ਮੈਂ ਨਾਸਤਿਕ ਕਿਉਂ ਹਾਂ?

ਭਗਤ ਸਿੰਘ ਦੀ ਕਲਮ ਤੋਂæææ
23 ਮਾਰਚ ਨੂੰ ਸ਼ਹੀਦੀ ਦਿਨ ‘ਤੇ ਵਿਸ਼ੇਸ਼

ਚਾਰ ਅਕਤੂਬਰ 1930 ਨੂੰ ਭਾਈ ਰਣਧੀਰ ਸਿੰਘ ਜਿਨ੍ਹਾਂ ਨੂੰ ਗਦਰ ਪਾਰਟੀ ਦੇ ਨਾਲ ਸੰਪਰਕ ਕਰ ਕੇ ਕੈਦ ਹੋਈ ਸੀ, ਰਿਹਾਈ ਤੋਂ ਪਹਿਲਾਂ ਉਨ੍ਹਾਂ ਦੀ ਭਗਤ ਸਿੰਘ ਨਾਲ ਮੁਲਾਕਾਤ ਹੋਈ। ਮੁਲਾਕਾਤ ਕਰਵਾਉਣ ਵਿਚ ਗਦਰੀ ਬਾਬੇ ਹਰਨਾਮ ਸਿੰਘ ਕਾਲਾ ਸੰਘਿਆਂ ਮਦਦਗਾਰ ਸਨ। ਮੁਲਾਕਾਤ ਤੋਂ ਪਹਿਲਾਂ ਵੀ ਕੁਝ ਤਰਕ ਤੇ ਤਕਰਾਰ, ਭਗਤ ਸਿੰਘ ਤੇ ਭਾਈ ਰਣਧੀਰ ਸਿੰਘ ਵਿਚ ਹੋਇਆ ਸੀ। ਗਦਰੀ ਬਾਬਿਆਂ ਦੇ ਸੁਝਾਅ ਉਤੇ ਭਗਤ ਸਿੰਘ ਨੇ ਭਾਈ ਰਣਧੀਰ ਸਿੰਘ ਨਾਲ ਮੁਲਾਕਾਤ ਕਰਨ ਦੀ ਹਾਮੀ ਭਰੀ, ਪਰ ਉਨ੍ਹਾਂ (ਭਾਈ ਰਣਧੀਰ ਸਿੰਘ) ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ

ਭਗਤ ਸਿੰਘ ਨੇ ਕੇਸ ਕਤਲ ਕਰਵਾਏ ਹੋਏ ਹਨ। ਜਵਾਬ ਵਿਚ ਭਗਤ ਸਿੰਘ ਨੇ ਚਿੱਠੀ ਲਿਖ ਭੇਜੀ- “ਮੈਂ ਸਿੱਖੀ ਦੀ ਬੰਦ-ਬੰਦ ਕਟਵਾਉਣ ਦੀ ਰਵਾਇਤ ਦਾ ਕਾਇਲ ਹਾਂ, ਅਜੇ ਤਾਂ ਮੈਂ ਇਕ ਬੰਦ ਕਟਵਾਇਆ ਹੈ, ਉਹ ਵੀ ਪੇਟ ਲਈ ਨਹੀਂ, ਦੇਸ਼ ਲਈ। ਜਲਦੀ ਹੀ ਗਰਦਨ ਵੀ ਕਟਵਾਵਾਂਗਾ। ਇਕ ਸਿੱਖ ਦੀ ਤੰਗਨਜ਼ਰੀ ਤੇ ਤੰਗਦਿਲੀ ਦਾ ਗਿਲਾ ਜ਼ਰੂਰ ਰਹੇਗਾ।” ਇਸ ਤੋਂ ਬਾਅਦ ਭਾਈ ਰਣਧੀਰ ਸਿੰਘ ਮੁਲਾਕਾਤ ਲਈ ਆਏ। ਇਕ ਵਾਰ ਇਸੇ ਵਿਸ਼ੇ ‘ਤੇ ਬਾਬਾ ਸੋਹਣ ਸਿੰਘ ਭਕਨਾ ਨਾਲ ਗੱਲ ਕਰਦਿਆਂ ਭਗਤ ਸਿੰਘ ਨੇ ਕਿਹਾ ਸੀ, “ਸਾਡੇ ਪੁਰਾਣੇ ਵਿਰਸੇ ਦੇ ਦੋ ਪੱਖ ਹੁੰਦੇ ਹਨ, ਇਕ ਸਭਿਆਚਾਰਕ ਅਤੇ ਦੂਜਾ ਮਿਥਿਹਾਸਕ। ਮੈਂ ਸਭਿਆਚਾਰਕ ਗੁਣਾਂ ਜਿਵੇਂ ਨਿਸ਼ਕਾਮ ਦੇਸ਼ ਸੇਵਾ, ਕੁਰਬਾਨੀ, ਅਕੀਦੇ ਤੇ ਅਟੱਲ ਰਹਿਣ ਨੂੰ ਪੂਰੀ ਸੱਚਾਈ ਨਾਲ ਅਪਨਾ ਕੇ ਅੱਗੇ ਵਧਾਉਣ ਦੀ ਕੋਸ਼ਿਸ਼ ਵਿਚ ਹਾਂ, ਪਰ ਮਿਥਿਹਾਸਕ ਵਿਚਾਰ ਜੋ ਪੁਰਾਣੇ ਸਮੇਂ ਦੀ ਸਮਝ ਮੁਤਾਬਕ ਹਨ, ਨੂੰ ਉਵੇਂ ਦੇ ਉਵੇਂ ਮੰਨਣ ਲਈ ਬਿਲਕੁਲ ਤਿਆਰ ਨਹੀਂ ਹਾਂ; ਕਿਉਂਕਿ ਵਿਗਿਆਨ ਨੇ ਗਿਆਨ ਵਿਚ ਬਹੁਤ ਵਾਧਾ ਕੀਤਾ ਹੈ ਤੇ ਵਿਗਿਆਨਕ ਵਿਚਾਰ ਅਪਨਾਇਆਂ ਹੀ ਭਵਿੱਖ ਦੇ ਮਸਲੇ ਹੱਲ ਕਰ ਸਕਦੇ ਹਾਂ।” ਇਸ ਬਾਰੇ ਵਿਸਥਾਰ ਸਹਿਤ ਖੁਲਾਸਾ ਉਨ੍ਹਾਂ ਆਪਣੇ ਲੰਮੇ ਲੇਖ ‘ਮੈਂ ਨਾਸਤਿਕ ਕਿਉਂ ਹਾਂ?’ ਵਿਚ ਕੀਤਾ ਹੈ। ਇਹ ਦਸਤਾਵੇਜ਼ ਜਿਥੇ ਭਾਈ ਰਣਧੀਰ ਸਿੰਘ ਵੱਲੋਂ ਉਠਾਏ ਸਵਾਲਾਂ ਦੇ ਜਵਾਬ ਦੇ ਰੂਪ ਵਿਚ ਹੈ, ਉਥੇ ਭਗਤ ਸਿੰਘ ਦੀ ਆਪਣੇ ਵਿਚਾਰ ਵਿਕਾਸ ਦੀ ਸਵੈ-ਪੜਚੋਲ ਤੇ ਵਿਚਾਰਾਂ ਦਾ ਅਹਿਮ ਪ੍ਰਮਾਣ ਵੀ ਹੈ। ਇਹ ਲੇਖ ਉਨ੍ਹਾਂ ਭਾਈ ਰਣਧੀਰ ਸਿੰਘ ਨਾਲ ਮੁਲਾਕਾਤ ਤੋਂ ਬਾਅਦ, 5-6, ਅਕਤੂਬਰ 1930 ਨੂੰ ਲਿਖਿਆ ਸੀ। ਇਸ ਦਾ ਅਗਲਾ ਹਿੱਸਾ ਅਗਲੇ ਅੰਕ ਵਿਚ ਛਾਪਿਆ ਜਾਵੇਗਾ। -ਸੰਪਾਦਕ

ਨਵੀਂ ਸਮੱਸਿਆ ਖੜ੍ਹੀ ਹੋ ਗਈ ਹੈ: ਕੀ ਸਰਬ ਸ਼ਕਤੀਮਾਨ, ਸਰਬ ਵਿਆਪਕ ਤੇ ਸਰਬ ਹਿਤਕਾਰੀ ਰੱਬ ਦੀ ਹੋਂਦ ਵਿਚ ਮੇਰਾ ਅਵਿਸ਼ਵਾਸ, ਮੇਰੇ ਅਹੰਕਾਰ ਕਰ ਕੇ ਹੈ? ਮੈਨੂੰ ਕਦੇ ਚਿੱਤ-ਚੇਤਾ ਵੀ ਨਹੀਂ ਸੀ ਕਿ ਮੈਨੂੰ ਕਿਸੇ ਵੇਲੇ ਇਹੋ ਜਿਹੀ ਸਮੱਸਿਆ ਦਾ ਸਾਹਮਣਾ ਕਰਨਾ ਪਏਗਾ। ਆਪਣੇ ਕੁਝ ਦੋਸਤਾਂ ਨਾਲ ਗੱਲਬਾਤ ਕਰਨ ਤੋਂ ਪਤਾ ਲੱਗਾ ਕਿ ਮੇਰੇ ਕੁਝ ਦੋਸਤਾਂ (ਜੇ ਦੋਸਤੀ ਦਾ ਦਾਅਵਾ ਗ਼ਲਤ ਨਾ ਹੋਵੇ) ਨੇ ਮੇਰੇ ਨਾਲ ਥੋੜ੍ਹੇ ਜਿਹੇ ਮੇਲ-ਜੋਲ ਮਗਰੋਂ (ਭਾਈ ਰਣਧੀਰ ਸਿੰਘ ਵੱਲ ਇਸ਼ਾਰਾ) ਹੀ ਇਹ ਸਿੱਟਾ ਕੱਢ ਲਿਆ ਕਿ ਮੇਰਾ ਰੱਬ ਦੀ ਹੋਂਦ ਤੋਂ ਮੁਨਕਰ ਹੋਣਾ ਮੇਰੀ ਹਿਮਾਕਤ ਹੈ ਤੇ ਇਹ ਵੀ ਕਿ ਮੇਰਾ ਅਹੰਕਾਰ ਹੀ ਮੇਰੇ ਅਵਿਸ਼ਵਾਸ ਦਾ ਕਾਰਨ ਹੈ। ਫਿਰ ਵੀ ਸਮੱਸਿਆ ਤਾਂ ਗੰਭੀਰ ਹੀ ਹੈ। ਇਨ੍ਹਾਂ ਇਨਸਾਨੀ ਵਤੀਰਿਆਂ ਤੋਂ ਉਪਰ ਹੋਣ ਦਾ ਮੈਂ ਦਾਅਵਾ ਨਹੀਂ ਕਰਦਾ। ਮੈਂ ਵੀ ਆਖਰ ਇਨਸਾਨ ਹਾਂ, ਇਸ ਤੋਂ ਵੱਧ ਕੁਝ ਨਹੀਂ ਹੈ, ਤੇ ਨਾ ਹੀ ਕੋਈ ਇਸ ਤੋਂ ਵੱਧ ਹੋਣ ਦਾ ਦਾਅਵਾ ਕਰ ਸਕਦਾ ਹੈ। ਮੇਰੇ ਅੰਦਰ ਵੀ ਇਕ ਕਮਜ਼ੋਰੀ ਹੈ। ਅਹੰਕਾਰ (ਵਅਨਟੇ) ਮੇਰੇ ਸੁਭਾਅ ਦਾ ਵੀ ਅੰਗ ਹੈ। ਮੈਂ ਆਪਣੇ ਸਾਥੀਆਂ ਵਿਚ ਤਾਨਾਸ਼ਾਹ ਕਰ ਕੇ ਜਾਣਿਆ ਜਾਂਦਾ ਸਾਂ। ਇਥੋਂ ਤੱਕ ਕਿ ਮੇਰਾ ਦੋਸਤ ਬੀæਕੇæ ਦੱਤ ਕਦੀ ਕਦੀ ਤਾਨਾਸ਼ਾਹ ਕਹਿੰਦਾ ਹੁੰਦਾ ਸੀ। ਕਈ ਮੌਕਿਆਂ ਉਤੇ ਮੈਨੂੰ ਹੈਂਕੜਬਾਜ਼ ਵੀ ਕਿਹਾ ਗਿਆ। ਕੁਝ ਦੋਸਤ ਪੂਰੀ ਗੰਭੀਰਤਾ ਨਾਲ ਮੇਰੇ ਉਤੇ ਦੋਸ਼ ਲਾਉਂਦੇ ਰਹੇ ਕਿ ਮੈਂ ਦੂਜਿਆਂ ‘ਤੇ ਆਪਣੀ ਰਾਇ ਮੜ੍ਹਦਾ ਹਾਂ ਤੇ ਆਪਣੀ ਗੱਲ ਮੰਨਵਾ ਲੈਂਦਾ ਹਾਂ। ਮੈਂ ਇਨਕਾਰ ਨਹੀਂ ਕਰਦਾ ਕਿ ਇਹ ਗੱਲ ਕਿਸੇ ਹੱਦ ਤੱਕ ਸਹੀ ਹੈ। ਇਸ ਨੂੰ ਅਹੰਵਾਦ (eਗੋਟਸਿਮ) ਵੀ ਕਿਹਾ ਜਾ ਸਕਦਾ ਹੈ। ਜਿਥੋਂ ਤੱਕ ਸਮਾਜ ਦੀਆਂ ਰੂੜ੍ਹੀਵਾਦੀ ਰਵਾਇਤਾਂ ਦੇ ਵਿਰੋਧ ਦਾ ਸਵਾਲ ਹੈ, ਮੈਂ ਅਹੰਕਾਰੀ ਹਾਂ, ਪਰ ਇਹ ਜ਼ਾਤੀ ਗੱਲ ਨਹੀਂ। ਇਹ ਆਪਣੇ ਵਿਚਾਰਾਂ ‘ਤੇ ਮਾਣ ਵਾਲੀ ਗੱਲ ਹੈ। ਇਸ ਨੂੰ ਅਹੰਕਾਰ ਨਹੀਂ ਕਿਹਾ ਜਾ ਸਕਦਾ। ਅਭਿਮਾਨ, ਜਾਂ ਕਹਿ ਲਓ ਅਹੰਕਾਰ ਕਿਸੇ ਮਨੁੱਖ ਵਿਚ ਲੋੜੋਂ ਵੱਧ ਆਪਣੇ ਆਪ ਮਾਣ ਦਾ ਪ੍ਰਗਟਾਵਾ ਹੁੰਦਾ ਹੈ। ਕੀ ਮੈਂ ਬੇਲੋੜੇ ਮਾਣ ਕਰ ਕੇ ਨਾਸਤਿਕ ਬਣਿਆ ਹਾਂ, ਜਾਂ ਇਸ ਵਿਸ਼ੇ ਬਾਰੇ ਡੂੰਘਾ ਮੁਤਾਲਿਆ ਤੇ ਗੰਭੀਰ ਸੋਚ ਵਿਚਾਰ ਮਗਰੋਂ ਨਾਸਤਿਕ ਬਣਿਆ ਹਾਂ? ਇਹ ਸਵਾਲ ਹੈ ਜਿਸ ਬਾਰੇ ਮੈਂ ਇਥੇ ਚਰਚਾ ਕਰਨਾ ਚਾਹੁੰਦਾ ਹਾਂ; ਇਸ ਤੋਂ ਪਹਿਲਾਂ ਇਹ ਨਬੇੜਾ ਕਰ ਲਈਏ ਕਿ ਅਭਿਮਾਨ (eਗੋਟਸਿਮ) ਤੇ ਅਹੰਕਾਰ (ਵਅਨਟੇ) ਦੋ ਅਲੱਗ ਅਲੱਗ ਗੱਲਾਂ ਹੁੰਦੀਆਂ ਹਨ।
ਮੈਨੂੰ ਇਸ ਗੱਲ ਦੀ ਹੁਣ ਤੱਕ ਸਮਝ ਨਹੀਂ ਆਈ ਕਿ ਬੇਲੋੜਾ ਮਾਣ ਜਾਂ ਫੋਕਾ ਅਭਿਮਾਨ ਮਨੁੱਖ ਲਈ ਆਸਤਿਕਤਾ ਦੇ ਰਾਹ ਦਾ ਰੋੜਾ ਕਿਵੇਂ ਬਣ ਸਕਦੇ ਹਨ। ਮੈਂ ਕਿਸੇ ਸੱਚੀਂ-ਮੁੱਚੀਂ ਦੇ ਮਹਾਨ ਬੰਦੇ ਦੀ ਮਹਾਨਤਾ ਤੋਂ ਮੁਨਕਰ ਹੋ ਸਕਦਾ ਹਾਂ, ਬਸ਼ਰਤਿ ਮੈਨੂੰ ਐਵੇਂ ਰਾਹ ਜਾਂਦੇ ਹੀ ਸ਼ੁਹਰਤ ਹੱਥ ਲੱਗ ਗਈ ਹੋਵੇ, ਜਾਂ ਮਹਾਨ ਹੋਣ ਲਈ ਸੱਚੀਂ-ਮੁੱਚੀਂ ਲੋੜੀਂਦੇ ਗੁਣ ਹੀ ਮੇਰੇ ਵਿਚ ਨਾ ਹੋਣ। ਇਹ ਗੱਲ ਸਮਝ ਪੈਂਦੀ ਹੈ, ਪਰ ਇਹ ਕਿਵੇਂ ਹੋ ਸਕਦਾ ਹੈ ਕਿ ਕੋਈ ਆਸਤਿਕ ਆਪਣੇ ਅਹੰਕਾਰ ਕਰ ਕੇ ਨਾਸਤਿਕ ਹੋ ਜਾਵੇ! ਸਿਰਫ ਦੋ ਗੱਲਾਂ ਹੋ ਸਕਦੀਆਂ ਹਨ: ਜਾਂ ਤਾਂ ਮਨੁੱਖ ਖੁਦ ਨੂੰ ਖੁਦਾ ਦਾ ਰਕੀਬ ਸਮਝਣ ਲੱਗੇ, ਤੇ ਜਾਂ ਫਿਰ ਖੁਦ ਹੀ ਖੁਦਾ ਬਣ ਬੈਠੇ। ਦੋਵੇਂ ਹਾਲਾਤ ਵਿਚ ਉਹ ਸਹੀ ਨਾਸਤਿਕ ਨਹੀਂ ਹੋ ਸਕਦਾ। ਪਹਿਲੀ ਸੂਰਤ ਵਿਚ ਉਹ ਰਕੀਬ ਦੀ ਹੋਂਦ ਤੋਂ ਮੁਨਕਰ ਨਹੀਂ ਹੁੰਦਾ। ਦੂਸਰੀ ਸੂਰਤ ਵਿਚ ਵੀ ਉਹ ਸੁਚੇਤ ਸੱਤਾ (ਬeਨਿਗ) ਦੀ ਹੋਂਦ ਨੂੰ ਮੰਨਦਾ ਹੈ ਜੋ ਪਰਦੇ ਪਿਛਿਉਂ ਸਾਰੀ ਪ੍ਰਕ੍ਰਿਤੀ ਨੂੰ ਚਲਾ ਰਹੀ ਹੈ। ਇਸ ਦੀ ਸਾਡੇ ਲਈ ਕੋਈ ਅਹਿਮੀਅਤ ਨਹੀਂ ਕਿ ਉਹ ਖੁਦ ਨੂੰ ਖੁਦਾ ਸਮਝਦਾ ਹੈ, ਜਾਂ ਖੁਦਾ ਨੂੰ ਖੁਦ ਤੋਂ ਅਲੱਗ ਕੋਈ ਪਰਮ-ਸੱਤਾ ਮੰਨਦਾ ਹੈ। ਅਸਲ ਨੁਕਤਾ ਇਹ ਹੈ- ਦੋਵੇਂ ਹਾਲਾਤ ਵਿਚ ਉਹਦਾ ਰੱਬ ਵਿਚ ਵਿਸ਼ਵਾਸ ਕਾਇਮ ਰਹਿੰਦਾ ਹੈ। ਉਹ ਕਿਸੇ ਤਰ੍ਹਾਂ ਵੀ ਨਾਸਤਿਕ ਨਹੀਂ। ਇਹੋ ਮੈਂ ਆਖਣਾ ਚਾਹੁੰਦਾ ਹਾਂ। ਮੈਂ ਉਪਰਲੀਆਂ ਦੋਹਾਂ ਕਿਸਮਾਂ ਵਿਚ ਨਹੀਂ ਆਉਂਦਾ।
ਮੈਂ ਕਿਸੇ ਵੀ ਸਰਬ ਸ਼ਕਤੀਮਾਨ ਜਾਂ ਸਰਬੋਪਰੀ-ਸੱਤਾ ਦੀ ਹੋਂਦ ਤੋਂ ਮੂਲੋਂ ਹੀ ਇਨਕਾਰੀ ਹਾਂ। ਇੰਜ ਕਿਉਂ ਹੈ, ਮੈਂ ਇਹਦੇ ਬਾਰੇ ਅੱਗੇ ਚੱਲ ਕੇ ਚਰਚਾ ਕਰਾਂਗਾ। ਇਥੇ ਮੈਂ ਇਹ ਗੱਲ ਸਪਸ਼ਟ ਕਰ ਦੇਣੀ ਚਾਹੁੰਦਾ ਹਾਂ ਕਿ ਮੈਂ ਅਹੰਕਾਰ ਕਰ ਕੇ ਨਾਸਤਿਕਤਾ ਦੇ ਸਿਧਾਂਤ ਦਾ ਧਾਰਨੀ ਨਹੀਂ ਹੋਇਆ। ਨਾ ਤਾਂ ਮੈਂ ਖੁਦਾ ਦਾ ਰਕੀਬ ਹਾਂ, ਨਾ ਕੋਈ ਰੱਬੀ ਅਵਤਾਰ ਤੇ ਨਾ ਹੀ ਆਪ ਪਰਮਾਤਮਾ ਹਾਂ। ਇਕ ਗੱਲ ਤਾਂ ਪੱਕੀ ਹੈ ਕਿ ਅਹੰਕਾਰ ਕਾਰਨ ਮੈਂ ਇਹ ਸੋਚਣੀ ਨਹੀਂ ਅਪਨਾਈ। ਇਸ ਇਲਜ਼ਾਮ ਦਾ ਜਵਾਬ ਦੇਣ ਲਈ ਮੈਂ ਤੱਥ ਬਿਆਨ ਕਰਦਾ ਹਾਂ। ਮੇਰੇ ਦੋਸਤ ਕਹਿੰਦੇ ਹਨ ਕਿ ਦਿੱਲੀ ਬੰਬ ਅਤੇ ਲਾਹੌਰ ਸਾਜ਼ਿਸ਼ ਕੇਸਾਂ ਦੌਰਾਨ ਮੈਨੂੰ ਜਿਹੜੀ ਬੇਲੋੜੀ ਸ਼ੁਹਰਤ ਮਿਲੀ, ਉਸ ਕਾਰਨ ਮੇਰੇ ਵਿਚ ਫੋਕੀ ਸ਼ਾਨ ਆ ਗਈ ਹੈ। ਆਓ, ਆਪਾਂ ਦੇਖੀਏ ਕਿ ਉਨ੍ਹਾਂ ਦੇ ਕਥਨ ਕਿਥੋਂ ਤੱਕ ਠੀਕ ਹਨ।
ਪਿਛੇ ਜਿਹੇ ਵਾਪਰੀਆਂ ਘਟਨਾਵਾਂ ਕਾਰਨ ਮੈਂ ਨਾਸਤਿਕ ਨਹੀਂ ਹੋਇਆ, ਮੈਂ ਤਾਂ ਉਦੋਂ ਹੀ ਰੱਬ ਨੂੰ ਮੰਨਣੋਂ ਹਟ ਗਿਆ ਸੀ, ਜਦ ਮੈਂ ਨਾਮਾਲੂਮ ਨੌਜਵਾਨ ਸੀ, ਜਦ ਮੇਰੇ ਉਪਰੋਕਤ ਦੋਸਤ ਰੱਬ ਦੀ ਹੋਂਦ ਤੋਂ ਸੁਚੇਤ ਵੀ ਨਹੀਂ ਸਨ। ਘੱਟੋ-ਘੱਟ ਕਾਲਜ ਦਾ ਕੋਈ ਵਿਦਿਆਰਥੀ ਇੰਨਾ ਅਭਿਮਾਨੀ ਨਹੀਂ ਹੋ ਸਕਦਾ ਕਿ ਉਹ ਨਾਸਤਿਕ ਹੋ ਜਾਏ। ਕੁਝ ਪ੍ਰੋਫੈਸਰ ਭਾਵੇਂ ਮੈਨੂੰ ਪਸੰਦ ਕਰਦੇ ਸਨ ਤੇ ਕੁਝ ਨਾਪਸੰਦ, ਪਰ ਮੈਂ ਕਦੇ ਵੀ ਮਿਹਨਤੀ ਮੁੰਡਾ ਨਹੀਂ ਸੀ। ਅਹੰਕਾਰ ਵਰਗੇ ਵਿਚਾਰ ਰੱਖਣ ਦਾ ਮੈਨੂੰ ਕੋਈ ਮੌਕਾ ਨਹੀਂ ਮਿਲਿਆ ਸੀ। ਮੈਂ ਬਹੁਤ ਸੰਙਾਊ ਸੁਭਾਅ ਵਾਲਾ ਤੇ ਭਵਿੱਖ ਬਾਰੇ ਉਲਝਿਆ ਰਹਿਣ ਵਾਲਾ ਮੁੰਡਾ ਸੀ ਤੇ ਉਨ੍ਹਾਂ ਦਿਨਾਂ ਵਿਚ ਮੈਂ ਪੱਕਾ ਨਾਸਤਿਕ ਨਹੀਂ ਸੀ। ਮੈਂ ਆਪਣੇ ਬਾਬਾ ਜੀ ਦੇ ਅਸਰ ਹੇਠ ਵੱਡਾ ਹੋਇਆ ਸੀ ਤੇ ਉਹ ਪੱਕੇ ਆਰੀਆ ਸਮਾਜੀ ਸਨ। ਕੋਈ ਆਰੀਆ ਸਮਾਜੀ ਹੋਰ ਤਾਂ ਸਭ ਕੁਝ ਹੋ ਸਕਦਾ ਹੈ, ਪਰ ਨਾਸਤਿਕ ਨਹੀਂ। ਮੈਂ ਆਪਣੀ ਪ੍ਰਾਇਮਰੀ ਦੀ ਪੜ੍ਹਾਈ ਮੁਕਾ ਕੇ ਲਾਹੌਰ ਦੇ ਡੀæਏæਵੀæ ਸਕੂਲ ਵਿਚ ਦਾਖ਼ਲ ਹੋ ਗਿਆ ਅਤੇ ਇਹਦੇ ਬੋਰਡਿੰਗ ਹਾਊਸ ਵਿਚ ਪੂਰਾ ਇਕ ਸਾਲ ਰਿਹਾ। ਉਥੇ ਸਵੇਰ ਤੇ ਤ੍ਰਿਕਾਲ ਸੰਧਿਆ ਦੀਆਂ ਪ੍ਰਾਰਥਨਾਵਾਂ ਤੋਂ ਛੁੱਟ ਮੈਂ ਘੰਟਿਆਂ-ਬੱਧੀ ਗਾਇਤ੍ਰੀ ਮੰਤਰ ਦਾ ਜਾਪ ਕਰਦਾ ਸੀ। ਮੈਂ ਉਨ੍ਹਾਂ ਦਿਨਾਂ ਵਿਚ ਪੱਕਾ ਸ਼ਰਧਾਲੂ ਸੀ। ਫਿਰ ਮੈਂ ਆਪਣੇ ਪਿਤਾ ਜੀ ਨਾਲ ਰਹਿਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਧਾਰਮਿਕ ਦ੍ਰਿਸ਼ਟੀਕੋਣ ਉਦਾਰ ਸੀ। ਉਨ੍ਹਾਂ ਦੀਆਂ ਸਿੱਖਿਆਵਾਂ ਸਦਕਾ ਹੀ ਮੈਂ ਆਪਣੀ ਜ਼ਿੰਦਗੀ ਆਜ਼ਾਦੀ ਦੇ ਆਦਰਸ਼ ਨੂੰ ਅਰਪੀ, ਪਰ ਉਹ ਨਾਸਤਿਕ ਨਹੀਂ ਸਨ। ਉਨ੍ਹਾਂ ਦਾ ਰੱਬ ਵਿਚ ਪੱਕਾ ਅਕੀਦਾ ਸੀ। ਮੈਨੂੰ ਉੁਹ ਹਰ ਰੋਜ਼ ਪ੍ਰਾਰਥਨਾ ਕਰਨ ਲਈ ਕਹਿੰਦੇ ਹੁੰਦੇ ਸਨ। ਸੋ, ਮੇਰੀ ਪਰਵਰਿਸ਼ ਇਸ ਢੰਗ ਨਾਲ ਹੋਈ।
ਨਾਮਿਲਵਰਤਨ ਦੇ ਦਿਨਾਂ ਦੌਰਾਨ ਮੈਂ ਨੈਸ਼ਨਲ ਕਾਲਜ ਵਿਚ ਦਾਖ਼ਲ ਹੋ ਗਿਆ। ਉਥੇ ਹੀ ਮੈਂ ਸਾਰੀਆਂ ਧਾਰਮਿਕ ਸਮੱਸਿਆਵਾਂ ਬਾਰੇ, ਇਥੋਂ ਤੱਕ ਕਿ ਰੱਬ ਬਾਰੇ ਵੀ ਖੁੱਲ੍ਹੇ ਤੌਰ ‘ਤੇ ਸੋਚਣਾ ਤੇ ਇਨ੍ਹਾਂ ਬਾਰੇ ਵਿਚਾਰ ਚਰਚਾ ਕਰਨੀ ਸ਼ੁਰੂ ਕਰ ਦਿੱਤੀ, ਪਰ ਮੇਰਾ ਉਦੋਂ ਵੀ ਰੱਬ ਵਿਚ ਪੱਕਾ ਯਕੀਨ ਸੀ। ਉਦੋਂ ਮੈਂ ਦਾੜ੍ਹੀ ਕੇਸ ਰੱਖ ਲਏ ਸੀ, ਪਰ ਤਾਂ ਵੀ ਮੈਂ ਸਿੱਖੀ ਦੇ ਮਿਥਿਹਾਸ ਜਾਂ ਸਿਧਾਂਤ ਜਾਂ ਕਿਸੇ ਹੋਰ ਧਰਮ ਵਿਚ ਵਿਸ਼ਵਾਸ ਨਾ ਕਰ ਸਕਿਆ, ਪਰ ਰੱਬ ਦੀ ਹੋਂਦ ਵਿਚ ਮੇਰਾ ਪੱਕਾ ਵਿਸ਼ਵਾਸ ਸੀ।
ਫਿਰ ਮੈਂ ਇਨਕਲਾਬੀ ਪਾਰਟੀ ਵਿਚ ਸ਼ਾਮਲ ਹੋ ਗਿਆ। ਮੈਂ ਜਿਸ ਪਹਿਲੇ ਆਗੂ ਨੂੰ ਮਿਲਿਆ, ਉਹ ਰੱਬ ਦੀ ਹੋਂਦ ਤੋਂ ਇਨਕਾਰੀ ਹੋਣ ਦਾ ਹੌਸਲਾ ਤੱਕ ਨਹੀਂ ਕਰ ਸਕਦਾ ਸੀ, ਭਾਵੇਂ ਉਹ ਇਹਦੇ ਬਾਰੇ ਪੂਰੀ ਤਰ੍ਹਾਂ ਸੁਚੇਤ ਨਹੀਂ ਸੀ। ਮੈਂ ਉਹਦੇ ਕੋਲੋਂ ਰੱਬ ਬਾਰੇ ਵਾਰ ਵਾਰ ਪੁੱਛਣਾ ਤਾਂ ਉਨ੍ਹਾਂ ਆਖ ਛੱਡਣਾ: “ਜਦ ਤੇਰਾ ਦਿਲ ਕਰੇ, ਰੱਬ ਨੂੰ ਧਿਆ ਲਿਆ ਕਰ।” ਨਾਸਤਿਕਤਾ ਦੇ ਸਿਧਾਂਤ ਨੂੰ ਮੰਨਣ ਲਈ ਜੋ ਹੌਸਲਾ ਚਾਹੀਦਾ ਹੈ, ਇਹ ਉਹ ਹੌਸਲੇ ਤੋਂ ਬਿਨਾਂ ਨਾਸਤਿਕਤਾ ਹੈ। ਮੈਂ ਜਿਸ ਦੂਜੇ ਆਗੂ ਨੂੰ ਮਿਲਿਆ, ਉਹਦਾ ਰੱਬ ਵਿਚ ਪੱਕਾ ਵਿਸ਼ਵਾਸ ਸੀ। ਮੈਂ ਤੁਹਾਨੂੰ ਉਹਦਾ ਨਾਂ ਦੱਸਦਾਂ- ਮਾਣਯੋਗ ਕਾਮਰੇਡ ਸਚੀਂਦਰ ਨਾਥ ਸਾਨਿਆਲ ਜੋ ਹੁਣ ਕਰਾਚੀ ਸਾਜ਼ਿਸ਼ ਕੇਸ ਸਬੰਧੀ ਉਮਰ ਕੈਦ ਭੁਗਤ ਰਹੇ ਹਨ। ਉਨ੍ਹਾਂ ਦੀ ਪ੍ਰਸਿੱਧ ਤੇ ਇਕੋ ਇਕ ਕਿਤਾਬ ‘ਬੰਦੀ ਜੀਵਨ’ ਵਿਚ ਪਹਿਲੇ ਸਫ਼ੇ ਤੋਂ ਹੀ ਰੱਬ ਦੀ ਸ਼ਾਨ ਦੀ ਜ਼ੋਰਦਾਰ ਮਹਿਮਾ ਗਾਈ ਗਈ ਹੈ। ਇਸ ਖੂਬਸੂਰਤ ਕਿਤਾਬ ਦੇ ਦੂਜੇ ਭਾਗ ਦੇ ਆਖਰੀ ਸਫ਼ੇ ਵਿਚ ਉਹਦੀ ਵੇਦਾਂਤਵਾਦ ਕਾਰਨ ਰੱਬ ਦੀ ਅਧਿਆਤਮਕ ਮਹਿਮਾ ਉਨ੍ਹਾਂ ਦੇ ਵਿਚਾਰਾਂ ਦਾ ਸਾਰ ਹੈ। ਇਸਤਗਾਸੇ ਦੀ ਕਹਾਣੀ ਮੁਤਾਬਕ ਜੋ ਇਨਕਲਾਬੀ ਪਰਚਾ 28 ਜਨਵਰੀ 1925 ਨੂੰ ਹਿੰਦੋਸਤਾਨ ਭਰ ਵਿਚ ਵੰਡਿਆ ਗਿਆ ਸੀ, ਉਹ ਇਨ੍ਹਾਂ ਦੇ ਦਿਮਾਗ ਦਾ ਸਿੱਟਾ ਸੀ। ਜਿਵੇਂ ਹੁੰਦਾ ਹੀ ਹੈ ਕਿ ਗੁਪਤ ਸਰਗਰਮੀ ਵਿਚ ਕੋਈ ਉਘਾ ਆਗੂ ਆਪਣੇ ਵਿਚਾਰ ਪ੍ਰਗਟਾਉਂਦਾ ਹੈ ਜੋ ਉਹਨੂੰ ਬੜੇ ਪਿਆਰੇ ਹੁੰਦੇ ਹਨ ਅਤੇ ਦੂਜੇ ਕਾਰਕੁਨਾਂ ਨੂੰ ਮਤਭੇਦਾਂ ਦੇ ਬਾਵਜੂਦ ਉਨ੍ਹਾਂ ਨਾਲ ਸਹਿਮਤੀ ਪ੍ਰਗਟਾਉਣੀ ਪੈਂਦੀ ਹੈ।
ਉਸ ਪਰਚੇ ਵਿਚ ਇਕ ਪੂਰਾ ਪੈਰਾ ਸਰਵੇਸ਼ਰ ਤੇ ਉਹਦੀਆਂ ਲੀਲਾਵਾਂ ਬਾਰੇ ਸੀ। ਇਹ ਰਹੱਸਵਾਦ ਹੈ। ਮੈਂ ਆਖਣਾ ਇਹ ਚਾਹੁੰਦਾ ਹਾਂ ਕਿ ਉਦੋਂ ਇਨਕਲਾਬੀ ਪਾਰਟੀ ਵਿਚ ਰੱਬ ਦੀ ਹੋਂਦ ਤੋਂ ਇਨਕਾਰੀ ਹੋਣ ਦਾ ਵਿਚਾਰ ਪੈਦਾ ਵੀ ਨਹੀਂ ਹੋਇਆ ਸੀ। ਕਾਕੋਰੀ ਦੇ ਉਘੇ ਚਾਰ ਸ਼ਹੀਦਾਂ ਨੇ ਆਪਣਾ ਅੰਤਿਮ ਦਿਨ ਪ੍ਰਾਰਥਨਾ/ਦੁਆ ਕਰਦਿਆਂ ਲੰਘਾਇਆ ਸੀ। ਰਾਮ ਪ੍ਰਸ਼ਾਦ ਬਿਸਮਿਲ ਪੱਕੇ ਆਰੀਆ ਸਮਾਜੀ ਸਨ। ਸਮਾਜਵਾਦ ਤੇ ਸਾਮਵਾਦ ਦੇ ਖੇਤਰ ਵਿਚ ਆਪਣੇ ਡੂੰਘੇ ਅਧਿਐਨ ਦੇ ਬਾਵਜੂਦ ਰਾਜਨ ਲਾਹਿੜੀ ਕੋਲੋਂ ਉਪਨਿਸ਼ਦਾਂ ਦੇ ਮੰਤਰ ਉਚਾਰਨ ਤੇ ਗੀਤਾ ਦਾ ਪਾਠ ਕਰਨ ਤੋਂ ਰਿਹਾ ਨਾ ਗਿਆ। ਉਨ੍ਹਾਂ ਸਾਰਿਆਂ ਵਿਚ ਮੈਂ ਇਕੋ ਬੰਦਾ ਦੇਖਿਆ ਸੀ ਜਿਹਨੇ ਕਦੇ ਵੀ ਪ੍ਰਾਰਥਨਾ ਨਹੀਂ ਕੀਤੀ ਸੀ ਤੇ ਉਹ ਕਿਹਾ ਕਰਦਾ ਸੀ, “ਧਾਰਮਿਕ ਫਲਸਫਾ ਮਨੁੱਖੀ ਕਮਜ਼ੋਰੀ ਜਾਂ ਸੀਮਤ ਗਿਆਨ ਦਾ ਸਿੱਟਾ ਹੈ।” ਇਹ ਬੰਦਾ ਵੀ ਉਮਰ ਕੈਦ ਭੁਗਤ ਰਿਹਾ ਹੈ, ਪਰ ਇਹਨੂੰ ਵੀ ਕਦੇ ਆਖਣ ਦੀ ਹਿੰਮਤ ਨਾ ਪਈ ਕਿ ਰੱਬ ਨਹੀਂ ਹੈ।
ਉਸ ਅਰਸੇ ਤੱਕ ਮੈਂ ਸਿਰਫ਼ ਰੋਮਾਂਟਿਕ ਵਿਚਾਰਵਾਦੀ ਇਨਕਲਾਬੀ ਸੀ। ਉਦੋਂ ਤੱਕ ਤਾਂ ਅਸੀਂ ਸਿਰਫ਼ ਅਨੁਆਈ ਹੀ ਸਾਂ। ਫਿਰ ਸਾਰੀ ਜ਼ਿੰਮੇਵਾਰੀ ਆਪਣੇ ਮੋਢਿਆਂ ਉਤੇ ਲੈਣ ਦਾ ਵੇਲਾ ਆਇਆ। ਕੁਝ ਚਿਰ ਪਾਰਟੀ ਦੇ ਅਟੱਲ ਵਿਰੋਧ ਕਾਰਨ ਇਹਦੀ ਹੋਂਦ ਹੀ ਖਤਰੇ ਵਿਚ ਸੀ। ਜੋਸ਼ ਨਾਲ ਭਰੇ ਕਾਮਰੇਡ ਨਹੀਂ, ਸਗੋਂ ਆਗੂ ਵੀ ਮਜ਼ਾਕ ਉਡਾਉਣ ਲੱਗੇ। ਕੁਝ ਚਿਰ ਮੈਨੂੰ ਵੀ ਸੰਸਾ ਰਿਹਾ ਕਿ ਕਿਸੇ ਦਿਨ ਮੈਨੂੰ ਵੀ ਆਪਣੀ ਪਾਰਟੀ ਦੇ ਪ੍ਰੋਗਰਾਮ ਦੀ ਨਿਸਫਲਤਾ ਦਾ ਯਕੀਨ ਹੋ ਜਾਏਗਾ। ਇਹ ਮੇਰੇ ਇਨਕਲਾਬੀ ਜੀਵਨ ਵਿਚ ਆਇਆ ਵੱਡਾ ਮੋੜ ਸੀ। ‘ਅਧਿਐਨ ਕਰਨ’ ਦੇ ਅਹਿਸਾਸ ਦੀਆਂ ਤਰੰਗਾਂ ਮੇਰੇ ਮਨ ਵਿਚ ਉਭਰਦੀਆਂ ਰਹੀਆਂ। ਅਧਿਐਨ ਕਰ, ਤਾਂ ਕਿ ਤੂੰ ਆਪਣੇ ਵਿਰੋਧੀਆਂ ਦੀਆਂ ਦਲੀਲਾਂ ਨਾਲ ਜਵਾਬ ਦੇ ਸਕਣ ਦੇ ਯੋਗ ਹੋ ਜਾਏਂ। ਆਪਣੇ ਸਿਧਾਂਤ ਦੀ ਹਮਾਇਤ ਵਿਚ ਦਲੀਲਾਂ ਨਾਲ ਆਪਣੇ ਆਪ ਨੂੰ ਲੈਸ ਕਰਨ ਲਈ ਅਧਿਐਨ ਕਰ!
ਮੈਂ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਮੇਰੇ ਪਹਿਲੇ ਅਕੀਦੇ ਅਤੇ ਵਿਸ਼ਵਾਸਾਂ ਵਿਚ ਬਹੁਤ ਵੱਡੀ ਤਬਦੀਲੀ ਆ ਗਈ। ਸਾਥੋਂ ਪਹਿਲਾਂ ਦੇ ਇਨਕਲਾਬੀਆਂ ਵਿਚ ਸਿਰਫ਼ ਤਸ਼ੱਦਦ ਦੇ ਤੌਰ-ਤਰੀਕਿਆਂ ਦਾ ਰੋਮਾਂਸ ਇੰਨਾ ਭਾਰੂ ਸੀ, ਹੁਣ ਉਹਦੀ ਥਾਂ ਗੰਭੀਰ ਵਿਚਾਰਾਂ ਨੇ ਲੈ ਲਈ। ਹੁਣ ਰਹੱਸਵਾਦ ਵਾਸਤੇ ਅੰਧ-ਵਿਸ਼ਵਾਸ ਵਾਸਤੇ ਕੋਈ ਥਾਂ ਨਾ ਰਹੀ। ਯਥਾਰਥਵਾਦ ਸਾਡਾ ਸਿਧਾਂਤ ਹੋ ਗਿਆ। ਸਖਤ ਲੋੜ ਵੇਲੇ ਤਾਕਤ ਦੀ ਵਰਤੋਂ ਜਾਇਜ਼ ਹੈ, ਪਰ ਅਹਿੰਸਾ ਸਾਰੀਆਂ ਜਨਤਕ ਲਹਿਰਾਂ ਦੀ ਅਟੁੱਟ ਨੀਤੀ ਹੈ। ਮੈਂ ਤੌਰ-ਤਰੀਕਿਆਂ ਬਾਰੇ ਕਾਫੀ ਆਖ ਚੁੱਕਾ ਹਾਂ। ਸਭ ਤੋਂ ਅਹਿਮ ਇਹ ਗੱਲ ਸੀ ਕਿ ਜਿਸ ਆਦਰਸ਼ ਵਾਸਤੇ ਅਸੀਂ ਜੂਝਣਾ ਹੈ, ਉਹਦਾ ਸਪਸ਼ਟ ਸੰਕਲਪ ਸਾਡੇ ਸਾਹਮਣੇ ਹੋਵੇ। ਕਿਉਂਕਿ ਐਕਸ਼ਨ ਵਜੋਂ ਕੋਈ ਖਾਸ ਸਰਗਰਮੀਆਂ ਨਹੀਂ ਹੋ ਰਹੀਆਂ, ਇਸ ਲਈ ਮੈਨੂੰ ਸੰਸਾਰ ਇਨਕਲਾਬ ਦੇ ਵੱਖ ਵੱਖ ਆਦਰਸ਼ਾਂ ਦੇ ਅਧਿਐਨ ਵਾਸਤੇ ਕਾਫ਼ੀ ਮੌਕਾ ਮਿਲ ਗਿਆ। ਮੈਂ ਅਰਾਜਕਤਾਵਾਦੀ ਆਗੂ ਬਾਕੂਨਿਨ ਨੂੰ ਪੜ੍ਹਿਆ। ਸਮਾਜਵਾਦ ਦੇ ਪਿਤਾਮਾ ਮਾਰਕਸ ਦੀਆਂ ਕੁਝ ਲਿਖਤਾਂ ਪੜ੍ਹੀਆਂ ਤੇ ਲੈਨਿਨ, ਟਰਾਟਸਕੀ ਤੇ ਆਪਣੇ ਦੇਸ਼ਾਂ ਵਿਚ ਸਫ਼ਲ ਇਨਕਲਾਬ ਲਿਆਉਣ ਵਾਲੇ ਹੋਰ ਵਿਅਕਤੀਆਂ ਨੂੰ ਪੜ੍ਹਿਆ। ਇਹ ਸਾਰੇ ਨਾਸਤਿਕ ਸਨ।
ਬਾਕੂਨਿਨ ਦੀ ਕਿਤਾਬ ‘ਗੌਡ ਐਂਡ ਸਟੇਟ’ (ਰੱਬ ਤੇ ਰਿਆਸਤ) ਭਾਵੇਂ ਅਧੂਰੀ ਜਿਹੀ ਹੈ, ਪਰ ਇਹ ਇਸ ਵਿਸ਼ੇ ਦਾ ਦਿਲਚਸਪ ਅਧਿਐਨ ਹੈ। ਇਸ ਤੋਂ ਮਗਰੋਂ ਮੈਨੂੰ ਨਿਰਲੰਬਾ ਸਵਾਮੀ ਦੀ ਲਿਖੀ ਕਿਤਾਬ ‘ਕਾਮਨ ਸੈਂਸ’ (ਸਾਧਾਰਨ ਵਿਗਿਆਨ) ਹੱਥ ਲੱਗੀ। ਇਸ ਕਿਤਾਬ ਵਿਚ ਅਧਿਆਤਮਕ ਨਾਸਤਿਕਵਾਦ ਸੀ। ਇਸ ਵਿਸ਼ੇ ਵਿਚ ਮੇਰੀ ਬਹੁਤ ਜ਼ਿਆਦਾ ਦਿਲਚਸਪੀ ਹੋ ਗਈ। 1926 ਦੇ ਅਖੀਰ ਤੱਕ ਮੇਰਾ ਵਿਸ਼ਵਾਸ ਪੱਕਾ ਹੋ ਚੁੱਕਾ ਸੀ ਕਿ ਬ੍ਰਹਿਮੰਡ ਦੇ ਸਿਰਜਣ, ਪਾਲਣਹਾਰ ਤੇ ਸਰਬ ਸ਼ਕਤੀਮਾਨ ਦੀ ਹੋਂਦ ਦਾ ਸਿਧਾਂਤ ਬੇਬੁਨਿਆਦ ਹੈ। ਮੈਂ ਇਸ ਵਿਸ਼ੇ ਬਾਰੇ ਆਪਣੇ ਦੋਸਤਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਮੈਂ ਐਲਾਨੀਆਂ ਨਾਸਤਿਕ ਹੋ ਚੁੱਕਾ ਸੀ। ਨਾਸਤਿਕ ਹੋਣ ਦਾ ਅਰਥ ਮੈਂ ਹੇਠਾਂ ਬਿਆਨ ਕਰਦਾ ਹਾਂ।
ਮਈ 1927 ਵਿਚ ਮੈਂ ਲਾਹੌਰ ਵਿਚ ਗ੍ਰਿਫ਼ਤਾਰ ਹੋਇਆ। ਮੇਰੀ ਗ੍ਰਿਫਤਾਰੀ ਮੇਰੇ ਲਈ ਬੜੀ ਹੈਰਾਨੀ ਵਾਲੀ ਗੱਲ ਸੀ। ਮੈਨੂੰ ਅਸਲੋਂ ਹੀ ਕੋਈ ਸਾਰ ਨਹੀਂ ਸੀ ਕਿ ਪੁਲਿਸ ਮੇਰੇ ਪਿਛੇ ਲੱਗੀ ਹੋਈ ਹੈ। ਜਦ ਮੈਂ ਕਿਸੇ ਬਾਗ ਵਿਚ ਦੀ ਲੰਘ ਰਿਹਾ ਸੀ ਤਾਂ ਅਚਾਨਕ ਮੈਂ ਕੀ ਦੇਖਿਆ ਕਿ ਪੁਲਿਸ ਨੇ ਮੈਨੂੰ ਘੇਰਿਆ ਹੋਇਆ ਸੀ। ਮੈਂ ਉਦੋਂ ਬਹੁਤ ਤਹੱਮਲ ਨਾਲ ਪੇਸ਼ ਆਇਆ। ਮੈਨੂੰ ਕੋਈ ਘਬਰਾਹਟ ਨਾ ਹੋਈ ਤੇ ਨਾ ਹੀ ਮੈਂ ਉਤੇਜਿਤ ਹੋਇਆ। ਮੈਨੂੰ ਪੁਲਿਸ ਹਿਰਾਸਤ ਵਿਚ ਲਿਆ ਗਿਆ। ਅਗਲੇ ਦਿਨ ਉਹ ਮੈਨੂੰ ਰੇਲਵੇ ਪੁਲਿਸ ਜੇਲ੍ਹ ਵਿਚ ਲੈ ਗਏ ਜਿਥੇ ਮੈਂ ਪੂਰਾ ਮਹੀਨਾ ਕੱਟਿਆ। ਪੁਲਿਸ ਅਫ਼ਸਰਾਂ ਨਾਲ ਕਿੰਨੇ ਦਿਨਾਂ ਦੀ ਗੱਲਬਾਤ ਮਗਰੋਂ ਮੈਂ ਅੰਦਾਜ਼ਾ ਲਾਇਆ ਕਿ ਉਨ੍ਹਾਂ ਨੂੰ ਕਾਕੋਰੀ ਪਾਰਟੀ ਨਾਲ ਮੇਰੇ ਸਬੰਧਾਂ ਤੇ ਇਨਕਲਾਬੀ ਲਹਿਰ ਨਾਲ ਸਬੰਧਤ ਮੇਰੀਆਂ ਹੋਰ ਸਰਗਰਮੀਆਂ ਬਾਰੇ ਕੁਝ ਜਾਣਕਾਰੀ ਹੈ। ਉਨ੍ਹਾਂ ਨੇ ਮੈਨੂੰ ਦੱਸਿਆ ਕਿ (ਕਾਕੋਰੀ) ਮੁਕੱਦਮੇ ਦੀ ਸਮਾਇਤ ਦੌਰਾਨ ਮੈਂ ਲਖਨਊ ਵਿਚ ਸੀ, ਕਿ ਮੈਂ ਉਨ੍ਹਾਂ ਨਾਲ (ਕਾਕੋਰੀ ਮੁਲਜ਼ਮਾਂ) ਉਨ੍ਹਾਂ ਨੂੰ ਫਰਾਰ ਕਰਨ ਦੀ ਕੋਈ ਵਿਉਂਤ ਬਣਾਈ ਸੀ, ਤੇ ਉਨ੍ਹਾਂ ਦੀ ਮਨਜ਼ੂਰੀ ਮਿਲਣ ਮਗਰੋਂ ਅਸੀਂ ਕੁਝ ਬੰਬ ਇਕੱਠੇ ਕੀਤੇ ਸਨ ਤੇ ਇਹ, ਕਿ ਅਜ਼ਮਾਇਸ਼ ਵਾਸਤੇ ਉਨ੍ਹਾਂ ਵਿਚੋਂ ਇਕ ਬੰਬ 1926 ਦੇ ਦੁਸਹਿਰੇ ਦੇ ਮੌਕੇ ਭੀੜ ਵਿਚ ਸੁੱਟਿਆ ਸੀ। ਉਨ੍ਹਾਂ ਨੇ ਮੇਰੇ ਹਿੱਤ ਵਾਸਤੇ ਮੈਨੂੰ ਇਹ ਵੀ ਦੱਸਿਆ ਕਿ ਜੇ ਮੈਂ ਇਨਕਲਾਬੀ ਪਾਰਟੀ ਦੀਆਂ ਸਰਗਰਮੀਆਂ ਬਾਰੇ ਕੋਈ ਬਿਆਨ ਦੇਵਾਂ ਤਾਂ ਮੈਨੂੰ ਕੈਦ ਨਹੀਂ ਹੋਵੇਗੀ, ਸਗੋਂ ਉਹ ਮੈਨੂੰ ਰਿਹਾ ਕਰ ਦੇਣਗੇ ਤੇ ਇਨਾਮ ਦੇਣਗੇ। ਮੈਨੂੰ ਅਦਾਲਤ ਵਿਚ ਵਾਅਦਾ-ਮੁਆਫ਼ ਵਜੋਂ ਪੇਸ਼ ਨਹੀਂ ਕਰਨਗੇ। ਮੈਂ ਉਨ੍ਹਾਂ ਦੀ ਇਸ ਤਜਵੀਜ਼ ਉਤੇ ਹੱਸ ਛੱਡਿਆ। ਇਹ ਸਰਾਸਰ ਧੋਖਾ ਸੀ। ਸਾਡੇ ਵਿਚਾਰਾਂ ਵਾਲੇ ਲੋਕ ਕਦੇ ਵੀ ਆਪਣੇ ਮਾਸੂਮ ਲੋਕਾਂ ਉਤੇ ਬੰਬ ਨਹੀਂ ਸੁੱਟਦੇ।
ਇਕ ਦਿਨ ਸਵੇਰੇ ਮਿਸਟਰ ਨੀਊਮੈਨ ਮੇਰੇ ਕੋਲ ਆਇਆ ਜੋ ਉਨ੍ਹੀਂ ਦਿਨੀਂ ਸੀæਆਈæਡੀæ ਦਾ ਸੀਨੀਅਰ ਸੁਪਰਡੈਂਟ ਸੀ। ਉਹਨੇ ਮੇਰੇ ਨਾਲ ਲੰਮੀ-ਚੌੜੀ ਹਮਦਰਦ ਗੱਲਬਾਤ ਮਗਰੋਂ ਆਪਣੇ ਚਿੱਤੋਂ ਮੈਨੂੰ ਬੜੀ ਮਾੜੀ ਖਬਰ ਦਿੱਤੀ ਕਿ ਜੇ ਮੈਂ ਉਨ੍ਹਾਂ ਦੀ ਮਰਜ਼ੀ ਮੁਤਾਬਕ ਕੋਈ ਬਿਆਨ ਨਾ ਦਿੱਤਾ, ਤਾਂ ਉਹ ਮੇਰੇ ਉਤੇ ਕਾਕੋਰੀ ਮੁਕੱਦਮੇ ਸਬੰਧੀ ਜੰਗ ਛੇੜਨ ਦੀ ਸਾਜ਼ਿਸ਼ ਅਤੇ ਦੁਸਹਿਰਾ ਬੰਬ ਸਾਕੇ ਦੇ ਵਹਿਸ਼ੀ ਕਾਤਲਾਂ ਦਾ ਮੁਕੱਦਮਾ ਚਲਾਉਣ ਲਈ ਮਜਬੂਰ ਹੋਣਗੇ। ਫਿਰ ਆਖਣ ਲੱਗਾ ਕਿ ਮੈਨੂੰ ਸਜ਼ਾ ਦਿਵਾਉਣ ਤੇ ਫਾਹੇ ਲਾਉਣ ਲਈ ਉਸ ਕੋਲ ਗਵਾਹੀ ਮੌਜੂਦ ਹੈ। ਉਨ੍ਹੀਂ ਦਿਨੀਂ ਮੇਰਾ ਵਿਸ਼ਵਾਸ ਸੀ- ਮੈਂ ਭਾਵੇਂ ਬਿਲਕੁਲ ਮਾਸੂਮ ਸੀ, ਕਿ ਪੁਲਿਸ ਜੋ ਦਾਅਵੇ ਕਰ ਸਕਦੀ ਹੈ, ਉਹ ਕਰ ਸਕਦੀ ਹੈ। ਉਸੇ ਦਿਨ ਕੁਝ ਪੁਲਿਸ ਅਫ਼ਸਰ ਦੋਵੇਂ ਵੇਲੇ ਰੱਬ ਦਾ ਨਾਂ ਲੈਣ ਲਈ ਮੈਨੂੰ ਪ੍ਰੇਰਨ ਲੱਗ ਪਏ। ਮੈਂ ਤਾਂ ਨਾਸਤਿਕ ਸੀ। ਮੈਂ ਆਪਣੇ ਆਪ ਨਾਲ ਫੈਸਲਾ ਕਰਨਾ ਚਾਹੁੰਦਾ ਸਾਂ ਕਿ ਕੀ ਮੈਂ ਅਮਨ ਚੈਨ ਤੇ ਖੁਸ਼ੀ ਦੇ ਦਿਨਾਂ ਵਿਚ ਹੀ ਨਾਸਤਿਕ ਹੋਣ ਦੀ ਫੜ੍ਹ ਮਾਰ ਸਕਦਾ ਹਾਂ, ਜਾਂ ਇਹੋ ਜਿਹੀ ਔਖੀ ਘੜੀ ਵਿਚ ਵੀ ਆਪਣੇ ਅਸੂਲਾਂ ਉਤੇ ਸਾਬਤ ਕਦਮ ਰਹਿ ਸਕਦਾ ਹਾਂ। ਬੜੀ ਸੋਚ ਵਿਚਾਰ ਮਗਰੋਂ ਫੈਸਲਾ ਕੀਤਾ ਕਿ ਮੈਂ ਰੱਬ ਵਿਚ ਯਕੀਨ ਨਹੀਂ ਕਰ ਸਕਦਾ, ਤੇ ਨਾ ਹੀ ਅਰਦਾਸ ਕਰ ਸਕਦਾ ਹਾਂ। ਮੈਂ ਕਦੇ ਵੀ ਅਰਦਾਸ ਨਾ ਕੀਤੀ। ਇਹ ਪਰਖ ਦੀ ਘੜੀ ਸੀ ਤੇ ਮੈਂ ਇਸ ਵਿਚ ਕਾਮਯਾਬ ਰਿਹਾ। ਮੈਂ ਕਦੇ ਇਕ ਪਲ ਵੀ ਆਪਣੀ ਜਾਨ ਬਚਾਉਣ ਬਾਰੇ ਨਹੀਂ ਸੋਚਿਆ ਸੀ। ਸੋ, ਮੈਂ ਪੱਕਾ ਨਾਸਤਿਕ ਸੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਹਾਂ। ਉਸ ਅਜ਼ਮਾਇਸ਼ ਵਿਚ ਪੂਰਾ ਉਤਰਨਾ ਕੋਈ ਸੌਖੀ ਗੱਲ ਨਹੀਂ ਸੀ।
‘ਵਿਸ਼ਵਾਸ’ ਮੁਸ਼ਕਿਲਾਂ ਨੂੰ ਘੱਟ ਕਰ ਦਿੰਦਾ ਹੈ, ਇਥੋਂ ਤੱਕ ਕਿ ਉਨ੍ਹਾਂ ਨੂੰ ਖੁਸ਼ਗਵਾਰ ਬਣਾ ਦਿੰਦਾ ਹੈ। ਬੰਦਾ ਰੱਬ ਵਿਚ ਧਰਵਾਸ ਤੇ ਆਸਰੇ ਦਾ ਬਹੁਤ ਜ਼ੋਰਦਾਰ ਅਹਿਸਾਸ ਲੱਭ ਸਕਦਾ ਹੈ। ‘ਉਹਦੇ’ ਬਿਨਾਂ ਮਨੁੱਖ ਨੂੰ ਆਪਣੇ ਆਪ ਉਤੇ ਨਿਰਭਰ ਹੋਣਾ ਪੈਂਦਾ ਹੈ। ਝੱਖੜ-ਝਾਂਜਿਆਂ ਤੇ ਤੂਫ਼ਾਨਾਂ ਵਿਚ ਸਾਬਤ ਕਦਮ ਰਹਿਣਾ ਬੱਚਿਆਂ ਦੀ ਖੇਡ ਨਹੀਂ। ਇਹੋ ਜਿਹੀਆਂ ਅਜ਼ਮਾਇਸ਼ੀ ਘੜੀਆਂ ਵਿਚ ਕਿਸੇ ਵਿਚ ਕੋਈ ਹਉਮੈ ਬਚੀ ਹੋਈ ਹੋਵੇ, ਤਾਂ ਉਹ ਕਾਫ਼ੂਰ ਹੋ ਜਾਂਦੀ ਹੈ ਅਤੇ ਮਨੁੱਖ ਆਮ ਵਿਸ਼ਵਾਸਾਂ ਨੂੰ ਉਲੰਘਣ ਦੀ ਹਿੰਮਤ ਤੱਕ ਨਹੀਂ ਕਰ ਸਕਦਾ। ਜੇ ਉਹ ਹਿੰਮਤ ਕਰਦਾ ਹੈ, ਤਾਂ ਸਾਨੂੰ ਇਹ ਕਹਿਣਾ ਪਏਗਾ ਕਿ ਉਸ ਵਿਚ ਨਿਜੀ ਹਉਮੈ ਨਾਲੋਂ ਹੋਰ ਕੋਈ ਤਾਕਤ ਵੀ ਹੁੰਦੀ ਹੋਣੀ ਹੈ। ਹੁਣ ਬਿਲਕੁਲ ਇਹੀ ਹਾਲਤ ਹੈ। ਪਹਿਲਾਂ ਹੀ ਚੰਗੀ ਤਰ੍ਹਾਂ ਪਤਾ ਹੈ ਕਿ ਸਾਡੇ ਮੁਕੱਦਮੇ ਦਾ ਕੀ ਫੈਸਲਾ ਹੋਏਗਾ। ਹਫ਼ਤੇ ਦੇ ਵਿਚ ਵਿਚ ਫੈਸਲਾ ਸੁਣਾ ਦਿੱਤਾ ਜਾਏਗਾ। ਮੈਂ ਆਪਣੀ ਜ਼ਿੰਦਗੀ ਆਦਰਸ਼ ਖਾਤਰ ਕੁਰਬਾਨ ਕਰ ਦੇਣੀ ਹੈ, ਇਸ ਵਿਚਾਰ ਤੋਂ ਬਿਨਾਂ ਮੇਰਾ ਹੋਰ ਕਿਹੜਾ ਧਰਵਾਸ ਹੈ? ਕਿਸੇ ਆਸਤਿਕ ਹਿੰਦੂ ਨੂੰ ਤਾਂ ਦੂਜੇ ਜਨਮ ਵਿਚ ਬਾਦਸ਼ਾਹ ਬਣਨ ਦੀ ਆਸ ਹੋ ਸਕਦੀ ਹੈ, ਕੋਈ ਮੁਸਲਮਾਨ ਜਾਂ ਈਸਾਈ ਤਾਂ ਆਪਣੀਆਂ ਮੁਸ਼ਕਿਲਾਂ ਤੇ ਕੁਰਬਾਨੀਆਂ ਬਦਲੇ ਸਵਰਗ ਦੀਆਂ ਐਸ਼ੋ-ਇਸ਼ਰਤਾਂ ਦੀ ਕਲਪਨਾ ਕਰ ਸਕਦਾ ਹੈ, ਪਰ ਮੈਂ ਕਿਸ ਗੱਲ ਦੀ ਆਸ ਰੱਖਾਂ? ਮੈਨੂੰ ਪਤਾ ਹੈ ਕਿ ਜਿਸ ਪਲ ਮੇਰੇ ਗਲ ਇਹ ਫਾਂਸੀ ਦਾ ਫੰਦਾ ਪਾ ਦਿੱਤਾ ਜਾਏਗਾ, ਤੇ ਮੇਰੇ ਪੈਰਾਂ ਹੇਠੋਂ ਤਖ਼ਤੇ ਖੋਲ੍ਹ ਦਿੱਤੇ ਗਏ, ਤਾਂ ਉਹ ਮੇਰਾ ਆਖਰੀ ਪਲ ਹੋਏਗਾ। ਮੇਰਾ ਜਾਂ ਮਿਥਿਹਾਸਕ ਸ਼ਬਦਾਵਲੀ ਵਿਚ ਆਖੀਏ, ਤਾਂ ਮੇਰੀ ਆਤਮਾ ਦਾ ਬਿਲਕੁਲ ਖਾਤਮਾ ਹੋ ਜਾਏਗਾ। ਜੇ ਮੈਂ ਇਨਾਮ ਦੇ ਦ੍ਰਿਸ਼ਟੀਕੋਣ ਤੋਂ ਦੇਖਣ ਦੀ ਹਿੰਮਤ ਕਰਾਂ ਤਾਂ ਸ਼ਾਨਦਾਰ ਅੰਤ ਤੋਂ ਵਾਂਝੀ ਜਦੋ-ਜਹਿਦ ਭਰੀ ਮੁਖ਼ਤਸਰ ਜ਼ਿੰਦਗੀ ਹੀ ਆਪਣੇ ਆਪ ਵਿਚ (ਮੇਰਾ) ਇਨਾਮ ਹੋਏਗਾ। ਇਸ ਤੋਂ ਵੱਧ ਕੁਝ ਨਹੀਂ। ਹੁਣ ਜਾਂ ਕਦੇ ਵੀ ਕੁਝ ਹਾਸਲ ਕਰ ਸਕਣ ਦੀ ਕਿਸੇ ਵੀ ਖੁਦਗਰਜ਼ੀ ਤੋਂ ਬਿਨਾਂ ਮੈਂ ਕਾਫ਼ੀ ਬੇਲਾਗ ਹੋ ਕੇ ਆਪਣੀ ਜ਼ਿੰਦਗੀ ਆਜ਼ਾਦੀ ਦੇ ਆਦਰਸ਼ ਲੇਖੇ ਲਾਈ ਹੈ, ਕਿਉਂਕਿ ਮੇਰੇ ਕੋਲ ਇਸ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ।
ਜਿਸ ਦਿਨ ਮਨੁੱਖਤਾ ਦੀ ਸੇਵਾ ਤੇ ਦੁੱਖ ਝਾਗ ਰਹੀ ਮਨੁੱਖਤਾ ਦੇ ਨਿਜਾਤ ਦੀ ਭਾਵਨਾ ਨਾਲ ਪ੍ਰੇਰਿਤ ਬਹੁਤ ਸਾਰੇ ਮਰਦ-ਔਰਤਾਂ ਅੱਗੇ ਆ ਗਏ, ਜਿਹੜੇ ਇਸ ਬਗੈਰ ਹੋਰ ਕਿਸੇ ਚੀਜ਼ Ḕਤੇ ਜੀਵਨ ਨਹੀਂ ਲਗਾ ਸਕਦੇ, ਉਸ ਦਿਨ ਤੋਂ ਮੁਕਤੀ ਦਾ ਯੁੱਗ ਸ਼ੁਰੂ ਹੋਵੇਗਾ। ਉਹ ਦਮਨਕਾਰੀਆਂ, ਲੋਟੂਆਂ ਤੇ ਜ਼ਾਲਮਾਂ ਨੂੰ ਇਸ ਗੱਲੋਂ ਨਹੀਂ ਵੰਗਾਰਨਗੇ ਕਿ ਉਹ ਇਸ ਜਾਂ ਅਗਲੇ ਜਨਮ ਵਿਚ ਜਾਂ ਮੌਤ ਮਗਰੋਂ ਵਹਿਸ਼ਤ ਵਿਚ ਬਾਦਸ਼ਾਹ ਬਣ ਜਾਣਗੇ ਜਾਂ ਉਨ੍ਹਾਂ ਨੂੰ ਕੋਈ ਇਨਾਮ ਮਿਲ ਜਾਵੇਗਾ, ਸਗੋਂ ਮਨੁੱਖਤਾ ਦੀ ਧੌਣ ਤੋਂ ਗੁਲਾਮੀ ਦਾ ਜੂਲਾ ਲਾਹੁਣ ਤੇ ਆਜ਼ਾਦੀ ਤੇ ਅਮਨ ਕਾਇਮ ਕਰਨ ਲਈ ਹੀ ਉਹ ਇਸ ਬਿਖੜੇ, ਪਰ ਇਕੋ ਇਕ ਸ਼ਾਨਦਾਰ ਮਾਰਗ ਉਤੇ ਚੱਲਣਗੇ। ਕੀ ਆਪਣੇ ਸੱਚੇ ਆਦਰਸ਼ ਵਿਚ ਉਨ੍ਹਾਂ ਦੇ ਮਾਣ ਨੂੰ ਅਹੰਕਾਰ ਕਿਹਾ ਜਾ ਸਕਦਾ ਹੈ? ਇਹੋ ਜਿਹੀ ਘ੍ਰਿਣਤ ਬਿਆਨੀ ਕਰਨ ਦੀ ਕੌਣ ਜੁਰਅਤ ਕਰ ਸਕਦਾ ਹੈ? ਇਹੋ ਜਿਹੇ ਬੰਦੇ ਨੂੰ ਮੂਰਖ ਜਾਂ ਪਾਖੰਡੀ ਆਖਾਂਗਾ। ਚਲੋ, ਆਪਾਂ ਇਸ ਨੂੰ ਮੁਆਫ਼ ਕਰ ਦਿੰਦੇ ਹਾਂ, ਕਿਉਂਕਿ ਉਹ ਸੁੱਚੇ ਆਦਰਸ਼ ਵਾਲੇ ਦਿਲ ਦੇ ਜਜ਼ਬੇ, ਭਾਵਨਾ ਤੇ ਅਹਿਸਾਸ ਨੂੰ ਜਾਣ ਨਹੀਂ ਸਕਦਾ। ਉਹਦਾ ਦਿਲ ਮਾਸ ਦਾ ਬੇਜਾਨ ਲੋਥੜਾ ਹੈ। ਉਹਦੀ ਦ੍ਰਿਸ਼ਟੀ ਕਮਜ਼ੋਰ ਹੈ, ਕਿਉਂਕਿ ਹੋਰ ਗਰਜ਼ਾਂ ਦੀਆਂ ਬੁਰਾਈਆਂ ਦਾ ਉਨ੍ਹਾਂ ‘ਤੇ ਪਰਦਾ ਪਿਆ ਹੋਇਆ ਹੈ। ਸਵੈ-ਵਿਸ਼ਵਾਸ ਨੂੰ ਅਹੰਕਾਰ ਸਮਝਿਆ ਜਾ ਸਕਦਾ ਹੈ। ਇਹ ਅਫਸੋਸਨਾਕ ਤੇ ਤਰਸਯੋਗ ਗੱਲ ਹੈ, ਪਰ ਇਹਦਾ ਕੋਈ ਚਾਰਾ ਨਹੀਂ।
ਤੁਸੀਂ ਪ੍ਰਚਲਿਤ ਵਿਸ਼ਵਾਸ ਦਾ ਵਿਰੋਧ ਕਰ ਕੇ ਦੇਖ ਲਓ, ਤੁਸੀਂ ਨਿਹਕਲੰਕ ਅਵਤਾਰ ਸਮਝੇ ਜਾਂਦੇ ਕਿਸੇ ਨਾਇਕ, ਕਿਸੇ ਮਹਾਨ ਪੁਰਖ ਦੀ ਨੁਕਤਾਚੀਨੀ ਕਰ ਕੇ ਦੇਖ ਲਓ, ਤਾਂ ਤੁਹਾਡੀ ਦਲੀਲ ਦਾ ਜਵਾਬ ਤੁਹਾਨੂੰ ਘੁਮੰਡੀ-ਅਹੰਕਾਰੀ ਆਖ ਕੇ ਦਿੱਤਾ ਜਾਵੇਗਾ। ਇਹਦਾ ਕਾਰਨ ਮਾਨਸਿਕ ਖੜੋਤ ਹੈ। ਆਲੋਚਨਾ ਤੇ ਸੁਤੰਤਰ ਸੋਚਣੀ ਇਨਕਲਾਬੀ ਦੇ ਦੋ ਲਾਜ਼ਮੀ ਗੁਣ ਹੁੰਦੇ ਹਨ। ਮਹਾਤਮਾ ਜੀ (ਮਹਾਤਮਾ ਗਾਂਧੀ) ਕਿਉਂਕਿ ਮਹਾਨ ਹਨ, ਇਸ ਲਈ ਕੋਈ ਉਨ੍ਹਾਂ ਦੀ ਆਲੋਚਨਾ ਨਾ ਕਰੇ, ਕਿਉਂਕਿ ਉਹ ਉਪਰ ਉਠ ਚੁੱਕੇ ਹਨ। ਇਸ ਲਈ ਉਹ ਰਾਜਨੀਤੀ ਜਾਂ ਧਰਮ, ਆਰਥਿਕਤਾ ਜਾਂ ਸਦਾਚਾਰ ਬਾਰੇ ਕੁਝ ਵੀ ਕਹਿੰਦੇ ਹਨ, ਤਾਂ ਉਹ ਸਹੀ ਹੁੰਦਾ ਹੈ। ਤੁਸੀਂ ਮੰਨਦੇ ਹੋ, ਭਾਵੇਂ ਨਹੀਂ; ਤੁਹਾਨੂੰ ਇਹ ਜ਼ਰੂਰ ਕਹਿਣਾ ਪਏਗਾ, “ਹਾਂ ਇਹ ਗੱਲ ਠੀਕ ਹੈ।” ਇਹ ਮਾਨਸਿਕਤਾ ਸਾਨੂੰ ਪ੍ਰਗਤੀ ਵੱਲ ਨਹੀਂ ਲਿਜਾਂਦੀ, ਸਗੋਂ ਇਹ ਤਾਂ ਸਪਸ਼ਟ ਤੌਰ ‘ਤੇ ਪ੍ਰਤੀਗਾਮੀ (ਮਾਨਸਿਕਤਾ) ਹੈ।
ਸਾਡੇ ਵੱਡੇ-ਵਡੇਰਿਆਂ ਨੇ ਕਿਉਂਕਿ ਕਿਸੇ ਸਰਬ ਸ਼ਕਤੀਮਾਨ ਪਰਮਾਤਮਾ ਵਿਚ ਵਿਸ਼ਵਾਸ ਬਣਾ ਲਿਆ ਸੀ, ਇਸ ਲਈ ਕੋਈ ਵੀ ਬੰਦਾ, ਜਿਹੜਾ ਉਸ ਵਿਸ਼ਵਾਸ ਜਾਂ ਉਸ ਪਰਮਾਤਮਾ ਦੀ ਹੋਂਦ ਤੋਂ ਮੁਨਕਰ ਹੋਣ ਦਾ ਹੌਸਲਾ ਕਰਦਾ ਹੈ, ਉਹਨੂੰ ਹਰ ਹਾਲਤ ਵਿਚ ਕਾਫ਼ਰ, ਗੱਦਾਰ ਕਿਹਾ ਜਾਏਗਾ। ਜੇ ਉਹਦੀਆਂ ਵਜ਼ਨਦਾਰ ਦਲੀਲਾਂ ਨੂੰ ਅੱਗੇ ਕੱਟਿਆ ਨਾ ਜਾ ਸਕਦਾ ਹੋਵੇ ਅਤੇ ਸਰਬ ਸ਼ਕਤੀਮਾਨ ਦੀ ਕਰੋਪੀ ਵੀ ਉਹਦੀ ਜ਼ੋਰਦਾਰ ਦ੍ਰਿੜਤਾ ਨੂੰ ਡੇਗ ਨਾ ਸਕੇ, ਤਾਂ ਉਹਨੂੰ ਘੁਮੰਡੀ ਗਰਦਾਨਿਆ ਜਾਏਗਾ ਤੇ ਉਹਦੀ ਦ੍ਰਿੜਤਾ ਨੂੰ ਅਹੰਕਾਰ ਆਖਿਆ ਜਾਏਗਾ। ਤਾਂ ਫਿਰ ਇਸ ਫਜ਼ੂਲ ਬਹਿਸ ਵਿਚ ਸਮਾਂ ਕਿਉਂ ਜ਼ਾਇਆ ਕੀਤਾ ਜਾਵੇ? ਇਹ ਸਵਾਲ ਲੋਕਾਂ ਅੱਗੇ ਪਹਿਲੀ ਵਾਰ ਆ ਰਿਹਾ ਹੈ ਤੇ ਇਸ ਨੂੰ ਤਰੀਕੇ ਨਾਲ ਪਹਿਲੀ ਵਾਰ ਲਿਆ ਜਾ ਰਿਹਾ ਹੈ, ਇਸੇ ਲਈ ਲੰਮੀ ਬਹਿਸ ਹੋ ਰਹੀ ਹੈ।
ਜਿਥੋਂ ਤੱਕ ਪਹਿਲੇ ਸਵਾਲ ਦਾ ਸਬੰਧ ਹੈ, ਮੇਰਾ ਵਿਚਾਰ ਹੈ ਕਿ ਮੈਂ ਸਪਸ਼ਟ ਕਰ ਦਿੱਤਾ ਹੈ ਕਿ ਮੈਂ ਅਹੰਕਾਰ ਕਾਰਨ ਨਾਸਤਿਕ ਨਹੀਂ ਬਣਿਆ। ਇਹ ਫੈਸਲਾ ਮੈਂ ਨਹੀਂ, ਸਗੋਂ ਮੇਰੇ ਪਾਠਕਾਂ ਨੇ ਕਰਨਾ ਹੈ ਕਿ ਮੇਰੀਆਂ ਦਲੀਲਾਂ ਖੁੱਭਵੀਆਂ ਸਾਬਤ ਹੋਈਆਂ ਹਨ ਜਾਂ ਨਹੀਂ। ਮੈਨੂੰ ਪਤਾ ਹੈ ਕਿ ਹੁਣ ਦੇ ਹਾਲਾਤ ਵਿਚ ਜੇ ਮੈਂ ਆਸਤਿਕ ਹੁੰਦਾ ਤਾਂ ਮੇਰੀ ਜ਼ਿੰਦਗੀ ਹੁਣ ਨਾਲੋਂ ਆਸਾਨ ਹੋਣੀ ਸੀ ਤੇ ਮੇਰਾ ਬੋਝ ਹੁਣ ਨਾਲੋਂ ਘੱਟ ਹੋਣਾ ਸੀ। ਮੇਰਾ ਰੱਬ ਦੀ ਹੋਂਦ ਤੋਂ ਇਨਕਾਰੀ ਹੋਣ ਕਰ ਕੇ ਹਾਲਾਤ ਬਹਤ ਹੀ ਅਣਸੁਖਾਵੇਂ ਹੋ ਗਏ ਹਨ ਤੇ ਹਾਲਤ ਇਸ ਤੋਂ ਵੀ ਭੈੜੀ ਹੋ ਸਕਦੀ ਹੈ। ਥੋੜ੍ਹਾ ਜਿੰਨਾ ਰਹੱਸਵਾਦ ਇਸ ਹਾਲਤ ਨੂੰ ਸ਼ਾਇਰਾਨਾ ਬਣਾ ਸਕਦਾ ਹੈ, ਪਰ ਮੈਨੂੰ ਆਪਣੇ ਅੰਤ ਵਾਸਤੇ ਕਿਸੇ ਨਸ਼ੇ ਦੀ, ਮਦਦ ਦੀ ਲੋੜ ਨਹੀਂ ਹੈ। ਮੈਂ ਯਥਾਰਥਵਾਦੀ ਹਾਂ। ਮੈਂ ਤਰਕ ਦੀ ਮਦਦ ਨਾਲ ਇਸ ਰੁਝਾਨ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦਾ ਰਿਹਾ ਹਾਂ। ਮੈਂ ਇਸ ਕੋਸ਼ਿਸ਼ ਵਿਚ ਹਮੇਸ਼ਾ ਹੀ ਸਫਲ ਨਹੀਂ ਹੁੰਦਾ, ਪਰ ਬੰਦੇ ਦਾ ਫਰਜ਼ ਤਾਂ ਕੋਸ਼ਿਸ਼ ਕਰੀ ਜਾਣਾ ਹੁੰਦਾ ਹੈ, ਕਾਮਯਾਬੀ ਮੌਕੇ ਅਤੇ ਹਾਲਾਤ ਉਤੇ ਨਿਰਭਰ ਹੁੰਦੀ ਹੈ।
ਦੂਜਾ ਸਵਾਲ ਇਹ ਹੈ ਕਿ ਅਹੰਕਾਰ ਨਹੀਂ, ਤਾਂ ਰੱਬ ਦੀ ਹੋਂਦ ਪੁਰਾਣੀ ਤੇ ਪ੍ਰਚੱਲਤ ਧਾਰਨਾ ਨੂੰ ਨਾ ਮੰਨਣ ਦਾ ਕੋਈ ਕਾਰਨ ਹੋਵੇਗਾ। ਹਾਂ, ਮੈਂ ਇਸ ਸਵਾਲ ਵੱਲ ਆਉਂਦਾ ਹਾਂ। ਇਹਦਾ ਕਾਰਨ ਹੈ। ਮੇਰੇ ਵਿਚਾਰ ਅਨੁਸਾਰ ਜਿਸ ਬੰਦੇ ਕੋਲ ਥੋੜ੍ਹੀ-ਬਹੁਤ ਤਰਕ ਸ਼ਕਤੀ ਹੈ, ਉਹ ਹਮੇਸ਼ਾ ਆਪਣੇ ਆਲੇ-ਦੁਆਲੇ ਨੂੰ ਤਰਕ ਦੀ ਕਸਵੱਟੀ ਉਤੇ ਪਰਖਦਾ ਹੈ। ਜਿਥੇ ਸਿੱਧੇ ਸਬੂਤ ਨਹੀਂ ਮਿਲਦੇ, ਉਥੇ ਫਲਸਫ਼ੇ ਦਾ ਅਹਿਮ ਥਾਂ ਹੁੰਦਾ ਹੈ। ਜਿਵੇਂ ਮੈਂ ਪਹਿਲਾਂ ਆਖ ਚੁੱਕਾ ਹਾਂ, ਮੇਰਾ ਕੋਈ ਇਨਕਲਾਬੀ ਦੋਸਤ ਕਿਹਾ ਕਰਦਾ ਸੀ, “ਫਲਸਫ਼ਾ ਮਨੁੱਖੀ ਕਮਜ਼ੋਰੀ ਦੀ ਪੈਦਾਵਾਰ ਹੈ।”
ਜਦ ਸਾਡੇ ਵੱਡੇ-ਵਡੇਰਿਆਂ ਨੂੰ ਇਸ ਜਗਤ-ਤਮਾਸ਼ੇ ਨੂੰ ਜਾਣਨ ਦੀ ਕਾਫ਼ੀ ਫ਼ੁਰਸਤ ਮਿਲੀ ਤੇ ਜਦ ਉਨ੍ਹਾਂ ਨੂੰ ਜਗਤ ਦਾ ਅਤੀਤ, ਵਰਤਮਾਨ, ਭਵਿੱਖ ਤੇ ਹੋਰ ਬਹੁਤ ਸਾਰੇ ਸਵਾਲਾਂ ਦੇ ਸਿੱਧੇ ਸਬੂਤ ਨਾ ਮਿਲੇ, ਤਾਂ ਹਰ ਕਿਸੇ ਨੇ ਇਸ ਸਮੱਸਿਆ ਨੂੰ ਆਪਣੇ ਤਰੀਕੇ ਨਾਲ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਇਸ ਕਰ ਕੇ ਵੱਖ ਵੱਖ ਧਰਮਾਂ ਦੇ ਬੁਨਿਆਦੀ ਸਿਧਾਂਤਾਂ ਵਿਚ ਵੱਡੇ ਵੱਡੇ ਮਤਭੇਦ ਮਿਲਦੇ ਹਨ। ਜਿਹੜੇ ਕਦੇ ਕਦੇ ਬਹੁਤ ਵਿਰੋਧੀ ਰੂਪ ਅਖਤਿਆਰ ਕਰ ਜਾਂਦੇ ਹਨ। ਜਿਥੇ ਏਸ਼ੀਆਈ ਤੇ ਯੂਰਪੀ ਫਿਲਾਸਫੀਆਂ ਵਿਚ ਵਖਰੇਵਾਂ ਹੈ, ਇਥੋਂ ਤੱਕ ਕਿ ਹਰ ਮਹਾਂ ਖੇਤਰ ਦੀਆਂ ਵੱਖ ਵੱਖ ਵਿਚਾਰ ਪ੍ਰਣਾਲੀਆਂ ਵਿਚ ਵੀ ਮਤਭੇਦ ਹੈ। ਏਸ਼ੀਆਈ ਧਰਮਾਂ ਵਿਚ ਇਸਲਾਮ ਦੀ ਹਿੰਦੂ ਧਰਮ ਨਾਲ ਕੋਈ ਸਾਂਝ ਨਹੀਂ। ਸਿਰਫ਼ ਹਿੰਦੋਸਤਾਨ ਵਿਚ ਹੀ ਬੁੱਧ ਤੇ ਜੈਨ ਧਰਮ, ਬ੍ਰਾਹਮਣਵਾਦ ਤੋਂ ਕਾਫ਼ੀ ਵੱਖਰੇ ਹਨ ਤੇ ਬ੍ਰਾਹਮਣਵਾਦ ਵਿਚ ਵੀ ਅਗਾਂਹ ਆਰੀਆ ਸਮਾਜ ਤੇ ਸਨਾਤਨ ਧਰਮ ਵਰਗੇ ਵਿਰੋਧੀ ਮੱਤ ਹਨ। ਚਾਰਵਾਕ ਪੁਰਾਤਨ ਕਾਲ ਦਾ ਸੁਤੰਤਰ ਚਿੰਤਕ ਸੀ। ਇਹਨੇ ਰੱਬ ਦੀ ਪ੍ਰਭੂਸੱਤਾ ਨੂੰ ਵੰਗਾਰਿਆ ਸੀ। ਇਨ੍ਹਾਂ ਸਾਰੇ ਮੱਤਾਂ ਵਿਚ ਬੁਨਿਆਦੀ ਸਵਾਲ ਬਾਰੇ ਮਤਭੇਦ ਹਨ ਅਤੇ ਹਰ ਕੋਈ ਆਪਣੇ ਆਪ ਨੂੰ ਦਰੁਸਤ ਮੰਨਦਾ ਹੈ। ਇਹੋ ਸਾਰੀ ਬੁਰਾਈ ਹੈ। ਪੁਰਾਣੇ ਵਿਦਵਾਨਾਂ ਦੇ ਤਜਰਬਿਆਂ ਤੇ ਵਿਚਾਰਾਂ ਨੂੰ ਅਗਿਆਨ ਵਿਚ ਸਾਡੀ ਆਉਣ ਵਾਲੀ ਜਦੋ-ਜਹਿਦ ਦਾ ਆਧਾਰ ਬਣਾਉਣ ਤੇ ਇਸ ਭੇਤਭਰੇ ਮਸਲੇ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨ ਦੀ ਥਾਂ ਅਸੀਂ ਸੁਸਤ, ਨਿਕੰਮੇ, ਕੱਟੜ ਧਰਮ ਦੀ ਹਾਲ ਦੁਹਾਈ ਪਾਉਣ ਲੱਗ ਜਾਂਦੇ ਹਾਂ ਅਤੇ ਇੰਜ ਮਨੁੱਖੀ ਜਾਗ੍ਰਤੀ ਵਿਚ ਆਈ ਖੜੋਤ ਦੇ ਕਸੂਰਵਾਰ ਹਾਂ।
(ਚਲਦਾ)