ਪੱਤਰਕਾਰਾਂ ਤੇ ਵਕੀਲਾਂ ਦੀ ਬੇਦਖਲੀ

ਜੂਝ ਰਹੇ ਜਿਊੜਿਆਂ ਦੀ ਦਰਦ ਕਹਾਣੀ
ਬਸਤਰ, ਜਿਥੇ ਸਰਕਾਰ ਨੂੰ ਮਾਓਵਾਦੀਆਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਵਿਚ ਸਰਕਾਰੀ ਲਸ਼ਕਰ ਕਿਸ ਤਰ੍ਹਾਂ ਆਮ ਲੋਕਾਂ ਉਤੇ ਜਬਰ ਢਾਹ ਰਹੇ ਹਨ, ਇਸ ਦਾ ਖੁਲਾਸਾ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਆਪਣੇ ਇਸ ਉਚੇਚੇ ਲੇਖ ਵਿਚ ਕੀਤਾ ਹੈ। ਇਸ ਇਲਾਕੇ ਅਤੇ ਇਸ ਦੇ ਲਾਗਲੇ ਇਲਾਕਿਆਂ ਵਿਚ ਸਰਕਾਰ ਵੱਲੋਂ 2009 ਤੋਂ ‘ਓਪਰੇਸ਼ਨ ਗ੍ਰੀਨ ਹੰਟ’ ਚਲਾਇਆ ਜਾ ਰਿਹਾ ਹੈ ਤਾਂਕਿ ਇਲਾਕਾ ਖਾਲੀ ਕਰਵਾ ਕੇ ਵਿਕਾਸ ਕਾਰਜਾਂ ਦੇ ਨਾਂ ਉਤੇ ਧਨਾਢਾਂ ਨੂੰ ਸੌਂਪਿਆ ਜਾ ਸਕੇ।

ਹੁਣ ਉਥੇ ਕੰਮ ਕਰਦੇ ਪੱਤਰਕਾਰਾਂ ਅਤੇ ਮਨੁੱਖੀ ਹੱਕਾਂ ਲਈ ਲੜ ਰਹੇ ਕਾਰਕੁਨਾਂ ਨੂੰ ਲਾਂਭੇ ਕਰਨ ਲਈ ਉਨ੍ਹਾਂ ਨੂੰ ਖਦੇੜਿਆ ਜਾ ਰਿਹਾ ਹੈ। ਸਰਕਾਰ ਚਾਹੁੰਦੀ ਹੈ ਕਿ ਕੋਈ ਵੀ ਬੰਦਾ ਆਦਿਵਾਸੀਆਂ ਦੇ ਹੱਕਾਂ ਬਾਰੇ ਗੱਲ ਵੀ ਨਾ ਕਰੇ ਅਤੇ ਨਾ ਇਸ ਤੱਦੀ ਬਾਰੇ ਮੁਲਕ ਦੇ ਹੋਰ ਲੋਕਾਂ ਨੂੰ ਪਤਾ ਹੀ ਲੱਗ ਸਕੇ। -ਸੰਪਾਦਕ

ਬੂਟਾ ਸਿੰਘ
ਫੋਨ: +91-94634-74342
‘ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ’ ਕਿੰਨੀ ਕੁ ਜਮਹੂਰੀ ਹੈ, ਤੇ ਇਹ ਆਜ਼ਾਦੀ ਨਾਲ ਆਪਣੀ ਗੱਲ ਕਹਿਣ ਲਈ ਜਾਗਰੂਕ ਨਾਗਰਿਕਾਂ ਨੂੰ ਕਿਹੋ ਜਿਹੀ ਜਮਹੂਰੀ ਖੁੱਲ੍ਹ ਦਿੰਦੀ ਹੈ, ਇਸ ਦੀ ਤਾਜ਼ਾ ਮਿਸਾਲ ਛੱਤੀਸਗੜ੍ਹ ਦੀ ਹੈ। ਬਸਤਰ ਜ਼ਿਲ੍ਹੇ ਦੇ ਜ਼ਿਲ੍ਹਾ ਸਦਰ-ਮੁਕਾਮ ਜਗਦਲਪੁਰ ਵਿਖੇ ਕੰਮ ਕਰਦੇ ਲੋਕਪੱਖੀ ਵਕੀਲਾਂ, ਪੱਤਰਕਾਰਾਂ ਅਤੇ ਕਾਰਕੁਨਾਂ ਨੂੰ ਨਿਸ਼ਾਨਾ ਬਣਾ ਕੇ ਉਥੋਂ ਦੇ ਅਸਲ ਹਾਲਾਤ ਨੂੰ ਜੱਗ-ਜ਼ਾਹਿਰ ਹੋਣ ਤੋਂ ਰੋਕਣ ਲਈ ਕੇਂਦਰ ਤੇ ਸੂਬਾਈ ਸਰਕਾਰਾਂ ਅਤੇ ਉਨ੍ਹਾਂ ਦੇ ਕਾਨੂੰਨੀ ਤੇ ਗ਼ੈਰਕਾਨੂੰਨੀ ਤੰਤਰ ਨੇ ਪੂਰੀ ਤਾਕਤ ਝੋਕੀ ਹੋਈ ਹੈ। ਰਾਜਤੰਤਰ ਇਹ ਯਕੀਨੀ ਬਣਾ ਰਿਹਾ ਹੈ ਕਿ ਸਰਕਾਰੀ ਲਸ਼ਕਰਾਂ ਵਲੋਂ ਕੀਤੀ ਜਾ ਰਹੀ ਕਤਲੋਗ਼ਾਰਤ ਬਾਰੇ ਦੁਨੀਆਂ ਨੂੰ ਦੱਸਣ ਅਤੇ ਹਵਾਲਾਤ ਤੇ ਜੇਲ੍ਹਾਂ ਵਿਚ ਅਣਮਿੱਥੇ ਸਮੇਂ ਲਈ ਡੱਕੇ ਗਏ ਤੇ ਦਿਨੋ-ਦਿਨ ਹੋਰ ਵਧੇਰੇ ਤਾਦਾਦ ਵਿਚ ਗ੍ਰਿਫਤਾਰ ਕੀਤੇ ਜਾ ਰਹੇ ਆਦਿਵਾਸੀਆਂ ਦੀ ਅਦਾਲਤੀ ਮਾਮਲਿਆਂ ਵਿਚ ਮਦਦ ਕਰਨ ਵਾਲਾ ਉਥੇ ਕੋਈ ਨਾ ਰਹੇ। ਬਸਤਰ ਤੋਂ ਦੋ ਪੱਤਰਕਾਰਾਂ ਸੰਤੋਸ਼ ਯਾਦਵ ਅਤੇ ਸੋਮਰੂ ਨਾਗ ਨੂੰ ਗ੍ਰਿਫਤਾਰ ਕਰ ਕੇ ਮਾਓਵਾਦੀਆਂ ਨਾਲ ਸਬੰਧਤ ਹੋਣ ਦੇ ਇਲਜ਼ਾਮ ਤਹਿਤ ਕਈ ਮਹੀਨਿਆਂ ਤੋਂ ਜੇਲ੍ਹ ਬੰਦ ਕੀਤਾ ਹੋਇਆ ਹੈ। ਉਹ ਹਿੰਦੀ ਅਖਬਾਰਾਂ ਲਈ ਕੰਮ ਕਰ ਰਹੇ ਸਨ। ਹੁਣ ਆਦਿਵਾਸੀਆਂ ਨੂੰ ਕਾਨੂੰਨੀ ਸਹਾਇਤਾ ਦੇ ਰਹੇ ਵਕੀਲਾਂ ਦੀ ਸੰਸਥਾ ‘ਜਗਦਲਪੁਰ ਲੀਗਲ ਏਡ ਗਰੁਪ’ ਅਤੇ ਸਕਰੌਲ ਨਿਊਜ਼ ਪੋਰਟਲ ਦੀ ਪੱਤਰਕਾਰ ਮਾਲਿਨੀ ਸੁਬਰਾਮਨੀਅਮ ਨੂੰ ਤੰਗ-ਪ੍ਰੇਸ਼ਾਨ ਕਰ ਕੇ ਉਥੋਂ ਨਿਕਲਣ ਲਈ ਮਜਬੂਰ ਕਰ ਦਿੱਤਾ ਗਿਆ। ਸਮਾਜ ਵਿਗਿਆਨੀ ਬੇਲਾ ਭਾਟੀਆ ਨੂੰ ਵੀ ਉਥੋਂ ਕੱਢਣ ਲਈ ਹਰ ਹਰਬਾ ਇਸਤੇਮਾਲ ਕੀਤਾ ਜਾ ਰਿਹਾ ਹੈ। ਜਦੋਂ ਬੀæਬੀæਸੀæ ਹਿੰਦੀ ਸਰਵਿਸ ਦੇ ਪੱਤਰਕਾਰ ਅਲੋਕ ਪ੍ਰਕਾਸ਼ ਪੁਤੁਲ ਨੇ ਵਕੀਲਾਂ ਤੇ ਪੱਤਰਕਾਰਾਂ ਨੂੰ ਬਸਤਰ ਵਿਚੋਂ ਕੱਢਣ ਅਤੇ ਉਥੇ ਚੱਲ ਰਹੇ ਜਬਰ ਬਾਰੇ ਰਿਪੋਰਟਿੰਗ ਕੀਤੀ ਤਾਂ ਉਸ ਨੂੰ ਵੀ ਸੁਨੇਹਾ ਮਿਲ ਗਿਆ ਕਿ ਜਿੰਨੀ ਛੇਤੀ ਸੰਭਵ ਹੈ, ਜਾਨ ਬਚਾ ਕੇ ਨਿਕਲ ਜਾਵੇ।
ਨਿਊ ਯਾਰਕ ਦੀ ‘ਕਮੇਟੀ ਟੂ ਪ੍ਰੋਟੈਕਟ ਜਰਨਲਿਸਟਸ’ ਨੇ ਆਪਣੇ 29 ਫਰਵਰੀ ਦੇ ਪ੍ਰੈਸ ਬਿਆਨ ਵਿਚ ਇਨ੍ਹਾਂ ਹਾਲਾਤ ‘ਤੇ ਫਿਕਰ ਜ਼ਾਹਿਰ ਕੀਤਾ ਹੈ। ਕਮੇਟੀ ਦੀ ਜਾਂਚ ਮੁਤਾਬਕ, ਪੁਲਿਸ ਅਕਸਰ ਹੀ ਆਲੋਚਨਾ ਵਾਲੀ ਰਿਪੋਰਟਿੰਗ ਕਰਨ ਵਾਲੇ ਪੱਤਰਕਾਰਾਂ ਦਾ ਮੂੰਹ ਬੰਦ ਕਰਨ ਲਈ, ਜਾਂ ਮੁਖਬਰਾਂ ਵਜੋਂ ਕੰਮ ਕਰਨ ਲਈ ਉਨ੍ਹਾਂ ਉਪਰ ਦਬਾਓ ਪਾਉਂਦੀ ਹੈ, ਤੰਗ-ਪ੍ਰੇਸ਼ਾਨ ਕਰਦੀ ਹੈ, ਜਾਂ ਬਦਸਲੂਕੀ ਕਰਦੀ ਹੈ। ਕਮੇਟੀ ਅਨੁਸਾਰ, ਪੱਤਰਕਾਰਾਂ ਤੇ ਵਕੀਲਾਂ ਨੂੰ ਉਥੋਂ ਕੱਢੇ ਜਾਣ ਨਾਲ “ਇਲਾਕੇ ਵਿਚ ਸੂਚਨਾ ਦੇ ਖ਼ਲਾਅ ਦਾ ਖਤਰਾ ਪੈਦਾ ਹੋ ਗਿਆ ਹੈ ਜਿਥੇ ਪ੍ਰੈਸ ਪਹਿਲਾਂ ਹੀ ਭਾਰੀ ਦਬਾਓ ਹੇਠ ਕੰਮ ਕਰ ਰਹੀ ਹੈ।”
ਛੱਤੀਸਗੜ੍ਹ ਦੇ ਆਦਿਵਾਸੀ ਇਲਾਕਿਆਂ, ਖ਼ਾਸ ਕਰ ਕੇ ਬਸਤਰ ਵਿਚ ਆਦਿਵਾਸੀ ਲੋਕਾਂ ਦੇ ਇਨਕਲਾਬੀ ਟਾਕਰਾ ਸੰਘਰਸ਼ ਨੂੰ ਕੁਚਲਣ ਲਈ ਜੋ ਵਿਆਪਕ ਨੀਮ-ਫੌਜੀ ਤੇ ਪੁਲਿਸ ਓਪਰੇਸ਼ਨ (ਓਪਰੇਸ਼ਨ ਗ੍ਰੀਨ ਹੰਟ 2009 ਵਿਚ ਸ਼ੁਰੂ ਕੀਤਾ ਗਿਆ ਸੀ) ਵਿਚ ਪਿਛਲੇ ਇਕ ਸਾਲ ਤੋਂ ਹੋਰ ਤੇਜ਼ੀ ਲਿਆਂਦੀ ਗਈ ਹੈ। ਮੁਲਕ ਦੀਆਂ ਸਰਹੱਦਾਂ ਦੀ ਬਾਹਰਲੇ ਹਮਲਿਆਂ ਤੋਂ ਰਾਖੀ ਲਈ ਬਣਾਈ ਫ਼ੌਜ ਨੂੰ ਵੀ ਅਣਐਲਾਨੇ ਤੌਰ ‘ਤੇ ਇਸ ਵਿਚ ਸ਼ਾਮਲ ਕੀਤਾ ਜਾ ਚੁੱਕਾ ਹੈ। ਮੀਡੀਆ ਦੇ ਇਕ ਹਿੱਸੇ ਅੰਦਰ ਇਹ ਚਰਚਾ ਵੀ ਹੁੰਦੀ ਰਹੀ ਹੈ ਕਿ ਅਮਰੀਕਾ ਅਤੇ ਇਸਰਾਈਲ ਦੀਆਂ ਖੁਫ਼ੀਆ ਏਜੰਸੀਆਂ ਹਿੰਦੁਸਤਾਨ ਵਿਚ ਚੱਲ ਰਹੀਆਂ ਹਥਿਆਰਬੰਦ ਲਹਿਰਾਂ, ਖ਼ਾਸ ਕਰ ਕੇ ਮਾਓਵਾਦੀ ਲਹਿਰ ਨੂੰ ਕੁਚਲਣ ਵਿਚ ਉਚੇਚਾ ਹਿੱਸਾ ਪਾ ਰਹੀਆਂ ਹਨ। ਇਨ੍ਹਾਂ ਹਾਲਾਤ ਦੇ ਮੱਦੇਨਜ਼ਰ, ਇਹ ਤੁਲਨਾ ਕਰਨੀ ਗਲਤ ਨਹੀਂ ਹੋਵੇਗੀ ਕਿ ਸ੍ਰੀਲੰਕਾ ਵਿਚ ਤਾਮਿਲ ਬਾਗੀਆਂ (ਲਿੱਟੇ) ਨੂੰ ਕੁਚਲਣ ਲਈ ਉਨ੍ਹਾਂ ਦੇ ਆਧਾਰ ਖੇਤਰ ਦੀ ਘੇਰਾਬੰਦੀ ਕਰ ਕੇ ਜਿਸ ਤਰ੍ਹਾਂ ਸ੍ਰੀਲੰਕਾ ਦੀ ਫੌਜ ਵਲੋਂ ਅਮਰੀਕਾ ਤੇ ਹਿੰਦੁਸਤਾਨੀ ਫੌਜ ਦੀ ਮਿਲੀਭੁਗਤ ਨਾਲ ਵਿਆਪਕ ਕਤਲੋਗਾਰਤ ਕੀਤੀ ਗਈ ਸੀ, ਉਸੇ ਤਰ੍ਹਾਂ ਦੀ ਯੋਜਨਾ ਅਤੇ ਉਸੇ ਪੈਮਾਨੇ ਦੀ ਜੰਗੀ ਤਿਆਰੀ ਨਾਲ ਬਸਤਰ ਦੀ ਘੇਰਾਬੰਦੀ ਕੀਤੀ ਗਈ ਹੈ।
ਪਿਛਲੇ ਤਿੰਨ ਮਹੀਨਿਆਂ ਵਿਚ ਬਸਤਰ ਖੇਤਰ ਦੇ ਬੀਜਾਪੁਰ ਅਤੇ ਸੁਕਮਾ ਜ਼ਿਲ੍ਹਿਆਂ ਅੰਦਰ ਪੁਲਿਸ ਤੇ ਹੋਰ ਸਰਕਾਰੀ ਲਸ਼ਕਰਾਂ ਵਲੋਂ ਆਦਿਵਾਸੀ ਔਰਤਾਂ ਉਪਰ ਵਿਆਪਕ ਪੈਮਾਨੇ ‘ਤੇ ਕਾਮੁਕ ਹਿੰਸਾ ਦੀਆਂ ਤਿੰਨ ਵੱਡੀਆਂ ਮਿਸਾਲਾਂ ਸਾਹਮਣੇ ਆਈਆਂ ਹਨ। 40 ਔਰਤਾਂ ਨੇ ਆਪਣੇ ਨਾਲ ਹੋਏ ਸਮੂਹਿਕ ਜਬਰ ਜਨਾਹ ਦੀ ਦਰਦਨਾਕ ਦਾਸਤਾਂ ਬਿਆਨ ਕੀਤੀ ਹੈ। ਇਸ ਤੋਂ ਫਿਰ ਸਪਸ਼ਟ ਹੋ ਗਿਆ ਹੈ ਕਿ ਸਟੇਟ ਮਸ਼ੀਨਰੀ ਜਬਰ ਜਨਾਹ ਦਾ ਇਸਤੇਮਾਲ, ਸਟੇਟ ਵਿਰੋਧੀ ਲਹਿਰਾਂ ਅਤੇ ਲੋਕਾਂ ਦੇ ਸਵੈਮਾਣ ਨੂੰ ਕੁਚਲਣ ਦੇ ਹਥਿਆਰ ਵਜੋਂ ਕਰ ਰਹੀ ਹੈ। ਆਦਿਵਾਸੀ ਔਰਤਾਂ ਨੇ ਸਰਕਾਰੀ ਲਸ਼ਕਰਾਂ ਵਲੋਂ ਚਲਾਈ ਜਾ ਰਹੀ ਲਿੰਗਕ ਦਹਿਸ਼ਤਗਰਦੀ ਦੀਆਂ ਕਹਾਣੀਆਂ ਬਿਆਨ ਕੀਤੀਆਂ ਹਨ। ਪੇਡਾਗੇਲੂਰ ਅਤੇ ਚਿਨਾਗੇਲੂਰ ਪਿੰਡਾਂ ਦੀਆਂ ਘੱਟੋ-ਘੱਟ ਪੰਦਰਾਂ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਵੇਂ ਬੇਇਜ਼ਤ ਕੀਤਾ ਗਿਆ। ਔਰਤਾਂ ਦੀਆਂ ਛਾਤੀਆਂ ਨਿਚੋੜ ਕੇ ‘ਪੁਸ਼ਟੀ’ ਕੀਤੀ ਗਈ ਕਿ ਉਹ ਸੱਚਮੁੱਚ ਸ਼ਾਦੀਸ਼ੁਦਾ ਮਾਂਵਾਂ ਹਨ, ਅਣਵਿਆਹੀਆਂ ਨਕਸਲੀ ਨਹੀਂ। ਸਰਕਾਰੀ ਲਸ਼ਕਰ ਔਰਤਾਂ ਨੂੰ ਕਹਿ ਰਹੇ ਸਨ, ‘ਕਪੜਾ ਉਠਾਓ, ਮਿਰਚੀ ਡਾਲੇਂਗੇ।’ ਉਹ ਉਨ੍ਹਾਂ ਦੇ ਲਹਿੰਗੇ ਚੁੱਕ ਕੇ ਉਨ੍ਹਾਂ ਦੇ ਪੁੜਿਆਂ ਅਤੇ ਪੱਟਾਂ ਉਪਰ ਡੰਡਿਆਂ ਅਤੇ ਬੰਦੂਕਾਂ ਦੇ ਬੱਟਾਂ ਨਾਲ ਤਸ਼ੱਦਦ ਢਾਹੁੰਦੇ ਰਹੇ।
ਨੇੜ-ਭਵਿੱਖ ਵਿਚ ਹੁਕਮਰਾਨਾਂ ਦੀ ਸੋਚ ਅਨੁਸਾਰ ਬੇਤਹਾਸ਼ਾ ਕਤਲੋਗਾਰਤ ਨੂੰ ਅੰਜਾਮ ਦੇਣ ਅਤੇ ਇਸ ਵਹਿਸ਼ੀ ਹਕੀਕਤ ਨੂੰ ਦਬਾਉਣ ਲਈ ਇਹ ਜ਼ਰੂਰੀ ਹੈ ਕਿ ਇਸ ਖੇਤਰ ਨੂੰ ‘ਅਣਚਾਹੇ’ ਤੱਤਾਂ ਤੋਂ ਮੁਕਤ ਕੀਤਾ ਜਾਵੇ, ਖਾਸ ਕਰ ਕੇ ਖੋਜੀ ਪੱਤਰਕਾਰਾਂ, ਮਨੁੱਖੀ/ਸ਼ਹਿਰੀ ਹੱਕਾਂ ਦੀਆਂ ਜਥੇਬੰਦੀਆਂ ਅਤੇ ਲੋਕਪੱਖੀ ਵਕੀਲਾਂ ਨੂੰ ਉਥੋਂ ਕੱਢਿਆ ਜਾਵੇ। ਇਸ ਲਈ, ਦੋ ਤਰੀਕੇ ਇਸਤੇਮਾਲ ਕੀਤੇ ਜਾ ਰਹੇ ਹਨ। ਪੱਤਰਕਾਰਾਂ ਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਕਾਰਕੁਨਾਂ ਉਪਰ ਝੂਠੇ ਮੁਕੱਦਮੇ ਦਰਜ ਕਰ ਕੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਸਾੜਨ ਦਾ ਸਿਲਸਿਲਾ; ਦੂਜਾ, ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਤੇ ਅਣਪਛਾਤੇ ਗ਼ੈਰਕਾਨੂੰਨੀ ਗਰੋਹਾਂ ਕੋਲੋਂ ਕਾਤਲਾਨਾ ਹਮਲੇ ਕਰਵਾ ਕੇ ਉਨ੍ਹਾਂ ਦੀ ਜ਼ਬਾਨਬੰਦੀ ਕਰਨ ਦੇ ਦਹਿਸ਼ਤਗਰਦ ਤਰੀਕੇ। ਡਾæ ਬਿਨਾਇਕ ਸੇਨ, ਲਿੰਗਾਰਾਮ ਕੋਡੋਪੀ, ਸੋਨੀ ਸੋਰੀ, ਪ੍ਰਸ਼ਾਂਤ ਰਾਹੀ, ਪ੍ਰੋਫੈਸਰ ਜੀæਐਨæ ਸਾਈਬਾਬਾ, ਹੇਮ ਮਿਸ਼ਰਾ, ਸੀਮਾ ਆਜ਼ਾਦ, ਵਿਸ਼ਵ ਵਿਜੇ ਆਦਿ ਬੇਸ਼ੁਮਾਰ ਕਾਰਕੁਨਾਂ ਨੂੰ ਝੂਠੇ ਮਾਮਲਿਆਂ ਵਿਚ ਫਸਾਇਆ ਗਿਆ। ਤਿਲੰਗਾਨਾ ਵਿਚ ਹਰਮਨ ਪਿਆਰੇ ਆਗੂ ਗੰਟੀ ਪ੍ਰਸਾਦਮ ਨੂੰ ਕਤਲ ਕਰ ਦਿੱਤਾ ਗਿਆ। ‘ਜਗਦਲਪੁਰ ਲੀਗਲ ਏਡ ਗਰੁਪ’ ਦੀਆਂ ਮਹਿਲਾ ਵਕੀਲਾਂ, ਪੱਤਰਕਾਰ ਮਾਲਿਨੀ ਸੁਬਰਾਮਨੀਅਮ ਤੇ ਅਲੋਕ ਪ੍ਰਕਾਸ਼ ਪੁਤੁਲ, ਆਦਿਵਾਸੀ ਕਾਰਕੁਨ ਸੋਨੀ ਸੋਰੀ ਅਤੇ ਬੇਲਾ ਭਾਟੀਆ ਉਪਰ ਹਾਲੀਆ ਹਮਲੇ ਇਸੇ ਸਿਲਸਿਲੇ ਦੀਆਂ ਕੜੀਆਂ ਹਨ।
‘ਜਗਦਲਪੁਰ ਲੀਗਲ ਏਡ ਗਰੁਪ’ ਦੇ ਲੋਕਪੱਖੀ ਵਕੀਲਾਂ ਨੇ ਹਿੰਦੁਸਤਾਨੀ ਸਟੇਟ ਵਲੋਂ ਆਦਿਵਾਸੀਆਂ ਖਿਲਾਫ ਵਿੱਢੀ ਅਣਐਲਾਨੀ ਜੰਗ ਦੇ ਜ਼ੁਲਮਾਂ ਦਾ ਸ਼ਿਕਾਰ ਹੋਣ ਵਾਲੇ ਬਸਤਰ ਦੇ ਆਮ ਲੋਕਾਂ ਨੂੰ ਕਾਨੂੰਨੀ ਸਹਾਇਤਾ ਦੇਣ ਦੇ ਮਨੋਰਥ ਨਾਲ ਜੁਲਾਈ 2013 ‘ਚ ਬਣਾਇਆ ਸੀ। ਚਾਰ ਵਕੀਲਾਂ- ਈਸ਼ਾ ਖੰਡੇਲਵਾਲ, ਸ਼ਾਲਿਨੀ ਗੇਰਾ, ਪਰੀਜਿਤਾ ਭਾਦਰਵਾਜ ਅਤੇ ਰੁਪੇਸ਼ ਕੁਮਾਰ ਦੀ ਟੀਮ ਨੇ ਗਰੁਪ ਬਣਾਏ ਜਾਣ ਤੋਂ ਲੈ ਕੇ ਹੁਣ ਤਕ ਦੇ ਇਸ ਥੋੜ੍ਹੇ ਅਰਸੇ ਵਿਚ ਜ਼ਿਕਰਯੋਗ ਕੰਮ ਕੀਤਾ ਹੈ। ਉਨ੍ਹਾਂ ਦੀ ਖੋਜ ਨੇ ਅਹਿਮ ਖੁਲਾਸਾ ਕੀਤਾ ਕਿ 2005 ਤੋਂ 2012 ਤਕ ਜਿਨ੍ਹਾਂ ਬੇਸ਼ੁਮਾਰ ਲੋਕਾਂ ਨੂੰ ਨਕਸਲੀ ਦੇ ਠੱਪੇ ਲਾ ਕੇ ਗ੍ਰਿਫਤਾਰ ਕੀਤਾ ਗਿਆ ਸੀ, ਉਨ੍ਹਾਂ ਵਿਚੋਂ 95 ਫੀਸਦੀ ਵਿਅਕਤੀ ਅਦਾਲਤੀ ਮੁਕੱਦਮਿਆਂ ਦੌਰਾਨ ਬਰੀ ਹੋ ਗਏ; ਭਾਵ ਸਿਰਫ 5 ਫੀਸਦੀ ਹੀ ‘ਦੋਸ਼ੀ’ ਪਾਏ ਗਏ। ਬਾਕੀਆਂ ਉਪਰ ਪੁਲਿਸ ਵਲੋਂ ਦਰਜ ਮੁਕੱਦਮੇ ਝੂਠੇ ਸਾਬਤ ਹੋਏ, ਪਰ ਉਨ੍ਹਾਂ ਬੇਵਸ ਲੋਕਾਂ ਨੂੰ ਆਪਣੀ ਜ਼ਿੰਦਗੀ ਦੇ 3 ਤੋਂ 6 ਸਾਲ ਬੇਕਸੂਰ ਹੀ ਜੇਲ੍ਹਾਂ ਵਿਚ ਸੜਨਾ ਪਿਆ।
ਇਨ੍ਹਾਂ ਵਕੀਲਾਂ ਵਲੋਂ ਮਨੁੱਖੀ ਹੱਕਾਂ ਦੇ ਘਾਣ ਦੀਆਂ ਕੁਝ ਉਘੜਵੀਆਂ ਰਿਪੋਰਟਾਂ ਨੂੰ ਮੁੱਖ ਰੱਖ ਕੇ ਉਨ੍ਹਾਂ ਕਈ ਕੇਸਾਂ ਨੂੰ ਹੱਥ ਵਿਚ ਲਿਆ ਗਿਆ ਜਿਨ੍ਹਾਂ ਆਦਿਵਾਸੀਆਂ ਨੂੰ ਬਿਨਾ ਮੁਕੱਦਮਾ ਚਲਾਏ ਹਵਾਲਾਤੀਆਂ ਵਜੋਂ ਜੇਲ੍ਹਾਂ ਵਿਚ ਡੱਕਿਆ ਹੋਇਆ ਸੀ, ਜਾਂ ਗੈਰਕਾਨੂੰਨੀ ਪੁਲਿਸ ਹਿਰਾਸਤ ਵਿਚ ਬੰਦ ਕੀਤਾ ਹੋਇਆ ਸੀ। ਸ਼ਾਲਿਨੀ ਗੇਰਾ, ਈਸ਼ਾ ਖੰਡੇਲਵਾਲ ਅਤੇ ਉਨ੍ਹਾਂ ਦੇ ਸਾਥੀ ਵਕੀਲਾਂ ਦੇ ਯਤਨਾਂ ਨਾਲ ਬਹੁਤ ਸਾਰੇ ਆਦਿਵਾਸੀ ਜੇਲ੍ਹਾਂ ਜਾਂ ਪੁਲਿਸ ਹਿਰਾਸਤ ਦੇ ਨਰਕ ਤੋਂ ਰਿਹਾ ਹੋਏ। ਇਸ ਵਕਤ ਵੀ ਇਹ ਟੀਮ 40 ਤੋਂ ਵੱਧ ਆਦਿਵਾਸੀਆਂ ਦੇ ਮਾਮਲਿਆਂ ਨੂੰ ਲੈ ਕੇ ਕੰਮ ਕਰ ਰਹੀ ਸੀ। ਇਹ ਟੀਮ ਪੱਤਰਕਾਰਾਂ ਸੋਮਰੂ ਨਾਗ ਅਤੇ ਸੰਤੋਸ਼ ਯਾਦਵ ਦੇ ਮਾਮਲਿਆਂ ਨੂੰ ਲੈ ਕੇ ਅਦਾਲਤ ਵਿਚ ਉਨ੍ਹਾਂ ਦੀ ਕਾਨੂੰਨੀ ਨੁਮਾਇੰਦਗੀ ਤੇ ਪੈਰਵੀ ਕਰ ਰਹੀ ਸੀ।
ਕਾਨੂੰਨੀ ਮਦਦ ਦੇ ਯਤਨਾਂ ਨੂੰ ਬੰਦ ਕਰਾਉਣ ਲਈ ਸਰਕਾਰੀ ਤੰਤਰ ਵਲੋਂ ਉਨ੍ਹਾਂ ਬਾਰੇ ਮਾਓਵਾਦੀ ਹਮਾਇਤੀ ਹੋਣ ਦਾ ਪ੍ਰਚਾਰ ਕੀਤਾ ਗਿਆ। ਇਸ ਦਾ ਸਿੱਧਾ ਮਤਲਬ ਹੈ, ਕਦੇ ਵੀ ਉਨ੍ਹਾਂ ਨੂੰ ਇਹ ਬਹਾਨਾ ਬਣਾ ਕੇ ਗ੍ਰਿਫਤਾਰ ਕਰ ਲੈਣ ਅਤੇ ਜੇਲ੍ਹ ਭੇਜਣ ਦੀ ਧਮਕੀ। ਉਨ੍ਹਾਂ ਨੂੰ ਬਸਤਰ ਦੇ ਵਿਕਾਸ ਦੇ ਵਿਰੋਧੀ ਕਰਾਰ ਦੇ ਕੇ ਭੰਡਿਆ ਗਿਆ। ਬਸਤਰ ਬਾਰ ਐਸੋਸੀਏਸ਼ਨ ਕੋਲੋਂ ਮਤਾ ਪਾਸ ਕਰਵਾ ਕੇ ḔਬਾਹਰਲੇḔ ਵਕੀਲਾਂ ਉਪਰ ਜਗਦਲਪੁਰ ਅਦਾਲਤ ਵਿਚ ਕਿਸੇ ਕੈਦੀ ਵਲੋਂ ਮੁਕੱਦਮਾ ਲੜਨ ਉਪਰ ਪਾਬੰਦੀ ਲਗਵਾਈ ਗਈ। ਇਸ ਜ਼ਰੀਏ ਗੇਰਾ ਅਤੇ ਖੰਡੇਲਵਾਲ ਨੂੰ ਅਦਾਲਤ ਵਿਚ ਪੈਰਵੀ ਕਰਨ ਤੋਂ ਰੋਕ ਦਿੱਤਾ ਗਿਆ, ਕਿਉਂਕਿ ਉਹ ਦਿੱਲੀ ਸਟੇਟ ਬਾਰ ਕੌਂਸਲ ਦੀਆਂ ਮੈਂਬਰ ਸਨ। ਜਦੋਂ ਫਿਰ ਵੀ ਉਹ ਅਡੋਲ ਰਹਿ ਕੇ ਆਪਣੇ ਕੰਮ ਵਿਚ ਜੁਟੀਆਂ ਰਹੀਆਂ ਤਾਂ ਉਨ੍ਹਾਂ ਦੇ ਦਫਤਰ ਅਤੇ ਰਿਹਾਇਸ਼ੀ ਮਕਾਨਾਂ ਦੇ ਮਾਲਕਾਂ ਨੂੰ ਤੰਗ-ਪ੍ਰੇਸ਼ਾਨ ਕੀਤੇ ਜਾਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਪੁਲਿਸ ਪਹਿਲਾਂ ਮਾਲਿਨੀ ਦੇ ਘਰ ਗਈ, ਫਿਰ ਲੀਗਲ ਏਡ ਗਰੁਪ ਦੀ ਰਿਹਾਇਸ਼ ‘ਤੇ। ਉਨ੍ਹਾਂ ਦੇ ਮਕਾਨ ਮਾਲਕਾਂ ਅਤੇ ਘਰੇਲੂ ਨੌਕਰ ਨੂੰ ਗ੍ਰਿਫਤਾਰ ਕਰ ਕੇ ਹਵਾਲਾਤ ਵਿਚ ਬੰਦ ਰੱਖਿਆ ਗਿਆ। ਉਨ੍ਹਾਂ ਨੂੰ ਝੂਠੇ ਮਾਮਲਿਆਂ ‘ਚ ਫਸਾ ਕੇ ਜੇਲ੍ਹ ਭੇਜਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਅਤੇ ਇਨ੍ਹਾਂ ‘ਦੇਸ਼ ਵਿਰੋਧੀ’ ਕਿਰਾਏਦਾਰਾਂ ਤੋਂ ਮਕਾਨ ਖਾਲੀ ਕਰਾਉਣ ਦੇ ਫਰਮਾਨ ਜਾਰੀ ਕਰ ਦਿੱਤੇ ਗਏ।
ਪੁਲਿਸ ਪਾਰਟੀ ਵਲੋਂ ਪੁੱਛਗਿੱਛ ਦੇ ਬਹਾਨੇ, ਰਾਤ ਦੇ ਵਕਤ ਮਾਲਿਨੀ ਦੇ ਘਰ ਵਾਰ-ਵਾਰ ਜਾ ਕੇ ਉਸ ਨੂੰ ਤੰਗ-ਪ੍ਰੇਸ਼ਾਨ ਕੀਤਾ ਗਿਆ। ਉਸ ਦੇ ਆਂਢ-ਗੁਆਂਢ ਵਿਚ ਅਫਵਾਹਾਂ ਫੈਲਾ ਕੇ ਉਸ ਨੂੰ ਉਥੋਂ ਕੱਢਣ ਲਈ ਉਕਸਾਇਆ ਗਿਆ। ਉਸ ਖਿਲਾਫ ‘ਸਮਾਜਿਕ ਏਕਤਾ ਮੰਚ’ ਕੋਲੋਂ ‘ਨਕਸਲੀ ਸਮਰਥਕ ਬਸਤਰ ਛੋੜੋ’ ਦੇ ਨਾਅਰੇ ਲਗਾਉਂਦਿਆਂ ਵਿਰੋਧ ਪ੍ਰਦਰਸ਼ਨ ਕਰਵਾਏ ਗਏ। ਉਸ ਨੂੰ ਧਮਕੀ ਦਿੱਤੀ ਗਈ ਕਿ ਉਹ ਸੋਸ਼ਲ ਮੀਡੀਆ ਵਿਚ ਲੇਖ ਲਿਖ ਕੇ ‘ਬਸਤਰ ਪੁਲਿਸ ਦਾ ਅਕਸ ਵਿਗਾੜਨਾ ਬੰਦ ਕਰੇ’। ਫਿਰ 7 ਫਰਵਰੀ ਨੂੰ ਉਸ ਦੇ ਘਰ ਅੱਗੇ ਮੁਜ਼ਾਹਰਾ ਕੀਤਾ ਗਿਆ। 8 ਫਰਵਰੀ ਦੀ ਰਾਤ ਨੂੰ ਇਸ ਅਖੌਤੀ ਮੰਚ ਵਲੋਂ ਮਾਲਿਨੀ ਨੂੰ ਦਹਿਸ਼ਤਜ਼ਦਾ ਕਰਨ ਲਈ ਤੜਕੇ ਉਸ ਦੇ ਘਰ ਉਪਰ ਪਥਰਾਓ ਕਰ ਕੇ ਉਸ ਦੀ ਕਾਰ ਭੰਨ ਦਿੱਤੀ ਗਈ। ਜਦੋਂ ਅਗਲੇ ਦਿਨ ਉਸ ਨੇ ਐਫ਼ਆਈæਆਰæ ਲਿਖਵਾਉਣੀ ਚਾਹੀ ਤਾਂ ਪੁਲਿਸ ਨੇ ਨਾਂਹ ਕਰ ਦਿੱਤੀ ਕਿ ਆਪਣੇ ਸੀਨੀਅਰ ਅਧਿਕਾਰੀ ਦੀ ਇਜਾਜ਼ਤ ਬਗ਼ੈਰ ਉਹ ਰਪਟ ਨਹੀਂ ਲਿਖਣਗੇ। ਉਸ ਦੀ ਘਰੇਲੂ ਸਹਾਇਕ, ਪਰਾਚੀ ਸਕਸੈਨਾ ਨੂੰ ਗ੍ਰਿਫਤਾਰ ਕਰ ਕੇ ਥਾਣੇ ਲਿਜਾਇਆ ਗਿਆ। ਮਾਲਿਨੀ ਦੇ ਪਤੀ ਅਸ਼ੀਮ ਨੂੰ ਥਾਣੇ ਬਿਠਾਈ ਰੱਖਿਆ। ਭਾਰੀ ਦਬਾਓ ਹੇਠ ਜਦੋਂ ਰਪਟ ਲਿਖੀ ਗਈ ਤਾਂ ਮਾਲਿਨੀ ਵਲੋਂ ਦੋ ਹਮਲਾਵਰਾਂ ਦੀ ਸਪਸ਼ਟ ਸ਼ਨਾਖ਼ਤ ਦੱਸਣ ਦੇ ਬਾਵਜੂਦ ਅਣਪਛਾਤਿਆਂ ਖਿਲਾਫ ਗੋਲਮੋਲ ਰਪਟ ਲਿਖੀ ਗਈ। ਦੋ ਦਿਨ ਬਾਅਦ 11 ਫਰਵਰੀ ਨੂੰ ਤਫ਼ਤੀਸ਼ੀ ਪੁਲਿਸ ਅਧਿਕਾਰੀ ਮਾਲਿਨੀ ਦੀ ਰਿਹਾਇਸ਼ ਵਾਲੇ ਮੁਹੱਲੇ ਵਿਚ ਆਈ। ਉਸ ਨੇ ਉਨ੍ਹਾਂ ਗੁਆਂਢੀ ਔਰਤਾਂ ਨੂੰ ਡਰਾਇਆ ਕਿ ਮਾਲਿਨੀ ਦੇ ਘਰ ਉਪਰ ਪੱਥਰ ਉਨ੍ਹਾਂ ਔਰਤਾਂ ਨੇ ਮਾਰੇ ਸਨ, ਇਸ ਦੇ ਪੁਲਿਸ ਕੋਲ ਸਬੂਤ ਹਨ, ਤੇ ਉਨ੍ਹਾਂ ਨੂੰ ‘ਕੱਲੀ-‘ਕੱਲੀ ਨੂੰ ਗ੍ਰਿਫਤਾਰ ਕਰ ਕੇ ‘ਨਾਕ ਮੇਂ ਉਂਗਲੀ ਡਾਲ ਕੇ ਸੱਚ ਨਿਕਲਵਾ ਲੇਂਗੇ’ ਦੀਆਂ ਧਮਕੀਆਂ ਦਿੱਤੀਆਂ। ਇਸ ਦੀ ਵਜ੍ਹਾ ਇਹ ਸੀ ਕਿ ਇਨ੍ਹਾਂ ਔਰਤਾਂ ਨੇ ਮਾਲਿਨੀ ਵਲੋਂ ਆਪਣੀ ਸ਼ਿਕਾਇਤ ਵਿਚ ਉਸ ਦੇ ਘਰ ਅੱਗੇ ਵਿਖਾਵਾ ਕਰਨ ਵਾਲਿਆਂ ਦੇ ਜੋ ਵੇਰਵੇ ਦਿੱਤੇ ਸਨ, ਇਨ੍ਹਾਂ ਔਰਤਾਂ ਨੇ ਬਿਆਨ ਦੇ ਕੇ ਉਸ ਦੀ ਤਸਦੀਕ ਕੀਤੀ ਸੀ।
ਪੱਤਰਕਾਰ ਮਾਲਿਨੀ ਸੁਬਰਾਮਨੀਅਮ ਪੁਲਿਸ ਅਤੇ ਹੋਰ ਸਰਕਾਰੀ ਹਥਿਆਰਬੰਦ ਤਾਕਤਾਂ ਵਲੋਂ ਕੀਤੇ ਜਾ ਰਹੇ ਮਨੁੱਖੀ ਹੱਕਾਂ ਦੇ ਘਾਣ ਦੇ ਸਵਾਲ ਉਪਰ ਕੰਮ ਕਰ ਰਹੀ ਸੀ। ਉਸ ਵਲੋਂ ਆਦਿਵਾਸੀਆਂ ਨੂੰ ਫਰਜ਼ੀ ਪੁਲਿਸ ਮੁਕਾਬਲਿਆਂ ਵਿਚ ਮਾਰਨ, ਇਨ੍ਹਾਂ ਫਰਜ਼ੀ ਮੁਕਾਬਲਿਆਂ ਵਿਰੁਧ ਆਦਿਵਾਸੀਆਂ ਵਲੋਂ ਵਿਆਪਕ ਵਿਰੋਧ ਪ੍ਰਦਰਸ਼ਨ ਕੀਤੇ ਜਾਣ ਦੀਆਂ ਤੱਥਪੂਰਨ ਰਿਪੋਰਟਾਂ ਭੇਜੀਆਂ ਜਾ ਰਹੀਆਂ ਸਨ। ਉਸ ਨੇ ਆਦਿਵਾਸੀ ਖੇਤਰਾਂ ਵਿਚ ਪੁਲਿਸ ਤੇ ਹੋਰ ਸਰਕਾਰੀ ਲਸ਼ਕਰਾਂ ਵਲੋਂ ਕੀਤੇ ਜਾ ਰਹੇ ਜ਼ੁਲਮਾਂ, ਖ਼ਾਸ ਕਰ ਕੇ ਬਸਤਰ ਵਿਚ ਇਕ ਮੁੱਖ ਪੁਲਿਸ ਅਧਿਕਾਰੀ ਕਲੂਰੀ ਦੀ ਅਗਵਾਈ ਹੇਠ ਕੀਤੇ ਜਾ ਰਹੇ ਮਾਓਵਾਦੀਆਂ ਦੇ ਆਤਮ-ਸਮਰਪਣ ਦੇ ਘਿਨਾਉਣੇ ਨਾਟਕ ਦਾ ਪਰਦਾਫਾਸ਼ ਕੀਤਾ ਅਤੇ ਹਕੀਕਤ ਸਾਹਮਣੇ ਲਿਆਂਦੀ।
ਮਾਲਿਨੀ ਸੁਬਰਾਮਨੀਅਮ ਨੇ 1980ਵਿਆਂ ਵਿਚ ਮੁੰਬਈ ਤੋਂ ਪੱਤਰਕਾਰੀ ਦੀ ਬਾਕਾਇਦਾ ਪੜ੍ਹਾਈ ਕੀਤੀ ਸੀ। ਫਿਰ ਉਹ ਦੋ ਦਹਾਕੇ ਔਕਸਫੈਮ, ਐਕਸ਼ਨ ਏਡ ਅਤੇ ਹੋਰ ਗ਼ੈਰ-ਸਰਕਾਰੀ ਜਥੇਬੰਦੀਆਂ (ਐਨæਜੀæਓæ) ਨਾਲ ਕੰਮ ਕਰਦੀ ਰਹੀ। ਪੰਜ ਸਾਲ ਪਹਿਲਾਂ ਜਦੋਂ ‘ਇੰਟਰਨੈਸ਼ਨਲ ਕਮੇਟੀ ਫਾਰ ਰੈਡ ਕਰਾਸ’ ਨੇ ਹਿੰਦੁਸਤਾਨੀ ਸਟੇਟ ਵਲੋਂ ਆਦਿਵਾਸੀਆਂ ਵਿਰੁਧ ਵਿੱਢੀ ਜੰਗ ਦੌਰਾਨ ਮੈਡੀਕਲ ਰਾਹਤ ਦਾ ਕੁਝ ਕੰਮ ਸ਼ੁਰੂ ਕੀਤਾ ਤਾਂ ਇਸ ਸੰਸਥਾ ਦੀ ਨੌਕਰੀ ਤਹਿਤ ਮਾਲਿਨੀ ਦੱਖਣੀ ਛੱਤੀਸਗੜ੍ਹ ਦੇ ਇਸ ਖੇਤਰ ਵਿਚ ਆ ਗਈ। ਇਹ ਜ਼ਿਕਰ ਕੁਥਾਂ ਨਹੀਂ ਹੋਵੇਗਾ ਕਿ ਜਨਵਰੀ 2011 ਵਿਚ ਸ੍ਰੀ ਕਲੂਰੀ ਜੋ ਉਦੋਂ ਦਾਂਤੇਵਾੜਾ ਜ਼ਿਲ੍ਹੇ ਦਾ ਪੁਲਿਸ ਮੁਖੀ ਸੀ ਤੇ ਹੁਣ ਸਮੁੱਚੀ ਬਸਤਰ ਰੇਂਜ ਦਾ ਮੁਖੀ ਹੈ, ਨੇ ਬਿਆਨ ਦੇ ਕੇ ਇਸ ਸੰਸਥਾ ਉਪਰ ਵੀ ਮਾਓਵਾਦੀਆਂ ਦੀ ਮਦਦ ਕਰਨ ਦਾ ਇਲਜ਼ਾਮ ਲਾ ਦਿੱਤਾ ਸੀ। ਜੂਨ 2013 ਵਿਚ ਕਮੇਟੀ ਨੇ ਆਦਿਵਾਸੀ ਇਲਾਕਿਆਂ ਵਿਚੋਂ ਆਪਣੇ ਹੈਲਥ ਕਲਿਨਿਕ ਬੰਦ ਕਰ ਦਿੱਤੇ, ਪਰ ਮਾਲਿਨੀ ਆਦਿਵਾਸੀ ਲੋਕਾਂ ਦੇ ਹਿੱਤ ਵਿਚ ਕੰਮ ਕਰਨ ਦੇ ਮਨੋਰਥ ਨਾਲ ਉਥੇ ਹੀ ਰੁਕ ਗਈ। ਇਥੇ ਰਹਿੰਦਿਆਂ ਉਸ ਨੇ ਰਾਜਤੰਤਰ ਦੇ ਜ਼ੁਲਮਾਂ ਅਤੇ ਆਦਿਵਾਸੀ ਲੋਕਾਂ ਵਲੋਂ ਮਾਓਵਾਦੀ ਲਹਿਰ ਦੀ ਅਗਵਾਈ ਹੇਠ ਇਸ ਦੇ ਟਾਕਰੇ ਦੀ ਜ਼ਮੀਨੀ ਰਿਪੋਰਟ ਸ਼ੁਰੂ ਕਰ ਦਿੱਤੀ। ਸੋਸ਼ਲ ਮੀਡੀਆ ਵਿਚ ਇਹ ਰਿਪੋਰਟਾਂ ਲਗਾਤਾਰ ਛਪਣ ਨਾਲ ਬਸਤਰ ਵਿਚ ਆਦਿਵਾਸੀਆਂ ਉਪਰ ਹੋ ਰਹੇ ਅਕਹਿ ਜ਼ੁਲਮਾਂ ਅਤੇ ਉਨ੍ਹਾਂ ਦੇ ਬਹਾਦਰੀ ਭਰੇ ਟਾਕਰੇ ਦੀ ਅਸਲ ਕਹਾਣੀ ਸਾਹਮਣੇ ਆਉਣੀ ਸ਼ੁਰੂ ਹੋ ਗਈ। ਸਟੇਟ ਮਸ਼ੀਨਰੀ ਲਈ ਹੁਣ ਆਦਿਵਾਸੀਆਂ ਉਪਰ ਕੀਤੀ ਜਾ ਰਹੀ ਬੇਲਗਾਮ ਹਿੰਸਾ ਨੂੰ ਬਾਕੀ ਦੁਨੀਆਂ ਤੋਂ ਲੁਕੋਣਾ ਪਹਿਲਾਂ ਵਾਂਗ ਸੌਖਾ ਨਹੀਂ ਸੀ ਰਿਹਾ।
ਪੁਲਿਸ ਤੇ ਸਮਾਜ ਵਿਰੋਧੀ ਗਰੋਹਾਂ ਨੇ ਮਿਲ ਕੇ ਉਨ੍ਹਾਂ ਦੇ ਮਕਾਨ ਮਾਲਕਾਂ ਦੀ ਘੇਰਾਬੰਦੀ ਕਰ ਕੇ ਇਸ ਤਰ੍ਹਾਂ ਦੇ ਹਾਲਾਤ ਬਣਾ ਦਿੱਤੇ ਕਿ ਮਕਾਨ ਮਾਲਕਾਂ ਨੇ ਮਜਬੂਰ ਹੋ ਕੇ ਉਨ੍ਹਾਂ ਨੂੰ ਮਕਾਨ ਖਾਲੀ ਕਰਨ ਦੇ ਨੋਟਿਸ ਦੇ ਦਿੱਤੇ। ਮਹਿਜ਼ 10 ਦਿਨਾਂ ਵਿਚ ਹੀ ਉਨ੍ਹਾਂ ਨੂੰ ਮਕਾਨ ਖਾਲੀ ਕਰ ਕੇ ਆਪਣਾ ਕੰਮ ਵਿਚਾਲੇ ਛੱਡ ਕੇ ਜਗਦਲਪੁਰ ਛੱਡਣਾ ਪੈ ਗਿਆ। ਵਕੀਲਾਂ ਦੇ ਮਕਾਨ ਮਾਲਕ ਨੇ ਪੁਲਿਸ ਵੱਲੋਂ ਸੱਦੇ ਜਾਣ ‘ਤੇ ਰਾਤ ਦੇ ਦੋ ਵਜੇ ਵਕੀਲਾਂ ਨੂੰ ਆ ਕੇ ਆਪਣੀ ਮਜਬੂਰੀ ਦੱਸੀ ਤੇ ਮਕਾਨ ਖਾਲੀ ਕਰਨ ਲਈ ਕਿਹਾ।
ਅਗਲੀ ਸ਼ਿਕਾਰ ਕਾਰਕੁਨ ਸੋਨੀ ਸੋਰੀ ਨੂੰ ਬਣਾਇਆ ਗਿਆ। ਲੰਘੀ 21 ਫਰਵਰੀ ਨੂੰ ਉਸ ਦੇ ਚਿਹਰੇ ਉਪਰ ਕੋਈ ਤੇਜ਼ਾਬ ਵਰਗੀ ਚੀਜ਼ ਮਲ ਦਿੱਤੀ ਗਈ ਜਿਸ ਨਾਲ ਉਸ ਦਾ ਚਿਹਰਾ ਲੂਹਿਆ ਗਿਆ ਤੇ ਉਸ ਨੂੰ ਐਮਰਜੈਂਸੀ ਇਲਾਜ ਲਈ ਦਿੱਲੀ ਭੇਜਣਾ ਪਿਆ। ਸੋਨੀ ਸੋਰੀ, ਜੋ ਉਸ ਉਪਰ ਪਾਏ ਝੂਠੇ ਮਾਮਲਿਆਂ ਵਿਚ ਜ਼ਮਾਨਤ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਈ ਸੀ ਤੇ 2014 ਦੀਆਂ ਆਮ ਚੋਣਾਂ ਵਿਚ ਲੋਕ ਸਭਾ ਉਮੀਦਵਾਰ ਵਜੋਂ ਚੋਣ ਲੜੀ ਸੀ, ਹਕੂਮਤੀ ਦਹਿਸ਼ਤਗਰਦੀ ਦਾ ਸ਼ਿਕਾਰ ਆਦਿਵਾਸੀਆਂ ਨੂੰ ਇਨਸਾਫ ਦਿਵਾਉਣ ਲਈ ਯਤਨਸ਼ੀਲ ਹੈ। ਪਿਛਲੇ ਦਿਨਾਂ ਵਿਚ ਉਸ ਨੇ ਮੜਦੁਮ ਪਿੰਡ ਦੇ ਬਾਸ਼ਿੰਦੇ ਹੜਮਾ ਕਸ਼ਿਅਪ ਦੀ ਹੱਤਿਆ ਦਾ ਮਾਮਲਾ ਹੱਥ ਲਿਆ ਜਿਸ ਬਾਰੇ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਹੜਮਾ ਖੂੰਖਾਰ ਮਾਓਵਾਦੀ ਸੀ ਜੋ 4 ਫਰਵਰੀ 2016 ਨੂੰ ਪੁਲਿਸ ਨਾਲ ‘ਜ਼ਬਰਦਸਤ ਮੁਕਾਬਲੇ’ ਵਿਚ ਮਾਰਿਆ ਗਿਆ।
ਸੋਨੀ ਸੋਰੀ ਨੇ ਇਹ ਮਾਮਲਾ ਉਠਾ ਕੇ ਵਿਰੋਧ ਲਾਮਬੰਦ ਕੀਤਾ। ਹੁਣ ਉਸ ਨੇ ਇਨ੍ਹਾਂ ਮੁੱਦਿਆਂ ਨੂੰ ਲੈ ਕੇ 200 ਕਿਲੋਮੀਟਰ ਪਦ ਯਾਤਰਾ ਉਲੀਕੀ ਹੋਈ ਸੀ ਜੋ ਬੀਜਾਪੁਰ ਤੋਂ ਚੱਲ ਕੇ 8 ਮਾਰਚ ਨੂੰ ਕੌਮਾਂਤਰੀ ਔਰਤ ਦਿਵਸ ਉਪਰ ਜਗਦਲਪੁਰ ਖ਼ਤਮ ਹੋਣੀ ਸੀ। ਸੋਨੀ ਸੋਰੀ ਸਥਾਨਕ ਆਦਿਵਾਸੀ ਵਸਨੀਕ ਹੋਣ ਕਾਰਨ ਉਸ ਨੂੰ ਬਸਤਰ ਵਿਚੋਂ ਉਵੇਂ ਨਹੀਂ ਕੱਢਿਆ ਜਾ ਸਕਦਾ ਜਿਵੇਂ ਵਕੀਲਾਂ ਦੇ ਗਰੁਪ ਅਤੇ ਪੱਤਰਕਾਰ ਮਾਲਿਨੀ ਨੂੰ ਕੱਢ ਦਿੱਤਾ ਗਿਆ। ਉਸ ਲਈ ਰਾਜਤੰਤਰ ਨੇ ਹੋਰ ਢੰਗ ਇਸਤੇਮਾਲ ਕੀਤੇ। ਉਸ ਨੂੰ ਜਾਨੋਂ ਮਾਰਨ ਤੇ ਜਿਉਂਦੀ ਸਾੜਨ ਅਤੇ ਬੱਚਿਆਂ ਨੂੰ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ ਗਈਆਂ। 21 ਫਰਵਰੀ ਨੂੰ ਜਦੋਂ ਉਹ ਵਕੀਲਾਂ ਨੂੰ ਜਗਦਲਪੁਰ ਤੋਂ ਵਿਦਾ ਕਰ ਕੇ ਰਾਤ ਨੂੰ ਆਪਣੀ ਸਹਾਇਕ ਨਾਲ ਮੋਟਰ ਸਾਈਕਲ ਉਪਰ ਘਰ ਵਾਪਸ ਜਾ ਰਹੀ ਸੀ ਤਾਂ ਰਸਤੇ ਵਿਚ ਤਿੰਨ ਮੋਟਰ ਸਾਈਕਲ ਸਵਾਰਾਂ ਨੇ ਘੇਰ ਕੇ ਉਸ ਦੇ ਮੂੰਹ ਉਪਰ ਤੇਲ ਵਰਗਾ ਕੋਈ ਤਰਲ ਮਲ ਦਿੱਤਾ।
ਇਸੇ ਤਰ੍ਹਾਂ ਬੇਲਾ ਭਾਟੀਆ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਹ ਮਸ਼ਹੂਰ ਸਮਾਜ ਵਿਗਿਆਨੀ ਹੈ ਜਿਸ ਨੇ ਯੋਜਨਾ ਕਮਿਸ਼ਨ ਦੇ ਗਰੁਪ ਦੀ ਮੈਂਬਰ ਵਜੋਂ 2006 ‘ਚ ਦਲਿਤਾਂ ਅਤੇ ਆਦਿਵਾਸੀਆਂ ਦੇ ਅਖੌਤੀ ਮੁੱਖਧਾਰਾ ਤੋਂ ਅਲਹਿਦਗੀ ਬਾਰੇ ਰਿਪੋਰਟ ਤਿਆਰ ਕਰਨ ਵਿਚ ਹਿੱਸਾ ਲਿਆ ਸੀ। ਪਿਛਲੇ ਸਾਲ ਉਹ ਮੁੰਬਈ ਤੋਂ ਬਸਤਰ ਆ ਗਈ ਜਿਥੇ ਉਹ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼ ਦੀ ਅਧਿਆਪਕਾ ਵਜੋਂ ਨੌਕਰੀ ਕਰ ਰਹੀ ਸੀ। ਪਿਛਲੇ ਕੁਝ ਮਹੀਨਿਆਂ ਵਿਚ ਉਹਨੇ ਔਰਤਾਂ ਦੀਆਂ ਉਨ੍ਹਾਂ ਟੀਮਾਂ ਨਾਲ ਮਿਲ ਕੇ ਮਾਓਵਾਦੀ ਲਹਿਰ ਖਿਲਾਫ ਚੱਲ ਰਹੀਆਂ ਪੁਲਿਸ ਤੇ ਨੀਮ-ਫੌਜੀ ਕਾਰਵਾਈਆਂ ਦੌਰਾਨ ਆਦਿਵਾਸੀ ਔਰਤਾਂ ਨਾਲ ਸਮੂਹਿਕ ਜਬਰ-ਜਨਾਹ ਅਤੇ ਵਿਆਪਕ ਪੱਧਰ ‘ਤੇ ਲਿੰਗਕ ਹਿੰਸਾ ਦੀਆਂ ਰਿਪੋਰਟਾਂ ਤਿਆਰ ਕਰਨ ਵਿਚ ਮਦਦ ਕੀਤੀ। ਉਸ ਦੀ ਆਵਾਜ਼ ਬੰਦ ਕਰਨ ਲਈ ਪੁਲਿਸ ਜਗਦਲਪੁਰ ਦੇ ਬਾਹਰਵਾਰ ਪਿੰਡ ਵਿਚ ਉਸ ਦੇ ਘਰ ਗਈ, ਗੁਆਂਢੀਆਂ ਤੋਂ ਪੁੱਛਗਿੱਛ ਕਰ ਕੇ ਅਤੇ ਉਸ ਦੇ ਮਕਾਨ ਮਾਲਕ ਦੀਆਂ ਤਸਵੀਰਾਂ ਲੈ ਕੇ ਦਹਿਸ਼ਤ ਪਾਈ ਗਈ। ਇਹ ਸਭ ਉਸ ਨੂੰ ਅਲੱਗ-ਥਲੱਗ ਤੇ ਦਹਿਸ਼ਤਜ਼ਦਾ ਕਰਨ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਵੀ ਵਕੀਲਾਂ ਤੇ ਮਾਲਿਨੀ ਵਾਂਗ ਜਗਦਲਪੁਰ ਛੱਡ ਜਾਵੇ।
ਹਾਲ ਹੀ ਵਿਚ ਖੋਜੀ ਪੱਤਰਕਾਰਾਂ ਨੇ ‘ਸਮਾਜਿਕ ਏਕਤਾ ਮੰਚ’ ਅਤੇ ਪੁਲਿਸ ਅਧਿਕਾਰੀ ਕਲੂਰੀ ਦਾ ਨਾਪਾਕ ਗੱਠਜੋੜ ਨੰਗਾ ਕੀਤਾ ਹੈ। ਇਸ ਤੋਂ ਇਹ ਤਸਦੀਕ ਹੋ ਗਈ ਹੈ ਕਿ ਇਹ ਗਰੋਹ ਹਕੂਮਤ ਅਤੇ ਪੁਲਿਸ ਅਧਿਕਾਰੀਆਂ ਵਲੋਂ ਖੜ੍ਹਾ ਕੀਤਾ ਗਿਆ ਹੈ ਜਿਸ ਨੂੰ ਆਮ ਲੋਕਾਂ ਦੇ ਮਾਓਵਾਦੀ ਲਹਿਰ ਦੇ ਖਿਲਾਫ ਹੋਣ ਦਾ ‘ਸਿਵਲ’ ਚਿਹਰਾ ਮੁਹੱਈਆ ਕਰਨ ਲਈ ਸਮਾਜਿਕ ਏਕਤਾ ਮੰਚ ਦਾ ਨਾਂ ਦਿੱਤਾ ਗਿਆ ਹੈ। ਚੇਤੇ ਰਹੇ, ਆਈæਜੀæ ਕਲੂਰੀ ਉਹ ਪੁਲਿਸ ਅਧਿਕਾਰੀ ਹੈ ਜਿਸ ਨੇ ਫਰਜ਼ੀ ਮਾਮਲਾ ਘੜ ਕੇ ਸੋਨੀ ਸੋਰੀ ਅਤੇ ਉਸ ਦੇ ਭਤੀਜੇ ਲਿੰਗਾਰਾਮ ਕੋਡੋਪੀ ਨੂੰ ਗ੍ਰਿਫਤਾਰ ਕਰ ਕੇ ਨਾ ਸਿਰਫ ਜੇਲ੍ਹਾਂ ਵਿਚ ਸਾੜਿਆ, ਸਗੋਂ ਉਸ ਦੀ ਹਦਾਇਤ ਉਪਰ ਪੁਲਿਸ ਹਿਰਾਸਤ ਵਿਚ ਸੋਨੀ ਸੋਰੀ ਨੂੰ ਅਕਹਿ ਤਸੀਹੇ ਦਿੰਦਿਆਂ ਉਸ ਦੇ ਗੁਪਤ ਅੰਗਾਂ ਵਿਚ ਪੱਥਰ ਪਾ ਦਿੱਤੇ ਗਏ ਸਨ। ਕੇਂਦਰ ਦੀ ਕਾਂਗਰਸ ਸਰਕਾਰ ਵਲੋਂ ਅਜਿਹਾ ਕਰਨ ਵਾਲੇ ਅੰਕਿਤ ਗਰਗ ਨੂੰ ‘ਗਣਤੰਤਰ ਦਿਵਸ’ ਉਪਰ ਵਿਸ਼ੇਸ਼ ਬਹਾਦਰੀ ਸਨਮਾਨ ਦਿੱਤਾ ਗਿਆ ਸੀ।
ਮਾਸਿਕ ਰਸਾਲੇ ḔਕਾਰਵਾਂḔ ਦੇ ਸਟਾਫ ਪੱਤਰਕਾਰ ਕ੍ਰਿਸ਼ਨ ਕੌਸ਼ਿਕ ਨੇ ਇਸ ਨਾਪਾਕ ਰਿਸ਼ਤੇ ਉਪਰ ਚਾਨਣਾ ਪਾਇਆ ਹੈ। ਆਈæਜੀæ ਕਲੂਰੀ ਵਲੋਂ ਬਣਾਏ ਗਏ ਇਸ ਮੰਚ ਵਲੋਂ ਪੱਤਰਕਾਰ ਮਾਲਿਨੀ ਦੇ ਘਰ ਜਾਣ ਦੀ ਪਹਿਲੀ ਕਾਰਵਾਈ ਤੋਂ ਕੁਝ ਦਿਨ ਬਾਅਦ ਹੀ ਈਨਾਡੂ ਇੰਡੀਆ ਅਖਬਾਰ ਵਿਚ ਛਪੀ ਅਸਾਧਾਰਨ ਰਿਪੋਰਟ ਉਪਰ ਇਸ ਪੱਤਰਕਾਰ ਨੇ ਗ਼ੌਰ ਕੀਤਾ। ਇਸ ਅਖਬਾਰ ਨੇ ਵਿਲੱਖਣ ਵਿਆਹ ਦੀ ਖ਼ਬਰ ਛਾਪੀ ਸੀ। ਪੱਤਰਕਾਰ ਨੇ ਕਲੂਰੀ ਅਤੇ ਸਮਾਜਿਕ ਮੰਚ ਦੇ ਨਾਪਾਕ ਰਿਸ਼ਤੇ ਦੀ ਪੁਣਛਾਣ ਕੀਤੀ ਅਤੇ ਇਸ ਵਿਆਹ ਦਾ ਖ਼ੁਲਾਸਾ ਕਰਦਿਆਂ ਲਿਖਿਆ ਕਿ 16 ਜਨਵਰੀ ਨੂੰ ਜਗਦਲਪੁਰ ਦੇ ਮੁਕਾਮੀ ਪੁਲਿਸ ਥਾਣੇ ਤੋਂ ਬਰਾਤ ਹਟ ਮੈਦਾਨ ਲਈ ਰਵਾਨਾ ਹੋਈ। ‘ਬਸਤਰ ਸਮਾਜਿਕ ਏਕਤਾ ਮੰਚ’ ਵਾਲੇ ਲਾੜੀ ਵਾਲੇ ਪਾਸੇ ਹਾਜ਼ਰ ਸਨ ਅਤੇ ਪੁਲਿਸ ਪਰਿਵਾਰ ਲਾੜੇ ਵਲੋਂ ਬਰਾਤ ਵਿਚ ਪਹੁੰਚਿਆ ਹੋਇਆ ਸੀ। ਵਿਆਹ ਦੀ ਰਸਮ ਦੌਰਾਨ, ਸਮਾਜਿਕ ਏਕਤਾ ਮੰਚ ਦੇ ਆਗੂ ਅਤੇ ਬਸਤਰ ਰੇਂਜ ਦਾ ਪੁਲਿਸ ਮੁਖੀ ਆਈæਜੀæ ਐਸ਼ਆਰæਪੀæ ਕਲੂਰੀ ਗੁਲਾਬੀ ਪੱਗਾਂ ਬੰਨ੍ਹ ਕੇ ਮੰਚ ਉਪਰ ਬਿਰਾਜਮਾਨ ਹੋਏ ਸਨ। ਵਿਆਹਾਂ ਵਿਚ ਇਸ ਰੰਗ ਦੀਆਂ ਪੱਗਾਂ ਲਾੜੇ ਤੇ ਲਾੜੀ ਦੇ ਨੇੜਲੇ ਰਿਸ਼ਤੇਦਾਰ ਹੀ ਬੰਨ੍ਹ ਕੇ ਆਉਂਦੇ ਹਨ। ਦਰਅਸਲ, ਕਲੂਰੀ ਬਰਾਤ ਦਾ ਮੋਹਰੀ ਬਣ ਕੇ ਵਿਆਹ ਵਾਲੀ ਜਗ੍ਹਾ ਢੁੱਕਿਆ ਸੀ। ਕਲੂਰੀ ਅਤੇ ਇਸ ਗਰੁਪ ਦੇ ਇਸ ਗੂੜ੍ਹੇ ਰਿਸ਼ਤੇ ਦੀ ਤਸਦੀਕ ਹੋਰ ਪੱਤਰਕਾਰਾਂ ਨੇ ਵੀ ਕੀਤੀ ਹੈ।
ਨਿਸ਼ਚੇ ਹੀ, ਬਸਤਰ ਉਪਰ ਕਤਲੋਗ਼ਾਰਤ ਦਾ ਖਤਰਾ ਮੰਡਰਾ ਰਿਹਾ ਹੈ। ਹਾਲ ਹੀ ਵਿਚ ਸੀæਪੀæਆਈæ (ਮਾਓਵਾਦੀ) ਦੀ ਦੱਖਣੀ ਬਸਤਰ ਡਿਵੀਜ਼ਨ ਕਮੇਟੀ ਦੇ ਸਕੱਤਰ ਮੋਹਨ ਨੇ ਪ੍ਰੈਸ ਬਿਆਨ (ਦਿ ਹਿੰਦੂ, 1 ਮਾਰਚ 2016) ਵਿਚ ਕਿਹਾ ਹੈ, “ਬੇਕਸੂਰ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ ਤੇ ਮਾਓਵਾਦੀਆਂ ਦਾ ਠੱਪਾ ਲਾਇਆ ਜਾ ਰਿਹਾ ਹੈ। ਮੁਲਕ ਦੀਆਂ ਸਮੂਹ ਇਨਸਾਫਪਸੰਦ ਤੇ ਜਮਹੂਰੀ ਤਾਕਤਾਂ ਨੂੰ ਆਦਿਵਾਸੀਆਂ ਦੇ ਇਸ ਘਾਣ ਅਤੇ ਜਮਹੂਰੀ ਕਾਰਕੁਨਾਂ ਤੇ ਪੱਤਰਕਾਰਾਂ ਦੀ ਜ਼ਬਾਨਬੰਦੀ ਦਾ ਨਾ ਸਿਰਫ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ, ਸਗੋਂ ਇਸ ਦੇ ਖਿਲਾਫ ਵਿਆਪਕ ਲਾਮਬੰਦੀ ਕਰਨੀ ਚਾਹੀਦੀ ਹੈ।
-0-