ਪੰਜਾਬੀ ਯਨੀਵਰਸਿਟੀ ਪਟਿਆਲਾ ਦੇ ਗੁਰੁ ਗ੍ਰੰਥ ਸਾਹਿਬ ਵਿਭਾਗ ਦੇ ਸਾਬਕਾ ਮੁਖੀ ਪ੍ਰੋਫੈਸਰ ਬਲਕਾਰ ਸਿੰਘ ਨੇ ਇਸ ਲੇਖ ਵਿਚ ਪਰਵਾਸੀ ਸਿੱਖਾਂ ਦੇ ਮੂਲ ਅਤੇ ਉਨ੍ਹਾਂ ਦੇ ਮੁੱਖ ਸਰੋਕਾਰਾਂ ਬਾਰੇ ਗੱਲ ਕੀਤੀ ਹੈ ਜਿਨ੍ਹਾਂ ਦਾ ਪ੍ਰਸੰਗ ਉਨ੍ਹਾਂ ਸੁਚੇਤ ਰੂਪ ਵਿਚ ਅਮਰੀਕਨ ਸਿੱਖਾਂ ਨਾਲ ਜੋੜਿਆ ਹੈ। ਇਹ ਉਹ ਸਿੱਖ ਹਨ ਜਿਨ੍ਹਾਂ ਨਾਲ ਪਰਵਾਸੀ ਸਿੱਖਾਂ ਦਾ ਸਬੰਧ ਮੋਕਲੇ ਰੂਪ ਵਿਚ ਜੁੜ ਨਹੀਂ ਸਕਿਆ।
ਉਨ੍ਹਾਂ ਕੁਝ ਅਜਿਹੇ ਨੁਕਤੇ ਫੜੇ ਹਨ ਜਿਨ੍ਹਾਂ ਬਾਬਤ ਗਹਿਰ-ਗੰਭੀਰ ਚਰਚਾ ਘੱਟ ਹੀ ਚੱਲੀ ਹੈ। ਲੇਖ ਵਿਚ ਉਨ੍ਹਾਂ ਪਰਵਾਸੀ ਸਿੱਖਾਂ ਦੇ ਸਭਿਆਚਾਰਕ ਬਿਰਤਾਂਤ ਦੇ ਰਾਹ ਵਿਚ ਰੋੜਾ ਬਣ ਕੇ ਖੜ੍ਹੀ ਸਿਆਸਤ ਬਾਰੇ ਵੀ ਖੁੱਲ੍ਹ ਕੇ ਖੁਲਾਸਾ ਕੀਤਾ ਹੈ। -ਸੰਪਾਦਕ
ਬਲਕਾਰ ਸਿੰਘ (ਪ੍ਰੋਫੈਸਰ)
ਪੰਜਾਬੀ ਅਤੇ ਸਿੱਖ ਇੱਕੋ ਮੂਲ ਦੀਆਂ ਦੋ ਪਰਤਾਂ ਹਨ, ਇੱਕੋ ਹੀ ਸਿੱਕੇ ਦੇ ਦੋ ਪਾਸਿਆਂ ਵਾਂਗ, ਪਰ ਪਰਵਾਸੀ ਪ੍ਰਸੰਗ ਵਿਚ ਇਨ੍ਹਾਂ ਦੋਹਾਂ ਨੂੰ ਇਕੋ ਪੱਲੜੇ ਵਿਚ ਨਹੀਂ ਤੋਲਿਆ ਜਾ ਸਕਦਾ। ਕਾਰਨ, ਦੋਹਾਂ ਨੂੰ ਜੇ ਸਭਿਆਚਾਰਕ ਸਰੋਕਾਰ ਇਕੱਠਿਆਂ ਰੱਖਦੇ ਹਨ ਤਾਂ ਧਾਰਮਿਕ ਸਰੋਕਾਰ ਦੋਹਾਂ ਨੂੰ ਇਕ ਦੂਜੇ ਨਾਲੋਂ ਨਿਖੇੜਦੇ ਵੀ ਹਨ। ਸਿੱਖ ਸਭਿਆਚਾਰ, ਪੰਜਾਬੀ ਸਭਿਆਚਾਰ ਨੂੰ ਨਾਲ ਲੈ ਕੇ ਤੁਰਦਾ ਰਿਹਾ ਹੈ ਅਤੇ ਪੰਜਾਬੀ ਪਛਾਣ ਤੋਂ ਸਿੱਖ ਪਛਾਣ ਤੱਕ ਪਹੁੰਚਣ ਦੀ ਦਾਸਤਾਨ, ਗੁਰੂ-ਕਾਲ ਤੱਕ (1708) ਬੇਰੋਕ ਉਸਰਦੀ ਰਹੀ ਸੀ। ਘੱਲੂਘਾਰਿਆਂ ਦੇ ਵੇਲੇ ਤੱਕ ਸਿੱਖ ਅਤੇ ਪੰਜਾਬੀ ਇਕੱਠੇ ਨਿਭਦੇ ਰਹੇ ਸਨ। ਮਿਸਲਾਂ ਦੇ ਆਗਾਜ਼ ਨਾਲ ਪੈਦਾ ਹੋਈ ਸਿਆਸੀ ਲੋੜ ਨੇ ਦੋਹਾਂ ਵਿਚ ਫਰਕ ਕਰਨਾ ਸ਼ੁਰੂ ਕਰ ਦਿੱਤਾ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਪਹੁੰਚਦਿਆਂ ਇਹ ਦੋਵੇਂ, ਵੱਖ ਵੱਖ ਤੁਰਨੇ ਸ਼ੁਰੂ ਹੋ ਗਏ ਸਨ। ਇਸ ਨਾਲ ਇਹ ਨੁਕਤਾ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਜਿਹੜੇ ਸਭਿਆਚਾਰ, ਧਰਮ ਦੀ ਅਗਵਾਈ ਵਿਚ ਸੌਖਿਆਂ ਇਕੱਠੇ ਤੁਰਦੇ ਰਹੇ ਹਨ, ਉਨ੍ਹਾਂ ਲਈ ਹੀ ਸਿਆਸਤ ਦੀ ਅਗਵਾਈ ‘ਚ ਇਕੱਠੇ ਤੁਰਨਾ ਮੁਸ਼ਕਲ ਹੋ ਜਾਂਦਾ ਰਿਹਾ ਹੈ।
ਅੰਗਰੇਜ਼ਾਂ ਦੇ ਪੰਜਾਬ ਉਤੇ ਕਬਜ਼ੇ (1849) ਤੋਂ ਬਾਅਦ ਪੰਜਾਬ, ਸਿਆਸੀ ਪ੍ਰਭਾਵ ਅਧੀਨ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਦੀਆਂ ਪਛਾਣ-ਕੋਟੀਆਂ ਵਿਚ ਇਸ ਤਰ੍ਹਾਂ ਵੰਡਿਆ ਗਿਆ ਸੀ ਜਿਸ ਤੋਂ ਭੁਲੇਖਾ ਪੈ ਸਕਦਾ ਹੈ ਕਿ ਅਜਿਹਾ ਪਹਿਲਾਂ ਤੋਂ ਹੀ ਕਾਇਮ ਸੀ। ਸ਼ਾਹ ਮੁਹੰਮਦ ਦੀ ਗਵਾਹੀ ਕਿ “ਰਾਜ਼ੀ ਬਹੁਤ ਰਹਿੰਦੇ ਹਿੰਦੂ ਮੁਸਲਮਾਨ ਦੋਵੇਂ” ਦੇ ਹਵਾਲੇ ਨਾਲ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬੀਆਂ ਦੀਆਂ ਧਾਰਮਿਕ-ਕੋਟੀਆਂ ਦਾ ਇਹ ਵਰਤਾਰਾ, ਅੰਗਰੇਜ਼ਾਂ ਦੀ ਕੂਟਨੀਤਕ ਲੋੜ ਦਾ ਹਿੱਸਾ ਸੀ। ਪੰਜਾਬੀ, ਪੰਜਾਬ ਤੋਂ ਹਿਜਰਤ ਕਰ ਕੇ ਜਿਥੇ ਵੀ ਗਏ ਹਨ, ਇਸ ਵਰਤਾਰੇ ਨੂੰ ਨਾਲ ਲੈ ਕੇ ਜਾਂਦੇ ਰਹੇ ਹਨ। ਸਿੱਖ ਜਿਥੇ ਵੀ ਗਏ, ਉਨ੍ਹਾਂ ਦੇ ਨਾਲ ਜਿਵੇਂ ਗੁਰਦੁਆਰਾ-ਸੰਸਥਾ ਗਈ ਹੈ, ਉਸ ਤਰ੍ਹਾਂ ਪੰਜਾਬੀ ਹਿੰਦੂਆਂ ਨਾਲ ਮੰਦਿਰ ਤੇ ਪੰਜਾਬੀ ਮੁਸਲਮਾਨਾਂ ਨਾਲ ਮਸੀਤ ਨਹੀਂ ਗਏ। ਪਰਵਾਸ ਵਿਚ ਸਿੱਖਾਂ ਨੂੰ ਗੁਰਦੁਆਰਾ ਜਿਵੇਂ ਪੰਜਾਬੀ ਹੋਣ ਦੀ ਸੰਤੁਸ਼ਟੀ ਦਿੰਦਾ ਹੈ, ਉਸੇ ਤਰ੍ਹਾਂ ਹਿੰਦੂ ਪੰਜਾਬੀਆਂ ਨੂੰ ਪਰਵਾਸ ਵਿਖੇ ਉਸਾਰਿਆ ਮੰਦਿਰ ਅਤੇ ਮੁਸਲਮਾਨ ਪੰਜਾਬੀਆਂ ਨੂੰ ਮਸੀਤ ਸੰਤੁਸ਼ਟੀ ਨਹੀਂ ਦਿੰਦੇ। ਇਹ ਗੱਲ ਮੈਂ ਆਪਣੇ ਅਨੁਭਵ ਅਤੇ ਅੱਖੀਂ ਡਿੱਠੇ ਆਧਾਰ ‘ਤੇ ਕਹਿ ਰਿਹਾ ਹਾਂ। ਤਿੰਨਾਂ ਹੀ ਕੋਟੀਆਂ ਦੇ ਪਰਵਾਸੀ ਪੰਜਾਬੀਆਂ ਨੂੰ ਪੰਜਾਬੀ ਹੋਣ ਦੀ ਜੋ ਸੰਤੁਸ਼ਟੀ ਗੁਰਦੁਆਰੇ ਜਾ ਕੇ ਮਿਲਦੀ ਹੈ, ਉਹ ਮੰਦਿਰ ਅਤੇ ਮਸੀਤ ਵਿਚੋਂ ਇਸ ਕਰ ਕੇ ਨਹੀਂ ਮਿਲਦੀ ਕਿ ਇਨ੍ਹਾਂ ਦੋਹਾਂ ਵਿਚੋਂ ਪੰਜਾਬੀ ਪਛਾਣ ਵੱਖ ਵੱਖ ਕਾਰਨਾਂ ਕਰ ਕੇ ਮਨਫੀ ਰਹਿ ਜਾਂਦੀ ਹੈ। ਅਜਿਹਾ ਪੰਜਾਬ ਵਿਚ ਨਹੀਂ ਹੁੰਦਾ ਸੀ, ਕਿਉਂਕਿ ਪੰਜਾਬ ਵਿਚ ਮੰਦਿਰ ਤੇ ਮਸੀਤ ਪੰਜਾਬੀਆਂ ਵਲੋਂ ਹੀ ਉਸਾਰੇ ਜਾਂਦੇ ਰਹੇ ਸਨ ਤੇ ਉਨ੍ਹਾਂ ਵਿਚੋਂ ਪੰਜਾਬੀਅਤ ਮਨਫੀ ਨਹੀਂ ਹੁੰਦੀ ਸੀ; ਪਰ ਵਿਦੇਸ਼ਾਂ ਵਿਚ ਅਜਿਹਾ ਇਸ ਲਈ ਵਾਪਰ ਰਿਹਾ ਹੈ ਕਿ ਵਿਦੇਸ਼ਾਂ ਵਿਚ ਪ੍ਰਾਪਤ ਧਰਮਾਂ ਦੇ ਪ੍ਰਸੰਗ ਵਿਚ ਬਹੁ-ਸਭਿਆਚਾਰਕ ਵਰਤਾਰੇ ਅੰਦਰ ਸਭਿਆਚਾਰਕ ਪਛਾਣ ਦੇ ਮਹੱਤਵ ਨੂੰ ਮਾਨਤਾ ਦਿੱਤੇ ਜਾਣ ਵਾਸਤੇ ਸਪੇਸ ਹੀ ਨਹੀਂ ਹੈ। ਮੈਂ ਆਪਣੀ ਗੱਲ ਇਥੋਂ ਹੀ ਸ਼ੁਰੂ ਕਰਨਾ ਚਾਹੁੰਦਾ ਹਾਂ।
ਇਸ ਦੇ ਬਾਵਜੂਦ ਕਿ ਮੈਂ ਵਿਦੇਸ਼ਾਂ ਵਿਚ ਵੱਸਦੇ ਸਿੱਖ ਭਾਈਚਾਰੇ ਨਾਲ ਕਾਫੀ ਦੇਰ ਤੋਂ ਜੁੜਿਆ ਹੋਇਆ ਸੀ, ਪਰ ਸਿੱਖ ਪਰਵਾਸ ਨਾਲ ਮੇਰਾ ਪਹਿਲਾ ਵਾਹ ਜਿਸ ਤਰ੍ਹਾਂ ਅਪਰੈਲ 2000 ਵਿਚ ਪਿਆ ਸੀ, ਇਹ ਆਪਣੇ ਸੁਭਾਅ ਅਤੇ ਪ੍ਰਗਟਾਵੇ ਵਿਚ ਵੱਖਰਾ ਸੀ। ਇਸੇ ਕਰ ਕੇ ਇਸ ਅਨੁਭਵ ਨੂੰ ਮੈਂ ਪਹਿਲੇ ਅਨੁਭਵਾਂ ਨਾਲੋਂ ਬਿਲਕੁਲ ਵੱਖਰਾ ਕਹਿ ਰਿਹਾ ਹਾਂ। ਯੂਨੀਵਰਸਿਟੀ ਨਾਲ ਹੋਏ ਸਮਝੌਤੇ ਤਹਿਤ ਅਮਰੀਕਨ ਸਿੱਖਾਂ ਨੂੰ ਗੁਰਬਾਣੀ, ਸਿੱਖ ਇਤਿਹਾਸ ਅਤੇ ਪੰਜਾਬੀ ਪੜ੍ਹਾਉਣ ਦੀ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ ਸੀ। ਮੇਰੀ ਦਿਲਚਸਪੀ ਇਹ ਜਾਨਣ ਵਿਚ ਸੀ ਕਿ ਯੋਗੀ ਜੀ (ਸ੍ਰੀ ਸਿੰਘ ਸਾਹਿਬ ਹਰਿਭਜਨ ਸਿੰਘ ਖਾਲਸਾ ਯੋਗੀ ਜੀ) ਨੇ ਮਹਿਮਾਨ ਸਭਿਆਚਾਰ ਅਤੇ ਮਹਿਮਾਨ ਧਰਮ ਨਾਲ ਸਿੱਖ ਸਭਿਆਚਾਰ ਤੇ ਸਿੱਖ ਧਰਮ ਨੂੰ ਇਕੱਠਿਆਂ ਕਿਵੇਂ ਤੋਰਿਆ ਹੈ? ਅਮਰੀਕਾ ਵਿਚ ਰਹਿੰਦੇ ਸਿੱਖ ਭਾਈਚਾਰੇ ਨਾਲ ਨੇੜਿਉਂ ਵਰਤਣ ਦਾ ਅਨੁਭਵ ਮੇਰੇ ਕੋਲ ਸੀ, ਪਰ ਅਮਰੀਕਨ ਸਿੱਖਾਂ ਨੂੰ ਸਮਝਣ ਵਾਸਤੇ ਇਹ ਮੇਰੇ ਕੰਮ ਨਹੀਂ ਆ ਰਿਹਾ ਸੀ। ਇਕ ਗੱਲ ਬਿਲਕੁਲ ਸਪਸ਼ਟ ਸੀ ਕਿ ਪੰਜਾਬੀ ਸਿੱਖਾਂ ਦੀ ਦਿਲਚਸਪੀ ਸਿੱਖੀ ਨਾਲੋਂ ਪਹਿਲਾਂ ਸਿੱਖ ਸਿਆਸਤ ਵਿਚ ਵਧਦੀ ਜਾ ਰਹੀ ਸੀ ਅਤੇ ਅਮਰੀਕਨ ਸਿੱਖਾਂ ਨੂੰ ਸਿੱਖ ਸਿਆਸਤ ਵਿਚ ਕੋਈ ਦਿਲਚਸਪੀ ਹੈ ਹੀ ਨਹੀਂ ਸੀ। ਇਸ ਦਾ ਇਮਤਿਹਾਨ 9/11 (11 ਸਤੰਬਰ 2001) ਦੀ ਘਟਨਾ ਨਾਲ ਸਾਹਮਣੇ ਆ ਗਿਆ ਸੀ। ਸਿੱਖ ਪਛਾਣ ਉਸਾਮਾ ਬਿਨ-ਲਾਦਿਨ ਦੀ ਪਗੜੀ ਅਤੇ ਦਾਹੜੀ ਕਰ ਕੇ ਨਫਰਤੀ ਹਮਲਿਆਂ ਦਾ ਸ਼ਿਕਾਰ ਹੋ ਰਹੀ ਸੀ। ਬਲਬੀਰ ਸਿੰਘ ਸੋਢੀ ਦੀ ਹੱਤਿਆ ਹੋ ਚੁੱਕੀ ਸੀ ਅਤੇ ਹਤਿਆਰਾ ਆਪਣੇ ਆਪ ਨੂੰ ਅਮਰੀਕਨ ਦੇਸ਼ ਭਗਤ ਦੱਸ ਰਿਹਾ ਸੀ। ਪੰਜਾਬੀ ਸਿੱਖਾਂ ਦੇ ਜ਼ੋਰ ਲਾਉਣ ‘ਤੇ ਵੀ ਪੁਲਿਸ ਕੇਸ ਦਰਜ ਕਰਨ ਲਈ ਤਿਆਰ ਨਹੀਂ ਹੋ ਰਹੀ ਸੀ। ਇਸ ਹਾਲਤ ਵਿਚ ਅਮਰੀਕਨ ਮੂਲ ਦੀ ਇਕ ਸਿੱਖ ਕੁੜੀ ਨੇ ਸਾਰੇ ਕੁਝ ਨੂੰ ਹੱਥ ਵਿਚ ਲੈ ਲਿਆ ਸੀ ਅਤੇ ਸੋਢੀ ਦੇ ਕਤਲ ਨੂੰ ਨਫਰਤੀ ਜੁਰਮ ਵਜੋਂ ਰਜਿਸਟਰ ਵੀ ਕਰਵਾ ਲਿਆ ਸੀ। ਉਸ ਅਮਰੀਕਨ ਕੁੜੀ ਨੇ ਮੀਡੀਆ ਤੋਂ ਮੰਨਵਾ ਵੀ ਲਿਆ ਸੀ ਅਤੇ ਸਿੱਖ ਵਾਂਗ ਜੂਝਣ ਦਾ ਯਕੀਨ ਵੀ ਦਿਵਾ ਲਿਆ ਸੀ। ਇਸੇ ਦਾ ਸਿੱਟਾ ਸੀ ਕਿ ਤੱਤਕਾਲੀ ਅਮਰੀਕਨ ਪ੍ਰੈਜ਼ੀਡੈਂਟ ਨੂੰ ਆਪਣਾ ਨੁਮਾਇੰਦਾ ਸੋਢੀ ਦੇ ਸਸਕਾਰ ‘ਤੇ ਭੇਜਣਾ ਪਿਆ ਸੀ। ਸਿੱਖਾਂ ਨੂੰ ਨਫਰਤੀ ਮੁਹਿੰਮ ਤੋਂ ਬਚਾਉਣ ਵਾਸਤੇ ਸਿੱਖਾਂ ਦੀ ਸਿਆਸਤ ਕਿਸੇ ਕੰਮ ਨਹੀਂ ਆ ਰਹੀ ਸੀ, ਪਰ ਅਮਰੀਕਨ ਸਿੰਘਾਂ ਵਲੋਂ ਲਾਏ ਗਏ ਮੋਢੇ ਨਾਲ, ਇਕ ਨਵਾਂ ਸਭਿਆਚਾਰ ਬਿਰਤਾਂਤ ਸਾਹਮਣੇ ਆ ਰਿਹਾ ਸੀ। ਅਮਰੀਕਨ ਸਿੰਘ, ਅਮਰੀਕਨ ਸਭਿਆਚਾਰ ਨੂੰ ਨਾਲ ਲੈ ਕੇ ਤੁਰ ਰਹੇ ਸਨ। ਉਹ ਸਿੱਖ ਹੋਣ ਦੇ ਅਧਿਕਾਰ ਨੂੰ ਅਮਰੀਕਨ ਸਰਕਾਰ ਦੇ ਭਾਈਵਾਲ ਵਜੋਂ ਮੰਨਵਾਉਣਾ ਚਾਹੁੰਦੇ ਸਨ। ਇਸੇ ਕਰ ਕੇ ਉਨ੍ਹਾਂ ਨੇ ਅਤਿਵਾਦੀ ਗਤੀਵਿਧੀਆਂ ਰੋਕਣ ਵਾਸਤੇ ਦੇਸ਼ ਦੇ ਰਖਵਾਲਿਆਂ ਦਾ ਸਾਥ ਵੀ ਦਿੱਤਾ ਅਤੇ ਇਸ ਆੜ ਵਿਚ ਹੁੰਦੇ ਧੱਕੇ ਵਿਰੁਧ ਆਵਾਜ਼ ਵੀ ਉਠਾਈ ਸੀ। ਅਜਿਹਾ ਪਰਵਾਸੀ ਸਿੱਖ ਨਹੀਂ ਕਰ ਸਕੇ ਸਨ। ਮਿਸਾਲ ਦੇ ਤੌਰ ‘ਤੇ ਦੇਸ਼ ਦੇ ਹਵਾਈ ਅੱਡਿਆਂ ‘ਤੇ ਪਗੜੀਧਾਰੀ ਸਿੱਖਾਂ ਨੂੰ ਮੁਸ਼ਕਲਾਂ ਪੇਸ਼ ਆ ਰਹੀਆਂ ਸਨ। ਮੈਨੂੰ ਉਨ੍ਹਾਂ ਦਿਨਾਂ ਵਿਚ ਇਕ ਸਾਧਾਰਨ ਅਮਰੀਕਨ ਨੇ ਇਹ ਪੁੱਛ ਲਿਆ ਸੀ ਕਿ ਤੂੰ ਬਿਨ-ਲਾਦਿਨ ਹੈਂ? ਮੈਂ ਉਸ ਨੂੰ ਕਿਹਾ ਕਿ ਤੈਨੂੰ ਸੱਚੀਂ ਮੁੱਚੀਂ ਇਹੀ ਲੱਗਦਾ ਹੈ? ਇੰਨੇ ਨੂੰ ਮੇਰੇ ਨਾਲ ਖਲੋਤੀ ਅਮਰੀਕਨ ਸਿੱਖ ਕੁੜੀ ਨੇ ਉਸ ਦੀ ਉਹ ਗੱਤ ਬਣਾਈ ਕਿ ਉਸ ਨੂੰ ਮੁਆਫੀ ਮੰਗ ਕੇ ਖਹਿੜਾ ਛੁਡਾਉਣਾ ਪਿਆ। ਇਸੇ ਤਰ੍ਹਾਂ ਨਿਊ ਮੈਕਸੀਕੋ ਹਵਾਈ ਅੱਡੇ ‘ਤੇ ਇਕ ਅਮਰੀਕਨ ਸਿੱਖ ਕੁੜੀ ਨੂੰ ਪੱਗ ਉਤਾਰ ਕੇ ਸੁਰੱਖਿਆ ਕਰਮੀਆਂ ਤੋਂ ਚੈਕਿੰਗ ਕਰਵਾਉਣੀ ਪਈ ਸੀ। ਕੁਝ ਨਾ ਨਿਕਲਣ ਤੱਕ ਉਸ ਨੇ ਸਹਿਯੋਗ ਦਿੱਤਾ ਸੀ, ਪਰ ਨਿਰਦੋਸ਼ ਸਾਬਤ ਹੋਣ ‘ਤੇ ਉਸ ਨੇ ਪੱਗ ਬੰਨ੍ਹਣ ਵਾਸਤੇ ਲੋੜੀਂਦੀਆਂ ਸਹੂਲਤਾਂ ਤੁਰਤ ਮੁਹੱਈਆ ਕਰਵਾਉਣ ਵਾਸਤੇ ਰੋਸ ਪ੍ਰਗਟਾਵਾ ਸ਼ੁਰੂ ਕਰ ਦਿੱਤਾ ਸੀ। ਸੁਰੱਖਿਆ ਕਰਮਚਾਰੀਆਂ ਨੇ ਜਿਵੇਂ ਉਸ ਨੂੰ ਸਹਿਯੋਗ ਦਿੱਤਾ ਸੀ, ਇਸ ਤਰ੍ਹਾਂ ਦਾ ਸਹਿਯੋਗ ਕੋਈ ਵੀ ਸਿੱਖ ਪਰਵਾਸੀ, ਇਹੋ ਜਿਹੀ ਸਥਿਤੀ ਵਿਚ ਨਹੀਂ ਲੈ ਸਕਿਆ ਸੀ। ਮਹਿਮਾਨ ਸਭਿਆਚਾਰ ਨੂੰ ਸਿੱਖ ਸਭਿਆਚਾਰ ਦੀ ਹੋਂਦ ਸਵੀਕਾਰ ਕਰਨ ਵਾਸਤੇ ਅਮਰੀਕਨ ਸਿੰਘਾਂ/ਸਿੰਘਣੀਆਂ ਨੇ ਅਹਿਮ ਭੂਮਿਕਾ ਨਿਭਾਈ ਸੀ। ਇਸੇ ਨੂੰ ਸਭਿਆਚਾਰਕ ਬਿਰਤਾਂਤ ਵਜੋਂ ਵਿਚਾਰਿਆ ਜਾ ਰਿਹਾ ਹੈ।
ਇਕ ਧਰਮ ਅਤੇ ਇਕ ਭਾਸ਼ਾ ਨਾਲ ਜੁੜੇ ਹੋਏ ਮਹਿਮਾਨ ਸਭਿਆਚਾਰ ਵਿਚ ਯੋਗੀ ਜੀ ਨੇ ਸਿੱਖੀ ਨੂੰ ਕਿਵੇਂ ਬੀਜਿਆ, ਇਹ ਜਾਨਣ ਦੀ ਇੱਛਾ ਪੰਜਾਬੀ ਸਿੱਖਾਂ ਤੋਂ ਬਿਨਾਂ ਸਾਰਿਆਂ ਅੰਦਰ ਪ੍ਰਬਲ ਰਹੀ ਹੈ, ਪਰ ਪਰਵਾਸੀ ਪੰਜਾਬੀ ਸਿੱਖਾਂ ਦੀ ਤਾਂ ਇਸ ਵਿਚ ਕੋਈ ਦਿਲਚਸਪੀ ਇਸ ਲਈ ਵੀ ਨਹੀਂ ਸੀ, ਕਿ ਉਹ ਤਾਂ ਹੋਰਵੇਂ ਬਹੁਤ ਕਸੂਤੇ ਰੁੱਝੇ ਹੋਏ ਸਨ। ਅਮਰੀਕਨ ਸਿੱਖਾਂ ਨੂੰ ਇਹੋ ਜਿਹੇ ਸਵਾਲਾਂ ਦੀ ਲੋੜ ਹੀ ਨਹੀਂ ਸੀ, ਕਿਉਂਕਿ ਉਹ ਆਪਣੇ ਆਪ ਨੂੰ ਖਾਲਸਾ ਸਮਝਦੇ ਵੀ ਸਨ ਅਤੇ ਖਾਲਸੇ ਵਾਂਗ ਜਿਉਂਦੇ ਵੀ ਸਨ। ਅਮਰੀਕਨ ਸਿੰਘਾਂ ਦਾ ਪੰਜਾਬੀ ਸਿੱਖਾਂ ਨੇ ਕਦੇ ਉਸ ਤਰ੍ਹਾਂ ਵਿਰੋਧ ਨਹੀਂ ਕੀਤਾ ਜਿਸ ਤਰ੍ਹਾਂ ਯੋਗੀ ਜੀ ਦਾ ਵਿਰੋਧ ਕਰਨ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੱਤਾ ਜਾਂਦਾ ਸੀ। ਯੋਗੀ ਜੀ ਵੀ ਪੰਜਾਬੀ ਸਿੱਖਾਂ ਨੂੰ ਆੜੇ ਹੱਥੀਂ ਲੈਂਦੇ ਹੋਏ ਜਦੋਂ ਮੌਕਾ ਮਿਲਦਾ, ਕੱਚੇ-ਪਿੱਲੇ ਸਿੱਖ, ਰੁਮਾਲੀ ਵਾਲੇ ਸਿੱਖ ਅਤੇ ਸੰਡੇ ਸਿੱਖ ਕਹਿੰਦੇ ਰਹਿੰਦੇ ਸਨ। ਦੋਹਾਂ ਧਿਰਾਂ ਨੂੰ ਪਤਾ ਸੀ ਕਿ ਲੜਾਈ ਧਾਰਮਿਕ ਨਹੀਂ, ਸਗੋਂ ਸਿਆਸੀ ਹੈ। ਇਹ ਸਿਆਸਤ ਤਾਂ ਖਾਲਿਸਤਾਨੀ ਹੋਣ ਅਤੇ ਨਾ ਖਾਲਿਸਤਾਨੀ ਹੋਣ ਦੀ ਸੀ। ਅਮਰੀਕਾ ਦੇ ਸਿਆਸੀ ਗਲਿਆਰਿਆਂ ਵਿਚ ਵੀ ਦੋਵੇਂ ਧਿਰਾਂ ਸ਼ਰੀਕਾ ਸਿਆਸਤ ਕਰਦੀਆਂ ਰਹਿੰਦੀਆਂ ਸਨ। ਅਮਰੀਕਨ ਸਿਆਸਤਦਾਨਾਂ ਵਿਚਕਾਰ ਯੋਗੀ ਜੀ ਦਾ ਬਹੁਤ ਸਤਿਕਾਰ ਸੀ। ਨਿਊ ਮੈਕਸੀਕੋ ਦੀ ਅਸੈਂਬਲੀ ਦਾ ਨਵਾਂ ਸੈਸ਼ਨ ਯੋਗੀ ਜੀ ਦੀ ਅਰਦਾਸ ਨਾਲ ਸ਼ੁਰੂ ਹੁੰਦਾ ਸੀ। 9/11 ਦੇ ਨਫਰਤੀ ਹਮਲੇ ਠੱਲ੍ਹਣ ਵਾਸਤੇ ਯੋਗੀ ਜੀ ਨੂੰ ਅਮਰੀਕਨ ਮੀਡੀਆ ਵਿਚ ਲਿਆਂਦਾ ਗਿਆ ਅਤੇ ਉਨ੍ਹਾਂ ਨੇ ਜ਼ੋਰਦਾਰ ਢੰਗ ਨਾਲ ਕਿਹਾ ਸੀ ਕਿ ਸਿੱਖਾਂ ਬਾਰੇ ਗ਼ਲਤਫਹਿਮੀ ਨਾ ਪਾਲੋ, ਕਿਉਂਕਿ ਟਮਾਟਰ ਤੱਕ ਜੋ ਤੁਸੀਂ ਖਾ ਰਹੇ ਹੋ, ਇਹ ਸਿੱਖਾਂ ਦੇ ਪੈਦਾ ਕੀਤੇ ਹੋਏ ਹਨ। ਯੋਗੀ ਜੀ ਆਪ ਤਾਂ ਉਮਰ ਭਰ ਸਿੱਖ ਧਰਮ ਦੇ ਦੂਤ ਵਜੋਂ ਕੰਮ ਕਰਦੇ ਹੀ ਰਹੇ ਸਨ ਅਤੇ ਉਨ੍ਹਾਂ ਦੀ ਪ੍ਰੇਰਨਾ ਨਾਲ ਸਜੇ ਖਾਲਸੇ ਵੀ ਸਿੱਖ ਧਰਮ ਦੇ ਦੂਤ ਵਾਂਗ ਹੀ ਵਿਚਰ ਰਹੇ ਹਨ। ਅੱਜ ਵੀ ਪੰਜਾਬੀ ਸਿੱਖਾਂ ਦੇ ਅਮਰੀਕਾ ਵਿਚ ਪੈਦਾ ਹੋਏ ਬੱਚਿਆਂ ਨੂੰ ਸਿੱਖੀ ਵਿਚ ਸਿੱਖਿਅਤ ਕਰਨ ਵਾਸਤੇ ਅਮਰੀਕਨ ਸਿੰਘ ਵਧੀਆ ਅਧਿਆਪਕ ਸਾਬਤ ਹੋ ਸਕਦੇ ਹਨ। ਇਸ ਪਾਸੇ ਤੁਰਨ ਵਾਸਤੇ ਯੋਗੀ ਜੀ ਨੇ ਅੰਮ੍ਰਿਤਸਰ ਵਿਖੇ ‘ਮੀਰੀ-ਪੀਰੀ ਸਕੂਲ’ ਸਥਾਪਤ ਕੀਤਾ ਸੀ। ਇਸ ਸਕੂਲ ਦਾ ਵਿਯਨ, ਵਿਦੇਸ਼ੀ ਪੰਜਾਬੀਆਂ ਦੇ ਬੱਚਿਆਂ ਨੂੰ ਪੜ੍ਹਾ ਰਹੇ ਦੇਸੀ ਸਕੂਲਾਂ ਨਾਲੋਂ ਵੱਖਰਾ ਸੀ। ਇਸ ਨਾਲ ਇਹੀ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਰਵਾਸੀ ਪ੍ਰਸੰਗ ਦੇ ਬਹੁ-ਸਭਿਆਚਾਰਕ ਵਰਤਾਰੇ ਵਿਚ ਸਿੱਖ ਸਭਿਆਚਾਰ ਦਾ ਅਚੇਤ-ਉਸਾਰ ਤਾਂ ਹੋਈ ਜਾ ਰਿਹਾ ਹੈ, ਪਰ ਸੁਚੇਤ-ਉਸਾਰ ਦੀਆਂ ਸੰਭਾਵਨਾਵਾਂ ਕਿਧਰੇ ਨਜ਼ਰ ਨਹੀਂ ਆਉਂਦੀਆਂ। ਇਸੇ ਕਰ ਕੇ ਸਭਿਆਚਾਰਕ-ਯਕਜਹਿਤੀ ਦੀ ਥਾਂ ‘ਤੇ ਸਭਿਆਚਾਰਕ ਪਰਤਾਂ ਪੈਦਾ ਹੋਈ ਜਾ ਰਹੀਆਂ ਹਨ। ਇਸ ਨਾਲ ਜਨਮ ਭੂਮੀ ਦਾ ਉਦਰੇਵਾਂ, ਕਰਮ-ਭੂਮੀ ਦੀ ਲੋੜ ਅਤੇ ਮਹਿਮਾਨ-ਭੂਮੀ ਦਾ ਸਤਿਕਾਰ, ਸਭ ਨੂੰ ਨਾਲ ਲੈ ਕੇ ਤੁਰਨ ਦੀ ਮਜਬੂਰੀ ਨੂੰ ਵੀ ਧਿਆਨ ਵਿਚ ਰੱਖਣਾ ਪੈ ਰਿਹਾ ਹੈ।
ਰੋਜ਼ੀ-ਰੋਟੀ ਦੇ ਚੱਕਰ ਵਿਚ ਫਸਿਆ ਪੰਜਾਬੀ ਸਿੱਖ, ਟਾਂਗੇ ਵਾਲੇ ਘੋੜੇ ਵਾਂਗ ਚੰਗਾ ਭਲਾ ਭੱਜਿਆ ਜਾਂਦਾ ਹੈ, ਪਰ ਜ਼ਿੰਮੇਵਾਰੀਆਂ ਤੋਂ ਕਿਸੇ ਵੀ ਬਹਾਨੇ ਖਹਿੜਾ ਛੁੱਟਦਿਆਂ ਹੀ, ਉਸ ਨੂੰ ਘਤਿੱਤਾਂ ਔੜਨ ਲੱਗ ਪੈਂਦੀਆਂ ਹਨ। ਘਤਿੱਤਾਂ ਵਿਚੋਂ ਸਾਰਿਆਂ ਤੋਂ ਸੌਖੀ ਹੈ ਸਿਆਸੀ ਇੱਲਤ। ਇਸ ਦਾ ਅਰੰਭ ਪਰਵਾਸੀ ਮਜਬੂਰੀਆਂ ਕਰ ਕੇ ਪਰਵਾਸੀ ਘਰ ਤੋਂ ਤਾਂ ਹੋ ਨਹੀਂ ਸਕਦਾ ਅਤੇ ਸ਼ਾਇਦ ਇਸੇ ਕਰ ਕੇ ਗੁਰੂ ਘਰ ਤੋਂ ਸ਼ੁਰੂ ਕਰ ਲਿਆ ਜਾਂਦਾ ਹੈ। ਵਿਅਕਤੀਗਤ ਲੜਾਈਆਂ ਨੂੰ ਪੰਥਕ ਲੜਾਈਆਂ ਦਾ ਰੂਪ ਦੇਣ ਦੀ ਜੋ ਸਿਆਸਤ ਪਰਵਾਸੀ ਸਿੱਖਾਂ ਵਲੋਂ ਕੀਤੀ ਜਾ ਰਹੀ ਹੈ, ਉਹ ਮਾਨਸਿਕ ਦੁਫਾੜ ਵਲ ਛਾਲੀਂ ਵਧਦੀ ਜਾ ਰਹੀ ਹੈ। ਮਿਸਾਲ ਦੇ ਤੌਰ ‘ਤੇ ਜੇ ਕਿਸੇ ਗੁਰਦੁਆਰੇ ਦੀ ਕਮੇਟੀ, ਵਿਆਹ-ਸ਼ਾਦੀਆਂ ਲਈ ਹਾਲ ਬਣਾਉਂਦੀ ਹੈ, ਤਾਂ ਕਮੇਟੀ ਵਿਰੋਧੀ ਗੱਲ ਹੀ ਇਥੋਂ ਸ਼ੁਰੂ ਕਰਨਗੇ ਕਿ ਇਸ ਦੇ ਵਿਰੁਧ ਅਕਾਲ ਤਖਤ ਸਾਹਿਬ ਨੂੰ ਹੁਕਮਨਾਮਾ ਜਾਰੀ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਕਮੇਟੀ ਮੈਂਬਰਾਂ ਵਿਚੋਂ ਕਿਸੇ ਇਕ ਦੇ ਪੋਤੜੇ ਫੋਲਣੇ ਸ਼ੁਰੂ ਹੋ ਜਾਣਗੇ। ਕਟਹਿਰੇ ਵਿਚ ਆਈ ਧਿਰ ਨੂੰ ਜਵਾਬੀ ਕਾਰਵਾਈ ਉਸੇ ਹੀ ਸੁਰ ਵਿਚ ਕਰਨੀ ਪਵੇਗੀ। ਇਉਂ ਬੰਦਿਆਂ ਦੇ ਝਗੜੇ ਨੂੰ ਪੰਥ ਦਾ ਝਗੜਾ ਬਣਾਉਣ ਵਾਸਤੇ ਪਹਿਲਾਂ ਸਿਆਸੀ ਦਖਲ ਦੀ ਮੰਗ ਕੀਤੀ ਜਾਂਦੀ ਹੈ ਅਤੇ ਫਿਰ ਸਿਆਸੀ ਦਖਲ ਵਿਰੁਧ ਕਾਰਵਾਈ ਕਰਨ ਦੀ ਸਿਆਸਤ ਸ਼ੁਰੂ ਹੋ ਜਾਂਦੀ ਹੈ। ਇਹ ਇਸ ਲਈ ਵਾਪਰ ਰਿਹਾ ਹੈ ਕਿਉਂਕਿ ਸਿੱਖ, ਧਰਮ ਅਤੇ ਸਭਿਆਚਾਰ ਦੇ ਵਾਰਸ ਹੋਣ ਦੀ ਥਾਂ ‘ਤੇ ਧਰਮ ਅਤੇ ਸਭਿਆਚਾਰ ਦੇ ਮਾਲਕ ਹੋਣ ਵਾਲੇ ਰਾਹ ਪੈ ਗਏ ਹਨ।
ਇਹੋ ਜਿਹਾ ਵਰਤਾਰਾ ਅਮਰੀਕਨ ਸਿੱਖਾਂ ਵਿਚ ਬਿਲਕੁਲ ਨਹੀਂ ਹੈ। ਯੋਗੀ ਜੀ ਦੀ ਅਗਵਾਈ ਵਿਚ ਆਏ ਅਮਰੀਕਨ, ਪਹਿਲਾਂ ਯੋਗ ਵਿਚ ਆਏ ਸਨ ਅਤੇ ਫਿਰ ਸਿੱਖੀ ਵਿਚ ਆਉਂਦੇ ਗਏ। ਇਸ ਵਰਤਾਰੇ ਨਾਲ ਉਹ ਧਰਮ ਪਰਿਵਰਤਨ ਦੇ ਇਲਜ਼ਾਮ ਤੋਂ ਬਰੀ ਹੋ ਜਾਂਦੇ ਹਨ। ਉਨ੍ਹਾਂ ਸਾਹਮਣੇ ਰੋਲ ਮਾਡਲ ਸਿੱਖ, ਯੋਗੀ ਜੀ ਸਨ ਅਤੇ ਉਨ੍ਹਾਂ ਵਰਗੇ ਹੋਣ ਦੀ ਰੀਝ ਵਿਚ ਉਹ ਸਿੱਖ ਸਜ ਗਏ ਸਨ। ਅੰਮ੍ਰਿਤ ਵੀ ਉਨ੍ਹਾਂ ਨੇ ਕਾਫੀ ਸਮੇਂ ਬਾਅਦ ਛਕਿਆ ਸੀ। ਅੰਮ੍ਰਿਤ ਛਕਾਉਣ ਦੇ ਅਵਸਰ ‘ਤੇ ਪੰਜ ਪਿਆਰਿਆਂ ਵਿਚ ਜਥੇਦਾਰ ਗੁਰਚਰਨ ਸਿੰਘ ਟੌਹੜਾ, ਸ਼ ਹੁਕਮ ਸਿੰਘ, ਸ਼ ਸੁਰਜੀਤ ਸਿੰਘ ਬਰਨਾਲਾ ਵਰਗੀਆਂ ਸਥਾਪਤ ਸਿੱਖ ਸ਼ਖਸੀਅਤਾਂ ਸ਼ਾਮਲ ਸਨ। ਯੋਗੀ ਜੀ ਦੀ ਅਗਵਾਈ ਵਿਚ ਅਮਰੀਕਨ ਸਿੰਘਾਂ ਦੀ ਭਾਈਚਾਰਕ ਉਸਾਰੀ ਵਾਸਤੇ ਸਥਾਪਤ ਸਿੱਖ ਵਿਧੀਆਂ ਨੂੰ ਵਰਤਿਆ ਜਾਂਦਾ ਰਿਹਾ ਹੈ। ਉਨ੍ਹਾਂ ਦੀ ਸਿੰਘ-ਮਾਨਸਿਕਤਾ, ਗੁਰਦੁਆਰਾ ਸੰਸਥਾ ਰਾਹੀਂ ਸੰਗਤੀ ਰੂਪ ਵਿਚ ਘੜੀ ਗਈ ਹੈ। ਅੱਜ ਵੀ ਉਹ ਗੁਰਦੁਆਰੇ ਦਾ ਪੱਕਾ ਤਨਖਾਹਦਾਰ ਗ੍ਰੰਥੀ ਨਹੀਂ ਰੱਖਦੇ ਅਤੇ ਇਹ ਜਿੰਮੇਵਾਰੀ ਆਪਣੇ ਵਿਚੋਂ ਕਿਸੇ ਯੋਗ ਅਤੇ ਸੇਵਾ ਭਾਵਨਾ ਵਾਲੇ ਵਿਅਕਤੀ ਨੂੰ ਸੌਂਪ ਦਿੰਦੇ ਹਨ। ਇਹ ਜ਼ਿੰਮੇਵਾਰੀ ਰੋਜ਼ੀ-ਰੋਟੀ ਕਮਾਉਂਦਿਆਂ ਨਿਭਾਉਣੀ ਪੈਂਦੀ ਹੈ। ਗ੍ਰੰਥੀ (ਇਸਤਰੀਆਂ ਇਸ ਵਿਚ ਵਧੇਰੇ ਸ਼ਾਮਲ ਹੁੰਦੀਆਂ ਹਨ) ਕਿਸੇ ਵੇਲੇ ਵੀ ਸੰਗਤ ਦੀ ਮਰਜ਼ੀ ਨਾਲ ਜ਼ਿੰਮੇਵਾਰੀ ਛੱਡ ਸਕਦਾ ਹੈ। ਲੰਗਰ ਵੀ ਸੰਗਤ ਆਪ ਹੀ ਤਿਆਰ ਕਰਦੀ ਹੈ। ਗੁਰਦੁਆਰਾ ਬੇਸ਼ੱਕ ਐਤਵਾਰ ਨੂੰ ਹੀ ਹੁੰਦਾ ਹੈ, ਪਰ ਸੰਗਤ ਵਾਸਤੇ ਸਾਰੇ ਦਿਨ ਖੁੱਲ੍ਹਾ ਰਹਿੰਦਾ ਹੈ। ਇਸ ਤਰ੍ਹਾਂ ਆਧੁਨਿਕਤਾ ਦੇ ਮੁਦਈ ਦੇਸ਼ ਵਿਚ ਪੰਥਕ ਸਭਿਆਚਾਰ ਜੀਵਿਆ ਅਤੇ ਪਰਚਾਰਿਆ ਜਾ ਰਿਹਾ ਹੈ। ਪੰਜਾਬੀ ਸਭਿਆਚਾਰ ਵੀ ਹੌਲੀ-ਹੌਲੀ ਪਹਿਰਾਵੇ, ਖਾਣੇ ਅਤੇ ਗੁਰੂ-ਪਿਆਰ ਰਾਹੀਂ ਪਰਵੇਸ਼ ਕਰ ਰਿਹਾ ਹੈ। ਇਸ ਭਾਈਚਾਰੇ ਵਿਚ ਅਮਰੀਕਨ ਕੁੜੀਆਂ ਨੇ ਪੰਜਾਬੀ ਮੁੰਡਿਆਂ ਨਾਲ ਅਤੇ ਪੰਜਾਬੀ ਕੁੜੀਆਂ ਨੇ ਅਮਰੀਕਨ ਮੁੰਡਿਆ ਨਾਲ ਵਿਆਹ ਕਰਵਾਏ ਹੋਏ ਹਨ। ਅਮਰੀਕਨ ਸਿੰਘਾਂ ਦੀ ਚੌਥੀ ਪੀੜ੍ਹੀ ਅੱਗੇ ਆ ਰਹੀ ਹੈ, ਪਰ ਅਜੇ ਵੀ ਅਮਰੀਕਨਾਂ ਅਤੇ ਪੰਜਾਬੀਆਂ ਵਿਚਕਾਰ ਸਭਿਆਚਾਰਕ ਸੰਵਾਦ ਉਸ ਤਰ੍ਹਾਂ ਨਹੀਂ ਬਣ ਸਕਿਆ ਜਿਸ ਤਰ੍ਹਾਂ ਹੋਣਾ ਚਾਹੀਦਾ ਹੈ। ਇਸ ਨਾਲ ਲੋੜੀਂਦਾ ਸਭਿਆਚਾਰਕ ਬਿਰਤਾਂਤ ਉਸਾਰਨ ਵਿਚ ਰੁਕਾਵਟਾਂ ਪੈਦਾ ਹੋ ਰਹੀਆਂ ਹਨ।
ਇਹ ਮੈਨੂੰ ਸਮਝ ਆ ਚੁੱਕਾ ਸੀ ਕਿ ਅਮਰੀਕਨ ਸਿੰਘਾਂ ਨੂੰ ਘੱਟ ਗਿਣਤੀ ਖਾਲਸਾ ਭਾਈਚਾਰੇ ਦੇ ਅੰਤਰਗਤ ਘੱਟ ਗਿਣਤੀ ਖਾਲਸਾ ਭਾਈਚਾਰਾ ਸਮਝਿਆ ਜਾ ਰਿਹਾ ਸੀ। ਯੋਗੀ ਜੀ ਨਾਲ ਸਿੱਖ ਭਾਈਚਾਰੇ ਵਿਚ ਇਸ ਗੱਲੋਂ ਵੀ ਈਰਖਾ ਪੈਦਾ ਹੋ ਰਹੀ ਸੀ ਕਿ ਅਮਰੀਕਨ ਸਿੰਘਾਂ ਕਰ ਕੇ ਉਸ ਨੂੰ ਬਾਕੀਆਂ ਨਾਲੋਂ ਚੰਗਾ ਸਮਝਿਆ ਜਾ ਰਿਹਾ ਸੀ। ਯੋਗੀ ਜੀ ਨੂੰ ਇਹੋ ਜਿਹਾ ਕੋਈ ਹੀਣ-ਭਾਵ ਨਹੀਂ ਸੀ ਅਤੇ ਉਹ ਹਰ ਕਿਸਮ ਦੇ ਧਾਰਮਿਕ ਆਗੂਆਂ ਨੂੰ ਮਿਲਦੇ-ਗਿਲਦੇ ਰਹਿੰਦੇ ਸਨ। ਯੋਗੀ ਜੀ ਦੇ ਨੇੜੇ ਹੋ ਗਈ ਇਕ ਮਿਸ਼ਨਰੀ ਸੰਸਥਾ ਨੇ ਇਹ ਕੋਸ਼ਿਸ਼ ਕੀਤੀ ਸੀ ਕਿ ਅਮਰੀਕਨ ਸਿੰਘ ਦੁਬਾਰਾ ਅੰਮ੍ਰਿਤ ਛਕ ਕੇ ਉਨ੍ਹਾਂ ਦੀ ਸੰਸਥਾ ਦਾ ਹਿੱਸਾ ਹੋ ਜਾਣ। ਅਜਿਹਾ ਸੰਭਵ ਨਾ ਹੋਣ ਕਰ ਕੇ ਉਹ ਸੰਸਥਾ ਲਗਾਤਾਰ ਯੋਗੀ ਜੀ ਦਾ ਵਿਰੋਧ ਕਰਦੀ ਰਹੀ ਹੈ। ਪੰਜਾਬ ਦੇ ਇਕ ਸਥਾਪਤ ਸੰਤ ਨੇ ਕੋਸ਼ਿਸ਼ ਕੀਤੀ ਸੀ ਕਿ ਅਮਰੀਕਨ ਸਿੰਘ ਉਸ ਦੇ ਚੇਲੇ ਬਣ ਜਾਣ। ਇਹ ਵੀ ਨਹੀ ਹੋ ਸਕਿਆ ਸੀ। ਯੋਗੀ ਜੀ ਨੇ ਇਹ ਪੈਂਤੜਾ ਲਿਆ ਹੋਇਆ ਸੀ ਕਿ ਅਮਰੀਕਨ ਸਿੰਘਾਂ ਨੂੰ ਸਿੱਧਾ ਹੀ ਸਮਝਾ ਲਵੋ। ਭਾਸ਼ਾਈ ਖੱਪੇ ਕਰ ਕੇ ਅਤੇ ਹੋਰ ਬਹੁਤ ਸਾਰੇ ਕਾਰਨਾਂ ਕਰ ਕੇ ਯੋਗੀ ਜੀ ਪ੍ਰਤੀ ਅਮਰੀਕਨ ਸਿੰਘਾਂ ਦੇ ਅ-ਤ੍ਰੇੜੇ ਭਰੋਸੇ ਵਿਚ ਤ੍ਰੇੜ ਨਹੀਂ ਆ ਸਕੀ ਸੀ। ਇਸ ਕ੍ਰਿਸ਼ਮੇ ਨੂੰ ਸਮਝਣ ਦੀ ਕਿਸੇ ਨੇ ਕਦੇ ਕੋਸ਼ਿਸ਼ ਹੀ ਨਹੀਂ ਕੀਤੀ ਸੀ। ਇਸੇ ਕਰ ਕੇ ਮੇਰੇ ਯੋਗੀ ਜੀ ਕੋਲ ਪਹੁੰਚ ਜਾਣ ਨੂੰ ਲੈ ਕੇ ਵੀ ਮੇਰੇ ਨਾਲ ਬਹਿਸ ਹੋਣੀ ਸ਼ੁਰੂ ਹੋ ਗਈ ਸੀ ਅਤੇ ਮੇਰੇ ਉਥੋਂ ਆ ਜਾਣ ਪਿਛੋਂ ਅਜੇ ਵੀ ਇਹ ਬਹਿਸ ਉਨ੍ਹਾਂ ਹਲਕਿਆਂ ਵਿਚ ਜਾਰੀ ਹੈ ਜਿਹੜੇ ਮੇਰੇ ਭੇਤੀ ਹਨ। ਇਹੀ ਦੁਹਰਾਇਆ ਜਾਂਦਾ ਰਿਹਾ ਹੈ ਕਿ ਯੋਗੀ ਜੀ ਅਮਰੀਕਾ ਵਿਚਲੇ ਭਾਰਤੀ ਦੂਤਾਵਾਸ ਨਾਲ ਰਲ ਕੇ ਖਾਲਿਸਤਾਨੀ ਲਹਿਰ ਦੇ ਵਿਰੋਧ ਵਿਚ ਭੁਗਤ ਰਹੇ ਹਨ। ਇਹੋ ਜਿਹੀਆਂ ਫਜ਼ੂਲ ਭ੍ਰਾਂਤੀਆਂ ਨੇ ਉਹ ਰਾਹ ਰੋਕੀ ਰੱਖਿਆ ਹੈ ਜਿਸ ਰਾਹ ‘ਤੇ ਤੁਰ ਕੇ ਸਆਿਚਾਰਕ ਬਿਰਤਾਂਤ ਉਸਾਰਿਆ ਜਾ ਸਕਦਾ ਸੀ।
ਇਹ ਸਥਾਪਤ ਸੱਚਾਈ ਹੈ ਕਿ ਅਮਰੀਕਾ ਦੇ ਮੂਲ-ਵਾਸੀ ਹਾਸ਼ੀਆਗ੍ਰਸਤ ਹੋ ਚੁੱਕੇ ਹਨ। ਉਨ੍ਹਾਂ ਨੂੰ ਇਸ ਢੰਗ ਨਾਲ ਸੁਰੱਖਿਅਤ ਕਰ ਦਿੱਤਾ ਗਿਆ ਹੈ ਜਿਸ ਨਾਲ ਉਹ ਅਮਰੀਕਨ ਮੁੱਖਧਾਰਾ ਵਿਚੋਂ ਆਪਣੇ ਆਪ ਪਾਸੇ ਹੋ ਗਏ ਹਨ। ਉਹ ਅੱਗੇ ਵਧਣ ਦੀ ਥਾਂ ਪਿੱਛੇ ਨੂੰ ਜਾ ਰਹੇ ਹਨ। ਉਨ੍ਹਾਂ ਵਿਚੋਂ ਮੁੱਠੀ ਭਰ ਲੋਕਾਂ ਰਾਹੀਂ ਬਹੁ-ਸੰਮਤੀ ਨੂੰ ਲੁੱਟਿਆ ਜਾ ਰਿਹਾ ਹੈ। ਜੂਆ-ਘਰ (ਕੈਸੀਨੋ) ਉਨ੍ਹਾਂ ਦੀ ਜ਼ਮੀਨ ‘ਤੇ ਚੱਲਦੇ ਹਨ, ਪਰ ਚਲਾਉਂਦੇ ਸਰਮਾਏਦਾਰ ਹੀ ਹਨ। ਉਨ੍ਹਾਂ ਉਤੇ ਸੁਤੰਤਰ ਹੋਣ ਦਾ ਫੱਟਾ ਲਾ ਕੇ ਉਨ੍ਹਾਂ ਨੂੰ ਮਾਨਸਿਕ ਗੁਲਾਮੀ ਵਲ ਧੱਕਿਆ ਜਾ ਰਿਹਾ ਹੈ। ਇਸ ਨਾਲ ਇਹ ਨੁਕਤਾ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਅਮਰੀਕਾ ਦੀ ਮਾਂ-ਬੋਲੀ ਅੰਗਰੇਜ਼ੀ ਬਾਹਰੋਂ ਆਈ ਹੈ ਅਤੇ ਅਮਰੀਕਾ ਦੀ ਸਭਿਆਚਾਰਕ ਵੰਨ-ਸਵੰਨਤਾ ਵਿਚ ਵੀ ਬਾਹਰਲਿਆਂ ਦਾ ਹੀ ਬੋਲਬਾਲਾ ਹੈ। ਇਹੋ ਜਿਹਾ ਮਾਹੌਲ ਸਿੱਖ ਧਰਮ ਦੀਆਂ ਸਿੱਖਿਆਵਾਂ ਦੇ ਪਾਸਾਰ ਵਾਸਤੇ ਸੁਖਾਵਾਂ ਅਤੇ ਸਹਿਯੋਗੀ ਹੈ। ਇਸ ਪਾਸੇ ਸੋਚਣ ਅਤੇ ਇਸ ਨੂੰ ਵਰਤਣ ਦੀ ਥਾਂ ਸਿੱਖ, ਅਮਰੀਕਾ ਵਲੋਂ ਵਰਤੇ ਜਾਣ ਦੇ ਰਾਹ ਪੈ ਗਏ ਹਨ। ਸਿੱਖਾਂ ਵਲੋਂ ਕੀਤੀ ਜਾ ਰਹੀ ਸਿਆਸਤ ਨੇ ਸੰਵਾਰਿਆ ਘੱਟ ਹੈ ਅਤੇ ਵਿਗਾੜਿਆ ਬਹੁਤਾ ਹੈ। ਇਹੋ ਜਿਹੀ ਚਰਚਾ, ਯੋਗੀ ਜੀ ਕੋਲ ਆਉਣ ਵਾਲੇ ਸਿੱਖਾਂ ਨਾਲ ਆਮ ਚੱਲਦੀ ਰਹਿੰਦੀ ਸੀ। ਇਹ ਵੀ ਗੱਲ ਚੱਲੀ ਸੀ ਕਿ ਸਿੱਖਾਂ ਨੂੰ ਯੂæਐਨæਓæ ਦੀ ਤਰਜ਼ ‘ਤੇ ਯੂæਐਮæਸੀæ (ੂਨਟਿeਦ ੰਨੋਰਟੇ ਛੋਮਮੁਨਟਿਇਸ) ਸ਼ੁਰੂ ਕਰਨੀ ਚਾਹੀਦੀ ਹੈ। ਇਸ ਵਾਸਤੇ ਯੋਗੀ ਜੀ ਨੇ ਮੋਢਾ ਲਾਉਣ ਦੀ ਹਾਮੀ ਵੀ ਭਰ ਦਿੱਤੀ ਸੀ, ਪਰ ਇਸ ਨੂੰ ਸਹਿਯੋਗ ਦੇਣ ਦੀ ਥਾਂ ਇਸ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੱਤਾ ਗਿਆ। ਇਹ ਗੱਲ ਵੀ ਚੱਲੀ ਸੀ ਕਿ ਅਮਰੀਕਾ ਵਿਚ ਸਥਾਪਤ ਸਿੱਖ ਜਿਨ੍ਹਾਂ ਦੀ ਗਿਣਤੀ ਇਕ ਦਰਜਨ ਤੋਂ ਵੱਧ ਨਹੀਂ ਹੈ, ਜੇ ਇਕੱਠੇ ਹੋ ਜਾਣ ਤਾਂ ਵੱਡੇ ਪ੍ਰੈਸ਼ਰ-ਗਰੁੱਪ ਦੀ ਨੀਂਹ ਟਿਕ ਸਕਦੀ ਹੈ। ਇਸ ਬਾਰੇ ਕਿਸੇ ਨੇ ਹੁੰਗਾਰਾ ਹੀ ਨਹੀਂ ਭਰਿਆ ਸੀ। ਯੋਗੀ ਜੀ ਨੂੰ ਅਖੀਰਲੇ ਦੋ ਸਾਲ ਬਿਸਤਰੇ ਵਿਚ ਹੀ ਲੰਘਾਉਣੇ ਪਏ ਸਨ ਅਤੇ ਉਨ੍ਹਾਂ ਦੀ ਮਿਜਾਜ਼ਪੁਰਸ਼ੀ ਲਈ ਅਕਸਰ ਸਿੱਖ ਆਉਂਦੇ ਰਹਿੰਦੇ ਸਨ। ਸ਼ ਦੀਦਾਰ ਸਿੰਘ ਬੈਂਸ ਨਾਲ ਇਹ ਗੱਲ ਚੱਲ ਰਹੀ ਸੀ ਕਿ ਕੁਝ ਪੰਥ ਲਈ ਕਰ ਚਲੀਏ, ਕਿਉਂਕਿ ਦੂਜੀ ਪੀੜ੍ਹੀ ਵਿਚ ਪੰਥਕ ਜਜ਼ਬੇ ਉਤੇ ਵਿਉਪਾਰੀ ਜਜ਼ਬਾ ਭਾਰੂ ਹੁੰਦਾ ਜਾ ਰਿਹਾ ਹੈ। ਇਸ ਗੱਲ ‘ਤੇ ਸਹਿਮਤੀ ਬਣਦੀ ਸੀ ਕਿ ਐਡਵਾਂਸਡ ਇੰਸਟੀਚਿਊਟ ਆਫ ਸਿੱਖਇਜ਼ਮ ਸਥਾਪਤ ਕੀਤਾ ਜਾਵੇ। ਜ਼ਮੀਨ ਦੇਣ ਦੀ ਹਾਮੀ ਬੈਂਸ ਨੇ ਭਰ ਲਈ ਸੀ। ਯੋਗੀ ਜੀ ਨੇ ਮੁਢਲੀ ਰਾਸ਼ੀ ‘ਚ ਤਕੜਾ ਹਿੱਸਾ ਪਾਉਣ ਦੀ ਹਾਮੀ ਵੀ ਭਰ ਦਿੱਤੀ। ਬਾਕੀ ਸਥਾਪਤ ਸਿੱਖਾਂ ਨੂੰ ਨਾਲ ਲੈਣ ਤੇ ਆ ਕੇ ਗੱਲ ਅਜਿਹੀ ਰੁਕੀ ਕਿ ਮੁੜ ਕੇ ਚੱਲੀ ਹੀ ਨਹੀਂ। ਇਸ ਤਰ੍ਹਾਂ ਦੀ ਪਰਸਪਰ ਬੇਇਤਬਾਰੀ ਦੀਆਂ ਬਹੁਤ ਸਾਰੀਆਂ ਵਾਰਦਾਤਾਂ ਦਾ ਮੈਂ ਗਵਾਹ ਹਾਂ ਤੇ ਯਕੀਨ ਨਾਲ ਕਹਿ ਸਕਦਾਂ ਕਿ ਸਿੱਖ ਅਮੀਰ ਵਿਰਾਸਤ ਦੇ ਗਰੀਬ ਵਾਰਸ ਹਨ।
ਮੇਰੇ ਰੁਝੇਵੇਂ ਕਮਾਲ ਦੇ ਸਨ, ਕਿਉਂਕਿ ਜਿਸ ਕੰਮ ਵਾਸਤੇ ਮੈਨੂੰ ਨਿਯੁਕਤ ਕੀਤਾ ਗਿਆ ਸੀ, ਉਸ ਉਤੇ ਮੇਰਾ ਘੱਟ ਸਮਾਂ ਗੁਜ਼ਰਦਾ ਸੀ। ਘੰਟੇ-ਘੰਟੇ ਦੀਆਂ ਦੋ ਕਲਾਸਾਂ ਹੁੰਦੀਆਂ ਸਨ। ਤਿੰਨ ਤੋਂ ਚਾਰ ਘੰਟੇ ਮੇਰੇ ਯੋਗੀ ਜੀ ਨਾਲ ਗੁਜ਼ਰਦੇ ਸਨ। ਇਕ ਤੋਂ ਦੋ ਘੰਟੇ ਟੈਲੀਫੋਨ ‘ਤੇ ਰਹਿਣਾ ਪੈਂਦਾ ਸੀ। ਆਏ ਗਏ ਪੰਜਾਬੀਆਂ ਦੀ ਪ੍ਰਾਹੁਣਾਚਾਰੀ ਦੀ ਜ਼ਿੰਮੇਵਾਰੀ ਵੀ ਮੇਰੀ ਹੀ ਸੀ। ਲਿਖਣ ਪੜ੍ਹਨ ਦੀ ਪੱਕੀ ਹੋਈ ਆਦਤ ਨਾਲ ਵੀ ਨਿਭਣਾ ਪੈਂਦਾ ਸੀ। ਕੁਲ ਮਿਲਾ ਕੇ ਹਾਲਤ ਇਹ ਸੀ ਕਿ ਸਿੱਖਾਂ ਨਾਲ ਸਬੰਧਤ ਘਟਨਾ ਕਿਤੇ ਵੀ ਵਾਪਰੇ, ਉਸ ਵਾਸਤੇ ਸਜ਼ਾ ਸਭ ਤੋਂ ਪਹਿਲਾਂ ਮੈਨੂੰ ਹੀ ਭੁਗਤਣੀ ਪੈਂਦੀ ਸੀ। ਮੈਨੂੰ ਲੱਗਣ ਲੱਗ ਪਿਆ ਸੀ ਕਿ ਬਾਰਾਂ ਮਿਸਲਾਂ ਦੇ ਹੋਂਦ ਵਿਚ ਆਉਣ ਦੀ ਗੱਲ ਤਾਂ ਸਮਝ ਆਉਂਦੀ ਹੈ, ਪਰ ਅਮਰੀਕਾ ਵਿਚ ਤਾਂ ਮਿਸਲਾਂ ਹੀ ਮਿਸਲਾਂ ਪੈਦਾ ਹੋਈਆਂ ਪਈਆਂ ਹਨ। ਰੜੇ ਮੈਦਾਨ ਪੈਦਾ ਹੋ ਗਈਆਂ ਮਿਸਲਦਾਰੀਆਂ ਨੇ ਸਿੱਖ ਸਭਿਆਚਾਰ ਦਾ ਮੁਹਾਂਦਰਾ ਉਘੜਨ ਹੀ ਨਹੀਂ ਦਿੱਤਾ। ਇਸ ਸਥਿਤੀ ਨੂੰ ਇਕ ਹੱਡਬੀਤੀ ਨਾਲ ਸਮਝਿਆ ਜਾ ਸਕਦਾ ਹੈ। ਇਕ ਅਜਿਹੇ ਰਾਤਰੀ-ਭੋਜ ਜਿਥੇ ਸ਼ਰਾਬ ਅਤੇ ਮਾਸ ਦਾ ਬੋਲਬਾਲਾ ਸੀ, ਇਕ ਆਦਮੀ ਵਾਰ-ਵਾਰ ਇਹੀ ਦੁਹਰਾ ਰਿਹਾ ਸੀ-“ਲਕਸ਼ਮੀ ਕਾਂਤਾ ਚਾਵਲਾ ਦਾ ਕੀ ਕਰ ਰਹੇ ਹੋ, ਕਿਉਂਕਿ ਉਸ ਨੇ ਵਿਧਾਨ ਸਭਾ ਦੀ ਸਹੁੰ ਹਿੰਦੀ ਵਿਚ ਚੁੱਕੀ ਸੀ?” ਅਕਸਰ ਇਹੋ ਜਿਹੀਆਂ ਮਹਿਫਲਨੁਮਾ ਮੀਟਿੰਗਾਂ ਵਿਚ ਪੰਜਾਬ ਤੋਂ ਆਏ ਮਹਿਮਾਨਾਂ ਨੂੰ ਇਹ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਭਾਰਤ ਵਿਚ ਰਹਿੰਦੇ ਸਿੱਖ, ਗੁਲਾਮੀ ਦੀ ਜ਼ਿੰਦਗੀ ਜਿਉ ਰਹੇ ਹਨ। ਅਧਖੜ੍ਹ ਉਮਰ ਦਾ ਇਕ ਸਿੱਖ ਬੜੇ ਯਕੀਨ ਨਾਲ ਮੈਨੂੰ ਕਹਿ ਰਿਹਾ ਸੀ ਕਿ ਸਾਨੂੰ ਪਤਾ ਹੈ ਕਿ ਪ੍ਰੋਫੈਸਰੀਆਂ ਭਾਰਤ ਵਿਚ ਕਿਵੇਂ ਮਿਲਦੀਆਂ ਹਨ? ਇਸ ਦੇ ਬਾਵਜੂਦ ਸਿੱਖ ਭਾਈਚਾਰੇ ਨੇ ਆਪਣੀ ਸਭਿਆਚਾਰਕ ਪਛਾਣ ਨੂੰ ਕਾਇਮ ਰੱਖਿਆ ਹੋਇਆ ਹੈ ਅਤੇ ਉਸੇ ਦੇ ਹਵਾਲੇ ਨਾਲ ਗੱਲ ਕੀਤੀ ਜਾ ਰਹੀ ਹੈ। ਮੇਰੇ ਇਨ੍ਹਾਂ ਨਾਂਹ-ਪੱਖੀ ਹਵਾਲਿਆਂ ਨਾਲ ਇਹ ਨੁਕਤਾ ਉਭਾਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਡਾਇਸਪੋਰਾ ਦੇ ਅੰਗਰੇਜ਼ੀ ਹਵਾਲਿਆਂ ਨਾਲ ਡਾਇਸਪੋਰਿਕ ਸਿਧਾਂਤਕੀ ਤਾਂ ਸਾਹਮਣੇ ਲਿਆਂਦੀ ਜਾ ਸਕਦੀ ਹੈ, ਪਰ ਇਸ ਨਾਲ ਸਿੱਖ/ਪੰਜਾਬੀ ਪਰਵਾਸ ਨੂੰ ਨਹੀਂ ਸਮਝਿਆ ਜਾ ਸਕਦਾ। ਕਾਰਨ ਇਹ ਹੈ ਕਿ ਡਾਇਸਪੋਰਾ, ਯਹੂਦੀਆਂ ਦੇ ਜਬਰੀ ਉਜਾੜੇ ਨਾਲ ਸਬੰਧਤ ਸਿਧਾਂਤਕੀ ਹੈ, ਜਦੋਂ ਕਿ ਸਿੱਖਾਂ/ਪੰਜਾਬੀਆਂ ਵਿਚੋਂ ਕਿਸੇ ਨੂੰ ਵੀ ਜਬਰੀ ਉਜਾੜੇ ਦਾ ਸ਼ਿਕਾਰ ਨਹੀਂ ਹੋਣਾ ਪਿਆ? ਤਾਂ ਫਿਰ ਯਹੂਦੀਆਂ ਦੇ ਉਜਾੜੇ ਨੂੰ ਲੈ ਕੇ ਘੜਿਆ ਗਿਆ ਸ਼ਬਦ ਡਾਇਸਪੋਰਾ ਸਿੱਖਾਂ/ਪੰਜਾਬੀਆਂ ਦੀ ਇੱਛਤ ਹਿਜਰਤ ਨਾਲ ਨਿਆਂ ਕਿਵੇਂ ਕਰੇਗਾ?
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਵਰਤਮਾਨ ਅਮਰੀਕਾ ਪਰਵਾਸੀਆਂ ਦਾ ਦੇਸ਼ ਹੀ ਹੈ। ਮੂਲ-ਅਮਰੀਕਾ ਦੀ ਮੂਲ-ਭਾਸ਼ਾ ਵਾਲੇ ਮੂਲ-ਸਭਿਆਚਾਰ ਨੂੰ ਪਰਵਾਸੀ ਅਮਰੀਕੀਆਂ ਨੇ ਆਰਕਾਈਵਲ ਬਣਾ ਦਿੱਤਾ ਹੈ। ਮੂਲ ਅਮਰੀਕੀਆਂ ਦੀ ਆਦਿਵਾਸੀ ਘੱਟ ਗਿਣਤੀ ਕੋਲ ਦੁਨੀਆਂ ਨੂੰ ਵਿਖਾਉਣ ਵਾਸਤੇ ਅਧਿਕਾਰ ਤਾਂ ਹਨ, ਪਰ ਵਿਕਾਸ ਕਰ ਸਕਣ ਵਾਸਤੇ ਸਪੇਸ ਨਹੀਂ ਹੈ। ਮਿਸਾਲ ਦੇ ਤੌਰ ‘ਤੇ ਲੋਕਲਾਂ ਦੇ ਇਲਾਕੇ ਨਾਲ ਲਗਦੇ ਸਕੂਲ ਵਿਚ ਦਾਖਲ ਹੋਏ ਇਕ ਹੁੰਦੜਹੇਲ ਪੰਜਾਬੀ ਮੁੰਡੇ ਦਾ ਲੋਕਲ ਹਮਜਮਾਤੀਆਂ ਨਾਲ ਇਸ ਕਰ ਕੇ ਪੰਗਾ ਪੈ ਗਿਆ ਸੀ ਕਿ ਉਹ ਉਨ੍ਹਾਂ ਨੂੰ ਰੜਕਣ ਲੱਗ ਪਿਆ ਸੀ। ਪੰਜਾਬੀ ਮੁੰਡਾ ਜੋ ਸਰੀਰੋਂ ਤਕੜਾ ਸੀ ਅਤੇ ਨਵਾਂ-ਨਵਾਂ ਪੰਜਾਬੋਂ ਗਿਆ ਸੀ, ਪਹਿਲਾਂ ਡਰਿਆ, ਪਰ ਖਹਿੜਾ ਨਾ ਛੁਟਦਾ ਵੇਖ ਜੋ ਉਸ ਦੇ ਹੱਥ ਆਇਆ, ਉਸ ਨੂੰ ਕੁਟਾਪਾ ਚਾੜ੍ਹ ਦਿੱਤਾ। ਲੋਕਲਾਂ ਨੇ ਉਸ ਨੂੰ ਆਪਣੇ ਵਰਗਾ ਸਮਝ ਕੇ ਦੋਸਤੀ ਦਾ ਹੱਥ ਵਧਾ ਦਿਤਾ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਪੰਜਾਬ ਵਿਚ ਸੁੱਖਾ ਆਮ ਹੀ ਹੁੰਦਾ ਹੈ ਤਾਂ ਉਹ ਪੰਜਾਬ ਜਾਣ ਲਈ ਤਰਸਦੇ ਰਹੇ ਸਨ। ਦੋਸਤੀ ਵਿਚ ਉਨ੍ਹਾਂ ਨੇ ਪੰਜਾਬੀ ਮੁੰਡੇ ਨੂੰ ਵੀ ਪੜ੍ਹਨ ਵਾਲੇ ਰਾਹ ਨਹੀਂ ਤੁਰਨ ਦਿੱਤਾ ਸੀ। ਪੰਜਾਬੀ ਸਭਿਆਚਾਰ ਨੂੰ ਇਹੋ ਜਿਹੀਆਂ ਘੁੰਮਣਘੇਰੀਆਂ ਵਿਚੋਂ ਡੁੱਬ ਕੇ ਲੰਘਣਾ ਪੈ ਰਿਹਾ ਹੈ। ਇਸ ਕਰ ਕੇ ਪੰਜਾਬੀ ਸਭਿਆਚਾਰ ਦਾ ਲਿਸ਼ਕਿਆ ਪੁਸ਼ਕਿਆ ਬਿਰਤਾਂਤ ਸਾਹਮਣੇ ਲਿਆਉਣਾ ਸੌਖਾ ਨਹੀਂ ਹੈ। ਇਸ ਧਾਰਨਾ ਨੂੰ ਪੁਸ਼ਟ ਕਰਦੇ ਹਵਾਲੇ ਪਰਵਾਸੀ ਪੰਜਾਬੀ ਨਾਵਲਾਂ ਅਤੇ ਕਹਾਣੀਆਂ ਵਿਚੋਂ ਵੀ ਮਿਲ ਜਾਂਦੇ ਹਨ, ਪਰ ਇਸ ਪਾਸੇ ਨਿੱਠ ਕੇ ਕੰਮ ਅਜੇ ਤੱਕ ਹੋਇਆ ਨਜ਼ਰ ਨਹੀਂ ਆਉਂਦਾ।
ਪੰਜਾਬੀ ਸਭਿਆਚਾਰ ਨੂੰ ਸਿਆਸੀ ਅਪਹਰਣ ਦੀ ਸਥਿਤੀ ਵਿਚੋਂ ਕੱਢ ਕੇ ਸੰਭਾਲਣ ਦੀ ਲਹਿਰ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ ਚਲਾਈ ਜਾਵੇ ਤਾਂ ਅਮਰੀਕਾ ਦੇ ਹਾਸ਼ੀਆਗ੍ਰਸਤ ਮੂਲ-ਸਭਿਆਚਾਰਾਂ ਨੂੰ ਮੁਕਤੀ ਅੰਦੋਲਨਾਂ ਵਾਸਤੇ ਲਾਮਬੰਦ ਕੀਤਾ ਜਾ ਸਕਦਾ ਹੈ। ਇਹ ਸੰਭਾਵਨਾ ਯੋਗੀ ਜੀ ਨੇ ਅਮਰੀਕਨ ਸਿੰਘਾਂ ਦੁਆਰਾ ਸਾਹਮਣੇ ਲੈ ਆਂਦੀ ਹੈ ਅਤੇ ਇਸ ਨੂੰ ਅੱਗੇ ਤੋਰਿਆ ਜਾ ਸਕਦਾ ਹੈ। ਇਹ ਮਹਿਮਾਨ ਸਭਿਆਚਾਰ ਵਿਚ ਸਭਿਆਚਾਰਕ ਮਹਿਮਾਨ ਬਣ ਕੇ ਕਰਨਾ ਪਵੇਗਾ ਜਾਂ ਕੀਤਾ ਜਾ ਸਕਦਾ ਹੈ। ਗੁਰਬਾਣੀ ਦੀ ਅਗਵਾਈ ਵਿਚ ਵਿਰੋਧੀ ਸਭਿਆਚਾਰਾਂ ਦੇ ਸਹਿਜ-ਸਥਾਪਨ ਦੀਆਂ ਸੰਭਾਵਨਾਵਾਂ ਪ੍ਰਾਪਤ ਹਨ। ਇਹ ਸਹਿਜ-ਸਥਾਪਨ ਮਹਿਮਾਨ ਰਾਸ਼ਟਰਵਾਦ ਨੂੰ ਨਾਲ ਲੈ ਕੇ ਹੀ ਕੀਤਾ ਜਾ ਸਕਦਾ ਹੈ, ਕਿਉਂਕਿ ਧਾਰਮਿਕ ਰਾਸ਼ਟਰਵਾਦ ਦੀਆਂ ਜੋ ਪਰਤਾਂ ਸਾਮੀ ਧਰਮਾਂ ਨੇ ਸਾਹਮਣੇ ਲਿਆਂਦੀਆਂ ਹਨ, ਉਨ੍ਹਾਂ ਵਿਚੋਂ ਸਿਆਸਤ ਮਨਫੀ ਕਰ ਕੇ ਨੈਤਿਕਤਾ ਨੂੰ ਸਾਹਮਣੇ ਲਿਆਉਣ ਵਾਸਤੇ ਸ਼ਬਦ-ਗੁਰੂ ਦੇ ਬੰਦਾਮੁਕਤ ਸਿੱਖ ਸਿਧਾਂਤ ਦੇ ਅਲਿੰਗਨਕਾਰੀ ਸਰੋਕਾਰਾਂ ਨੂੰ ਕ੍ਰਿਆਸ਼ੀਲ ਕਰਨਾ ਪਵੇਗਾ। ਇਸ ਵਾਸਤੇ ਵਰਤਮਾਨ ਅਮਰੀਕਾ ਅਤੇ ਮੂਲ ਅਮਰੀਕਾ ਦੋਹਾਂ ਨੂੰ ਆਪਣੇ ਆਪਣੇ ਪ੍ਰਸੰਗ ਵਿਚ ਸਮਝਣਾ ਪਵੇਗਾ। ਮੂਲ ਅਮਰੀਕਾ ਨੂੰ ਨਾਲ ਲੈ ਕੇ ਯੋਗੀ ਜੀ ਨੇ ਐਸ਼ਡੀæਆਈæ ਦੀ ਨੀਂਹ ਰੱਖੀ ਸੀ। ਉਨ੍ਹਾਂ ਮੈਨੂੰ ਇਸ ਵਰਤਾਰੇ ਨਾਲ ਜਾਣੂ ਕਰਵਾਉਣ ਵਾਸਤੇ ਤਿੰਨ ਅਮਰੀਕਨ ਸਿੰਘਾਂ ਦੀ ਜ਼ਿੰਮੇਵਾਰੀ ਲਾਈ ਸੀ ਕਿ ਹਰ ਸ਼ੁਕਰਵਾਰ ਅਮਰੀਕਾ ਦੀ ਆਜ਼ਾਦੀ ਦੀ ਜੰਗ ਨਾਲ ਸਬੰਧਤ ਫਿਲਮਾਂ ਮੈਨੂੰ ਨਾਲ ਬਿਠਾ ਕੇ ਵਿਖਾਈਆਂ ਜਾਣ। ਫਿਲਮਾਂ ਇਹ ਅਹਿਸਾਸ ਪੈਦਾ ਕਰਦੀਆਂ ਸਨ ਕਿ ਕਹੀਆਂ, ਕੁਹਾੜੀਆਂ ਅਤੇ ਗੈਂਤੀਆਂ ਨਾਲ ਲੜ ਕੇ ਆਜ਼ਾਦੀ ਲੈਣ ਵਾਲੇ ਰਾਸ਼ਟਰਵਾਦੀ ਜਜ਼ਬੇ ਦੇ ਵਾਰਸ ਹੋਰ ਅਮਰੀਕਨ ਸਨ ਅਤੇ ਆਜ਼ਾਦੀ ‘ਤੇ ਕਾਬਜ਼ ਰਾਸ਼ਟਰਵਾਦੀ ਮਾਲਕ ਹੋਰ ਅਮਰੀਕਨ ਹਨ। ਹਮਲਾ ਕਰਨ ਵਾਲੇ ਜੇ ਜਿੱਤੀ ਹੋਈ ਧਰਤੀ ਦੇ ਬਸ਼ਿੰਦੇ ਬਣ ਜਾਣ, ਤਾਂ ਇਸ ਤਰ੍ਹਾਂ ਦੀਆਂ ਅਣਹੋਣੀਆਂ ਵਾਪਰ ਹੀ ਜਾਂਦੀਆਂ ਹਨ। ਅਮਰੀਕਨਾਂ ਦੀਆਂ ਆਜ਼ਾਦੀ ਵਾਸਤੇ ਕੀਤੀਆਂ ਕੁਰਬਾਨੀਆਂ ਨੂੰ ਵੇਖ ਕੇ ਸਿੱਖਾਂ ਵਲੋਂ ਕੀਤੀਆਂ ਕੁਰਬਾਨੀਆਂ ਦੀ ਪੜ੍ਹਤ-ਯਾਦ ਤਾਜ਼ਾ ਹੋ ਜਾਂਦੀ ਰਹੀ ਹੈ। ਸਿੱਖਾਂ ਦੀ ਅਮਰੀਕਨਾਂ ਨਾਲ ਸਾਂਝ ਸਿੱਖੀ ਰਾਹੀਂ ਬਣ ਸਕਦੀ ਹੈ, ਪਰ ਇਸ ਦੀ ਸ਼ੁਰੂਆਤ ਮੂਲ ਅਮਰੀਕਨਾਂ ਤੋਂ ਕਰਨੀ ਪਵੇਗੀ। ਅਜਿਹਾ ਸੋਚ ਸਮਝ ਕੇ ਅਤੇ ਲਹਿਰ ਚਲਾ ਕੇ ਕੀਤਾ ਜਾ ਸਕਦਾ ਹੈ। ਇਹ ਰਾਹ ਅਜੇ ਤੱਕ ਬੰਦ ਪਿਆ ਹੈ।
ਜਿਹੜੇ ਪੈਂਤੜੇ ਅੰਗਰੇਜ਼ੀ ਹਕੂਮਤ ਨੇ ਸਿੱਖਾਂ ਵਿਰੁਧ ਲਏ ਸਨ, ਉਹ ਕਿਸੇ ਨਾ ਕਿਸੇ ਰੂਪ ਵਿਚ ਅਮਰੀਕਾ ਵਿਚ ਅੱਜ ਵੀ ਚੱਲ ਰਹੇ ਹਨ। ਇਸ ਸਥਿਤੀ ਨੂੰ ਅਕਾਦਮਿਕ ਦ੍ਰਿਸ਼ਟੀ ਤੋਂ ਅਰਵਿੰਦਪਾਲ਼ ਐਸ਼ ਮੰਡੇਰ ਨੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਦਿਆਂ ਸ਼ੁਰੂਆਤ ਹੀ ਇਥੋਂ ਕੀਤੀ ਹੈ ਕਿ ਸਿੱਖਾਂ ਉਤੇ ਵਿਗੜਿਆ ਹੋਇਆ ਭਾਈਚਾਰਾ (ਰੁਗe ਚੋਮਮੁਨਟੇ) ਹੋਣ ਦਾ ਲੇਬਲ ਚਿਪਕਾ ਦਿੱਤਾ ਗਿਆ ਹੈ। ਇਸ ਵਿਚ ਸਟੇਟ, ਮੀਡੀਆ ਅਤੇ ਅਕੈਡਮੀਆਂ ਨੇ ਅਹਿਮ ਭੂਮਿਕਾ ਨਿਭਾਈ ਹੈ।* ਇਸ ਵਿਚੋਂ ਬਚ ਕੇ ਨਿਕਲਣ ਦੀਆਂ ਸੰਭਾਵਨਾਵਾਂ ਇਸ ਲਈ ਮੱਧਮ ਰਹੀਆਂ ਹਨ, ਕਿਉਂਕਿ ਵਿਦੇਸ਼ੀਂ ਵੱਸਦਾ ਸਿੱਖ ਭਾਈਚਾਰਾ ਨਾ ਸਿੱਖਿਅਤ ਤੇ ਚੇਤੰਨ ਹੈ ਅਤੇ ਨਾ ਹੀ ਸੰਗਠਿਤ। ਪੰਜਾਬੀ ਤਾਂ ਆਪਣੀ ਕਿਰਤ ਕਮਾਈ ਡਰਾਈਵਰੀ ਤੋਂ ਸ਼ੁਰੂ ਕਰ ਕੇ ਡਰਾਈਵਰੀ ‘ਤੇ ਖਤਮ ਕਰਨ ਕਰ ਕੇ ਭਾਰਤੀ ਭਾਈਚਾਰੇ ਨਾਲੋਂ ਵੀ ਪਿੱਛੇ ਹਨ। ਇਸ ਕਰ ਕੇ ਪਰਵਾਸੀ ਪ੍ਰਸੰਗ ਵਿਚ ਚਿਪਕਾਏ ਗਏ ਦੋਸ਼ਾਂ ਨੂੰ ਚਿਪਕਾਉਣ ਵਾਲਿਆਂ ਦੀ ਨਿਸ਼ਾਨਦੇਹੀ ਕਰਨ ਦੀ ਥਾਂ ਆਪਣਿਆਂ ਨਾਲ ਲੜਦੇ ਆ ਰਹੇ ਹਾਂ। ਚੋਰਾਂ ਵਾਂਗ ਅਮਰੀਕਾ ਵਿਚ ਘੁਸਣ ਵਾਲਿਆਂ ਵਿਚ ਵੀ ਸਾਡੀ ਹੀ ਝੰਡੀ ਹੈ।
ਅਮਰੀਕਾ ਵਿਚ ਪੰਜਾਬੀ ਭਾਈਚਾਰੇ ਦੀ ਪਹਿਲੀ ਪੀੜ੍ਹੀ ਪੰਜਾਬੀ ਬੋਲਦੀ ਤਾਂ ਸੀ ਪਰ ਪੰਜਾਬੀ ਜਾਣਦੀ ਨਹੀਂ ਸੀ। ਇਸ ਦਾ ਨਤੀਜਾ ਇਹ ਨਿਕਲਿਆ ਕਿ ਉਥੇ ਪੈਦਾ ਹੋਈ ਨਵੀਂ ਪੀੜ੍ਹੀ ਨੂੰ ਪੰਜਾਬੀ ਦੇ ਨੇੜੇ ਆਉਣ ਦਾ ਮੌਕਾ ਹੀ ਨਹੀਂ ਮਿਲਿਆ। ਅਸੀਂ ਤਾਂ ਪੰਜਾਬ ਵਿਚ ਬੱਚਿਆਂ ਨੂੰ ਪੰਜਾਬੀ ਪੜ੍ਹਾਉਣਾ ਨਹੀਂ ਚਾਹੁੰਦੇ ਅਤੇ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਵਿਚ ਬੱਚੇ ਪੜ੍ਹਾਉਣ ਨੂੰ ਪਹਿਲ ਦਿੰਦੇ ਹਾਂ। ਇਹੋ ਜਿਹੀ ਮਾਨਸਿਕਤਾ ਵਾਲੇ ਭਾਈਚਾਰੇ ਤੋਂ ਅਮਰੀਕਾ ਵਰਗੇ ਦੇਸ਼ ਵਿਚ ਰਹਿੰਦਿਆਂ ਕੀ ਆਸ ਕੀਤੀ ਜਾ ਸਕਦੀ ਹੈ? ਇਸ ਨਾਲ ਇਹ ਸੰਕਟ ਤੇਜ਼ੀ ਨਾਲ ਪੈਦਾ ਹੁੰਦਾ ਜਾ ਰਿਹਾ ਹੈ ਕਿ ਜੋ ਪੰਜਾਬੀ ਬੋਲੀ ਨਾਲੋਂ ਟੁੱਟੇਗਾ, ਉਹ ਬਾਣੀ ਨਾਲੋਂ ਟੁੱਟਣ ਵਾਲੇ ਰਾਹ ਪੈ ਜਾਏਗਾ, ਤੇ ਬਾਣੀ ਨਾਲੋਂ ਟੁੱਟ ਕੇ ਜਿਹੋ ਜਿਹੇ ਸਿੱਖ ਹੋਇਆ ਜਾ ਸਕਦਾ ਹੈ, ਉਸ ਦੀ ਕਲਪਨਾ ਕਰਦਿਆਂ ਵੀ ਡਰ ਲੱਗਦਾ ਹੈ।
ਪਰਵਾਸ ਵਿਚ ਉਸਰ ਰਹੇ ਸਭਿਆਚਾਰਕ ਬਿਰਤਾਂਤ ਨੂੰ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਵਿਚੋਂ ਸੁਜੱਗਤਾ ਨਾਲ ਹੀ ਸਾਬਤ ਸਬੂਤ ਲੰਘਿਆ ਜਾ ਸਕਦਾ ਹੈ। ਮਿਸਾਲ ਦੇ ਤੌਰ ‘ਤੇ ਅਮਰੀਕਾ ਵਿਚ ਕਿਸੇ ਵੀ ਕੌਮੀਅਤ ਦਾ ਝੰਡਾ ਅਮਰੀਕਾ ਦੇ ਝੰਡੇ ਨਾਲੋਂ ਉਚਾ ਨਹੀਂ ਲਾਇਆ ਜਾ ਸਕਦਾ। ਅਮਰੀਕਨ ਸਿੰਘਾਂ ਨੇ ਇਸ ਦਾ ਹੱਲ ਇਹ ਕੱਢ ਲਿਆ ਹੈ ਕਿ ਦੋਵੇਂ ਝੰਡੇ ਬਰਾਬਰ ਲਾ ਲੈਂਦੇ ਹਨ, ਪਰ ਪੰਜਾਬੀਆਂ ਦੇ ਗੁਰਦੁਆਰਿਆਂ ਵਿਚ ਇਹ ਸਮੱਸਿਆ ਬਣੀ ਹੋਈ ਹੈ। ਸਿੱਖ ਭਾਈਚਾਰਾ ਪਰੰਪਰਾ ਅਤੇ ਇਤਿਹਾਸ ਦੀਆਂ ਮਹੀਨ ਪਰਤਾਂ ਨੂੰ ਸਿੱਖ-ਯਾਦ ਵਜੋਂ ਸੰਭਾਲੀ ਬੈਠਾ ਹੈ। ਇਸ ਦੀ ਪੈਰਵਾਈ ਕਰਨ ਦਾ ਚਾਅ ਤਾਂ ਹੈ ਅਤੇ ਇਸ ਦਾ ਪ੍ਰਗਟਾਵਾ ਗੁਰਦੁਆਰਾ ਸੰਸਥਾ ਰਾਹੀਂ ਹੋ ਵੀ ਰਿਹਾ ਹੈ। ਇਸ ਦਾ ਉਸਾਰ ਕਰਨ ਦੀ ਵੰਗਾਰ ਨਾਲ ਨਜਿਠਣ ਦੀ ਕਲਾ ਅਜੇ ਕਿਧਰੇ ਨਜ਼ਰ ਨਹੀਂ ਆਉਂਦੀ। ਇਸ ਦੀ ਵਿਆਖਿਆ ਵਾਸਤੇ ਲੋੜੀਂਦੀ ਸੁਜੱਗਤਾ ਵਾਲੇ ਰਾਹ ਅਜੇ ਤੁਰਨਾ ਹੈ। ਇਸ ਸਾਰੇ ਕੁਝ ਦਾ ਵੱਡਾ ਕਾਰਨ ਮੈਨੂੰ ਸਿਆਸਤ ਨਾਲ ਸੰਤੁਸ਼ਟ ਹੋ ਜਾਣਾ ਲੱਗਦਾ ਹੈ। ਸ਼ਾਇਦ ਇਸੇ ਕਰ ਕੇ ਸਿੱਖ ਭਾਈਚਾਰਾ ਆਪਣੀ ਹਰ ਲੋੜ ਦੀ ਸਿਆਸਤ ਕਰਨ ਵਾਲੇ ਰਾਹ ਪੈ ਗਿਆ ਲੱਗਦਾ ਹੈ। ਸਿਆਸਤ ਨੇ ਹੀ ਸਿੱਖ ਭਾਈਚਾਰੇ ਦੇ ਇਕ ਵਰਗ ਨੂੰ ਬਖਸ਼ੀ ਹੋਈ ਵਿਰਾਸਤੀ ਪ੍ਰਭੂਸੱਤਾ (ਖਾਲਸਾ ਅਕਾਲ ਪੁਰਖ ਕੀ ਫੌਜ) ਨੂੰ ਭੁਗੋਲਿਕ ਪ੍ਰਭੂਸੱਤਾ ਵਿਚ ਢਾਲਣ ਵਾਲੇ ਰਾਹ ਤੋਰ ਲਿਆ ਹੈ। ਭੂਗੋਲਿਕਤਾ ਨੂੰ ਹਕੂਮਤੀ ਪ੍ਰਬੰਧਨ ਦੀ ਲੋੜ ਪੈਂਦੀ ਹੈ ਅਤੇ ਹਕੂਮਤੀ ਪ੍ਰਬੰਧਨ ਨੂੰ ਲੈ ਕੇ ਦੁਨੀਆਂ ਭਰ ਦੀ ਸਿਆਸਤ ਬਲਾਕਾਂ ਵਿਚ ਵੰਡੀ ਹੋਈ ਹੈ। ਸਿੱਖ ਭਾਈਚਾਰਾ ਆਲਮੀ ਸੱਤਾ ਸੰਘਰਸ਼ ਦਾ ਖਾਜਾ ਤਾਂ ਬਣ ਸਕਦਾ ਹੈ, ਭਾਈਵਾਲ ਨਹੀਂ ਬਣ ਸਕਦਾ। ਇਸ ਨੂੰ ਧਿਆਨ ਵਿਚ ਰੱਖ ਕੇ ਸਭਿਆਚਾਰਾਂ ਦੇ ਭੇੜ ਵਿਚੋਂ ਸਾਬਤ ਸਬੂਤ ਨਿਕਲਣ ਦਾ ਰਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ ਹੀ ਲੱਭਿਆ ਜਾ ਸਕਦਾ ਹੈ। ਇਸ ਪਾਸੇ ਇਕ ਕਦਮ ਯੋਗੀ ਜੀ ਦੀ ਅਗਵਾਈ ਵਿਚ ਪੁੱਟਿਆ ਜਾ ਚੁੱਕਾ ਹੈ। ਅਗਲਾ ਕਦਮ ਸੋਚ ਸਮਝ ਕੇ ਪੁੱਟਣਾ ਚਾਹੀਦਾ ਹੈ।