ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਵੱਲੋਂ ਆਪਣੀਆਂ ਸਾਲ ਭਰ ਦੀਆਂ ਪ੍ਰਾਪਤੀਆਂ ਦੀ ਧੂੰਆਂ-ਧਾਰ ਇਸ਼ਤਿਹਾਰਬਾਜ਼ੀ ਤੋਂ ਬਾਅਦ ਹੁਣ ਪੰਜਾਬ ਦੀ ਸੱਤਾਧਾਰੀ ਧਿਰ, ਸ਼੍ਰੋਮਣੀ ਅਕਾਲੀ ਦਲ ਦੀ ਨੀਂਦ ਵੀ ਟੁੱਟੀ ਹੈ। ਕੇਜਰੀਵਾਲ ਵਾਲੀ ਤਰਜ਼ ਉਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣੀ ਸਰਕਾਰ ਦੀਆਂ ਨੌਂ ਸਾਲਾਂ ਦੀਆਂ ਪ੍ਰਾਪਤੀਆਂ ਗਿਣਵਾਉਣੀਆਂ ਸ਼ੁਰੂ ਕੀਤੀਆਂ ਹਨ। ਉਨ੍ਹਾਂ ਦਾ ਇਹ ਦਾਅਵਾ ਵੀ ਹੈ ਕਿ ਉਨ੍ਹਾਂ ਪਿਛਲੀ ਵਾਰ ਚੋਣਾਂ ਮੌਕੇ ਜਿੰਨੇ ਵਾਅਦੇ ਕੀਤੇ ਸਨ, ਉਨ੍ਹਾਂ ਵਿਚੋਂ ਤਕਰੀਬਨ 95 ਫੀਸਦੀ ਪੂਰੇ ਹੋ ਚੁੱਕੇ ਹਨ ਅਤੇ ਰਹਿੰਦੇ ਵਾਅਦੇ ਹੁਣ ਇਕ ਸਾਲ ਵਿਚ ਪੂਰੇ ਕਰ ਦਿੱਤੇ ਜਾਣਗੇ।
ਇਸ ਦਾਅਵੇ ਦਾ ਦੂਜਾ ਅਰਥ ਇਹ ਨਿਕਲਦਾ ਹੈ ਕਿ ਇਹ ਲੋਕ ਆਪਣਾ ਕੰਮ ਹੁਣ ਨਿਬੇੜ ਚੁੱਕੇ ਹਨ; ਅਗਾਂਹ ਇਸ ਦਾ ਸਿਆਸੀ ਅਰਥ ਕਿਸੇ ਹੋਰ ਲਈ ਮੈਦਾਨ ਛੱਡਣਾ ਬਣ ਜਾਂਦਾ ਹੈ। ਉਂਜ ਇਕ ਗੱਲ ਐਨ ਸਾਫ ਹੈ ਕਿ ਇਹ ਧਿਰ ਅਜੇ ਵੀ ਸੱਤਾ ਵਿਚ ਟਿਕੇ ਰਹਿਣ ਦਾ ਸੁਫਨਾ ਲੈ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਉਤੇ 25 ਸਾਲ ਰਾਜ ਕਰਨ ਬਾਰੇ ਆਪਣੀ ਲਲਕ ਪਹਿਲਾਂ ਹੀ ਜ਼ਾਹਿਰ ਕੀਤੀ ਹੋਈ ਹੈ, ਪਰ ਹੁਣ ਮਸਲਾ ਇਹ ਹੈ ਕਿ ਇਸ ਧਿਰ ਕੋਲ ਲੋਕਾਂ ਨਾਲ ਕਰਨ ਲਈ ਵਾਅਦੇ ਬਹੁਤ ਥੋੜ੍ਹੇ ਬਚੇ ਹਨ। ਨਾਲੇ ਪੰਜਾਬ ਦਾ ਆਵਾਮ ਇਨ੍ਹਾਂ ਤੋਂ ਜਿਹੜੇ ਸਵਾਲਾਂ ਦੇ ਜਵਾਬ ਮੰਗ ਰਿਹਾ ਹੈ, ਉਨ੍ਹਾਂ ਬਾਰੇ ਇਹ ਮੁਲਕ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਾਂਗ ਉਕਾ ਹੀ ਖਾਮੋਸ਼ ਹਨ। ਅੱਜ ਪੰਜਾਬ ਦਾ ਆਵਾਮ ਸਰਪਲਸ ਬਿਜਲੀ ਬਾਰੇ ਨਹੀਂ ਸੋਚ ਰਿਹਾ। ਇਹ ਤਾਂ ਉਹ ਕਾਰਜ ਹੈ ਜੋ ਸਰਕਾਰ ਦੀ ਬੁਨਿਆਦੀ ਜ਼ਿੰਮੇਵਾਰੀ ਹੁੰਦਾ ਹੈ। ਅੱਜ ਸਵਾਲ ਸੂਬੇ ਅੰਦਰ ਵਗ ਰਹੇ ਨਸ਼ਿਆਂ ਦੇ ਦਰਿਆ ਦਾ ਹੈ ਜਿਸ ਬਾਰੇ ਅਕਾਲੀ ਆਗੂ ਅਜੇ ਵੀ ਲੋਕਾਂ ਤੋਂ ਤੱਥ ਲੁਕੋ ਰਹੇ ਹਨ ਅਤੇ ਇਸ ਸਮੱਸਿਆ ਨੂੰ ਸਮੱਸਿਆ ਮੰਨਣ ਤੋਂ ਮੁੱਢੋਂ ਹੀ ਇਨਕਾਰੀ ਹਨ। ਬੇਰੁਜ਼ਗਾਰੀ ਦੀ ਮਾਰ ਬਾਰੇ ਅੰਕੜੇ ਸਾਹਮਣੇ ਲਿਆਉਣੇ ਤਾਂ ਦੂਰ ਦੀ ਗੱਲ ਹੈ, ਇਹ ਧਿਰ ਤਾਂ ਇਸ ਮਸਲੇ ਬਾਰੇ ਗੱਲ ਕਰ ਕੇ ਵੀ ਰਾਜ਼ੀ ਨਹੀਂ। ਸਿੱਖਿਆ ਤੇ ਸਿਹਤ ਦੇ ਖੇਤਰ ਦੀ ਗੱਡੀ ਲੀਹੋਂ ਲਹਿ ਚੁੱਕੀ ਹੈ ਅਤੇ ਇਹ ਦੋਵੇਂ ਸਹੂਲਤਾਂ ਹੁਣ ਸਿਰਫ ਪੈਸੇ ਵਾਲਿਆਂ ਲਈ ਰਹਿ ਗਈਆਂ ਹਨ। ਪਿਛਲੇ ਕੁਝ ਮਹੀਨਆਂ ਤੋਂ ਖੁਦਕੁਸ਼ੀਆਂ ਦਾ ਦੈਂਤ ਪਹਿਲਾਂ ਨਾਲੋਂ ਵੀ ਵਿਕਰਾਲ ਰੂਪ ਵਿਚ ਦਨਦਨਾ ਰਿਹਾ ਹੈ ਅਤੇ ਸਰਕਾਰ ਕੋਲ ਇਸ ਬਾਰੇ ਕੁਝ ਵੀ ਤੱਥ ਮੌਜੂਦ ਨਹੀਂ ਹਨ। ਗੋਡਿਆਂ ਭਾਰ ਹੋਈ ਕਿਸਾਨੀ ਨੂੰ ਸਹਾਰਾ ਦੇਣ ਬਾਰੇ ਕੋਈ ਪ੍ਰੋਗਰਾਮ ਜਾਂ ਨੀਤੀ ਵੀ ਨਹੀਂ ਹੈ। ਨਕਲੀ ਬੀਜ ਤੇ ਦਵਾਈਆਂ ਵੇਚ-ਵੇਚ ਕੇ ਜੇਬਾਂ ਭਰਨ ਵਾਲੇ ਅਤੇ ਕਿਸਾਨਾਂ ਨੂੰ ਕੰਗਾਲ ਕਰਨ ਵਾਲਿਆਂ ਖਿਲਾਫ ਕਿਤੇ ਕੋਈ ਕਾਰਵਾਈ ਨਹੀਂ। ਉਪਰੋਂ-ਉਪਰੋਂ ਲਿਪ-ਪੋਚ ਕੇ ‘ਸਭ ਅੱਛਾ’ ਹੋਣ ਦਾ ਨਾਟਕ ਲਗਾਤਾਰ ਖੇਡਿਆ ਜਾ ਰਿਹਾ ਹੈ। ਆਵਾਮ ਦੇ ਸਵਾਲ ਇਨ੍ਹਾਂ ਹੀ ਮੁੱਦਿਆਂ ਬਾਰੇ ਹਨ ਅਤੇ ਸੱਤਾ ਧਿਰ ਇਨ੍ਹਾਂ ਬਾਰੇ ਮੂੰਹ ਨਹੀਂ ਖੋਲ੍ਹ ਰਹੀ।
ਅਸਲ ਵਿਚ ਸੱਤਾ ਧਾਰੀ ਆਗੂ ਹੁਣ ਸਿਰਫ ਇਕ ਗੱਲ ਉਤੇ ਟੇਕ ਲਾ ਕੇ ਮੁੜ ਸੱਤਾ ਵਿਚ ਆਉਣ ਲਈ ਘਾਤ ਲਾਈ ਬੈਠੇ ਹਨ ਅਤੇ ਰਣਨੀਤੀ ਬਣਾਈ ਜਾ ਰਹੀ ਹੈ ਕਿ ਕਿਵੇਂ ਸੱਤਾ ਵਿਰੋਧੀ ਵੋਟਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਵੰਡੀਆਂ ਜਾਣ। ਪਿਛਲੀਆਂ ਚੋਣਾਂ ਵਿਚ ਸੱਤਾਧਾਰੀ ਅਕਾਲੀ ਦਲ ਨੂੰ ਇਸੇ ਵੰਡ ਦਾ ਹੀ ਕੁਝ ਕੁ ਲਾਭ ਪਹੁੰਚਿਆ ਸੀ ਜਦੋਂ ਸੱਤਾ ਵਿਰੋਧੀ ਵੋਟਾਂ ਕਾਂਗਰਸ ਅਤੇ ਮਨਪ੍ਰੀਤ ਸਿੰਘ ਬਾਦਲ ਵਾਲੀ ਪੰਜਾਬ ਪੀਪਲਜ਼ ਪਾਰਟੀ ਵਿਚਕਾਰ ਵੰਡੀਆਂ ਗਈਆਂ ਸਨ, ਪਰ ਐਤਕੀਂ ਸੂਬੇ ਦੇ ਸਿਆਸੀ ਹਾਲਾਤ ਪਿਛਲੀ ਵਾਰ ਵਾਲੀਆਂ ਚੋਣਾਂ ਵਾਲੇ ਨਹੀਂ। ਇਸ ਵਾਰ ਆਮ ਆਦਮੀ ਪਾਰਟੀ ਸੂਬੇ ਵਿਚ ਤਕੜੀ ਹਾਜ਼ਰੀ ਲਾ ਰਹੀ ਹੈ ਅਤੇ ਹਰ ਤਬਕਾ ਇਸ ਨੂੰ ਹੁੰਗਾਰਾ ਭਰ ਰਿਹਾ ਹੈ। ਇਸ ਦੀ ਇਕ ਮਿਸਾਲ ਇਸ ਦੇ ਉਘੇ ਆਗੂ ਐਡਵੋਕੇਟ ਐੱਚæਐੱਸ਼ ਫੂਲਕਾ ਦਾ ਕੈਨੇਡਾ ਦੌਰਾ ਹੈ। ਖਾਲਿਸਤਾਨ ਪੱਖੀਆਂ ਵੱਲੋਂ ਬਾਈਕਾਟ ਅਤੇ ਸੱਤਾਧਾਰੀ ਅਕਾਲੀ ਦਲ ਦੇ ਵਿਰੋਧ ਦੇ ਬਾਵਜੂਦ ਉਥੇ ਰਿਕਾਰਡਤੋੜ ਗਿਣਤੀ ਵਿਚ ਲੋਕ, ਪਾਰਟੀ ਦੇ ਜਲਸਿਆਂ ਵਿਚ ਸ਼ਾਮਲ ਹੋਏ। ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਨੂੰ ਜਿਸ ਤਰ੍ਹਾਂ ਦਾ ਹੁੰਗਾਰਾ ਮਿਲਿਆ ਅਤੇ ਜਿਸ ਤਰ੍ਹਾਂ ਦੋਵੇਂ ਵੱਡੀਆਂ ਪਾਰਟੀਆਂ-ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਹੱਥਾਂ-ਪੈਰਾਂ ਦੀਆਂ ਪਈਆਂ ਹੋਈਆਂ ਹਨ, ਉਸ ਤੋਂ ਇਹ ਲੱਖਣ ਲਾਉਣਾ ਕੋਈ ਔਖਾ ਨਹੀਂ ਕਿ ਸੂਬੇ ਦੇ ਲੋਕ ਸੱਤਾ ਤਬਦੀਲੀ ਲਈ ਤਾਂਘ ਰਹੇ ਹਨ। ਪਿਛਲੀਆਂ ਚੋਣਾਂ ਤੋਂ ਐਨ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਨੇ ਨਿਜ਼ਾਮ ਤਬਦੀਲੀ ਦਾ ਸੱਦਾ ਦਿੱਤਾ ਸੀ। ਆਮ ਆਦਮੀ ਪਾਰਟੀ ਨੇ ਵੀ ਆਪਣੀ ਸਿਆਸਤ ਨਿਜ਼ਾਮ ਵਿਚ ਤਬਦੀਲੀ ਦੀ ਤਾਂਘ ਤੋਂ ਹੀ ਕੀਤੀ ਸੀ। ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਅਤੇ ਪੰਜਾਬ ਵਿਚ ਇਸ ਦੀ ਸਮੁੱਚੀ ਸਰਗਰਮੀ ਦੱਸਦੀ ਹੈ ਕਿ ਫਿਲਹਾਲ ਹੋਕਾ ਨਿਜ਼ਾਮ ਦੀ ਤਬਦੀਲੀ ਦਾ ਨਹੀਂ, ਸੱਤਾ ਦੀ ਤਬਦੀਲੀ ਦਾ ਹੈ। ਪੰਜਾਬ ਵਿਚ ਸੱਤਾ ਦੀ ਤਬਦੀਲੀ ਦਾ ਇਹ ਹੋਕਾ ਇੰਨਾ ਜ਼ੋਰਦਾਰ ਤੇ ਅਸਰਦਾਰ ਰਿਹਾ ਹੈ ਕਿ ਕਾਂਗਰਸ ਨੂੰ ਦਿੱਲੀ ਦੇ ਲੀਡਰ ਪੰਜਾਬ ਢੋਣੇ ਪਏ ਹਨ ਅਤੇ ਅਕਾਲੀ ਦਲ ਨੂੰ ਆਪਣੀ ਕੋਰ ਕਮੇਟੀ ਦੀਆਂ ਮੀਟਿੰਗਾਂ ਆਏ ਦਿਨ ਕਰਨੀਆਂ ਪੈ ਰਹੀਆਂ ਹਨ। ਚੋਣਾਂ ਤੋਂ ਸਾਲ ਪਹਿਲਾਂ ਹੀ ਭਖੇ ਇਸ ਸਿਆਸੀ ਪਿੜ ਵਿਚ ਕਿਸ ਧਿਰ ਦੇ ਪੈਰ ਜੰਮਦੇ ਹਨ ਅਤੇ ਕਿਸ ਦੇ ਉਖੜਦੇ ਹਨ, ਇਹ ਤਾਂ ਸਮੇਂ ਨੇ ਹੀ ਦੱਸਣਾ ਹੈ, ਪਰ ਅੱਜ ਪੰਜਾਬ ਸੱਚਮੁੱਚ ਤਬਦੀਲੀ ਲਈ ਤਾਂਘ ਰਿਹਾ ਹੈ। ਇਸ ਤਬਦੀਲੀ ਨਾਲ ਹੀ ਪੰਜਾਬ ਦੇ ਲੀਹ ਉਤੇ ਪੈਣ ਦੀਆਂ ਸੰਭਾਵਨਾਵਾਂ ਜੁੜੀਆਂ ਹੋਈਆਂ ਹਨ। ਵੱਖ-ਵੱਖ ਧਿਰਾਂ ਦੀਆਂ ਨੀਤੀਆਂ-ਰਣਨੀਤੀਆਂ ਅਤੇ ਆਗੂਆਂ ਦੀ ਪਹੁੰਚ, ਤਬਦੀਲੀ ਦੀ ਇਸ ਤਾਂਘ ਨੂੰ ਕਿਥੇ ਤੱਕ ਲੈ ਕੇ ਜਾਂਦੀ ਹੈ, ਉਸ ਤੋਂ ਹੀ ਪੰਜਾਬ ਦਾ ਅਗਲਾ ਪਿੜ ਬੱਝੇਗਾ। ਇਸ ਪਿੜ ਵਿਚ ਲੋਕਾਂ ਦੇ ਮਸਲਿਆਂ ਉਤੇ ਪਹਿਰਾ ਦੇਣ ਦੇ ਮੁੱਦੇ ਅਤੇ ਇਸ ਮਾਮਲੇ ਵਿਚ ਪਹਿਲਕਦਮੀ ਦਾ ਅਹਿਮ ਯੋਗਦਾਨ ਹੋਵੇਗਾ।