ਚੰਡੀਗੜ੍ਹ: ਅਕਾਲੀ-ਭਾਜਪਾ ਸਰਕਾਰ ਦੇ ਨੌਂ ਵਰ੍ਹੇ ਮੁਕੰਮਲ ਹੋਣ ਉਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਸਰਕਾਰ ਦੇ ਹਿਸਾਬ-ਕਿਤਾਬ ਦੇ ਪੇਸ਼ ਕੀਤੇ ਅੰਕੜਿਆਂ ‘ਤੇ ਸਵਾਲ ਉੱਠ ਰਹੇ ਹਨ। ਸ਼ ਬਾਦਲ ਦਾ ਦਾਅਵਾ ਹੈ ਕਿ ਅਕਾਲੀ ਸਰਕਾਰ ਨੇ ਪਟੜੀ ਤੋਂ ਉਤਰੇ ਪੰਜਾਬ ਨੂੰ ਵਿਕਾਸ ਦੇ ਰਾਹ ਪਾਇਆ ਹੈ। ਉਨ੍ਹਾਂ ਵੱਲੋਂ ਪੂੰਜੀ ਨਿਵੇਸ਼, ਬੁਨਿਆਦੀ ਢਾਂਚਾ, ਵਾਧੂ ਬਿਜਲੀ, ਕਰਜ਼ਾ ਤੇ ਨਸ਼ਿਆਂ ਜਿਹੇ ਕੁਝ ਮੁੱਦਿਆਂ ਉਤੇ ਸਰਕਾਰ ਦੀ ਪਿੱਠ ਥਾਪੜੀ ਜਾ ਰਹੀ ਹੈ, ਪਰ ਬੇਰੁਜ਼ਗਾਰੀ, ਕਿਸਾਨ ਖ਼ੁਦਕੁਸ਼ੀਆਂ, ਅਮਨ-ਕਾਨੂੰਨ, ਰੇਤਾ ਬਜਰੀ, ਸਿੱਖਿਆ ਤੇ ਸਿਹਤ ਜਿਹੇ ਮਾਮਲਿਆਂ ਬਾਰੇ ਧਾਰੀ ਖਾਮੋਸ਼ੀ ਦੀ ਨੁਕਤਾਚੀਨੀ ਹੋ ਰਹੀ ਹੈ।
ਸ਼ ਬਾਦਲ ਲਈ ਨਮੋਸ਼ੀ ਉਦੋਂ ਬਣੀ ਜਦੋਂ ਉਨ੍ਹਾਂ ਦੇ ਦਾਅਵਿਆਂ ਦੇ ਇਕ ਦਿਨ ਬਾਅਦ ਸੂਬੇ ਦੇ ਮੁੱਖ ਸਕੱਤਰ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪੇਸ਼ ਕੀਤੇ ਹਲਫ਼ਨਾਮੇ ਵਿਚ ਦੱਸਿਆ ਗਿਆ ਕਿ 31 ਮਾਰਚ 2016 ਤੱਕ ਸੂਬੇ ਸਿਰ ਕਰਜ਼ੇ ਦਾ ਭਾਰ 1,24,471 ਕਰੋੜ ਰੁਪਏ ਹੋ ਜਾਵੇਗਾ। ਖਜ਼ਾਨਾ ਦਫਤਰਾਂ ਵਿਚ ਵੱਖ-ਵੱਖ ਵਿਭਾਗਾਂ ਦੇ 354æ24 ਕਰੋੜ ਰੁਪਏ ਦੇ ਬਿੱਲ ਬਕਾਇਆ ਪਏ ਹਨ ਜਦੋਂਕਿ 1433æ98 ਕਰੋੜ ਰੁਪਏ ਦੇ ਅਦਾਇਗੀ ਯੋਗ ਬਿੱਲਾਂ ਦੀ ਦੇਣਦਾਰੀ ਵੀ ਰਹਿੰਦੀ ਹੈ। ਕਈ ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਤੇ ਸਮਾਜਿਕ ਸੁਰੱਖਿਆ ਸਕੀਮਾਂ ਤਹਿਤ ਦਿੱਤੀਆਂ ਜਾਣ ਵਾਲੀਆਂ ਪੈਨਸ਼ਨਾਂ ਦੀ ਵੀ ਸਮੇਂ ਸਿਰ ਅਦਾਇਗੀ ਨਹੀਂ ਹੋ ਰਹੀ। ਕਈ ਬੋਰਡ, ਕਾਰਪੋਰੇਸ਼ਨਾਂ ਤੇ ਗਮਾਡਾ ਜਿਹੇ ਅਦਾਰੇ ਵੀ ਨਿਘਾਰ ਦੀ ਕਗਾਰ ‘ਤੇ ਹਨ। ਇਸੇ ਹੀ ਸਮੇਂ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਤਰਕ ਨੇ ਵੀ ਸ਼ ਬਾਦਲ ਨੂੰ ਕਸੂਤਾ ਫਸਾ ਦਿੱਤਾ ਜਿਸ ਵਿਚ ਉਨ੍ਹਾਂ ਕਿਹਾ ਕਿ ਵਿਕਾਸ ਲਈ ਕਰਜ਼ਾ ਲੈਣਾ ਕੋਈ ਮਾੜੀ ਗੱਲ ਨਹੀਂ ਤੇ ਅਮਰੀਕਾ ਵਰਗੇ ਦੇਸ਼ ਨੂੰ ਵੀ ਆਪਣੇ ਵਿਕਾਸ ਕਾਰਜਾਂ ਲਈ ਕਰਜ਼ੇ ਦਾ ਸਹਾਰਾ ਲੈਣਾ ਪੈਂਦਾ ਹੈ।
ਸੂਬੇ ਵਿਚ ਅਮਨ-ਕਾਨੂੰਨ ਦੀ ਲਗਾਤਾਰ ਨਿਘਰ ਰਹੀ ਹਾਲਤ ਬਾਰੇ ਵੀ ਉਪ ਮੁੱਖ ਮੰਤਰੀ ਕੋਈ ਜਵਾਬ ਨਾ ਦੇ ਸਕੇ। ਸੂਬੇ ਦੀ ਕਿਸਾਨੀ ਦੀ ਹਾਲਤ ਬਾਰੇ ਚੁੱਪ ਹੀ ਰਹੇ ਜਦਕਿ ਔਸਤਨ ਹਰ ਤਿੰਨਾਂ ਦਿਨਾਂ ਵਿਚ ਪੰਜ ਕਿਸਾਨ-ਮਜ਼ਦੂਰ ਖੁਦਕੁਸ਼ੀ ਕਰ ਰਹੇ ਹਨ। ਨੌਜਵਾਨਾਂ ਵਿਚ ਵਧ ਰਹੀ ਬੇਰੁਜ਼ਗਾਰੀ ਬਾਰੇ ਵੀ ਉਪ ਮੁੱਖ ਮੰਤਰੀ ਚੁੱਪ ਹੀ ਹਨ। ਅਧਿਆਪਕਾਂ ਤੋਂ ਖਾਲੀ ਸਕੂਲਾਂ ਤੇ ਡਾਕਟਰਾਂ ਤੋਂ ਸੱਖਣੇ ਸਿਹਤ ਕੇਂਦਰਾਂ ਦੇ ਅੰਕੜੇ ਵੀ ਸੁਖਬੀਰ ਬਾਦਲ ਨੇ ਪੇਸ਼ ਨਹੀਂ ਕੀਤੇ। ਮਾਫੀਆ ਗਰੋਹਾਂ ਦੀ ਰਸੂਖਵਾਨਾਂ ਨਾਲ ਮਿਲੀਭੁਗਤ ਕਾਰਨ ਲੱਖਾਂ ਮਜ਼ਦੂਰਾਂ ਅਤੇ ਮਿਸਤਰੀਆਂ ਦੀ ਬੇਰੁਜ਼ਗਾਰੀ ਵੀ ਉਪ ਮੁੱਖ ਮੰਤਰੀ ਸਫਾਈ ਨਾਲ ਛੁਪਾ ਗਏ।
ਸੋਸ਼ਲ ਮੀਡੀਏ ਨਾਲ ਗਿਲਾ: ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸੋਸ਼ਲ ਮੀਡੀਏ ਤੋਂ ਖਾਸੇ ਨਾਰਾਜ਼ ਹਨ। ਆਪਣੇ ਨੌਂ ਸਾਲਾਂ ਦੇ ਹਿਸਾਬ-ਕਿਤਾਬ ਵਿਚ ਉਨ੍ਹਾਂ ਸੋਸ਼ਲ ਮੀਡੀਏ ਨੂੰ ਖੂਬ ਰਗੜੇ ਲਾਏ।
ਸੁਖਬੀਰ ਬਨਾਮ ਜੋਸਫ ਗੋਇਬਲਜ਼: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵਿਕਾਸ ਬਾਰੇ ਦਾਅਵਿਆਂ ਨੂੰ ਕੋਰਾ ਝੂਠ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਵੱਲੋਂ ਅਖਬਾਰਾਂ ‘ਚ ਦਿੱਤੇ ਜਾ ਰਹੇ ਇਸ਼ਤਿਹਾਰਾਂ ਵਿਚ ਦਾਅਵੇ ਕਰਨ ਦੇ ਮਾਮਲੇ ਵਿਚ ਜੋਸਫ ਗੋਇਬਲਜ਼ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਜਿਨ੍ਹਾਂ ਦਾ ਮੰਨਣਾ ਸੀ ਕਿ ਜੇ ਵਾਰ-ਵਾਰ ਝੂਠ ਨੂੰ ਦੁਹਰਾਇਆ ਜਾਵੇ, ਉਹ ਸੱਚ ਬਣ ਜਾਂਦਾ ਹੈ।