ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਕਈ ਦਿਨਾਂ ਤੋਂ ਸੂਬੇਦਾਰ ਰਤਨ ਸਿੰਘ ਦੇ ਘਰ ਕਾਟੋ-ਕਲੇਸ਼ ਪਿਆ ਹੋਇਆ ਸੀ। ਰਾਹਗੀਰ ਕੰਧ ਨਾਲ ਕੰਨ ਲਾ ਕੇ ਲੜਾਈ ਦੇ ਭੇਤ ਜਾਣਨ ਲਈ ਤਰਲੋਮੱਛੀ ਸਨ, ਪਰ ਕਿਸੇ ਦੇ ਚੁੰਬਕੀ ਕੰਨ ਨੇ ਕੁਝ ਨਾ ਫੜਿਆ। ਪਰਜਾਪਤ ਬਿੱਲੂ ਨੇ ਬਾਹਰ ਆ ਕੇ ਦੱਸਿਆ ਸੀ, ਜੋ ਸੂਬੇਦਾਰ ਦੇ ਘਰ ਕਿਸੇ ਦੇ ਵਿਆਹ ਦਾ ਕਾਰਡ ਦੇਣ ਗਿਆ ਸੀ।
ਅੰਦਰ ਸੂਬੇਦਾਰ ਦੀਆਂ ਤਿੰਨੇ ਧੀਆਂ ਤੇ ਪੁੱਤ ਦਿਲਬਾਗ ਆਪੋ ਵਿਚ ਬਹਿਸ ਕਰ ਰਹੇ ਸਨ, ਮੰਨ-ਮਨਾਉਤੀ ਹੋ ਰਹੀ ਸੀ। ਸੂਬੇਦਾਰ ਦੇ ਪੋਤੇ ਰਘਵੀਰ ਦੇ ਵਿਆਹ ਦਾ ਮਸਲਾ ਭਖਿਆ ਹੋਇਆ ਸੀ।
“ਵੀਰੇ! ਦੇਖ ਤੇਰਾ ‘ਕੱਲਾ ਜਵਾਕ ਆ, ਲੋਕਾਂ ਦਾ ਕੁਝ ਨਹੀਂ ਜਾਣਾ। ਸਮਾਜ ਗੱਲਾਂ ਕਰਨਾ ਹੀ ਜਾਣਦਾ ਹੈ। ਜੇ ਮੁੰਡੇ ਨੇ ਕੁਝ ਕਰ ਲਿਆ, ਫਿਰ ਕੀ ਕਰਲਾਂ’ਗੇ ਆਪਾਂ? ਅਜੇ ਵੀ ਸਿਆਣਾ ਬਣ, ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ।” ਪਾਲੋ ਦਾ ਆਖਣਾ ਸੀ।
“ਭੈਣ ਮੇਰੀਏ! ਮੇਰੇ ਵੀ ਕਈ ਅਰਮਾਨ ਨੇ, ਜੋ ਮੈਂ ਆਪਣੇ ਪੁੱਤ ਦੇ ਵਿਆਹ ਨਾਲ ਪੂਰੇ ਕਰਨੇ ਆ। ਮੈਂ ਕਿਵੇਂ ਹਿੰਦੂਆਂ ਦੇ ਬੂਹੇ ਜੰਝ ਲੈ ਜਾਵਾਂ। ਸ਼ਰੀਕਾ-ਕਬੀਲਾ ਕੀ ਕਹੂਗਾ ਕਿ ਸਿੱਖਾਂ ਦੇ ਘਰ ਧੀਆਂ ਨਹੀਂ। ਉਲਟੀ ਗੰਗਾ ਪਹੋਵੇ ਨੂੰ! ਮੈਂ ਇਸ ਦਾ ਵਿਆਹ ਉਥੇ ਨਹੀਂ ਹੋਣ ਦੇਣਾ।” ਦਿਲਬਾਗ ਗੁੱਸੇ ਨਾਲ ਬੋਲਿਆ।
“ਵੀਰੇ! ਮੁੰਡਾ ਕਹਿੰਦਾ, ਉਨਾ ਚਿਰ ਘਰ ਨਹੀਂ ਆਉਣਾ, ਜਿੰਨਾ ਚਿਰ ਡੈਡੀ ਵਿਆਹ ਲਈ ‘ਹਾਂ’ ਨਹੀਂ ਕਰਦਾ। ਜੇ ਮੁੰਡਾ, ਕੁੜੀ ਨੂੰ ਭਜਾ ਕੇ ਲੈ ਗਿਆ ਤਾਂ ਲੋਕਾਂ ਨੇ ਕਹਿਣਾ ਕਿ ਆਹ ਸਿੱਖਾਂ ਦੇ ਮੁੰਡਿਆਂ ਨੂੰ ਕੀ ਹੋ ਗਿਆ। ਪਹਿਲਾਂ ਤਾਂ ਹਿੰਦੂਆਂ ਦੀਆਂ ਧੀਆਂ-ਭੈਣਾਂ ਮੁਗਲਾਂ ਦੇ ਪੰਜੇ ਤੋਂ ਛੁਡਾ ਕੇ ਸਹੀ-ਸਲਾਮਤ ਉਸ ਦੇ ਘਰ ਪਹੁੰਚਾਉਂਦੇ ਸੀ, ਹੁਣ ਆਪ ਹੀ ਚੁੱਕ ਕੇ ਲਿਜਾਣ ਲੱਗ ਪਏ। ਫਿਰ ਵੀ ਤਾਂ ਲੋਕ ਕਹਿਣਗੇ ਕਿ ਵਾਹ ਬਈ! ਸੂਬੇਦਾਰ ਰਤਨ ਸਿੰਘ ਦਾ ਪੋਤਾ ਹੁਣ ਲੋਕਾਂ ਦੀਆਂ ਧੀਆਂ ਵੀ ਭਜਾਉਣ ਲੱਗ ਪਿਆ, ਜਿਹੜੇ ਰਤਨ ਸਿੰਘ ਨੇ ਕਿੰਨੀਆਂ ਧੀਆਂ ਦੇ ਟੁੱਟਦੇ ਘਰ ਬਚਾਏ ਸਨ। ਲੋਕਾਂ ਦੇ ਮੂੰਹਾਂ ਵੱਲ ਦੇਖ ਕੇ ਘਰ ਨਾ ਉਜਾੜੋ। ਗੁਰਬਾਣੀ ਤਾਂ ਕਹਿੰਦੀ ਹੈ, ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ।” ਬੀਬੋ ਨੇ ਕਿਹਾ।
ਦਿਲਬਾਗ ਕੁਝ ਬੋਲਦਾ, ਉਸ ਤੋਂ ਪਹਿਲਾਂ ਸੂਬੇਦਾਰ ਰਤਨ ਸਿੰਘ ਨੇ ਕਿਹਾ, “ਪਾਲੋ! ਤੂੰ ਰਘਵੀਰ ਨੂੰ ਘਰ ਸੱਦ ਲੈ। ਲਾਲਿਆਂ ਨੂੰ ਸੁਨੇਹਾ ਘੱਲ ਦੇ, ਆਪਾਂ ਬਹਿ ਕੇ ਗੱਲ ਕਰ ਲੈਂਦੇ ਹਾਂ।”
ਰਘਵੀਰ ਆਪਣੀ ਵੱਡੀ ਭੂਆ ਪਾਲੋ ਕੋਲ ਠਹਿਰਿਆ ਹੋਇਆ ਸੀ। ਛੋਟੇ ਹੁੰਦੇ ਹੋਏ ਰਘਵੀਰ ਪਾਲੋ ਭੂਆ ਕੋਲ ਹੀ ਜਾਂਦਾ ਸੀ। ਭੂਆ ਦੇ ਘਰ ਕੋਲ ਹੀ ਲਾਲਿਆਂ ਦੀ ਹੱਟੀ ਸੀ। ਬਚਪਨ ਵਿਚ ਹੀ ਰਘਵੀਰ ਦਾ ਦਿਲ ਲਾਲਿਆਂ ਦੀ ਇਕਲੌਤੀ ਧੀ ਸੁਮਨ ਨਾਲ ਵਟ ਗਿਆ। ਬਚਪਨ ਦੀ ਸਾਂਝ ਉਨ੍ਹਾਂ ਨੂੰ ਵਿਆਹ ਤੱਕ ਲੈ ਆਈ। ਸੁਮਨ ਨੇ ਰਘਵੀਰ ਲਈ ਆਪਣੇ ਮਾਪਿਆਂ ਤੋਂ ਮਨਜ਼ੂਰੀ ਲੈ ਲਈ ਸੀ। ਉਹ ਤਾਂ ਮੰਨ ਗਏ, ਪਰ ਇਧਰ ਦਿਲਬਾਗ ਸਿੰਘ ਪਰਾਂ ‘ਤੇ ਪਾਣੀ ਨਹੀਂ ਸੀ ਪੈਣ ਦੇ ਰਿਹਾ।
ਦਿਲਬਾਗ ਸਿੰਘ ਰਘਵੀਰ ਦਾ ਵਿਆਹ ਵੱਡੇ ਘਰ ਕਰਨਾ ਚਾਹੁੰਦਾ ਸੀ ਜਿਥੋਂ ਉਸ ਨੂੰ ਚੰਗਾ-ਚੋਖਾ ਦਾਜ ਮਿਲੇ। ਉਸ ਕੋਲ ਪਹਿਲਾਂ ਹੀ ਪਰਮਾਤਮਾ ਦਾ ਦਿੱਤਾ ਬਹੁਤ ਕੁਝ ਸੀ, ਪਰ ਅਜੇ ਉਸ ਲਾਲਚ ਨਹੀਂ ਤਿਆਗਿਆ ਸੀ। ਸਾਰਾ ਪਰਿਵਾਰ ਇਕ ਪਾਸੇ ਹੋ ਗਿਆ ਤੇ ਦਿਲਬਾਗ ਇਕੱਲਾ ਰਹਿ ਗਿਆ। ਗੱਲ ਵਸੋਂ ਬਾਹਰ ਹੋ ਗਈ ਤਾਂ ਬੋਲਿਆ, “ਮੈਨੂੰ ਗੋਲੀ ਮਾਰ ਦਿਓ, ਫਿਰ ਕਰ ਲਿਓ ਜੋ ਕੁਝ ਕਰਨਾ।”
“ਵੀਰ! ਪਾਗਲ ਨਾ ਹੋ, ਸਿਆਣਾ ਬਣ। ਆਪਾਂ ਇਸ ਕਾਰਜ ਨੂੰ ਸਾਰਿਆਂ ਦੀ ਸਹਿਮਤੀ ਨਾਲ ਨੇਪਰੇ ਚਾੜ੍ਹੀਏ।” ਸਭ ਤੋਂ ਛੋਟੀ ਦਲੀਪੋ ਬੋਲੀ।
ਦਿਲਬਾਗ ਦੀ ਨਾ ‘ਹਾਂ’ ਹੋਈ ਤੇ ਨਾ ‘ਨਾਂਹ’, ਬੱਸ ਭੈਣਾਂ ਨੇ ਜੈਕਾਰਾ ਛੱਡ ਦਿੱਤਾ। ਲਾਲਿਆਂ ਨੂੰ ਸੱਦਾ ਦੇ ਦਿੱਤਾ, ਉਹ ਪੰਜ ਬੰਦੇ ਲੈ ਕੇ ਆ ਗਏ।
“ਸਰਦਾਰ ਜੀ! ਮੇਰੀ ਧੀ ਲਈ ਮੁੰਡਿਆਂ ਦੀ ਘਾਟ ਨਹੀਂ, ਪਰ ਸਾਨੂੰ ਆਪਣੀ ਧੀ ‘ਤੇ ਮਾਣ ਹੈ ਜਿਸ ਨੇ ਆਪਣਾ ਜੀਵਨ ਸਾਥੀ ਸਿੱਖਾਂ ਦਾ ਮੁੰਡਾ ਲੱਭਿਆ। ਉਹ ਸਰਦਾਰ ਮੁੰਡਾ ਪਸੰਦ ਕਰਦੀ ਹੈ। ਮੁਆਫ ਕਰਨਾ, ਤੁਹਾਡੀਆਂ ਧੀਆਂ ਤਾਂ ਅੱਜ ਕੱਲ੍ਹ ਸਰਦਾਰ ਮੁੰਡੇ ਨੂੰ ਪਸੰਦ ਨਹੀਂ ਕਰਦੀਆਂ। ਹਰ ਸਿੱਖ ਧੀ ਦੀ ਮੰਗ ਹੈ ਕਿ ਮੁੰਡਾ ਕਲੀਨ ਸ਼ੇਵ ਹੋਵੇ। ਉਨਾ ਤੁਸੀਂ ਸਿੱਖ ਇਤਿਹਾਸ ਨਹੀਂ ਪੜ੍ਹਿਆ ਹੋਣਾ, ਜਿੰਨਾ ਮੇਰੀ ਧੀ ਨੇ ਪੜ੍ਹਿਆ ਹੈ। ਬੱਚਿਆਂ ਦੇ ਸਿਰ ‘ਤੇ ਹੱਥ ਰੱਖ ਕੇ ਅਸ਼ੀਰਵਾਦ ਦੇਵੋ। ਬਾਕੀ ਜੋ ਤੁਹਾਡੀ ਮੰਗ ਹੈ, ਦੱਸ ਦੇਵੋ। ਮੇਰੇ ਕੋਲ ਇਸ ਸਮੇਂ ਸੱਤ ਕਰੋੜ ਦੀ ਪ੍ਰਾਪਰਟੀ ਹੈ ਜੋ ਮੇਰੇ ਮਰਨ ਤੋਂ ਬਾਅਦ ਸੁਮਨ ਦੀ ਹੈ।” ਸੁਮਨ ਦਾ ਪਿਤਾ ਖੇਮ ਰਾਜ ਬੋਲਿਆ ਸੀ।
ਸੱਤ ਕਰੋੜ ਦੀ ਪ੍ਰਾਪਰਟੀ ਵਾਲੀ ਗੱਲ ਸੁਣ ਕੇ ਦਿਲਬਾਗ ਅੱਖਾਂ ਵਿਚ ਹੱਸਿਆ। ਬੋਲਿਆ, “ਲਾਲਾ ਜੀ! ਸਾਨੂੰ ਪ੍ਰਾਪਰਟੀ ਦਾ ਲਾਲਚ ਨਹੀਂ, ਰਘਵੀਰ ਵੀ ਇਕੱਲਾ ਇੱਕੀ ਕਿੱਲਿਆਂ ਦਾ ਮਾਲਕ ਹੈ। ਮੈਂ ਲੋਕਾਂ ਦੇ ਮੂੰਹੋਂ ਕੁਝ ਨਹੀਂ ਸੁਣਨਾ ਚਾਹੁੰਦਾ। ਅਸੀਂ ਖਾਨਦਾਨੀ ਦੇਸ਼ ਭਗਤ ਹਾਂ। ਸਾਡੀਆਂ ਕੰਧਾਂ ਤੇ ਅਲਮਾਰੀਆਂ ਮੈਡਲਾਂ ਨਾਲ ਭਰੀਆਂ ਪਈਆਂ।”
“ਸਰਦਾਰ ਜੀ! ਅਸੀਂ ਵੀ ਕੋਈ ਦੇਸ਼ ਧ੍ਰੋਹੀ ਨਹੀਂ ਹਾਂ। ਤੁਹਾਡੇ ਚੰਗੇ ਖਾਨਦਾਨ ਨੂੰ ਦੇਖਦਿਆਂ ਹੀ ਅਸੀਂ ਸੁਮਨ ਨੂੰ ‘ਹਾਂ’ ਕੀਤੀ ਹੈ। ਤੁਸੀਂ ਸਾਡੇ ਬਾਰੇ ਸਭ ਕੁਝ ਜਾਣਦੇ ਹੋ। ਪਾਲੋ ਭੈਣ ਜੀ ਨੇ ਤੁਹਾਨੂੰ ਸਭ ਕੁਝ ਦੱਸ ਦਿੱਤਾ ਹੈ। ਤੁਸੀਂ ਮੂੰਹ ਮਿੱਠਾ ਕਰੋ ਤੇ ਵਿਆਹ ਦੇ ਦਿਨ ਪੱਕੇ ਕਰੋ। ਆਪਾਂ ਬੱਚਿਆਂ ਨੂੰ ਅਸ਼ੀਰਵਾਦ ਦੇ ਕੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀ ਆਗਿਆ ਦੇਈਏ।” ਖੇਮ ਰਾਜ ਨੇ ਗੱਲ ਸਿਰੇ ਲਾਉਂਦਿਆਂ ਕਿਹਾ।
ਲੱਡੂਆਂ ਨਾਲ ਮੂੰਹ ਮਿੱਠਾ ਹੋਇਆ ਤੇ ਖੁਸ਼ੀਆਂ ਦੇ ਜੈਕਾਰੇ ਲੱਗ ਗਏ। ਦਿਲਬਾਗ ਮੁੰਡੇ ਦੀ ਖੁਸ਼ੀ ਜਾਂ ਪ੍ਰਾਪਰਟੀ ਦੀ ਖੁਸ਼ੀ ਵਿਚ ਸਮਝੋ, ਮੰਨ ਗਿਆ।
ਬੜੇ ਸਾਦੇ ਢੰਗ ਨਾਲ ਮੰਗਣੀ ਦੀ ਰਸਮ ਹੋ ਗਈ। ਰਘਵੀਰ ਤੇ ਸੁਮਨ ਖੁਸ਼ ਸਨ। ਪਾਲੋ ਹੋਰਾਂ ਵੀ ਭਰਾ ਦਾ ਉਜੜਨ ਲੱਗਿਆ ਘਰ ਬਚਾ ਕੇ ਪਿਉ ਦੀ ਦਹਿਲੀਜ਼ ਵਧਾਈ ਸੀ। ਉਹ ਵੀ ਚਾਈਂ-ਚਾਈਂ ਆਪਣੇ ਘਰ ਨੂੰ ਗਈਆਂ ਸਨ।
ਸਾਰਿਆਂ ਦੀ ਰਾਏ ਮੁਤਾਬਕ ਜਨਵਰੀ ਦੇ ਪਹਿਲੇ ਹਫ਼ਤੇ ਦਾ ਵਿਆਹ ਪੱਕਾ ਕਰ ਦਿੱਤਾ, ਪਰ ਜਦੋਂ ਸੁਮਨ ਨੂੰ ਤਰੀਕ ਦੀ ਖਬਰ ਮਿਲੀ ਤਾਂ ਉਸ ਨੇ ਜਵਾਬ ਦੇ ਦਿੱਤਾ ਕਿ ਉਹ ਇਨ੍ਹਾਂ ਦਿਨਾਂ ਵਿਚ ਸ਼ਗਨਾਂ ਦਾ ਚੂੜਾ ਨਹੀਂ ਪਾ ਸਕਦੀ। ਪੁੱਛਿਆ ਤਾਂ ਜਵਾਬ ਮਿਲਿਆ ਕਿ ਇਨ੍ਹਾਂ ਦਿਨਾਂ ਵਿਚ ਦਸਮੇਸ਼ ਪਿਤਾ ਦਾ ਸਾਰਾ ਪਰਿਵਾਰ ਸ਼ਹੀਦ ਹੋ ਗਿਆ ਸੀ, ਤਾਂ ਹੀ ਲੋਕ ਇਨ੍ਹਾਂ ਦਿਨਾਂ ਵਿਚ ਵਿਆਹ-ਸ਼ਾਦੀਆਂ ਨਹੀਂ ਸਨ ਕਰਦੇ। ਬਾਕੀਆਂ ਮਹੀਨਿਆਂ ਵਾਂਗ ਪੋਹ ਵੀ ਇਕ ਮਹੀਨਾ ਹੀ ਹੈ, ਪਰ ਇਸ ਮਹੀਨੇ ਅਸੀਂ ਬਹੁਤ ਕੁਝ ਗੁਆਇਆ ਹੈ। ਇਹ ਮਹੀਨਾ ਉਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਸਾਦਗੀ ਨਾਲ ਲੰਘਾਉਣਾ ਚਾਹੀਦਾ ਹੈ, ਖੁਸ਼ੀਆਂ ਦੇ ਢੋਲ ਕੁੱਟ ਕੇ ਨਹੀਂ।
ਸੁਮਨ ਦੇ ਕਹਿਣ ‘ਤੇ ਰਘਵੀਰ ਨੇ ਸਾਰੇ ਮੈਰਿਜ ਪੈਲੇਸ ਵਾਲਿਆਂ ਨੂੰ ਜਨਵਰੀ ਦੀ ਬੁਕਿੰਗ ਬਾਰੇ ਪੁੱਛਿਆ। ਸਭ ਨੇ ਕਿਹਾ ਕਿ ਪੈਲੇਸ ਸਿੱਖਾਂ ਦੇ ਮੁੰਡੇ-ਕੁੜੀਆਂ ਦੇ ਵਿਆਹਾਂ ਲਈ ਬੁੱਕ ਹਨ। ਸਿਰਫ ਇਕ ਹੀ ਪੈਲੇਸ ਹਿੰਦੂ ਕੁੜੀ ਦੇ ਵਿਆਹ ਲਈ ਬੁੱਕ ਸੀ। ਸੁਮਨ ਨੇ ਦਿਲਬਾਗ ਸਿੰਘ ਨੂੰ ਕਿਹਾ ਸੀ, “ਡੈਡੀ ਜੀ! ਕਿਹੜੇ ਸਿੱਖ ਧਰਮ ਦੀ ਗੱਲ ਕਰਦੇ ਹੋ? ਉਹ ਸਿੱਖ ਧਰਮ ਜਿਹੜਾ ਜਨਵਰੀ ਦਾ ਕੀ, ਸਾਰਾ ਸਾਲ ਮੈਰਿਜ ਪੈਲੇਸਾਂ ਵਿਚ ਜਾਨਵਰਾਂ ਦੇ ਹੱਡ ਚੂਸਦਾ ਹੈ ਤੇ ਲਾਹਣ ਪੀਂਦਾ ਹੈ। ਆਪਣੀਆਂ ਹੀ ਧੀਆਂ-ਭੈਣਾਂ ਨੂੰ ਸਟੇਜਾਂ ‘ਤੇ ਚਾੜ੍ਹ ਕੇ ਨਚਾਉਂਦਾ ਹੈ। ਪੋਚਵੀਂ ਪੱਗ ਵਾਲਾ ਬਾਬਾ ਹੱਥ ਵਿਚ ਪੈਗ ਫੜ ਕੇ ਲਲਕਾਰੇ ਮਾਰਦਾ ਹੈ। ਜਾਇਜ਼-ਨਾਜਾਇਜ਼ ਅਸਲੇ ਵਿਚੋਂ ਗੋਲੀ ਨਿਕਲਦੀ ਹੈ ਤੇ ਕਿਸੇ ਬੇਕਸੂਰ ਦਾ ਸੀਨਾ ਪਾੜ ਜਾਂਦੀ ਹੈ। ਦੋ-ਤਿੰਨ ਘੰਟਿਆਂ ਦੀ ਬਣਾਉਟੀ ਖੁਸ਼ੀ ਵਿਚ ਪੈਸਾ ਪਾਣੀ ਵਾਂਗ ਵਹਾ ਦਿੱਤਾ ਜਾਂਦਾ ਹੈ। ਇਹੀ ਪੈਸਾ ਕਿਸੇ ਲੋੜਵੰਦ ਨੂੰ ਦਿੱਤਾ ਜਾਵੇ, ਤਾਂ ਤੁਸੀਂ ਸਾਰੀ ਉਮਰ ਲਈ ਅਮੀਰੀ ਖੱਟੋਗੇ। ਇਕ ਦਿਨ ਦੀ ਟੌਹਰ ਬਣਾਉਣ ਨਾਲੋਂ ਉਮਰ ਭਰ ਦੀ ਟੌਹਰ ਬਣਾਓ।”
ਸੁਮਨ ਦੀਆਂ ਗੱਲਾਂ ਸੁਣ ਕੇ ਦਿਲਬਾਗ ਜਿਵੇਂ ਸੁੰਨ ਹੋ ਗਿਆ ਹੋਵੇ। ਜਦੋਂ ਉਸ ਦੀ ਚੁੱਪ ਟੁੱਟੀ ਤਾਂ ਬੋਲਿਆ, “ਧੀਏ! ਤੇਰੇ ਵਰਗੀਆਂ ਧੀਆਂ ਘਰ-ਘਰ ਜੰਮਣ।”
“ਡੈਡੀ ਜੀ! ਫਿਰ ਸਾਡੇ ‘ਤੇ ਭਰੋਸਾ ਰੱਖੋ। ਮੈਂ ਤੇ ਰਘਵੀਰ ਜੋ ਕਰਾਂਗੇ, ਉਸ ਵਿਚ ਤੁਹਾਡੀ ਇੱਜ਼ਤ ਨੂੰ ਚਾਰ ਚੰਨ ਲੱਗਣਗੇ। ਲੋਕ ਕਹਿਣਗੇ ਕਿ ਇਸ ਤਰ੍ਹਾਂ ਦੇ ਵਿਆਹ ਹੋਣ ਲੱਗ ਜਾਣ ਤਾਂ ਕੋਈ ਪਿਤਾ ਧੀ ਦੇ ਦਾਜ ਦੁੱਖੋਂ ਖ਼ੁਦਕੁਸ਼ੀ ਨਾ ਕਰੇ।” ਸੁਮਨ ਨੇ ਕਿਹਾ।
ਦਿਲਬਾਗ ਕੁੜੀ ਦੀਆਂ ਗੱਲਾਂ ਸੁਣ ਕੇ ਬੋਲਿਆ, “ਧੀਏ! ਜਿਵੇਂ ਤੂੰ ਕਹੇਂਗੀ, ਸਿਰ ਮੱਥੇ ‘ਤੇ।”
“ਡੈਡੀ ਜੀ! ਇਕ ਗੱਲ ਹੋਰ ਆਖ ਦੇਵਾਂ, ਸਾਡਾ ਸਾਰਾ ਪਰਿਵਾਰ ਜਨਵਰੀ ਦਾ ਮਹੀਨਾ ਥੱਲੇ ਫਰਸ਼ ‘ਤੇ ਸੌਂਦਾ ਹੈ। ਅਸੀਂ ਆਪਣੇ ਧਰਮ ਤੋਂ ਵੱਖ ਨਹੀਂ ਹਾਂ, ਪਰ ਸਿੱਖ ਧਰਮ ਵੀ ਅੱਖਾਂ ਉਤੇ ਹੈ।” ਸੁਮਨ ਕਹਿ ਕੇ ਰਘਵੀਰ ਦੀ ਮਾਂ ਨੂੰ ਚੁੰਬੜ ਗਈ ਸੀ।
ਮਾਰਚ ਵਿਚ ਵਿਆਹ ਰੱਖ ਦਿੱਤਾ ਗਿਆ। ਮੈਰਿਜ ਪੈਲੇਸ ਬੁੱਕ ਨਹੀਂ ਕੀਤਾ ਗਿਆ, ਜ਼ਮੀਨ ਦਾ ਵੱਢ ਵਾਹ ਕੇ ਚੰਗੀ ਤਰ੍ਹਾਂ ਸੁਹਾਗਾ ਮਾਰ ਕੇ ਟੈਂਟ ਲਾਇਆ ਗਿਆ। ਇਹ ਸਭ ਦੇਖ ਕੇ ਦਿਲਬਾਗ ਮੂੰਹ ਜਿਹਾ ਵੱਟ ਗਿਆ। ਕਾਰਨ ਪੁੱਛਿਆ ਤਾਂ ਕਹਿੰਦਾ, “ਮੈਂ ਇਕੱਲਾ ਪੁੱਤ ਵਿਆਹੁਣੈ, ਕੋਈ ਕਲਾਕਾਰ ਤਾਂ ਸੱਦ ਲਵੋ।” ਰਘਵੀਰ ਕਹਿੰਦਾ- “ਮੇਰੇ ਵਿਆਹ ਦਾ ਪੂਰਾ ਬਜਟ ਤੀਹ ਲੱਖ ਰੁਪਏ ਬਣਦਾ ਹੈ। ਸੁਮਨ ਦੇ ਵਿਆਹ ਦਾ ਬਜਟ ਪੰਜਾਹ ਲੱਖ ਰੁਪਏ ਹੈ, ਅਸੀਂ ਦੋਵਾਂ ਨੇ ਸਾਦੇ ਢੰਗ ਨਾਲ ਵਿਆਹ ਕਰਵਾਉਣਾ ਹੈ ਤੇ ਪੂਰੇ ਪੰਜ ਲੱਖ ਰੁਪਏ ਨਾਲ ਸਰ ਜਾਣਾ ਹੈ। ਬਾਕੀ ਪੂਰਾ 75 ਲੱਖ ਰੁਪਇਆ ਅਸੀਂ ਲੋਕ ਭਲਾਈ ਕੰਮਾਂ ‘ਤੇ ਲਾਉਣਾ ਹੈ। ਸੁਮਨ ਦੇ ਪਿੰਡ ਨੌਂ ਗਰੀਬ ਕੁੜੀਆਂ ਤੇ ਸਾਡੇ ਪਿੰਡ ਪੰਜ ਕੁੜੀਆਂ ਦੇ ਵਿਆਹ ਕਰਨੇ ਹਨ। ਅੱਠ ਘਰਾਂ ਕੋਲ ਛੱਤ ਨਹੀਂ ਹੈ, ਹਰ ਘਰ ਨੂੰ ਕਮਰਾ ਬਣਾ ਕੇ ਦੇਣਾ ਹੈ। ਸਿਵਿਆਂ ਵਿਚ ਪਾਣੀ ਦਾ ਪ੍ਰਬੰਧ ਨਹੀਂ ਹੈ, ਉਥੇ ਸਬਮਰਸੀਬਲ ਬੋਰ ਕਰਵਾ ਕੇ ਦੇਣਾ ਹੈ। ਜਿਹੜੇ ਚਾਰ ਬੰਦੇ ਕੈਂਸਰ ਤੋਂ ਪੀੜਤ ਹਨ, ਉਨ੍ਹਾਂ ਦਾ ਚੰਗੇ ਹਸਪਤਾਲ ਤੋਂ ਇਲਾਜ ਕਰਵਾਉਣਾ ਹੈ। ਬਚਦੇ ਪੈਸੇ ਅਸੀਂ ਹਸਪਤਾਲ ਵਿਚ ਦਵਾਈਆਂ ਵਾਸਤੇ ਰੱਖ ਲੈਣੇ ਹਨ।”
ਰਘਵੀਰ ਦੀ ਗੱਲ ਸੁਣ ਕੇ ਸਾਰੇ ਖੁਸ਼ ਹੋ ਗਏ, ਪਰ ਇਹ ਗੱਲ ਦਿਲਬਾਗ ਸਿੰਘ ਦੇ ਗਲੇ ਨਾ ਉਤਰੀ। ਫਿਰ ਉਸ ਦੀ ਵੀ ਮੰਨੀ ਗਈ, ਉਸ ਦੀ ਜੁੰਡਲੀ ਦੇ ਪੰਜ ਸੱਤ ਯਾਰਾਂ ਵਾਸਤੇ ਖਾਣ-ਪੀਣ ਦਾ ਪ੍ਰਬੰਧ ਕਰ ਦਿੱਤਾ ਗਿਆ। ਵਿਆਹ ਦੀ ਰਸਮ ਸਿੱਖ ਮਰਿਆਦਾ ਅਨੁਸਾਰ, ਚਾਲੀ ਸਾਲ ਪਹਿਲਾਂ ਵਾਲੀਆਂ ਕੀਤੀਆਂ ਗਈਆਂ। ਸਹਿਜ ਪਾਠ ਦੇ ਭੋਗ ਤੋਂ ਬਾਅਦ ਗੁਰਬਾਣੀ ਕੀਰਤਨ ਹੋਇਆ। ਫਿਰ ਖੁੱਲ੍ਹਾ ਦੀਵਾਨ ਸਜਾਇਆ ਗਿਆ ਜਿਸ ਵਿਚ ਰਾਗੀ ਢਾਡੀ ਤੇ ਕਵੀਸ਼ਰਾਂ ਨੇ ਹਾਜ਼ਰੀ ਭਰੀ। ਰਘਵੀਰ ਤੇ ਸੁਮਨ ਨੇ ਵਿਆਹ ਤੋਂ ਪਹਿਲਾਂ ਅੰਮ੍ਰਿਤ ਛਕ ਕੇ ਅਨੰਦ ਕਾਰਜਾਂ ਦੀ ਰਸਮ ਨਿਭਾਈ। ਸਾਰਾ ਪਿੰਡ ਦੇਖ ਕੇ ਹੈਰਾਨ ਸੀ ਕਿ ਵੀਹ ਸਾਲਾਂ ਵਿਚ ਅਜਿਹਾ ਵਿਆਹ ਪਹਿਲੀ ਵਾਰ ਹੋਇਆ ਹੈ। ਇਹ ਸਭ ਕੁਝ ਰਘਵੀਰ ਤੇ ਸੁਮਨ ਦੀ ਬਦੌਲਤ ਨਹੀਂ, ਬਲਕਿ ਰਘਵੀਰ ਦੀਆਂ ਤਿੰਨੇ ਭੂਆਂ ਦੇ ਪਰਿਵਾਰਾਂ ਦੇ ਸਹਿਯੋਗ ਨਾਲ ਨੇਪਰੇ ਚੜ੍ਹਿਆ। ਜੋ ਰਘਵੀਰ ਤੇ ਸੁਮਨ ਨੇ ਸੋਚਿਆ ਸੀ, ਉਹੀ ਪੂਰਾ ਕੀਤਾ ਗਿਆ। ਹੁਣ ਦੋਵੇਂ ਆਪਣਾ ਗ੍ਰਹਿਸਥੀ ਜੀਵਨ ਵਧੀਆ ਬਤੀਤ ਕਰ ਰਹੇ ਹਨ ਅਤੇ ਲੋਕਾਂ ਲਈ ਵਧੀਆ ਸੁਨੇਹਾ ਦੇ ਗਏ ਹਨ। ਸੁਨੇਹੇ ਨੂੰ ਕਬੂਲ ਕਰਨਾ ਲੋਕਾਂ ਦੀ ਰਾਏ ‘ਤੇ ਨਿਰਭਰ ਕਰਦਾ ਹੈ, ਨਹੀਂ ਤਾਂ ਕਰਜ਼ੇ ਦੀ ਪੰਡ ਭਾਰੀ ਕਰਨ ਵਿਚ ਸਰਕਾਰਾਂ ਨਾਲੋਂ ਸਾਡਾ ਹੱਥ ਵੱਧ ਹੈ। ਸੂਬੇਦਾਰ ਰਤਨ ਸਿੰਘ ਇਕ ਵਾਰ ਫਿਰ ਇਲਾਕੇ ਵਿਚ ਸਲਾਹਿਆ ਜਾਣ ਲੱਗਾ।