ਦੁਸ਼ਮਣ

ਕਹਾਣੀਕਾਰ ਰਣਜੀਤ ਸਿੰਘ ਨੇ ਫੌਜੀ ਜੀਵਨ ਬਾਰੇ ਕਈ ਕਹਾਣੀਆਂ ਲਿਖੀਆਂ ਹਨ। ‘ਦੁਸ਼ਮਣ’ ਨਾਂ ਦੀ ਇਹ ਕਹਾਣੀ ਵੀ ਫੌਜ ਨਾਲ ਸਬੰਧਤ ਹੈ। ਇਸ ਕਹਾਣੀ ਵਿਚ ਮਨੁੱਖੀ ਪੱਖ ਬਹੁਤ ਗੂੜ੍ਹਾ ਹੈ ਜਿਸ ਵਿਚ ਜੰਗਾਂ-ਯੁੱਧਾਂ ਦੀ ਨਿਰਰਥਿਕਤਾ ਮੁੱਖ ਰੂਪ ਵਿਚ ਉਜਾਗਰ ਹੁੰਦੀ ਹੈ। ਲੇਖਕ ਦੋ ਵੱਖ-ਵੱਖ ਥਾਵਾਂ ਉਤੇ ਹੋਈਆਂ ਘਟਨਾਵਾਂ ਦੀਆਂ ਲੜੀਆਂ ਇਸ ਤਰ੍ਹਾਂ ਜੋੜਦਾ ਹੈ ਕਿ ਇਹ ਸਾਹਾਂ ਦੀਆਂ ਕੜੀਆਂ ਵਾਂਗ ਜੁੜ ਜਾਂਦੀਆਂ ਹਨ। -ਸੰਪਾਦਕ

ਰਣਜੀਤ ਸਿੰਘ
ਟੈਰੀਟੋਰੀਅਲ ਆਰਮੀ ਨੂੰ ਜਦੋਂ ਆਫ਼ੀਸਰਜ਼ ਟ੍ਰੇਨਿੰਗ ਸਕੂਲ ਭੁਵਨੇਸ਼ਵਰ ਸਿੱਖਲਾਈ ਵਾਸਤੇ ਪਹੁੰਚਣ ਦਾ ਹੁਕਮ ਮਿਲਿਆ, ਮੈਂ ਤਾਂ ਖੁਸ਼ ਹੋਣਾ ਹੀ ਸੀ, ਸਾਡੇ ਸਾਰੇ ਘਰ ਨੂੰ ਜਿਵੇਂ ਸੁਖ ਦਾ ਸਾਹ ਆਇਆ। ਮੇਰੀਆਂ ਲਗਾਤਾਰ ਨਾ-ਕਾਮਯਾਬੀਆਂ ਕਾਰਨ ਸਾਡੇ ਘਰ ਦਾ ਮਾਹੌਲ ਉਦਾਸ ਅਤੇ ਪਰੇਸ਼ਾਨ ਸੀ। ਇਮਤਿਹਾਨ ਮੈਂ ਸਾਰੇ ਪਾਸ ਕਰੀ ਜਾਂਦਾ ਸਾਂ, ਪਰ ਨੰਬਰ ਇੰਨੇ ਨਹੀਂ ਸਨ ਆਉਂਦੇ ਕਿ ਕਿਧਰੇ ਮੈਰਿਟ ਵਿਚ ਆ ਜਾਂਦਾ। ਦੋ ਵਾਰ ਨੈਸ਼ਨਲ ਡੀਫੈਂਸ ਅਕੈਡਮੀ ਖੜਗਵਾਸਲਾ ਲਈ ਬੈਠਿਆ। ਦੋਵੇਂ ਵਾਰ ਲਿਖਤੀ ਇਮਤਿਹਾਨ ਪਾਸ ਕਰ ਲਏ, ਪਰ ਇੰਟਰਵਿਊ ਵਿਚ ਕਾਮਯਾਬੀ ਨਾ ਮਿਲੀ। ਇੰਡੀਆ ਮਿਲਟਰੀ ਅਕਾਦਮੀ ਡੇਹਰਾਦੂਨ ਵਿਚ ਵੀ ਮੈਂ ਇਸੇ ਤਰ੍ਹਾਂ ਨਾ ਪਹੁੰਚ ਸਕਿਆ। ਮੈਡੀਕਲ ਤੇ ਇੰਜੀਨੀਅਰਿੰਗ ਕਾਲਜ ਵੀ ਮੇਰੀ ਪਹੁੰਚ ਤੋਂ ਬਹੁਤ ਦੂਰ ਰਹੇ।
ਜਿਹੜਾ ਮਿਲੇ, ਆਖੇ, “ਕੋਈ ਲਾਈਨ ਫੜæææਕੋਈ ਲਾਈਨ ਫੜ”। ਮੈਂ ਹਾਰ ਕੇ ਆਖਣ ਲੱਗ ਪਿਆ, “ਜੇ ਹੋਰ ਕੋਈ ਲਾਈਨ ਨਾ ਮਿਲੇ ਤਾਂ ਕੀ ਮੈਂ ਗੱਡੀ ਦੀ ਲਾਈਨ ਫੜ ਲਵਾਂ? ਤੇ ਜੇ ਆਖੋ ਤਾਂ ਬਿਜਲੀ ਦੀ ਲਾਈਨ ਫੜ ਲੈਂਦਾ ਹਾਂ।”
ਨਾ ਹਾਸਾ ਨਿਕਲਦਾ, ਨਾ ਰੋਣ ਆਉਂਦਾ!
ਹੱਕ ਦੀ ਗੱਲ ਇਹ ਸੀ ਕਿ ਬਚਪਨ ਤੋਂ ਹੀ ਮੇਰਾ ਰੁਝਾਨ ਸਾਹਿਤਕ ਸੀ। ਕਵਿਤਾ, ਕਹਾਣੀ ਅਤੇ ਨਾਵਲ ਪੜ੍ਹਨ ਵਾਲੇ ਨੇ ਸਾਇੰਸ ਅਤੇ ਹਿਸਾਬ ਲਈ ਕਿੰਨਾ ਕੁ ਵਕਤ ਕੱਢ ਲੈਣਾ ਸੀ। ਕਵਿਤਾ ਕਹਾਣੀ ਲਿਖਣ ਵਾਲੇ ਨੇ ਖੇਡਾਂ ਵਿਚ ਕਿੰਨੀਆਂ ਕੁ ਮੱਲਾਂ ਮਾਰ ਲੈਣੀਆਂ ਸਨ। ਹੁਣ ਛੋਟੇ ਭਰਾ ਨੂੰ ਫੌਜ ਵਿਚ ਅਫ਼ਸਰ ਬਣਿਆਂ ਵੀ ਕਈ ਸਾਲ ਬੀਤ ਗਏ ਸਨ। ਮੇਰੇ ਕਿਸੇ ਥਾਂ-ਸਿਰ ਨਾ ਲੱਗਣ ਕਰ ਕੇ ਉਸ ਦਾ ਵਿਆਹ ਵੀ ਰੁਕਿਆ ਪਿਆ ਸੀ।
ਟੈਰੀਟੋਰੀਅਲ ਆਰਮੀ ਦੀ ਨੌਕਰੀ ਦੀ ਮਿਆਦ ਤਾਂ ਸਿਰਫ ਪੰਜ ਸਾਲ ਹੀ ਹੁੰਦੀ ਹੈ, ਪਰ ਚੰਗੀ ਕਾਰਗੁਜ਼ਾਰੀ ਦਿਖਾਉਣ ਉਤੇ ਮਿਆਦ ਵਧ ਵੀ ਜਾਂਦੀ ਹੈ ਤੇ ਕਈ ਵਾਰੀ ਨੌਕਰੀ ਪੱਕੀ ਵੀ ਹੋ ਜਾਂਦੀ ਹੈ। ਚਲੋ, ਪੰਜ-ਸੱਤ ਸਾਲਾਂ ਵਾਸਤੇ ਤਾਂ ਭੁੱਖ ਅਤੇ ਪਰੇਸ਼ਾਨੀ ਦੇ ਬਘਿਆੜ ਬੂਹਿਓਂ ਦੂਰ ਜਾ ਖਲੋਤੇ ਸਨ।
ਦੋ ਸਾਲ ਭੁਵਨੇਸ਼ਵਰ ਵਿਚ ਟ੍ਰੇਨਿੰਗ ਬਾਅਦ ਮੈਨੂੰ ਮਹਾਰ ਰੈਜਮੈਂਟ ਵਿਚ ਅਫ਼ਸਰ ਬਣਾ ਕੇ ਨਾਗਾਲੈਂਡ ਭੇਜ ਦਿੱਤਾ ਗਿਆ। ਉਥੇ ਮੈਂ ਤਕਰੀਬਨ ਦੋ ਸਾਲ ਹੀ ਰਿਹਾ ਹੋਵਾਂਗਾ ਕਿ ਸਾਡੀ ਰੈਜਮੈਂਟ ਦਿੱਲੀ ਆ ਗਈ।
ਦਿੱਲੀ ਕੁਝ ਸਮਾਂ ਹੀ ਲੰਘਿਆ ਸੀ ਕਿ ਪੂਰਬੀ ਪਾਕਿਸਤਾਨ ਜੋ ਹੁਣ ਬੰਗਲਾਦੇਸ਼ ਕਹਾਉਂਦਾ ਹੈ, ਵਿਚ ਗੜਬੜ ਸ਼ੁਰੂ ਹੋ ਗਈ। ਪਾਕਿਸਤਾਨ ਵਿਚ ਹੋਈਆਂ ਆਮ ਚੋਣਾਂ ਵਿਚ ਕੌਮੀ ਅਸੈਂਬਲੀ ਲਈ ਮੁਜੀਬ-ਉਰ-ਰਹਿਮਾਨ ਦੀ ਆਵਾਮੀ ਪਾਰਟੀ ਬਹੁਮਤ ਲੈਣ ਵਿਚ ਕਾਮਯਾਬ ਤਾਂ ਹੋ ਗਈ, ਪਰ ਨਾ ਸਦਰ ਯਾਹੀਆ ਖਾਨ ਅਤੇ ਨਾ ਹੀ ਆਪ ਵਜ਼ੀਰੇ ਆਜ਼ਮ ਬਣਨ ਦੇ ਖਾਹਿਸ਼ਮੰਦ ਭੁਟੋ ਸਾਹਿਬ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਨ ਦਿੱਤਾ। ਪੂਰਬੀ ਪਾਕਿਸਤਾਨ ਵਿਚ ਹਾਲਾਤ ਬਹੁਤ ਖਰਾਬ ਹੋ ਗਏ। ਮੁਜੀਬ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਫੇਰ ਤਸ਼ੱਦਦ ਤੇ ਦਮਨ ਦਾ ਦੌਰ ਸ਼ੁਰੂ ਹੋ ਗਿਆ।
ਲੱਖਾਂ ਦੀ ਗਿਣਤੀ ਵਿਚ ਲੋਕ ਪੂਰਬੀ ਪਾਕਿਸਤਾਨ ਛੱਡ ਕੇ ਹਿੰਦੁਸਤਾਨ ਆ ਗਏ। ਭਾਰਤ ਸਰਕਾਰ ਦੀ ਪਾਕਿਸਤਾਨ ਨੂੰ ‘ਆਪਣਾ ਘਰ ਸੰਭਾਲਣ’ ਦੀ ਸਲਾਹ ਕਿਸੇ ਨੇ ਨਾ ਗੌਲੀ। ਮੁਕਤੀ-ਵਾਹਿਨੀ ਵਜੂਦ ਵਿਚ ਆ ਗਈ ਤੇ ਇਸ ਤਰ੍ਹਾਂ 1971 ਵਾਲੀ ਹਿੰਦ-ਪਾਕਿ ਜੰਗ ਸ਼ੁਰੂ ਹੋ ਗਈ। ਸਾਫ ਜ਼ਾਹਿਰ ਸੀ ਕਿ ਲੜਾਈ ਪੂਰਬੀ ਅਖਾੜੇ ਤੱਕ ਸੀਮਤ ਨਹੀਂ ਰਹਿਣੀ। ਸੋ, ਸਾਡੀ ਰੈਜਮੈਂਟ ਨੂੰ ਜੰਮੂ ਕਸ਼ਮੀਰ ਵਿਚ ਕਾਰਗਿਲ ਦੇ ਇਲਾਕੇ ਵਿਚ ਭੇਜ ਦਿੱਤਾ ਗਿਆ।
ਕਾਰਗਿਲ ਸੈਕਟਰ ਵਿਚ ਹੀ ਮੇਰੀ ਉਸ ਨਾਲ ਪਹਿਲੀ ਮੁਲਾਕਾਤ ਹੋਈ, ਉਹ ਜੋ ਮੇਰਾ ‘ਦੁਸ਼ਮਣ’ ਸੀ। ਉਸ ਨੇ ਮੇਰੀ ਜ਼ਮੀਨ ਨਹੀਂ ਸੀ ਸਾਂਭੀ, ਮੇਰੀ ਘਰ ਦੀ ਕਿਸੇ ਔਰਤ ਉਤੇ ਬੁਰੀ ਨਜ਼ਰ ਵੀ ਨਹੀਂ ਸੀ ਪਾਈ ਤੇ ਨਾ ਹੀ ਮੇਰਾ ਉਸ ਨਾਲ ਪਹਿਲਾਂ ਕਦੀ ਕੋਈ ਵਾਹ ਪਿਆ ਸੀ, ਪਰ ਉਹ ਮੇਰਾ ਦੁਸ਼ਮਣ ਸੀ। ਇਹ ਜੰਗ ਸੀ-ਸਾਡੇ ਦੋ ਦੇਸ਼ਾਂ ਵਿਚਕਾਰ ਜੰਗ। ਤੇ ਜੰਗ ਦਾ ਤਾਂ ਇਕੋ ਹੀ ਅਸੂਲ ਹੁੰਦਾ ਹੈ-ਜੇ ਪਹਿਲੇ ਹੱਲੇ ਮੈਂ ਉਸ ਨੂੰ ਨਾ ਮਾਰਿਆ ਤਾਂ ਮੌਕਾ ਮਿਲਣ ਉਤੇ ਉਹ ਮੈਨੂੰ ਮਾਰ ਦੇਵੇਗਾ। ਇਹੀ ਸਾਡੀ ਸਿੱਖਲਾਈ ਸੀ। ਅੱਖਾਂ ਵਿਚ ਖੂਨ, ਰਾਈਫਲ ਉਤੇ ਸੰਗੀਨ ਤੇ ਹੋਠਾਂ ਉਤੇ ਚਾæææਰæææਜ! ਜਾਂ ਉਹ ਨਹੀਂ ਜਾਂ ਮੈਂ ਨਹੀਂ।
ਪਰ ਇਸ ਤਰ੍ਹਾਂ ਨਾ ਹੋਇਆ।
ਕਹਿਣ ਨੂੰ ਤਾਂ ਇਹ ਇਲਾਕਾ ਧਰਤੀ ਦੇ ਸਵਰਗ ਕਸ਼ਮੀਰ ਦਾ ਹੀ ਹਿੱਸਾ ਹੈ। ਸਰਦੀਆਂ ਵਿਚ ਬਹੁਤ ਠੰਢ ਪੈਂਦੀ ਹੋਣੀ ਏ, ਇਹ ਵੀ ਸਭ ਜਾਣਦੇ ਹਨ, ਪਰ ਵੇਖਣ ਤੇ ਸੁਣਨ ਵਿਚ ਬਹੁਤ ਫਰਕ ਹੁੰਦਾ ਹੈ ਤੇ ਸਮਝਣ ਤੱਕ ਪਹੁੰਚਦਿਆਂ ਅਸਲੀਅਤ ਅਤੇ ਕਿਆਸ ਵਿਚ ਫਾਸਲਾ ਹੋਰ ਵੀ ਵਧ ਜਾਂਦਾ ਹੈ।
ਠੰਢਾ, ਸਫੈਦ, ਰੇਤਲਾ ਨਰਕ ਹੈ। ਮੁਲਤਾਨ ਹੋਏਗਾ ਗਰਮ ਨਰਕ, ਪਰ ਇਹ ਠੰਢਾ ਨਰਕ ਹੈ। ਪਹਾੜੀਆਂ ਉਤੇ ਬਰਫ, ਮੈਦਾਨਾਂ ਵਿਚ ਬਰਫ ਤੇ ਬਰਫ ਦੇ ਦਰਿਆ। ਗਲੇਸ਼ੀਅਰ ਕਹਿੰਦੇ ਨੇ ਇਨ੍ਹਾਂ ਬਰਫ ਦੇ ਵਗਦੇ ਦਰਿਆਵਾਂ ਨੂੰ। ਦੋ-ਦੋ ਗਰਮ ਜੁਰਾਬਾਂ, ਉਪਰ ਬੂਟ। ਫਿਰ ਵੀ ਉਂਗਲਾਂ-ਅੰਗੂਠੇ ਭੁਰ-ਭੁਰ ਜਾਂਦੇ। ਕਈ ਵਾਰੀ ਤਾਂ ਕਿਸੇ-ਕਿਸੇ ਦੀਆਂ ਉਂਗਲਾਂ ਕੱਟਣੀਆਂ ਵੀ ਜ਼ਰੂਰੀ ਹੋ ਜਾਂਦੀਆਂ। ਗਰਮ ਬਨੈਣ, ਗਰਮ ਕਮੀਜ਼, ਜਰਸੀ ਅਤੇ ਓਵਰਕੋਟ ਵਿਚ ਵੀ ਹੱਡੀਆਂ ਠਰ-ਠਰ ਜਾਂਦੀਆਂ। ਪਗੜੀਆਂ ਹੇਠ ਗਰਮ ਛੋਟੀ ਪੱਗ ਬੰਨ੍ਹਣੀ ਪੈਂਦੀ ਸੀ। ਸਰਦੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਮੂੰਹੋਂ ਨਿਕਲਦਾ ਸਾਹ ਧੁੰਦ ਬਣ ਜਾਂਦਾ ਅਤੇ ਧੁੰਦ, ਬਰਫ ਦੇ ਨਿੱਕੇ-ਨਿੱਕੇ ਮੋਤੀ ਬਣ ਕੇ ਦਾੜ੍ਹੀ-ਮੁੱਛਾਂ ਉਤੇ ਜੰਮ ਜਾਂਦੀ। ਇਸ ਉਤੇ ਤੁੱਰਾ ਇਹ ਕਿ ਘੰਟਿਆਂ ਬੱਧੀ ਕਿਸੇ ਬੰਕਰ ਜਾਂ ਖੰਦਕ ਵਿਚ ਦੁਬਕ ਕੇ ਜਾਂ ਸ਼ਹਿ ਲਾ ਕੇ ਬੈਠਾ ਰਹਿਣਾ ਪੈਂਦਾ ਸੀ। ਕਈ ਵਾਰ ਤਾਂ ਜ਼ਿੰਦਗੀ ਨਾਲੋਂ ਮੌਤ ਅਤੇ ਨੌਕਰੀ ਨਾਲੋਂ ਬੇਰੁਜ਼ਗਾਰੀ ਚੰਗੀ ਲੱਗਣ ਲੱਗ ਪੈਂਦੀ ਸੀ। ਉਥੇ ਤਾਂ ਘਾਹ ਦਾ ਇਕ ਤੀਲਾ ਵੀ ਬਰਫ ਦੇ ਚਿੱਟੇ ਪਰਦੇ ਉਤੇ ਦਾਗ ਨਹੀਂ ਪਾਉਂਦਾ। ਨਾ ਕੋਈ ਪੰਛੀ ਕੂਕਦਾ ਸੀ, ਨਾ ਕੋਈ ਜਾਨਵਰ ਫਟਕਦਾ ਸੀ। ਬੰਕਰ ਵਿਚੋਂ ਬਾਹਰ ਨਿਕਲ ਕੇ ਠਰੇ-ਜੁੜੇ ਅੰਗਾਂ ਨੂੰ ਗਰਮ ਕਰਨ ਲਈ, ਖੋਲ੍ਹਣ ਲਈ, ਕਸਰਤ ਕਰਨ ਲਈ ਮਨ ਤਰਸਦਾ, ਪਰ ਇਹ ਤਾਂ ਦੁਸ਼ਮਣ ਦੀ ਗੋਲੀ ਨੂੰ ਆਪ ਸੱਦਾ ਦੇਣ ਵਾਲੀ ਗੱਲ ਸੀ।
ਸਾਡੇ ਪਾਸੇ ਲੜਾਈ ਬਹੁਤੀ ਨਹੀਂ ਸੀ ਹੋਈ। ਫੌਜਾਂ ਨਾ ਅੱਗੇ ਵਧੀਆਂ, ਨਾ ਪਿੱਛੇ ਹਟੀਆਂ, ਪਰ ਮੋਰਚਾਬੰਦੀ ਬਹੁਤ ਸਖਤ ਸੀ। ਹਦਾਇਤ ਸੀ ਕਿ ਸਾਹਮਣੇ ਹੁੰਦੀ ਕਿਸੇ ਤਰ੍ਹਾਂ ਦੀ ਹਿਲਜੁਲ ਨੂੰ ਦਰ-ਗੁਜ਼ਰ ਨਾ ਕੀਤਾ ਜਾਏ। ਫੌਰਨ ਐਕਸ਼ਨ ਲੈਣ ਦਾ ਹੁਕਮ ਸੀ।
ਇਕ ਦਿਨ ਮੈਂ ਸਵੇਰੇ ਹੀ ਆਪਣੇ ਰਿਹਾਇਸ਼ੀ ਬੰਕਰ ਵਿਚੋਂ ਬਾਹਰ ਨਿਕਲ ਕੇ ਖੰਦਕਾਂ ਵਿਚ ਕਿਤੇ ਝੁਕ ਕੇ ਤੁਰਦਾ, ਕਿਤੇ ਹੱਥਾਂ ਪੈਰਾਂ ਉਤੇ ਰਿੜ੍ਹਦਾ ਕਈ ਪਿਕਟਾਂ ਦਾ ਮੁਆਇਨਾ ਕਰਨ ਪਿਛੋਂ ਪਹਾੜੀ ਕੱਟ ਕੇ ਬਣਾਈ ਇਕ ਪਿਕਟ ਉਤੇ ਪਹੁੰਚਿਆ। ਇਕ ਫੌਜੀ ਸਿਪਾਹੀ ਸਾਹਮਣੇ ਸਫੈਦ ਮੈਦਾਨ ਵੱਲ ਨੀਝ ਲਾ ਕੇ ਦੇਖ ਰਿਹਾ ਸੀ। ਮੈਂ ਉਸ ਕੋਲ ਜਾ ਕੇ ਖੜ੍ਹਾ ਹੋ ਗਿਆ। ਸਾਹਮਣੇ ਕੋਈ ਡੇਢ ਦੋ ਸੌ ਗਜ਼ ਦੇ ਫਾਸਲੇ ਉਤੇ ਪਾਕਿਸਤਾਨੀ ਪਿਕਟ ਸੀ। ਉਧਰ ਵੀ ਕੋਈ ਹਿਲਜੁਲ ਨਹੀਂ ਸੀ। ਉਹ ਵੀ ਸ਼ਹਿ ਮਾਰ ਕੇ ਸਾਡੇ ਵੱਲ ਦੇਖਦੇ ਹੋਣੇ ਨੇ।
ਆਹਿਸਤਾ-ਆਹਿਸਤਾ ਸਰਦੀ ਪੈਰਾਂ ਵੱਲੋਂ ਉਤਾਂਹ ਨੂੰ ਚੜ੍ਹ ਰਹੀ ਸੀ। ਰਾਈਫਲ ਦੀ ਨਾਲ ਗਰਮ ਦਸਤਾਨਿਆਂ ਵਿਚੋਂ ਵੀ ਹੱਥਾਂ ਨੂੰ ਠਾਰ ਰਹੀ ਸੀ।
ਸਿਪਾਹੀ ਨੇ ਮੇਰੇ ਵੱਲ ਘੁੰਮ ਕੇ ਆਖਿਆ, “ਸਾਹਿਬ, ਅਹੁ ਦੇਖੋ!”
ਸਾਹਮਣੇ ਕਾਲੀ ਟੋਲੀ ਖੰਦਕ ਵਿਚੋਂ ਨਿਕਲ ਕੇ ਬਾਹਰ ਆ ਗਈ ਸੀ। ਫਿਰ ਮੋਢੇ ਉਭਰੇ ਅਤੇ ਫੇਰ ਬਾਕੀ ਜਿਸਮ। ਸਿਪਾਹੀ ਨੇ ਰਾਈਫਲ ਮੋਢੇ ਉਤੇ ਲਾ ਲਈ ਅਤੇ ਨਿਸ਼ਾਨਾ ਸਿੰਨ੍ਹ ਲਿਆ। ਮੈਂ ਉਸ ਨੂੰ ਇਸ਼ਾਰੇ ਨਾਲ ਗੋਲੀ ਚਲਾਉਣ ਤੋਂ ਰੋਕਿਆ। ਦੂਰਬੀਨ ਵਿਚੋਂ ਮੈਂ ਉਸ ਆਦਮੀ ਦੀ ਹਰ ਹਰਕਤ ਦੇਖ ਰਿਹਾ ਸਾਂ। ਦੂਰਬੀਨ ਨਾਲ ਉਹ ਸਾਫ ਨਜ਼ਰ ਆ ਰਿਹਾ ਸੀ। ਦਰਮਿਆਨਾ ਕੱਦ-ਬੁੱਤ, ਹਲਕਾ ਸਰੀਰ ਤੇ ਮੋਢਿਆਂ ਦੀ ਢਲਾਵੀਂ ਬਣਤਰ। ਉਸ ਦੇ ਗਲੇ ਵਿਚ ਕੌਡੀਆਂ ਵਾਲੇ ਸੱਪ ਵਰਗਾ ਉਨ ਦਾ ਮਫਲਰ ਸੀ। ਚਿੱਟੀ ਜ਼ਮੀਨ ਉਤੇ ਕਾਲੀਆਂ ਭੂਰੀਆਂ ਡੱਬੀਆਂ।
ਉਸ ਨੇ ਆਹਮੋ-ਸਾਹਮਣੇ ਦੇਖਿਆ, ਉਬਾਸੀ ਲਈ ਤੇ ਸਰੀਰ ਦੀ ਆਕੜ ਭੰਨੀ। ਫਿਰ ਸਾਡੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਅਸੀਂ ਦੇਖਿਆ, ਉਹਨੇ ਉਛਲ-ਉਛਲ ਕੇ, ਕੁੱਦ-ਕੁੱਦ ਕੇ ਕਸਰਤ ਕਰਨੀ ਸ਼ੁਰੂ ਕਰ ਦਿੱਤੀ।
ਜੀ ਹਾਂ, ਉਹ ਆਪਣੇ ਜਿਸਮ ਨੂੰ, ਕੜਵੱਲ ਪਈਆਂ ਲੱਤਾਂ-ਬਾਂਹਾਂ ਨੂੰ, ਮੂੰਜਮਿਦ ਖੂਨ ਨੂੰ, ਸਰਦੀਆਂ ਨਾਲ ਸੁੰਗੜੀਆਂ ਉਂਗਲਾਂ ਨੂੰ ਗਰਮ ਕਰ ਰਿਹਾ ਸੀ, ਖੋਲ੍ਹ ਰਿਹਾ ਸੀ, ਰਵਾਂ ਕਰ ਰਿਹਾ ਸੀ।
ਸਾਡੇ ਦੋਹਾਂ ਦੇਸ਼ਾਂ ਵਿਚ ਜੰਗ ਚੱਲ ਰਹੀ ਸੀ। ਹੁਕਮ ਸਖਤ ਸਨ। ਤਰਸ ਜਾਂ ਲਿਹਾਜ਼ ਦੀ ਕੋਈ ਗੁੰਜਾਇਸ਼ ਨਹੀਂ ਸੀ। ਤੇ ਉਹ ਸੀ ਕਿ ਡੇਢ-ਦੋ ਸੌ ਗਜ਼ ਦੀ ਵਿੱਥ ਉਤੇ ਖਲੋਤਾ ਕਸਰਤ ਕਰ ਰਿਹਾ ਸੀ। ਬਹੁਤ ਆਸਾਨ ਨਿਸ਼ਾਨਾ।
ਬੇਵਕੂਫ਼æææਦੀਵਾਨਾæææਜਾਂ ਕੋਈ ਸਦੀਵੀ ਮਨੁੱਖਤਾ ਵਿਚ ਵਿਸ਼ਵਾਸ ਰੱਖਣ ਵਾਲਾ!
ਮੇਰੇ ਸਿਪਾਹੀ ਨੇ ਫਿਰ ਮੇਰੇ ਵੱਲ ਦੇਖਿਆ। ਉਹ ਮੇਰੇ ਹੁਕਮ ਦੀ ਉਡੀਕ ਕਰ ਰਿਹਾ ਸੀ। ਮੇਰਾ ਇਸ਼ਾਰਾ ਹੁੰਦਿਆਂ ਹੀ ਰਾਈਫਲ ਦੇ ਘੋੜੇ ਉਤੇ ਥੋੜ੍ਹਾ ਜਿਹਾ ਦਬਾਅ ਪੈਣਾ ਸੀ। ਜ਼ਰਾ ਜਿੰਨਾ ਸ਼ੋਰ ਤੇ ਫਿਰ ਜ਼ੋਰਦਾਰ ਧਮਾਕਾ। ਤੇ ਉਸ ਦੀ ਕਸਰਤ ਵਿਚੇ ਹੀ ਰਹਿ ਜਾਣੀ ਸੀ। ਜਿਨ੍ਹਾਂ ਅੰਗਾਂ ਨੂੰ ਉਹ ਗਰਮ ਕਰ ਰਿਹਾ ਸੀ, ਜਿਸ ਖੂਨ ਨੂੰ ਉਹ ਤੋਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਤੇ ਜਿਨ੍ਹਾਂ ਹੱਥਾਂ ਪੈਰਾਂ ਅਤੇ ਉਂਗਲਾਂ ਨੂੰ ਉਹ ਰਵਾਂ ਕਰ ਰਿਹਾ ਸੀ, ਉਨ੍ਹਾਂ ਨੇ ਹਮੇਸ਼ਾ ਵਾਸਤੇ ਠੰਢਿਆਂ ਪੈ ਜਾਣਾ ਸੀ। ਬਰਫ ਉਤੇ ਲਹੂ ਦਾ, ਸਿਆਹੀ-ਚੂਸ ‘ਤੇ ਸਿਪਾਹੀ ਦੀ ਤਰ੍ਹਾਂ ਲਾਲ ਧੱਬਾ ਬਣਨਾ ਸੀ ਤੇæææ ਬਸ਼ææ ਇਕ ਮਨੁੱਖ ਨੇ ਸਦਾ ਲਈ ਤੁਰ ਜਾਣਾ ਸੀ।
ਮੇਰਾ ਸਿਪਾਹੀ ਹੁਕਮ ਦਾ ਇੰਤਜ਼ਾਰ ਕਰਦਾ ਰਹਿ ਗਿਆ ਤੇ ਉਹ ਆਦਮੀ ਆਪਣੀ ਕਸਰਤ ਪੂਰੀ ਕਰ ਕੇ ਵਾਪਸ ਖੰਦਕ ਵਿਚ ਉਤਰ ਗਿਆ।
ਉਹ ਕੌਣ ਸੀ? ਕੋਈ ਅਫਸਰ? ਕੋਈ ਸਿਪਾਹੀ? ਨਾ ਮੈਂ ਜਾਣਿਆ, ਨਾ ਜਾਨਣ ਦੀ ਕੋਸ਼ਿਸ਼ ਕੀਤੀ ਅਤੇ ਨਾ ਹੀ ਜਾਣ ਸਕਿਆ।
ਇਸ ਘਟਨਾ ਨੂੰ ਕਈ ਸਾਲ ਗੁਜ਼ਰ ਗਏ। ਇਸ ਦੌਰਾਨ ਮੈਂ ਆਪਣੀ ਫੌਜੀ ਨੌਕਰੀ ਦੀ ਮਿਆਦ ਪੂਰੀ ਕਰ ਲਈ। ਐਮæਏæ ਕਰ ਲੈਣ ਬਾਅਦ ਦਿੱਲੀ ਦੇ ਇਕ ਕਾਲਜ ਵਿਚ ਪ੍ਰੋਫੈਸਰ ਲੱਗ ਗਿਆ। ਮੇਰੀਆਂ ਸਾਹਿਤਕ ਰੁਚੀਆਂ ਨੂੰ ਪਰਵਾਨ ਚੜ੍ਹਨ ਦਾ ਮੌਕਾ ਮਿਲ ਗਿਆ। ਕਵਿਤਾ, ਕਹਾਣੀਆਂ, ਪੜ੍ਹਨਾ, ਲਿਖਣਾ, ਪੜ੍ਹਾਉਣਾ-ਇਹੀ ਮੇਰਾ ਕਿੱਤਾ ਬਣ ਗਿਆ। ਕਿਧਰੇ ਕਾਨਫਰੰਸ, ਕਿਧਰੇ ਸੈਮੀਨਾਰ, ਕਿਧਰੇ ਅਦਬੀ ਬੈਠਕ ਅਤੇ ਕਿਧਰੇ ਸਾਹਿਤਕ ਗੋਸ਼ਟੀ।
ਪੰਜਾਬੀ ਭਾਸ਼ਾ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਨੇ ਮਿਲ ਕੇ ਦਿੱਲੀ ਵਿਚ ਵਿਸ਼ਵ ਪੰਜਾਬੀ ਕਾਨਫਰੰਸ ਕਰਨ ਦੀ ਯੋਜਨਾ ਬਣਾਈ। ਇਸ ਕਾਨਫਰੰਸ ਵਿਚ ਸ਼ਾਮਲ ਹੋਣ ਵਾਸਤੇ ਇੰਗਲੈਂਡ, ਕੈਨੇਡਾ ਤੋਂ ਪਰਵਾਸੀ ਪੰਜਾਬੀ ਲੇਖਕ ਆਏ। ਪਾਕਿਸਤਾਨ ਤੋਂ ਵੀ ਪੰਜਾਬੀ ਲੇਖਕ ਆਏ।
ਲੇਖ ਪੜ੍ਹੇ ਜਾ ਰਹੇ ਸਨ। ਕਵਿਤਾਵਾਂ ਸੁਣਾਈਆਂ ਜਾ ਰਹੀਆਂ ਸਨ। ਨਾਟਕ ਖੇਡੇ ਜਾ ਰਹੇ ਸਨ, ਪਰ ਮੇਰੀਆਂ ਅੱਖਾਂ ਤਾਂ ਜਿਵੇਂ ਕੀਲੀਆਂ ਪਈਆਂ ਸਨ। ਪਾਕਿਸਤਾਨ ਤੋਂ ਆਏ ਇਕ ਅਦੀਬ ਉਤੋਂ ਮੇਰੀਆਂ ਨਜ਼ਰਾਂ ਉਠਦੀਆਂ ਹੀ ਨਹੀਂ ਸਨ।
ਉਹੀ ਕੱਦ-ਬੁੱਤ, ਉਹੀ ਮੋਢਿਆਂ ਦੀ ਢਲਾਣ, ਉਹੀ ਓਵਰਕੋਟ ਅਤੇ ਗਰਦਨ ਦੁਆਲੇ ਵਲ ਕੇ ਛਾਤੀ ਤੇ ਪਿੱਠ ਉਤੇ ਪਲਮਦਾ ਕੌਡੀਆਂ ਵਾਲੇ ਸੱਪ ਵਰਗਾ ਮਫਲਰ।
ਸੈਸ਼ਨ ਖਤਮ ਹੋਣ ਉਤੇ ਮੈਂ ਉਸ ਕੋਲ ਗਿਆ। ਚੌੜਾ ਮੱਥਾ, ਚਮਕਦੀਆਂ ਅੱਖਾਂ, ਤਿੱਖਾ ਨੱਕ, ਜ਼ਹੀਨ ਕਿਤਾਬੀ ਚਿਹਰਾ, ਫੜ-ਫੜਾਉਂਦੇ ਹੋਂਠ-ਉਹ ਪਾਕਿਸਤਾਨ ਦਾ ਮਸ਼ਹੂਰ ਪੰਜਾਬੀ ਸ਼ਾਇਰ ਮੁਸ਼ਤਾਕ ਬੱਟ ਸੀ।
ਮੈਂ ਉਸ ਨਾਲ ਹੱਥ ਮਿਲਾਉਂਦਿਆਂ ਕਿਹਾ, “ਬੱਟ ਸਾਹਿਬ, ਤੁਹਾਡੇ ਨਾਲ ਇਕ ਜ਼ਰੂਰੀ ਗੱਲ ਕਰਨੀ ਏਂ।”
“ਜ਼ਰੂਰ, ਜ਼ਰੂਰ।” ਉਸ ਨੇ ਮੁਸਕਰਾਉਂਦਿਆਂ ਕਿਹਾ।
ਅਸੀਂ ਦੋਵੇਂ ਪਾਸੇ ਜਿਹੇ ਹੋ ਗਏ।
“ਤੁਸੀਂ ਕਦੀ ਫੌਜ ਵਿਚ ਰਹੇ ਹੋ?”
“ਜੀ ਹਾਂææਪਰæææ।”
“1971 ਦੀ ਲੜਾਈ ਸਮੇਂ ਕਾਰਗਿਲ ਸੈਕਟਰ ਵਿਚ?”
“ਜੀ ਹਾਂ।” ਉਹ ਹੈਰਾਨ ਹੋ ਰਿਹਾ ਸੀ।
“ਤੁਸੀਂ ਸਿਆਚਿਨ ਗਲੇਸ਼ੀਅਰ ਦੇ ਉਸ ਪਾਰ ਸੀ?”
“ਕਮਾਲ ਹੈæææਕਮਾਲ!”
“ਫਿਰ ਤੁਸੀਂ ਆਪਣੀ ਖੰਦਕ ਵਿਚੋਂ ਬਾਹਰ ਨਿਕਲ ਕੇ ਕਸਰਤ ਕਰਨ ਲੱਗ ਪਏ ਸੀ?”
“ਠੀਕ, ਬਿਲਕੁਲ ਠੀਕ! ਪਰ ਤੁਸੀਂæææ?” ਉਸ ਦੀ ਹੈਰਾਨੀ, ਪਰੇਸ਼ਾਨੀ ਵਿਚ ਬਦਲਦੀ ਜਾ ਰਹੀ ਸੀ।
“ਤੁਹਾਡੇ ਗਲ ਵਿਚ ਇਹੀ ਕੌਡੀਆਂ ਵਾਲੇ ਸੱਪ ਵਰਗਾ ਮਫਲਰ ਸੀ?”
“ਤੁਸੀਂ ਠੀਕ ਕਹਿ ਰਹੇ ਹੋ, ਪਰ ਸਭ ਕੁਝ ਤੁਸੀਂ ਕਿਸ ਤਰ੍ਹਾਂ ਜਾਣਦੇ ਹੋ?” ਉਹ ਮੇਰੇ ਸਾਹਮਣੇ ਇਥੇ ਸਵਾਲੀਆ ਚਿੰਨ੍ਹ ਬਣਿਆ ਖੜ੍ਹਾ ਸੀ।
“ਬੱਟ ਸਾਹਿਬ, ਮੈਂ ਉਸ ਵਕਤ ਤਹਾਡੇ ਸਾਹਮਣੇ ਸਾਂ। ਕੋਈ ਸੌ ਡੇਢ ਸੌ ਗਜ਼ ਦੇ ਫਾਸਲੇ ਉਤੇ। ਮੇਰਾ ਸਿਪਾਹੀ ਸ਼ਿਸਤ ਬੰਨ੍ਹ ਕੇ ਮੇਰੇ ਇਸ਼ਾਰੇ ਦੀ ਉਡੀਕ ਕਰ ਰਿਹਾ ਸੀ। ਲੇਕਿਨ ਮੇਰੇ ਕੋਲੋਂ ਗੋਲੀ ਚਲਾਉਣ ਦਾ ਹੁਕਮ ਨਾ ਦਿੱਤਾ ਗਿਆ। ਉਸ ਸਰਦੀ ਵਿਚ ਸਿਰਫ ਇਕ ਪਲ ਪਹਿਲਾਂ ਮੈਂ ਵੀ ਬੰਕਰ ਵਿਚੋਂ ਨਿਕਲ ਕੇ ਆਪਣੇ ਜੰਮੇ ਹੋਏ ਖੂਨ ਤੇ ਠਰੇ ਹੋਏ ਅੰਗਾਂ ਨੂੰ ਨਿੱਘਿਆਂ ਕਰਨ ਲਈ ਕਸਰਤ ਕਰਨ ਦੀ ਸੋਚ ਰਿਹਾ ਸਾਂ।”
ਉਸ ਦੀਆਂ ਅੱਖਾਂ ਵਿਚ ਨਮੀ ਆ ਗਈ। ਉਹਨੇ ਮੇਰੇ ਦੋਵੇਂ ਹੱਥ ਫੜ ਲਏ। ਮੱਥੇ ਨਾਲ ਲਾਏ, ਹੋਠਾਂ ਨਾਲ ਛੂਹਾਏ ਅਤੇ ਕਿਹਾ, “ਪੰਜਾਬੀ ਦੇ ਇਸ ਨਿਮਾਣੇ ਜਿਹੇ ਸ਼ਾਇਰ ਨੂੰ ਅੱਲ੍ਹਾ ਨੇ ਕੁਝ ਵਧੇਰੇ ਉਮਰ ਬਖਸ਼ੀ ਹੋਈ ਸੀ।”
ਮੈਂ ਉਸ ਦੇ ਹੱਥਾਂ ਨੂੰ ਆਪਣੀਆਂ ਅੱਖਾਂ ਨਾਲ ਲਾਇਆ, ਸੀਨੇ ਨਾਲ ਘੁੱਟਿਆ।
ਇਹ ਮੇਰੀ ਆਪਣੇ ‘ਦੁਸ਼ਮਣ’ ਨਾਲ ਦੂਸਰੀ ਮੁਲਾਕਾਤ ਸੀ!