ਮੁਕਤਸਰ ਦੀ ਧਰਤੀ ਉਤੇ ਆਪਣੀਆਂ ਜਿੰਦੜੀਆਂ ਹੂਲ ਕੇ ਬੇਦਾਵੇ ਤੋਂ ਮੁਕਤੀ ਹਾਸਲ ਕਰਨ ਵਾਲੇ ਚਾਲੀ ਮੁਕਤਿਆਂ ਦੀ ਯਾਦ ਵਿਚ ਜੁੜੇ ਇਕੱਠ ਨੇ ਇਕ ਵਾਰ ਫਿਰ ਉਨ੍ਹਾਂ ਦੀ ਸ਼ਹਾਦਤ ਨੂੰ ਸਲਾਮੀ ਦਿੱਤੀ ਹੈ ਅਤੇ ਰੰਗ-ਬਰੰਗੀਆਂ ਸਿਆਸੀ ਪਾਰਟੀਆਂ ਨੇ ਇਕ ਵਾਰ ਫਿਰ ਉਨ੍ਹਾਂ ਦੀ ਯਾਦ ਨੂੰ ਲਾਂਭੇ ਰੱਖ ਕੇ ਆਪਣੀ ਸਿਆਸਤ ਦਾ ਢੰਡੋਰਾ ਪਿੱਟਿਆ ਹੈ। ਦਸੰਬਰ ਦੇ ਅਖੀਰਲੇ ਹਫਤੇ ਫਤਿਹਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਵੀ ਸਿਆਸੀ ਪਾਰਟੀਆਂ ਨੇ ਇਹੀ ਕੁਝ ਕੀਤਾ ਸੀ। ਅਕਾਲ ਤਖਤ ਦੇ ਜਥੇਦਾਰ ਨੇ ਉਦੋਂ ਵੀ ਅਤੇ ਹੁਣ ਵੀ, ਸਿਆਸੀ ਪਾਰਟੀਆਂ ਨੂੰ ਹਦਾਇਤ ਕੀਤੀ ਸੀ ਕਿ ਅਜਿਹੇ ਸਮਾਗਮਾਂ ਉਤੇ ਸ਼ਹੀਦਾਂ ਨੂੰ ਹੀ ਯਾਦ ਕੀਤਾ ਜਾਵੇ, ਇਕ ਦੂਜੇ ਖਿਲਾਫ ਤੋਹਮਤਬਾਜ਼ੀ ਨਾ ਕੀਤੀ ਜਾਵੇ। ਇਹ ਲਗਾਤਾਰ ਚੌਥੀ ਵਾਰ ਸੀ ਕਿ ਜਥੇਦਾਰ ਦੀ ਇਸ ਹਦਾਇਤ ਨੂੰ ਸਿਆਸੀ ਪਾਰਟੀਆਂ ਨੇ ਦਰਕਿਨਾਰ ਕਰ ਕੇ ਮਨਮਰਜ਼ੀ ਕੀਤੀ। ਪਹਿਲੀਆਂ ਤਿੰਨ ਵਾਰੀਆਂ ਦੌਰਾਨ ਜਥੇਦਾਰ ਨੇ ਹੁਣ ਤੱਕ ਕਿਸੇ ਵੀ ਧਿਰ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ, ਹੁਣ ਚੌਥੀ ਵਾਰ ਇਹ ਕਹਿ ਕੇ ਤਸੱਲੀ ਪ੍ਰਗਟ ਕੀਤੀ ਹੈ ਕਿ ਇਸ ਵਾਰ ਮੁਕਾਬਲਤਨ ਘੱਟ ਦੂਸ਼ਣਬਾਜ਼ੀ ਕੀਤੀ ਗਈ। ਉਂਜ, ਇਸ ਵਾਰ ਜਥੇਦਾਰ ਦੀ ਉਹ ਵਿਸ਼ੇਸ਼ ਹਦਾਇਤ ਮੀਡੀਆ ਅਤੇ ਸੰਗਤ ਵਿਚ ਚਰਚਾ ਦਾ ਕੇਂਦਰ ਰਹੀ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਕਿਸੇ ਪ੍ਰਕਾਰ ਦੀ ਸੀæਡੀæ ਸ਼ਹੀਦੀ ਸਮਾਗਮ ਦੌਰਾਨ ਨਾ ਦਿਖਾਈ ਜਾਵੇ। ਜਹਾਨ ਜਾਣਦਾ ਹੈ ਕਿ ਇਹ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਸਬੰਧਤ ਉਹ ਸੀæਡੀæ ਹੀ ਸੀ ਜਿਹੜੀ ਕਾਂਗਰਸ ਨੇ ਆਪਣੀ ਕਾਨਫਰੰਸ ਵਿਚ ਦਿਖਾਉਣ ਦਾ ਐਲਾਨ ਕੀਤਾ ਸੀ। ਸ਼ ਮਜੀਠੀਆ ਨੇ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਸ਼ਰੇਆਮ ਗਾਲਾਂ ਕੱਢੀਆਂ ਸਨ ਅਤੇ ਹਰ ਪਾਸਿਓਂ ਉਸ ਦੀ ਤੋਏ ਤੋਏ ਹੋਈ ਸੀ। ਸੰਗਤ ਦਾ ਕਹਿਣਾ ਸੀ ਕਿ ਜਥੇਦਾਰ ਦੀ ਹਰ ਹਦਾਇਤ ਧਾਰਮਿਕ ਪੱਖ ਤੋਂ ਤਾਂ ਠੀਕ ਸੀ ਅਤੇ ਜਿਸ ਤਰ੍ਹਾਂ ਅਜਿਹੇ ਸ਼ਹੀਦੀ ਸਮਾਗਮਾਂ ਉਤੇ ਸ਼ਹੀਦਾਂ ਨੂੰ ਯਾਦ ਕਰਨ ਦੀ ਥਾਂ ਸਿਆਸੀ ਰੋਟੀਆਂ ਦਾ ਯਤਨ ਕੀਤਾ ਜਾਂਦਾ ਸੀ, ਉਸ ਖਿਲਾਫ ਅਜਿਹੀਆਂ ਹਦਾਇਤਾਂ ਹੋਣੀਆਂ ਹੀ ਚਾਹੀਦੀਆਂ ਹਨ, ਸਗੋਂ ਉਲੰਘਣਾ ਕਰਨ ਵਾਲਿਆਂ ਖਿਲਾਫ ਬਣਦੀ ਕਾਰਵਾਈ ਵੀ ਹੋਣੀ ਚਾਹੀਦੀ ਹੈ, ਪਰ ਜਥੇਦਾਰ ਨੇ ਸੀæਡੀæ ਬਾਰੇ ਆਖ ਕੇ ਬਾਦਲਾਂ ਲਈ ਢਾਲ ਬਣਨ ਦਾ ਸੁਚੇਤ ਯਤਨ ਕੀਤਾ। ਮੀਡੀਆ ਵਿਚ ਇਸ ਬਾਰੇ ਇਸ ਕੋਣ ਤੋਂ ਚਰਚਾ ਵੀ ਹੋਈ ਕਿ ਇਹ ਸਿਆਸੀ ਆਗੂਆਂ ਵੱਲੋਂ ਸਿਆਸਤ ਦੇ ਪਿੜ ਵਿਚ ਧਰਮ ਅਤੇ ਧਾਰਮਿਕ ਸੰਸਥਾਵਾਂ ਦੀ ਦੁਰਵਰਤੋਂ ਦਾ ਸਿੱਧਾ ਮਾਮਲਾ ਬਣਦਾ ਹੈ।
ਪੰਜਾਬ ਵਿਚ ਧਰਮ ਅਤੇ ਸਿਆਸਤ ਦੇ ਸੁਮੇਲ ਦਾ ਮਾਮਲਾ ਅਕਸਰ ਚਰਚਾ ਵਿਚ ਰਿਹਾ ਹੈ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਨੇ ਮੀਰੀ ਅਤੇ ਪੀਰੀ ਦੀ ਜੋ ਰੀਤ ਚਲਾਈ ਸੀ, ਉਸ ਅਨੁਸਾਰ ਸਿਆਸਤ ਅਤੇ ਧਰਮ ਇਕ ਦੂਜੇ ਦੇ ਪੂਰਕ ਹਨ। ਰਤਾ ਕੁ ਹੋਰ ਗਹਿਰਾਈ ਵਿਚ ਜਾ ਕੇ ਜੇ ਚਰਚਾ ਛੇੜੀ ਜਾਵੇ ਤਾਂ ਛੇਵੇਂ ਪਾਤਸ਼ਾਹ ਦੇ ਇਸ ਸਿਧਾਂਤ ਦਾ ਮਤਲਬ ਧਰਮ ਦੀਆਂ ਲੀਹਾਂ ਉਤੇ ਸਿਆਸਤ ਚਲਾਉਣ ਦਾ ਬਣਦਾ ਹੈ। ਸੱਚੇ ਪਾਤਸ਼ਾਹ ਨੇ ਇਹ ਰੀਤ ਅਸਲ ਵਿਚ ਸਿਆਸਤ ਉਤੇ ਧਰਮ ਦੇ ਕੁੰਡੇ ਨੂੰ ਮੁੱਖ ਰੱਖ ਕੇ ਹੀ ਆਪਣੇ ਸਿੱਖਾਂ ਲਈ ਚਲਾਈ ਸੀ। ਉਨ੍ਹਾਂ ਅਤੇ ਉਨ੍ਹਾਂ ਦੇ ਸਿੱਖਾਂ ਨੇ ਇਸ ਉਤੇ ਬਾਕਾਇਦਾ ਪਹਿਰਾ ਵੀ ਦਿੱਤਾ, ਪਰ ਅੱਜ ਹਾਲਾਤ ਇਹ ਹਨ ਕਿ ਧਰਮ ਦਾ ਸਿਆਸਤ ਤੋਂ ਕੁੰਡਾ ਲਹਿ ਗਿਆ ਹੈ ਅਤੇ ਧਾਰਮਿਕ ਸੰਸਥਾਵਾਂ ਨੂੰ ਸਿਆਸੀ ਹਿਤਾਂ ਲਈ ਸ਼ਰੇਆਮ ਵਰਤਿਆ ਜਾ ਰਿਹਾ ਹੈ। ਪਿਛਲੇ ਸਮੇਂ ਦੌਰਾਨ ਪੰਜਾਬ ਵਿਚ, ਖਾਸ ਕਰ ਕੇ ਅਕਾਲੀ ਸਿਆਸਤ ਵਿਚ ਅਜਿਹੇ ਹੀ ਜਲਵੇ ਦੇਖਣ-ਸੁਣਨ ਨੂੰ ਮਿਲ ਰਹੇ ਹਨ। ਪੰਜਾਬ ਦੀ ਸੱਤਾ ਉਤੇ ਕਾਬਜ਼ ਸ਼੍ਰੋਮਣੀ ਅਕਾਲੀ ਦਲ ਨੇ ਧਾਰਮਿਕ ਸੰਸਥਾਵਾਂ ਦੀ ਰੱਜ ਕੇ ਦੁਰਵਰਤੋਂ ਕੀਤੀ ਅਤੇ ਇਹ ਦੁਰਵਰਤੋਂ ਹੁਣ ਵੀ ਜਾਰੀ ਹੈ। ਕੋਈ ਵੀ ਉਦਾਰ ਜਾਂ ਖਾੜਕੂ ਧਿਰ ਸੱਤਾਧਾਰੀ ਅਕਾਲੀ ਦਲ ਨੂੰ ਇਸ ਪਿੜ ਵਿਚ ਢੰਗ ਨਾਲ ਵੰਗਾਰ ਨਹੀਂ ਸਕੀ। ਇਸ ਦਾ ਵੱਡਾ ਕਾਰਨ ਸ਼ਾਇਦ ਇਹੀ ਸੀ ਕਿ ਇਹ ਧਿਰਾਂ ਆਪ ਵੀ ਧਰਮ ਨੂੰ ਸਿਆਸਤ ਲਈ ਵਰਤਣ ਖਾਤਰ ਸਦਾ ਪੱਬਾਂ ਭਾਰ ਰਹੀਆਂ। ਅਜਿਹੀ ਸਿਆਸਤ ਕਾਰਨ ਜਿੰਨਾ ਨੁਕਸਾਨ ਧਾਰਮਿਕ ਸੰਸਥਾਵਾਂ ਦਾ ਹੋਇਆ ਹੈ, ਉਸ ਦੀ ਭਰਪਾਈ ਸ਼ਾਇਦ ਕਦੀ ਵੀ ਨਾ ਹੋਵੇ। ਅਸਲ ਵਿਚ ਇਹ ਧਿਰਾਂ ਚੋਣ ਸਿਆਸਤ ਅਤੇ ਚੋਣ ਤੋਂ ਬਾਹਰੀ ਸਿਆਸਤ ਵਿਚਕਾਰ ਫਰਕ ਕਰਨ ਵਿਚ ਉੱਕਾ ਹੀ ਨਾਕਾਮ ਰਹੀਆਂ ਹਨ। ਚੋਣ ਸਿਆਸਤ ਹੁਣ ਤੱਕ ਲਗਾਤਾਰ ਨਿਘਾਰ ਵੱਲ ਹੀ ਗਈ ਹੈ। ਹੁਣ ਤਾਂ ਬਾਹੂ ਬਲ ਅਤੇ ਪੈਸੇ ਤੋਂ ਬਿਨਾਂ ਚੋਣ ਸਿਆਸਤ ਵਿਚ ਪੈਰ ਧਰਨ ਦਾ ਮਤਲਬ ਹੀ ਕੋਈ ਨਹੀਂ ਰਹਿ ਗਿਆ। ਗਰਮਖਿਆਲ ਅਕਾਲੀ ਆਗੂ ਸਿਮਰਨਜੀਤ ਸਿੰਘ ਮਾਨ ਨੇ ਸ਼ਾਇਦ ਇਸੇ ਕਰ ਕੇ ਚੋਣ ਸਿਆਸਤ ਤੋਂ ਬਾਹਰ ਹੋਣ ਦਾ ਐਲਾਨ ਕੀਤਾ ਸੀ। ਉਂਜ, ਇਹ ਸਵਾਲ ਅਜੇ ਉਸੇ ਤਰ੍ਹਾਂ ਹੀ ਖੜ੍ਹਾ ਹੈ ਕਿ ਸਿੱਖੀ ਵਿਚ ਧਰਮ ਅਤੇ ਸਿਆਸਤ ਦੇ ਸੁਮੇਲ ਦੀ ਗੱਲ ਕਰਨ ਵਾਲੀਆਂ ਅਕਾਲੀ ਧਿਰਾਂ ਧਰਮ ਦੇ ਮੁਕਾਬਲੇ ਸਦਾ ਸਿਆਸਤ ਨੂੰ ਹੀ ਮੁੱਖ ਕਿਉਂ ਮੰਨਦੀਆਂ ਰਹੀਆਂ ਹਨ? ਜੇ ਕਿਤੇ ਇਨ੍ਹਾਂ ਧਿਰਾਂ ਨੇ ਸਿਆਸਤ ਦੇ ਨਾਲ ਨਾਲ ਧਰਮ ਪ੍ਰਚਾਰ ਅਤੇ ਪ੍ਰਸਾਰ ਵੱਲ ਵੀ ਸਿਆਸਤ ਜਿੰਨਾ ਧਿਆਨ ਦਿੱਤਾ ਹੁੰਦਾ ਤਾਂ ‘ਗੁਰਾਂ ਦੇ ਨਾਂ ਉਤੇ ਵੱਸਦਾ ਪੰਜਾਬ’ ਅੱਜ ਨਸ਼ਿਆਂ ਅਤੇ ਪਤਿਤਪੁਣੇ ਦੇ ਮੱਕੜਜਾਲ ਵਿਚ ਸ਼ਾਇਦ ਨਾ ਫਸਦਾ। ਖੈਰ! ਅਜੇ ਵੀ ਜਿਵੇਂ ਕਹਿੰਦੇ ਨੇ, ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਇਸ ਪ੍ਰਸੰਗ ਵਿਚ ਪਹਿਲਕਦਮੀ ਕਰਨ ਦੀ ਅੱਜ ਵੀ ਕੱਲ੍ਹ ਜਿੰਨੀ ਹੀ ਲੋੜ ਹੈ ਅਤੇ ਧਾਰਮਕ ਪਿੜ ਸੰਜੀਦਾ ਆਗੂਆਂ ਦੀ ਸਵੱਲੀ ਨਿਗ੍ਹਾ ਉਡੀਕ ਰਿਹਾ ਹੈ। ਅਮਰੀਕਾ ਅਤੇ ਹੋਰ ਦੇਸ਼ਾਂ ਦੀ ਸੰਗਤ ਜਿਸ ਤਰ੍ਹਾਂ ਗੁਰੂ ਘਰਾਂ ਵਿਚ ਖੇਡੀ ਜਾ ਰਹੀ ਸਿਆਸਤ ਬਾਰੇ ਰੰਜ ਜ਼ਾਹਿਰ ਕਰ ਰਹੀ ਹੈ, ਹੁਣ ਪੰਜਾਬ ਦੀ ਸੰਗਤ ਦੀ ਵਾਰੀ ਹੈ ਕਿ ਉਹ ਸਿਆਸਤ ਲਈ ਧਾਰਮਕ ਸੰਸਥਾਵਾਂ ਦੀ ਕੀਤੀ ਜਾ ਰਹੀ ਦੁਰਵਰਤੋਂ ਖਿਲਾਫ ਆਵਾਜ਼ ਬੁਲੰਦ ਕਰੇ। ਇਸ ਥੜ੍ਹੇ ਤੋਂ ਹੀ ਮੀਰੀ-ਪੀਰੀ ਦੀ ਰੀਤ ਨੂੰ ਸੁੱਚੀ ਸਲਾਮੀ ਦਿੱਤੀ ਜਾ ਸਕੇਗੀ।
Leave a Reply