ਅਮਰੀਕਾ ਦੇ ਗੁਰਦੁਆਰੇ ਵਿਚ ਗੋਰੇ ਦੀ ਸ਼ਰਮਨਾਕ ਕਰਤੂਤ

ਵਾਸ਼ਿੰਗਟਨ: ਅਮਰੀਕੀ ਸੂਬੇ ਵਾਸ਼ਿੰਗਟਨ ਦੇ ਸ਼ਹਿਰ ਸਪੋਕੇਨ ਵਿਚ ਇਕ ‘ਨਿਰਵਸਤਰ’ ਵਿਅਕਤੀ ਨੇ ਗੁਰਦੁਆਰੇ ਅੰਦਰ ਦਾਖਲ ਹੋ ਕੇ ਉਥੇ ਰੱਖੀਆਂ ਪਵਿੱਤਰ ਨਿਸ਼ਾਨੀਆਂ ਦੀ ਬੇਅਦਬੀ ਕਰ ਦਿੱਤੀ। ਇਹ ਮਾਮਲਾ ਨਫਰਤੀ ਜੁਰਮ ਦਾ ਜਾਪਦਾ ਹੈ। ਸਿੱਖ ਭਾਈਚਾਰੇ ਨੇ ਇਸ ਘਟਨਾ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ।

ਜੈਫਰੀ ਸੀ ਪਿੱਟਮੈਨ (44) ਗੁਰਦੁਆਰੇ ਅੰਦਰ ਦਾਖਲ ਹੋਇਆ ਸੀ। ਗੁਰਦੁਆਰੇ ਦੇ ਪ੍ਰਬੰਧਕਾਂ ਨੇ ਕਿਹਾ ਕਿ ਪਿੱਟਮੈਨ ਨੂੰ ਜਦੋਂ ਸਵੇਰੇ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਦੇ ਸਰੀਰ ‘ਤੇ ਇਕ ਚਾਦਰ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ। ਇਹ ਚਾਦਰ ਵੀ ਉਸ ਨੇ ਗੁਰਦੁਆਰੇ ਅੰਦਰੋਂ ਚੁੱਕੀ ਸੀ।
ਉਸ ਦੇ ਹੱਥਾਂ ਵਿਚ ਗੁਰਦੁਆਰੇ ਅੰਦਰੋਂ ਚੁੱਕੀ ਗਈ ਰਵਾਇਤੀ ਕਿਰਪਾਨ ਵੀ ਸੀ। ਪ੍ਰਬੰਧਕਾਂ ਮੁਤਾਬਕ ਉਸ ਨੇ ਗੁਰਦੁਆਰੇ ਦੀਆਂ ਪਵਿੱਤਰ ਵਸਤਾਂ ਦੀ ਬੇਅਦਬੀ ਵੀ ਕੀਤੀ। ‘ਦਿ ਸਿਆਟਲ ਗਲੋਬਲਿਸਟ’ ਦੀ ਖਬਰ ਮੁਤਾਬਕ ਪਿੱਟਮੈਨ ਖਿਲਾਫ਼ ਚੋਰੀ, ਸ਼ਰਾਰਤ ਤੇ ਸ਼ੋਸ਼ਣ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਸੂਬੇ ਦੇ ਨਫਰਤੀ ਅਪਰਾਧ ਕਾਨੂੰਨ ਤਹਿਤ ਦਰਜ ਕੀਤਾ ਗਿਆ ਹੈ। ਸਪੋਕੇਨ ਸ਼ਹਿਰ ਦੇ ਸ਼ੈਰਿਫ਼ ਓਜ਼ੀ ਨੇਜ਼ੋਵਿਚ ਨੇ ਇਕ ਬਿਆਨ ਵਿਚ ਕਿਹਾ ਕਿ ਸਾਰੇ ਧਰਮਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਕਿਸੇ ਦੇ ਧਾਰਮਿਕ ਵਿਸ਼ਵਾਸ ਕਾਰਨ ਕੀਤੇ ਗਏ ਕਿਸੇ ਵੀ ਜੁਰਮ ਦੀ ਪਹਿਲ ਦੇ ਆਧਾਰ ‘ਤੇ ਮੁਕੰਮਲ ਜਾਂਚ ਕੀਤੀ ਜਾਏਗੀ।
ਉਨ੍ਹਾਂ ਕਿਹਾ ਕਿ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਥੋੜੀ ਬਹਿਸ ਤੋਂ ਬਾਅਦ ਉਸ ਨੂੰ ਫੜ ਲਿਆ। ਗੁਰਦੁਆਰੇ ‘ਚ ਕਈ ਹਜ਼ਾਰਾਂ ਡਾਲਰ ਦਾ ਨੁਕਸਾਨ ਹੋਇਆ ਹੈ। ਗੁਰਦੁਆਰੇ ਦੇ ਗ੍ਰੰਥੀ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪੁਲਿਸ ਦੇ ਆਉਣ ਤੋਂ ਪਹਿਲਾਂ ਇਸ ਵਿਅਕਤੀ ਨੂੰ ਫੜ ਲਿਆ ਗਿਆ ਸੀ। ਸਿੱਖ ਕੌਂਸਲ ਆਨ ਰਿਲੀਜਨ ਐਂਡ ਐਜੂਕੇਸ਼ਨ ਦੇ ਚੇਅਰਮੈਨ ਰਾਜਵੰਤ ਸਿੰਘ ਨੇ ਘਟਨਾ ‘ਤੇ ਰੋਸ ਪ੍ਰਗਟ ਕਰਦਿਆਂ ਕਿਹਾ ਹੈ ਕਿ ਅਜਿਹੀਆਂ ਘਟਨਾਵਾਂ ਆਮ ਵਾਂਗ ਨਾ ਵਾਪਰਨ ਲੱਗ ਪੈਣ। ਇਸ ਲਈ ਪਹਿਲਾਂ ਤੋਂ ਹੀ ਉਪਰਾਲੇ ਕਰ ਲੈਣੇ ਚਾਹੀਦੇ ਹਨ।
____________________________________
ਆਸਟਰੇਲਿਆਈ ਸਾਈਮਨ ਸਿੱਖਾਂ ਲਈ ਡਟਿਆ
ਸਿਡਨੀ: ਆਸਟਰੇਲੀਅਨ ਗੋਰੇ ਸਾਈਮਨ ਕੈਸਟ ਨੇ ਦੇਸ਼ ਵਾਸੀਆਂ ਅੰਦਰ ਪਰਵਾਸੀ ਸਿੱਖਾਂ ਦੀ ਪਛਾਣ ਬਾਰੇ ਦੁਬਿਧਾ ਦੂਰ ਕਰਨ ਦਾ ਹੋਕਾ ਦਿੱਤਾ ਹੈ। ਉਸ ਨੇ ਗੁਰਸਿੱਖੀ ਜੀਵਨ ਨੂੰ ਅਪਣਾਉਣ ਹੋਏ ਸਿੱਖ ਬਣਨ ਦੀ ਖਾਹਸ਼ ਵੀ ਪ੍ਰਗਟਾਈ ਹੈ। ਸਾਈਮਨ ਦੀ ਇਹ ਭਾਵਨਾ ਸੋਸ਼ਲ ਮੀਡੀਆ ‘ਤੇ ਆਉਣ ਬਾਅਦ ਪਰਵਾਸੀ ਸਿੱਖਾਂ ਤੇ ਸਥਾਨਕ ਭਾਈਚਾਰੇ ਨੇ ਉਸ ਦੀ ਪ੍ਰਸੰਸਾ ਕੀਤੀ ਹੈ। ਉਹ ਕਿੱਤੇ ਵਜੋਂ ਫੋਰਕ ਲਿਫਟ ਡਰਾਈਵਰ ਹੈ। ਵਾਈਨ ਫੈਕਟਰੀ ‘ਚ ਕੰਮ ਕਰਦੇ ਸਮੇਂ ਉਹ ਪਹਿਲੀ ਵਾਰ ਪੰਜਾਬੀ ਸਿੱਖ, ਜੋ ਫੈਕਟਰੀ ‘ਚ ਟਰੱਕ ਲੈ ਕੇ ਆਇਆ ਸੀ, ਨੂੰ ਮਿਲਿਆ। ਸਾਰੇ ਕਰਮਚਾਰੀ ਉਸ ਦੀ ਦਿਖ ਤੇ ਪਛਾਣ ਨੂੰ ਜਿਹਾਦੀ ਨਾਲ ਜੋੜਦੇ ਹੋਏ ਪਾਸਾ ਵੱਟਣ ਲੱਗੇ। ਸਾਈਮਨ ਨੇ ਦੱਸਿਆ ਕਿ ਉਸ ਨੇ ਟਰੱਕ ਡਰਾਈਵਰ ਨੇ ਆਪਣੇ ਆਪ ਨੂੰ ਸਿੱਖ ਦੱਸਦੇ ਹੋਏ ਸਿਰ ਉਪਰ ਬੰਨ੍ਹੇ ਕੱਪੜੇ ਨੂੰ ਪੱਗ ਦੱਸਿਆ। ਇਸ ਆਸਟਰੇਲੀਅਨ ਨੇ ਕਿਹਾ ਕਿ ਉਹ ਭਾਰਤ ਵਿਚਲੇ ਹਿੰਦੂ ਧਰਮ ਤੋਂ ਜਾਣੂ ਸੀ, ਪਰ ਸਿੱਖ ਧਰਮ ਬਾਰੇ ਹੋਰ ਜਾਨਣ ਦੀ ਇੱਛਾ ਹੋਈ। ਸਿੱਖ ਇਤਿਹਾਸ ਪੜ੍ਹ ਕੇ ਉਹ ਇੰਨਾ ਪ੍ਰਭਾਵਿਤ ਹੋਇਆ ਕਿ ਇਹ ਕੌਮ ਬਗੈਰ ਕਿਸੇ ਪੱਖ ਪਾਤ ਤੋਂ ਮਨੁੱਖਤਾ ਦਾ ਭਲਾ ਮੰਗਤੀ ਹੈ ਤੇ ਭੁੱਖਿਆਂ ਦਾ ਢਿੱਡ ਵੀ ਭਰਦੀ ਹੈ। ਉਸ ਨੇ ਕਿਹਾ ਕਿ ਆਸਟਰੇਲਿਆਈ ਲੋਕਾਂ ਨੂੰ ਸਿੱਖਾਂ ਪ੍ਰਤੀ ਹੋਰ ਜਾਗਰੂਕ ਕਰਨ ਦੀ ਲੋੜ ਹੈ। ਉਸ ਨੇ ਹਰਿਮੰਦਰ ਸਾਹਿਬ ਜਾਣ ਤੇ ਸਿੱਖ ਬਣਨ ਦੀ ਇੱਛਾ ਜ਼ਾਹਰ ਕੀਤੀ।