ਸ਼ਬਦਾਂ ਦੀ ਤਾਕਤ

ਐਮਰਜੈਂਸੀ ਅਤੇ ‘ਕੱਖ-ਕਾਨਾਂ’ ਦੀ ਵਾਰੀ-15
‘ਐਮਰਜੈਂਸੀ ਤੇ ਕੱਖ-ਕਾਨਾਂ ਦੀ ਵਾਰੀ’ ਲੇਖ ਲੜੀ ਵਿਚ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਐਮਰਜੈਂਸੀ ਨਾਲ ਜੁੜੀਆਂ ਯਾਦਾਂ ਦਾ ਵਰਕਾ ਫਰੋਲਿਆ ਹੈ। ਉਹ ਅਜਿਹਾ ਵਕਤ ਸੀ ਜਦੋਂ ਵਿਰੋਧ ਦੀ ਹਰ ਆਵਾਜ਼ ਨੂੰ ਬੰਦ ਕਰਨ ਦਾ ਹੀਲਾ ਕੇਂਦਰ ਸਰਕਾਰ ਨੇ ਕੀਤਾ ਸੀ। ਬਹੁਤ ਸਾਰੇ ਆਗੂਆਂ, ਪੱਤਰਕਾਰਾਂ, ਲੇਖਕਾਂ ਤੇ ਬੁੱਧੀਜੀਵੀਆਂ ਉਤੇ ਵੱਖ-ਵੱਖ ਕੇਸ ਪਾ ਕੇ ਉਨ੍ਹਾਂ ਨੂੰ ਜੇਲ੍ਹਾਂ ਅੰਦਰ ਡੱਕ ਦਿੱਤਾ ਗਿਆ।

ਵਰਿਆਮ ਸਿੰਘ ਸੰਧੂ ਨੇ ਇਸ ਲੰਮੀ ਲੇਖ ਲੜੀ ਵਿਚ ਇਸ ਜੇਲ੍ਹ ਯਾਤਰਾ ਦੇ ਹਵਾਲੇ ਨਾਲ ਆਪਣੇ ਸਮਾਜ ਅਤੇ ਸਿਸਟਮ ਬਾਰੇ ਸਾਰਥਕ ਟਿੱਪਣੀਆਂ ਕੀਤੀਆਂ ਹਨ। ਇਨ੍ਹਾਂ ਟਿੱਪਣੀਆਂ ਵਿਚ ਬਤੌਰ ਲੇਖਕ ਉਨ੍ਹਾਂ ਅਵਾਮ ਦੇ ਸਰੋਕਾਰ ਸਾਂਝੇ ਕੀਤੇ ਹਨ। ਐਤਕੀਂ ‘ਸ਼ਬਦਾਂ ਦੀ ਤਾਕਤ’ ਵਿਚ ਲੇਖਕ ਨੇ ਮਨੁੱਖੀ-ਸਮਾਜਕ ਸੁਹਜ ਦੀਆਂ ਬਾਤਾਂ ਛੇੜੀਆਂ ਹਨ। -ਸੰਪਾਦਕ

ਵਰਿਆਮ ਸਿੰਘ ਸੰਧੂ
ਫੋਨ: 416-918-5212
ਪਿੱਛੋਂ ਦੀ ‘ਵਾ: ਅੰਮ੍ਰਿਤਸਰ ਜੇਲ੍ਹ ਦੀ ਹੀ ਗੱਲ ਹੈ। ਐਮਰਜੈਂਸੀ ਵਿਚ ਡੀ ਆਈ ਆਰ ਅਧੀਨ ਜੇਲ੍ਹ ਵਿਚ ਬੰਦ ਸਾਂ। ਇਕ ਦਿਨ ਧੁੱਪੇ ਕੰਬਲ ਵਿਛਾ ਕੇ ਬੈਠੇ ਗੱਪ-ਗਿਆਨ ਵਿਚ ਰੁੱਝੇ ਹੋਏ ਸਾਂ। ਨੀਲੇ ਰੰਗ ਦੇ ਨਿਹੰਗੀ ਬਾਣੇ ਵਾਲਾ ਕੋਈ ਸੱਜਣ ਸਾਡੀ ਬੈਰਕ ਦਾ ਦਰਵਾਜ਼ਾ ਲੰਘ ਕੇ ਅੰਦਰ ਵੜਿਆ ਤੇ ਸਾਹਮਣਿਓਂ ਮਿਲਣ ਵਾਲੇ ਬੰਦੇ ਨੂੰ ਕੁਝ ਪੁੱਛਦਾ ਦਿਸਿਆ। ਉਸ ਬੰਦੇ ਨੇ ਸਾਡੀ ਟੋਲੀ ਵੱਲ ਇਸ਼ਾਰਾ ਕੀਤਾ। ਸਾਡੇ ਵੱਲ ਤੁਰੇ ਆਉਂਦੇ ਨਿਹੰਗ ਸਿੰਘ ਨੂੰ ਮੈਂ ਝੱਟ ਪਛਾਣ ਲਿਆ। ਉਠਦਿਆਂ ਉਸ ਦਾ ਸਵਾਗਤ ਕੀਤਾ, “ਬੱਲੇ! ਬੱਲੇ!! ਨਿਹੰਗ ਸਿਅ੍ਹਾਂ, ਤੂੰ ਇਥੇ ਕਿਵੇਂ?”
ਉਹ ਸਕਿਆਂ ਵਿਚੋਂ ਲੱਗਦੀ ਮੇਰੀ ਭੂਆ ਤੇਜੋ ਦਾ ਦੂਜੇ ਨੰਬਰ ਦਾ Ḕਛੜਾ-ਛਾਂਟḔ ਪੁੱਤ ਅਜੀਤ ਸਿੰਘ ਸੀ ਜਿਸ ਨੂੰ ਅਸੀਂ ਸਾਰੇ Ḕਜੀਤਾ ਨਿਹੰਗḔ ਆਖਦੇ ਸਾਂ। ਮੇਰੇ ਪਿਤਾ ਤੇ ਭੂਆ ਤੇਜੋ ਦਾ ਪਿਛਲਾ ਪਿੰਡ ਭਡਾਣਾ ਸੀ। ਭੂਆ ਤੇਜੋ ਸੁਰ ਸਿੰਘ ਵਿਆਹੀ ਗਈ ਸੀ ਤੇ ਮੇਰਾ ਪਿਤਾ ਵੀ ਦੇਸ਼-ਵੰਡ ਤੋਂ ਪਿੱਛੋਂ ਆਪਣੇ ਨਾਨਕੇ ਪਿੰਡ ਸੁਰ ਸਿੰਘ ਵਿਚ ਹੀ ਆਪਣੇ ਮਾਮੇ ਦਾ ਮੁਤਬੰਨਾ ਬਣ ਕੇ ਪਰਿਵਾਰ ਸਮੇਤ ਆਣ ਵੱਸਿਆ ਸੀ। ਇਸ ਪਿੰਡ ਵਿਚ ਮੇਰਾ ਪਿਤਾ ਭੂਆ ਤੇਜੋ ਦੀ ਵੱਡੀ ਧਿਰ ਸੀ। ਦੋਵਾਂ ਪਰਿਵਾਰਾਂ ਦਾ ਆਪਸ ਵਿਚ ਡੂੰਘਾ ਮਿਲਵਰਤਣ ਸੀ। ਹਫ਼ਤੇ ਦਸੀਂ ਦਿਨੀਂ ਇੱਕ-ਦੂਜੇ ਘਰ ਗੇੜਾ ਵੱਜਦਾ ਰਹਿੰਦਾ। ਲੋੜ ਵੇਲੇ ਇਕ-ਦੂਜੇ ਦੇ ਜੋਤਰਾ ਵੀ ਲਾ ਆਉਂਦੇ, ਪੱਠੇ-ਦੱਥੇ ਦੀ ਵੀ ਲੈ-ਦੇ ਕਰ ਲੈਂਦੇ। ਭੂਆ ਦੇ ਵੱਡੇ ਦੋਵੇਂ ਪੁੱਤ ਹਰਬੰਸ ਤੇ ਜੀਤਾ ਉਮਰ ਵਿਚ ਮੇਰੇ ਤੋਂ ਵੱਡੇ ਸਨ ਤੇ ਮੈਨੂੰ ਛੋਟੇ ਭਰਾਵਾਂ ਵਾਂਗ ਪਿਆਰ ਕਰਦੇ ਸਨ। ਇਸ ਕਰ ਕੇ ਮੈਨੂੰ ਨਿੱਕੇ ਹੁੰਦੇ ਤੋਂ ਉਨ੍ਹਾਂ ਦੇ ਘਰ ਜਾਣਾ ਤੇ ਖੇਡਣਾ ਚੰਗਾ ਲੱਗਦਾ। ਆਪ ਅਨਪੜ੍ਹ ਹੋਣ ਕਰ ਕੇ ਉਹ ਹੁਸ਼ਿਆਰ Ḕਪੜ੍ਹਾਕੂḔ ਵਜੋਂ ਮੈਨੂੰ ਕਦਰਦਾਨੀ ਨਾਲ ਵੇਖਦੇ। ਹਰਬੰਸ ਨੇ ਤਾਂ ਜ਼ਿਦ ਕਰ ਕੇ ਆਪਣੇ ਵਿਆਹ ‘ਤੇ ਮੈਨੂੰ ਸਰਬਾਲਾ ਬਣਾਇਆ ਸੀ ਜਦ ਕਿ ਨੇੜਲੀ ਰਿਸ਼ਤੇਦਾਰੀ ਵਿਚੋਂ ਕੋਈ ਮੇਰਾ ਹੀ ਹਾਣੀ ਮੁੰਡਾ ਨਵੇਂ ਕੱਪੜੇ ਸਵਾਈ ਸਰਬਾਲਾ ਬਣਨ ਦੀ ਤਿਆਰੀ ਕੱਸੀ ਬੈਠਾ ਸੀ। ਬੰ੍ਹਸੇ ਤੇ ਜੀਤੇ ਦਾ ਮੇਰੇ ਪਿਓ ਨੂੰ Ḕਮਾਮਾ ਮਾਮਾḔ ਕਹਿੰਦਿਆਂ ਮੂੰਹ ਨਾ ਥੱਕਦਾ। ਉਨ੍ਹਾਂ ਦੇ ਛੋਟੇ ਭਰਾਵਾਂ ਨਾਲ ਮੇਰੀ ਬਹੁਤੀ ਸਾਂਝ ਨਹੀਂ ਸੀ।
ਜ਼ਮੀਨ ਜਾਇਦਾਦ ਹੋਣ ਦੇ ਬਾਵਜੂਦ ਪਤਾ ਨਹੀਂ ਜੀਤੇ ਨੂੰ ਕੋਈ ਸਾਕ ਸਿਰੇ ਕਿਉਂ ਨਹੀਂ ਸੀ ਚੜ੍ਹਿਆ। ਹੌਲੀ ਹੌਲੀ ਵਾਹੀ ਦੇ ਕੰਮ-ਧੰਦੇ ਵਿਚੋਂ ਉਸ ਦਾ ਮਨ ਉਚਾਟ ਹੁੰਦਾ ਗਿਆ। ਇਕ ਦਿਨ ਉਸ ਨੇ ਬਾਬੇ ਬਿਧੀ ਚੰਦੀਆਂ ਤੋਂ ਅੰਮ੍ਰਿਤ ਛਕ ਕੇ ਨਿਹੰਗੀ ਬਾਣਾ ਸਜਾ ਲਿਆ। ਨਿਹੰਗ ਬਣ ਕੇ ਉਹ ਪੱਕੇ ਤੌਰ ‘ਤੇ ḔਦਲḔ ਨਾਲ ਰਹਿਣਾ ਚਾਹੁੰਦਾ ਸੀ। ਜੀਤੇ ਦਾ ਪਰਿਵਾਰ ਖ਼ੁਦ ਭਾਈ ਬਿਧੀ ਚੰਦ ਦੀ ḔਛੀਨਾḔ ਗੋਤ ਨਾਲ ਸਬੰਧ ਰੱਖਦਾ ਸੀ। ਬਿਧੀਚੰਦੀਆਂ ਨਾਲ ਭਾਈਚਾਰੇ ਦੀ ਸਾਂਝ ਹੋਣ ਕਰ ਕੇ ਬਾਬੇ ਚਾਹੁੰਦੇ ਸਨ ਕਿ ਜੀਤੇ ਦੇ ਪਿਤਾ ਰੰਗਾ ਸਿੰਘ ਦਾ Ḕਮੁੰਡੇ ਨੂੰ ਘਰੋਂ ਪੁੱਟਣ ਦਾḔ ਉਨ੍ਹਾਂ ਦੇ ਸਿਰ ਉਲ੍ਹਾਮਾ ਨਾ ਆਵੇ; ਇਸ ਲਈ ਅੰਮ੍ਰਿਤ ਛਕਣ ਤੋਂ ਬਾਅਦ ਵੀ ਉਨ੍ਹਾਂ ਦੀ ਇੱਛਾ ਸੀ ਕਿ ਜੀਤਾ ਘਰ ਦੇ ਕੰਮ-ਕਾਰ ਨਾਲ ਜੁੜਿਆ ਰਹੇ, ਪਰ ਜੀਤੇ ਨੂੰ ਇਹ ਮਨਜ਼ੂਰ ਨਹੀਂ ਸੀ। ਉਹ ḔਚੱਕਰਵਰਤੀḔ ਹੋ ਗਿਆ।
ਭੂਆ ਦੇ ਕਹਿਣ ‘ਤੇ ਮੇਰੇ ਪਿਓ ਨੇ ਸਮਝਾਇਆ ਤਾਂ ਕਹਿੰਦਾ, “ਮਾਮਾ! ਤੂੰ ਈ ਦੱਸ, ਮੈਂ ਕੀਹਦੇ ਲਈ ਵਾਹੀ ‘ਚ ਦਿਨ ਰਾਤ ਫਾਟਾਂ ਭੰਨਾਉਂਦਾ ਫਿਰਾਂ। ਮੈਂ ਕਿਹੜਾ ਕਿਸੇ ਆਪਣੀ ਚੂੜੇ ਵਾਲੀ ਨੂੰ ਸ਼ਨੀਲ ਦਾ ਸੂਟ ਸਿਵਾ ਕੇ ਦੇਣਾ ਏਂ! ਤੇ ਨਾਲੇ ਮੇਰੇ ਕਿਹੜੇ ਛਿੰਦੂ ਹੁਣੀਂ ਰੋਂਦੇ ਫਿਰਦੇ ਨੇ, ਪਈ ਉਨ੍ਹਾਂ ਦੀ ਫੀਸ ਤਾਰਨ ਵਾਲੀ ਰਹਿੰਦੀ ਏ! ਹੁਣ ਨਾ ਕਿਸੇ ਦੀ ਹਿੜਕ ਨਾ ਝਿੜਕ। ਨਾ ਕੋਈ ਸਵੇਰੇ-ਸਾਝਰੇ ਹਲਾਂ ਲਈ ਜਗਾਵੇ। ਆਪਣੀ ਮਰਜ਼ੀ ਸੌਂਈਏ, ਆਪਣੀ ਮਰਜ਼ੀ ਜਾਗੀਏ।”
ਉਹ ਤਾਂ Ḕਵਾਰਿਸ ਸ਼ਾਹḔ ਵਾਲਾ ਰਾਂਝਾ ਜੋਗੀ ਬਣਿਆ ਪਿਆ ਸੀ!
ਨੀਲਾ ਚੋਲਾ, ਸਿਰ ‘ਤੇ ਚੱਕਰ ਲਾ ਕੇ ਸਜਾਈ ਦਸਤਾਰ ਤੇ ਹੱਥ ਵਿਚ ਲੰਮਾ ਬਰਛਾ। ਜਦੋਂ ਕਦੀ ਉਸ ਦਾ ਦਿਲ ਕਰਦਾ, ਉਹ ਸੁੱਖੇ ਨਾਲ ਲ੍ਹੇੜ ਕੇ ਸਾਡੇ ਘਰ ਆ ਵੱਜਦਾ। ਘੰਟਿਆਂ ਬੱਧੀ ਬੈਠਾ ਇਧਰ ਉਧਰ ਦੀਆਂ ਮਾਰੀ ਜਾਂਦਾ। ਵਿਚ ਵਿਚ ਬੀਬੀ ਨੂੰ ਵੀ ਹੁਕਮ ਕਰੀ ਜਾਂਦਾ, “ਮਾਮੀ ਚਾਹ ਬਣਾ ਕਰੜੀ ਜਿਹੀ; ਜੇ ਪਰਸ਼ਾਦਾ ਤਿਆਰ ਹੋ ਗਿਐ ਤਾਂ ਲਿਆ ਹੱਥ ਧੁਆ। ਦਾਲ ‘ਚ ਰਤਾ ਥਿੰਦਾ ਵਾਹਵਾ ਪਾ ਦਈਂ, ਸੂਮਪੁਣਾ ਨਾ ਕਰੀਂ।”
ਅਸੀਂ ਵੀ ਉਹਨੂੰ ਟੇਢੇ ਮੇਢੇ ਸਵਾਲ ਕਰਦੇ ਰਹਿੰਦੇ ਤੇ ਉਸ ਦੀਆਂ ਝੱਲ-ਵਲੱਲੀਆਂ ਸੁਣ ਸੁਣ ਕੇ ਖ਼ੁਸ਼ ਹੁੰਦੇ।
ਇੱਕ ਦਿਨ ਕਿਸੇ ਨੇ ਮੇਰੇ ਪਿਉ ਨੂੰ ਉਲ੍ਹਾਮਾ ਦਿੱਤਾ, “ਤੁਹਾਡਾ ਨਿਹੰਗ ਸੁੰਹ ਰੌੜ ਵਿਚ ਸਾਈਕਲ ਚਲਾਉਂਦੇ ਸਾਡੇ ਨਿੱਕੇ ਮੁੰਡਿਆਂ ਤੋਂ ਸਾਈਕਲ ਖੋਹ ਕੇ ਭੱਜ ਗਿਐ। ਉਹਦੇ ਘਰ ਦਿਆਂ ਨੂੰ ਆਖਿਐ ਤਾਂ ਉਹ ਕਹਿੰਦੇ ਨੇ ਕਿ ਉਨ੍ਹਾਂ ਨੂੰ ਨਾ ਤਾਂ ਉਸ ਦੇ ਕਿਸੇ ਪੱਕੇ ਟਿਕਾਣੇ ਦਾ ਪਤੈ, ਤੇ ਨਾ ਹੀ ਉਹ ਉਨ੍ਹਾਂ ਦੇ ਕਹਿਣੇ ਵਿਚ ਐ। ਬਾਬਿਆਂ ਕੋਲੋਂ ਵੀ ਨਹੀਂ ਮਿਲਿਆ। ਤੁਸੀਂ ਕੁਝ ਕਰੋਗੇ ਕਿ ਪੁਲਿਸ ਨੂੰ ਆਖੀਏ!”
ਮੇਰੇ ਪਿਤਾ ਨੇ ਸਾਈਕਲ ਮੁੜਵਾ ਦੇਣ ਦਾ ਵਾਅਦਾ ਕਰ ਕੇ ਉਨ੍ਹਾਂ ਨੂੰ ਸਮਝਾਇਆ ਕਿ ਉਹ ਕੁਝ ਦਿਨ ਹੋਰ ਉਡੀਕ ਲੈਣ ਤੇ ਪੁਲਿਸ ਕੋਲ ਨਾ ਜਾਣ।
ਦਸੀਂ ਪੰਦਰੀਂ ਦਿਨੀਂ ਜੀਤਾ ਆਪ ਹੀ ਸਾਈਕਲ ਅਗਲਿਆਂ ਦੇ ਘਰ ਫੜਾ ਆਇਆ। ਮੇਰੇ ਪਿਤਾ ਨੇ ਪੁੱਛਿਆ, ਤਾਂ ਹੱਸਦਾ ਹੋਇਆ ਕਹਿਣ ਲੱਗਾ, “ਓ ਮਾਮਾ, ਤੇਰੀ ਸਹੁੰ! ਗੱਲ ਕੀ ਹੋਣੀ ਸੀ। ਮੁੰਡੇ ਰੌੜ ‘ਚ ਸ਼ੈਕਲ ਚਲਾਉਣ ਡਹੇ ਸੀ। ਮੈਂ ਉਨ੍ਹਾਂ ਤੋਂ ਸ਼ੈਕਲ ਫੜ ਕੇ ਆਖਿਆ, “ਲਿਆਓ ਉਏ ਮੁੰਡਿਓ, ਵੇਖੀਏ ਤ੍ਹਾਡਾ ਸ਼ੈਕਲ ਭਲਾ ਹੌਲਾ ਚੱਲਦੈ ਕਿ ਭਾਰਾ। ਸ਼ੈਕਲ ਚਲਾ ਕੇ ਵੇਖਿਆ, ਵਾਹਵਾ ਹੌਲਾ ਚੱਲਦਾ ਸੀ। ਮੈਂ ਸੋਚਿਆ, ਚੱਲ ਮਨਾਂ; ḔਵਰਨਾਲਿਓਂḔ ਭੂਆ ਨੂੰ ਈ ਮਿਲ ਆਈਏ, ‘ਵਾ ਵੀ ਪਿੱਛੋਂ ਦੀ ਆ।”
ਉਹ ਅਜੇ ਵੀ ਚਿੱਟੇ ਚਿੱਟੇ ਦੰਦ ਕੱਢੀ ਢਿੱਡ ਹਿਲਾ ਕੇ ਹੱਸੀ ਜਾ ਰਿਹਾ ਸੀ।
000
ਜੀਤੇ ਨੂੰ ਆਪਣੇ ਕੋਲ ਬਿਠਾ ਕੇ ਹੱਸਦਿਆਂ ਪੁੱਛਿਆ, “ਨਿਹੰਗ ਸਿਹਾਂ! ਲੱਗਦੈ ਐਤਕੀਂ ‘ਵਾ ḔਵਰਨਾਲੇḔ ਦੀ ਥਾਂ ਅੰਬਰਸਰ ਵੱਲ ਦੀ ਵਗਦੀ ਸੀ?”
ਮੇਰਾ ਖ਼ਿਆਲ ਸੀ ਕਿ ਉਹ ਕਿਸੇ Ḕਇਹੋ-ਜਿਹੇḔ ਛੋਟੇ-ਮੋਟੇ ਕੇਸ ਵਿਚ ਹੀ ਅੰਦਰ ਆਇਆ ਹੋਵੇਗਾ। ਅਪਰਾਧੀ ਬਿਰਤੀ ਵਾਲਾ ਤਾਂ ਉਹ ਹੈ ਨਹੀਂ ਸੀ।
“ਓ ‘ਵਾ ਕਿੱਥੇ ਭਰਾਵਾ! ਐਤਕੀਂ ਤਾਂ ‘ਨੇਰ੍ਹੀ ਧੂਹ ਲਿਆਈ ਏ।” ਉਹ ਕਿਸੇ Ḕਕਤਲ ਕੇਸḔ ਵਿਚ ਫਸ ਗਿਆ ਸੀ।
“ਕਤਲ ਕਿਵੇਂ ਹੋ ਗਿਆ?”
“ਕਤਲ ਕੀ ਹੋਣਾ ਸੀ। ਕਤਲ ਤਾਂ ਮੈਨੂੰ ਕੀਤਾ ਕਰਾਇਆ ਈ ਮਿਲ ਗਿਆ ਭਰਾਵਾ!” ਉਹ ਅਜੇ ਵੀ ਹੱਸ ਰਿਹਾ ਸੀ।
ਉਹ ਪਿਛਲੇ ਕੁਝ ਮਹੀਨਿਆਂ ਤੋਂ ਪਿੰਡੋਂ ਬਾਹਰਵਾਰ ਬਾਬੇ ਬਿਧੀ ਚੰਦ ਦੀ ਸਮਾਧ ‘ਤੇ ਵੀ ਕਦੀ ਕਦੀ ਰਾਤ ਕੱਟ ਲੈਂਦਾ ਸੀ। ਇਕ ਬਜੁæਰਗ ਭਾਈ ਉਥੇ ਸੇਵਾ ਕਰਦਾ ਸੀ। ਜੀਤਾ ਉਸ ਨਾਲ ਰਲ ਕੇ ਸੁੱਖੇ ਵਾਲੀ ਸ਼ਰਦਾਈ ਰਗੜਦਾ। ਬਾਬਾ ਪਿੰਡੋਂ ਗਜ਼ਾ ਕਰ ਲਿਆਉਂਦਾ। ਆਏ ਗਏ ਨੂੰ ਪਰਸ਼ਾਦਾ ਮਿਲਦਾ ਤੇ ਉਨ੍ਹਾਂ ਨੂੰ ਵੀ। ਜੀਤਾ ਕਦੀ ਕਦੀ ਵਿਚੋਂ ਉਡੰਤਰ ਵੀ ਹੋ ਜਾਂਦਾ ਤੇ ਕਈ ਕਈ ਦਿਨ ਨਾ ਪਰਤਦਾ। ਉਸ ਦੀ ਕਿਹੜਾ ਕਿਸੇ ਦਫ਼ਤਰ ਵਿਚ ਹਾਜ਼ਰੀ ਲੱਗਣੀ ਸੀ। ਇੰਜ ਹੀ ਉਹ ḔਯਾਤਰਾḔ ‘ਤੇ ਗਿਆ ਹੋਇਆ ਸੀ ਕਿ ਪਿੱਛੋਂ ਇਕ ਸਵੇਰੇ ਕਿਸੇ ਨੇ ਸਮਾਧਾਂ ਦੇ ਬਾਹਰ ਬਾਬਾ ਮਰਿਆ ਪਿਆ ਵੇਖਿਆ। ਉਹਦੀਆਂ ਗੋਦੜੀਆਂ ਦੀ ਫਰੋਲਾ-ਫਰੋਲੀ ਵੀ ਕੀਤੀ ਹੋਈ ਸੀ। ਇਸ Ḕਫਰੋਲਾ-ਫਰਾਲੀḔ ਤੋਂ ਹੀ ਪੁਲਿਸ ਨੂੰ ਸ਼ੱਕ ਹੋਇਆ ਕਿ ਬਾਬਾ ਕੁਦਰਤੀ ਮੌਤ ਨਹੀਂ ਮਰਿਆ, ਉਸ ਦਾ ਕਤਲ ਹੋਇਆ ਹੈ। ਪੁਲਿਸ ਨੇ ਇਹ ਕਤਲ ਕੇਸ ਜੀਤੇ ‘ਤੇ ਪਾ ਦਿੱਤਾ ਸੀ ਤੇ ਉਸ ਦੇ ਵਾਪਸ ਪਰਤਣ ‘ਤੇ ਉਹਨੂੰ ਗ੍ਰਿਫ਼ਤਾਰ ਕਰ ਲਿਆ ਸੀ।
“ਪਤਾ ਨਹੀਂ ਉਹਨੂੰ ਕਿਸੇ ਮਾਰਿਆ ਸੀ ਕਿ ਆਪੇ ਮਰ ਗਿਆ ਸੀ। ਜਾਨ ਤਾਂ ਅੱਗੇ ਹੈ ਨੀ ਸੀ ਬਜ਼ੁਰਗ ਵਿਚ। ਪਹਿਲਾਂ ਈ ਨਿਭਿਆ ਪਿਆ ਸੀ। ਨਾਲੇ ਮੇਰਾ ਤਾਂ ਵਿਚਾਰਾ ਬੜਾ ਪ੍ਰੇਮੀ ਸੀ। ਢੱਗੀ ਖਾਵਾਂ ਜੇ ਝੂਠ ਬੋਲਾਂ। ਨਾਲੇ ਤੇਰੇ ਕੋਲ ਕਾਹਦਾ ਝੂਠ। ਉਹਦੇ ਗਰੀਬ ਕੋਲ ਕਿਹੜੇ ਖਜਾਨੇ ਦੱਬੇ ਪਏ ਸਨ! ਮੈਂ ਤਾਂ ਚਹੁੰ-ਪੰਜਾਂ ਦਿਨਾਂ ਤੋਂ ਉਥੇ ਹੈ ਵੀ ਨਹੀਂ ਸਾਂ। ਸਾਰਾ ਸਿਆਪਾ ਉਥੇ ਨਾ ਹੋਣ ਨੇ ਈ ਪਾਇਆ। ਸਾਰੇ ਆਖਣ ਸਮਾਧੀਂ ਤਾਂ ਜੀਤਾ ਹੀ ਹੁੰਦੈ। ਉਹੋ ਹੀ ਮਾਰ ਕੇ ਕਿਤੇ ਅੱਗੇ-ਪਿੱਛੇ ਹੋ ਗਿਐ ਹੁਣ। ਪੁਲਿਸ ਨੇ ਕਤਲ ਮੇਰੇ ‘ਤੇ ਪਾḔਤਾ। ਮੇਰੀ ਕਿਸੇ ਇੱਕ ਨ੍ਹੀਂ ਸੁਣੀ। ਪਿਛਲੇ ਬੁੱਧਵਾਰ ਐਥੇ ਜੇਲ੍ਹ ਵਿਚ ਲਿਆ ਸੁੱਟਿਆ। ਇਥੇ ਸੁੱਖੇ ਦੀ ਬੜੀ ਤੰਗੀ ਆ। ਓਂ ਦੋ ਫੁਲਕੇ ਈ ਛਕਣੇ ਆਂ। ਅੰਦਰ ਕੀ ਤੇ ਬਾਹਰ ਕੀ!”
ਮੈਂ ਹੋਰ ਵੀ ਖੁਰਚ ਕੇ ਪੁੱਛਿਆ। ਉਸ ਦੇ ਸੁਭਾਅ ਅਤੇ ਗੱਲਬਾਤ ਕਰਨ ਦੇ ਅੰਦਾਜ਼ ਤੋਂ ਜਾਣੂ ਸਾਂ। ਲੱਗਾ; ਜੀਤਾ ਤਾਂ ਨਾ-ਹੱਕ ਹੀ ਕਤਲ ਕੇਸ ਵਿਚ ਫਸ ਗਿਆ ਸੀ। ਖ਼ਿਆਲ ਆਇਆ, ਉਹ ਬਾਬੇ ਬਿਧੀ ਚੰਦੀਆਂ ਦਾ ḔਸਿੰਘḔ ਸੀ, ਉਨ੍ਹਾਂ ਇਸ ਨੂੰ ਬਚਾਉਣ ਲਈ ਕਿਉਂ ਨਹੀਂ ਕੁਝ ਕੀਤਾ?
“ਤੇਰੇ ਕੇਸ ਦੀ ਪੈਰਵੀ ਕੌਣ ਕਰ ਰਿਹੈ? ਤੇਰੇ ਘਰ ਦੇ ਜਾਂ ਬਾਬੇ ਬਿਧੀਚੰਦੀਏ?”
“ਪੈਰਵੀ ਮੇਰੀ ਕੀਹਨੇ ਕਰਨੀ ਸੀ! ਭਰਾ ਆਂਹਦੇ ਹੋਣਗੇ ਚੱਲ ਫ਼ਾਹੇ ਲੱਗੂ ਤਾਂ ਹਿੱਸੇ ਆਉਂਦੇ ਦੋ ਕਿਲੇ ਸਾਂਭਣ ਵਾਲੇ ਬਣਾਂਗੇ। ਨਾਲੇ ਉਹ ਸੋਚਦੇ ਹੋਣਗੇ ਆਪੇ ਬਾਬੇ ਕੋਈ ਚਾਰਾ ਕਰਨਗੇ। ਬਾਬਿਆਂ ਨੂੰ ਲਗਦੈ, ਊਂ ਮੇਰੇ ‘ਤੇ ਹੀ ਸ਼ੱਕ ਐ। ਨਹੀਂ ਤਾਂ ਕਰਦੇ ਨਾ ਕੁਛ।”
ਇਹ ਜਾਣ ਕੇ ਹੋਰ ਵੀ ਦੁੱਖ ਹੋਇਆ ਕਿ ਉਸ ਲਈ ਕਿਸੇ ਨੇ ਅਜੇ ਤੱਕ ਵਕੀਲ ਦਾ ਵੀ ਕੋਈ ਬੰਦੋਬਸਤ ਨਹੀਂ ਸੀ ਕੀਤਾ। ਮੈਨੂੰ ਲੱਗਾ, ਜੀਤਾ ਵਿਚਾਰਾ ਤਾਂ ਭੰਗ ਦੇ ਭਾੜੇ ਫਾਹੇ ਲੱਗ ਜਾਣਾ ਹੈ। ਇਸ ਦੇ ਬਚਾਅ ਲਈ ਕੀ ਕੀਤਾ ਜਾਵੇ!
000
ਲਿਖ ਚਿੱਠੀਆਂ ਪਾਈਆਂ
ਰੋਟੀ ਵੇਲਾ ਹੋ ਜਾਣ ‘ਤੇ ਜੀਤਾ ਫਿਰ ਮਿਲਦੇ-ਗਿਲਦੇ ਰਹਿਣ ਦਾ ਵਾਅਦਾ ਕਰ ਕੇ ਆਪਣੀ ਬੈਰਕ ਵਿਚ ਚਲਾ ਗਿਆ ਤੇ ਮੈਨੂੰ ਸੋਚਾਂ ਵਿਚ ਪਾ ਗਿਆ। ਇਹ ਵੀ ਕੀ ਵਿਡੰਬਨਾ ਸੀ ਕਿ ਮੇਰੀ ਪਤਨੀ ਦੀ ਭੂਆ ਦਾ ਪੁੱਤ ਤੇ ਮੇਰੀ ਭੂਆ ਦਾ ਪੁੱਤ, ਦੋਵੇਂ ਹੀ ਝੂਠੇ ਕਤਲ ਕੇਸ ਵਿਚ ਫਸ ਗਏ ਸਨ! ਮੈਂ ਨਹੀਂ ਸਾਂ ਚਾਹੁੰਦਾ ਕਿ ਜੀਤਾ ਵੀ ਉਸ ਵਾਂਗ ਜੇਲ੍ਹ ਵਿਚ ਉਮਰ ਕੈਦ ਭੋਗੇ! ਪਰ ਮੈਂ ਅੰਦਰ ਬੈਠਾ ਉਸ ਬੇਕਸੂਰ ਲਈ ਕੀ ਕਰ ਸਕਦਾ ਸਾਂ! ਮੇਰੀ ਤਾਂ ਆਰਥਿਕ ਹਾਲਤ ਵੀ ਅਜਿਹੀ ਨਹੀਂ ਸੀ ਕਿ ਕੋਲੋਂ ਪੈਸੇ ਖ਼ਰਚ ਕੇ ਉਸ ਦਾ ਮੁਕੱਦਮਾ ਲੜਨ ਲਈ ਕੋਈ ਚੰਗਾ ਵਕੀਲ ਖੜ੍ਹਾ ਕਰ ਸਕਾਂ। ਮੈਂ ਤਾਂ ਚਿੱਟੇ ਕਾਗ਼ਜ਼ਾਂ ‘ਤੇ ਕਾਲੇ ਅੱਖਰ ਵਾਹੁਣ ਵਾਲਾ ਮਾਮੂਲੀ ਲੇਖਕ ਸਾਂ।
ਮੇਰੇ ਮਨ ਨੇ ਮੈਨੂੰ ਵੰਗਾਰਿਆ, “ਤੂੰ ਮਾਮੂਲੀ ਕਿਵੇਂ ਏਂ? ਤੇਰੇ ਅੱਖਰਾਂ ਵਿਚ ਕੋਈ ḔਤਾਕਤḔ ਹੋਏਗੀ ਤਾਂ ਹੀ ਤੈਨੂੰ ਅਗਲਿਆਂ Ḕਅੱਖਰਾਂ ਦੇ ਹਵਾਲੇ ਨਾਲḔ ਅੰਦਰ ਕੀਤਾ ਹੈ!”
ਪਰ ਮੇਰੇ Ḕਅੱਖਰਾਂ ਦੀ ਤਾਕਤḔ ਜੀਤੇ ਦੇ ਕਿਸ ਕੰਮ?
ਅਚਨਚੇਤ ਮੇਰੇ ਅੰਦਰ ਬਿਜਲੀ ਕੌਂਧ ਗਈ। ਜੀਤੇ ਦੇ ਪ੍ਰਸੰਗ ਵਿਚ ਵੀ ਮੈਂ ਆਪਣੇ Ḕਅੱਖਰਾਂ ਦੀ ਤਾਕਤḔ ਪਰਖ਼ ਕੇ ਵੇਖ ਸਕਦਾ ਸਾਂ!
ਮੈਂ ਸੋਚਿਆ; ਮੈਨੂੰ ਦਲ ਬਾਬਾ ਬਿਧੀ ਚੰਦ ਦੇ ਮੁਖੀ ਬਾਬਾ ਦਇਆ ਸਿੰਘ ਨੂੰ, ਜਿਹੜੇ ਬਾਬਾ ਬਿਧੀ ਚੰਦ ਦੀ ਅੰਸ-ਬੰਸ ਵਿਚੋਂ ਯਾਰਵੇਂ ਥਾਂ Ḕਗੱਦੀ-ਨਸ਼ੀਨḔ ਸਨ, ਜੀਤੇ ਦੀ ਮਦਦ ਕਰਨ ਲਈ ਚਿੱਠੀ ਲਿਖਣੀ ਚਾਹੀਦੀ ਹੈ। ਆਖ਼ਰ ਜੀਤਾ ਉਨ੍ਹਾਂ ਦੇ ਦਲ ਦਾ ḔਸਿੰਘḔ ਸੀ। ਉਂਜ ਵੀ ਉਨ੍ਹਾਂ ਦੇ ḔਛੀਨਾḔ ਭਾਈਚਾਰੇ ਵਿਚੋਂ ਸੀ। ਪਿੰਡ ਦੇ ਸਕੇ-ਸੋਦਰਿਆਂ ‘ਚੋਂ ਸੀ। ਜੇ ਬਾਬੇ ਉਸ ਦੀ ਮਦਦ ‘ਤੇ ਆ ਜਾਂਦੇ ਹਨ ਤਾਂ ਜੀਤੇ ਦਾ ਬਚ ਜਾਣਾ ਲਾਜ਼ਮੀ ਸੀ। ਕੇਸ ਅਜੇ ਸ਼ਰੂਆਤੀ ਦੌਰ ਵਿਚ ਹੀ ਸੀ ਤੇ ਬਾਬਾ ਜੀ ਦੀ ਤਾਂ ਸਰਕਾਰੇ-ਦਰਬਾਰੇ ਪੂਰੀ ਪਹੁੰਚ ਸੀ। ਰਾਜਨੀਤੀਵਾਨ, ਪੁਲਸੀਏ ਤੇ ਹੋਰ ਸਰਕਾਰੀ ਅਧਿਕਾਰੀ ਉਨ੍ਹਾਂ ਨੂੰ ਦੂਰੋਂ ਦੂਰੋਂ ਮੱਥਾ ਟੇਕਣ ਆਉਂਦੇ ਸਨ। ਉਹ ਉਤਲੇ ਅਫ਼ਸਰਾਂ ਨੂੰ ਆਖ ਕੇ ਕੇਸ ਦੀ ਦੁਬਾਰਾ ਜਾਂਚ ਕਰਵਾ ਕੇ ਜੀਤੇ ਨੂੰ ਕੇਸ ‘ਚੋਂ ਕਢਵਾ ਸਕਦੇ ਸਨ।
ਜੀਤੇ ਵੱਲੋਂ ਚਿੱਠੀ ਲਿਖ ਕੇ ਮੈਂ ਬਾਬਾ ਜੀ ਦੇ ਮਨ ਵਿਚ ਜੀਤੇ ਲਈ ਤਰਸ ਤੇ ਹਮਦਰਦੀ ਦੇ ਭਾਵ ਜਗਾਉਣੇ ਸਨ! ਆਪਣੇ Ḕਲੇਖਕੀ ਹੁਨਰḔ ਨਾਲ ਉਨ੍ਹਾਂ ਦੀ ਸੰਵੇਦਨਾ ਨੂੰ ਟੁੰਬਣਾ ਸੀ। ਮੌਤ ਦੇ ਜਾਲ ਵਿਚ ਫਸ ਗਏ ਜੀਤੇ ਦੀ ਤੜਪਦੀ-ਫੜਫੜਾਉਂਦੀ ਆਤਮਾ ਬਣ ਕੇ ਉਸ ਦੇ ਬਚਾਅ ਲਈ ਤਰਲਾ ਪਾਉਣਾ ਸੀ।
ਅੱਜ ਮੇਰੀ ਲਿਖਣ ਕਲਾ ਦਾ ਬੜਾ ਵੱਡਾ ਇਮਤਿਹਾਨ ਸੀ।
ਉਸ ਰਾਤ ਮੈਂ ਵੱਖਰੇ ਬੈਠ ਕੇ ਤੇ ਮਨ-ਚਿੱਤ ਬਿਰਤੀ ਨੂੰ ਇਕਾਗਰ ਕਰ ਕੇ ਬਾਬਾ ਬਿਧੀ ਚੰਦ ਦਲ ਦੇ ਮੁਖੀ ਬਾਬਾ ਦਇਆ ਸਿੰਘ ਦੇ ਨਾਂ ਜੀਤੇ ਵੱਲੋਂ ਲੰਮੀ ਚਿੱਠੀ ਲਿਖੀ। ਚਿੱਠੀ ਲਿਖਦਿਆਂ ਮੈਂ Ḕਵਰਿਆਮ ਸਿੰਘ ਸੰਧੂḔ ਨਹੀਂ ਸਾਂ ਰਹਿ ਗਿਆ ਜਿਸ ਦਾ ਡੇਰਿਆਂ, ਬਾਬਿਆਂ ਜਾਂ ਧਰਮ ਤੇ ਧਾਰਮਿਕ ਸ਼ਖ਼ਸੀਅਤਾਂ ਬਾਰੇ ਵੱਖਰਾ ਤਰਕ ਤੇ ਦ੍ਰਿਸ਼ਟੀਕੋਣ ਸੀ; ਮੈਂ ਜੀਤਾ ਬਣ ਗਿਆ ਸਾਂ ਤੇ ਉਸ ਦੇ ਧਾਰਮਿਕ ਤੇ ਸ਼ਰਧਾਲੂ ਦ੍ਰਿਸ਼ਟੀਕੋਣ ਤੋਂ ਬਾਬਾ ਜੀ ਨੂੰ ਮੁਖ਼ਾਤਬ ਸਾਂ। ਮੇਰਾ ḔਤਰਕḔ ਤਾਂ ਇਹੋ ਸੀ ਕਿ ਮੈਂ ਜੀਤੇ ਦੇ ਗੁੰਗੇ ਅੰਦਰ ਨੂੰ ਜ਼ਬਾਨ ਦੇਣੀ ਹੈ ਜਿਸ ਦੀ ਆਵਾਜ਼ ਬਾਬਾ ਜੀ ਦੇ ਮਨ ਨੂੰ ਨੇੜਿਓਂ ਸੁਣ ਸਕੇ। ਲਿਖਦਿਆਂ ਮੈਂ ਜੀਤੇ ਦੀ ਥਾਂ ਆਪਣੇ ਆਪ ਨੂੰ ਬੇਕਸੂਰ ਫਸਿਆ ਮਹਿਸੂਸ ਕਰ ਰਿਹਾ ਸਾਂ।
ਇੰਨੇ ਸਾਲਾਂ ਬਾਅਦ ਚਿੱਠੀ ਦੀ ਭਾਸ਼ਾ ਤੇ ਵੇਰਵੇ ਤਾਂ ਹੁਣ ਯਾਦ ਨਹੀਂ, ਪਰ ਚਿੱਠੀ ਵਿਚ ਪੇਸ਼ ਭਾਵਨਾਵਾਂ ਤੇ ḔਤਰਕḔ ਨੂੰ ਇਸ ਤਰ੍ਹਾਂ ਉਸਾਰਿਆ ਗਿਆ ਜਿਸ ਨਾਲ ਬਾਬਾ ਜੀ ਦੀਆਂ ਭਾਵਨਾਵਾਂ ਨੂੰ ਜੁੰਬਿਸ਼ ਮਿਲ ਸਕੇ। ਭਾਈ ਬਿਧੀ ਚੰਦ ਗੁਰੂ ਅਰਜਨ ਦੇਵ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਸਮਕਾਲੀ ਤੇ ਸ਼ਰਧਾਲੂ ਸਿੱਖ ਸਨ। ਬਾਬਾ ਦਇਆ ਸਿੰਘ ਦੇ ਪਿਤਾ ਬਾਬਾ ਸੋਹਣ ਸਿੰਘ ਨੇ ਆਪਣੇ ਜੀਵਨ ਕਾਲ ਵਿਚ ਪਿੰਡ ਸੁਰ ਸਿੰਘ ਵਿਚ ਗੁਰੂ ਹਰਗੋਬਿੰਦ ਸਾਹਿਬ ਦੇ ਗੁਰਦੁਆਰੇ ਦੀ ਇਮਾਰਤ ਬਣਵਾਈ ਸੀ ਜਿੱਥੇ ਹਰ ਸਾਲ ਬੜਾ ਵੱਡਾ ਜੋੜ ਮੇਲਾ ਲੱਗਦਾ ਸੀ। ਬਾਬਾ ਜੀ ਨੂੰ Ḕਸੱਚੇ-ਸੁੱਚੇ ਗੁਰਸਿੱਖ ਤੇ ਬ੍ਰਹਮ-ਗਿਆਨੀḔ ਵਜੋਂ ਵਡਿਆ ਕੇ ਮੈਂ ਗੱਲ Ḕਬੰਦੀ-ਛੋੜḔ ਗੁਰੂ ਹਰਗੋਬਿੰਦ ਸਾਹਿਬ ਦੇ ਹਵਾਲੇ ਨਾਲ ਹੀ ਸ਼ੁਰੂ ਕਰ ਕੇ ਕੁਝ ਇਸ ਤਰ੍ਹਾਂ ਲਿਖਿਆ:
Ḕਤੁਸੀਂ ḔਕਲਜੁਗḔ ਵਿਚ ਉਸ ਸੱਚੇ ਪਾਤਸ਼ਾਹ ਦੇ ਸੱਚੇ ਪ੍ਰਤੀਨਿਧ ਹੋ ਜਿਸ ਨੂੰ Ḕਬੰਦੀ-ਛੋੜḔ ਦੇ ਨਾਂ ਨਾਲ ਸਾਰਾ ਸਿੱਖ ਜਗਤ ਜਾਣਦਾ ਹੈ। ਅੱਜ ਤੁਸੀਂ ਹੀ ਸਾਡੇ ਸੱਚੇ ਹਮਦਰਦ ਤੇ ਸਾਡੀਆਂ ਚੁਰਾਸੀਆਂ ਕੱਟਣ ਵਾਲੇ ਬੰਦੀ-ਛੋੜ ਹੋ। ḔਚੁਰਾਸੀਆਂḔ ਸਾਹਮਣੇ ਇਹ ਦੁਨਿਆਵੀ ਜੇਲ੍ਹਾਂ ਤਾਂ ਤੁਹਾਡੇ ਅੱਗੇ ਕੁਝ ਅਰਥ ਹੀ ਨਹੀਂ ਰੱਖਦੀਆਂ। ਇਸੇ ਕਰ ਕੇ ਇਥੇ ਜੇਲ੍ਹ ਵਿਚ ਬੈਠਿਆਂ ਵੀ ਮੈਂ ਚੜ੍ਹਦੀ ਕਲਾ ਵਿਚ ਹਾਂ। ਮੈਨੂੰ ਕਾਹਦਾ ਫ਼ਿਕਰ, ਜਦ ਤੁਹਾਡੇ ਨਾਂ ਵਾਂਗ ਹੀ ਤੁਹਾਡਾ ਦਇਆਵਾਨ ਹੱਥ ਮੇਰੇ ਸਿਰ ਉਤੇ ਹੈ। ਇਸੇ ਕਰ ਕੇ ਤਾਂ ਮੈਂ ਸ਼ਾਹ ਹੁਸੈਨ ਦੇ ਕਹਿਣ ਮੁਤਾਬਕ Ḕਮਾਪੇ ਛੋੜ ਕੇ ਤੁਹਾਡੇ ਲੜ ਲੱਗਿਆ ਸਾਂḔ। ਤੁਹਾਡੇ ਕੋਲੋਂ ਅੰਮ੍ਰਿਤ ਛਕ ਕੇ ਮੈਂ ਉਸ ਤਰ੍ਹਾਂ ਹੀ ਆਪਣੇ ਆਪ ਨੂੰ ਤੁਹਾਡੇ ਸੀਨੇ ਨਾਲ ਲੱਗਾ ਮਹਿਸੂਸ ਕਰਦਾ ਹਾਂ ਜਿਵੇਂ ਭਾਈ ਬਿਧੀ ਚੰਦ ਨੂੰ ਉਦੋਂ ਲੱਗਾ ਸੀ, ਜਦੋਂ ਗੁਰੂ ਜੀ ਨੇ ਉਨ੍ਹਾਂ ਨੂੰ ਆਪਣੇ ਸੀਨੇ ਨਾਲ ਘੁੱਟਦਿਆਂ ਕਿਹਾ ਸੀ, Ḕਬਿਧੀ ਚੰਦ ਛੀਨਾ ਗੁਰੂ ਕਾ ਸੀਨਾ।Ḕ ਉਸ ਦਿਨ ਤੋਂ ਬਾਅਦ ਤੁਸੀਂ ਹੀ ਮੇਰੇ ਮਾਂ-ਬਾਪ ਤੇ ਹੋਰ ਸਭ ਕੁਝ ਹੋ। ਤੁਹਾਡੇ ਸੀਨੇ ਨਾਲ ਲੱਗੇ ਤੁਹਾਡੇ ਇਸ ਨਿਮਾਣੇ ਸਿੰਘ ਨੂੰ ਭਰੋਸਾ ਹੈ ਕਿ ਤੁਸੀਂ ਅਣਬੋਲਿਆਂ ਹੀ ਅਗਲੇ ਦੀ ਬਿਰਥਾ ਜਾਨਣ ਵਾਲੇ, ਮਨ ਦੀਆਂ ਬੁੱਝਣ ਵਾਲੇ ਹੋ। ਤੁਸੀਂ ਦਰ ‘ਤੇ ਆਇਆਂ ਦੀਆਂ ਫ਼ਰਿਆਦਾਂ ਸੁਣਦੇ ਤੇ ਉਨ੍ਹਾਂ ਦੇ ਦੁੱਖ ਹਰਦੇ ਹੋ। ਬੇਕਸੂਰੇ ਦੁਖੀਆਂ ਦੀ ਕੁਰਲਾਹਟ ਤੁਹਾਡੇ ਤੋਂ ਵੱਧ ਭਲਾ ਹੋਰ ਕਿਸ ਨੂੰ ਸੁਣਾਈ ਦੇ ਸਕਦੀ ਹੈ! ਮੇਰੇ ਬੇਕਸੂਰ ਹੋਣ ਦੀ ਕੁਰਲਾਹਟ Ḕਘਟ ਘਟ ਕੇ ਅੰਤਰ ਕੀ ਜਾਨਣ ਵਾਲੇḔ ਤੁਹਾਡੇ ਰਹਿਮ-ਦਿਲ ਆਪੇ ਨੂੰ ਭਲਾ ਕਿਵੇਂ ਨਾ ਸੁਣੀ ਹੋਏਗੀ! ਜੇ ਅਜੇ ਤੱਕ ਤੁਸੀਂ ਮੇਰੇ ਬਚਾਅ ਲਈ ਕੁਝ ਨਹੀਂ ਕੀਤਾ ਤਾਂ ਇਸ ਪਿੱਛੇ ਵੀ ਤੁਹਾਡੀ ਕੋਈ ਰਜ਼ਾ ਹੀ ਹੋਏਗੀ। ਕਦੀ ਕਦੀ ਦੁਨੀਆਂਦਾਰ ਹੋਇਆ ਮੇਰਾ ਦਿਲ ਸੋਚਦਾ ਹੈ ਕਿ ਤੁਹਾਡੇ ਅੱਗੇ ਤਰਲਾ ਪਾਵਾਂ ਕਿ ਮੈਨੂੰ ਇਸ ਜੇਲ੍ਹ ਵਿਚੋਂ ਮੁਕਤ ਕਰਾਓ। ਫਿਰ ਸੋਚਦਾਂ ਕਿ ਜਦੋਂ ਬਾਬਾ ਜੀ ਹੀ ਹੁਣ ਮੇਰੇ ਮਾਪੇ, ਮੇਰੇ ਗੁਰੂ ਤੇ ਮੇਰਾ ਰੱਬ ਹਨ ਤਾਂ ਉਨ੍ਹਾਂ ਨੂੰ ਭਲਾ ਮੇਰਾ ਬੇਗੁਨਾਹ ਦਾ ਤਰਲਾ ਕਿਵੇਂ ਨਾ ਸੁਣਦਾ ਹੋਏਗਾ ਤੇ ਉਹ ਮੇਰੀ Ḕਬੰਦ-ਖਲਾਸੀḔ ਕਰਾਉਣ ਲਈ ਭਲਾ ਉਦਮ ਕਿਵੇਂ ਨਾ ਕਰਨਗੇ! ਤੁਸੀਂ ਮੈਨੂੰ ਆਪਣੇ ਸੀਨੇ ਨਾਲੋਂ ਲਾਹ ਕੇ ਜੇਲ੍ਹਾਂ ਵਿਚ ਰੁਲਣ ਲਈ ਦੂਰ ਕਿਵੇਂ ਸੁੱਟ ਸਕਦੇ ਹੋ! ਤੁਹਾਡੇ ḔਬੰਦੀਛੋੜḔ ਚੋਲੇ ਦੀ ਇਕ ਕੰਨੀ ਤਾਂ ਮੇਰੇ ਹੱਥ ਆ ਹੀ ਜਾਏਗੀ! ਮੈਂ ਮੁੜ ਤੋਂ ਆਜ਼ਾਦ ਫ਼ਿਜ਼ਾ ਵਿਚ ਸਾਹ ਲੈਂਦਾ ਤੁਹਾਡੇ ਚਰਨਾਂ ਵਿਚ ਬੈਠਾ ਹੋਵਾਂਗਾ।Ḕ
ਇਸ ਤਰ੍ਹਾਂ ਦੇ ਰਲਦੇ-ਮਿਲਦੇ ਭਾਵਾਂ ਵਾਲੀ ਚਿੱਠੀ ਜੀਤੇ ਵੱਲੋਂ ਲਿਖ ਕੇ ਮੈਂ ਉਸ ਦੇ ਨਿਰਦੋਸ਼ ਹੋਣ ਦਾ ਵਾਸਤਾ ਪਾਇਆ। ਸ਼ਬਦਾਂ ਵਿਚ ਆਪਣਾ ਅੰਦਰ ਘੋਲ ਦਿੱਤਾ। ਇਸ ਘੁਲੇ ਹੋਏ ਦਿਲ ਨੇ ਬਾਬਾ ਜੀ ਦਾ ਦਿਲ ਪਿਘਲਾਉਣਾ ਸੀ!
ਉਹਦੀ ਪ੍ਰਵਾਨਗੀ ਲੈਣ ਲਈ ਮੈਂ ਅਗਲੇ ਦਿਨ ਚਿੱਠੀ ਪੜ੍ਹ ਕੇ ਜੀਤੇ ਨੂੰ ਸੁਣਾਈ।
ਇਹ ਚਿੱਠੀ ਜੇਲ੍ਹ ਤੋਂ ਬਾਹਰ ਵੀ ਮੈਂ ਹੀ ਪਹੁੰਚਾਉਣੀ ਸੀ। ਕੁਝ ਦਿਨਾਂ ਤੱਕ ਮੇਰੀ ਤਰੀਕ ਸੀ। ਆਪਣੇ ਨਾਲ ਚਿੱਠੀ ਲੈ ਜਾਵਾਂਗਾ ਤੇ ਉਥੇ ਕਿਸੇ ਆਏ ਦੋਸਤ-ਰਿਸ਼ਤੇਦਾਰ ਨੂੰ ਡਾਕ ਵਿਚ ਪਾਉਣ ਲਈ ਕਹਿ ਦਿਆਂਗਾ।