ਲਹਿੰਦੇ ਪੰਜਾਬ ਤੋਂ ਮਾਂ ਬੋਲੀ ਲਈ ਸੁੱਖ-ਸੁਨੇਹਾ

ਚੰਡੀਗੜ੍ਹ: ਪਾਕਿਸਤਾਨੀ ਵਿਚ ਪੰਜਾਬੀ ਮਾਂ ਬੋਲੀ ਨੂੰ ਆਜ਼ਾਦੀ ਦੇ 68 ਸਾਲ ਬਾਅਦ ਮਾਣ ਮਿਲਿਆ ਹੈ। ਲਹਿੰਦੇ ਪੰਜਾਬ ਦੀ ਸਰਕਾਰ ਮਾਂ ਬੋਲੀ ਨੂੰ ਸਕੂਲੀ ਸਿਲੇਬਸ ਦਾ ਹਿੱਸਾ ਬਣਾਏਗੀ। ਅਸਲ ਵਿਚ, 1947 ਵਿਚ ਦੇਸ਼ ਵੰਡ ਤੋਂ ਬਾਅਦ ਪਾਕਿਸਤਾਨ ਵਿਚ ਪੰਜਾਬੀ ਭਾਸ਼ਾ ਨੂੰ ਭਾਰੀ ਸੱਟ ਵੱਜੀ ਸੀ। ਪਾਕਿਸਤਾਨ ਦੇ ਅੱਧੇ ਹਿੱਸੇ ਵਿਚ ਬੋਲੀ ਜਾਣ ਵਾਲੀ ਪੰਜਾਬੀ ਭਾਸ਼ਾ ਨੂੰ ਗਵਾਰਾਂ ਦੀ ਭਾਸ਼ਾ ਸਮਝਿਆ ਜਾਣ ਲੱਗਾ।

ਲਹਿੰਦੇ ਪੰਜਾਬ ਦੇ ਸਿੱਖਿਆ ਮੰਤਰੀ ਅਤਾ ਮਹਿਮੂਦ ਮਾਨਿਕਾ ਨੇ ਹੁਣ ਇਹ ਮੰਨਿਆ ਹੈ ਕਿ ਉਨ੍ਹਾਂ ਦੇ ਪੰਜਾਬ (ਲਹਿੰਦੇ ਪੰਜਾਬ) ਦੀ ਮਾਂ ਬੋਲੀ ਪੰਜਾਬੀ ਹੀ ਹੈ, ਪਰ ਕਈ ਕਾਰਨਾਂ ਕਰ ਕੇ ਇਸ ਨੂੰ ਪਿੱਛੇ ਧੱਕਿਆ ਜਾਂਦਾ ਰਿਹਾ ਹੈ। ਹੁਣ ਪੰਜਾਬ ਦੇ ਸਕੂਲਾਂ ਵਿਚੋਂ ਪੰਜਾਬੀ ਨੂੰ ਪ੍ਰਫੁਲਿਤ ਕੀਤਾ ਜਾਵੇਗਾ। ਪੰਜਾਬੀ ਬਾਰੇ ਤੱਥ ਇਹ ਹਨ ਕਿ ਭਾਰਤੀ ਪੰਜਾਬ ਵਿਚ ਸਿਰਫ ਤਿੰਨ ਕਰੋੜ ਲੋਕ ਪੰਜਾਬੀ ਬੋਲਦੇ ਹਨ ਜਦੋਂ ਕਿ ਪਾਕਿਸਤਾਨੀ ਪੰਜਾਬ ਵਿਚ ਸਾਢੇ ਸੱਤ ਕਰੋੜ ਲੋਕ ਪੰਜਾਬੀ ਬੋਲਦੇ ਹਨ। ਜਨਾਬ ਅਤਾ ਮਹਿਮੂਦ ਦਾ ਇਹ ਬਿਆਨ ਅਚਾਨਕ ਨਹੀਂ ਆਇਆ। ਪੰਜਾਬੀ ਭਾਸ਼ਾ ਨੂੰ ਦਰਜਾ ਦਿਵਾਉਣ ਲਈ ਪੰਜਾਬ ਬੁੱਧੀਜੀਵੀ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਸਨ। ਪਿਛਲੇ ਦਿਨੀਂ ਪਾਕਿਸਤਾਨ ਦੇ ਉਰਦੂ ਸਾਹਿਤਕਾਰਾਂ ਨੇ ਵੀ ਪੰਜਾਬੀ ਲਹਿਰ ਦੀ ਹਮਾਇਤ ਕੀਤੀ ਸੀ।
ਪਾਕਿਸਤਾਨ ਪੰਜਾਬ ਵਿਚ ਪਿਛਲੀ 21 ਫਰਵਰੀ ਨੂੰ ਪੰਜਾਬੀ ਭਾਸ਼ਾ ਬਾਰੇ ਵੱਡਾ ਸੈਮੀਨਾਰ ਹੋਇਆ ਸੀ। ਇਸ ਸੈਮੀਨਾਰ ਦਾ ਵਿਸ਼ਾ ਸੀ- ਕੀ ਪੰਜਾਬੀ ਭਾਸ਼ਾ ਦੂਜੀਆਂ ਭਾਸ਼ਾਵਾਂ ਤੋਂ ਘੱਟ ਹੈ? ਇਸ ਸੈਮੀਨਾਰ ਦਾ ਹੀ ਅਸਰ ਹੈ ਕਿ ਪਾਕਿਸਤਾਨੀ ਪੰਜਾਬ ਵਿਚ ਪੰਜਾਬੀ ਮਾਤ ਭਾਸ਼ਾ ਵਜੋਂ ਲਾਗੂ ਹੋਈ ਹੈ। ਪੰਜਾਬੀ ਅਦਬੀ ਬੋਰਡ ਦੇ ਪ੍ਰਧਾਨ ਮੁਸ਼ਤਾਕ ਸੂਫੀ ਦਾ ਕਹਿਣਾ ਹੈ ਕਿ ਪੰਜਾਬੀ ‘ਤੇ ਪਾਕਿਸਤਾਨ ਦਾ ਹੱਕ ਹੈ, ਇਸ ਨੂੰ ਸਾਥੋਂ ਵੱਖ ਨਹੀਂ ਕੀਤਾ ਜਾ ਸਕਦਾ ਹੈ। ਭਾਸ਼ਾ ਤੇ ਰਾਜਨੀਤੀ ‘ਤੇ ਕਈ ਕਿਤਾਬਾਂ ਲਿਖ ਚੁੱਕੇ ਲੇਖਕ ਤਾਰਿਕ ਰਹਿਮਾਨ ਨੇ ਕਿਹਾ ਹੈ ਕਿ ਕੋਈ ਵੀ ਕੌਮ ਆਪਣੀ ਮਾਂ ਬੋਲੀ ਨੂੰ ਭੁੱਲ ਕੇ ਅੱਗੇ ਨਹੀਂ ਵਧ ਸਕਦੀ। ਪੰਜਾਬੀ ਫਿਰ ਲੋਕਾਂ ਨੂੰ ਨੇੜੇ ਲਿਆਉਣ ਦਾ ਕੰਮ ਕਰੇਗੀ ਤੇ ਇਹ ਸਰਕਾਰ ਦਾ ਬੇਹੱਦ ਚੰਗਾ ਫੈਸਲਾ ਹੈ।
______________________________
ਪਹਿਲਾਂ ਸਿਆਸਤ ਬਣਦੀ ਰਹੀ ਰੋੜਾ
ਲਾਹੌਰ: ਪਾਕਿਸਤਾਨ ਬਣਨ ਵੇਲੇ ਉਰਦੂ ਨੂੰ ਕੌਮੀ ਭਾਸ਼ਾ ਐਲਾਨਿਆ ਗਿਆ ਤੇ ਉਦੋਂ ਤੋਂ ਹੀ ਪੰਜਾਬ ਦੇ ਨਾਲ-ਨਾਲ ਸਿੰਧੀ, ਪਸ਼ਤੋ, ਬਲੋਚੀ ਤੇ ਗੁਜਰਾਤੀ ਆਦਿ ਖੇਤਰੀ ਭਾਸ਼ਾਵਾਂ ਦਾ ਦਮਨ ਸ਼ੁਰੂ ਹੋ ਗਿਆ। ਜਦੋਂ ਕਿ ਇਸ ਤੋਂ ਪਹਿਲਾਂ ਉਰਦੂ ਦੀ ਵਰਤੋਂ ਸਾਹਿਤਕ ਤੌਰ ‘ਤੇ ਹੀ ਹੁੰਦੀ ਸੀ। ਇਸ ਤੋਂ ਇਲਾਵਾ ਕੁਝ ਹਿੱਸਿਆਂ ਵਿਚ ਖੇਤਰੀ ਭਾਸ਼ਾਵਾਂ ਲਈ ਲਿੱਪੀ ਵਜੋਂ ਵੀ ਵਰਤੋਂ ਕੀਤੀ ਜਾਂਦੀ ਸੀ। ਪਾਕਿਸਤਾਨ ਵਿਚ ਜ਼ਿਆਦਾਤਰ ਲੋਕ ਪੰਜਾਬੀ ਬੋਲਦੇ ਹਨ, ਪਰ ਲਿਖਦੇ ਪੜ੍ਹਦੇ ਉਰਦੂ ਹੀ ਹਨ। ਪਾਕਿਸਤਾਨ ਪੰਜਾਬ ਦੀ ਬੋਲੀ ਅੰਮ੍ਰਿਤਸਰੀ ਪੰਜਾਬੀ ਵਰਗੀ ਹੈ, ਪਰ ਉਰਦੂ ਦੇ ਪ੍ਰਭਾਵ ਕਰ ਕੇ ਉਹ ਬੱਸ ਬੋਲੀ ਹੀ ਬਣ ਕੇ ਰਹਿ ਗਈ ਹੈ।