ਕਾਨੂੰਨ ਤੋੜਨ ਵਾਲਾ ‘ਉਪਦੇਸ਼ੀ ਸੰਤ’ ਰਵੀ ਸ਼ੰਕਰ

-ਜਤਿੰਦਰ ਪਨੂੰ
ਆਪਣੇ ਆਪ ਨੂੰ ‘ਸ੍ਰੀ ਸ੍ਰੀ’ ਕਹਾਉਣ ਵਾਲੇ ਰਵੀ ਸ਼ੰਕਰ ਨਾਂ ਦੇ ਸੰਤ ਨੇ ਕਈ ਕਾਨੂੰਨੀ ਅੜਿੱਕਿਆਂ ਨੂੰ ਪਾਰ ਕਰ ਕੇ ਦਿੱਲੀ ਵਿਚ ਆਪਣਾ ਪ੍ਰੋਗਰਾਮ ਕਰਨ ਵਿਚ ਕਾਮਯਾਬੀ ਹਾਸਲ ਕਰ ਲਈ ਹੈ। ਅੜਿੱਕਿਆਂ ਦਾ ਆਮ ਆਦਮੀ ਨੂੰ ਰਾਹ ਨਾ ਲੱਭਦਾ ਹੋਵੇਗਾ, ਜਿਸ ਸੰਤ ਦੇ ਪਿੱਠ ਪਿੱਛੇ ਕੇਂਦਰ ਦੀ ਉਹ ਸਰਕਾਰ ਸਰਪ੍ਰਸਤ ਬਣੀ ਬੈਠੀ ਹੈ, ਜਿਸ ਦਾ ਸੰਸਾਰ ਵਿਚ ‘ਡੰਕਾ’ ਵੱਜ ਰਿਹਾ ਹੈ, ਉਸ ਸੰਤ ਲਈ ਇਹ ਅੜਿੱਕੇ ਮਾਮੂਲੀ ਸਨ। ਮੇਲੇ ਦੇ ਉਦਘਾਟਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਅਗੇਤੀ ਹਾਂ ਕਰ ਦਿੱਤੀ ਤਾਂ ਰਵੀ ਸ਼ੰਕਰ ਸਾਹਿਬ ਲਈ ‘ਸਈਆਂ ਭਏ ਕੋਤਵਾਲ, ਅਬ ਡਰ ਕਾਹੇ ਕਾ’ ਵਾਲੀ ਸੁਖਾਵੀਂ ਸਥਿਤੀ ਉਦੋਂ ਹੀ ਬਣ ਗਈ ਸੀ।

ਸਾਰਾ ਕੰਮ ਕਾਨੂੰਨ ਦੀ ਉਲੰਘਣਾ ਵਾਲਾ ਸੀ। ਜਦੋਂ ਦੇਸ਼ ਦੀ ਸੁਪਰੀਮ ਕੋਰਟ ਵਿਚ ਕੇਸ ਚਲਾ ਗਿਆ ਤੇ ਇਹ ਜਾਪਦਾ ਸੀ ਕਿ ਪੰਜ ਕਰੋੜ ਰੁਪਏ ਜੁਰਮਾਨਾ ਦਿੱਤੇ ਬਿਨਾਂ ਗੱਲ ਨਹੀਂ ਬਣਨੀ, ਰਵੀ ਸ਼ੰਕਰ ਨੇ ਉਦੋਂ ਵੀ ਕਿਹਾ ਸੀ ਕਿ ਜੇਲ੍ਹ ਚਲਾ ਜਾਊਂਗਾ, ਜੁਰਮਾਨਾ ਮੈਂ ਨਹੀਂ ਭਰੂੰਗਾ। ਇਸ ਦਾ ਸਿੱਧਾ ਅਰਥ ਇਹ ਸੀ ਕਿ ਉਹ ਦੇਸ਼ ਦੀ ਸਿਖਰਲੀ ਅਦਾਲਤ ਦਾ ਹੁਕਮ ਨਾ ਮੰਨਣ ਦੀ ਗੱਲ ਵੀ ਕਰਦਾ ਹੈ, ਪਰ ਕਿਸੇ ਨੇ ਇਸ ਪੱਖ ਨੂੰ ਨਹੀਂ ਸੀ ਗੌਲਿਆ। ਉਸ ਦੇ ਸਮਾਗਮ ਲਈ ਦਰਿਆ ਉਤੇ ਪੁਲ ਉਸਾਰਨ ਲਈ ਫੌਜ ਝੋਕ ਦਿੱਤੀ ਗਈ, ਜੋ ਦੇਸ਼ ਦੀ ਰਾਖੀ ਵਾਸਤੇ ਹੁੰਦੀ ਹੈ। ਪੁੱਛੇ ਜਾਣ ਉਤੇ ਦੇਸ਼ ਦਾ ਰੱਖਿਆ ਮੰਤਰੀ ਕਹਿਣ ਲੱਗ ਪਿਆ ਕਿ ਏਥੇ ਪੁਲ ਬਣਾਉਣ ਨੂੰ ਦਿੱਲੀ ਪੁਲਿਸ ਨੇ ਕਿਹਾ ਹੈ। ਕੇਂਦਰ ਦੇ ਕਹੇ ਉਤੇ ਕੇਜਰੀਵਾਲ ਦੀ ਸਰਕਾਰ ਪਿੱਛੇ ਡੰਡਾ ਘੁੰਮਾਉਣ ਵਾਲੀ ਦਿੱਲੀ ਪੁਲਿਸ ਨੇ ਰੱਖਿਆ ਮੰਤਰੀ ਦੀ ਗੱਲ ਕੱਟ ਕੇ ਉਸੇ ਦਿਨ ਕਹਿ ਦਿੱਤਾ ਕਿ ਉਨ੍ਹਾਂ ਨੇ ਪੁਲ ਬਣਾਉਣ ਨੂੰ ਬਿਲਕੁਲ ਨਹੀਂ ਕਿਹਾ, ਸਗੋਂ ਉਨ੍ਹਾਂ ਨੇ ਇਸ ਸਮਾਗਮ ਤੋਂ ਪੈਦਾ ਖਤਰਿਆਂ ਬਾਰੇ ਲਿਖਿਆ ਹੈ। ਫਿਰ ਵੀ ਕਿਸੇ ਨੇ ਪ੍ਰਵਾਹ ਨਹੀਂ ਕੀਤੀ, ਕਿਉਂਕਿ ਸੰਸਾਰ ਵਿਚ ਡੰਕੇ ਵੱਜਦੇ ਹੋਣ ਵਾਲਾ ਪ੍ਰਧਾਨ ਮੰਤਰੀ ਇਸ ਸਮਾਗਮ ਲਈ ਆਪ ਹਰ ਹੱਦ ਤੱਕ ਜਾਣ ਲਈ ਤਿਆਰ ਹੋਇਆ ਬੈਠਾ ਸੀ। ਸੰਤ ਜੀ ਦੀ ਧੰਨ-ਧੰਨ ਹੋ ਗਈ।
ਜਦੋਂ ਇਸ ਮੁੱਦੇ ਬਾਰੇ ਬਹਿਸ ਹੋ ਰਹੀ ਸੀ, ਰਵੀ ਸ਼ੰਕਰ ਦੀ ਸਮੱਰਥਕ ਇੱਕ ਬੀਬੀ ਜਦੋਂ ਵੀ ਸਮਾਗਮ ਵਾਲੇ ਥਾਂ ਜਮਨਾ ਦਰਿਆ ਵਿਚ ਗੰਦ ਪੈਣ ਬਾਰੇ ਜਵਾਬ ਦਿੰਦੀ, ਉਹ ਆਪ ਵੀ ਜਮਨਾ ਨੂੰ ‘ਜਮਨਾ ਜੀ’ ਕਹਿੰਦੀ ਤੇ ਬਹਿਸ ਵਿਚ ਸ਼ਾਮਲ ਬਾਕੀ ਲੋਕਾਂ ਨੂੰ ਵੀ ਕਹਿੰਦੀ ਸੀ ਕਿ ‘ਜਮਨਾ ਜੀ’ ਕਹੋ। ਪਹਿਲਾਂ ਗੰਗਾ ਦਰਿਆ ਨੂੰ ‘ਗੰਗਾ ਜੀ’ ਦੇ ਨਾਂ ਨਾਲ ਪੁਕਾਰਨ ਵਾਲਿਆਂ ਨੇ ਸਭ ਤੋਂ ਵੱਧ ਪਲੀਤ ਕੀਤਾ ਸੀ, ਹੁਣ ‘ਜਮਨਾ ਜੀ’ ਕਹਿ ਕੇ ਜਮਨਾ ਦਰਿਆ ਨੂੰ ਪਲੀਤ ਕਰਨ ਵਾਲੇ ਦਿੱਲੀ ਵਿਚ ਆਣ ਵੜੇ ਹਨ। ਗੰਗਾ ਪਵਿੱਤਰ ਹੁੰਦੀ ਸੀ, ਪਵਿੱਤਰ ਰਹਿਣ ਨਹੀਂ ਦਿੱਤੀ, ਪਰ ਉਸ ਨੂੰ ਅਜੇ ਵੀ ‘ਗੰਗਾ ਜੀ’ ਕਿਹਾ ਜਾਵੇ ਤਾਂ ਕੋਈ ਫਰਕ ਨਹੀਂ ਪੈਂਦਾ, ਜਮਨਾ ਨੂੰ ਕੋਈ ‘ਜਮਨਾ ਜੀ’ ਕਹਿ ਦੇਵੇ ਤਾਂ ਹਰਜ ਕੋਈ ਨਹੀਂ। ਏਦਾਂ ਹੀ ਭਾਰਤ ਦੀਆਂ ਕ੍ਰਿਸ਼ਨਾ, ਗੋਦਾਵਰੀ, ਸਰਸਵਤੀ ਨਦੀਆਂ ਤੋਂ ਤੁਰਦਿਆਂ ਹੁਣ ਬਿਆਸ ਨੂੰ ਕੁਝ ਲੋਕ ‘ਬਿਆਸ ਜੀ’ ਕਹਿਣ ਦਾ ਸੁਝਾਅ ਦੇਣ ਲੱਗ ਪਏ ਹਨ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੁਕਤਸਰ ਦੀ ਹਾਲਤ ਨਹੀਂ ਸੁਧਾਰੀ, ਇੱਕ ਵਾਰੀ ਮੁਕਤਸਰ ਤੋਂ ‘ਮੁਕਤਸਰ ਸਾਹਿਬ’ ਬਣਾ ਕੇ ਦੂਸਰੀ ਵਾਰੀ ‘ਸ੍ਰੀ ਮੁਕਤਸਰ ਸਾਹਿਬ’ ਲਿਖਣ ਦਾ ਹੁਕਮ ਜਾਰੀ ਕਰ ਕੇ ਫਿਰ ਮਾਛੀਵਾੜਾ ਤੋਂ ‘ਮਾਛੀਵਾੜਾ ਸਾਹਿਬ’ ਬਣਾ ਦਿੱਤਾ। ਹਾਲਤ ਸੁਧਾਰਨ ਜਾਂ ਗੰਦ ਸਾਫ ਕਰਨ ਦੀ ਲੋੜ ਨਹੀਂ, ਪੰਜਾਬ ਸਮੇਤ ਸਾਡੇ ਸਾਰੇ ਭਾਰਤ ਦੇ ਲੋਕ ਏਨੀ ਗੱਲ ਨਾਲ ਵੋਟਾਂ ਪਾ ਦਿੰਦੇ ਹਨ ਕਿ ਇੱਕ ਹੋਰ ਸ਼ਹਿਰ ਦੇ ਨਾਂ ਨਾਲ ‘ਸ੍ਰੀ’, ‘ਸਾਹਿਬ’ ਜਾਂ ਫਿਰ ਕਿਸੇ ਦਰਿਆ ਨਾਲ ‘ਜੀ’ ਲੱਗ ਗਿਆ ਹੈ। ‘ਭਾਰਤ ਦੇ ਤਿੰਨ ਲਾਲ ਤੜਫਦੇ ਸੀ ਸਤਲੁਜ ਦੇ ਕੰਢੇ’ ਦਾ ਗੀਤ ਸੁਣਦੇ ਹੁੰਦੇ ਸਾਂ, ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਨਾਂ ਨਾਲ ਜੁੜਦੇ ਉਸ ਸਤਲੁਜ ਨੂੰ ਵੀ ਹੁਣ ਸਾਨੂੰ ‘ਸਤਲੁਜ ਜੀ’ ਆਖਣ ਲਈ ਤਿਆਰ ਹੋਣਾ ਚਾਹੀਦਾ ਹੈ।
ਗੱਲ ਇਸ ਵਾਰੀ ਸੰਤ ਰਵੀ ਸ਼ੰਕਰ ਦੇ ਸਮਾਗਮ ਦੀ ਚੱਲੀ ਹੈ। ਇਸ ਸਮਾਗਮ ਲਈ ਹਰ ਕਾਨੂੰਨ ਤੋੜਿਆ ਤੇ ਹਰ ਹਦਾਇਤ ਦੀ ਉਲੰਘਣਾ ਕੀਤੀ ਗਈ ਹੈ। ਸਰਕਾਰ ਦੇ ਵਾਤਾਵਰਣ ਬਚਾਉਣ ਵਾਲੇ ਵਿਭਾਗ ਵੀ ਅਤੇ ਨਿਯਮਾਂ ਦੀ ਪਾਲਣਾ ਕਰਵਾਉਣ ਵਾਲੇ ਵੀ ਸੰਤ ਦੀ ਸੇਵਾ ਵਿਚ ਲੱਗੇ ਰਹੇ। ਨੇੜਲੇ ਖੇਤਾਂ ਵਾਲੇ ਕਿਸਾਨ ਰਗੜੇ ਗਏ। ਸਮਾਗਮ ਦੀ ਪਾਰਕਿੰਗ ਲਈ ਉਨ੍ਹਾਂ ਦੇ ਖੇਤਾਂ ਵਿਚ ਖੜੀ ਫਸਲ ਨੂੰ ਮਸ਼ੀਨਾਂ ਫੇਰ ਕੇ ਤਬਾਹ ਕਰ ਦਿੱਤਾ ਤੇ ਮੁਆਵਜ਼ੇ ਦੇ ਨਾਂ ਉਤੇ ਮਾਮੂਲੀ ਰਕਮ ਹੱਥਾਂ ਵਿਚ ਫੜਾ ਦਿੱਤੀ। ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਹਨ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਖੁਸ਼ਹਾਲ ਕਰਨਾ ਚਾਹੁੰਦੀ ਹੈ। ਖੁਸ਼ਹਾਲੀ ਦਾ ਇਹ ਮੰਤਰ ਦਿੱਲੀ ਵਿਚ ਲਾਗੂ ਹੁੰਦਾ ਪਿਆ ਹੈ।
ਸਾਡੇ ਕੋਲ ਸੰਤ ਰਵੀ ਸ਼ੰਕਰ ਦੇ ਖਿਲਾਫ ਨਿਜੀ ਪੱਧਰ ਦੀ ਕੋਈ ਖਾਸ ਗੱਲ ਨਹੀਂ, ਸਿਵਾਏ ਇਸ ਦੇ ਕਿ ਉਹ ਪਿਛਲੀਆਂ ਪਾਰਲੀਮੈਂਟ ਚੋਣਾਂ ਦੇ ਅਗੇਤੇ ਬੁੱਲਿਆਂ ਵੇਲੇ ਭਾਜਪਾ ਨਾਲ ਜੁੜਨ ਵਾਲਿਆਂ ਵਿਚ ਸ਼ਾਮਲ ਸੀ। ਦਿੱਲੀ ਵਿਚ ਜਦੋਂ ਯੋਗੀ ਰਾਮਦੇਵ ਕੁੱਟਿਆ ਗਿਆ ਤੇ ਫਿਰ ਉਸ ਨੇ ਹਰਿਦੁਆਰ ਜਾ ਕੇ ਮਰਨ-ਵਰਤ ਦਾ ਸਾਂਗ ਜਿਹਾ ਕਰਨਾ ਸ਼ੁਰੂ ਕੀਤਾ ਤਾਂ ਉਸ ਨੂੰ ਵਰਤ ਛੱਡਣ ਦੇ ਤਰਲੇ ਕਰਨ ਵਾਲੀ ਨੌਟੰਕੀ ਭਾਜਪਾ ਨੇ ਕਰਵਾਈ ਸੀ। ਉਸ ਨਾਟਕ ਦੀ ਸਕ੍ਰਿਪਟ ਉਸ ਭਾਜਪਾਈ ਲੇਖਕ ਨੇ ਲਿਖੀ ਸੀ, ਜਿਹੜਾ ਉਸ ਵਕਤ ਲਾਲ ਕ੍ਰਿਸ਼ਨ ਅਡਵਾਨੀ ਦਾ ਸੇਵਕ ਹੁੰਦਾ ਸੀ ਤੇ ਨਰਿੰਦਰ ਮੋਦੀ ਰਾਜ ਵਿਚ ਇੱਕ ਦਿਨ ਵਿਚਾਰੇ ਦੇ ਚਿਹਰੇ ਉਤੇ ਕਾਲਾ ਰੰਗ ਮਲ਼ ਦਿੱਤਾ ਗਿਆ ਸੀ। ਰੰਗ-ਮੰਚ ਦੇ ਮੈਨੇਜਰ ਦਾ ਰੋਲ ਉਦੋਂ ਦੇ ਉਤਰਾਂਚਲ ਪ੍ਰਦੇਸ਼ ਦੇ ਭਾਜਪਾ ਮੁੱਖ ਮੰਤਰੀ ਰਮੇਸ਼ ਪੋਖਰੀਆਲ ਨਿਸ਼ੰਕ ਦੇ ਕੋਲ ਸੀ। ਉਦੋਂ ਕੈਮਰਿਆਂ ਦੇ ਸਾਹਮਣੇ ਰਾਮਦੇਵ ਕਹੀ ਜਾਂਦਾ ਸੀ ਕਿ ਮੈਂ ਮਰਨ ਵਰਤ ਨਹੀਂ ਛੱਡਣਾ ਤੇ ਭਾਜਪਾ ਲੀਡਰਾਂ ਨਾਲ ਸੰਤ ਲੋਕ ਵਾਰੀ-ਵਾਰੀ ਜਾ ਕੇ ਕਹਿ ਰਹੇ ਸਨ ਕਿ ਯੋਗੀ ਜੀ, ਹੱਠ ਹੁਣ ਛੱਡ ਦਿਓ। ਇਸ ਦੌਰਾਨ ਇੱਕ ਦਿਨ ਬੜੇ ਜਾਹੋ-ਜਲਾਲ ਨਾਲ ਰਵੀ ਸ਼ੰਕਰ ਨੂੰ ਉਥੇ ਭੇਜਿਆ ਗਿਆ ਤੇ ਉਸ ਨੇ ਕਿਹਾ ਸੀ ਕਿ ਯੋਗੀ ਰਾਮਦੇਵ ਹੋਰ ਕਿਸੇ ਦੇ ਕਹੇ ਵਰਤ ਨਾ ਛੱਡੇ ਤਾਂ ਜਦੋਂ ਮੈਂ ਜਾ ਕੇ ਆਪਣਾ ‘ਹੱਠ ਯੋਗ’ ਸ਼ੁਰੂ ਕੀਤਾ, ਉਦੋਂ ਛੱਡ ਦੇਵੇਗਾ। ਸਿਆਸਤ ਨਾਲ ਸਾਂਝ ਦੀ ਇਹ ਸੋਚੀ-ਸਮਝੀ ਐਂਟਰੀ ਕਰ ਚੁੱਕੇ ਸੰਤ ਰਵੀ ਸ਼ੰਕਰ ਦੀ ਬਾਅਦ ਵਿਚ ਭਾਜਪਾ ਨਾਲ ਸਾਂਝ ਨਿਭਦੀ ਗਈ ਤੇ ਨਿਭੀ ਜਾ ਰਹੀ ਹੈ।
ਹੁਣ ਆਈਏ ਇਸ ਤਰ੍ਹਾਂ ਦੇ ਹੋਰ ਸਾਧਾਂ ਦੇ ਰਾਜਨੀਤੀ ਨਾਲ ਜੁੜਨ ਦੀ ਕਹਾਣੀ ਵੱਲ। ਧੀਰੇਂਦਰ ਬ੍ਰਹਮਚਾਰੀ ਦੀ ਗੱਲ ਕੀਤੀ ਜਾ ਸਕਦੀ ਹੈ, ਆਪਣੇ ਆਪ ‘ਫਲਾਇੰਗ ਸਵਾਮੀ’ ਦੱਸਣ ਵਾਲੇ ਸੰਤ ਦੀ ਵੀ ਅਤੇ ਚੰਦਰਾ ਸਵਾਮੀ ਦੀ ਵੀ, ਪਰ ਉਹ ਸਾਰੇ ਹੁਣ ਸਿਆਸੀ ਮੰਚ ਉਤੇ ਬੇਲੋੜੇ ਹੋ ਚੁੱਕੇ ਹਨ। ਨਵੇਂ ਸੰਤ ਅੱਗੇ ਖੜੇ ਹਨ। ਵੱਡਾ-ਛੋਟਾ ਇਨ੍ਹਾਂ ਵਿਚ ਕੋਈ ਨਹੀਂ, ਸਾਰੇ ਆਪੋ ਆਪਣੀ ਭੂਮਿਕਾ ਨਿਭਾਉਣ ਵਿਚ ਇੱਕ ਦੂਸਰੇ ਤੋਂ ਵੱਧ ਹਨ।
ਇਨ੍ਹਾਂ ਵਿਚੋਂ ਇੱਕ ਆਸਾ ਰਾਮ ਨਾਂ ਦਾ ਸੰਤ ਇਸ ਵੇਲੇ ਜੇਲ੍ਹ ਵਿਚ ਬੈਠਾ ਹੈ, ਜਿਸ ਨੂੰ ਸਿਆਸੀ ਆਗੂਆਂ ਨੇ ‘ਬਾਪੂ’ ਬਣਾਇਆ ਸੀ, ਪਰ ਹੁਣ ਕੋਈ ਜੇਲ੍ਹ ਵਿਚ ਉਸ ਨੂੰ ਮਿਲਣ ਨਹੀਂ ਜਾਂਦਾ। ਰੇਲਵੇ ਸਟੇਸ਼ਨ ਤੋਂ ਦਰਗਾਹ ਤੱਕ ਸਵਾਰੀਆਂ ਢੋਣ ਲਈ ਇੱਕ ਸਮੇਂ ਟਾਂਗਾ ਚਲਾਉਣ ਤੇ ਕੁਝ ਚਿਰ ਸਾਈਕਲਾਂ ਦੇ ਪੰਕਚਰ ਲਾਉਣ ਦਾ ਕੰਮ ਕਰਨ ਵੇਲੇ ਜਦੋਂ ਗੁਜ਼ਾਰਾ ਨਾ ਚੱਲਿਆ ਤਾਂ ਉਹ ਸਾਧ ਬਣ ਗਿਆ ਸੀ। ਉਸ ਨੂੰ ਪਹਿਲਾਂ ਕਾਂਗਰਸ ਵਾਲਿਆਂ ਨੇ ਹੀ ਚੁੱਕਿਆ ਸੀ ਤੇ ਰਿਕਾਰਡ ਇਸ ਗੱਲ ਦਾ ਗਵਾਹ ਹੈ ਕਿ ਸਾਢੇ ਚੌਦਾਂ ਹਜ਼ਾਰ ਵਰਗ ਮੀਟਰ ਦਾ ਪਹਿਲਾ ਪਲਾਟ ਗੁਜਰਾਤ ਦੇ ਕਾਂਗਰਸੀ ਮੁੱਖ ਮੰਤਰੀ ਮਾਧਵ ਸਿੰਘ ਸੋਲੰਕੀ ਦੀ ਕ੍ਰਿਪਾ ਸਦਕਾ ਉਸ ਨੂੰ ਮਿਲਿਆ ਸੀ। ਬਾਅਦ ਵਿਚ ਆਸਾ ਰਾਮ ਨੇ ਕਾਂਗਰਸ ਦਾ ਪਾਣੀ ਲੱਥਦਾ ਅਤੇ ਚੁਸਤ ਕਾਂਗਰਸੀਆਂ ਨੂੰ ਭਾਜਪਾ ਵੱਲ ਭੱਜਦੇ ਵੇਖਿਆ ਤਾਂ ਉਨ੍ਹਾਂ ਦੇ ਨਾਲ ਹੀ ਉਹ ਵੀ ਭਾਜਪਾ ਆਗੂਆਂ ਦਾ ‘ਬਾਪੂ’ ਜਾ ਬਣਿਆ। ਭਾਜਪਾ ਦੇ ਕੇਸ਼ੂ ਭਾਈ ਪਟੇਲ ਦੀ ਸਰਕਾਰ ਨੇ ਆਸਾ ਰਾਮ ਨੂੰ ਪੰਝੀ ਹਜ਼ਾਰ ਵਰਗ ਮੀਟਰ ਦਾ ਪਲਾਟ ਦੇ ਦਿੱਤਾ ਤੇ ਸਾਰੇ ਦੇਸ਼ ਵਿਚ ਜਿੱਥੇ ਕਿਤੇ ਭਾਜਪਾ ਸਰਕਾਰਾਂ ਸਨ, ਉਹ ਆਸਾ ਰਾਮ ਲਈ ਪਲਾਟ ਕੱਟਣ ਲੱਗ ਪਈਆਂ। ਕਾਂਗਰਸੀਆਂ ਨੇ ਮੋੜਾ ਪਾਉਣ ਲਈ ਆਪਣੀਆਂ ਸਰਕਾਰਾਂ ਤੋਂ ਕੁਝ ਪਲਾਟ ਦਿਵਾਏ, ਪਰ ਉਹ ਪਲਾਟ ਲੈਣ ਦੇ ਬਾਅਦ ਅੱਖਾਂ ਫੇਰ ਜਾਂਦਾ ਰਿਹਾ ਤੇ ਨਰਿੰਦਰ ਮੋਦੀ ਦੇ ਉਭਾਰ ਤੱਕ ਭਾਜਪਾ ਆਗੂਆਂ ਦਾ ਪੱਕਾ ਆੜੀ ਬਣਿਆ ਰਿਹਾ। ਮੋਦੀ ਨਾਲ ਕਿਸੇ ਗੱਲੋਂ ਰੇੜਕਾ ਪਿਆ ਤਾਂ ਕੇਸ ਬਣਨ ਲੱਗ ਪਏ ਅਤੇ ਹੁਣ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਉਸ ਨੂੰ ਜੇਲ੍ਹੋਂ ਨਹੀਂ ਨਿਕਲਣ ਦਿੱਤਾ ਜਾ ਰਿਹਾ। ਉਸ ਉਤੇ ਕਤਲ ਦੇ ਕੇਸ ਹਨ, ਜ਼ਮੀਨ-ਜਾਇਦਾਦਾਂ ਦੀ ਧੋਖਾਧੜੀ ਦੇ ਵੀ ਅਤੇ ਉਹੋ ਜਿਹੇ ਕੇਸ ਵੀ ਹਨ, ਜਿਹੜੇ ਸੰਤਾਂ ਨੂੰ ਸ਼ੋਭਾ ਦੇਣ ਵਾਲੇ ਨਹੀਂ।
ਫਿਰ ਇੱਕ ਯੋਗੀ ਬਾਬਾ ਰਾਮਦੇਵ ਉਭਰ ਪਿਆ। ਇਹ ਵੀ ਭਾਜਪਾ ਦਾ ਭਾਈਬੰਦ ਬਾਅਦ ਵਿਚ ਬਣਿਆ ਸੀ, ਪਹਿਲਾਂ ਇਸ ਦੀ ਜੜ੍ਹ ਕਾਂਗਰਸ ਵਾਲਿਆਂ ਦੀ ਕ੍ਰਿਪਾ ਸਦਕਾ ਲੱਗੀ ਸੀ। ਕਈ ਰਾਜਾਂ ਵਿਚ ਇਸ ਨੂੰ ਕਾਂਗਰਸ ਰਾਜ ਦੇ ਕਾਰਨ ਪਲਾਟ ਦਿੱਤੇ ਜਾਣ ਦਾ ਕੰਮ ਏਨੇ ਖੁੱਲ੍ਹੇ ਰੂਪ ਵਿਚ ਹੋਇਆ ਕਿ ਕੋਈ ਅਧਿਕਾਰੀ ਰਾਹ ਰੋਕਣ ਦੀ ਹਿੰਮਤ ਨਹੀਂ ਸੀ ਕਰ ਸਕਦਾ। ਅੰਨਾ ਹਜ਼ਾਰੇ ਦੇ ਭ੍ਰਿਸ਼ਟਾਚਾਰ ਵਿਰੋਧੀ ਮੋਰਚੇ ਤੋਂ ਲੋਕਾਂ ਦਾ ਧਿਆਨ ਪਾਸੇ ਪਾਉਣ ਲਈ ਇਸ ਨੂੰ ਕਾਂਗਰਸ ਪਾਰਟੀ ਨੇ ਵਿਦੇਸ਼ ਤੋਂ ਕਾਲਾ ਧਨ ਦੇਸ਼ ਵਿਚ ਵਾਪਸ ਲਿਆਉਣ ਦੇ ਰਾਹ ਆਪ ਪਾਇਆ ਸੀ। ਰੱਫੜ ਉਦੋਂ ਪਿਆ, ਜਦੋਂ ਉਹ ਦਿੱਲੀ ਵਿਚ ਰਾਮ ਲੀਲ੍ਹਾ ਮੈਦਾਨ ਵਿਚ ਧਰਨਾ ਮਾਰਨ ਪੁੱਜਾ ਤੇ ਪਹਿਲਾਂ ਖਬਰ ਪੁੱਜ ਗਈ ਕਿ ਉਹ ਭਾਜਪਾ ਨਾਲ ਅੱਖ ਮਿਲਾ ਚੁੱਕਾ ਹੈ। ਕਾਂਗਰਸੀਆਂ ਨੇ ਕਹਿ ਦਿੱਤਾ ਕਿ ਧਰਨਾ ਮਾਰਨ ਤੋਂ ਪਹਿਲਾਂ ਲਿਖ ਕੇ ਦੇਵੇ ਕਿ ਕੱਲ੍ਹ ਚਾਰ ਵਜੇ ਉਠ ਜਾਵਾਂਗਾ। ਉਸ ਨੇ ਲਿਖ ਦਿੱਤਾ ਤੇ ਇਸੇ ਤੋਂ ਬਾਅਦ ਡਾਂਗ-ਸੋਟਾ ਚੱਲਿਆ ਸੀ ਤੇ ਫਿਰ ਉਹ ਦਿੱਲੀ ਛੱਡ ਕੇ ਭਾਜਪਾ ਦੇ ਰਾਜ ਵਾਲੇ ਉਤਰਾਖੰਡ ਜਾ ਪਹੁੰਚਿਆ ਸੀ।
ਏਨੀ ਕੁ ਦਲ-ਬਦਲੀ ਨਾਲ ਰਾਮਦੇਵ ਲਈ ਭਾਜਪਾ ਸਰਕਾਰਾਂ ਨੇ ਗੱਫਿਆਂ ਦੀ ਝੜੀ ਲਾ ਦਿੱਤੀ। ਹਿਮਾਚਲ ਪ੍ਰਦੇਸ਼ ਦੀ ਉਦੋਂ ਦੀ ਭਾਜਪਾ ਸਰਕਾਰ ਨੇ ਉਸ ਨੂੰ ਪੈਂਤੀ ਕਰੋੜ ਮੁੱਲ ਵਾਲੀ ਅਠਾਈ ਏਕੜ ਜ਼ਮੀਨ 99 ਸਾਲਾਂ ਲਈ ਸਿਰਫ ਇੱਕ ਰੁਪਏ ਸਾਲਾਨਾ ਕਿਰਾਏ ਉਤੇ ਦੇ ਦਿੱਤੀ। ਨਰਿੰਦਰ ਮੋਦੀ ਸਰਕਾਰ ਆਈ ਤੇ ਫਿਰ ਮਹਾਰਾਸ਼ਟਰ ਵਿਚ ਭਾਜਪਾ ਸਰਕਾਰ ਦੇ ਬਣਨ ਦਾ ਸਬੱਬ ਬਣਿਆ ਤਾਂ ਸਿਰਫ ਹੇਮਾ ਮਾਲਿਨੀ ਨੂੰ ਗਲਤ ਪਲਾਟ ਹੀ ਨਹੀਂ ਸੀ ਦਿੱਤਾ ਗਿਆ, ਰਾਮਦੇਵ ਵਾਲੀ ਸੰਸਥਾ ਨੂੰ ਵੀ ਵਿਦਰਭ ਖੇਤਰ ਵਿਚ ਤਿੰਨ ਥਾਂਈਂ ਵੰਡ ਕੇ ਛੇ ਸੌ ਏਕੜ ਜ਼ਮੀਨ ਦੇ ਦਿੱਤੀ ਗਈ।
ਹੁਣ ਆਸਾਮ ਵਿਚ ਵਿਧਾਨ ਸਭਾ ਚੋਣ ਹੋਣ ਵਾਲੀ ਹੈ ਤਾਂ ਉਥੋਂ ਖਬਰ ਆ ਗਈ ਹੈ ਕਿ ਭਾਜਪਾ ਦਾ ਬੋਡੋਲੈਂਡ ਪੀਪਲਜ਼ ਫਰੰਟ ਨਾਲ ਵਲ-ਵਲਾਵੇਂ ਦਾ ਗੱਠਜੋੜ ਬਣਦੇ ਸਾਰ ਬੋਡੋਲੈਂਡ ਟੈਰੀਟੋਰੀਅਲ ਕੌਂਸਲ ਨੇ 3800 ਏਕੜ ਜ਼ਮੀਨ ਰਾਮਦੇਵ ਦੇ ਅਦਾਰੇ ਨੂੰ ਅਲਾਟ ਕਰ ਦਿੱਤੀ ਹੈ। ਬੋਡੋਲੈਂਡ ਪੀਪਲਜ਼ ਫਰੰਟ ਦਾ ਮੁਖੀ ਹਾਗਰਾਮਾ ਮੋਹਿਲਾਰੀ ਹੈ, ਜਿਹੜਾ ਪਹਿਲਾਂ ਗੈਰ-ਕਾਨੂੰਨ ਮੰਨੀ ਜਾਂਦੀ ਰਹੀ ਬੋਡੋ ਲਿਬਰੇਸ਼ਨ ਟਾਈਗਰਜ਼ ਫੋਰਸ ਦਾ ਮੁਖੀ ਸੀ ਤੇ ਦਸੰਬਰ 2003 ਵਿਚ ਵਾਜਪਾਈ ਸਰਕਾਰ ਨਾਲ ਸਮਝੌਤਾ ਕਰ ਕੇ ਮੁੱਖ ਧਾਰਾ ਵੱਲ ਮੁੜਿਆ ਸੀ। ਉਸ ਤੋਂ ਮਹੀਨਾ ਕੁ ਪਿੱਛੋਂ ਬਣੀ ਬੋਡੋਲੈਂਡ ਟੈਰੀਟੋਰੀਅਲ ਕੌਂਸਲ ਦਾ ਉਸ ਨੂੰ ਮੁਖੀ ਬਣਾ ਦਿੱਤਾ ਗਿਆ। ਹੁਣ ਪੰਜਾਬ ਸਰਕਾਰ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਬਾਬਾ ਰਾਮਦੇਵ ਦੀ ਪਾਤੰਜਲੀ ਪੀਠ ਨੂੰ ਪੰਜਾਬ ਦੇ ਵਿਕਾਸ ਵਿਚ ਯੋਗਦਾਨ ਦਾ ਮੌਕਾ ਦੇਣਾ ਹੈ।
ਅਸੀਂ ਫਿਰ ਕਹਿ ਸਕਦੇ ਹਾਂ ਕਿ ਸ੍ਰੀ ਸ੍ਰੀ ਰਵੀ ਸ਼ੰਕਰ ਦੇ ਖਿਲਾਫ ਕਹਿਣ ਲਈ ਨਿਜੀ ਤੌਰ ਉਤੇ ਸਾਡੇ ਕੋਲ ਕੁਝ ਨਹੀਂ, ਪਰ ਇਹ ਗੱਲ ਸਾਰਾ ਦੇਸ਼ ਜਾਣਦਾ ਹੈ ਕਿ ਉਸ ਨੇ ਆਪਣਾ ਜਲੌਅ ਵਧਾਉਣ ਲਈ ਦਿੱਲੀ ਵਿਚ ਜਿਸ ਤਰ੍ਹਾਂ ਦਾ ਜਲਸਾ ਜੋੜਿਆ ਹੈ, ਉਸ ਲਈ ਨਿਯਮ ਤੋੜਨ ਵਿਚ ਕੋਈ ਕਸਰ ਨਹੀਂ ਛੱਡੀ। ਕਮਾਲ ਦੀ ਗੱਲ ਹੈ, ਰਵੀ ਸ਼ੰਕਰ ਇਹ ਕਹਿੰਦਾ ਹੈ ਕਿ ਉਹ ਲੋਕਾਂ ਨੂੰ ਜਿਊਣ ਦੀ ਜਾਚ ਦੱਸੇਗਾ। ਆਰਟ ਆਫ ਲਿਵਿੰਗ ਜ਼ਿੰਦਾਬਾਦ। ਬਾਬੇ ਕਹਿੰਦੇ ਹੁੰਦੇ ਸਨ ਕਿ ‘ਸਾਧਾਂ ਨੂੰ ਕੀ ਸਵਾਦਾਂ ਨਾਲ’, ਪਰ ਨਵੇਂ ਯੁੱਗ ਵਿਚ ਸਾਰੇ ਸਵਾਦਾਂ ਦਾ ਚਸਕਾ ਸਾਧਾਂ ਤੇ ਉਨ੍ਹਾਂ ਦੇ ਬਾਲਕਿਆਂ ਦਾ ਹੱਕ ਬਣਦਾ ਜਾ ਰਿਹਾ ਹੈ। ਸੰਤ ਰਵੀ ਸ਼ੰਕਰ ਕਹਿੰਦਾ ਹੈ ਕਿ ਭਾਰਤ ਦੇ ਨਾਗਰਿਕਾਂ ਵਿਚ ਏਦਾਂ ਦੀ ਦੇਸ਼ਭਗਤੀ ਪੈਦਾ ਕਰਨੀ ਹੈ ਕਿ ਇਥੇ ਕੋਈ ਗਲਤ ਕੰਮ ਨਾ ਹੋਵੇ। ਆਪ ਗਲਤ ਕੰਮ ਕਰਨ ਪਿੱਛੋਂ ਆਮ ਲੋਕਾਂ ਲਈ ਠੀਕ ਰਾਹ ਚੱਲਣ ਦਾ ਉਪਦੇਸ਼ ਹਾਰੀ-ਸਾਰੀ ਬੰਦਾ ਨਹੀਂ ਵੰਡ ਸਕਦਾ। ਇਸ ਕੰਮ ਲਈ ਬੰਦੇ ਨੂੰ ਪਹਿਲਾਂ ਏਨਾ ਖਾਸ ਬਣਨਾ ਪੈਂਦਾ ਹੈ ਕਿ ਉਸ ਦਾ ਗਲਤ ਕੀਤਾ ਵੀ ਕਿਸੇ ਨੂੰ ਗਲਤ ਨਜ਼ਰ ਨਾ ਆਵੇ। ਉਸ ਦੇ ਨਾਲ ਖੱਬੇ-ਸੱਜੇ ਇਸ ਦੇਸ਼ ਦੇ ਪ੍ਰਧਾਨ ਮੰਤਰੀ ਦੇ ਪੱਧਰ ਦੇ ਆਗੂ ਖੜੇ ਦਿੱਸਣੇ ਚਾਹੀਦੇ ਹਨ, ਉਸ ਮਾਹੌਲ ਵਿਚ ਇਹ ਗਾਉਣ ਦਾ ਮੁਕੰਮਲ ਮਜ਼ਾ ਆਉਂਦਾ ਹੈ, “ਯੇ ਮੇਰਾ ਇੰਡੀਆ, ਆਈ ਲਵ ਮਾਈ ਇੰਡੀਆ।”