ਜਸਪ੍ਰੀਤ ਕੌਰ
ਸ਼ਿਕਾਗੋ: ਕਿਰਨਜੀਤ ਕੌਰ ਗਿੱਲ ਆਪਣੇ ਮਾਪਿਆਂ ਦਾ ਮਾਣ ਤਾਂ ਹੈ ਹੀ, ਉਹ ਆਪਣੇ ਸਕੂਲ, ਕਾਲਜ ਅਤੇ ਯੂਨੀਵਰਸਿਟੀ ਦਾ ਵੀ ਮਾਣ ਹੈ; ਸਿੱਖ, ਪੰਜਾਬੀ ਤੇ ਭਾਰਤੀ ਭਾਈਚਾਰੇ ਨੂੰ ਵੀ ਉਸ ‘ਤੇ ਮਾਣ ਹੈ। ਜੇ ਉਸ ਦੀ ਮਿਹਨਤ ਸਿਰੇ ਚੜ੍ਹੀ ਅਤੇ ਉਸ ਦੇ ਮਨ ਦੀ ਮੁਰਾਦ ਪੂਰੀ ਹੋਈ ਤਾਂ ਅਮਰੀਕੀ ਰਾਜਧਾਨੀ ਵਾਸ਼ਿੰਗਟਨ ਡੀ ਸੀ ਵਿਚ ਵੀ ਕਿਸੇ ਦਿਨ ਪੰਜਾਬੀਆਂ ਦੇ ਝੰਡੇ ਗੱਡੇਗੀ। ਉਹ ਆਪਣੇ ਭਾਈਚਾਰੇ ਦੇ ਬੱਚਿਆਂ ਲਈ ਇਕ ਰੋਲ ਮਾਡਲ ਤਾਂ ਹੈ ਹੀ।
ਇਥੋਂ ਦੀ ਸਬਰਬ ਪੈਲਾਟਾਈਨ ਰਹਿੰਦੀ 21 ਵਰ੍ਹਿਆਂ ਦੀ ਕਿਰਨਜੀਤ ਨਾਰਦਰਨ ਇਲੀਨਾਏ ਯੂਨੀਵਰਸਿਟੀ (ਐਨ ਆਈ ਯੂ), ਡੀਕੈਬ (ਇਲੀਨਾਏ) ਵਿਚ ਪੁਲੀਟੀਕਲ ਸਾਇੰਸ ਦੀ ਮੇਜਰ ਸਟੂਡੈਂਟ ਹੈ। ਅਗੋਂ ਉਸ ਦਾ ਇਰਾਦਾ ਲਾਅ ਡਿਗਰੀ ਕਰਕੇ ਵਕਾਲਤ ਕਰਨ ਦਾ ਹੈ। ਉਸ ਨੂੰ ਪਤਾ ਹੈ ਕਿ ਵਕਾਲਤ ਵਾਲਾ ਰਾਹ ਅਗਾਂਹ ਸਿਆਸਤ ਜਾਂ ਨਾਨ-ਪ੍ਰਾਫਿਟ ਕਾਰਜਾਂ ਵਲ ਖੁੱਲ੍ਹਦਾ ਹੈ, ਪਰ ਉਹ ਇਸ ਸਭ ਕਾਸੇ ਲਈ ਤਿਆਰ ਹੈ ਅਤੇ ਸਿਆਸਤ ਵਿਚ ਜਾਣਾ ਵੀ ਉਸ ਨੂੰ ਚੰਗਾ ਲਗਦਾ ਹੈ, ਜਿਸ ਰਾਹੀਂ ਉਹ ਘੱਟਗਿਣਤੀਆਂ ਦੇ ਮਸਲੇ ਸਹੀ ਪ੍ਰਸੰਗ ਵਿਚ ਪੇਸ਼ ਕਰ ਸਕੇਗੀ। ਉਹ ਦੂਜਿਆਂ ਲਈ ਕੰਮ ਕਰਨ ਲਈ ਦ੍ਰਿੜ ਸੰਕਲਪ ਹੈ ਅਤੇ ਇਸ ਦੁਨੀਆਂ ਵਿਚ ਆਪਣਾ ਵੱਖਰਾ ਮੁਕਾਮ ਬਣਾਉਣਾ ਚਾਹੁੰਦੀ ਹੈ। ਉਹ ਆਖਦੀ ਹੈ, “ਮੈਂ ਸਦਾ ਇਨਸਾਫ ਅਤੇ ਬਰਾਬਰੀ ਲੋਚਦੀ ਰਹੀ ਹਾਂ। ਮੈਂ ਹੁਣ ਤੱਕ ਜੋ ਕੁਝ ਵੀ ਕੀਤਾ ਹੈ, ਇਸੇ ਖਿਆਲ ਅਤੇ ਆਸ਼ੇ ਨਾਲ ਕੀਤਾ ਹੈ।”
ਕਿਰਨਜੀਤ ਇਸ ਸਾਲ ਟਾਪ ਸੀਨੀਅਰ ਚੁਣੀ ਗਈ ਹੈ। ਉਸ ਨੂੰ ਐਨæਆਈæਯੂæ ਦੀ ਸਟੂਡੈਂਟ ਲਿੰਕਨ ਲੌਰੇਟ ਵੀ ਚੁਣਿਆ ਗਿਆ ਹੈ। ਇਹ ਚੋਣ ਹਰ ਸਾਲ ਕੀਤੀ ਜਾਂਦੀ ਹੈ ਅਤੇ ਕਿਰਨ ਨੇ 4 ਵਿਚੋਂ 3æ82 ਜੀæਪੀæਏæ ਹਾਸਲ ਕੀਤੇ ਹਨ। ਇਹ ਆਪਣੇ-ਆਪ ਵਿਚ ਇਕ ਵਡੀ ਪ੍ਰਾਪਤੀ ਹੈ। ਖੁਸ਼ੀ ਵਿਚ ਚਹਿਕਦੀ ਉਹ ਆਖਦੀ ਹੈ, “ਮੈਨੂੰ ਇੰਨੀ ਆਸ ਨਹੀਂ ਸੀ। ਜਾਪਦਾ ਹੈ ਕਿ ਕਿਸੇ ਵੇਲੇ ਕੁਝ ਨਾ ਕੁਝ ਨਵਾਂ ਵਾਪਰਦਾ ਰਹਿੰਦਾ ਹੈ ਜੋ ਤੁਹਾਨੂੰ ਹੈਰਾਨ ਕਰਦਾ ਹੈ।”
ਕਿਰਨਜੀਤ ਗਿੱਲ ਐਨæਆਈæਯੂæ ਦੀ ਪ੍ਰੀ-ਲਾਅ ਆਨਰ ਸੁਸਾਇਟੀ ਦੀ ਪ੍ਰਧਾਨ ਹੈ ਅਤੇ 8ਵੇਂ ਡਿਸਟ੍ਰਿਕਟ ਤੋਂ ਯੂ ਐਸ ਕਾਂਗਰਸਵੁਮਨ ਟੈਮੀ ਡੱਕਵਰਥ ਨਾਲ ਦੋ ਵਾਰ ਇੰਟਰਨਸ਼ਿਪ ਕਰ ਚੁੱਕੀ ਹੈ ਤੇ ਆਪਣਾ ਖੋਜ ਕਾਰਜ ਵੀ ਛਪਵਾ ਚੁੱਕੀ ਹੈ। ਡੱਕਵਰਥ ਦਾ ਉਸ ਬਾਰੇ ਕਹਿਣਾ ਹੈ, “ਮੇਰੇ 8ਵੇਂ ਡਿਸਟ੍ਰਿਕਟ ਅਤੇ ਕੈਪੀਟਲ ਹਿੱਲ ਦਫਤਰਾਂ ਵਿਚ ਕੰਮ ਕਰਨ ਆਈ ਕਿਰਨ ਦੀ ਇਕ ਲੀਡਰ ਵਜੋਂ ਪ੍ਰਤਿਭਾ ਖੂਬ ਉਜਾਗਰ ਹੋਈ। ਉਸ ਦੀ ਕੰਮ ਕਰਨ ਦੀ ਲਗਨ ਅਤੇ ਇਕਾਗਰਤਾ ਬਹੁਤ ਪ੍ਰਭਾਵਸ਼ਾਲੀ ਅਤੇ ਪ੍ਰਸ਼ੰਸਾਯੋਗ ਹੈ। ਇਸ ਵਿਚ ਹੈਰਾਨੀ ਵਾਲੀ ਕੋਈ ਗੱਲ ਨਹੀਂ ਹੈ ਕਿ ਇੰਨੀ ਛੋਟੀ ਉਮਰ ਵਿਚ ਕਿਰਨ ਨੇ ਇੰਨੀਆਂ ਜ਼ਿਆਦਾ ਮੱਲਾਂ ਮਾਰੀਆਂ ਹਨ।”
ਇਹ ਪੁਛੇ ਜਾਣ ‘ਤੇ ਕਿ ਟੈਮੀ ਡੱਕਵਰਥ ਨਾਲ ਤਜਰਬਾ ਕਿਵੇਂ ਰਿਹਾ, ਕਿਰਨ ਨੇ ਦੱਸਿਆ ਕਿ ਉਸ ਨਾਲ ਇੰਟਰਨਸ਼ਿਪ ਦੌਰਾਨ ਉਸ ਨੂੰ ਘੱਟਗਿਣਤੀਆਂ ਅਤੇ ਸਰਕਾਰ ਵਿਚ ਉਨ੍ਹਾਂ ਦੇ ਰੋਲ ਨੂੰ ਸਮਝਣ ਵਿਚ ਮਦਦ ਮਿਲੀ, ਕਿਉਂਕਿ ਡੱਕਵਰਥ ਖੁਦ ਘਟਗਿਣਤੀ ਪ੍ਰਵਾਸੀਆਂ ਵਿਚੋਂ ਹੈ। ਕਿਰਨ ਨੇ ਦਸਿਆ ਕਿ ਉਸ ਦੇ ਵਾਸਿੰæਗਟਨ ਵਿਚਲੇ ਦਫਤਰ ਵਿਚ ਕੰਮ ਕਰਨ ਦਾ ਇਕ ਵਖਰਾ ਹੀ ਤਜਰਬਾ ਸੀ।
ਜ਼ਿਕਰਯੋਗ ਹੈ ਕਿ ਕਾਂਗਰਸ ਲਈ ਚੁਣੀ ਗਈ ਉਹ ਪਹਿਲੀ ਅੰਗਹੀਣ, ਥਾਈਲੈਂਡ ਵਿਚ ਜੰਮੀ ਅਤੇ ਇਲੀਨਾਏ ਤੋਂ ਚੁਣੀ ਜਾਣ ਵਾਲੀ ਪਹਿਲੀ ਏਸ਼ੀਅਨ ਅਮਰੀਕਨ ਔਰਤ ਹੈ।
ਡੱਕਵਰਥ ਇਰਾਕ ਨਾਲ ਲੜਾਈ ਵਿਚ ਅਮਰੀਕੀ ਫੌਜੀ ਹੈਲੀਕਾਪਟਰ ਦੀ ਪਾਇਲਟ ਸੀ। ਲੜਾਈ ਦੌਰਾਨ ਉਸ ਦਾ ਹੈਲੀਕਾਪਟਰ ਦੁਸ਼ਮਣ ਦੇ ਗੋਲਿਆਂ ਦੀ ਮਾਰ ਹੇਠ ਆ ਗਿਆ। ਉਸ ਦੀਆਂ ਦੋਵੇਂ ਲੱਤਾਂ ਜਾਂਦੀਆਂ ਰਹੀਆਂ ਅਤੇ ਸੱਜੀ ਬਾਂਹ ਦਾ ਵੀ ਕਾਫੀ ਨੁਕਸਾਨ ਹੋਇਆ। ਉਹ ਪਹਿਲੀ ਮਹਿਲਾ ਸੀ ਜਿਸ ਦੀਆਂ ਦੋਵੇਂ ਲੱਤਾਂ ਲੜਾਈ ਦੌਰਾਨ ਕੱਟੀਆਂ ਗਈਆਂ। ਉਹ ਇਲੀਨਾਏ ਤੋਂ ਸੈਨੇਟ ਲਈ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਵਜੋਂ ਪ੍ਰਇਮਰੀ ਚੋਣ ਜਿੱਤ ਗਏ ਹਨ।
ਡੱਕਵਰਥ ਦੇ ਆਫਿਸ ਵਿਚ ਕੰਮ ਕਰਦਿਆਂ ਕਿਰਨ ਦਾ ਵਾਸਤਾ ਕਿਸੇ ਇਕ ਨਸਲ ਨਾਲ ਨਹੀਂ, ਸਗੋਂ ਹਰ ਮੂਲ ਦੀਆਂ ਘੱਟਗਿਣਤੀਆਂ ਦੇ ਮਸਲਿਆਂ ਨਾਲ ਪਿਆ।
ਕਿਰਨ ਦੱਸਦੀ ਹੈ ਕਿ ਲੋਕ ਪ੍ਰਤੀਨਿਧੀ ਸਭਾ ਵਿਚ ਅਸੀਂ ਕੁਝ ਇਕ ਹੀ ਸਿੱਖ ਇੰਟਰਨ ਸਾਂ। ਇਹ ਵੀ ਇਕ ਵਖਰਾ ਤਜਰਬਾ ਸੀ ਕਿਉਂਕਿ ਮੈਨੂੰ ਇਕ ਘਟਗਿਣਤੀ ਭਾਈਚਾਰੇ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ, ਜਿਸ ਬਾਰੇ ਅਜੇ ਵੀ ਬਹੁਤ ਸਾਰੇ ਲੋਕਾਂ ਨੂੰ ਬਹੁਤਾ ਪਤਾ ਨਹੀਂ ਸੀ। ਮੈਂ ਆਪਣੇ ਦਫਤਰ ਵਿਚ ਕੰਮ ਕਰਦਿਆਂ ਹੋਰਨਾਂ ਸਿੱਖਾਂਦਰੂਆਂ (ਇੰਟਰਨ) ਨੂੰ ਨਾਲ ਲੈ ਕੇ ਸੈਲਡੈਫ ਸੰਸਥਾ ਵਲੋਂ ਕੈਪੀਟਲ ਹਿਲ ਉਤੇ ਲਾਏ ਗਏ ਲੰਗਰ ਵਿਚ ਲੈ ਕੇ ਗਈ ਅਤੇ ਉਨ੍ਹਾਂ ਨੂੰ ਲੰਗਰ ਦੀ ਰੀਤ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਦਿਤੀ।
ਉਹ ਕਹਿੰਦੀ ਹੈ, ਕਾਂਗਰਸ ਵਿਚ ਇੰਟਰਨ ਵਜੋਂ ਕੰਮ ਕਰਦਿਆਂ ਇਹ ਆਪਣੇ ਆਪ ਵਿਚ ਵਖਰੀ ਤਰ੍ਹਾਂ ਦਾ ਅਨੁਭਵ ਸੀ। ਜਦੋਂ ਹਾਲਵੇਅ ਵਿਚੋਂ ਲੰਘਦਿਆਂ ਕੋਈ ਕਾਂਗਰਸ ਮੈਂਬਰ ਮਿਲ ਪੈਂਦਾ ਤਾਂ ਬੜਾ ਚੰਗਾ ਲਗਦਾ, ਪਰ ਮੈਂ ਆਪਣਾ ਉਤਸ਼ਾਹ ਜਾਹਰ ਨਾ ਹੋਣ ਦਿੰਦੀ। ਇਨੀ ਛੋਟੀ ਉਮਰ ਵਿਚ ਸਿਆਸਤ ਦੇ ਕੇਂਦਰ ਕਾਂਗਰਸ ਵਿਚ ਵਿਚਰਨ ਨੇ ਮੈਨੂੰ ਕਿਸੇ ਵੀ ਕੈਰੀਅਰ ਵਿਚ ਜਾਣ ਦੇ ਸਮਰੱਥ ਬਣਾ ਦਿਤਾ ਹੈ।
ਉਸ ਨੇ ਦਸਿਆ ਕਿ ਕਾਲਜ ਵਿਚ ਰਿਸਰਚ ਕਰਦਿਆਂ ਉਹ ਪੁਲੀਟੀਕਲ ਸਾਇੰਸ ਅਤੇ ਲਾਅ ਨਾਲ ਇਸ ਦੇ ਸਬੰਧ ਬਾਰੇ ਹੋਰ ਸਟੱਡੀ ਕਰਨਾ ਚਾਹੁੰਦੀ ਸੀ। ਲਾਅ ਸਕੂਲ ਲਈ ਬੈਚਲਰ ਡਿਗਰੀ ਕਰਨ ਲਈ ਇਹ ਪੜ੍ਹਾਈ ਲੋੜੀਂਦੀ ਵੀ ਸੀ। ਕੈਪੀਟਲ ਹਿਲ ਦਾ ਤਜਰਬਾ ਇਸ ਮਾਮਲੇ ਵਿਚ ਬਹੁਤ ਕੰਮ ਆਇਆ।
ਕਿਰਨ ਨੇ ਫਰੈਸ਼ਮੈਨ ਵਜੋਂ ਇੰਗਲੈਂਡ ਦੀ ਆਕਸਫੋਰਡ ਯੂਨੀਵਰਸਿਟੀ ਵਿਚ ਪੜ੍ਹਾਈ ਕੀਤੀ ਜਿਸ ਦਾ ਕਿ ਸਿਰਫ ਉਨ੍ਹਾਂ ਵਿਦਿਆਰਥੀਆਂ ਨੂੰ ਹੀ ਮੌਕਾ ਮਿਲਦਾ ਹੈ, ਜਿਨ੍ਹਾਂ ਨੇ ਸਾਲ ਵਿਚ ਘੱਟੋ ਘੱਟ 30 ਕਰੈਡਿਟ ਹਾਸਲ ਕੀਤੇ ਹੋਣ।
ਕਿਰਨਜੀਤ ਉਨ੍ਹਾਂ ਵਿਦਿਆਰਥੀਆਂ ਵਿਚੋਂ ਹੈ ਜਿਹੜੇ ਆਪਣੇ ਪ੍ਰੋਫੈਸਰਾਂ ਦੇ ਪਾਏ ਪੂਰਨਿਆਂ ‘ਤੇ ਚੱਲਦੇ ਹਨ। ਇਸੇ ਕਰ ਕੇ ਹੀ ਤਾਂ ਐਨæਆਈæਯੂæ ਵਿਚ ਪੁਲੀਟੀਕਲ ਸਾਇੰਸ ਦੇ ਪ੍ਰੋਫੈਸਰ ਆਰਟੀਮਸ ਵਾਰਡ ਆਖਦੇ ਹਨ, “ਇਹ ਹੋਣਹਾਰ ਕੁੜੀ ਸਹੀ ਦਿਸ਼ਾ ਵੱਲ ਚੱਲ ਨਿਕਲੀ ਹੈ। ਕਿਤੇ ਕੋਈ ਗਲਤੀ ਨਹੀਂ ਕੀਤੀ। ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਪਿਛਲੇ ਵੀਹਾਂ ਸਾਲਾਂ ਦੌਰਾਨ ਜਿੰਨੇ ਵਿਦਿਆਰਥੀਆਂ ਨਾਲ ਮੇਰਾ ਵਾਹ ਪਿਆ ਹੈ, ਕਿਰਨਜੀਤ ਉਨ੍ਹਾਂ ਵਿਚੋਂ ਬੈਸਟ ਅੰਡਰਗਰੈਜੂਏਟ ਸਟੂਡੈਂਟ ਹੈ।”
ਕਿਰਨ ਮਾਣ ਨਾਲ ਦੱਸਦੀ ਹੈ ਕਿ ਉਸ ਨੇ ਮਿਹਨਤ ਦਾ ਮੁੱਲ, ਆਪਣੇ ਪਿਤਾ ਬਲਵਿੰਦਰ ਸਿੰਘ ਗਿੱਲ ਅਤੇ ਮਾਤਾ ਰਵਿੰਦਰ ਕੌਰ ਤੋਂ ਜਾਣਿਆ ਹੈ। ਉਸ ਦੇ ਪਿਤਾ ਅੱਜ ਕੱਲ੍ਹ ਹਾਰਡਵੇਅਰ ਸਟੋਰ ਮਿਨਾਰਡਜ਼ ਵਿਚ ਕੰਮ ਕਰਦੇ ਹਨ ਅਤੇ ਮਾਂ ਗਰੋਸਰੀ ਸਟੋਰ ਜਿਊਲ-ਔਸਕੋ ਵਿਚ ਕੰਮ ਕਰਦੀ ਹੈ। ਉਹ ਆਖਦੀ ਹੈ ਕਿ ਉਸ ਨੇ ਆਪਣੇ ਪਿਤਾ ਦੇ ਪਹਿਲੇ ਕਿੱਤੇ (ਵਕਾਲਤ) ਤੋਂ ਬੜਾ ਕੁਝ ਹਾਸਲ ਕੀਤਾ ਹੈ। ਉਹ ਕਹਿੰਦੀ ਹੈ, “ਭਾਰਤੀ ਹੋਣਾ ਘੱਟ-ਗਿਣਤੀ ਹੋਣਾ ਹੈ ਅਤੇ ਸਿੱਖ ਹੋਣਾ ਤਾਂ ਹੋਰ ਵੀ ਵੱਖਰੀ ਤਰ੍ਹਾਂ ਦੀ ਘੱਟ-ਗਿਣਤੀ ਹੋਣਾ ਹੈ। ਜਿਨ੍ਹਾਂ ਲੋਕਾਂ ਨਾਲ ਹੁਣ ਵਾਹ ਪੈਂਦਾ ਹੈ, ਉਨ੍ਹਾਂ ਵਿਚੋਂ ਸ਼ਾਇਦ ਮੈਂ ਇਕੱਲੀ ਹੀ ਸਿੱਖ ਹੁੰਦੀ ਹਾਂ।”
ਕਿਰਨ ਦੇ ਮਾਪਿਆਂ ਨੇ ਉਸ ਨੂੰ ਸਦਾ ਹੀ ਅੱਗੇ ਵਧਣ ਲਈ ਪ੍ਰੇਰਿਆ ਹੈ। ਸ਼ਾਇਦ ਇਸੇ ਕਰ ਕੇ ਹੀ ਉਹ ਅੱਜ ਐਨæਆਈæਯੂæ ਦੇ ਰਿਸਰਚ ਰੁਕੀਜ਼ ਪ੍ਰੋਗਰਾਮ ਵਿਚ ਜਾ ਖੜ੍ਹੀ ਹੋਈ ਹੈ। ਰਿਸਰਚ ਰੁਕੀਜ਼ ਪ੍ਰੋਗਰਾਮ ਵਿਦਿਆਰਥੀਆਂ ਨੂੰ ਰਿਸਰਚ ਪ੍ਰਾਜੈਕਟਾਂ ਵਿਚ ਅਧਿਆਪਕਾਂ ਨਾਲ ਰਾਬਤਾ ਬਣਾਉਣ ਦਾ ਜ਼ਰੀਆ ਬਣਦਾ ਹੈ।
ਕਿਰਨਜੀਤ ਨੇ ਪ੍ਰੋਫੈਸਰ ਆਰਟੀਮਸ ਵਾਰਡ ਨਾਲ ਕੰਮ ਕੀਤਾ ਅਤੇ ਅਮਰੀਕੀ ਸੁਪਰੀਮ ਕੋਰਟ ਲਾਅ ਕਲਰਕਾਂ ਬਾਰੇ ਅਧਿਐਨ ਦੀ ਸਹਿ-ਲੇਖਕਾ ਬਣੀ। ਉਸ ਦਾ ਇਹ ਖੋਜ ਕਾਰਜ ਮਾਰਕੁਇਟ ਲਾਅ ਰਿਵੀਊ ਵਿਚ ਛਪਿਆ।
ਪ੍ਰੋਫੈਸਰ ਆਰਟੀਮਸ ਵਾਰਡ ਕਿਰਨਜੀਤ ਬਾਰੇ ਆਖਦੇ ਹਨ, “ਪਹਿਲੇ ਹੀ ਦਿਨ ਤੋਂ ਇਸ ਕੁੜੀ ਦਾ ਉਤਸ਼ਾਹ ਦੇਖਣ ਵਾਲਾ ਸੀ। ਵਿਦਿਆਰਥੀਆਂ ਵਿਚ ਇਸ ਤਰ੍ਹਾਂ ਦਾ ਉਤਸ਼ਾਹ ਘੱਟ ਹੀ ਦੇਖਣ ਨੂੰ ਮਿਲਦਾ ਹੈ। ਉਹ ਉਨ੍ਹਾਂ ਵਿਦਿਆਰਥੀਆਂ ਵਿਚੋਂ ਹੈ ਜੋ ਕਾਲਜ ਵਿਚ ਸੱਚ-ਮੁੱਚ ਕੁਝ ਕਰਨਾ ਲੋਚਦੇ ਨੇ।”
ਸਕੂਲ ਵਿਚ ਪੜ੍ਹਾਈ ਦੌਰਾਨ ਕਿਰਨਜੀਤ ਨੇ ਕਈ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ। ਅੱਜ ਕੱਲ੍ਹ ਉਹ ਐਨæਆਈæਯੂæ ਵਿਦਿਆਰਥੀ ਐਸੋਸੀਏਸ਼ਨ ਦੇ ਸਰਕਾਰੀ ਮਾਮਲਿਆਂ ਦੀ ਡਾਇਰੈਕਟਰ ਹੈ। ਇਹ ਬਿਨਾਂ ਸ਼ੱਕ ਵੱਡੀ ਪੁਲਾਂਘ ਹੈ। ਕਿਰਨ ਵੋਟਾਂ ਬਣਾਉਣ ਦੇ ਕੰਮ ਵਿਚ ਐਨ ਖੁੱਭੀ ਹੋਈ ਹੈ ਅਤੇ ਵੱਧ ਤੋਂ ਵੱਧ ਵਿਦਿਆਰਥੀਆਂ ਦੀਆਂ ਵੋਟਾਂ ਰਜਿਸਟਰ ਕਰ ਰਹੀ ਹੈ। ਉਹ ਰਤਾ ਕੁ ਸੋਚਦਿਆਂ ਦੱਸਦੀ ਹੈ, “ਕੋਈ ਸਮਾਂ ਸੀ ਜਦੋਂ ਮੇਰੇ ਮਾਪੇ ਵੋਟ ਨਹੀਂ ਸਨ ਪਾ ਸਕਦੇ, ਉਨ੍ਹਾਂ ਨੂੰ ਵੋਟ ਪਾਉਣ ਦਾ ਹੱਕ ਸਿਟੀਜ਼ਨ ਬਣਨ ‘ਤੇ ਮਿਲਿਆ। ਹੁਣ ਉਹ ਆਪਣੀ ਵੋਟ ਦਾ ਇਸਤੇਮਾਲ ਕਰਨ ਵਿਚ ਬੜੇ ਪੱਕੇ ਹਨ ਅਤੇ ਮੈਂ ਵੀ ਇੰਜ ਹੀ ਹਾਂ। ਜਦੋਂ ਤੁਸੀਂ ਵੱਡੇ ਹੁੰਦੇ ਹੋ ਤਾਂ ਪਤਾ ਲੱਗਦਾ ਹੈ ਕਿ ਇਹ ਆਪਣੇ ਆਪ ਵਿਚ ਇਕ ਵੱਡੀ ਗੱਲ ਹੈ ਕਿਉਂਕਿ ਕੁਝ ਲੋਕਾਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਮਿਲਦਾ। ਹੁਣ ਜਦੋਂ ਅਜਿਹੀਆਂ ਗੱਲਾਂ ਨਾਲ ਵਾਹ ਪਿਆ ਹੈ ਤਾਂ ਮੈਂ ਪੂਰੇ ਤਾਣ ਨਾਲ ਅਜਿਹੇ ਕੰਮ ਕਰਦੀ ਹਾਂ।”
ਉਹ ਸਿਰਫ ਚਾਰ ਸਾਲ ਦੀ ਸੀ ਜਦੋਂ ਉਸ ਦੇ ਮਾਂ-ਪਿਓ ਤਿੰਨ ਅਕਤੂਬਰ 1998 ਨੂੰ ਤਿੰਨ ਸੂਟਕੇਸਾਂ ਨਾਲ ਚੰਗੇਰੇ ਭਵਿਖ ਦਾ ਸੁਪਨਾ ਲੈ ਕੇ ਸੰਗਰੂਰ ਤੋਂ ਨਿਊ ਯਾਰਕ ਦੇ ਜੇ ਐਫ ਕੇ ਏਅਰਪੋਰਟ ‘ਤੇ ਉਤਰੇ। ਨਿਊ ਜਰਸੀ ਵਿਚ ਪੈਰ ਟਿਕਾਉਣ ਲਈ ਯਤਨ ਕੀਤੇ ਪਰ ਜਦੋਂ ਪੈਰ ਨਾ ਟਿਕ ਸਕੇ ਤਾਂ ਸ਼ਿਕਾਗੋ ਆ ਗਏ। ਕੁਝ ਸਮਾਂ ਆਪਣੇ ਇਕ ਰਿਸ਼ਤੇਦਾਰ ਦੇ ਘਰ ਇਕ ਕਮਰਾ ਲੈ ਕੇ ਗੁਜ਼ਾਰਿਆ ਅਤੇ ਫਿਰ ਅਪਾਰਟਮੈਂਟ ਲੈ ਲਿਆ। ਅੱਜ ਇਥੋਂ ਦੀ ਸਬਰਬ ਪੈਲਾਟਾਈਨ ਵਿਚ ਉਨ੍ਹਾਂ ਪਾਸ ਆਪਣਾ ਘਰ ਹੈ।
ਨਵੇਂ ਆਏ ਹੋਰ ਪ੍ਰਵਾਸੀਆਂ ਵਾਂਗ ਉਸ ਦੇ ਮਾਂ-ਪਿਓ ਵੀ ਲੰਮੀਆਂ ਸ਼ਿਫਟਾਂ ਲਾਉਂਦੇ ਅਤੇ ਵੀਕਐਂਡ ‘ਤੇ ਵੀ ਕੰਮ ਕਰਦੇ, ਇਸ ਕਰਕੇ ਉਸ ਨੂੰ ਅਕਸਰ ਰਿਸ਼ਤੇਦਾਰਾਂ ਜਾਂ ਗਵਾਂਢੀਆਂ ਦੀ ਸੰਭਾਲ ਵਿਚ ਰਹਿਣਾ ਪੈਂਦਾ। ਇਹੀ ਸਾਲ ਸਨ, ਜਦੋਂ ਉਸ ਦੇ ਅੰਦਰ ਸਵੈ-ਨਿਰਭਰ ਹੋਣ ਅਤੇ ਕਾਮਯਾਬ ਹੋਣ ਲਈ ਸਵੈ-ਭਰੋਸਾ ਪੈਦਾ ਹੋਇਆ। ਉਸ ਦੇ ਮਾਪਿਆਂ ਨੂੰ ਇਥੋਂ ਦੀ ਪੜ੍ਹਾਈ ਅਤੇ ਪਾਠਕ੍ਰਮ ਬਾਰੇ ਬਹੁਤਾ ਨਹੀਂ ਸੀ ਪਤਾ। ਉਹ ਕਹਿੰਦੀ ਹੈ, ਮੇਰੇ ਲਈ ਜੀਵਨ ਦਾ ਇਹ ਹਿੱਸਾ ਬਹੁਤ ਕੀਮਤੀ ਹੈ, ਕਿਉਂਕਿ ਇਸੇ ਸਮੇਂ ਨੇ ਮੈਨੂੰ ਆਪਣੀ ਸ਼ਖਸੀਅਤ ਅਤੇ ਆਪਣਾ ਜੀਵਨ ਦ੍ਰਿਸ਼ਟੀਕੋਣ ਬਣਾਉਣ ਦੇ ਸਮਰੱਥ ਬਣਾਇਆ।
ਅਮਰੀਕੀ ਸਭਿਆਚਾਰ ਵਿਚ ਵਿਚਰਦਿਆਂ ਆਪਣੇ ਸਭਿਆਚਾਰ ਨੂੰ ਕਾਇਮ ਰਖਣਾ ਅਕਸਰ ਘੱਟਗਿਣਤੀ ਭਾਈਚਾਰਿਆਂ ਲਈ ਵਡੀ ਚੁਣੌਤੀ ਹੁੰਦੀ ਹੈ। ਉਸ ਨੂੰ ਵੀ ਇਨ੍ਹਾਂ ਦੋਨਾਂ ਸਭਿਆਚਾਰਾਂ-ਅਮਰੀਕੀ ਤੇ ਸਿੱਖ ਸਭਿਆਚਾਰ ਵਿਚਾਲੇ ਸੰਤੁਲਨ ਬਣਾਉਣ ਵਿਚ ਕੁਝ ਸਮਾਂ ਲੱਗਾ। ਉਹ ਆਪਣੇ ਮਾਪਿਆਂ ਦੀ ਸ਼ੁਕਰਗੁਜ਼ਾਰ ਹੈ, ਜਿਨ੍ਹਾਂ ਨੇ ਉਸ ਦੇ ਪਾਲਣ-ਪੋਸ਼ਣ ਦੌਰਾਨ ਇਹ ਸੰਤੁਲਨ ਬਣਾਉਣਾ ਸਿੱਖਾਇਆ। ਉਨ੍ਹਾਂ ਕਿਸੇ ਇਕ ਪੱਖ ਵਿਚ ਝੁਕਣ ਦੀ ਥਾਂ ਦੋਨਾਂ ਵਿਚਾਲੇ ਸੰਤੁਲਨ ਬਣਾ ਕੇ ਰਖਣ ਲਈ ਉਤਸ਼ਾਹਿਤ ਕੀਤਾ। ਉਹ ਦੱਸਦੀ ਹੈ ਕਿ ਸਕੂਲ ਵਿਚ ਪੜ੍ਹਦਿਆਂ ਉਸ ਦੇ ਬਹੁਤ ਸਾਰੇ ਗੈਰ ਭਾਰਤੀ ਦੋਸਤ ਸਨ, ਜਦੋਂਕਿ ਉਹ ਗੁਰਦੁਆਰੇ ਵੀ ਨੇਮ ਨਾਲ ਜਾਂਦੀ ਅਤੇ ਉਸ ਦੇ ਕਈ ਭਾਰਤੀ ਤੇ ਸਿੱਖ ਬੜੇ ਕਰੀਬੀ ਦੋਸਤ ਸਨ। ਉਸ ਦਾ ਖਿਆਲ ਹੈ ਕਿ ਵਖ ਵਖ ਸਭਿਆਚਾਰਕ ਪਿਛੋਕੜ ਵਾਲੇ ਬੱਚੇ, ਖਾਸ ਕਰ ਸਿੱਖ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਦੋਹਾਂ ਪਾਸਿਆਂ ਦੀ ਥਾਂ ਕਿਸੇ ਇਕ ਪਾਸੇ ਹੋਣਾ ਹੀ ਪਵੇਗਾ। ਪਰ ਸੱਚ ਇਹ ਹੈ ਕਿ ਅਸੀਂ ਸਾਰੇ ਸਿੱਖ ਅਮਰੀਕਨ ਹਾਂ ਅਤੇ ਸਾਨੂੰ ਉਨ੍ਹਾਂ ਸਾਰੀਆਂ ਗੱਲਾਂ ਵਲ ਧਿਆਨ ਦੇਣਾ ਪਵੇਗਾ, ਜਿਨ੍ਹਾਂ ਨਾਲ ਸਾਡੀ ਪਛਾਣ ਬਣਨੀ ਹੈ।
ਕਿਰਨ ਆਪਣੇ ਮਾਪਿਆਂ ਦੀ ਰਿਣੀ ਹੈ ਕਿ ਉਨ੍ਹਾਂ ਉਸ ਵਿਚ ਸਵੈ-ਭਰੋਸਾ ਪੈਦਾ ਕਰਨ ਦੀ ਹਰ ਕੋਸ਼ਿਸ਼ ਕੀਤੀ ਅਤੇ ਇਹ ਆਖ ਕੇ ਕੋਈ ਸਭਿਆਚਾਰਕ ਸੀਮਾ ਉਸ ‘ਤੇ ਨਹੀਂ ਥੋਪੀ ਕਿ ਇਹ ਗੱਲ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੀ ਹੈ। ਉਹ ਦੱਸਦੀ ਹੈ, ਜਦੋਂ ਉਸ ਨੇ ਕਾਲਜ ਵਿਚ ਫਰੈਸ਼ਮੈਨ ਕਲਾਸ ਕਰਨ ਪਿਛੋਂ ਇਕ ਪੂਰੇ ਸਮੈਸਟਰ ਲਈ ਇੰਗਲੈਂਡ ਜਾਣਾ ਸੀ, ਉਸ ਸਮੇਂ ਉਸ ਦੀ ਉਮਰ ਸਿਰਫ 18 ਸਾਲ ਸੀ ਪਰ ਉਨ੍ਹਾਂ ਉਸ ਨੂੰ ਟੋਕਣ ਦੀ ਥਾਂ ਉਤਸ਼ਾਹਿਤ ਕੀਤਾ।
ਉਸ ਅਨੁਸਾਰ, ਉਸ ਨੂੰ ਆਪਣੇ ਹਾਈ ਸਕੂਲ ਅਧਿਆਪਕਾਂ ਅਤੇ ਕਾਲਜ ਪ੍ਰੋਫੈਸਰਾਂ ਵਿਚੋਂ ਕਈ ਸੁਚੱਜੇ ਰਾਹ-ਦਿਸੇਰੇ ਮਿਲੇ ਜਿਨ੍ਹਾਂ ਨੇ ਉਸ ਦੀ ਸ਼ਖਸੀਅਤ ਘੜਨ ਵਿਚ ਅਹਿਮ ਰੋਲ ਅਦਾ ਕੀਤਾ। ਉਹ ਦੱਸਦੀ ਹੈ, ਮੈਂ ਹਮੇਸ਼ਾਂ ਆਪਣੇ ਆਲੇ-ਦੁਆਲੇ ਵਿਚਰਦੇ ਮਾਰਗਦਰਸ਼ਕਾਂ ਦਾ ਲਾਭ ਲੈਣ ਦੀ ਕੋਸ਼ਿਸ਼ ਕੀਤੀ ਹੈ, ਬੇਸ਼ਕ ਫੈਸਲਾ ਮੈਂ ਖੁਦ ਲੈਂਦੀ ਰਹੀ ਹਾਂ ਅਤੇ ਜੋ ਕਹਿੰਦੀ ਹਾਂ, ਪੂਰੀ ਨੈਤਿਕ ਜਿੰਮੇਵਾਰੀ ਨਾਲ ਕਰਦੀ ਵੀ ਹਾਂ। ਇਸੇ ਕਰਕੇ ਹੀ ਮੈਂ ਇਹ ਸਭ ਕੁਝ ਹਾਸਲ ਕਰ ਸਕੀ ਹਾਂ।
ਕਿਰਨ ਆਖਦੀ ਹੈ ਕਿ ਜ਼ਿੰਦਗੀ ਵਿਚ ਸਫਲ ਹੋਣ ਲਈ ਵਧੀਆ ਤਰੀਕਾ ਇਹ ਹੈ ਕਿ ਆਪਣਾ ਧਿਆਨ ਆਪਣੇ ਨਿਸ਼ਾਨੇ ‘ਤੇ ਟਿਕਾ ਕੇ ਰਖੋ, ਨਾ ਕਿ ਉਸ ‘ਤੇ ਜੋ ਹੋਰ ਕਹਿੰਦੇ ਹਨ। ਸਿਰਫ ਇਸ ਕਰਕੇ ਹੀ ਕੁਝ ਕਰਨ ਨਾ ਤੁਰ ਪਵੋ ਕਿ ਉਹ ਦੇਖਣ ਨੂੰ ਚੰਗਾ ਲਗਦਾ ਹੈ ਜਾਂ ਦੂਜੇ ਕਰਨ ਨੂੰ ਕਹਿੰਦੇ ਹਨ। ਕਾਮਯਾਬੀ ਦਾ ਨੁਕਤਾ ਕਿਰਨ ਇਹ ਦਸਦੀ ਹੈ ਕਿ ਕੋਈ ਚੀਜ਼ ਸਿਰਫ ਇਸ ਕਰਕੇ ਨਾ ਕਰੋ ਕਿ ਹਰ ਕੋਈ ਉਂਜ ਕਰ ਰਿਹਾ ਹੈ। ਤੁਸੀਂ ਉਸੇ ਵਿਚ ਕਾਮਯਾਬ ਹੋ ਸਕਦੇ ਹੋ ਜੋ ਤੁਹਾਡਾ ਖਬਤ ਹੈ ਅਤੇ ਜੋ ਤੁਹਾਡੇ ਲਈ ਹੀ ਹੈ।
ਕਿਰਨ ਮਾਣ ਨਾਲ ਕਹਿੰਦੀ ਹੈ ਕਿ ਸਿੱਖ ਭਾਈਚਾਰੇ ਤੋਂ ਉਸ ਨੂੰ ਪੂਰੀ ਹੱਲਾਸ਼ੇਰੀ ਮਿਲੀ ਹੈ ਅਤੇ ਕਾਮਯਾਬੀ ਲਈ ਇਹ ਹੱਲਾਸ਼ੇਰੀ ਬਹੁਤ ਜਰੂਰੀ ਵੀ ਹੈ। ਖਾਸ ਕਰ ਗੁਰਦੁਆਰੇ ਵਿਚ ਵਡਿਆਂ ਨੇ ਮੈਨੂੰ ਸਹੀ ਸਲਾਹ ਦਿਤੀ ਵੀ ਹੈ। ਕਿਰਨ ਮੰਨਦੀ ਹੈ ਕਿ ਉਸ ਨੂੰ ਜ਼ਿੰਦਗੀ ਵਿਚ ਬਥੇਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ, ਖਾਸ ਕਰ ਉਨ੍ਹਾਂ ਵਲੋਂ ਜੋ ਆਪਣੇ ਨਾਂਹਵਾਚੀ ਵਤੀਰੇ ਕਰਕੇ ਦੂਜਿਆਂ ਨੂੰ ਹਮੇਸ਼ਾਂ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਦਾ ਹੱਲ ਇਹ ਹੈ ਕਿ ਮਾੜੀ ਸੋਚ ਵਾਲਿਆਂ ਵਲ ਨਹੀਂ, ਸਗੋਂ ਆਪਣੇ ਆਲੇ-ਦੁਆਲੇ ਚੰਗੀ ਸੋਚ ਵਾਲਿਆਂ ਵਲ ਧਿਆਨ ਦਿਓ।