ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਕਈ ਵਾਰ ਜ਼ਿਹਨ ਵਿਚ ਜਮ੍ਹਾਂ ਹੋਈਆਂ ਸੁਣੀਆਂ-ਸੁਣਾਈਆਂ ਕਥਾ-ਕਹਾਣੀਆਂ ਜਾਂ ਘਟਨਾਵਾਂ ਦੇ ਦ੍ਰਿਸ਼, ਅੱਖਾਂ ਸਾਹਮਣੇ ਦਿਸ ਰਹੇ ਵਰਤਾਰਿਆਂ ਨਾਲ ਇਨ-ਬਿਨ ਹੀ ਮਿਲ ਜਾਂਦੇ ਹਨ। ਇਉਂ ਲੱਗਦਾ ਹੈ ਕਿ ਦਿਲ-ਦਿਮਾਗ ਵਿਚ ਦੱਬੀ ਪਈ ਗੱਲ ਅਜੋਕੇ ਮਾਹੌਲ ਵਿਚ ਦੁਹਰਾਈ ਜਾ ਰਹੀ ਹੈ, ਬਸ, ਪਾਤਰਾਂ ਦੀ ਹੀ ਅਦਲਾ-ਬਦਲੀ ਹੋਈ ਹੈ।
ਮਿਸਾਲ ਵਜੋਂ ਇਨ੍ਹੀਂ ਦਿਨੀਂ ਪੰਜਾਬ ਵਿਚ ਸਰਗਰਮ ਮੁੱਖ ਤਿੰਨ ਰਾਜਨੀਤਕ ਧਿਰਾਂ ਨੇ, ਜੋ 2017 ਦੀਆਂ ਚੋਣਾਂ ਲਈ ਕਮਰ ਕੱਸ ਰਹੀਆਂ ਹਨ। ਜਿਵੇਂ ਛਿੰਝ ਸ਼ੁਰੂ ਹੋਣ ਤੋਂ ਪਹਿਲਾਂ ਵੱਜਦੇ ਢੋਲ ਦੇ ਮੂਹਰੇ-ਮੂਹਰੇ ਮੋਟੇ-ਤਕੜੇ ਜੁੱਸਿਆਂ ਵਾਲੇ ਭਲਵਾਨ ਦਰਸ਼ਕਾਂ ਸਾਹਮਣੇ ਆਪਣਾ ਬਾਹੂ-ਬਲ ਦਿਖਾਉਂਦੇ ਹਨ, ਇਵੇਂ ਹੀ ਇਨ੍ਹਾਂ ਨੇ ਆਪੋ-ਆਪਣੀ ਨੁਮਾਇਸ਼ੀ ਦੌੜ ਲਾਈ ਹੋਈ ਹੈ। ਚੋਣਾਂ ਵਿਚ ਭਾਵੇਂ ਸਾਲ ਪਿਆ ਹੈ, ਪਰ ਸਿਆਸੀ ਧਮੱਚੜ ਇੰਜ ਪਿਆ ਹੋਇਐ, ਜਿਵੇਂ ਚੋਣਾਂ ਐਨ ਸਿਰ ‘ਤੇ ਆ ਚੁੱਕੀਆਂ ਹੋਣ।
ਬਾਹਾਂ ਕੱਢ-ਕੱਢ ਕੇ ਸੱਤਾਧਾਰੀ ਬਾਦਲ ਦਲ ਅਤੇ ਭਾਜਪਾ ਲਲਕਾਰੇ ਮਾਰਦੇ ਕਹੀ ਜਾਂਦੇ ਨੇ ਕਿ ਸ਼ਾਨਦਾਰ ‘ਲੀਡ’ ਬਣਾਵਾਂਗੇ। ਉਹ ਕਦੇ ਕਹਿ ਦਿੰਦੇ ਨੇ ਕਿ ਪੰਜਾਬ ਵਿਚ ‘ਆਪ’ ਦਾ ਕੋਈ ਵਜੂਦ ਹੀ ਨਹੀਂ, ਸਾਡਾ ਮੁਕਾਬਲਾ ਕਾਂਗਰਸ ਨਾਲ ਹੋਵੇਗਾ। ਕਦੇ ਉਨ੍ਹਾਂ ਦਾ ਕੋਈ ਵੱਡਾ ਲੀਡਰ ਇੰਜ ਵੀ ਕਹਿ ਦਿੰਦਾ ਹੈ ਕਿ ਕਾਂਗਰਸ ਦਾ ਆਧਾਰ ਖਤਮ ਹੋ ਚੁੱਕਾ ਹੈ, ਆਮ ਆਦਮੀ ਪਾਰਟੀ ਨੂੰ ਅਸੀਂ ਅਸਾਨੀ ਨਾਲ ਹੀ ਧੂਲ ਚਟਾ ਦਿਆਂਗੇ, ਜੇਤੂ ਅਸੀਂ ਹੀ ਰਹਾਂਗੇ।
ਇਵੇਂ ਹੀ ਕਾਂਗਰਸੀ ਖੇਮੇ ਵਿਚੋਂ ਵੀ ਦੋ ਰੰਗੀਆਂ ਆਵਾਜ਼ਾਂ ਆਉਂਦੀਆਂ ਨੇ। ਕਦੇ ਉਹ ਆਪਣਾ ਮੁੱਖ ਮੁਕਾਬਲਾ ਬਾਦਲ ਦਲ ਤੇ ਭਾਜਪਾ ਨਾਲ ਦੱਸਦੇ ਹਨ ਅਤੇ ਕਦੀ ‘ਆਪ’ ਨੂੰ ‘ਚਨੇ ਚਬਾਉਣ’ ਦੀਆਂ ਦਹਾੜਾਂ ਮਾਰਦੇ ਹੋਏ ਆਪਣੀ ਸਰਕਾਰ ‘ਵੱਟ ਉਤੇ ਪਈ’ ਹੋਣ ਦਾ ਦਾਅਵਾ ਕਰਦੇ ਹਨ। ਮਤਲਬ ਕਿ ਪੰਜਾਬ ਦੇ ਅਜੋਕੇ ਸਿਆਸੀ ਘਮਸਾਣ ਵਿਚ ਉਹ ਖੁਦ ਨੂੰ ਮੋਹਰੀ ਮੰਨਦੇ ਹਨ।
ਤੀਸਰੀ ਧਿਰ ਨੱਕ ਦੀ ਸੇਧ ਤੁਰੀ ਹੋਈ, ਸ੍ਰੀ ਅਰਵਿੰਦ ਕੇਜਰੀਵਾਲ ਦੀ ‘ਆਪ’ ਹੈ, ਉਹ ਬਾਦਲ ਦਲ ਤੇ ਭਾਜਪਾ ਗਠਜੋੜ ਨੂੰ ਪਹਿਲੋਂ ਹੀ ‘ਹਾਰ ਚੁੱਕਾ’ ਮੰਨ ਕੇ ਚੱਲ ਰਹੀ ਹੈ। ਉਹ ਬੜੀ ਦ੍ਰਿੜ੍ਹਤਾ ਨਾਲ ਕਹਿ ਰਹੇ ਨੇ ਕਿ ਮੁਕਾਬਲਾ ਹੈ ਈ ਕਾਂਗਰਸ ਨਾਲ। ਸੱਤਾਧਾਰੀਆਂ ਨੂੰ ਉਹ ਕਿਸੇ ਗਿਣਤੀ ਵਿਚ ਹੀ ਨਹੀਂ ਸਮਝਦੇ। ਸ੍ਰੀ ਮੁਕਤਸਰ ਸਾਹਿਬ ਦੀ ਰਿਕਾਰਡ ਤੋੜ ਰੈਲੀ ਤੋਂ ਬਾਅਦ ਉਨ੍ਹਾਂ ਦੇ ਚਿਹਰਿਆਂ ‘ਤੇ ਛਾਈ ਹੋਈ ਲਾਲੀ, ਪਹਿਲਾਂ ਨਾਲੋਂ ਵੀ ਵੱਧ ‘ਚਮਕਦੀ ਭਾਅ’ ਮਾਰਨ ਲੱਗ ਪਈ ਹੈ। ‘ਆਪ’ ਵਾਲੇ ਪਹਿਲੇ ਦੋਹਾਂ ਨਾਲੋਂ ਦੋ ਕਦਮ ਹੋਰ ਅੱਗੇ ਜਾ ਕੇ, ਆਪਣੀਆਂ ‘ਜੇਤੂ ਸੀਟਾਂ’ ਦੇ ਅੰਕੜੇ ਵੀ ਦੱਸ ਰਹੇ ਹਨ; ਅਖੇ, ਸੌ ਸੀਟਾਂ ਜਿੱਤ ਕੇ ਸਰਕਾਰ ਬਣਾਵਾਂਗੇ।
ਸਵੈ-ਵਿਸ਼ਵਾਸ, ਦ੍ਰਿੜ੍ਹਤਾ ਅਤੇ ਚੜ੍ਹਦੀ ਕਲਾ ਵਾਲੀ ਭਾਵਨਾ ਨਾਲ ਓਤ-ਪੋਤ ਹੋਏ ‘ਆਪ’ ਵਾਲੇ ਆਪਣੇ ਦੋਹਾਂ ਸ਼ਰੀਕਾਂ ਨੂੰ ਪੰਜਾਬ ਵਿਚ ‘ਗਏ ਗੁਜ਼ਰੇ’ ਦੱਸ ਦੇ ਆਪਣੀ ਪਾਰਟੀ ਨੂੰ ਸਭ ਤੋਂ ਮੂਹਰੇ ਜਾ ਰਹੀ ਪ੍ਰਚਾਰਦੇ ਨੇ।
ਇਨ੍ਹਾਂ ਤਿੰਨਾਂ ਧਿਰਾਂ ਦੇ ਦਾਅਵੇ, ਪ੍ਰਤੀ-ਦਾਅਵੇ, ਪੜ੍ਹਦਿਆਂ-ਸੁਣਦਿਆਂ ਮੈਨੂੰ ਮਿਡਲ ਸਕੂਲ ਸ਼ੇਖਪੁਰ ਬਾਗ ਵਿਚ ਪੜ੍ਹਨ ਵੇਲੇ ਦਾ ਚੁਟਕਲਾ ਯਾਦ ਆ ਗਿਆ। ਸ਼ਨਿਚਰਵਾਰ ਦੀ ਬਾਲ ਸਭਾ ਵਿਚ ਸਾਨੂੰ ਇਹ ਰਾਹੋਂ ਵਾਲੇ ਮਾਸਟਰ ਸ੍ਰੀ ਯਸ਼ਪਾਲ ਪਾਠਕ ਨੇ ਸੁਣਾਇਆ ਸੀ।
ਕਹਿੰਦੇ, ਇਕ ਅਧਿਆਪਕ ਸਕੂਲ ਵਿਚ ਨਵਾਂ-ਨਵਾਂ ਗਿਆ। ਪਹਿਲੇ ਦਿਨ ਉਹ ਖੁਦ ਨੂੰ ‘ਅਲਾਟ’ ਹੋਈ ਕਲਾਸ ਵਿਚ ਗਿਆ ਤੇ ਉਸ ਨੇ ਬੱਚਿਆਂ ਦਾ ਗਿਆਨ ਪੱਧਰ ਪਰਖਣਾ ਚਾਹਿਆ। ਉਸ ਨੇ ਬੱਚਿਆਂ ਨੂੰ ਕਈ ਤਰ੍ਹਾਂ ਦੇ ਸਵਾਲ ਪੁੱਛੇ। ਜਦ ਉਸ ਨੇ ਸਵਾਲ-ਜਵਾਬ ਬੰਦ ਕੀਤੇ ਤਾਂ ਕਲਾਸ ਦਾ ਸ਼ਰਾਰਤੀ ਜਿਹਾ ਮੁੰਡਾ ਉਠ ਕੇ ਕਹਿੰਦਾ, ਮਾਸਟਰ ਜੀ, ਜਿਵੇਂ ਤੁਸੀਂ ਸਾਨੂੰ ਕਈ ਸਵਾਲ ਪੁੱਛੇ ਹਨ, ਕੀ ਮੈਂ ਵੀ ਆਪ ਜੀ ਨੂੰ ਇਕ ਸਵਾਲ ਪੁੱਛ ਸਕਦਾ ਹਾਂ?
ਮਾਸਟਰ ਨੇ ਸੋਚਿਆ ਕਿ ਇਹ ਸਕੂਲੀ ਪਾੜ੍ਹਾ ਛੋਕਰਾ ਮੈਥੋਂ ਕਿਹੜਾ ਅੱਲੋਕਾਰਾ ਸਵਾਲ ਪੁੱਛ ਲਵੇਗਾ। ਉਸ ਨੇ ਬੜੇ ਭਰੋਸੇ ਨਾਲ ਕਿਹਾ, ਹਾਂ ਬੇਟਾ, ਬੇਝਿਜਕ ਹੋ ਕੇ ਪੁੱਛੋ।
“ਮਾਸਟਰ ਜੀ ਗੱਲ ਏਦਾਂ ਐ ਜੀæææ!” ਮੁੰਡੇ ਨੇ ਸਵਾਲ ਪਾਇਆ, “ਧਰਤੀ ‘ਤੇ ਤਿੰਨ ਕੀੜੀਆਂ ਤੁਰੀਆਂ ਜਾ ਰਹੀਆਂ ਸਨ। ਇਕ ਸਭ ਤੋਂ ਮੂਹਰੇ, ਦੂਸਰੀ ਵਿਚਕਾਰ ਅਤੇ ਤੀਜੀ ਸਭ ਤੋਂ ਪਿੱਛੇ।æææਮੂਹਰੇ ਤੁਰੀ ਜਾਂਦੀ ਕੀੜੀ ਕਹਿੰਦੀ ਕਿ ਮੇਰੇ ਪਿੱਛੇ ਦੋ ਕੀੜੀਆਂ ਹੋਰ ਤੁਰੀਆਂ ਆ ਰਹੀਆਂ ਨੇ। ਵਿਚਕਾਰ ਵਾਲੀ ਕਹਿੰਦੀ ਕਿ ਮੇਰੇ ਪਿੱਛੇ ਹਨ ਦੋ ਕੀੜੀਆਂ। ਦੋਹਾਂ ਦੇ ਦਾਅਵੇ ਸੁਣ ਕੇ ਤੀਸਰੀ ਵੀ ਇਹੀ ਬੋਲੀ, ਅਖੇ, ਸਭ ਤੋਂ ਮੂਹਰੇ ਤਾਂ ਮੈਂ ਹਾਂ, ਮੇਰੇ ਪਿੱਛੇ ਨੇ ਦੋ ਕੀੜੀਆਂ!æææਕੀੜੀਆਂ ਦੇ ਇਸ ਰੌਲੇ ਦਾ ਕੀ ਜਵਾਬ ਦਿਉਗੇ ਮਾਸਟਰ ਜੀ?”
ਸ਼ਸ਼ੋਪੰਜ ਵਿਚ ਪਏ ਮਾਸਟਰ ਨੇ ਕਈ ਤਰ੍ਹਾਂ ਦੇ ਜਵਾਬ ਦਿੱਤੇ। ਕਦੇ ਉਹ ਕਹੇ ਕਿ ਹੋ ਸਕਦਾ ਐ ਕਿ ਤਿੰਨ ਦੇ ਪਿੱਛੇ ਦੋ ਬਹੁਤ ਬਰੀਕ ਕੀੜੀਆਂ ਤੁਰੀਆਂ ਆਉਂਦੀਆਂ ਹੋਣਗੀਆਂ। ਕਦੇ ਕੁਝ ਪਲ ਸੋਚ ਕੇ ਕਹੇ ਕਿ ਗਭਲੀ ਤੇ ਸਭ ਤੋਂ ਪਿਛਲੀ ਕੀੜੀ ਕਿਸੇ-ਕਿਸੇ ਵੇਲੇ ਭੱਜ ਕੇ ਮੂਹਰੇ ਹੋ ਜਾਂਦੀਆਂ ਹੋਣਗੀਆਂ। ਕਦੇ ਇਹ ਕਹੇ ਕਿ ਬੇਟਾ, ਹੋ ਸਕਦੈ ਮੂਹਰਲੀ ਕੀੜੀ ਨੂੰ ਛੱਡ ਕੇ, ਪਿਛਲੀਆਂ ਦੋਵੇਂ ਅੰਨ੍ਹੀਆਂ ਹੋਣ? ਇਸ ਕਾਰਨ ਉਨ੍ਹਾਂ ਨੂੰ ਭੁਲੇਖਾ ਲੱਗ ਰਿਹਾ ਹੋਵੇ; ਪਰ ਚਲਾਕ ਮੁੰਡਾ, ਮਾਸਟਰ ਦਾ ਹਰ ਜਵਾਬ ਸੁਣ ਕੇ ‘ਨਾਂਹ’ ਵਿਚ ਸਿਰ ਘੁਮਾਈ ਗਿਆ।
ਵਿਚਾਰੇ ਮਾਸਟਰ ਨੇ ਆਪਣੀ ਇੱਜ਼ਤ ਬਚਾਉਣ ਲਈ ਬੜੇ ‘ਲੱਲੇ-ਭੱਬੇ’ ਲਾਏ, ਪਰ ਉਹ ਸਹੀ ਜਵਾਬ ਨਾ ਦੇ ਸਕਿਆ। ਆਖਰ ਉਹ ਮੁੰਡੇ ਨੂੰ ਬਹਾਨੇ ਨਾਲ ਦਫਤਰ ਵਿਚ ਲੈ ਗਿਆ। ਉਸ ਨੂੰ ਦਸਾਂ ਦਾ ਨੋਟ ਫੜਾਉਂਦਿਆਂ ਕਹਿੰਦਾ, ਬੇਟਾ, ਆਹ ਲੈ ਤੇਰਾ ਇਨਾਮ!æææਕੁਝ ਖਾ-ਪੀ ਲਵੀਂ!! ਇਕ ਤਾਂ ਮੈਨੂੰ ਆਪਣੇ ਸਵਾਲ ਦਾ ਉਤਰ ਦੱਸ ਦੇ, ਤੇ ਦੂਜਾ ਕਲਾਸ ਵਿਚ ਜਾ ਕੇ ਕਹਿ ਦੇਵੀਂ ਕਿ ਮਾਸਟਰ ਜੀ ਨੇ ਸਵਾਲ ਬੁੱਝ ਹੀ ਲਿਆ ਦਫਤਰ ਜਾ ਕੇ!!!
ਭੋਲਾ ਜਿਹਾ ਮੂੰਹ ਬਣਾ ਕੇ ਮੁੰਡਾ ਬੋਲਿਆ, “ਮਾਸਟਰ ਜੀ, ਗੱਲ ਤਾਂ ਸਿਰਫ ਇਨੀ ਐਂ ਕਿ ਵਿਚਕਾਰ ਵਾਲੀ ਕੀੜੀ ਅਤੇ ਅਖੀਰ ਵਾਲੀ ਦੋਵੇਂ ਹੀ ਝੂਠ ਬੋਲਦੀਆਂ ਸਨ।”
ਪੰਜਾਬ ਦੇ ਵਰਤਮਾਨ ਸਿਆਸੀ ਪ੍ਰਚਾਰ-ਪਿੜ ਅਤੇ ਇਸ ਲਤੀਫੇ ਦਾ ਫਰਕ ਸਿਰਫ ਇਨਾ ਕੁ ਹੈ ਕਿ ਸਵਾਲ ਕਰਤਾ ਮੁੰਡੇ ਨੇ ਘੜੀ-ਘੰਟੇ ਵਿਚ ਹੀ ਦੋਹਾਂ ਕੀੜੀਆਂ ਦਾ ਝੂਠ ਨੰਗਾ ਕਰ ਦਿੱਤਾ, ਪਰ ਪੰਜਾਬ ਦੀ ਜਨਤਾ ਨੂੰ ਹਾਲੇ ਸਾਲ ਭਰ ‘ਕੀੜੀਆਂ’ ਦੀ ਕਾਂਵਾਂ-ਰੌਲ਼ੀ ਸੁਣਨੀ ਪੈਣੀ ਹੈ। ਉਂਜ ਜੇ ਨਿਰਪੱਖ ਜਿਹੇ ਭਰੋਸੇਯੋਗ ਸੂਤਰਾਂ ਦੀਆਂ ਕਨਸੋਆਂ ਸੁਣੀਏ ਤਾਂ ਕਹਿੰਦੇ, ਪੰਜਾਬ ਦੇ ਲੋਕ ਮਨ ਬਣਾਈ ਬੈਠੇ ਨੇ ਕਿ ਐਤਕੀਂ ਤਿੰਨਾਂ ਵਿਚੋਂ ਕਿਸ ਕੀੜੀ ਦੇ ਦਾਅਵਿਆਂ ਨੂੰ ‘ਸੱਚੇ’ ਬਣਾਉਣਾ ਹੈ ਅਤੇ ਕਿਹੜੀਆਂ ਦੋਹਾਂ ਦੇ ਦਮਗਜਿਆਂ ਨੂੰ ‘ਗਪੌੜ’ ਬਣਾ ਦੇਣਾ ਹੈ।
ਬਜਾ (ਠੀਕ) ਕਹੇ ਜਿਸੇ ਆਲਮ ਉਸੇ ਬਜਾ ਸਮਝੋ
ਜ਼ਬਾਨੇ-ਖ਼ਲਕ ਕੋ ਨੱਕਾਰਾ-ਏ-ਖ਼ੁਦਾ ਸਮਝੋ। (ਜ਼ੌਕ)