ਵਿਦੇਸ਼ਾਂ ਵਿਚ ਸਿੱਖਾਂ ਵਿਰੁਧ ਨਸਲੀ ਹਿੰਸਾ ਨੇ ਵਧਾਈ ਚਿੰਤਾ

ਅੰਮ੍ਰਿਤਸਰ: ਵਿਦੇਸ਼ਾਂ ਵਿਚ ਸਿੱਖਾਂ ‘ਤੇ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਹੁਣ ਆਸਟਰੇਲੀਆ ਵਿਚ ਇਕ ਅੰਮ੍ਰਿਤਧਾਰੀ ਵਿਦਿਆਰਥੀ ਉਤੇ ਨਸਲੀ ਹਮਲੇ ਨੇ ਫਿਰ ਚਰਚਾ ਛੇੜ ਦਿੱਤੀ ਹੈ। ਪੂਰਬੀ ਮੈਲਬਰਨ ਵਿਚ ਬੱਸ ਸਫਰ ਦੌਰਾਨ ਇਕ ਸਿੱਖ ਵਿਦਿਆਰਥੀ ਨਸਲੀ ਹਮਲੇ ਦਾ ਸ਼ਿਕਾਰ ਹੋ ਗਿਆ। ਇਸ ਹਮਲੇ ਵਿਚ 13 ਸਾਲਾ ਹਰਜੀਤ ਸਿੰਘ ਦੀ ਪੱਗ ਉਤਾਰ ਦਿੱਤੀ ਗਈ, ਉਸ ਦਾ ਮਜ਼ਾਕ ਉਡਾਇਆ ਗਿਆ ਤੇ ਚਾਕੂ ਨਾਲ ਵਾਰ ਕਰਕੇ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ।

ਸਕੂਲ ਤੋਂ ਹੋਰ ਵਿਦਿਆਰਥੀਆਂ ਨਾਲ ਘਰ ਵਾਪਸ ਆ ਰਹੇ ਇਸ ਬੱਚੇ ਨੂੰ ਨਸਲੀ ਨਫਰਤ ਦਾ ਨਿਸ਼ਾਨਾ ਬਣਾਉਣ ਵਾਲੇ ਅਫਰੀਕੀ ਲੱਗ ਰਹੇ ਦੋ ਮੁੰਡੇ ਤੇ ਇਕ ਕੁੜੀ ਸਨ। ਹਰਜੀਤ ਮੁਤਾਬਕ ਬੱਸ ‘ਚ ਚੜ੍ਹੇ ਇਹ ਤਿੰਨ ਜਣੇ ਖਾਸ ਤੌਰ ਉਤੇ ਲੜਕੀ ਉਸ ਦੀ ਦਸਤਾਰ ਸਬੰਧੀ ਟਿੱਪਣੀ ਕਰਨ ਲੱਗੇ ਤੇ ਉਸ ਦੀ ਦਸਤਾਰ ਨੂੰ ਉਤਾਰ ਦਿੱਤਾ ਤੇ ਕੁੱਟਣ ਦੀਆਂ ਧਮਕੀਆਂ ਦਿੱਤੀਆਂ। ਬੱਸ ਦੇ ਡਰਾਈਵਰ ਤੇ ਹੋਰ ਸਵਾਰੀਆਂ ਵਿਚੋਂ ਕਿਸੇ ਨੇ ਉਸ ਦੀ ਮਦਦ ਨਹੀਂ ਕੀਤੀ, ਜਿਸ ਕਾਰਨ ਉਹ ਰਸਤੇ ਵਿਚ ਹੀ ਉੱਤਰ ਗਿਆ। ਇਸ ਘਟਨਾ ਮਗਰੋਂ ਸਹਿਮੇ ਬੱਚੇ ਨੂੰ ਉਸ ਦੇ ਆਸਟਰੇਲੀਅਨ ਜਮਾਤੀ ਦੀ ਮਾਂ ਨੇ ਆਪਣੀ ਕਾਰ ਵਿਚ ਘਰ ਪਹੁੰਚਾਇਆ। ਡੌਨਕਾਸਟਰ ਸੈਕੰਡਰੀ ਕਾਲਜ ‘ਚ ਪੜ੍ਹਦੇ ਹਰਜੀਤ ਸਿੰਘ ਦੀ ਮਾਤਾ ਰਜਿੰਦਰ ਕੌਰ ਗਿੱਲ ਦਾ ਕਹਿਣਾ ਹੈ ਕਿ ਉਸ ਦਾ ਪੁੱਤ ਹਮਲੇ ਕਾਰਨ ਸਦਮੇ ਵਿਚ ਹੈ। ਉਹ ਸਿਰਫ ਆਪਣੇ ਪੁੱਤ ਲਈ ਹੀ ਨਹੀਂ ਸਗੋਂ ਸਮੁੱਚੇ ਭਾਈਚਾਰੇ ਦੇ ਬੱਚਿਆਂ ਦੀ ਸੁਰੱਖਿਆ ਬਾਰੇ ਚਿੰਤਤ ਹੈ।
ਪੁਲਿਸ ਅਧਿਕਾਰੀ ਪੌਲ ਟਰਨਰ ਮੁਤਾਬਕ ਨਸਲੀ ਹਮਲੇ ਦੀ ਜਾਂਚ ਮੁੱਢਲੇ ਦੌਰ ‘ਚ ਹੈ ਤੇ ਇਹ ਕਿਸੇ ਨਾਲ ਸਾਂਝੀ ਨਹੀਂ ਕੀਤੀ ਜਾ ਸਕਦੀ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਐਸ਼ਜੀæਪੀæਸੀæ ਨੂੰ ਵਿਦੇਸ਼ਾਂ ਵਿਚ ਵੀ ਸਿੱਖਾਂ ਦੀ ਵੱਖਰੀ ਪਛਾਣ ਤੋਂ ਜਾਣੂ ਕਰਵਾਉਣ ਬਾਰੇ ਵਿਸ਼ੇਸ਼ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਸਿੰਘ ਸਾਹਿਬ ਨੇ ਕਿਹਾ ਕਿ ਆਸਟਰੇਲੀਆ ‘ਚ ਸਿੱਖ ਬੱਚੇ ਹਰਜੀਤ ਸਿੰਘ ਨਾਲ ਸਕੂਲ ਤੋਂ ਵਾਪਸ ਆਉਣ ਸਮੇਂ ਨਸਲੀ ਵਿਤਕਰੇ ਦੀ ਜੋ ਘਟਨਾ ਵਾਪਰੀ ਹੈ, ਉਹ ਅਤਿ ਦੁਖਦਾਈ ਤੇ ਨਿੰਦਣਯੋਗ ਹੈ। ਸਿੱਖ ਸੰਸਥਾਵਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਤੀਨਿਧਾਂ ਨੂੰ ਆਸਟਰੇਲੀਆ ਵਿਚ ਸਿੱਖ ਧਰਮ ਦੀ ਪਛਾਣ ਨੂੰ ਦੱਸਣ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਉਹ ਲੋਕ ਸਿੱਖ ਧਰਮ ਤੇ ਸਿੱਖੀ ਪਹਿਰਾਵੇ ਤੋਂ ਜਾਣੂ ਹੋ ਸਕਣ।
__________________________________
ਹਮਲਾ ਕਰਨ ਵਾਲਿਆਂ ਦੀਆਂ ਤਸਵੀਰਾਂ ਜਾਰੀ
ਮੈਲਬਰਨ : ਆਸਟਰੇਲੀਆ ਵਿਚ ਇਕ ਅੰਮ੍ਰਿਤਧਾਰੀ ਵਿਦਿਆਰਥੀ ਉੱਤੇ ਨਸਲੀ ਹਮਲਾ ਕਰਨ ਵਾਲੇ ਗੌਰਿਆਂ ਦੀਆਂ ਤਸਵੀਰਾਂ ਪੁਲਿਸ ਨੇ ਜਾਰੀ ਕਰ ਦਿੱਤੀਆਂ ਹਨ। ਤਸਵੀਰਾਂ ਦੋ ਮੁੰਡਿਆਂ ਅਤੇ ਇਕ ਲੜਕੀ ਦੀਆਂ ਹਨ। ਵਿਕਟੋਰੀਆ ਪੁਲਿਸ ਨੇ ਬੱਸ ਵਿਚ ਲੱਗੇ ਸੀæਸੀæਟੀæਵੀæ ਦੀ ਮਦਦ ਨਾਲ ਇਹ ਤਸਵੀਰਾਂ ਜਾਰੀ ਕੀਤੀਆਂ ਹਨ ਅਤੇ ਆਮ ਲੋਕਾਂ ਨੂੰ ਇਸ ਵਿਚ ਸਹਿਯੋਗ ਕਰਨ ਲਈ ਆਖਿਆ ਹੈ। ਤਸਵੀਰਾਂ ਤੋਂ ਹਮਲਾਵਰ ਨਾਬਾਲਗ ਦਿਖ ਰਹੇ ਹਨ। ਹਰਜੀਤ ਸਿੰਘ ਅਨੁਸਾਰ ਬੱਸ ਵਿਚ ਉਸ ਦੀ ਦਸਤਾਰ ਨੂੰ ਲੈ ਕੇ ਦੋ ਮੁੰਡਿਆਂ ਤੇ ਇਕ ਕੁੜੀ ਨੇ ਨਸਲੀ ਟਿੱਪਣੀਆਂ ਕੀਤੀਆਂ।
________________________
ਰਾਜ ਸਭਾ ਵਿਚ ਗੂੰਜਿਆਂ ਨਸਲੀ ਹਮਲੇ ਦਾ ਮਾਮਲਾ
ਨਵੀਂ ਦਿੱਲੀ: ਭਾਜਪਾ ਆਗੂ ਅਵਿਨਾਸ਼ ਰਾਏ ਖੰਨਾ ਨੇ ਮੈਲਬਰਨ ਵਿਚ ਇਕ 13 ਸਾਲਾ ਸਿੱਖ ਬੱਚੇ ਦਾ ਮਜ਼ਾਕ ਉਡਾਏ ਦਾ ਮੁੱਦਾ ਰਾਜ ਸਭਾ ਵਿਚ ਚੁੱਕਿਆ। ਉਨ੍ਹਾਂ ਸਰਕਾਰ ਨੂੰ ਇਹ ਮਾਮਲਾ ਆਸਟਰੇਲੀਅਨ ਸਰਕਾਰ ਕੋਲ ਚੁੱਕਣ ਲਈ ਕਿਹਾ ਹੈ। ਸਿਫਰ ਕਾਲ ਦੌਰਾਨ ਸ੍ਰੀ ਖੰਨਾ ਨੇ ਕਿਹਾ ਕਿ ਭਾਰਤ ਨੂੰ ਆਸਟਰੇਲੀਅਨ ਸਰਕਾਰ ਤੋਂ ਪੰਜਾਬੀ, ਸਿੱਖਾਂ ਤੇ ਭਾਰਤੀਆਂ ਦੀ ਸੁਰੱਖਿਆ ਯਕੀਨੀ ਬਣਵਾਉਣੀ ਚਾਹੀਦੀ ਹੈ ਤਾਂ ਜੋ ਅਜਿਹੀ ਮੰਦਭਾਗੀ ਘਟਨਾ ਮੁੜ ਨਾ ਵਾਪਰੇ। ਇਸ ਤਰ੍ਹਾਂ ਦੇ ਮਸਲੇ ‘ਤੇ ਤੁਰਤ ਕਾਰਵਾਈ ਦੀ ਲੋੜ ਹੁੰਦੀ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਉਦੋਂ ਤੱਕ ਨਹੀਂ ਰੁਕਣਗੀਆਂ ਜਦੋਂ ਤਕ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਨਹੀਂ ਹੁੰਦੀ।