ਐਸ਼ ਅਸ਼ੋਕ ਭੌਰਾ
ਭਾਰਤ ਵਿਚ ਬੇਸ਼ਰਮੀ ਅਤੇ ਸਵਾਰਥ ਰਾਜਨੀਤੀ ਦੇ ਦੋ ਗਹਿਣੇ ਹੁੰਦੇ ਨੇ। ਸ਼ਾਇਦ ਇਸੇ ਕਰਕੇ ਜਦੋਂ ਕੁਝ ਨਵੇਂ ਲੋਕ ਇਸ ਖੇਤਰ ਵਿਚ ਆਉਂਦੇ ਨੇ ਤਾਂ ਉਨ੍ਹਾਂ ਨੂੰ ਕਈ ਵਾਰ ਜ਼ੁਲਮ ਵੀ ਸਹਿਣਾ ਪੈਂਦਾ ਹੈ। ਪਰ ਜਦੋਂ ਕੁਝ ਇਕ ਆਪਣੇ ਅਸੂਲਾਂ ‘ਤੇ ਡਟੇ ਰਹਿੰਦੇ ਹਨ ਤਾਂ ਵਿਰੋਧੀਆਂ ਨੂੰ ਭੈਅ ਖਾਣ ਲਗਦਾ ਹੈ ਤੇ ਉਹ ਦੂਸ਼ਣਬਾਜ਼ੀ ਅਤੇ ਘਟੀਆ ਕਿਸਮ ਦੀ ਬਿਆਨਬਾਜ਼ੀ ਆਸਰੇ ਟੁੱਟੇ ਤੀਰਾਂ ਨਾਲ ਸਿੱਧੇ ਨਿਸ਼ਾਨੇ ਲਾਉਣ ਦਾ ਯਤਨ ਕਰ ਰਹੇ ਹੁੰਦੇ ਨੇ। ਇਸੇ ਕਰਕੇ ਭਗਵੰਤ ਮਾਨ ਦੀ ਗੱਲ ਕਰਨ ਤੋਂ ਪਹਿਲਾਂ ਕਹਾਂਗਾ ਕਿ
ਉਹ ‘ਸਾਧਾਰਣ ਮਨੁੱਖ ਨਹੀਂ ਹੈ’, ਉਹਦੇ ਅੰਦਰਲੀ ਪੀੜਾ ਹੀ ਉਹਨੂੰ ਭਾਰਤ ਦੇ ਸਿਆਸੀ ਗਲਿਆਰਿਆਂ ਤੱਕ ਧੱਕ ਕੇ ਲੈ ਆਈ ਹੈ। ਭਗਵੰਤ ਮਾਨ ਪਿੰਡ ਸਤੌਜ ਤੋਂ ਇਕ ਸਾਇੰਸ ਅਧਿਆਪਕ ਦਾ ਮੁੰਡਾ ਹੈ।
ਭਗਵੰਤ ਹੈ ਕੀ ਸੀ? ਕਾਮੇਡੀ ਵੱਲ ਕਿਉਂ ਆਇਆ, ਉਹਨੂੰ ਕਿਵੇਂ ਲਿਆਂਦਾ ਗਿਆ? ਇਸ ਦਾ ਜਿਉਂਦਾ ਜਾਗਦਾ ਸਬੂਤ ਜਰਨੈਲ ਘੁਮਾਣ ਹੈ। ਹਾਲਾਤ ਬਦਲਦੇ ਰਹਿੰਦੇ ਨੇ। ਪਰ ਇਕ ਕਾਲਜ ਦੇ ਯੁਵਕ ਮੇਲੇ ਤੋਂ ਜਰਨੈਲ ਘੁਮਾਣ ਨੇ ਸੀ ਐਮ ਸੀ ਜਰੀਏ ਉਸ ਨੂੰ ਪੇਸ਼ ਕਰਨ ਦਾ ਜੋ ਉਪਰਾਲਾ ਕੀਤਾ ਸੀ, ਉਹ ਅਸਲ ਵਿਚ ‘ਗੋਭੀ ਦੀਏ ਕੱਚੀਏ ਵਪਾਰਨੇ’ ਨਾਲ ਇਕ ਕਾਲਜ ਵਿਦਿਆਰਥੀ ਦੇ ਅੰਦਰ ਭ੍ਰਿਸ਼ਟ ਸਿਸਟਮ ਪ੍ਰਤੀ ਜਾਗਦੀ ਜ਼ਮੀਰ ਦਾ ਨਾਅਰਾ ਸੀ। ਇਹ ਕੋਈ ਪੱਖਪਾਤ ਨਹੀਂ ਕਿ ਬੇਰੀਆਂ ਨੂੰ ਬੇਰ ਹੀ ਲੱਗਣੇ ਹੁੰਦੇ ਨੇ। ਜੇ ਭਗਵੰਤ ਮਾਨ ਰਾਜਨੀਤੀ ‘ਤੇ, ਸਮਾਜਿਕ ਪ੍ਰਬੰਧ ‘ਤੇ ਆਪਣੀਆਂ ਟੇਪਾਂ, ਆਪਣੀਆਂ ਐਲਬਮਾਂ, ਆਪਣੇ ਲੜੀਵਾਰਾਂ ਜ਼ਰੀਏ ਨਾ ਪੇਸ਼ ਆਉਂਦਾ ਤਾਂ ਸੱਚ ਇਹ ਹੈ ਕਿ ਉਹਨੇ ਲੋਕਾਂ ਵਿਚ ਆਪਣਾ ਦਾਖਲਾ ਘਨ੍ਹੱਈਏ ਵਾਂਗ ਲੈ ਹੀ ਲੈਣਾ ਸੀ। ਉਮਰ ਦੇ ਲਿਹਾਜ ਤੇ ਤਜ਼ਰਬੇ ਦੇ ਹਿਸਾਬ ਨਾਲ ਅਤੇ ਲਿਆਕਤ ਨਾਲ ਗਲਤੀਆਂ ਹਰ ਇਕ ਤੋਂ ਹੁੰਦੀਆਂ ਆਈਆਂ ਨੇ, ਤੇ ਹੁੰਦੀਆਂ ਵੀ ਰਹਿਣਗੀਆਂ। ਜਿਸ ਭਗਵੰਤ ਮਾਨ ਨੇ ਭਾਰਤੀ ਸੰਸਦ ਵਿਚ ਹੈਰਾਨੀਜਨਕ, ਪਾਏਦਾਰ, ਜਜ਼ਬਾਤੀ, ਅਣਖੀਲੇ ਭਾਸ਼ਣਾਂ ਨਾਲ ਸਰਕਾਰਾਂ ਨੂੰ ਅਤੇ ਸੁੱਤੇ ਪਏ ਲੋਕਾਂ ਨੂੰ ਹਲੂਣਿਆ ਹੈ, ਜੇ ਉਹਨੇ ਕਿਤੇ ਕੱਚੀ ਉਮਰ ‘ਚ ਵੀ ਗਲਤੀਆਂ ਕੀਤੀਆਂ ਹੁੰਦੀਆਂ ਤਾਂ ਪੰਜਾਬ ਦੇ ਵਿਰੋਧੀ ਸਿਆਸੀ ਲੋਕਾਂ ਨੇ ਜਿੰਨਾ ਉਹਦਾ ਪਿੱਛਾ ਕੀਤਾ, ਜਿੰਨੇ ਉਹਦੇ ਖਿਲਾਫ ਵੱਡੇ ਲੀਡਰਾਂ ਨੂੰ ਬਿਆਨ ਦੇਣੇ ਪੈ ਰਹੇ ਨੇ, ਉਹਦੇ ‘ਤੇ ਕਈ ਪਰਚੇ ਦਰਜ ਕਰਕੇ ਸੀਖਾਂ ਨੂੰ ਅੰਦਰਲੇ ਪਾਸਿਓਂ ਉਸ ਦੇ ਹੱਥ ਪੁਆ ਦੇਣੇ ਸੀ। ਭਗਵੰਤ ਮੰਨਦਾ ਹੈ ਕਿ ਉਹਦੇ ਸਬਰ ਨੂੰ ਬਰੀਕ ਛਾਣਨੀ ਨਾਲ ਸਿਆਸੀ ਵਿਰੋਧੀਆਂ ਨੇ ਛਾਣਨ ਦਾ ਯਤਨ ਕੀਤਾ ਹੈ ਤੇ ਬੂਰਾ ਨਿਕਲਿਆ ਹੀ ਨਹੀਂ, ਉਹ ਕਰ ਕੀ ਸਕਦੇ ਹਨ? ਇਸੇ ਕਰਕੇ ਮੈਂ ਫਿਰ ਕਹਾਂਗਾ ਕਿ ਭਗਵੰਤ ਮਾਨ ‘ਸਾਧਾਰਣ ਮਨੁੱਖ ਨਹੀਂ।’ ‘ਗੋਭੀ ਦੀਏ ਕੱਚੀਏ ਵਪਾਰਨੇ’, ‘ਕੁਲਫੀ ਗਰਮਾ ਗਰਮ’, ‘ਜੁਗਨੂੰ ਕਹਿੰਦਾ ਹੈ’ ਉਹਦੀਆਂ ਅਨੇਕਾਂ ਐਲਬਮਾਂ ਨੂੰ ਸ਼ਾਂਤ ਚਿੱਤ ਹੋ ਕੇ ਕਿਤੇ ‘ਕੱਲੇ ਬਹਿ ਕੇ ਇਕਾਗਰਤਾ ਨਾਲ ਸੁਣਿਓ ਤਾਂ ਅਹਿਸਾਸ ਹੋ ਜਾਵੇਗਾ ਕਿ ਭਗਵੰਤ ਅੱਜ ਹੀ ਪਾਰਲੀਮੈਂਟ ‘ਚ ਨਹੀਂ ਬੋਲਦਾ, ਉਹ ਅੰਦਰੋਂ ਜੈਕਾਰੇ ਉਦੋਂ ਵੀ ਛੱਡ ਰਿਹਾ ਸੀ ਜਦੋਂ ਹਾਲੇ ਬਚਪਨ ਸੀ, ਫਿਰ ਜੁਆਨੀ ਸੀ ਅਤੇ ਕਈ ਪੱਖਾਂ ‘ਤੇ ਗੱਲਾਂ ਦਾ ਉਸ ਨੂੰ ਗਿਆਨ ਹੀ ਨਹੀਂ ਸੀ। ਕਿਸੇ ਯੂਨੀਵਰਸਿਟੀ ਦੇ ਵਧੀਆ ਖੋਜੀ ਅਧਿਆਪਕ ਨੂੰ ਉਹਦੀਆਂ ਸਾਰੀਆਂ ਐਲਬਮਾਂ ‘ਤੇ ਪੀ ਐਚ ਡੀ ਦਾ ਥੀਸਿਜ਼ ਲਿਖਣੇ ਨੂੰ ਕਹਿ ਕੇ ਦੇਖੋ ਤਾਂ ਉਹ ਸਿੱਟਾ ਇਹ ਕੱਢੇਗਾ ਕਿ ‘ਜਾਗਦੀ ਜ਼ਮੀਰ ਵਾਲੇ ਭਗਵੰਤ ਮਾਨ ਨੇ ਇਕ ਨਾ ਇਕ ਦਿਨ ਇਸ ਭ੍ਰਿਸ਼ਟ ਨਿਜ਼ਾਮ ‘ਚੋਂ ਧੱਕੇ ਦੇ ਕੇ ਅੱਗੇ ਨਿਕਲਣਾ ਹੀ ਸੀ ਤੇ ਸਿਆਸੀ ਵਿਰੋਧੀਆਂ ਨੂੰ ਉਹਦੇ ਵਿਰੁਧ ਬਿਆਨ ਦੇਣੇ ਹੀ ਪੈਣੇ ਸਨ’ ਕਿਉਂਕਿ ਸਾਡੀ ਰਾਜਨੀਤੀ ਧਰਮ ਨਿਰਪੱਖ ਦੇਸ਼ ਦੀ ਗੱਲ ਤਾਂ ਕਰਦੀ ਹੈ ਪਰ ਕਈ ਥਾਂ ਪੂਰੀ ਦੀ ਪੂਰੀ ਧਰਮ ਦੇ ਗਲਮੇ ਵਿਚ ਵੀ ਫਸੀ ਹੋਈ ਹੈ। ਇਸ ਕਰਕੇ ਕਈਆਂ ਤੋਂ ਹੋਰ ਕੋਈ ਨੁਕਸ ਨਾ ਵੀ ਨਿਕਲੇ, ਫਿਰ ਉਨ੍ਹਾਂ ਨੇ ਧਰਮ ਦਾ ‘ਫਲੂਹਾ’ ਛੱਡ ਹੀ ਦੇਣਾ ਹੁੰਦਾ ਹੈ। ਜਿਵੇਂ ਅਰਸੇ ਵਿਚ ਕਈ ਥਾਂ ਉਸ ਦੇ ਸ਼ਰਾਬ ਪੀਣ ਦੀ ਗੱਲ, ‘ਪਾਣੀ ਠੰਡਾ ਸੀ ਪਰ ਤੌੜੀ ਉਬਲਦੀ ਰਹੀ’ ਵਾਂਗ ਹੁੰਦੀ ਰਹੀ। ਭਗਵੰਤ ਮਾਨ ਨੂੰ ਮੈਂ 1987-88 ਤੋਂ ਜਾਣਨ ਲੱਗ ਪਿਆ ਸਾਂ। ਉਹਦੀ ਸ਼ੈਲੀ ਵਿਚੋਂ ਸੰਗਰੂਰ ਵਾਲੀ ‘ਤੀ’ ਦੀਆਂ ਕਈ ਗੱਲਾਂ ਝਲਕਦੀਆਂ ਸਨ। ਪਰ ਉਹਦਾ ਰੰਗ ਦੇਖੋ, ਇਹ ਜੇ ਲੀਡਰ ਪੁਲ ਖਾ ਸਕਦੇ ਨੇ, ਸਰੀਏ ਨਿਗਲ ਸਕਦੇ ਨੇ, ਸ਼ਹੀਦ ਫੌਜੀਆਂ ਦੇ ਕੱਫਣ ਖਾ ਸਕਦੇ ਨੇ, ਤਾਂ ਭਗਵੰਤ ਇਹੀ ਤਾਂ ਕਹਿੰਦਾ ਸੀ ਕਿ ਕੁਲਫੀ ਵੀ ਗਰਮ ਹੋ ਸਕਦੀ ਹੈ। ਇਹ ਗੱਲ ਮੈਂ ਭਗਵੰਤ ਦੇ ਹੱਕ ਵਿਚ ਮੁੜ ਕਹਾਂਗਾ ਕਿ ਸਿਹਤਮੰਦ, ਅਗਾਂਹਵਧੂ ਅਤੇ ਸਮਾਜ ਨੂੰ ਕੋਈ ਅਗਵਾਈ ਦੇਣ ਵਾਲੀ ਕਾਮੇਡੀ ਅਤੇ ਪੈਰੋਡੀ ਹਾਸਿਆਂ ‘ਚ ਲਪੇਟ ਕੇ ਭਗਵੰਤ ਹੀ ਦੇ ਸਕਦਾ ਹੈ। ਜਗਤਾਰ ਜੱਗੀ ਨੂੰ ਕਲਾਕਾਰ ਬਣਾਉਣ ‘ਚ ਭਗਵੰਤ ਮਾਨ ਦਾ ਬਹੁਤ ਵੱਡਾ ਹੱਥ ਹੈ। ਗਾਇਕ ਕਰਮਜੀਤ ਅਨਮੋਲ ਨੂੰ ਹਾਸਰਸ ਕਲਾਕਾਰ ਭਗਵੰਤ ਮਾਨ ਨੇ ਹੀ ਬਣਾਇਆ ਹੈ। ਪਰ ਕਿਉਂਕਿ ਉਹ ਇਨ੍ਹਾਂ ਸਾਰਿਆਂ ਤੋਂ ਭਿੰਨ ਸੀ, ਇਸ ਕਰਕੇ ਲੀਡਰ ਬਣ ਗਿਆ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ 1991 ਵਿਚ ਉਹ ਸ਼ੌਂਕੀ ਮੇਲੇ ‘ਤੇ ਆਇਆ। ਉਦੋਂ ਸਟਾਰ ਕਲਾਕਾਰਾਂ ‘ਚੋਂ ਰਣਜੀਤ ਮਣੀ ਅਤੇ ਭਗਵੰਤ ਮਾਨ ਦੀ ਪਹਿਲੀ ਹਾਜ਼ਰੀ ਸੀ। ਮਾਹਿਲਪੁਰ ਦੇ ਹੀ ਨਹੀਂ, ਸਮੁੱਚੇ ਪੰਜਾਬ ਦੇ ਲੋਕ ਭਗਵੰਤ ਮਾਨ ਨੂੰ ਦੇਖਣ ਲਈ ਉਤਾਵਲੇ ਸਨ। ਪਰ ਹੋਇਆ ਇਹ ਕਿ ਕਿਸੇ ਵਜ੍ਹਾ ਕਾਰਨ ਜਗਤਾਰ ਜੱਗੀ ਪਹੁੰਚ ਨਾ ਸਕਿਆ। ਭਗਵੰਤ ਮਾਨ ਕਹੇ ਕੱਲ੍ਹਾ ਮੈਂ ਕਰ ਨਹੀਂ ਸਕਦਾ, ਹੁੰਗਾਰਾ ਭਰਨ ਲਈ ਕੋਈ ਬੰਦਾ ਨਾਲ ਚਾਹੀਦਾ ਤੇ ਮੈਨੂੰ ਪਤੈ ਜਾਂ ਉਹ ਮੇਲਾ ਵੇਖਣ ਵਾਲਿਆਂ ਨੂੰ ਪਤੈ ਕਿ ਭਗਵੰਤ ਨੇ ਚਾਲੀ ਮਿੰਟ ਦਰਸ਼ਕਾਂ ਨੂੰ ਰੱਜ ਕੇ ਹਸਾਇਆ। ਦਿਲਚਸਪ ਤੱਥ ਇਹ ਸੀ ਕਿ ਇਹ ਚਾਲੀ ਮਿੰਟ ਭਗਵੰਤ ਨਾਲ ਜੱਗੀ ਵਾਲੀ ਥਾਂ ਪੂਰੀ ਕਰਨ ਲਈ ਮੈਨੂੰ ਖੁਦ ਲਾਉਣੇ ਪਏ। ਉਦੋਂ ਤੋਂ ਲੈ ਕੇ ਹੁਣ ਤੱਕ ਭਗਵੰਤ ਨਾਲ ਦਰਜਨਾਂ ਮੁਲਾਕਾਤਾਂ ਖਾਸ ਕਿਉਂ ਸਨ? ਉਹ ਹੀ ਇਥੇ ਦੱਸਣ ਲੱਗਾ ਹਾਂ। ਤਾਂ ਹੀ ਤਾਂ ਆਖਦਾ ਹਾਂ, ਭਗਵੰਤ ਕੋਈ ‘ਸਾਧਾਰਣ ਮਨੁੱਖ ਨਹੀਂ’ ਹੈ।
ਕਰੀਬ ਪੰਜ ਛੇ ਸਾਲ ਪਹਿਲਾਂ ਉਸ ਨੇ ਅਜੀਤ ਦੇ ਸੰਪਾਦਕੀ ਪੰਨੇ ‘ਤੇ ਇਕ ਹਫਤਾਵਾਰੀ ਕਾਲਮ ਲਿਖਣਾ ਸ਼ੁਰੂ ਕੀਤਾ ਸੀ। ਇਹ ਕਾਲਮ ਤਾਂ ਉਹ ਭਾਵੇਂ 5-7 ਮਹੀਨੇ ਹੀ ਚਲ ਸਕਿਆ ਪਰ ਇਕ ਕਮੇਡੀ ਕਲਾਕਾਰ ਦੇ ਅੰਦਰ ਜਗ ਰਹੀ ਗਿਆਨ ਅਤੇ ਸੁਚੇਤ ਮਨ ਦੀ ਬੱਤੀ ਪੰਜਾਬੀਆਂ ਨੂੰ ਦਿਸਣ ਜ਼ਰੂਰ ਲੱਗ ਪਈ ਸੀ। ਕੁਝ ਸਾਲ ਪਹਿਲਾਂ ਉਸ ਨੂੰ ਅਮਰੀਕਾ ਤੋਂ ਮੁਹਾਲੀ ਉਹਦੇ ਘਰ ਮਿਲਣ ਗਿਆ। ਉਦੋਂ ਹਾਲੇ ਮਨਪ੍ਰੀਤ ਸਿੰਘ ਬਾਦਲ ਨਾਲ ਵੀ ਨਹੀਂ ਜੁੜਿਆ ਸੀ। ਭੱਜ ਕੇ ਉਹਨੂੰ ਮਿਲਣ ਦਾ ਕਾਰਨ ਇਕ ਇਹ ਵੀ ਸੀ ਕਿ ਫਾਜ਼ਿਲਕਾ ਦੇ ਕੁਝ ਪਿੰਡਾਂ ਦਾ ਦਰਦ ਭਰਿਆ ਜਿਹੜਾ ਸੱਚ ਭਗਵੰਤ ਮਾਨ ਕੱਢ ਕੇ ਲਿਆਇਆ ਸੀ, ਉਸ ਦੀ ਪੀੜਾ ਮੇਰੇ ਅੰਦਰ ਵੀ ਸੱਲ੍ਹ ਬਣ ਰਹੀ ਸੀ। ਉਸ ਨੇ ਆਪਣੇ ਬੈਡਰੂਮ ਵਿਚ ਉਹ ਸਾਰੀ ਫਿਲਮ ਮੈਨੂੰ ਚਲਾ ਕੇ ਦਿਖਾਈ ਜਿਸ ਨੂੰ ਨੈਸ਼ਨਲ ਟੀ ਵੀ ਚੈਨਲਾਂ ਨੇ ਕਵਰ ਕੀਤਾ ਸੀ। ਕਹਾਣੀ ਇਹ ਸੀ ਕਿ ਫਾਜ਼ਿਲਕਾ ਦੇ ਸਰਹੱਦ ਨਾਲ ਲੱਗਦੇ ਕਈ ਪਿੰਡ ਪੀਣ ਵਾਲੇ ਦੂਸ਼ਿਤ ਪਾਣੀ ਤੋਂ ਹੀ ਪ੍ਰਭਾਵਿਤ ਨਹੀਂ ਸਨ ਬਲਕਿ ਕੁਝ ਪਿੰਡਾਂ ‘ਚ ਜ਼ਮੀਨ ਨੂੰ ਘੱਟ ਤੇ ਲੋਕਾਂ ਨੂੰ ਵੱਧ ਕੈਂਸਰ ਸੀ। ਭਗਵੰਤ ਦੇ ਘਰ ਰਹਿ ਕੇ ਹੀ ਮੈਨੂੰ ਉਸ ਦਿਨ ਪਤਾ ਲੱਗਾ ਸੀ ਕਿ ਲੁਧਿਆਣੇ ਦੇ ਬੁੱਢੇ ਨਾਲੇ ਦਾ ਪੰਜਾਬ ਨੂੰ ਬਰਬਾਦ ਕਰਨ ਵਿਚ ਕੀ ‘ਯੋਗਦਾਨ’ ਹੈ ਅਤੇ ਇਕ ਸਿਆਸੀ ਛਤਰੀ ਹੇਠ ਕੰਮ ਕਰਦੀ ਪੇਪਰ ਮਿੱਲ ਨੇ ਬਾਰਡਰ ਲਾਗਲੇ ਕਿੰਨੇ ਪਿੰਡਾਂ ਨੂੰ ਕਿਸ ਹੱਦ ਤੱਕ ਬਰਬਾਦ ਕੀਤਾ ਹੈ? ਗੰਦੇ ਪਾਣੀ ਨੂੰ ਸੰਭਾਲਣ ਲਈ ਵਾਟਰ ਟਰੀਟਮੈਂਟ ਪਲਾਂਟ ਲਗਾਉਣ ਲਈ ਮਜਬੂਰ ਕਰਨਾ ਜਾਂ ਤਾਂ ਭਗਵੰਤ ਮਾਨ ਦੇ ਇਨਕਲਾਬ ਨਾਲ ਜੁੜੇਗਾ ਜਾਂ ਸੰਤ ਬਲਵੀਰ ਸਿੰਘ ਸੀਚੇਵਾਲ ਨਾਲ। ਉਹਦੇ ਵਿਰੋਧੀ ਕੱਦਵਾਰ ਸਿਆਸੀ ਲੋਕ ਅੱਜ ਭਾਵੇਂ ਉਹਦੇ ਇਨਕਲਾਬ ਜ਼ਿੰਦਾਬਾਦ ਦੇ ਨਾਅਰਿਆਂ ਤੋਂ ਖਫਾ ਹੋਣ ਪਰ ਭਗਵੰਤ ਦੇ ਇਨ੍ਹਾਂ ਨਾਅਰਿਆਂ ਦਾ ਖੁਲਾਸਾ ਆਉਣ ਵਾਲੇ ਸਮੇਂ ਵਿਚ ਹੋਵੇਗਾ ਬਸ਼ਰਤੇ ਕਿ ਭਗਵੰਤ ਜਿਸ ਪੈੜ ‘ਤੇ ਚੱਲ ਰਿਹਾ ਹੈ, ਜਿਸ ਸਾਧਾਰਨ ਰਸਤੇ ਨੂੰ ਉਸ ਨੇ ਜਰਨੈਲੀ ਸੜਕ ਬਣਾਇਆ ਹੈ, ਉਹਦੇ ‘ਤੇ ਉਸੇ ਤਰ੍ਹਾਂ ਚੱਲਦਾ ਰਿਹਾ।
ਮੁਹਾਲੀ ਵਾਲੀ ਮੁਲਾਕਾਤ ਪਿਛੋਂ ਅਸੀਂ ਫਾਜ਼ਿਲਕਾ ਦੇ ਉਨ੍ਹਾਂ ਪਿੰਡਾਂ ਦਾ ਦੌਰਾ ਕੀਤਾ। ਤੇਜਾ ਰੋਹੇਲਾ, ਝਿੰਗੜ ਭੈਣੀ ਤੇ ਹੋਰ ਕਈ ਪਿੰਡਾਂ ਵਿਚ ਅਸੀਂ ਸਾਰਾ ਦਿਨ ਘੁੰਮਦੇ ਰਹੇ। ਕੱਚਿਆਂ ਘਰਾਂ ‘ਚ ਵਸਦੇ ਲੰਗੜੇ ਲੂਲੇ ਲੋਕ ਤਾਂ ਫਿਰ ਵੀ ਜਰੇ ਜਾ ਸਕਦੇ ਸਨ ਪਰ ਸਕੂਲੀ ਬੱਚਿਆਂ ਦੇ ਚਿੱਟੇ ਵਾਲ, ਅੰਧਰਾਤਾ, ਕੈਂਸਰ ਪੀੜ੍ਹਤ ਇਲਾਕੇ ਦੀ ਸਭ ਤੋਂ ਵੱਡੀ ਹੋਣੀ ਭਗਵੰਤ ਮਾਨ ਨੇ ਹੀ ਵਿਖਾਈ ਸੀ। ਮੈਨੂੰ ਉਸ ਦਿਨ ਵੀ ਲੱਗਾ ਸੀ ਕਿ ਭਗਵੰਤ ਹੁਣ ਆਪਣਾ ਹੁਣ ਹਸਾਉਣ ਵਾਲਾ ਕੰਮ ਛੱਡੇਗਾ, ਲੋਕਾਂ ਨੂੰ ਜਗਾਉਣ ਦੇ ਰਾਹ ਪਵੇਗਾ ਕਿਉਂਕਿ ਪਿੰਡ ਤੇਜਾ ਰੋਹੇਲਾ ਦੇ ਇਕ ਘਰ ‘ਚ ਬੈਠਿਆਂ ਦੁਖੀ ਪਰਿਵਾਰ ਨੇ ਜੋ ਦਿਖਾਇਆ ਉਹ ‘ਧਾਹ’ ਮਾਰਨ ਵਾਲਾ ਸੀ। ਕਿਹਾ ਤਾਂ ਉਹਨੇ ਚਾਅ ਨਾਲ ਸੀ ਕਿ ਤੁਸੀਂ ਸਾਡੇ ਘਰ ਆਏ ਹੋ ਅਸੀਂ ਤੁਹਾਡੇ ਲਈ ਬੰਦ ਬੋਤਲਾਂ ‘ਚ ਪਾਣੀ ਸ਼ਹਿਰੋਂ ਲੈ ਕੇ ਆਂਦਾ ਹੈ ਪਰ ਬਿਸਲੇਰੀ ਬਰਾਂਡ ਦੇ ਪਾਣੀ ਦੀਆਂ ਖਾਲੀ ਬੋਤਲਾਂ ਸਾਡੀ ਪਰਛੱਤੀ ‘ਤੇ ਪਈਆਂ ਹਨ, ਅਸੀਂ ਖੁਸ਼ਕਿਸਮਤ ਹਾਂ ਕਿ ਪੰਜਾਬ ਦੇ ਬਾਕੀ ਪਿੰਡਾਂ ‘ਚ ਲੋਕਾਂ ਨੂੰ ਚੋਣਾਂ ਦੌਰਾਨ ਪੀਣ ਲਈ ਸ਼ਰਾਬ ਮਿਲਦੀ ਹੈ ਅਤੇ ਹੁਣ ਜਦੋਂ ਸ਼ੇਰ ਸਿੰਘ ਘੁਬਾਇਆ ਦੇ ਸੀਟ ਛੱਡਣ ‘ਤੇ ਸੁਖਬੀਰ ਸਿੰਘ ਬਾਦਲ ਜਿੱਤੇ ਹਨ ਤਾਂ ਸਾਨੂੰ ਪਾਣੀ ਦੀਆਂ ਬੋਤਲਾਂ ਵੰਡੀਆਂ ਗਈਆਂ, ਵੋਟਾਂ ਪਾਉਣ ਲਈ। ਅਸੀਂ ਆਪਣੇ ਘਰ ਆਉਣ ਵਾਲੇ ਹਰ ਓਪਰੇ ਮਹਿਮਾਨ ਨੂੰ ਦੱਸਦੇ ਹਾਂ ਕਿ ਅਸੀਂ ਦੂਸ਼ਿਤ ਪਾਣੀ ਹੀ ਨਹੀਂ ਪੀਂਦੇ ਸਗੋਂ ਚੋਣਾਂ ਦੇ ਦਿਨਾਂ ਵਿਚ ਇਸ ਪਾਣੀ ਦੇ ਵੱਟੇ ਵੋਟਾਂ ਪਾਉਣ ਲਈ ਵੀ ਮਜਬੂਰ ਹੁੰਦੇ ਰਹੇ ਹਾਂ। ਅਸੀਂ ਕੀ ਕਰੀਏ ਅੱਠ ਮਹੀਨੇ ਹੋ ਗਏ ਨੇ ਸੁਖਬੀਰ ਜੀ ਜਿੱਤਣ ਪਿਛੋਂ ਨਵਾਂ ਪਾਣੀ ਲੈ ਕੇ ਨਹੀਂ ਆਏ।
ਵਾਪਸੀ ‘ਤੇ ਭਗਵੰਤ ਮਾਨ ਮੈਨੂੰ ਕਹਿਣ ਲੱਗਾ ‘ਹੁਣ ਕੁਝ ਕਰਨਾ ਹੀ ਪਵੇਗਾ’ ਤੇ ਜੋ ਕੁਝ ਅੱਜ ਭਗਵੰਤ ਕਰ ਰਿਹਾ ਹੈ, ਉਹ ਉਹਦੇ ਅੰਦਰ ਬਹੁਤ ਦੇਰ ਦੀ ਉਥਲ ਪੁਥਲ ਦਾ ਨਤੀਜਾ ਹੈ। ਉਹਦੇ ਅੰਦਰ ਉਠਦੀਆਂ ਇਨਕਲਾਬੀ ਚਿਣਗਾਂ ਦੀ ਇਕ ਹੋਰ ਤਸਵੀਰ ਦੇਖੋæææ ਫਾਜ਼ਿਲਕਾ ਜਦੋਂ ਅਸੀਂ ਦਾਖਲ ਹੋਣ ਲੱਗੇ ਤਾਂ ਸੱਤ ਟਰਾਲੀਆਂ ਅਤੇ ਚਾਰ ਟਰੱਕ ਰੇਤ ਦੇ ਅਸੀਂ ਭਰੇ ਜਾਂਦੇ ਵੇਖੇ। ਉਦੋਂ ਕੋਰਟ ਨੇ ਮਾਈਨਿੰਗ ‘ਤੇ ਪਾਬੰਦੀ ਲਾਈ ਹੋਈ ਸੀ ਤੇ ਇਹ ਸਾਰਾ ਕੁਝ ਕਾਨੂੰਨ ਦੇ ਰਾਖਿਆਂ ਦੀ ਹਾਜ਼ਰੀ ਵਿਚ ਹੋ ਰਿਹਾ ਸੀ। ਜਦੋਂ ਅਸੀਂ ਕੈਮਰਾ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਇਕ ਹੌਲਦਾਰ ਆ ਕੇ ਕਹਿਣ ਲੱਗਾ, “ਇਹ ਬਹੁਤ ਵੱਡੇ ਬੰਦੇ ਦਾ ਕਾਰੋਬਾਰ ਹੈ, ਉਹਨੇ ਤੁਹਾਡਾ ਕੈਮਰਾ ਤਾਂ ਕੀ ਤੁਹਾਨੂੰ ਵੀ ਕਿਤੇ ਲੱਭਣ ਨਹੀਂ ਦੇਣਾ।” ਉਸ ਪੁਲਿਸ ਵਾਲੇ ਦੇ ਇਸ ਜਵਾਬ ਤੋਂ ਬਾਅਦ ਭਗਵੰਤ ਉਬਲਿਆ, “ਹੁਣ ਤਾਂ ਸੱਚੀਂ ਹੀ ਫਿਰ ਕੁਝ ਕਰਨਾ ਪੈਣਾ ਹੈ।”
ਮੋਗੇ ਵਾਲੇ ਚੌਂਕ ‘ਚ ਅਸੀਂ ਪੈਗ ਲਾ ਕੇ ਵਿਛੜ ਗਏ। ਭਗਵੰਤ ਮੁਹਾਲੀ ਚਲਾ ਗਿਆ ਤੇ ਮੈਂ ਅਗਲੇ ਦਿਨ ਅਮਰੀਕਾ ਆ ਗਿਆ। ਜਿੰਨੀ ਕੁ ਸਾਡੀ ਸਮਰੱਥਾ ਸੀ, ਅਸੀਂ ਇਨ੍ਹਾਂ ਪਿੰਡਾਂ ਦੇ ਲੋਕਾਂ ਦੀ ਮਦਦ ਕੀਤੀ। ਫਿਰ ਛੇਤੀ ਹੀ ਖਬਰ ਆਈ ਕਿ ਭਗਵੰਤ ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ ਵਿਚ ਸ਼ਾਮਿਲ ਹੋ ਗਿਆ ਹੈ। ਲੱਖਾਂ ਲੋਕਾਂ ‘ਚ ਖਟਕੜ ਕਲਾਂ ‘ਚ ਜਿਹੜਾ ਭਾਸ਼ਣ ਭਗਵੰਤ ਮਾਨ ਨੇ ਦਿੱਤਾ, ਉਹ ਸੁਣ ਕੇ ਲੋਕ ਮੰਨ ਗਏ ਸਨ ਕਿ ਉਹ ਸਿਰਫ ਕਾਮੇਡੀ ਕਲਾਕਾਰ ਨਹੀਂ ਹੈ, ਕੋਈ ਖਾਸ ਹੈ ਤੇ ਮੇਰੇ ਇਸ ਕਥਨ ਨੂੰ ਤਸਦੀਕ ਮਿਲ ਗਈ ਸੀ ਕਿ ਸੱਚਮੁੱਚ ਹੀ ਉਹ ਕੋਈ ਸਧਾਰਣ ਮਨੁੱਖ ਨਹੀਂ ਹੈ।
ਜਿਸ ਤਰ੍ਹਾਂ ਉਹ ਪੀਪਲਜ਼ ਪਾਰਟੀ ਵਿਚ ਸ਼ਾਮਲ ਹੋਇਆ, ਮੇਰੀ ਜਾਚੇ ਉਹਦੇ ਕਈ ਕਾਰਨ ਨੇ। ਉਸ ਨੂੰ ਘਰਾਣਿਆਂ ਦੀ ਸਿਆਸਤ ਪਸੰਦ ਨਹੀਂ। ਇਸ ਲਈ ਰਾਜਨੀਤੀ ਦਾ ਰਾਹ ਆਪਣੇ ਲਈ ਉਹਨੇ ਵੱਖਰਾ ਬਣਾਇਆ। ਭਗਵੰਤ ਨੂੰ ਨਾ ਜਾਣਨ ਵਾਲੇ ਲੋਕ ਕੌਮਾਂਤਰੀ ਮੀਡੀਏ ਵਿਚ ਭਾਵੇਂ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ ਉਹਦੀ ਆਲੋਚਨਾ ਕਰੀ ਜਾਣ, ਉਹਦੇ ਪਰਿਵਾਰਕ ਮਸਲਿਆਂ ਵਿਚ ਦਖਲ ਅੰਦਾਜ਼ੀ ਕਰੀ ਜਾਣ, ਉਹਦੇ ‘ਤੇ ਸ਼ਰਾਬ ਪੀਣ ਦੇ ਦੋਸ਼ ਲੱਗੀ ਜਾਣ ਪਰ ਸੱਚੀ ਗੱਲ ਇਹ ਹੈ ਕਿ ਭਗਵੰਤ ਜਿਸ ਰਸਤੇ ਤੁਰਿਆ ਹੈ, ਉਹ ਪੈਰ ਪਿਛਾਂਹ ਨਹੀਂ ਪੁੱਟੇਗਾ। ਬਹੁਤ ਘੱਟ ਅਰਸੇ ਵਿਚ ਉਹ ਸਮਰੱਥ ਸਿਆਸਤਦਾਨ ਬਣਨ ਦੇ ਮੁਕਾਬਲੇ ਇਕ ਬਹੁਤ ਵੱਡਾ ਸਿਆਸੀ ਕੱਦ ਲੈ ਕੇ ਖੜਾ ਹੋ ਗਿਆ ਹੈ ਤੇ ਤਬਦੀਲੀਆਂ ਤਾਂਘਦੀਆਂ ਹੀ ਉਨ੍ਹਾਂ ਅੰਦਰ ਨੇ ਜਿੱਥੋਂ ਪਤਾ ਹੁੰਦੈ ਕਿ ਹੁੰਗਾਰਾ ਮਿਲੇਗਾ।
ਰਾਜਨੀਤੀ ਅਸਲ ‘ਚ ਆਪਣੇ ਮੁਲਕ ‘ਚ ਸਿੱਖਣੀ ਇਸ ਕਰਕੇ ਪੈਂਦੀ ਹੈ ਕਿ ਇਹਦੇ ‘ਤੇ ਕੁਝ ਖਾਸ ਲੋਕਾਂ ਦਾ ਕਬਜ਼ਾ ਹੈ ਅਤੇ ਕਬਜ਼ੇ ਜਦੋਂ ਵੀ ਛੁਡਾਏ ਜਾਂਦੇ ਨੇ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ। ਇਸ ਗੱਲ ਨੂੰ ਉਹਦੇ ਵਿਰੋਧੀ ਤੇ ਆਲੋਚਕ ਵੀ ਮੰਨਦੇ ਨੇ ਕਿ ਸੰਗਰੂਰ ਦੀਆਂ ਸਟੇਜਾਂ ‘ਤੇ ਐਮ ਪੀ ਬਣਨ ਤੋਂ ਪਹਿਲਾਂ ਹੀ ਚੋਣ ਮੁਹਿੰਮ ‘ਚ ਹੀ ਨਹੀਂ ਛਾਇਆ ਰਿਹਾ, ਢੀਂਡਸੇ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਮਜ਼ਾਕ ਦੇ ਸਿਆਸੀ ਪਾਤਰ ਹੀ ਨਹੀਂ ਬਣਾਉਂਦਾ ਰਿਹਾ ਸਗੋਂ ਭਾਰਤੀ ਸੰਸਦ ਵਿਚ ਜਿਹੜਾ ਪ੍ਰਭਾਵਸ਼ਾਲੀ ਨਿੱਗਰ ਭਾਸ਼ਣ ਭਗਵੰਤ ਮਾਨ ਕਰਦਾ ਹੈ, ਉਹ ਉਹਦੇ ਅੰਦਰ ਜਾਗਦੀ ਜ਼ਮੀਰ ਦੀਆਂ ਜਗਦੀਆਂ ਮੋਮਬੱਤੀਆਂ ਦੀ ਲੋਅ ਹੈ। ਕਈਆਂ ਨੇ ਇਹ ਤਾਂ ਦਾਅਵਾ ਕੀਤਾ ਹੈ ਕਿ ਉਹ ਕਈ ਕਈ ਵਾਰ ਲੋਕ ਸਭਾ ਦੇ ਮੈਂਬਰ ਬਣੇ ਨੇ ਪਰ ਕਈਆਂ ਨੇ ਇਹ ਦਾਅਵਾ ਕਦੇ ਵੀ ਨਹੀਂ ਕੀਤਾ ਕਿ ਉਹ ਕਦੇ ਲੋਕ ਸਭਾ ਵਿਚ ਬੋਲੇ ਵੀ ਹੋਣ। ਉਹ ਉਨ੍ਹਾਂ ਗੁੰਗਿਆਂ ਤੋਂ ਵੀ ਭੈੜੇ ਰਹੇ ਜਿਹੜੇ ਗੱਲ ਸਮਝ ਨਾ ਵੀ ਆਵੇ, ਦੂਜਿਆਂ ਨੂੰ ਵੇਖ ਕੇ ਰੋਣ ਜ਼ਰੂਰ ਲੱਗ ਪੈਂਦੇ ਨੇ।
ਭਗਵੰਤ ਦਾ ਜਿੰਨਾ ਕੁ ਸਿਆਸੀ ਵਿਰੋਧ ਹੋ ਰਿਹਾ ਹੈ, ਏਦੂੰ ਵੱਧ ਹੋਣਾ ਵੀ ਸੀ ਕਿਉਂਕਿ ਇਹੀ ਵਿਰੋਧ ਤੁਹਾਨੂੰ ਪੈਰ ਲਗਾਉਣ ਦਾ ਵਲ ਦਿੰਦਾ ਹੈ ਤੇ ਉਂਜ ਵੀ ਕਾਂਵਾਂ ‘ਚ ਕੋਇਲਾਂ ਦੇ ਦਾਖਲੇ ਵੇਲੇ ਹਾਲਾਤ ਸੁਖਾਵੇਂ ਨਹੀਂ ਹੁੰਦੇ ਰੰਗ ਭਾਵੇਂ ਸਾਰਿਆਂ ਦਾ ਇੱਕੋ ਜਿਹਾ ਕਿਉਂ ਨਾ ਹੋਵੇ।
ਜਰਨੈਲ ਘੁਮਾਣ, ਭਗਵੰਤ ਮਾਨ, ਜਗਤਾਰ ਜੱਗੀ ਇਸ ਤਿਕੋਣ ਨਾਲ ਮੇਰਾ ਸਿੱਧਾ ‘ਤੇ ਅਸਿੱਧਾ ਸਬੰਧ ਰਿਹਾ ਹੈ। ਇਸੇ ਕਰਕੇ ਮੈਂ ਇਸ ਗੱਲ ਦਾ ਦਾਅਵੇਦਾਰ ਹਾਂ ਕਿ ਮੈਂ ਭਗਵੰਤ ਮਾਨ ਨੂੰ ਤੁਹਾਡੇ ਨਾਲੋਂ ਜ਼ਿਆਦਾ ਤੇ ਸ਼ਾਇਦ ਚੰਗੀ ਤਰ੍ਹਾਂ ਵੀ ਜਾਣਦਾ ਹਾਂ। ਭਗਵੰਤ ਸਾਧਾਰਣ ਮਨੁੱਖ ਨਹੀਂ ਹੈ।
ਜਾਗ੍ਰਿਤੀ ਤੇ ਚੇਤੰਨਤਾ ਦਾ ਜਿਹੜਾ ਇਨਕਲਾਬੀ ਸ਼ੀਸ਼ਾ ਉਹ ਆਪਣੀ ਜੇਬ ਵਿਚ ਪਾਈ ਫਿਰਦਾ ਹੈ, ਉਹਨੇ ਵਕਤ ਆਏ ‘ਤੇ ਕਿਸੇ ਨੂੰ ਵੀ ਸੱਚਾਈ ਦਿਖਾਉਣ ਤੋਂ ਗੁਰੇਜ਼ ਨਹੀਂ ਕਰਨਾ।
ਕੌਣ ਕਦੋਂ ‘ਤੇ ਕਿੱਥੇ ਜਾਗ ਪਵੇ ਕੋਈ ਪਤਾ ਨਹੀਂ ਹੁੰਦਾ, ਮੈਂ ਆਪਣੇ ਆਪ ਨੂੰ ਭਗਵੰਤ ਦੇ ਸ਼ੁਭਚਿੰਤਕਾਂ ‘ਚੋਂ ਮੰਨਦਾ ਹਾਂ।
ਗੱਲ ਬਣੀ ਕਿ ਨਹੀਂ?
ਤੋਤੇ ਤੇ ਮੋਰ ਦੀ ਵਾਰਤਾ
ਤੇਰੇ ਸਿਰ ‘ਤੇ ਕਲਗੀ ਮਿੱਤਰਾ, ਮੇਰੇ ਗਲ ਵਿਚ ਗਾਨੀ,
ਨੇਤਾ ਨਕਲੀ ਹਾਰ ਪੁਆ ਕੇ, ਕਰਦੇ ਫਿਰਨ ਸ਼ੈਤਾਨੀ।
ਮੋਰ ‘ਤੇ ਤੋਤਾ ਬੈਠੇ ਸੋਚਣ, ਇਨ੍ਹਾਂ ਨਾਲੋਂ ਆਂ ਚੰਗੇ,
ਧੁਰੋਂ ਹੀ ਰੱਬ ਨੇ ਦਿੱਤੀ ਸਾਨੂੰ, ਕੈਸੀ ਖੂਬ ਨਿਸ਼ਾਨੀ।
ਇਕ ਪਾਵੇ ਸਾਵਣ ਵਿਚ ਪੈਲਾਂ, ਦੂਜਾ ਅੰਬੀਆਂ ਟੁੱਕੇ,
ਇਹ ਵੋਟਾਂ ਵਿਚ ਹਾਰ ਜਾਣ ਤਾਂ, ਮੁੱਲ ਨਾ ਰਹੇ ਦੁਆਨੀ।
ਆਪੇ ਦਰਜੀ ਆਪ ਬਜਾਜੀ, ਕਿੰਨੇ ਰੰਗ ਨਿਆਰੇ,
ਉਸ ਡਾਅਢੇ ਨੇ ਬੜੀ ਕੀਤੀ ਐ, ਸਾਡੇ ‘ਤੇ ਕੁਰਬਾਨੀ।
ਕੋਈ ਨੀਲੀ ਕੋਈ ਚਿੱਟੀ ਬੰਨ੍ਹੇ, ਕੋਈ ਧੋਤੀ ਕੋਈ ਟੋਪੀ,
ਇੱਕੋ ਜਿਹੇ ਨੇ ਰਾਜਨੀਤੀ ਵਿਚ, ਹੋ ਗਏ ਲਾਭ ਤੇ ਹਾਨੀ।
ਬੜੀ ਕੁਪੱਤ ਇਨ੍ਹਾਂ ਨਾਲ ਹੁੰਦੀ, ਜਿੱਥੇ ਕਿੱਥੇ ਦੇਖੋ,
ਕਿੱਥੇ ਪਰਖੇ ਜਾਂਦੇ ਨੇ ਹੁਣ, ਘੋੜਾ ਮਰਦ ਮੈਦਾਨੀ।
ਤੌੜੇ ਜਿੱਡਾ ਢਿੱਡ ਨਹੀਂ ਭਰਦਾ, ਲੁੱਟ ਲਿਆ ਮੁਲਕ ਬਥੇਰਾ,
ਕਿੱਲ੍ਹ ਕਿੱਲ੍ਹ ਕੇ ਭਾਸ਼ਣ ਨੇ ਕਰਦੇ, ਪਾਈ ਜਾਣ ਵੈਰਾਨੀ।
ਮੈਨਾ ਮੇਰੀ ਲਵ ਯੂ ਕਹਿੰਦੀ, ਖੁਸ਼ ਮੋਰਨੀ ਤੇਰੀ,
ਘਰੇ ਇਨ੍ਹਾਂ ਨਾਲ ਕਰਦੀ ਖੌਰੇ, ਕਿੰਨੀ ਰੋਜ਼ ਜਨਾਨੀ।
ਤੂੰ ਆਖਦੈਂ ਜੈਕੇਟ ਪਾਈਏ, ਛੱਡ ਇਹ ਸ਼ੌਕ ਅਵੱਲਾ,
ਇਨ੍ਹਾਂ ਦੀ ਤਾਂ ਲਹਿਣ ਨੂੰ ਫਿਰਦੀ, ਯਾਦ ਕਰਨਗੇ ਨਾਨੀ।
ਨੀਲੀ ਛੱਤ ਵਾਲੇ ਦੇ ਢੋਲੇ, ਆ ਜਾ ḔਭੌਰੇḔ ਗਾਈਏ,
ਲੱਭੀ ਜਾਣ ਦੇ ਇਨ੍ਹਾਂ ਨੂੰ ਆਪੇ, ਹਨੇਰੇ ਵਿਚ ਚੁਆਨੀ।
-ਐਸ ਅਸ਼ੋਕ ਭੌਰਾ