‘ਪੰਜਾਬ ਟਾਈਮਜ਼’ ਦੇ 27 ਫਰਵਰੀ ਵਾਲੇ ਅੰਕ ਵਿਚ ਡਾæ ਗੁਰਬਖਸ਼ ਸਿੰਘ ਭੰਡਲ ਦੀ ਲਿਖਤ ‘ਕਲਾ ਦੀ ਕ੍ਰਿਸ਼ਮਈ ਕਥਾ’ ਪੜ੍ਹ ਕੇ ਜਾਪਿਆ, ਡਾਕਟਰ ਸਾਹਿਬ ਦੀ ਆਪਣੀ ਕਲਪਨਾ ਤੇ ਭਾਸ਼ਾ, ਦੋਵੇਂ ਕ੍ਰਿਸ਼ਮਈ ਹਨ। ਲਿਖਤ ਪੜ੍ਹਦਿਆਂ ਸਮਝ ਨਹੀਂ ਸੀ ਲੱਗ ਰਹੀ, ਕੋਈ ਲੇਖ ਪੜ੍ਹ ਰਹੀ ਹਾਂ, ਜਾਂ ਕੋਈ ਪੇਂਟਿੰਗ ਦੇਖ ਰਹੀ ਹਾਂ, ਜਾਂ ਕਿਸੇ ਬਗੀਚੇ ਵਿਚ ਫੁੱਲਾਂ ‘ਤੇ ਮੰਡਰਾਉਂਦੀਆਂ ਤਿਤਲੀਆਂ ਦੇਖ ਰਹੀ ਹਾਂ। ਭਾਸ਼ਾ ਵਿਚ ਕੋਮਲਤਾ, ਮਿਠਾਸ ਤੇ ਸੱਜਰਾਪਣ ਸੀ।
ਮੈਂ ‘ਪੰਜਾਬ ਟਾਈਮਜ਼’ ਦੀ ਪਾਠਕ ਹਾਂ। ਬਿਨਾਂ ਝਿਜਕ ਲਿਖ ਰਹੀ ਹਾਂ ਕਿ ਪੰਜਾਬ ਰਹਿੰਦਿਆਂ ਕਦੀ ਕੋਈ ਪੰਜਾਬੀ ਅਖਬਾਰ ਇਤਨੀ ਦਿਲੀ ਚਾਹ ਨਾਲ ਕਦੀ ਨਹੀਂ ਸੀ ਪੜ੍ਹੀ, ਭਾਵੇਂ ਬਹੁਤ ਸਾਰੀਆਂ ਅਖਬਾਰਾਂ ਰੋਜ਼ ਸਾਹਮਣੇ ਪਈਆਂ ਹੁੰਦੀਆਂ ਸਨ। ‘ਪੰਜਾਬ ਟਾਈਮਜ਼’ ਨਾਲ ਮੋਹ ਜਿਹਾ ਹੋ ਗਿਆ ਹੈ। ਹਰ ਬੁੱਧਵਾਰ ਸਵੇਰੇ ਨੌਂ ਵੱਜਣ ਦੀ ਹੀ ਉਡੀਕ ਰਹਿੰਦੀ ਹੈ। ‘ਪੰਜਾਬ ਟਾਈਮਜ਼’ ਇਕੱਲੀਆਂ ਖ਼ਬਰਾਂ ਲਈ ਨਹੀਂ ਪੜ੍ਹਿਆ ਜਾਂਦਾ; ਖਬਰਾਂ ਦਾ ਵਿਸ਼ੇਲਸ਼ਣ, ਨਿਰਪੱਖ ਆਲੋਚਨਾ ਅਤੇ ਸਾਰ, ਕਿਸੇ ਨਾ ਕਿਸੇ ਰੂਪ ਵਿਚ ਮਿਲ ਜਾਂਦਾ ਹੈ। ਪ੍ਰੋæ ਹਰਪਾਲ ਸਿੰਘ ਪੰਨੂ, ਜਤਿੰਦਰ ਪੰਨੂ, ਦਲਜੀਤ ਅਮੀ ਦੇ ਲੇਖ ਤ੍ਰਿਪਤੀ ਕਰਨ ਵਾਲੇ ਹੁੰਦੇ ਹਨ।
ਗੁਰਦਿਆਲ ਸਿੰਘ ਬਲ ਦਾ ਲੰਮਾ ਲੇਖ ‘ਗੁਰਮੀਤ ਪਿੰਕੀ ਦੀਆਂ ਚਿੰਘਾੜਾਂ’ ਜਿਥੇ ਪਾਠਕ ਨੂੰ ਹਿੰਸਾ ਦੀਆਂ ਜੜ੍ਹਾਂ ਤੱਕ ਲੈ ਜਾਂਦਾ ਹੈ, ਉਥੇ ਉਨ੍ਹਾਂ ਦੇ ਗਿਆਨ, ਦੁਨੀਆ ਦੇ ਇਹਿਤਾਸ, ਪੰਜਾਬ ਦੇ ਹਾਲਾਤ ਬਾਰੇ ਉਨ੍ਹਾਂ ਦੇ ਹਵਾਲੇ ਖੂਬ ਹਨ। ਉਨ੍ਹਾਂ ਦੀ ਬੁੱਧੀ ਤੇ ਕਲਮ ਨੂੰ ਨਮਸਕਾਰ ਹੈ। ਬੀਬੀ ਗੁਰਨਾਮ ਕੌਰ ਦੀ ਲਿਖਤ ਗੁਰਬਾਣੀ ਨਾਲ ਸਾਂਝ ਪੁਆਉਂਦੀ ਹੈ, ਤਰਲੋਚਨ ਸਿੰਘ ਦੁਪਾਲਪੁਰ ਦੀ ਕਲਮ ਵਿਚ ਸਾਦੇ ਜੀਵਨ ਤੇ ਸਿੱਖੀ ਦੀ ਜੀਵਨ-ਜਾਚ ਦਾ ਸੁਨੇਹਾ ਹੁੰਦਾ ਹੈ। ਕਿਸੇ ਬਰਖੁਰਦਾਰ ਦੇ ਸਾਦੇ ਵਿਆਹ ਦੀ ਗੱਲ ਹੋਵੇ ਜਾਂ ਕਿਸੇ ਪੜ੍ਹੇ-ਲਿਖੇ ਨੌਜਵਾਨ ਦੀ ਸੱਚੀ ਕਿਰਤ ਦੀ ਚਰਚਾ ਹੋਵੇ, ਭਾਵੇਂ ਕੋਈ ਜੁੱਤੀਆਂ ਗੰਢ ਕੇ ਸਿਰ ਉਚਾ ਕਰ ਕੇ ਜਿਉਂਦਾ ਹੋਵੇ, ਸਾਹਿਤਕ ਰੰਗ ਵਿਚ ਰੰਗੀਆਂ ਸੱਚੀਆਂ-ਸੁੱਚੀਆਂ ਗੱਲਾਂ ਮਨ ਨੂੰ ਛੂਹ ਜਾਂਦੀਆਂ ਹਨ।
ਗੁਰਬਚਨ ਸਿੰਘ ਭੁੱਲਰ ਦੀਆਂ ਕਹਾਣੀਆਂ ਹਰ ਸਾਹਿਤ ਪ੍ਰੇਮੀ ਨੂੰ ਅਨੰਦਿਤ ਕਰਦੀਆਂ ਹਨ। ਉਨ੍ਹਾਂ ਦਾ ਲੇਖ ‘ਮਿਥਿਹਾਸ ਵਿਚੋਂ ਮਿਲੇਗਾ ਗਿਆਨ ਵਿਗਿਆਨ ਦਾ ਇਤਿਹਾਸ’ ਜੋ ‘ਪੰਜਾਬ ਟਾਈਮਜ਼’ ਵਿਚ 2 ਜਨਵਰੀ 2016 ਨੂੰ ਛਪਿਆ ਸੀ, ਪੜ੍ਹ ਕੇ ਹਰ ਮਨ ਵਿਚਾਰਾਂ ਵਿਚ ਡੁੱਬ ਜਾਂਦਾ ਹੈ ਅਤੇ ਸੋਚਦਾ ਹੈ, ਕੀ ਅਸੀਂ ਆਪਣੇ ਭਵਿੱਖ ਨੂੰ ਬਿਜਲੀ ਦੀ ਰੋਸ਼ਨੀ ਤੋਂ ਪਰ੍ਹੇ ਮੁੜ ਸਰੋਂ ਦੇ ਤੇਲ ਦੇ ਦੀਵੇ ਦੀ ਲੋਅ ਵਿਚ ਨਹੀਂ ਲਿਜਾ ਰਹੇ ਹਾਂ? ਵਰਿਆਮ ਸਿੰਘ ਸੰਧੂ ਦੇ ਹੱਡੀਂ ਹੰਢਾਏ ਸੰਤਾਪ ਬਾਰੇ ਲਿਖਤ, ਸਾਡੇ ਸਿਆਸੀ ਤੇ ਸਮਾਜਿਕ ਆਪ-ਹੁਦਰੇਪਣ ਦੇ ਬਖੀਏ ਉਧੇੜਦੀ ਹੈ। ਬਲਜੀਤ ਬਾਸੀ ਭਾਸ਼ਾ ਵਿਗਿਆਨ ਦੇ ਐਸੇ ਪਾਠ ਸੁਣਾਉਂਦੇ ਹਨ ਕਿ ਹੈਰਾਨੀ ਹੁੰਦੀ ਹੈ ਕਿ ਭਾਸ਼ਾ ਨੇ ਕਿੰਨੇ ਪੈਂਡੇ ਗਾਹੇ, ਕੋਈ ਸ਼ਬਦ ਕਿਸੇ ਦੇਸ਼ ਤੇ ਭਾਸ਼ਾ ਤੋਂ ਆਇਆ, ਇਸ ਨੇ ਕਿੰਨੇ ਰੂਪ ਬਦਲੇ! ਅਸ਼ੋਕ ਭੌਰਾ ਜਿਨ੍ਹਾਂ ਲੜਕਪਨ ਤੋਂ ਸੱਚੀ ਗਾਇਕੀ ਵਾਲੇ ਕਲਾਕਾਰਾਂ ਦਾ ਸੰਗ ਕੀਤਾ, ਦੇ ਲੇਖ ਗਾਇਕਾਂ ਦੇ ਜੀਵਨ ‘ਤੇ ਵੱਖਰੀ ਝਾਤ ਪਾ ਦਿੰਦੇ ਹਨ।
ਘਰ ਵਿਚ ਭਾਵੇਂ ਸਭ ਕੁਝ ਹੋਵੇ ਜਾਂ ਬਹੁਤ ਕੁਝ ਹੋਵੇ, ਫਿਰ ਵੀ ਨਿੱਕ-ਸੁੱਕ ਦੀ ਲੋੜ ਹਮੇਸ਼ਾ ਰਹਿੰਦੀ ਹੈ। ਠੀਕ ਉਸੇ ਤਰ੍ਹਾਂ ‘ਪੰਜਾਬ ਟਾਈਮਜ਼’ ਲਈ ਗੁਲਜ਼ਾਰ ਸਿੰਘ ਸੰਧੂ ਅਤੇ ‘ਨਿੱਕ-ਸੁੱਕ’ ਦੀ ਲੋੜ ਰਹਿੰਦੀ ਹੈ। ਜਿੰਨਾ ਚਿਰ ਇਹ ਨਿਕ-ਸੁਕ ਸਾਂਭ-ਸੰਭਾਲ ਕੇ ਮਨ ਵਿਚ ਨਹੀਂ ਰੱਖ ਹੁੰਦਾ, ਅਖਬਾਰ ਦਾ ਪੜ੍ਹਨਾ ਅਧੂਰਾ ਜਾਪਦਾ ਹੈ। ਉਹ ਅੰਤਿਕਾ ਤਾਂ ਲੱਭ-ਲੱਭ ਕੇ ਲਿਖਦੇ ਹਨ। ਗੱਲ ਕੀ, ‘ਪੰਜਾਬ ਟਾਈਮਜ਼’ ਵਿਚ ਹਰ ਵੰਨਗੀ ਪੜ੍ਹਨ ਨੂੰ ਮਿਲਦੀ ਹੈ।
ਮੈਂ ‘ਪੰਜਾਬ ਟਾਈਮਜ਼’ ਦੇ ਸਾਰੇ ਸਟਾਫ਼, ਲੇਖਕਾਂ ਤੇ ਪਾਠਕਾਂ ਨੂੰ ਇਸ ਦੇ 16ਵੇਂ ਵਰ੍ਹੇਗੰਢ ਸਮਾਗਮ ‘ਤੇ ਵਧਾਈ ਦਿੰਦੀ ਹਾਂ ਤੇ ਅਦਾਰੇ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੀ ਹਾਂ। ਅਰਦਾਸ ਕਰਦੀ ਹਾਂ ਕਿ ਪੰਜਾਬੀ ਪੱਤਰਕਾਰੀ ਨੂੰ ਵਿਦੇਸ਼ ਵਿਚ ਇਤਨਾ ਉਚਾ ਚੁੱਕਣ ਵਾਲੇ ਸੰਪਾਦਕ ਅਮੋਲਕ ਸਿੰਘ ਜੰਮੂ ਦੀ ਪਰਬਤ ਜਿੱਡੀ ਹਿੰਮਤ ਇਸੇ ਤਰ੍ਹਾਂ ਬਰਕਰਾਰ ਰਹੇ।
-ਕਿਰਪਾਲ ਕੌਰ
ਫੋਨ: 815-356-9535