ਪਰਵਾਸੀਆਂ ਦੇ ਹੁੰਗਾਰੇ ਨੇ ਦਿੱਤੇ ਨਵੇਂ ਸਿਆਸੀ ਸੰਕੇਤ

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ) ਦੇਸ਼-ਵਿਦੇਸ਼ ਵਿਚ ਆਮ ਆਦਮੀ ਪਾਰਟੀ (ਆਪ) ਨੂੰ ਪੰਜਾਬੀਆਂ ਵੱਲੋਂ ਮਿਲ ਰਹੇ ਹੁੰਗਾਰੇ ਨੇ ਪੰਜਾਬ ਦੀਆਂ ਰਵਾਇਤੀ ਧਿਰਾਂ ਲਈ ਵੱਡਾ ਸੰਕਟ ਖੜ੍ਹਾ ਕਰ ਦਿੱਤਾ ਹੈ। ‘ਆਪ’ ਦੇ ਸੀਨੀਅਰ ਆਗੂ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਦੀਆਂ ਕੈਨੇਡਾ ਵਾਲੀਆਂ ਕਾਨਫਰੰਸਾਂ ਵਿਚ ਰਿਕਾਰਡ ਇਕੱਠ ਸਿਆਸੀ ਧਿਰਾਂ ਨੂੰ ਚੁਣੌਤੀ ਵਿਖਾਈ ਦੇਣ ਲੱਗਾ ਹੈ। ਹਾਲਾਂਕਿ ਇਸ ਫੇਰੀ ਦੇ ਸ਼ੁਰੂ ਵਿਚ ਹੀ ਸ਼ ਫੂਲਕਾ ਦੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਬਾਰੇ ਇਕ ਬਿਆਨ ਨਾਲ ਵਿਵਾਦ ਛਿੜ ਗਿਆ ਸੀ ਤੇ ਗਰਮਖਿਆਲ ਜਥੇਬੰਦੀਆਂ ਨੇ ਸ਼ ਫੂਲਕਾ ਦੀਆਂ ਕਾਨਫਰੰਸਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਸੀ, ਪਰ ਇਸ ਦੇ ਬਾਵਜੂਦ ਪੰਜਾਬੀ ਭਾਈਚਾਰੇ ਨੇ ਆਮ ਆਦਮੀ ਪਾਰਟੀ ਦੇ ਇਸ ਆਗੂ ਨੂੰ ਰਜਵਾਂ ਪਿਆਰ ਦਿੱਤਾ।

ਯਾਦ ਰਹੇ ਕਿ ਪਰਵਾਸੀਆਂ ਦੇ ਗਰਮਖਿਆਲ ਸਮਝੇ ਜਾਂਦੇ ਇਕ ਹਿੱਸੇ ਨੇ ਪਿਛਲੇ ਵਰ੍ਹੇ ਬਾਦਲਾਂ ਵਾਲੇ ਸ਼੍ਰੋਮਣੀ ਅਕਾਲੀ ਵਿਰੁੱਧ ਵੀ ਬਾਈਕਾਟ ਦਾ ਸੱਦਾ ਦਿੱਤਾ ਗਿਆ ਸੀ ਅਤੇ ਅਕਾਲੀ ਸਰਕਾਰ ਦੇ ਪ੍ਰਚਾਰ ਲਈ ਆਏ ਆਗੂਆਂ ਨੂੰ ਧੱਕਾ-ਮੁੱਕੀ ਦਾ ਸ਼ਿਕਾਰ ਹੋਣਾ ਪਿਆ ਸੀ, ਪਰ ‘ਆਪ’ ਬਾਰੇ ਪਰਵਾਸੀਆਂ ਦੀ ਸੋਚ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਸ਼ ਫੂਲਕਾ ਨੇ ਆਪਣੀ ਪਹਿਲੀ ਕਾਨਫਰੰਸ ਵਿਚ ਕਿਹਾ ਸੀ ਕਿ 1984 ਦੇ ਕਤਲੇਆਮ ਨੂੰ ਬੀਤਿਆਂ 31 ਸਾਲ ਹੋ ਗਏ ਹਨ, ਜ਼ਿਆਦਾਤਰ ਗਵਾਹ ਤੇ ਦੋਸ਼ੀ ਮਰ-ਖਪ ਗਏ ਹਨ, ਇਸ ਲਈ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਰਟ ਛੱਡਣ ਵਿਚ ਹੀ ਫਾਇਦਾ ਹੈ। ਗਰਮਖਿਆਲ ਜਥੇਬੰਦੀਆਂ ਨੇ ਇਸ ਬਿਆਨ ਦਾ ਵਿਰੋਧ ਕੀਤਾ ਅਤੇ ਸ਼ ਫੂਲਕਾ ਦੇ ਬਾਈਕਾਟ ਦਾ ਸੱਦਾ ਦੇ ਦਿੱਤਾ, ਪਰ ਪਰਵਾਸੀ ਪੰਜਾਬੀਆਂ ਨੇ ਇਸ ਦੀ ਪਰਵਾਹ ਨਹੀਂ ਕੀਤੀ। ਬਰੈਂਪਟਨ ਫੇਰੀ ਦੀ ਆਖਰੀ ਕਾਨਫਰੰਸ ਵਿਚ ਤਾਂ ਇਕੱਠ ਦੇ ਰਿਕਾਰਡ ਟੁੱਟ ਗਏ। ਸ਼ ਫੂਲਕਾ ਨੇ ਵੀ ਇਸ ਫੇਰੀ ਮੌਕੇ ਪਰਵਾਸੀ ਭਾਰਤੀਆਂ ਨੂੰ ਪੰਜਾਬ ਦਾ ਨਿਜ਼ਾਮ ਬਦਲਣ ਦਾ ਸੱਦਾ ਦਿੱਤਾ।
ਦਿੱਲੀ ਚੋਣਾਂ ਪਿੱਛੋਂ ਭਾਵੇਂ ‘ਆਪ’ ਵਿਚ ਪਏ ਅੰਦਰੂਨੀ ਕਲੇਸ਼ ਕਾਰਨ ਇਸ ਨਵੀਂ ਪਾਰਟੀ ਦੇ ਭਵਿੱਖ ‘ਤੇ ਸਵਾਲ ਖੜ੍ਹੇ ਹੋ ਗਏ ਸਨ, ਪਰ ਪੰਜਾਬ ਵਿਚ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਇਹ ਪਾਰਟੀ ਲਗਾਤਾਰ ਕਦਮ ਵਧਾ ਰਹੀ ਹੈ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਪੰਜਾਬ ਦੀ ਸਿਆਸਤ ਵਿਚ ਵਿਸ਼ੇਸ਼ ਰੁਚੀ ਦਿਖਾ ਰਹੇ ਹਨ। ਉਹ ਹਫਤਾ ਪਹਿਲਾਂ ਹੀ ਪੰਜਾਬ ਦੀ ਪੰਜ ਦਿਨਾਂ ਫੇਰੀ ‘ਤੇ ਆਏ ਸਨ ਤੇ ਹੁਣ ਮੁੜ 15 ਮਾਰਚ ਨੂੰ ਫਿਰ ਪਹੁੰਚ ਰਹੇ ਹਨ। ਇਸ ਵਾਰ ਉਨ੍ਹਾਂ ਦਾ ਨਿਸ਼ਾਨਾ ਦਲਿਤ ਵੋਟ ਹੋਵੇਗਾ। ਉਨ੍ਹਾਂ ਨੇ ਦਲਿਤ ਲੀਡਰ ਕਾਂਸ਼ੀ ਰਾਮ ਦੇ ਜਨਮ ਦਿਹਾੜੇ ਨੂੰ ਪੰਜਾਬ ਦੌਰੇ ਲਈ ਚੁਣਿਆ ਹੈ। ਸਿਆਸੀ ਹਲਕਿਆਂ ਵਿਚ ਦੌਰੇ ਨੂੰ ਲੈ ਕੇ ਕਾਫੀ ਚਰਚਾ ਹੈ। ਮੰਨਿਆ ਜਾ ਰਿਹਾ ਹੈ ਕਿ ਕੇਜਰੀਵਾਲ ਦੇ ਦੌਰੇ ਨਾਲ ਇਕ ਵਾਰ ਮੁੜ ਪੰਜਾਬ ਦੀ ਸਿਆਸਤ ਉਬਾਲ ਖਾਏਗੀ ਕਿਉਂਕਿ ਇਸੇ ਦਿਨ ਬਸਪਾ ਸਪਰੀਮੋ ਮਾਇਆਵਤੀ ਵੀ ਪੰਜਾਬ ਆ ਰਹੇ ਹਨ। ਪੰਜਾਬ ਵਿਚ 32 ਫੀਸਦੀ ਦਲਿਤ ਵੋਟ ਬੈਂਕ ਹੈ। 1992 ਵਿਚ ਬਸਪਾ ਨੇ 16æ32 ਫੀਸਦੀ ਵੋਟ ਲੈ ਕੇ ਨੌਂ ਵਿਧਾਨ ਸਭਾ ਸੀਟਾਂ ਜਿੱਤੀਆਂ ਸਨ। ਦਲਿਤ ਵੋਟ ਬੈਂਕ ਆਮ ਕਰ ਕੇ ਕਾਂਗਰਸ ਦੇ ਹੱਕ ਵਿਚ ਭੁਗਤਦਾ ਹੈ ਤੇ ਹੁਣ ‘ਆਪ’ ਦੀ ਅੱਖ ਇਸ ਵੋਟ ਬੈਂਕ ‘ਤੇ ਹੈ।
ਚੇਤੇ ਰਹੇ ਕਿ ਕੇਜਰੀਵਾਲ ਦੇ ਪਹਿਲੇ ਦੌਰੇ ਨੇ ਸਿਆਸੀ ਪਾਰਾ ਕਾਫੀ ਚੜ੍ਹਾ ਦਿੱਤਾ ਸੀ। ਪਹਿਲੀ ਫੇਰੀ ਮੌਕੇ ਉਹ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਮਿਲੇ ਸਨ ਤੇ ਪੰਜਾਬ ਦੀ ਕਿਸਾਨੀ ਤੇ ਛੋਟੇ ਕਾਰੋਬਾਰੀਆਂ ਦੀਆਂ ਮੁਸ਼ਕਿਲਾਂ ਸਮਝਣ ਦੀ ਕੋਸ਼ਿਸ਼ ਕੀਤੀ ਸੀ। ਇਸ ਦੇ ਨਾਲ ਹੀ ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ ਅਤੇ ਖੱਬੀਆਂ ਧਿਰਾਂ ਦੇ ਕੁਝ ਆਗੂ ਵੀ ਆਮ ਆਦਮੀ ਪਾਰਟੀ ਵਾਲੇ ਪਾਸੇ ਉੱਲਰ ਰਹੇ ਹਨ। ਇਸੇ ਹਫਤੇ ਖੱਬੀਆਂ ਧਿਰਾਂ ਨੇ ਕਈ ਵੱਡੇ ਆਗੂ ਇਸ ਪਾਰਟੀ ਦਾ ਹਿੱਸਾ ਬਣ ਗਏ। ‘ਆਪ’ ਵੱਲੋਂ ਪੰਜਾਬ ਵਿਚ ‘ਪਰਿਵਾਰ ਜੋੜੋ’ ਮੁਹਿੰਮ ਵੀ ਚਲਾਈ ਹੋਈ ਹੈ ਜਿਸ ਨੂੰ ਭਰਵਾਂ ਹੁੰਗਾਰਾ ਮਿਲਦਾ ਵੇਖ ਕਾਂਗਰਸ ਨੇ ਘਰ-ਘਰ ਪਹੁੰਚ ਕਰਨ ਵਾਲੀ ਅਜਿਹੀ ਹੀ ਮੁਹਿੰਮ ਛੇੜ ਦਿੱਤੀ ਹੈ। ਪਾਰਟੀ ਵੱਲੋਂ ਹਲਕਾ ਵਾਰ ਆਮ ਲੋਕਾਂ ਨਾਲ ਰਾਬਤਾ ਬਣਾਇਆ ਜਾ ਰਿਹਾ ਹੈ। ਹਾਕਮ ਧਿਰ ਅਕਾਲੀ ਦਲ ਵੀ ‘ਆਪ’ ਦੀ ਚੁਣੌਤੀ ਨੂੰ ਕਬੂਲ ਰਿਹਾ ਹੈ। ਪਿਛਲੇ ਮਹੀਨੇ ਤੋਂ ਚੱਲ ਰਹੀਆਂ ਕੋਰ ਕਮੇਟੀ ਦੀਆਂ ਮੀਟਿੰਗਾਂ ਵਿਚ ਇਸ ਨਵੀਂ ਧਿਰਾਂ ਦੇ ਟਾਕਰੇ ਲਈ ਰਣਨੀਤੀਆਂ ਘੜੀਆਂ ਜਾ ਰਹੀ ਹੈ ਤੇ ਕੇਜਰੀਵਾਲ ਅਕਾਲੀ ਆਗੂਆਂ ਦੇ ਨਿਸ਼ਾਨੇ ‘ਤੇ ਹੈ।