ਹੁਣ ਪੰਜਾਬ ਦੇ ਦਲਿਤਾਂ ਦੇ ਵਿਹੜੇ ਗੇੜਾ ਲਾਉਣਗੇ ਕੇਜਰੀਵਾਲ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕਨਵੀਨਰ 15 ਮਾਰਚ ਨੂੰ ਫਿਰ ਪੰਜਾਬ ਆ ਰਹੇ ਹਨ। ਇਸ ਵਾਰ ਉਹ ਦਲਿਤ ਵੋਟਰਾਂ ਨੂੰ ਆਪਣੇ ਕਲਾਵੇ ਵਿਚ ਲੈਣ ਦੀ ਕੋਸ਼ਿਸ਼ ਕਰਨਗੇ। ਇਸ ਲਈ ਉਨ੍ਹਾਂ ਨੇ ਦਲਿਤ ਲੀਡਰ ਕਾਂਸ਼ੀ ਰਾਮ ਦੇ ਜਨਮ ਦਿਹਾੜੇ ਨੂੰ ਪੰਜਾਬ ਦੌਰੇ ਲਈ ਚੁਣਿਆ ਹੈ। ਪੰਜਾਬ ਮਾਮਲਿਆਂ ਨੇ ਇੰਚਾਰਜ ਸੰਜੇ ਸਿੰਘ ਨੇ ਕਿਹਾ ਹੈ ਕਿ ਉਹ ਕੇਜਰੀਵਾਲ ਦੇ ਦੌਰੇ ਦੀ ਰੂਪ-ਰੇਖਾ ਉਲੀਕ ਰਹੇ ਹਨ।

ਉਂਜ ਉਨ੍ਹਾਂ ਨੇ 15 ਤਰੀਕ ਤੈਅ ਹੋਣ ਦੀ ਪੁਸ਼ਟੀ ਨਹੀਂ ਕੀਤੀ। ਉਧਰ, ਸਿਆਸੀ ਹਲਕਿਆਂ ਵਿਚ ਦੌਰੇ ਨੂੰ ਲੈ ਕੇ ਕਾਫੀ ਚਰਚਾ ਹੈ। ਮੰਨਿਆ ਜਾ ਰਿਹਾ ਹੈ ਕਿ ਕੇਜਰੀਵਾਲ ਦੇ ਦੌਰੇ ਨਾਲ ਇਕ ਵਾਰ ਮੁੜ ਪੰਜਾਬ ਦੀ ਸਿਆਸਤ ਉਬਾਲ ਖਾਏਗੀ ਕਿਉਂਕਿ ਇਸੇ ਦਿਨ ਬਸਪਾ ਸਪਰੀਮੋ ਮਾਇਆਵਤੀ ਵੀ ਪੰਜਾਬ ਆ ਰਹੇ ਹਨ। ਕੇਜਰੀਵਾਲ ਦੇ ਪਹਿਲੇ ਦੌਰੇ ਨੇ ਸਿਆਸੀ ਪਾਰਾ ਕਾਫੀ ਚੜ੍ਹਾ ਦਿੱਤਾ ਸੀ।
ਕੇਜਰੀਵਾਲ ਅਜੇ ਇਕ ਹਫਤੇ ਪਹਿਲਾਂ ਹੀ ਪੰਜਾਬ ਦਾ ਪੰਜ ਰੋਜ਼ਾ ਦੌਰਾ ਕਰ ਚੁੱਕੇ ਹਨ। ਇਸ ਦੌਰੇ ਦੌਰਾਨ ਉਹ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਮਿਲੇ ਸਨ। ਉਨ੍ਹਾਂ ਨੇ ਇਸ ਦੌਰੇ ਦੌਰਾਨ ਪੰਜਾਬ ਦੀ ਕਿਸਾਨੀ ਤੇ ਛੋਟੇ ਕਾਰੋਬਾਰੀਆਂ ਦੀਆਂ ਮੁਸ਼ਕਲਾਂ ਸਮਝਣ ਦੀ ਕੋਸ਼ਿਸ਼ ਕੀਤੀ ਸੀ। ਆਮ ਆਦਮੀ ਪਾਰਟੀ ਦਲਿਤ ਵੋਟਰਾਂ ਨੂੰ ਵੀ ਖਿੱਚਣਾ ਚਾਹੁੰਦੀ ਹੈ। ਪੰਜਾਬ ਵਿਚ 32 ਫੀਸਦੀ ਦਲਿਤ ਵੋਟ ਬੈਂਕ ਹੈ। ਪਿਛਲੇ ਸਮੇਂ ਦੌਰਾਨ ਬਸਪਾ ਦਾ ਇਸ ਵੋਟ ਬੈਂਕ ਵਿਚ ਹਿੱਸਾ ਮਹਿਜ਼ ਚਾਰ ਫੀਸਦੀ ਰਹਿ ਗਿਆ ਹੈ। ਕਿਸੇ ਵੇਲੇ ਬਸਪਾ ਦੀ ਦਲਿਤ ਵੋਟ ‘ਤੇ ਚੰਗੀ ਪਕੜ ਸੀ। 1992 ਵਿਚ ਬਸਪਾ ਨੇ 16æ32 ਫੀਸਦੀ ਵੋਟ ਲੈ ਕੇ ਨੌਂ ਵਿਧਾਨ ਸਭਾ ਸੀਟਾਂ ਜਿੱਤੀਆਂ ਸਨ। ਆਮ ਤੌਰ ਉਤੇ ਮੰਨਿਆ ਜਾਂਦਾ ਹੈ ਕਿ ਦਲਿਤ ਵੋਟ ਬੈਂਕ ਕਾਂਗਰਸ ਦੇ ਹੱਕ ਵਿਚ ਭੁਗਤਦਾ ਹੈ। ਆਮ ਆਦਮੀ ਪਾਰਟੀ ਦਲਿਤ ਵੋਟ ਦੀ ਅਹਿਮੀਅਤ ਨੂੰ ਸਮਝਦੀ ਹੈ। ਇਸ ਲਈ ਕੇਜਰੀਵਾਲ ਦਾ ਇਹ ਦੌਰਾ ਕਾਫੀ ਅਹਿਮ ਰਹੇਗਾ।
ਆਮ ਤੌਰ ‘ਤੇ ਬਸਪਾ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਵੱਲੋਂ ਲਖਨਊ ਵਿਚ ਕਾਂਸ਼ੀ ਰਾਮ ਦੇ ਜਨਮ ਦਿਨ ਮੌਕੇ ਵੱਡੀਆਂ ਰੈਲੀਆਂ ਕੀਤੀਆਂ ਜਾਂਦੀਆਂ ਸਨ। ਇਹ ਪਹਿਲਾ ਮੌਕਾ ਹੈ ਜਦੋਂ ਨਵਾਂ ਸ਼ਹਿਰ ਵਿਚ ਰੈਲੀ ਕੀਤੀ ਜਾ ਰਹੀ ਹੈ। ਅਵਤਾਰ ਸਿੰਘ ਕਰੀਮਪੁਰੀ ਨੇ ਦਾਅਵਾ ਕੀਤਾ ਕਿ ਬਾਬੂ ਕਾਂਸ਼ੀ ਰਾਮ ਦੀਆਂ ਦੋ ਭੈਣਾਂ ਕੁਲਵੰਤ ਕੌਰ ਤੇ ਗੁਰਬਚਨ ਕੌਰ ਬਸਪਾ ਦੀ ਨਵਾਂ ਸ਼ਹਿਰ ਵਿਚ ਹੋਣ ਵਾਲੀ ਰੈਲੀ ਵਿਚ ਹਿੱਸਾ ਲੈਣਗੀਆਂ। ਜਦਕਿ ਇਕ ਭੈਣ ਸਵਰਨ ਕੌਰ ‘ਆਪ’ ਦੇ ਸੰਪਰਕ ਵਿਚ ਹੈ। ‘ਆਪ’ ਦੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਬੀਤੀ ਦੋ ਫਰਵਰੀ ਨੂੰ ਰੋਪੜ ਵਿਚ ਬਾਬੂ ਕਾਂਸ਼ੀ ਰਾਮ ਦੇ ਪਿੰਡ ਗਏ ਸਨ ਤੇ ਉਨ੍ਹਾਂ ਦੇ ਦੋ ਭਰਾਵਾਂ ਨੂੰ ਵੀ ਮਿਲੇ ਸਨ। ਬਸਪਾ ਦੇ ਸਾਬਕਾ ਸੂਬਾ ਪ੍ਰਧਾਨ ਪ੍ਰਕਾਸ਼ ਸਿੰਘ ਜੰਡਾਲੀ ਪਹਿਲਾਂ ਹੀ ‘ਆਪ’ ਵਿਚ ਸ਼ਾਮਲ ਹੋ ਗਏ ਹਨ।
ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਦਾਅਵਾ ਕੀਤਾ ਕਿ ਕਾਂਸ਼ੀ ਰਾਮ ਦੀਆਂ ਭੈਣਾਂ ਬਸਪਾ ਦੀ ਰੈਲੀ ਵਿਚ ਹਿੱਸਾ ਲੈਣਗੀਆਂ। ਉਨ੍ਹਾਂ ਨੇ ਕੇਜਰੀਵਾਲ ਵੱਲੋਂ ਬਾਬੂ ਕਾਂਸੀ ਰਾਮ ਦੇ ਜਨਮ ਦਿਨ ਸਬੰਧੀ ਉਲੀਕੇ ਪ੍ਰੋਗਰਾਮ ਨੂੰ ‘ਰਾਜਨੀਤਕ ਮੌਕਾਪ੍ਰਸਤੀ’ ਦੱਸਦਿਆਂ ਕਿਹਾ ਕਿ ਉਹ ਦਲਿਤ ਵੋਟਾਂ ਖਾਤਰ ਅਜਿਹਾ ਕਰ ਰਹੇ ਹਨ। ਸ੍ਰੀ ਕਰੀਮਪੁਰੀ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਪੰਜਾਬ ਵਿਚ ਦਲਿਤ ਪੱਤਾ ਖੇਡਣ ਲਈ ਆ ਰਹੇ ਹਨ।
ਦੂਜੇ ਪਾਸੇ ‘ਆਪ’ ਆਗੂ ਦੁਰਗੇਸ਼ ਪਾਠਕ ਨੇ ਸ੍ਰੀ ਕੇਜਰੀਵਾਲ ਦੇ 15 ਮਾਰਚ ਦੇ ਪ੍ਰੋਗਰਾਮ ਦੀ ਪੁਸ਼ਟੀ ਕਰਦਿਆਂ ਮੰਨਿਆ ਕਿ ਉਸ ਦਿਨ ਬਾਬੂ ਕਾਂਸ਼ੀ ਰਾਮ ਦੇ ਪਰਿਵਾਰ ਨਾਲ ਰੋਪੜ ਵਿਚ ਮੁਲਾਕਾਤ ਕੀਤੀ ਜਾਵੇਗੀ। ਸ੍ਰੀ ਕਰੀਮਪੁਰੀ ਨੇ ਕਿਹਾ ਸ੍ਰੀ ਕੇਜਰੀਵਾਲ ਨੇ ਪਹਿਲਾ ਕਿਉਂ ਨਹੀਂ ਯੂæਪੀæ ਜਾ ਕੇ ਇਹ ਦਿਨ ਮਨਾਇਆ। ਉਨ੍ਹਾਂ ਕਿਹਾ ਕਿ ਹੁਣ ਜਦੋਂ ਪੰਜਾਬ ਵਿਚ ਚੋਣਾਂ ਆ ਰਹੀਆਂ ਹਨ ਤਾਂ ‘ਆਪ’ ਦਲਿਤਾਂ ਦੇ ਆਧਾਰ ਉਤੇ ਰਾਜਨੀਤੀ ਕਰਨ ਲੱਗ ਪਈ ਹੈ।
_____________________________________
ਮੁਲਾਜ਼ਮ ਤੇ ਖੱਬੀਆਂ ਧਿਰਾਂ ਵੀ ‘ਆਪ’ ਨਾਲ ਤੁਰੀਆਂ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਹੁਣ ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ ਤੇ ਖੱਬੀਆਂ ਧਿਰਾਂ ਦੇ ਕਈ ਆਗੂਆਂ ਨੂੰ ਵੀ ਆਪਣੇ ਨਾਲ ਤੋਰ ਲਿਆ ਹੈ, ਜਿਸ ਕਾਰਨ ਅਕਾਲੀ ਦਲ ਤੇ ਕਾਂਗਰਸ ਵੀ ਆਪੋ-ਆਪਣੇ ਮੁਲਾਜ਼ਮ ਵਿੰਗਾਂ ਨੂੰ ਸਰਗਰਮ ਕਰਨ ਦੇ ਰਾਹ ਪੈ ਗਈਆਂ ਹਨ। ਸੂਤਰਾਂ ਅਨੁਸਾਰ ‘ਆਪ’ ਲੀਡਰਸ਼ਿਪ ਨੇ ਬਾਦਲ ਸਰਕਾਰ ਵੱਲੋਂ ਸੂਬੇ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਤਨਖਾਹ ਕਮਿਸ਼ਨ ਬਾਰੇ ਕਿਸੇ ਕੰਢੇ ਨਾ ਲਾਉਣ, ਡੀæਏæ ਦੀਆਂ ਤਿੰਨ ਕਿਸ਼ਤਾਂ ਦਾ 23 ਮਹੀਨਿਆਂ ਦਾ ਬਕਾਇਆ ਨਾ ਦੇਣ, ਠੇਕੇ ਤੇ ਆਊਟਸੋਰਸਿੰਗ ਦੇ ਆਧਾਰ ਉਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਨਿਗੂਣੀਆਂ ਤਨਖ਼ਾਹਾਂ ਦੇਣ ਅਤੇ ਕਈ ਵਰਗਾਂ ਦੇ ਸਕੇਲਾਂ ਵਿਚਲੀਆਂ ਖਾਮੀਆਂ ਦੂਰ ਨਾ ਕੀਤੇ ਜਾਣ ਕਾਰਨ ਮੁਲਾਜ਼ਮਾਂ ਵਿਚ ਪੈਦਾ ਹੋਈ ਮਾਯੂਸੀ ਨੂੰ ਭਾਂਪਦਿਆਂ ਮੁਲਾਜ਼ਮ ਜਥੇਬੰਦੀਆਂ ਨਾਲ ਸੰਪਰਕ ਕੀਤਾ ਹੈ। ਇਸ ਦੇ ਪਹਿਲੇ ਪੜਾਅ ਤਹਿਤ ‘ਆਪ’ ਨੇ ਅਕਾਲੀ ਦਲ ਨਾਲ ਸਬੰਧਤ ਮੰਨੇ ਜਾਂਦੇ ਪੰਜਾਬ ਸਟੇਟ ਕਰਮਚਾਰੀ ਦਲ ਦੇ ਪ੍ਰਧਾਨ ਹਰੀ ਸਿੰਘ ਟੌਹੜਾ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਆਪਣੇ ਨਾਲ ਤੋਰਨ ਵਿਚ ਸਫਲਤਾ ਹਾਸਲ ਕੀਤੀ ਹੈ। ਸੂਤਰਾਂ ਅਨੁਸਾਰ ਕਈ ਹੋਰ ਮੁਲਾਜ਼ਮ ਜਥੇਬੰਦੀਆਂ ਵੀ ਆਉਣ ਵਾਲੇ ਦਿਨਾਂ ਵਿਚ ‘ਆਪ’ ਦਾ ਲੜ ਫੜ ਸਕਦੀਆਂ ਹਨ। ‘ਆਪ’ ਦੀ ਇਕ ਵਿਸ਼ੇਸ਼ ਟੀਮ ਮੁਲਾਜ਼ਮ ਜਥੇਬੰਦੀਆਂ ਅਤੇ ਖੱਬੀਆਂ ਧਿਰਾਂ ਤੋਂ ਨਿਰਾਸ਼ ਅਤੇ ਘਰ ਬੈਠੇ ਕਾਮਰੇਡਾਂ ਨੂੰ ਵੀ ਟੋਹ ਰਹੀ ਹੈ। ਇਸੇ ਤਹਿਤ ਸੀæਪੀæਆਈæ (ਐਮ) ਪੰਜਾਬ ਦੀ ਸੂਬਾ ਕਮੇਟੀ ਦੇ ਮੈਂਬਰ ਤੇ ਮੁਲਾਜ਼ਮ ਮੁਹਾਜ਼ ‘ਤੇ ਕਈ ਦਹਾਕੇ ਛਾਏ ਰਹੇ ਨਾਜਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਅਤੇ ਜਨਵਾਦੀ ਇਸਤਰੀ ਸਭਾ, ਪੰਜਾਬ ਦੀ ਪ੍ਰਧਾਨ ਸੁਰਿੰਦਰ ਕੌਰ ਸਮੇਤ ਮੁਲਾਜ਼ਮ ਆਗੂ ਸੁਖਦੇਵ ਸਿੰਘ ਬੜੀ ਨੇ ‘ਆਪ’ ਦਾ ਪੱਲਾ ਫੜ ਲਿਆ ਹੈ।