ਹੌਲਦਾਰ, 17 ਸਿਪਾਹੀ, ਨੌਂ ਹੋਮਗਾਰਡ ਜਵਾਨ ਅਤੇ 15 ਜੇਲ੍ਹ ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਲੰਘੇ ਵਰ੍ਹੇ (2015) ਦੌਰਾਨ ਮੁਲਾਜ਼ਮਾਂ ਖਿਲਾਫ਼ ਨਸ਼ਿਆਂ ਦੀ ਤਸਕਰੀ ਦੇ 26 ਕੇਸ ਦਰਜ ਹੋਏ ਸਨ ਤੇ 36 ਮੁਲਾਜ਼ਮ ਤੇ ਥਾਣੇਦਾਰ ਗ੍ਰਿਫਤਾਰ ਕੀਤੇ ਗਏ ਸਨ। ਸਾਲ 2015 ਵਿਚ ਚੰਡੀਗੜ੍ਹ ਪੁਲਿਸ ਦਾ ਇਕ, ਏਅਰ ਫੋਰਸ ਦਾ ਇਕ, ਬੀæਐਸ਼ਐਫ਼ ਦਾ ਇਕ ਅਤੇ ਆਰæਪੀæਐਫ਼ ਦਾ ਵੀ ਇਕ ਜਵਾਨ ਗ੍ਰਿਫਤਾਰ ਕੀਤਾ ਗਿਆ ਸੀ।
ਸਾਲ 2014 ਵਿਚ ਗ੍ਰਿਫਤਾਰ ਕੀਤੇ ਗਏ 29 ਮੁਲਾਜ਼ਮਾਂ ਵਿਚ ਜੰਮੂ ਕਸ਼ਮੀਰ ਪੁਲਿਸ ਦਾ ਵੀ ਇਕ ਮੁਲਾਜ਼ਮ ਸ਼ਾਮਲ ਹੈ। ਵਰ੍ਹਾ 2013 ਵਿਚ 27 ਪੁਲਿਸ ਕੇਸ ਦਰਜ ਹੋਏ ਸਨ ਅਤੇ 35 ਮੁਲਾਜ਼ਮ ਤੇ ਥਾਣੇਦਾਰ ਗ੍ਰਿਫਤਾਰ ਕੀਤੇ ਗਏ ਸਨ। ਪੰਜਾਬ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਬਹੁਤ ਘੱਟ ਮੁਲਾਜ਼ਮ ਅਜਿਹੇ ਹੋਣਗੇ, ਜੋ ਇਸ ਕੰਮ ਵਿਚ ਪਏ ਹੋਣਗੇ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਖਿਲਾਫ਼ ਫੌਰੀ ਸਖਤ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਆਖਿਆ ਕਿ ਛੋਟੇ ਰੈਂਕ ਵਾਲੇ ਮੁਲਾਜ਼ਮ ਲਾਲਚਵਸ ਕਈ ਵਾਰੀ ਤਸਕਰਾਂ ਦੀ ਕੁੜਿੱਕੀ ਵਿਚ ਫਸ ਜਾਂਦੇ ਹਨ।
___________________________________
ਸਰਹੱਦੀ ਜ਼ਿਲ੍ਹਿਆਂ ਵਿਚ ਸਮੱਸਿਆ ਗੰਭੀਰ
ਚੰਡੀਗੜ੍ਹ: ਸਰਹੱਦੀ ਜ਼ਿਲ੍ਹਿਆਂ ਦੇ ਕਾਫੀ ਮੁਲਾਜ਼ਮਾਂ ਦੀ ਸ਼ਮੂਲੀਅਤ ਨਸ਼ਾ ਤਸਕਰੀ ਵਿਚ ਪਾਈ ਗਈ ਹੈ। ਰਾਜਸਥਾਨ ਵਿਚੋਂ ਭੁੱਕੀ ਲਿਆਉਣ ਵਾਲੇ ਪੁਲਿਸ ਮੁਲਾਜ਼ਮਾਂ ਦੀ ਭੀੜ ਤਾਂ ਭੁੱਕੀ ਦੇ ਠੇਕਿਆਂ ‘ਤੇ ਦੇਖੀ ਜਾ ਸਕਦੀ ਹੈ। ਪੰਜਾਬ ਪੁਲਿਸ ਨੇ ਅਜਿਹੇ ਧੰਦੇ ਵਿਚ ਪਏ ਮੁਲਾਜ਼ਮਾਂ ‘ਤੇ ਵੀ ਕਾਰਵਾਈ ਕੀਤੀ ਹੈ। ਪੁਲਿਸ ਅਫਸਰਾਂ ਨੇ ਅਜਿਹੇ 32 ਮੁਲਾਜ਼ਮਾਂ ਨੂੰ ਨੌਕਰੀ ‘ਚੋਂ ਕੱਢ ਦਿੱਤਾ ਹੈ ਜਦੋਂਕਿ 17 ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਹੈ। 35 ਮੁਲਾਜ਼ਮਾਂ ਖਿਲਾਫ਼ ਕੇਸ ਹਾਲੇ ਪ੍ਰਕਿਰਿਆ ਅਧੀਨ ਹਨ। ਨੌਂ ਮੁਲਾਜ਼ਮਾਂ ਖਿਲਾਫ਼ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਗਈ ਹੈ।
_____________________________________
ਕੇਂਦਰੀ ਸੂਹੀਏ ਨੱਪਣਗੇ ਤਸਕਰਾਂ ਦੀ ਪੈੜ
ਚੰਡੀਗੜ੍ਹ: ਕੇਂਦਰੀ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਪੰਜਾਬ ਵਿਚੋਂ ਨਸ਼ਿਆਂ ਦੇ ਖਾਤਮੇ ਲਈ ਸੂਹੀਏ ਪੈਦਾ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਨਸ਼ੇ ਫੜਾਏ ਜਾਣ ‘ਤੇ ਢੁਕਵਾਂ ਇਨਾਮ ਵੀ ਦਿੱਤਾ ਜਾਂਦਾ ਹੈ। ਸੂਬਿਆਂ ਦੇ ਐਂਟੀ ਨਾਰਕੋਟਿਕਸ ਯੂਨਿਟਸ ਨੂੰ ਮਜ਼ਬੂਤ ਕਰਨ ਵਾਸਤੇ ਵਿੱਤੀ ਮਦਦ ਕੀਤੀ ਜਾ ਰਹੀ ਹੈ।