ਚੰਡੀਗੜ੍ਹ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਗੋਲੀ ਕਾਂਡ ਦੀ ਜਾਂਚ ਲਈ ਬਣਾਏ ਕਮਿਸ਼ਨ ਸਾਹਮਣੇ ਪੇਸ਼ ਹੋਣ ਆਏ ਗੋਲੀ ਕਾਂਡ ਦੇ ਪੀੜਤਾਂ ਤੇ ਚਸ਼ਮਦੀਦਾਂ ਨੇ ਕਿਹਾ ਕਿ ਪੁਲਿਸ ਉਨ੍ਹਾਂ ਨੂੰ ਸੱਚ ਬੋਲਣ ਤੋਂ ਰੋਕਦੀ ਰਹੀ ਹੈ। ਪੁਲਿਸ ਉਨ੍ਹਾਂ ਨੂੰ ਕਮਿਸ਼ਨ ਕੋਲ ਪਹੁੰਚਣ ਤੋਂ ਰੋਕਣ ਲਈ ਧਮਕਾਉਂਦੀ ਵੀ ਰਹੀ।
ਮਾਮਲੇ ਦੀ ਜਾਂਚ ਲਈ ਕਮਿਸ਼ਨ ਨੇ ਗੋਲੀ ਕਾਂਡ ਦੇ ਪੀੜਤਾਂ ਤੇ ਚਸ਼ਮਦੀਦਾਂ ਨੂੰ ਚੰਡੀਗੜ੍ਹ ਸਥਿਤ ਦਫਤਰ ਵਿਚ ਗਵਾਹੀ ਲਈ ਸੱਦਿਆ ਸੀ। ਇਨ੍ਹਾਂ ਪੀੜਤਾਂ ਤੇ ਚਸ਼ਮਦੀਦਾਂ ਨੇ 32 ਹਲਫੀਆ ਬਿਆਨ ਜ਼ੋਰਾ ਸਿੰਘ ਮਾਨ ਕਮਿਸ਼ਨ ਨੂੰ ਸੌਂਪੇ ਤੇ ਕਮਿਸ਼ਨ ਨੇ ਛੇ ਚਸ਼ਮਦੀਦਾਂ ਤੋਂ ਪੁੱਛ ਪੜਤਾਲ ਕੀਤੀ। ਇਨ੍ਹਾਂ ਵਿਚ ਗੋਲੀ ਕਾਂਡ ਦਾ ਪੀੜਤ ਨੌਜਵਾਨ ਹਰਜਿੰਦਰ ਸਿੰਘ ਤੇ ਅੰਗਰੇਜ਼ ਸਿੰਘ ਵੀ ਸ਼ਾਮਲ ਸਨ। ਹਰਜਿੰਦਰ ਸਿੰਘ ਵਾਸੀ ਗੁਰੂਸਰ ਨੇ ਦੱਸਿਆ ਕਿ ਉਹ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਸਨ। ਪੁਲਿਸ ਨੇ ਪਹਿਲਾਂ ਲਾਠੀਚਾਰਜ ਕੀਤਾ ਤੇ ਫਿਰ ਅਚਾਨਕ ਗੋਲੀ ਚਲਾ ਦਿੱਤੀ।
ਇਸ ਦੌਰਾਨ ਇਕ ਗੋਲੀ ਉਸ ਦੇ ਖੱਬੇ ਪੈਰ ‘ਚ ਲੱਗੀ, ਜਿਸ ਕਰਨ ਪੈਰ ਦੀ ਇਕ ਉਂਗਲੀ ਕੱਟੀ ਗਈ। ਪੁਲਿਸ ਨੇ ਤਕਰੀਬਨ 500 ਗੋਲੀਆਂ ਚਲਾਈਆਂ ਤੇ ਟਰਾਲੀਆਂ ਤੇ ਮੋਟਰ ਸਾਈਕਲਾਂ ਨੂੰ ਵੀ ਅੱਗ ਲਗਾ ਦਿੱਤੀ।
ਗੋਲੀ ਨਾਲ ਜਖ਼ਮੀ ਹੋਏ ਅੰਗਰੇਜ਼ ਸਿੰਘ ਨੇ ਦੱਸਿਆ ਕਿ ਛਰ੍ਹੇ ਉਸ ਦੇ ਸੱਜੇ ਮੋਢੇ ਕੋਲ ਵੱਜੇ। ਪੁਲਿਸ ਨੇ ਅੰਨ੍ਹੇਵਾਹ ਲਾਠੀਆਂ ਵਰ੍ਹਾਈਆਂ ਤੇ ਫਿਰ ਗੋਲੀਬਾਰੀ ਸ਼ੁਰੂ ਕਰ ਦਿੱਤੀ। ਚਸ਼ਮਦੀਦ ਹਾਕਮ ਸਿੰਘ ਨੇ ਕਿਹਾ ਕਿ 13 ਅਕਤੂਬਰ ਨੂੰ ਉਹ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟ ਕਰ ਰਹੇ ਸਨ ਅਤੇ ਪੁਲਿਸ ਨੇ ਬਿਨਾਂ ਚੇਤਾਵਨੀ ਦਿੱਤੇ ਗੋਲੀ ਚਲਾ ਦਿੱਤੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਅਮਰ ਸਿੰਘ ਚਹਿਲ ਤੇ ਹਰਪਾਲ ਸਿੰਘ ਚੀਮਾ ਵੀ ਚਸ਼ਮਦੀਦਾਂ ਦੇ ਨਾਲ ਸਨ।
ਪੰਜਾਬ ਸਰਕਾਰ ਨੇ 12 ਅਕਤੂਬਰ 2015 ਨੂੰ ਬਰਗਾੜੀ ਵਿਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ 14 ਅਕਤੂਬਰ ਨੂੰ ਪਿੰਡ ਬਹਿਬਲ ਕਲਾਂ ਵਿਚ ਪੁਲਿਸ ਗੋਲੀ ਨਾਲ ਮਾਰੇ ਗਏ ਦੋ ਨੌਜਵਾਨਾਂ ਦੇ ਮਾਮਲੇ ਦੀ ਜਾਂਚ ਵਾਸਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਜਸਟਿਸ ਜ਼ੋਰਾ ਸਿੰਘ ਆਧਾਰਤ ਕਮਿਸ਼ਨ ਦਾ ਗਠਨ ਕੀਤਾ ਸੀ। ਕਮਿਸ਼ਨ ਦਾ ਕਹਿਣ ਹੈ ਕਿ ਹਲਫੀਆ ਬਿਆਨ ਦਰਜ ਕਰ ਲਏ ਹਨ ਤੇ ਪੁਲਿਸ ਕਰਮਚਾਰੀਆਂ ਦੇ ਵੀ ਹਲਫੀਆ ਬਿਆਨ ਲਏ ਜਾ ਰਹੇ ਹਨ। ਦੋਵਾਂ ਪੱਖਾਂ ਤੋ ਜਾਂਚ ਕਰਨ ਤੋਂ ਬਾਅਦ ਅੰਤਿਮ ਰਿਪੋਰਟ ਤਿਆਰ ਕੀਤੀ ਜਾਵੇਗੀ। ਦੂਜੇ ਪਾਸੇ ਕਮਿਸ਼ਨ ਨੇ ਜਾਂਚ ਵਿਚ ਹੋ ਰਹੀ ਦੇਰੀ ਸਬੰਧੀ ਪੰਥਕ ਪ੍ਰਚਾਰਕਾਂ ਨੂੰ ਜ਼ਿੰਮੇਵਾਰ ਦੱਸਿਆ ਹੈ। ਜਸਟਿਸ ਜ਼ੋਰਾ ਸਿੰਘ ਕਮਿਸ਼ਨ ਅਨੁਸਾਰ ਬੇਅਦਬੀ ਦੀ ਘਟਨਾ ਤੋਂ ਬਾਅਦ ਰੋਸ ਪ੍ਰਗਟ ਕਰ ਰਹੀ ਸੰਗਤ ਦੀ ਅਗਵਾਈ ਕਰ ਰਹੇ ਪੰਥਕ ਪ੍ਰਚਾਰਕ ਮਾਮਲੇ ਦੀ ਗਵਾਹੀ ਵਾਸਤੇ ਪੇਸ਼ ਨਹੀਂ ਹੋਏ।15 ਪੰਥ ਪ੍ਰਚਾਰਕਾਂ ਵਿਚੋਂ ਸਿਰਫ ਤਿੰਨ ਨੇ ਆਪਣੇ ਬਿਆਨ ਦਰਜ ਕਰਵਾਏ ਹਨ।
______________________________
ਪੀੜਤਾਂ ਵੱਲੋਂ ਪੁਲਿਸ ਅਫਸਰਾਂ ਦੀ ਸ਼ਨਾਖਤ ਦਾ ਦਾਅਵਾ
ਚੰਡੀਗੜ੍ਹ: ਬਹਿਬਲ ਕਾਂਡ ਦੇ ਪੀੜਤਾਂ ਨੇ ਦੱਸਿਆ ਕਿ ਉਨ੍ਹਾਂ ਨੇ ਮੌਕੇ ਉਤੇ ਮੌਜੂਦ ਪੁਲਿਸ ਅਫਸਰਾਂ ਦੀ ਸ਼ਨਾਖ਼ਤ ਕਰ ਲਈ ਹੈ। ਇਸ ਦੇ ਬਾਵਜੂਦ ਕਾਰਵਾਈ ਨਹੀਂ ਹੋਈ ਹੈ। ਚਸ਼ਮਦੀਦਾਂ ਅਨੁਸਾਰ ਐਸ਼ਐਸ਼ਪੀæ ਰੈਂਕ ਦੇ ਕਈ ਅਧਿਕਾਰੀ ਮੌਕੇ ‘ਤੇ ਮੌਜੂਦ ਸਨ। ਇਨ੍ਹਾਂ ਅਫਸਰਾਂ ਦੇ ਗੰਨਮੈਨ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਨੂੰ ਠੁੱਡੇ ਮਾਰਦੇ ਰਹੇ। ਉਨ੍ਹਾਂ ਕਿਹਾ ਕਿ ਮੌਕੇ ‘ਤੇ 400 ਦੇ ਕਰੀਬ ਪੁਲਿਸ ਕਰਮਚਾਰੀ ਮੌਜੂਦ ਸਨ ਤੇ ਸਾਰਿਆਂ ਕੋਲ ਹਥਿਆਰ ਸਨ।