ਜਗਜੀਤ ਸਿੰਘ ਸੇਖੋਂ
ਗਾਇਕ ਤਲਤ ਅਜ਼ੀਜ਼ ਨੇ ਸੰਗੀਤ ਦੇ ਖੇਤਰ ਵਿਚ ਸੁਰਾਂ ਦੀ ਅਜਿਹੀ ਛਹਿਬਰ ਲਾਈ ਹੈ ਕਿ ਉਸ ਦੀ ਆਵਾਜ਼ ਸੁਣਦੇ ਸਾਰ ਸਰੋਤੇ ਅਸ਼-ਅਸ਼ ਕਰਦੇ ਰਹੇ ਹਨ। ਸੁਰਾਂ ਦਾ ਇਹ ਜਾਦੂ ਅੱਜ ਵੀ ਬਰਕਰਾਰ ਹੈ। ਤਲਤ ਦਾ ਜਨਮ 11 ਨਵੰਬਰ 1956 ਨੂੰ ਹੈਦਰਾਬਾਦ ਵਿਚ ਹੋਇਆ। ਉਹਦੀ ਮਾਂ ਸਾਜਿਦਾ ਆਬਿਦ ਉਰਦੂ ਦੀ ਉਮਦਾ ਸ਼ਾਇਰਾ ਸੀ।
ਉਹਦਾ ਅੱਬਾ ਅਬਦੁੱਲ ਅਜ਼ੀਮ ਖਾਨ ਅਤੇ ਪਰਿਵਾਰ ਦੇ ਹੋਰ ਮੈਂਬਰ ਆਪਣੇ ਘਰ ਵਿਚ ਮਹਿਫਿਲਾਂ ਸਜਾਉਂਦੇ ਰਹਿੰਦੇ ਸਨ। ਇਨ੍ਹਾਂ ਮਹਿਫਿਲਾਂ ਵਿਚ ਜਗਜੀਤ ਸਿੰਘ ਵਰਗੇ ਗਾਇਕ ਅਤੇ ਸ਼ਾਇਰ ਜਾਨ ਨਿੱਸਾਰ ਅਖਤਰ (ਸ਼ਾਇਰ ਜਾਵੇਦ ਅਖਤਰ ਦੇ ਅੱਬਾ) ਵਰਗੇ ਉਮਦਾ ਕਲਾਕਾਰ ਅਕਸਰ ਸ਼ਿਰਕਤ ਕਰਦੇ ਰਹਿੰਦੇ। ਇਉਂ ਤਲਤ ਅਜ਼ੀਜ਼ ਦਾ ਕਲਾ ਨਾਲ ਵਾਹ ਬਚਪਨ ਵਿਚ ਹੀ ਪੈ ਗਿਆ ਸੀ। ਬਚਪਨ ਵਿਚ ਹੀ ਉਹ ਸੰਗੀਤ ਦਾ ਸੰਗੀ-ਸਾਥੀ ਹੋ ਨਿਬੜਿਆ ਅਤੇ ਇਹ ਸਫਰ ਅੱਜ ਵੀ ਜਾਰੀ ਹੈ।
ਮਾਪਿਆਂ ਨੇ ਸੰਗੀਤ ਵਿਚ ਖਾਸੀ ਰੁਚੀ ਦੇਖ ਕੇ ਤਲਤ ਅਜ਼ੀਜ਼ ਨੂੰ ਸਿਖਲਾਈ ਦਿਵਾਉਣ ਵੱਲ ਧਿਆਨ ਕੀਤਾ। ਮੁੱਢ ਵਿਚ ਉਸ ਨੂੰ ਸੰਗੀਤ ਦੀ ਤਾਲੀਮ ਉਸਤਾਦ ਸਮਦ ਖਾਨ ਤੋਂ ਹਾਸਲ ਹੋਈ। ਪਿਛੋਂ ਉਸਤਾਦ ਫੱਯਾਜ਼ ਅਹਿਮਦ ਤੋਂ ਵੀ ਉਸ ਨੇ ਸੰਗੀਤ ਦੀ ਤਾਲੀਮ ਲਈ ਜੋ ਕਲਾਸੀਕਲ ਸੰਗੀਤ ਦੇ ਖੇਤਰ ਦੀ ਮੰਨੀ-ਪ੍ਰਮੰਨੀ ਹਸਤੀ ਸਨ। ਇਸ ਮੁੱਢਲੀ ਤਾਲੀਮ ਤੋਂ ਬਾਅਦ ਤਲਤ ਅਜ਼ੀਜ਼ ਨੇ ਸੰਗਤਿ ਸਮਰਾਟ ਮਹਿਦੀ ਹਸਨ ਤੋਂ ਤਾਲੀਮ ਹਾਸਲ ਕਰਨ ਦਾ ਫੈਸਲਾ ਕੀਤਾ। ਆਖਰਕਾਰ 1986 ਵਿਚ ਅਮਰੀਕਾ ਅਤੇ ਕੈਨੇਡਾ ਦੌਰੇ ਦੌਰਾਨ ਉਸ ਨੂੰ ਮਹਿਦੀ ਹਸਨ ਨਾਲ ਸਟੇਜ ਸਾਂਝੀ ਕਰਨ ਦਾ ਮੌਕਾ ਮਿਲਿਆ।
ਇਸ ਤੋਂ ਬਾਅਦ ਭਾਰਤ ਅਤੇ ਹੋਰ ਮੁਲਕਾਂ ਵਿਚ ਕਈ ਅਜਿਹੇ ਮੌਕੇ ਬਣੇ ਜਦੋਂ ਤਲਤ ਅਜ਼ੀਜ਼ ਨੇ ਮਹਿਦੀ ਹਸਨ ਦਾ ਸਾਥ ਹਾਸਲ ਕੀਤਾ। ਉਸ ਦਾ ਪਹਿਲਾ ਵੱਡਾ ਸਮਾਗਮ ਹੈਦਰਾਬਾਦ ਵਿਚ ਕਿੰਗ ਕੋਠੀ ਵਿਚ ਨੇਪਰੇ ਚੜ੍ਹਿਆ ਸੀ। ਕੋਈ 5000 ਤੋਂ ਵੱਧ ਸੰਗੀਤ ਪ੍ਰੇਮੀ ਜੁੜੇ ਹੋਏ ਸਨ। ਉਹਨੇ ਹੈਦਰਾਬਾਦ ਦੇ ਕੁਝ ਸ਼ਾਇਰਾਂ ਦੇ ਕਲਾਮ ਇਸ ਸਮਾਗਮ ਵਿਚ ਪੇਸ਼ ਕੀਤੇ। ਇਨ੍ਹਾਂ ਵਿਚ ਇਕ ਕਲਾਮ ਸੀ- ਕੈਸੇ ਸਕੂੰ ਪਾਊਂ। ਬੱਸ, ਇਹ ਗਜ਼ਲਾਂ ਗਾ ਕੇ ਤਲਤ ਅਜ਼ੀਜ਼ ਨੇ ਮੇਲਾ ਹੀ ਲੁੱਟ ਲਿਆ। ਇਸ ਵੱਡੇ ਸਮਾਗਮ ਲਈ ਪਹਿਲਾਂ ਭਾਵੇਂ ਉਸ ਅੰਦਰ ਬਹੁਤ ਝਿਜਕ ਸੀ ਅਤੇ ਉਹ ਨਰਵਸ ਵੀ ਸੀ, ਪਰ ਸਮਾਗਮ ਦੌਰਾਨ ਉਸ ਨੇ ਪੂਰਾ ਰੰਗ ਬੰਨ੍ਹ ਕੇ ਰੱਖ ਦਿੱਤਾ।
ਸਾਲ 1976 ਵਿਚ ਉਹਨੇ ਗਰੈਜੂਏਸ਼ਨ ਕੀਤੀ ਤਾਂ ਜਗਜੀਤ ਸਿੰਘ ਦੇ ਆਖਣ Ḕਤੇ ਉਹ ਮੁੰਬਈ ਪੁੱਜ ਗਿਆ। ਜਗਜੀਤ ਸਿੰਘ ਦੀ ਹੀ ਇਮਦਾਦ ਨਾਲ ਉਹਨੇ 1979 ਆਪਣੀ ਪਲੇਠੀ ਐਲਬਮ ਰਿਲੀਜ਼ ਕੀਤੀ। ਨਾਂ ਰੱਖਿਆ- ਜਗਜੀਤ ਸਿੰਘ ਪ੍ਰੈਜੈਂਟਸ ਤਲਤ ਅਜ਼ੀਜ਼। ਉਸ ਦੇ ਵਾਰੇ-ਨਿਆਰੇ ਹੋ ਗਏ। ਉਸ ਨੂੰ ਫਿਲਮਾਂ ਵਿਚ ਵੀ ਕੰਮ ਮਿਲਣ ਲੱਗ ਪਿਆ। ਉਮਰਾਓ ਜਾਨ ਅਤੇ ਬਾਜ਼ਾਰ ਫਿਲਮਾਂ ਦੀਆਂ ਗਜ਼ਲਾਂ ਤਾਂ ਬਹੁਤ ਜ਼ਿਆਦਾ ਮਸ਼ਹੂਰ ਹੋਈਆਂ ਅਤੇ ਬੱਚੇ-ਬੱਚੇ ਦੀ ਜ਼ੁਬਾਨ Ḕਤੇ ਆ ਗਈਆਂ ਸਨ। ਉਸ ਦੀ ਗਿਣਤੀ ਸੁਪਰਹਿੱਟ ਗਾਇਕਾਂ ਵਿਚ ਹੋਣ ਲੱਗ ਪਈ। ਫਿਲਮ Ḕਉਮਰਾਓ ਜਾਨḔ ਦੀ ਗਜ਼ਲ Ḕਜ਼ਿੰਦਗੀ ਜਬ ਭੀ ਤੇਰੀ ਬਜ਼ਮ ਮੇਂḔ, Ḕਬਾਜ਼ਾਰḔ ਦੀ ਗਜ਼ਲ Ḕਫਿਰ ਛਿੜੀ ਰਾਤ ਬਾਤ ਫੋਲੋਂ ਕੀḔ, Ḕਆਈਨਾ ਮੁਝ ਸੇ ਮੇਰੀḔ (ਡੈਡੀ), Ḕਨਾ ਕਿਸੀ ਕੀ ਆਂਖ ਕਾḔ (ਸ਼ਰਾਰਤ) ਅਤੇ ਫਿਲਮ ḔਯਾਤਰਾḔ ਦੀ ਗਜ਼ਲ Ḕਸਾਜ਼-ਏ-ਦਿਲḔ ਨਾਲ ਉਸ ਨੇ ਬੁਲੰਦੀਆਂ ਛੂਹ ਲਈਆਂ। ਉਸ ਨੇ ਕਈ ਟੀæਵੀæ ਸੀਰੀਅਲਾਂ ਲਈ ਵੀ ਸੰਗੀਤ ਤਿਆਰ ਕੀਤਾ। ਕਈ ਸੀਰੀਅਲਾਂ ਵਿਚ ਤਾਂ ਉਸ ਨੇ ਅਦਾਕਾਰੀ ਦੇ ਜੌਹਰ ਵੀ ਦਿਖਾਏ। ਅਦਾਕਾਰੀ ਦੇ ਖੇਤਰ ਵਿਚ ਵੀ ਉਸ ਨੂੰ ਬਣਦੀ-ਸਰਦੀ ਸ਼ਾਬਾਸ਼ ਮਿਲੀ।
_________________________________
ਜਗਜੀਤ ਸਿੰਘ ਨਾਲ ਸਾਂਝਾਂ
ਗਾਇਕ ਜਗਜੀਤ ਸਿੰਘ ਹੀ ਤਲਤ ਅਜ਼ੀਜ਼ ਨੂੰ ਹੈਦਰਾਬਾਦ ਤੋਂ ਮੁੰਬਈ ਲੈ ਕੇ ਆਇਆ। ਇਹ 1976 ਦੀ ਗੱਲ ਹੈ। ਫਿਰ 1979 ਵਿਚ ਇਕ ਐਲਬਮ ਰਿਲੀਜ਼ ਹੋਈ- ਜਗਜੀਤ ਸਿੰਘ ਪ੍ਰੈਜੈਂਟਸ ਤਲਤ ਅਜ਼ੀਜ਼। ਜਗਜੀਤ ਸਿੰਘ ਉਸ ਨੂੰ ਆਪਣੀ ਗਾਇਕੀ ਦਾ ਅਗਲਾ ਪੜਾਅ ਕਹਿੰਦਾ ਹੁੰਦਾ ਸੀ। ਤਲਤ ਪਹਿਲਾ ਸ਼ਖਸ ਸੀ ਜਿਸ ਨੇ ਪਹਿਲੀ ਵਾਰ ਗਜ਼ਲ ਵੀਡੀਓ ਰਿਲੀਜ਼ ਕੀਤੀ। ਇਹ ਸਾਲ 1987 ਦੀਆਂ ਗੱਲਾਂ ਹਨ ਜਦੋਂ ਵੀਡੀਓਜ਼ ਬਾਰੇ ਕੋਈ ਸੋਚਦਾ ਤੱਕ ਨਹੀਂ ਸੀ। ਉਸ ਨੇ ਸੰਗੀਤ ਦੀ ਦੁਨੀਆਂ ਵਿਚ ਨਵੇਂ ਪੂਰਨੇ ਪਾਏ। ਉਸ ਨੇ ਸੁਰਾਂ ਨੂੰ ਸਾਦਗੀ ਦਾ ਜਾਮਾ ਪੁਆ ਕੇ ਸਰੋਤਿਆਂ ਤੱਕ ਪਹੁੰਚਾਇਆ।