ਬਲਜੀਤ ਬਾਸੀ
ਸਲਮਾਨ ਖਾਂ ਇਸ ਵੇਲੇ ਭਾਰਤ ਦਾ ਸਭ ਤੋਂ ਹਰਮਨਪਿਆਰਾ ਐਕਟਰ ਹੈ। ਬਾਲੀਵੁੱਡ ਦੇ ‘ਖਾਨਦਾਨੀ’ ਤਿੰਨ ਐਕਟਰਾਂ ਵਿਚ ਉਸ ਦਾ ਨਾਂ ਸ਼ੁਮਾਰ ਹੈ। ਸਕਰੀਨ ਤੇ ਆਉਂਦਿਆਂ ਹੀ ਉਸ ਦਾ ਵਿਅਕਤਿਤਵ ਬਹਿ ਜਾ ਬਹਿ ਜਾ ਕਰਾਉਂਦਾ ਹੈ। ਸਾਰੇ ਭਾਰਤ ਦੀ ਜਵਾਨੀ ਉਸ ਉਤੇ ਫਿਦਾ ਹੈ ਪਰ ਫਿਰ ਵੀ ਉਹ ਅਜੇ ਤੱਕ ਤਕਨੀਕੀ ਤੌਰ ‘ਤੇ ਕੁਆਰਾ ਹੈ ਅਰਥਾਤ ਸਾਲਮ ਕੁਆਰਾ ਨਹੀਂ। ਸ਼ਾਇਦ ਇਸੇ ਸਥਿਤੀ ਵਿਚ ਪਏ ਬੰਦੇ ਨੂੰ ਛੜਾ ਕਿਹਾ ਜਾਂਦਾ ਹੈ। ਪਿਛਲੇ ਮਹੀਨਿਆਂ ਦੌਰਾਨ ਮੈਂ ਉਸ ਦੀਆਂ ਦੋ ਫਿਲਮਾਂ ਦੇਖ ਚੁੱਕਾ ਹਾਂ, ‘ਬਜਰੰਗੀ ਭਾਈ’ ਅਤੇ ‘ਪ੍ਰੇਮ ਰਤਨ ਧੰਨ ਪਾਇਓ’।
ਪਹਿਲੀ ਫਿਲਮ ਬੇਹੱਦ ਮਾਰਮਿਕ ਹੈ ਜੋ ਭਾਰਤ ਤੇ ਪਾਕਿਸਤਾਨੀ ਲੋਕਾਂ ਦਰਮਿਆਨ ਸ਼ੁਭ ਸਬੰਧ ਸਥਾਪਤ ਕਰਨਾ ਲੋਚਦੀ ਹੈ। ਪਿਛਲੇ ਦਿਨੀਂ ਉਸ ਦਾ ਪੰਜਾਹਵਾਂ ਜਨਮ ਦਿਨ ਸੀ। ਐਕਟਰ ਨੇ ਏਡਾ ਨਾਂ ਖੱਟਿਆ ਹੈ, ਚਲੋ ਇਸ ਨਾਂ ਦੀ ਮਿੱਟੀ ਪੱਟੀਏ।
ਮੁਸਲਮਾਨਾਂ ਵਿਚ ਸਲਮਾਨ ਇਕ ਆਮ ਨਾਂ ਹੈ। ਇਹ ਪਹਿਲੇ ਤੇ ਦੂਜੇ ਨਾਂ ਵਜੋਂ ਵੀ ਵਰਤਿਆ ਮਿਲਦਾ ਹੈ। ਸੋਲੋਮਨ ਅਤੇ ਸੁਲੇਮਾਨ ਵੀ ਇਸੇ ਸ਼ਬਦ ਦੇ ਅੰਗਰੇਜ਼ੀ ਤੇ ਹਿਬਰੂ ਰੂਪ ਹਨ। ਫਾਰਸ ਦਾ ਰਹਿਣ ਵਾਲਾ ਸਲਮਾਨ-ਅਲ-ਫਾਰਸੀ ਹਜਰਤ ਮੁਹੰਮਦ ਦਾ ਵਹਾਬੀ ਹੋਇਆ ਹੈ ਜਿਸ ਨੇ ਇਸਲਾਮ ਅਪਨਾਇਆ ਅਤੇ ਆਪਣੇ ਦੇਸ਼ ਵਿਚ ਇਸ ਮਜ਼ਹਬ ਨੂੰ ਫੈਲਾਇਆ। ਸਾਹਿਤਕ ਮੱਸ ਰੱਖਣ ਵਾਲੇ ਹਰ ਸ਼ਖਸ ਨੇ ਸਲਮਾਨ ਰਸ਼ਦੀ ਦਾ ਨਾਂ ਸੁਣਿਆ ਹੋਵੇਗਾ। ਸਲਮਾਨ ਖੁਰਸ਼ੀਦ ਕਾਂਗਰਸ ਦਾ ਉਘਾ ਨੇਤਾ ਹੈ। ਕਹਿੰਦੇ ਹਨ, ਮਸਊਦ ਸਲਮਾਨ ਪੰਜਾਬੀ ਦਾ ਪਹਿਲਾ ਗ਼ਜ਼ਲਗੋ ਸੀ। ਸਲਮਾਨ ਸ਼ਬਦ ਦੇ ਪਿਛੇ ਬੈਠਾ ਹੈ ਸਾਮੀ ਧਾਤੂ ਸ-ਲ-ਮ ਜਿਸ ਨੂੰ ਅਰਬੀ ਅੱਖਰਾਂ ਸੀਨ ਲਾਮ ਮੀਮ ਨਾਲ ਦਰਸਾਇਆ ਜਾ ਸਕਦਾ ਹੈ। ਇਸ ਵਿਚ ਸੁਰੱਖਿਅਤ, ਸਾਬਤ, ਪੂਰਨ, ਕਾਇਮ, ਬਰਕਰਾਰ, ਸਮੁੱਚ, ਅਖੰਡ, ਸ਼ਾਂਤ ਆਦਿ ਦੇ ਭਾਵ ਹਨ। ਇਸ ਧਾਤੂ ਤੋਂ ਸਾਮੀ ਭਾਸ਼ਾਵਾਂ ਵਿਚ ਕਈ ਸ਼ਬਦ ਬਣੇ ਹਨ ਜੋ ਖਾਸ ਨਾਂਵਾਂ ਦੇ ਤੌਰ ‘ਤੇ ਵੀ ਵਰਤੇ ਜਾਂਦੇ ਹਨ। ਇਸ ਤੋਂ ਸਲਿਮ ਕਿਰਿਆ ਬਣੀ ਹੈ ਜਿਸ ਦਾ ਅਰਥ ਹੈ ਸੁਰੱਖਿਅਤ ਹੋਣਾ, ਬਚੇ ਰਹਿਣਾ, ਆਂਚ ਨਾ ਆਉਣਾ, ਕਾਇਮ ਦਾਇਮ ਰਹਿਣਾ, ਸਾਬਤ ਰਹਿਣਾ, ਤੰਦਰੁਸਤ ਹੋਣਾ ਆਦਿ। ਇਸ ਵਿਚ ਕਿਸੇ ਨੂੰ ਸੁਰੱਖਿਅਤ ਕਰਨਾ, ਬਚਾਉਣਾ, ਕਾਇਮ ਰੱਖਣਾ, ਬਰਕਰਾਰ ਰੱਖਣਾ, ਕਿਸੇ ਨੂੰ ਕੋਈ ਚੀਜ਼ ਸਾਬਤ, ਸਮੁੱਚੀ ਸੌਂਪਣਾ ਆਦਿ ਦੇ ਭਾਵ ਵੀ ਹਨ। ਸੋ ਸਲਮਾਨ, ਸੋਲੋਮਾਨ ਸੁਲੇਮਾਨ ਦਾ ਅਰਥ ਹੋਇਆ ਸ਼ਾਂਤ ਜਾਂ ਸੁਰੱਖਿਅਤ ਪੁਰਖ।
ਸਲਿਮ ਤੋਂ ਸਾਡੇ ਲਈ ਮਹੱਤਵਪੂਰਨ ਸ਼ਬਦ ਬਣਿਆ ਹੈ ਸਲਾਮ ਜਿਸ ਦੇ ਪ੍ਰਗਟ ਅਰਥ ਹਨ ਨਮਸਕਾਰ ਕਰਨਾ, ਸਲੂਟ ਮਾਰਨਾ ਪਰ ਇਸ ਦੇ ਪਿਛੇ ਛੁਪੇ ਭਾਵ ਹਨ ਕਿਸੇ ਦੀ ਸੁਰੱਖਿਆ, ਤੰਦਰੁਸਤੀ, ਸਾਬਤੀ, ਸ਼ਾਂਤੀ ਦੀ ਕਾਮਨਾ ਕਰਨਾ। ਪੰਜਾਬੀ ਮੁਸਲਮਾਨਾਂ ਨੇ ਰੱਬ ਰਾਖਾ ਸ਼ਬਦ ਵੀ ਚਲਾਇਆ ਹੋਇਆ ਹੈ। ‘ਸਲਾਮਾਲੇਕਮ’ ਦਾ ਮਤਲਬ ਹੁੰਦਾ ਹੈ, ਤੁਸੀਂ ਸਲਾਮਤ ਜਾਂ ਸ਼ਾਂਤਮਈ ਰਹੋ। ਇਸ ਦੇ ਜਵਾਬ ਵਿਚ ‘ਵਾਲੇਕਮਸਲਾਮ’ ਦਾ ਅਰਥ ਹੈ ਤੁਸੀਂ ਵੀ ਸਲਾਮਤ ਰਹੋ। ਅੰਗਰੇਜ਼ੀ ਸੈਲਿਊਟ ਦਾ ਵੀ ਏਹੋ ਅਰਥ ਹੈ। ‘ਯਾ ਸਲਾਮ’ ਦਾ ਮਤਲਬ ਹੈ ਹੇ (ਪਰਮਾਤਮਾ) ਬਚਾਈਂ। ਮੁਸਲਮਾਨ ਹਕੂਮਤਾਂ ਦੌਰਾਨ ਰਵਾਇਤੀ ਤੌਰ ‘ਤੇ ਕਿਸੇ ਆਗੂ ਦੀ ਸਲਾਮੀ ਤੋਪਾਂ ਜਾਂ ਹੋਰ ਹਥਿਆਰਾਂ ਨੂੰ ਚੁੱਕ ਕੇ ਦਿਤੀ ਜਾਂਦੀ ਸੀ: ‘ਲਖ ਲਸਕਰ ਲਖ ਵਾਜੇ ਨੇਜੇ ਲਖ ਉਠਿ ਕਰਹਿ ਸਲਾਮੁ’ (ਗੁਰੂ ਨਾਨਕ)। ਵਰਿਸ ਸ਼ਾਹ ਦੇ ਕਿੱਸੇ ਵਿਚੋਂ,
ਹੀਰ ਮਾਂ ਨੂੰ ਆਣ ਸਲਾਮ ਕੀਤਾ,
ਮਾਉਂ ਆਦੀ ਆ ਨੀ ਨਹਿਰੀਏ ਨੀ।
ਯਰੋਲੀਏ ਗੋਲੀਏ ਬੇਹਿਆਏ,
ਘੁੰਡ ਵੀਨੀਏ ਤੇ ਗੁਲ ਪਹਿਰੀਏ ਨੀ।
ਕਾਦਰ ਜਾਰ ਕਿੱਸਾ ਪੂਰਨ ਭਗਤ ਵਿੱਚ:
ਜੇ ਜ਼ੁਬਾਨ ਥੀਂ ਰਾਜੇ ਨੇ ਹੁਕਮ ਕੀਤਾ,
ਘਰ ਜਾਹੁ ਸਲਾਮ ਕਰ ਮਾਈਆਂ ਨੂੰ।
ਜਿਸ ਵਾਸਤੇ ਭੋਰੇ ਦੇ ਵਿੱਚ ਪਾਇਆ,
ਹੁਣ ਮੋੜ ਨਾ ਖੁਸ਼ੀਆਂ ਆਈਆਂ ਨੂੰ।
ਸਲਾਮ ਕਰਨ ਦੀ ਕਾਰਵਾਈ ਨੂੰ ਸਲਾਮੀ ਕਿਹਾ ਜਾਂਦਾ ਹੈ। ਪੰਜਾਬੀ ਵਿਆਹ ਵੇਲੇ ਲਾੜੇ-ਲਾੜੀ ਦੀ ਵਾਰਨੇ ਵਾਲੀ ਰਸਮ ‘ਸਲਾਮੀ’ ਪਿਛੇ ਤੰਦੁਰਸਤੀ ਦੀ ਕਾਮਨਾ ਹੀ ਹੈ। ਸਲਾਮ-ਕਲਾਮ ਸ਼ਬਦ ਜੁੱਟ ਦਾ ਅਰਥ ਹੈ ਕਿਸੇ ਨਾਲ ਬੋਲਬਾਣੀ। ਸਲਾਮ ਦੁਆ ਦਾ ਅਰਥ ਬੰਧਨਾ ਹੈ। ਹਿਬਰੂ ਸ਼ਲੋਮ ਦਾ ਅਰਥ ਸਲਾਮ ਵਾਲਾ ਹੀ ਹੈ। ਗ਼ਸ਼ ਰਿਆਲ ਨੇ ਅਰਬੀ ਸਲਾਮ ਦੀ ਨਮਸਕਾਰ ਦੇ ਅਰਥਾਂ ਵਿਚ ਵਿਕਾਸ ਦੀ ਤੁਲਨਾ ਕੁਝ ਅੰਗਰੇਜ਼ੀ ਸ਼ਬਦਾਂ ਦੇ ਸਮਾਨੰਤਰ ਵਿਕਾਸ ਨਾਲ ਕੀਤੀ ਹੈ। ਅੰਗਰੇਜ਼ੀ ਸਅਲੁਟe ਦੇ ਪਿਛੇ ਲਾਤੀਨੀ ਸ਼ਬਦ ਹੈ ਸਅਲਵ ਜਿਸ ਵਿਚ ਸੁਰੱਖਿਆ, ਤੰਦਰੁਸਤੀ, ਸਮੁੱਚਤਾ ਦੇ ਭਾਵ ਹਨ। ਅੰਗਰੇਜ਼ੀ ਸਆe ਇਸੇ ਤੋਂ ਬਣਿਆ ਹੈ। ਪੰਜਾਬੀ ‘ਸਰਵ’ ਜਾਂ ‘ਸਭ’ ਸ਼ਬਦ ਇਸੇ ਨਾਲ ਜਾ ਜੁੜਦੇ ਹਨ। ਅੰਗਰੇਜ਼ੀ ਚੋਮਲਮਿeਨਟਸ ਵੀ ਦੂਰ ਜਾ ਕੇ ਚੋਮਪਲeਟe ਨਾਲ ਨਾਤਾ ਰੱਖਦਾ ਹੈ। ਏਥੇ ਤਨਜ਼ਾਨੀਆ ਦੀ ਰਾਜਧਾਨੀ ਦਾਰ-ਅਸਲਾਮ ਦਾ ਵੀ ਜ਼ਿਕਰ ਲੋੜੀਂਦਾ ਹੈ। ਇਸ ਦਾ ਸ਼ਾਬਦਿਕ ਅਰਥ ਹੈ-ਸ਼ਾਂਤੀ ਜਾਂ ਸੁਰੱਖਿਆ ਦਾ ਘਰ (ਅਰਬੀ ਦਾਰ=ਘਰ)। ਦਰਅਸਲ ਏਥੇ ਇਸ ਜਗ੍ਹਾ ਦੀ ਇਕ ਬੰਦਰਗਾਹ ਵੱਲ ਸੰਕੇਤ ਹੈ ਜਿਸ ਨੂੰ ਪਹਿਲੀਆਂ ਵਿਚ ਜਹਾਜ਼ਾਂ ਲਈ ਸੁਰੱਖਿਅਤ ਸਮਝਿਆ ਜਾਂਦਾ ਸੀ। ਬਗਦਾਦ ਲਈ ਵੀ ਗੁਣਸੂਚਕ ਨਾਮ ਹੈ ਦਾਰ-ਅਸਲਾਮ।
ਲਗਦੇ ਹੱਥ ਦੱਸ ਦੇਈਏ ਕਿ ਅਬਰਾਹਮੀ ਧਰਮਾਂ ਲਈ ਇਤਿਹਾਸਕ ਮਹੱਤਤਾ ਵਾਲੇ ਅਤੇ ਇਸਰਾਈਲ ਫਲਸਤੀਨ ਦੀ ਰਾਜਧਾਨੀ ਵਾਲੇ ਸ਼ਹਿਰ ਯੋਰੋਸ਼ਲਮ ਦਾ ਸ਼ਾਬਦਿਕ ਅਰਥ ਹੈ, ਸ਼ਲਮ ਦੇਵਤੇ ਦੀ ਬਸਤੀ ਜਾਂ ਬੁਨਿਆਦ। ਬਾਈਬਲ ਵਿਚ ਇਸ ਸ਼ਹਿਰ ਦਾ ਜ਼ਿਕਰ ਹੈ। ਯੋਰੋ ਦਾ ਅਰਥ ਹੈ, ਬੁਨਿਆਦ ਜਾਂ ਬਸਤੀ ਅਤੇ ਸ਼ਲਮ ਸ਼ਬਦ ਸਲਮ ਦਾ ਹੀ ਸੁਜਾਤੀ ਹੈ, ਜਿਸ ਦਾ ਅਰਥ ਅਸੀਂ ਸੁਰੱਖਿਅਤ, ਸ਼ਾਂਤਮਈ ਆਦਿ ਦੱਸ ਚੁੱਕੇ ਹਾਂ। ਅਸਲ ਵਿਚ ਕਨਾਨੀ ਧਰਮਾਂ ਦੇ ਸ਼ਾਮ ਜਾਂ ਸੰਧਿਆ ਦੇ ਦੇਵਤੇ ਦਾ ਨਾਂ ਸੀ ਸ਼ਲਮ ਜੋ ਦਿਨ ਰਾਤ ਦੇ ਪੂਰਾ ਹੋਣ ਦਾ ਪ੍ਰਤੀਕ ਹੈ। ਅਸੀਂ ਸਲਮ ਧਾਤੂ ਵਿਚ ‘ਪੂਰਾ’ ਦਾ ਭਾਵ ਦੇਖ ਚੁੱਕੇ ਹਾਂ। ਕਈ ਇਸਾਈ ਲੇਖਕ ਯੋਰੋਸ਼ਲਮ ਦਾ ਅਰਥ ਸ਼ਾਂਤੀ ਦਾ ਸ਼ਹਿਰ, ਸ਼ਾਂਤਨਗਰੀ ਆਦਿ ਕਰਦੇ ਹਨ।
ਸਲਾਮਤ ਸ਼ਬਦ ਅੱਗੋਂ ਸਲਾਮ ਤੋਂ ਹੀ ਬਣਿਆ ਹੈ ਜਿਸ ਦਾ ਅਰਥ ਹੈ ਸੁਰੱਖਿਅਤ, ਬਚਿਆ, ਤੰਦਰੁਸਤ, ਬਰਕਰਾਰ, ਸ਼ਾਂਤ, ਸਮੁੱਚਾ, ਪੂਰਾ-ਸੂਰਾ, ਕਾਇਮ ਆਦਿ। ‘ਪੂੰਜੀ ਸਾਬਤੁ ਰਾਸਿ ਸਲਾਮਤਿ ਚੂਕਾ ਜਮ ਕਾ ਫਾਹਾ ਹੇ’ (ਗੁਰੂ ਅਰਜਨ ਦੇਵ)। ਸਲਾਮਤ ਨਾਲ ਸਹੀ ਲੱਗ ਕੇ ਅਰਥਾਂ ਨੂੰ ਹੋਰ ਬਲ ਮਿਲਦਾ ਹੈ, ‘ਸਹੀ ਸਲਾਮਤ ਘਰਿ ਲੈ ਆਇਆ’ (ਗੁਰੂ ਅਰਜਨ ਦੇਵ)। ਜਦ ਗੁਰੂ ਨਾਨਕ ਕਹਿੰਦੇ ਹਨ, ‘ਤੂ ਸਦਾ ਸਲਾਮਤਿ ਨਿਰੰਕਾਰ’ ਤਾਂ ਇਸ ਦਾ ਭਾਵ ਹੈ ਕਿ ਰੱਬ ਅਜ਼ਲਾਂ ਤੋਂ ਇਸੇ ਤਰ੍ਹਾਂ ਬਰਕਰਾਰ ਹੈ, ਇਸ ਵਿਚ ਕੋਈ ਕੱਜ ਨਹੀਂ ਪਿਆ। ਹਾਸਮ ਸ਼ਾਹ ਦੇ ਦੋਹੜਿਆਂ ਵਿਚ ਇਸ ਸ਼ਬਦ ਦੀ ਵਰਤੋਂ ਇਸ ਤਰ੍ਹਾਂ ਮਿਲਦੀ ਹੈ:
ਰਾਵਤ ਫੀਲ ਨਿਸ਼ਾਨਾਂ ਵਾਲੇ,
ਲਖ ਵਸਦੇ ਕੋਈ ਨ ਤੱਕੇ।
ਚਾਕ ਚੁਗਾਵੇ ਮੱਝੀਂ ਸੋਈ,
ਵੇਖ ਜਹਾਨ ਨ ਸੱਕੇ।
ਮਾਉ ਰੋਜ਼ ਦੇਵੇ ਲੱਖ ਤਾਅਨੇ,
ਅਤੇ ਬਾਪ ਦਿਵਾਵੇ ਧੱਕੇ।
ਰਾਂਝਾ ਮਾਣ ਨਿਮਾਣੀ ਹਾਸ਼ਮ,
ਉਹਨੂੰ ਰੱਬ ਸਲਾਮਤ ਰੱਖੇ।
ਸਲਾਮਤ ਤੋਂ ਹੀ ਸਲਾਮਤੀ ਬਣ ਗਿਆ ਜਿਸ ਵਿਚ ਸੁਰਖਿਆ, ਹਿਫ਼ਾਜ਼ਤ, ਕੁਸ਼ਲਤਾ, ਸ਼ਾਂਤੀ ਦੇ ਭਾਵ ਹਨ। ੰeਚੁਰਟੇ ਛੁਨਚਲਿ ਨੂੰ ਸਲਾਮਤੀ ਕੌਂਸਲ ਕਿਹਾ ਜਾਂਦਾ ਹੈ। ਸਾਲਮ ਸ਼ਬਦ ਦਾ ਅਰਥ ਹੈ, ਸਾਬਤ ਸਬੂਤਾ, ਪੂਰਾ ਸਾਰਾ, ਸਮੁੱਚਾ। ਜਦ ਅਸੀਂ ਕਿਤੇ ਜਾਣ ਲਈ ਸਾਲਮ ਟਾਂਗਾ ਕਰਦੇ ਹਾਂ ਤਾਂ ਇਸ ਦਾ ਮਤਲਬ ਇਹ ਪੂਰਾ ਸਾਰਾ ਸਾਡੀਆਂ ਸਵਾਰੀਆਂ ਲਈ ਹੀ ਹੈ, ਹੋਰ ਕੋਈ ਨਹੀਂ ਚੜ੍ਹ ਸਕਦਾ। ਬੁੱਲ੍ਹਾਂ ਤੇ ਜੀਭ ਫੇਰ ਲਵੋ ਮੈਂ ਇਕ ਪਕਵਾਨ ਦਾ ਜ਼ਿਕਰ ਕਰਨ ਲੱਗਾ ਹਾਂ ਤੇ Aਹੁ ਹੈ ਮੁਰਗ ਮੁਸੱਲਮ। ਮੁਰਗ ਮੁਸੱਲਮ ਅਵਧੀ ਮੁਗਲ ਪਕਵਾਨ ਹੈ। ਇਸ ਦਾ ਜ਼ਿਕਰ ਆਇਨੇ ਅਕਬਰੀ ਵਿਚ ਵੀ ਹੋਇਆ ਹੈ। ਇਬਨ ਬਤੂਤਾ ਨੇ ਵੀ ਇਸ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਹੈ ਅਤੇ ਮੁਗਲਈ ਖਾਣਿਆਂ ਬਾਰੇ ਇਕ ਪੁਸਤਕ ‘ਦਸਤਰਖਵਾਨ-ਏ-ਅਵਧ’ ਵਿਚ ਇਸ ਨੂੰ ਖਾਣ-ਪਕਵਾਨ ਦੇ ਸ਼ੌਕੀਨਾਂ ਦਾ ਮਨਪਸੰਦ ਖਾਜਾ ਦੱਸਿਆ ਹੈ। ਮੁਰਗ ਮੁਸੱਲਮ ਦੀ ਨਜ਼ਾਕਤ ਅਤੇ ਨਫਾਸਤ ਇਸ ਨੂੰ ਮਾਨਣ ਵਾਲੇ ਹੀ ਦੱਸ ਸਕਦੇ ਹਨ। ਇਸ ਵਿਚਲਾ ਮੁਸੱਲਮ ਸ਼ਬਦ ਸਲਮ ਤੋਂ ਹੀ ਬਣਿਆ ਹੈ। ਸੋ ਇਸ ਸਮਾਸੀ ਸ਼ਬਦ ਦਾ ਅਰਥ ਹੈ, ਸਮੁੱਚਾ ਰਿੰਨਿਆ ਹੋਇਆ ਮੁਰਗਾ। ਠੇਠ ਪੰਜਾਬੀ ਵਿਚ ਭਰਵਾਂ ਕੁੱਕੜ। ਇਹ ਭਾਵੇਂ ਸਮੁੱਚਾ ਹੀ ਪਕਾਇਆ ਜਾਂਦਾ ਹੈ ਪਰ ਇਸ ਵਿਚੋਂ ਹੱਡੀਆਂ ਕੱਢ ਕੇ ਤੇ ਕਈ ਆਂਡੇ ਤੇ ਕਈ ਕਿਸਮ ਦੇ ਮਸਾਲੇ ਭਰ ਕੇ ਬਣਾਇਆ ਜਾਂਦਾ ਹੈ।
ਦੋ ਵਿਅਕਤੀ ਨਾਂ ਹੁੰਦੇ ਹਨ-ਸਿਲਮਾ ਤੇ ਸਲਮਾ ਜਿਵੇਂ ਸਲਮਾ ਆਗਾ। ਸਲੀਮ ਸ਼ਬਦ ਜੋ ਵਿਅਕਤੀ ਨਾਂ ਵਜੋਂ ਵੀ ਚਲਦਾ ਹੈ, ਵੀ ਏਥੇ ਥਾਂ ਸਿਰ ਹੈ। ਇਸ ਦਾ ਅਰਥ ਵੀ ਸੁਰੱਖਿਅਤ, ਬਲਾਵਾਂ ਤੋਂ ਬਚਿਆ ਹੋਇਆ, ਨਿਰਵਿਘਨ ਹੈ। ਮਾਂ-ਬਾਪ ਆਪਣੇ ਬੱਚਿਆਂ ਨੂੰ ਬਲਾਵਾਂ ਤੋਂ ਬਚੇ ਰਹਿਣ ਦੀ ਕਾਮਨਾ ਕਰਦਿਆਂ ਅਜਿਹੇ ਨਾਮ ਰੱਖਦੇ ਹਨ। ਸਾਡੇ ਏਥੇ ਰੱਖਾ ਜਾਂ ਰੱਖੀ ਨਾਂ ਚਲਦੇ ਹਨ। ਜਹਾਂਗੀਰ ਦਾ ਗੱਦੀਨਸ਼ੀਨੀ ਤੋਂ ਪਹਿਲਾਂ ਨਾਂ ਸੀ ਨੂਰ-ਉਦ-ਦੀਨ ਮੁਹੰਮਦ ਸਲੀਮ। ਅਰਬੀ ਵਿਆਕਾਰਣ ਮੁਤਾਬਿਕ ਚਰਚਿਤ ਧਾਤੂ ਨਾਲ ਬਣਦਾ ਇਕ ਹੋਰ ਸ਼ਬਦ ਹੈ, ਤਸਲੀਮ। ਇਸ ਸ਼ਬਦ ਦਾ ਪਹਿਲਾ ਅਰਥ ਤਾਂ ਸਲਾਮ (ਸ਼ਾਂਤੀ, ਸੁਰੱਖਿਆ ਦੀ ਦੁਆ) ਹੀ ਹੈ। ਪਰ ਅਸੀਂ ਇਸ ਨੂੰ ਕਾਸੇ ਦੀ ਸਵੀਕ੍ਰਿਤੀ ਜਾਂ ਮਾਨਤਾ ਦੇ ਅਰਥਾਂ ਵਜੋਂ ਵਧ ਜਾਣਦੇ ਹਾਂ ਜਿਵੇਂ ਕਿਸੇ ਨਵੇਂ ਬਣੇ ਦੇਸ਼ ਨੂੰ ਤਸਲੀਮ ਕਰਨਾ। ਤਸਲੀਮ ਭੁਤਕਾਲਕ ਕਿਰਿਆ ਹੈ। ਤਸਲੀਮ ਤੇ ਤਸਲੀਮਾ ਵਿਅਕਤੀ ਨਾਂ ਵੀ ਹੁੰਦੇ ਹਨ।
ਸਲਮ ਧਾਤੂ ਤੋਂ ਬਣੇ ਕਿਰਿਆਵੀ ਨਾਂਵ ਤੋਂ ਇਕ ਅਹਿਮ ਸ਼ਬਦ ਵਿਉਤਪਤ ਹੋਇਆ ਹੈ-ਇਸਲਾਮ। ਇਸ ਦਾ ਅਰਥ ਕੀਤਾ ਜਾਂਦਾ ਹੈ ਸਮੱਰਪਣ, ਸਪੁਰਦਗੀ, ਆਪਾ ਤਿਆਗ, ਤਿਆਗ, ਅੰਗੀਕਾਰੀ। ਅਸਲ ਵਿਚ ਅਜਿਹੇ ਅਰਥ ਪਿਛੇ ਆਪਣੇ ‘ਸਮੁੱਚੇ ਆਪੇ’ ਨੂੰ ਪਰਮ ਸ਼ਕਤੀ ਅੱਗੇ ‘ਸੁਰੱਖਿਆ’ ਲਈ ਅਰਪਣ ਕਰਨ ਦਾ ਭਾਵ ਹੈ। ਕੁਰਾਨ ਸ਼ਰੀਫ ਵਿਚ ਇਸਲਾਮ ਸ਼ਬਦ ਕਈ ਅਰਥਾਂ ਵਿਚ ਆਇਆ ਹੈ। ਕੁਝ ਆਇਤਾਂ ਵਿਚ ਇਸ ਦਾ ਅਰਥ ਬਣਦਾ ਹੈ, ਆਪਣੇ ਅਕੀਦੇ ਦੀ ਦ੍ਰਿੜਤਾ। ਕੁਝ ਹੋਰ ਆਇਤਾਂ ਵਿਚ ਇਸਲਾਮ ਇਕ ਦੀਨ ਜਾਂ ਮਜ਼ਹਬ ਦਾ ਹੀ ਨਾਂ ਹੈ। ਇਸਲਾਮ ਨੂੰ ਮੰਨਣ ਵਾਲਾ ਅਰਬੀ ਵਿਚ ਮੁਸਲਿਮ ਕਹਾਉਂਦਾ ਹੈ, ਜੋ ਸਲਮ ਦੇ ਅੱਗੇ ਅਰਬੀ ਅਗੇਤਰ ‘ਮ’ ਲੱਗਣ ਨਾਲ ਬਣਿਆ ਹੈ। ਫਾਰਸੀ ਵਿਚ ਆ ਕੇ ਇਸ ਦਾ ਬਹੁਵਚਨ ਬਣ ਗਿਆ ਮੁਸਲਮਾਨ। ਪਰ ਅਸੀਂ ਇਸ ਨੂੰ ਆਮ ਤੌਰ ‘ਤੇ ਇਕਵਚਨ ਵਜੋਂ ਹੀ ਵਰਤਦੇ ਹਾਂ। ਪੰਜਾਬੀਆ ਨੇ ਅੱਗੇ ਮੁਸਲਮਾਣੀ ਵੀ ਬਣਾ ਲਈ।