ਪਰਮਾਣੂ ਬਿਜਲੀ ਪਲਾਂਟ ਦਾ ਮਸਲਾ ਭਖਿਆ

ਪਟਿਆਲਾ: ਪਟਿਆਲਾ ਜ਼ਿਲ੍ਹੇ ਵਿਚ ਪਰਮਾਣੂ ਬਿਜਲੀ ਪਲਾਂਟ ਲਾਉਣ ਦੇ ਐਲਾਨ ਨਾਲ ਸੂਬੇ ਵਿਚਲੇ ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ ਵਿਚ ਤਰੇੜ ਪੈ ਗਈ ਹੈ, ਜਦ ਕਿ ਕਾਂਗਰਸ ਨੇ ਕਿਹਾ ਹੈ ਕਿ ਉਸ ਨੇ ਅਜਿਹਾ ਪਲਾਂਟ ਲਾਉਣ ਦਾ ਪਹਿਲਾਂ ਵੀ ਜ਼ੋਰਦਾਰ ਵਿਰੋਧ ਕੀਤਾ ਸੀ ਤੇ ਹੁਣ ਵੀ ਕਰੇਗੀ।

ਭਾਜਪਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਹੈ ਕਿ ਪਾਰਟੀ ਦਾ ਇਸ ਬਾਰੇ ਸਟੈਂਡ ਬਾਅਦ ਵਿਚ ਸਪਸ਼ਟ ਕੀਤਾ ਜਾਵੇਗਾ। ਲੋਕ ਸਭਾ ਵਿਚ ਪ੍ਰਧਾਨ ਮੰਤਰੀ ਸਕੱਤਰੇਤ ਵਿਚ ਰਾਜ ਮੰਤਰੀ ਜਤਿੰਦਰ ਸਿੰਘ ਨੇ ਪੰਜਾਬ ਦੇ ਪਟਿਆਲਾ, ਉਤਰਾਖੰਡ ਦੇ ਦੇਹਰਾਦੂਨ ਤੇ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਵਿਚ ਪਰਮਾਣੂ ਬਿਜਲੀ ਪਲਾਂਟ ਲਾਉਣ ਦਾ ਐਲਾਨ ਕੀਤਾ ਸੀ।
ਮੰਤਰੀ ਨੇ ਕਿਹਾ ਸੀ ਦੇਸ਼ ਵਿਚ ਇਸ ਵੇਲੇ 4,780 ਮੈਗਾਵਾਟ ਪਰਮਾਣੂ ਬਿਜਲੀ ਪੈਦਾ ਹੋ ਰਹੀ ਹੈ ਤੇ ਅਗਲੇ ਦਸ ਸਾਲਾਂ ਵਿਚ ਇਸ ਨੂੰ ਤਿੰਨ ਗੁਣਾ ਵਧਾ ਕੇ 13,480 ਮੈਗਾਵਾਟ ਕਰਨ ਦਾ ਟੀਚਾ ਹੈ। ਇਸ ਐਲਾਨ ਨਾਲ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੇ ਇਸ ਪਲਾਂਟ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ। ਦਿਲਚਸਪ ਗੱਲ ਹੈ ਕਿ ਪੰਜਾਬ ਵਿਚ ਪਹਿਲਾਂ ਹੀ ਸਰਪਲੱਸ ਬਿਜਲੀ ਹੈ ਤੇ ਇਸ ਕਾਰਨ ਉਸ ਨੂੰ ਆਪਣੇ ਬਿਜਲੀ ਯੂਨਿਟ ਬੰਦ ਕਰਨੇ ਪੈ ਰਹੇ ਹਨ ਕਿਉਂਕਿ ਸਮਝੌਤੇ ਮੁਤਾਬਕ ਜੇ ਪੀæਐਸ਼ਪੀæਸੀæਐਲ਼ ਨਿੱਜੀ ਖੇਤਰ ਤੋਂ ਬਿਜਲੀ ਦੀ ਖਰੀਦ ਨਹੀਂ ਕਰਦਾ ਤਾਂ ਉਸ ਨੂੰ ਸਾਲਾਨਾ 2700 ਕਰੋੜ ਦਾ ਭੁਗਤਾਨ ਕਰਨਾ ਪਵੇਗਾ। ਸੂਤਰਾਂ ਦਾ ਕਹਿਣਾ ਹੈ ਕਿ ਇਸ ਸਰਪਲੱਸ ਸੂਬੇ ਨੂੰ ਅਜਿਹੇ ਕਿਸੇ ਪਰਮਾਣੂ ਪਲਾਂਟ ਦੀ ਲੋੜ ਹੀ ਨਹੀਂ ਹੈ।
ਪੀæਐਸ਼ਪੀæਸੀæਐਲ਼ ਦੇ ਚੇਅਰਮੈਨ ਕੇਡੀ ਚੌਧਰੀ ਨੇ ਕਿਹਾ ਦਾ ਕਹਿਣਾ ਹੈ ਕਿ ਸਾਡੇ ਕੋਲ ਅਗਲੇ ਇਕ ਦਹਾਕੇ ਲਈ ਸਰਪਲੱਸ ਬਿਜਲੀ ਹੈ। ਰਾਜ ਲਈ ਇਸ ਪਰਮਾਣੂ ਪਲਾਂਟ ਦਾ ਕੋਈ ਲਾਭ ਨਹੀਂ ਹੋਵੇਗਾ। ਇਸ ਦੇ ਨਾਲ ਹੀ ਕਿਹਾ ਕਿ ਉਨ੍ਹਾਂ ਨੂੰ ਰਾਜ ਵਿਚ ਕੋਈ ਪਰਮਾਣੂ ਪਲਾਂਟ ਲਾਏ ਜਾਣ ਦੀ ਜਾਣਕਾਰੀ ਨਹੀਂ ਹੈ। ਦਸੰਬਰ 2015 ਵਿੱਚ ਲੋਕ ਸਭਾ ਨੇ ਜ਼ੁਬਾਨੀ ਵੋਟ ਨਾਲ ਪਰਮਾਣੂ ਊਰਜਾ (ਸੋਧ) ਬਿੱਲ-2015 ਪਾਸ ਕੀਤਾ ਸੀ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਉਹ ਰਾਜ ਵਿਚ ਕੋਈ ਵੀ ਪਰਮਾਣੂ ਪਲਾਂਟ ਨਹੀਂ ਲੱਗਣ ਦੇਣਗੇ।
ਇਸ ਮਾਮਲੇ ਨੂੰ ਕੇਂਦਰ ਕੋਲ ਉਠਾਇਆ ਜਾਵੇਗਾ। ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਉਨ੍ਹਾਂ ਨੇ ਆਪਣੇ ਮੁੱਖ ਮੰਤਰੀ ਕਾਲ ਦੌਰਾਨ ਅਜਿਹੇ ਪਲਾਂਟ ਨੂੰ ਲਾਉਣ ਬਾਰੇ ਸਰਵੇਖਣ ਦਾ ਵਿਰੋਧ ਕੀਤਾ ਸੀ। ਇਸ ਦੇ ਲੱਗਣ ਨਾਲ ਰਾਜ ਦਾ ਹਵਾ, ਪਾਣੀ ਤੇ ਧਰਤੀ ਤਬਾਹ ਹੋ ਜਾਣਗੇ। ਕਾਂਗਰਸ ਇਸ ਪਲਾਂਟ ਦੇ ਵਿਰੁੱਧ ਹੈ।