ਡਾæ ਗੁਰਨਾਮ ਕੌਰ ਕੈਨੇਡਾ
ਭਗਤ ਰਵਿਦਾਸ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਹੈ ਅਤੇ ਗੁਰੂ ਗ੍ਰੰਥ ਸਾਹਿਬ ਵਿਚ ਉਨ੍ਹਾਂ ਭਗਤਾਂ, ਸੰਤਾਂ ਦੀ ਬਾਣੀ ਹੀ ਸ਼ਾਮਲ ਕੀਤੀ ਗਈ ਹੈ ਜਿਨ੍ਹਾਂ ਦੀ ਬਾਣੀ ਦਾ ਗੁਰੂ ਸਾਹਿਬਾਨ ਦੀ ਬਾਣੀ ਨਾਲ ਸਿਧਾਂਤਕ ਮੇਲ ਹੈ। ਗੁਰੂ ਨਾਨਕ ਸਾਹਿਬ ਮਨੁੱਖ ਦੀ ਬਰਾਬਰੀ ਦੇ ਸਿਧਾਂਤ ਦਾ ਮੂਲ ਸ੍ਰੋਤ ਸਭ ਵਿਚ ਵਿਆਪਕ ਉਸ ਪਰਮਾਤਮ-ਜੋਤਿ ਨੂੰ ਮੰਨਦੇ ਹਨ,
ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥
ਗੁਰ ਸਾਖੀ ਜੋਤਿ ਪਰਗਟੁ ਹੋਇ॥
ਇਸ ਦੇ ਨਾਲ ਹੀ ਉਪਦੇਸ਼ ਕੀਤਾ ਗਿਆ ਹੈ ਕਿ ਇਸ ਜੋਤਿ ਦਾ ਪ੍ਰਕਾਸ਼ਨ ਗੁਰੂ ਦੀ ਸਿੱਖਿਆ ਨਾਲ ਹੀ ਹੁੰਦਾ ਹੈ। ਭਗਤ ਰਵਿਦਾਸ ਆਖਦੇ ਹਨ ਕਿ ਮਨੁੱਖ ਅਤੇ ਅਕਾਲ ਪੁਰਖ ਵਿਚ ਅੰਤਰ ਜਾਂ ਵਿੱਥ ਕਿੱਥੇ ਹੈ, ਅਰਥਾਤ ਮਨੁੱਖ ਅਤੇ ਪਰਮਾਤਮਾ ਵਿਚ ਕੋਈ ਅੰਤਰ ਜਾਂ ਫਰਕ ਨਹੀਂ ਹੈ ਕਿਉਂਕਿ ਉਹ ਆਪ ਹੀ ਸਭ ਅੰਦਰ ਵਿਆਪਕ ਹੈ। ਸੋਨੇ ਅਤੇ ਸੋਨੇ ਤੋਂ ਬਣੇ ਕੜੇ ਵਿਚ ਜਾਂ ਜਿਵੇਂ ਜਲ ਅਤੇ ਜਲ ਵਿਚੋਂ ਉਠ ਰਹੀਆਂ ਤਰੰਗਾਂ ਵਿਚ ਕੋਈ ਅੰਤਰ ਨਹੀਂ ਹੁੰਦਾ। ਸੋਨਾ ਕੜੇ ਦਾ ਮੂਲ ਸ੍ਰੋਤ ਹੈ ਜਿਸ ਵਿਚੋਂ ਉਸ ਨੂੰ ਘੜਿਆ ਗਿਆ ਹੈ ਅਤੇ ਤਰੰਗਾਂ ਦਾ ਸੋਮਾ ਜਲ ਹੈ ਜਿਸ ਵਿਚੋਂ ਉਹ ਉਠਦੀਆਂ ਹਨ ਤੇ ਉਸੇ ਵਿਚ ਸਮਾ ਜਾਂਦੀਆਂ ਹਨ। ਇਸੇ ਤਰ੍ਹਾਂ ਮਨੁੱਖ ਅਤੇ ਪਰਮਾਤਮਾ ਵਿਚ ਕੋਈ ਅੰਤਰ ਨਹੀਂ ਹੈ ਕਿਉਂਕਿ ਪਰਮਾਤਮਾ ਮਨੁੱਖ ਦੀ ਹੋਂਦ ਦਾ ਮੂਲ ਸ੍ਰੋਤ ਹੈ।
ਗੁਰੂ ਅਰਜਨ ਦੇਵ ਅਕਾਲ ਪੁਰਖ ਦੀ ਸਰਬ-ਵਿਆਪਕਤਾ ਦਾ ਜ਼ਿਕਰ ਲੱਕੜ ਤੇ ਅੱਗ, ਦੁੱਧ ਤੇ ਘਿਉ ਦੇ ਦ੍ਰਿਸ਼ਟਾਂਤ ਰਾਹੀਂ ਕਰਦੇ ਹਨ। ਜਿਸ ਤਰ੍ਹਾਂ ਹਰ ਕਿਸਮ ਦੀ ਬਨਸਪਤੀ ਦੇ ਅੰਦਰ ਅੱਗ ਸਮਾਈ ਹੋਈ ਹੁੰਦੀ ਹੈ ਅਤੇ ਹਰ ਕਿਸਮ ਦੇ ਦੁੱਧ ਵਿਚ ਘਿਉ ਹੁੰਦਾ ਹੈ, ਇਸੇ ਤਰ੍ਹਾਂ ਸੰਸਾਰ ਦੀ ਹਰ ਰਚਨਾ, ਭਾਵੇਂ ਕੋਈ ਉਚਾ ਹੈ ਜਾਂ ਨੀਵਾਂ, ਵਿਚ ਉਹ ਅਕਾਲ ਪੁਰਖ ਵਿਆਪਕ ਹੈ। ਉਹ ਜਲ ਅਤੇ ਥਲ ਹਰ ਥਾਂ ਸਮਾਇਆ ਹੋਇਆ ਹੈ। (ਪੰਨਾ ੬੧੭)
ਭਗਤ ਰਵਿਦਾਸ ਅੱਗੇ ਉਸ ਬੇਅੰਤ ਪਰਵਰਦਗਾਰ ਨੂੰ ਬੇਨਤੀ ਕਰਦੇ ਹਨ ਕਿ ਜੇ ਅਸੀਂ ਜੀਵ ਪਾਪ ਨਾ ਕਰਦੇ ਤਾਂ ਉਸ ਦਾ ਨਾਮ ‘ਪਤਿਤ ਪਾਵਨ’ ਅਰਥਾਤ ਪਾਪੀਆਂ ਨੂੰ ਤਾਰਨ ਵਾਲਾ ਕਿਵੇਂ ਹੁੰਦਾ? ਉਹ ਜੋ ਸਭ ਦੇ ਅੰਦਰ ਦੀਆਂ ਜਾਣਨ ਵਾਲਾ ਹੈ, ਉਸ ਅੱਗੇ ਆਪਣੇ ਨਾਮ ਦਾ ਬਿਰਦ ਪਾਲਣ ਲਈ ਬੇਨਤੀ ਕਰਦੇ ਹਨ, ਮਾਲਕ ਨੂੰ ਦੇਖ ਕੇ ਸੇਵਕ ਦੀ ਪਛਾਣ ਕਰ ਲਈਦੀ ਹੈ ਕਿ ਸੇਵਕ ਕਿਹੋ ਜਿਹਾ ਹੈ ਅਤੇ ਸੇਵਕ ਨੂੰ ਦੇਖ ਕੇ ਮਾਲਕ ਦੀ ਪਛਾਣ ਆ ਜਾਂਦੀ ਹੈ। ਪਰਮਾਤਮਾ ਪਾਸੋਂ ਉਸ ‘ਬੁੱਧ ਬਿਬੇਕ’ ਲਈ ਅਰਦਾਸ ਕਰਦੇ ਹਨ ਜਿਸ ਨਾਲ ਉਸ ਦੇ ਨਾਮ ਦਾ ਸਿਮਰਨ ਕਰਨ ਦੀ ਸੋਝੀ ਆ ਜਾਂਦੀ ਹੈ।
ਗੁਰੂ ਨਾਨਕ ਸਾਹਿਬ ਜਿੱਥੇ ਇਹ ਦੱਸਦੇ ਹਨ ਕਿ ਮਨੁੱਖ ਦੇ ਜੋਤਿ-ਸਰੂਪ ਹੋਣ ਦੀ ਸੋਝੀ ਗੁਰੂ ਪਾਸੋਂ ਮਿਲਦੀ ਹੈ, ਗੁਰੂ ਅਰਜਨ ਦੇਵ ਕਹਿੰਦੇ ਹਨ ਕਿ ਮਨੁੱਖ ਅਤੇ ਪਰਮਾਤਮਾ ਵਿਚਲਾ ਭਰਮ-ਭੁਲੇਖਾ ਸਤਿਗੁਰੂ ਰਾਹੀਂ ਦੂਰ ਹੁੰਦਾ ਹੈ, ਉਥੇ ਹੀ ਭਗਤ ਰਵਿਦਾਸ ਬੇਨਤੀ ਕਰਦੇ ਹਨ, ਕੋਈ ਸੰਤ ਜਨ ਰਵਿਦਾਸ ਨੂੰ ਇਹ ਸੋਝੀ ਵੀ ਦੇ ਦੇਵੇ ਕਿ ਉਹ ਪਰਮਾਤਮਾ ਸਰਬ-ਵਿਆਪਕ ਹੈ, ਸਾਰਿਆਂ ਵਿਚ ਉਸੇ ਦੀ ਜੋਤਿ ਵਰਤ ਰਹੀ ਹੈ,
ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ॥
ਕਨਕ ਕਟਿਕ ਜਲ ਤਰੰਗ ਜੈਸਾ॥æææ (ਪੰਨਾ ੯੩)
ਇਸੇ ਤਰ੍ਹਾਂ ਭਗਤ ਰਵਿਦਾਸ ਦੱਸਦੇ ਹਨ ਕਿ ਜਿੰਨਾ ਚਿਰ ਮਨੁੱਖ ਦੇ ਅੰਦਰ ਹਉਮੈ ਰਹਿੰਦੀ ਹੈ, ਓਨਾ ਚਿਰ ਪਰਮਾਤਮ-ਜੋਤਿ ਅੰਦਰ ਪਰਗਟ ਨਹੀਂ ਹੁੰਦੀ। ਜਦੋਂ ਪਰਮਾਤਮ-ਜੋਤਿ ਪਰਗਟ ਹੋ ਜਾਂਦੀ ਹੈ ਤਾਂ ਮਨੁੱਖ ਦੇ ਅੰਦਰੋਂ ḔਮੈਂḔ ਦੂਰ ਹੋ ਜਾਂਦੀ ਹੈ ਅਤੇ ਜੋਤਿ-ਸਰੂਪ ਹੋਣ ਦੀ ਸੋਝੀ ਆ ਜਾਂਦੀ ਹੈ ਕਿ ਜਿਵੇਂ ਤੂਫਾਨ ਆਉਣ ‘ਤੇ ਸਮੁੰਦਰ ਅੰਦਰ ਲਹਿਰਾਂ ਉਠਦੀਆਂ ਹਨ ਪਰ ਅਸਲ ਵਿਚ ਲਹਿਰਾਂ ਪਾਣੀ ਦਾ ਹੀ ਰੂਪ ਹੁੰਦੀਆਂ ਹਨ। ਇਸੇ ਤਰ੍ਹਾਂ ਮਨੁੱਖ ਨੂੰ ਵੀ ਭੁਲੇਖਾ ਹੈ ਪਰ ਕੁਝ ਵੀ ਉਸ ਪਰਮਾਤਮਾ ਤੋਂ ਵੱਖਰਾ ਨਹੀਂ ਹੈ। ਜਿਵੇਂ ਕੋਈ ਰਾਜਾ ਸਿੰਘਾਸਣ ‘ਤੇ ਸੌਂਵੇ ਪਰ ਸੁਪਨੇ ਵਿਚ ਭਿਖਾਰੀ ਬਣ ਜਾਵੇ ਅਤੇ ਆਪਣੇ ਰਾਜ ਤੋਂ ਵਿਛੜ ਕੇ ਦੁਖੀ ਹੋ ਜਾਵੇ, ਉਸੇ ਤਰ੍ਹਾਂ ਜੀਵ ਉਸ ਪਰਮਾਤਮਾ ਤੋਂ ਵਿਛੜ ਕੇ ਦੁਖੀ ਹੁੰਦਾ ਹੈ। ਜਿਵੇਂ ਹਨੇਰੇ ਵਿਚ ਰੱਸੀ ਦੇ ਸੱਪ ਨਜ਼ਰ ਆਉਣ ਦਾ ਪ੍ਰਸੰਗ ਹੈ ਅਤੇ ਸੋਨੇ ਤੋਂ ਬਣੀਆਂ ਚੀਜ਼ਾਂ ਨੂੰ ਸੋਨੇ ਤੋਂ ਵੱਖਰੀਆਂ ਸਮਝ ਲਿਆ ਜਾਂਦਾ ਹੈ।
ਭਗਤ ਰਵਿਦਾਸ ਕਹਿੰਦੇ ਹਨ, ਹੁਣ ਪਰਮਾਤਮਾ ਦੀ ਭਗਤੀ ਨੇ ਇਹ ਭੇਦ ਕੁਝ ਕੁਝ ਸਮਝਾ ਦਿੱਤਾ ਹੈ ਕਿ ਕੁਝ ਵੀ ਉਸ ਤੋਂ ਵੱਖਰਾ ਨਹੀਂ ਹੈ ਅਤੇ ਇਸ ਲਈ ਹੁਣ ਪੁਰਾਣੀ ਵਿਤਕਰੇ ਵਾਲੀ ਗੱਲ ਬਰਦਾਸ਼ਤ ਨਹੀਂ ਹੁੰਦੀ। ਭਗਤ ਜੀ ਕਹਿੰਦੇ ਹਨ, ਉਹ ਪਰਮ-ਹਸਤੀ ਅਨੇਕਾਂ ਰੂਪ ਬਣਾ ਕੇ ਸਾਰਿਆਂ ਵਿਚ ਆਪ ਬਿਰਾਜਮਾਨ ਹੈ ਅਤੇ ਆਪ ਹੀ ਸ੍ਰਿਸ਼ਟੀ ਵਿਚ ਬੈਠਾ ਸ੍ਰਿਸ਼ਟੀ ਦਾ ਰੰਗ ਮਾਣ ਰਿਹਾ ਹੈ। (ਪੰਨਾ ੬੫੯)
ਅਮਲੀ ਰੂਪ ਵਿਚ ਕੀ ਹੋ ਰਿਹਾ ਹੈ, ਕਿਸ ਕਿਸਮ ਦੀ ਸਮਾਜਕ ਵੰਡ ਹੈ? ਅਰਥਾਤ ਮਨੁੱਖ ਨੇ ਮਨੁੱਖ ਨਾਲੋਂ ਮਨੁੱਖ ਦੀਆਂ ਜਨਮ ਆਧਾਰਤ ਵੰਡੀਆਂ ਪਾ ਰੱਖੀਆਂ ਹਨ। ਇਸ ਤੱਥ ਤੋਂ ਭਗਤ ਰਵਿਦਾਸ ਭਲੀਭਾਂਤ ਚੇਤੰਨ ਹੀ ਨਹੀਂ ਹਨ ਬਲਕੇ ਇਸ ਦਰਦ ਨੂੰ ਬਹੁਤ ਸ਼ਿੱਦਤ ਨਾਲ ਮਹਿਸੂਸ ਵੀ ਕਰ ਰਹੇ ਹਨ। ਵਰਣ-ਵੰਡ ਤੋਂ ਉਹ ਭਲੀ ਭਾਂਤ ਸੁਚੇਤ ਹਨ ਜੋ ਮਨੁੱਖ ਨੇ ਆਪਣੇ ਲਾਭ ਹਿੱਤ ਸਿਰਜ ਰੱਖੀ ਹੈ। ਦਲਿਤ ਹੋਣ ਦੀਆਂ ਦੁਸ਼ਵਾਰੀਆਂ ਦਾ, ਜੋ ਮਨੁੱਖ ਨੇ ਸਮਾਜ ਵਿਚ ਪੈਦਾ ਕੀਤੀਆਂ ਹਨ, ਉਨ੍ਹਾਂ ਨੂੰ ਬਹੁਤ ਚੰਗੀ ਤਰ੍ਹਾਂ ਅਹਿਸਾਸ ਹੈ ਕਿ ਪਰਮਾਤਮਾ ਵੱਲੋਂ ਤਾਂ ਸਭ ਦੀ ਰਚਨਾ ਬਰਾਬਰ ਦੀ ਇੱਕੋ ਜਿਹੀ ਜੋਤਿ-ਸਰੂਪੀ ਹੈ, ਸਾਰੇ ਹੀ ਮਨੁੱਖ ਜਗਦੀਸ਼ੈ-ਅੰਸ਼ ਹਨ। ਮਨੁੱਖ ਚੰਗਾ ਜਾਂ ਬੁਰਾ ਆਪਣੀ ਸੰਗਤ ਕਰਕੇ ਜਾਂ ਆਪਣੇ ਗੁਣਾਂ-ਔਗੁਣਾਂ ਕਾਰਨ ਹੁੰਦਾ ਹੈ। ਇਸੇ ਲਈ ਵਾਰ ਵਾਰ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਉਹ ਆਪਣੀ ਮਿਹਰ ਕਰਕੇ ਚੰਗੇ ਬੰਦਿਆਂ ਦੀ ਸੰਗਤ ਦੇਵੇ ਅਤੇ ਆਪਣੇ ਨਾਮ ਦੀ ਬਖਸ਼ਿਸ ਕਰੇ ਜਿਸ ਨਾਲ ਚੰਗੇ ਗੁਣ ਪੈਦਾ ਹੋਣ।
ਭਗਤ ਰਵਿਦਾਸ ਰੱਬ ਅੱਗੇ ਬੇਨਤੀ ਕਰਦੇ ਹਨ, ਉਨ੍ਹਾਂ ਨੂੰ ਇਸ ਗੱਲ ਦੀ ਸੋਚ ਦਿਨ-ਰਾਤ ਰਹਿੰਦੀ ਹੈ ਕਿ ਉਨ੍ਹਾਂ ਦੀ ਸੰਗਤ ਵੀ ਚੰਗੇ ਬੰਦਿਆਂ ਨਾਲ ਨਹੀਂ, ਨਿੱਤ-ਕਰਮ ਵੀ ਚੰਗੇ ਨਹੀਂ ਅਤੇ ਜਨਮ ਨੀਵੀਂ ਕਹੀ ਜਾਣ ਵਾਲੀ ਜਾਤ ਵਿਚ ਹੋਇਆ ਹੈ, ਫਿਰ ਕੀ ਬਣੇਗਾ? ਇਸ ਸਾਰੀ ਬਿਪਤਾ ਦਾ ਇਲਾਜ ਹੈ ਚੰਗੇ ਅਹਿਸਾਸ ਵਾਲਾ, ਚੰਗੀ ਭਾਵਨਾ ਵਾਲਾ ਬਣਨਾ ਅਤੇ ਇਸੇ ਦੀ ਅਰਦਾਸ ਉਹ ਪਰਮਾਤਮਾ ਅੱਗੇ ਕਰਦੇ ਹਨ ਕਿ ਮੈਂ ਰਵਿਦਾਸ ਤੇਰਾ ‘ਜਨ’ ਹਾਂ ਮੈਨੂੰ ਕਦੇ ਵੀ ਆਪਣੇ ਆਪ ਤੋਂ ਦੂਰ ਨਾ ਕਰੀਂ,
ਸੰਗਤਿ ਪੋਚ ਸੋਚ ਦਿਨੁ ਰਾਤੀ॥
ਮੇਰਾ ਕਰਮੁ ਕੁਟਿਲਤਾ ਜਨਮੁ ਕੁਭਾਂਤੀ॥æææ (ਪੰਨਾ ੩੪੫)
ਭਗਤ ਰਵਿਦਾਸ ਅਤੇ ਭਗਤ ਕਬੀਰ ਦੋ ਅਜਿਹੀਆਂ ਹਸਤੀਆਂ ਹਨ ਜਿਨ੍ਹਾਂ ਦਾ ਜਨਮ ਬਨਾਰਸ ਵਿਚ ਹੋਇਆ ਅਤੇ ਬਨਾਰਸ ਹਿੰਦੂ ਧਰਮ-ਕਰਮ ਅਤੇ ਸ਼ਾਸਤਰੀ ਸਿੱਖਿਆ ਦਾ ਗੜ੍ਹ ਰਿਹਾ ਹੈ ਜਿੱਥੇ ਕੱਟੜਤਾ ਦਾ ਰਾਜ ਹੈ। ਦੋਵੇਂ ਹੀ ਭਗਤ ਅਜਿਹੇ ਮਾਹੌਲ ਵਿਚ ਨੀਵੀਂ ਜਾਤ ਦੇ ਹੋਣ ‘ਤੇ ਵੀ ਪਰਮਾਤਮਾ ਦੀ ਭਗਤੀ ਵਿਚ ਲੀਨ ਹਨ, ਉਸ ਥਾਂ ‘ਤੇ ਜਿੱਥੇ ਹਰ ਰੋਜ਼ ਉਨ੍ਹਾਂ ਦਾ ਸਾਹਮਣਾ ਕਰਮਕਾਂਡੀ ਬ੍ਰਾਹਮਣਾਂ ਨਾਲ ਹੁੰਦਾ ਹੈ। ਇਹ ਕੁਦਰਤੀ ਹੈ ਕਿ ਉਹ ਲੋਕਾਂ ਦੇ ਵਿਅੰਗ ਵੀ ਜਰਦੇ ਹੋਣਗੇ, ਬ੍ਰਾਹਮਣ ਇਹ ਕਦੋਂ ਬਰਦਾਸ਼ਤ ਕਰ ਸਕਦਾ ਹੈ ਕਿ ਉਸ ਤੋਂ ਬਿਨਾ ਕੋਈ ਹੋਰ ਵੀ ਪਰਮਾਤਮਾ ਦੀ ਅਰਾਧਨਾ ਕਰ ਸਕਦਾ ਹੈ। ਭਗਤ ਰਵਿਦਾਸ ਇਸੇ ਕਿਸਮ ਦੇ ਵਿਅੰਗ ਦਾ ਉਤਰ ਦਿੰਦੇ ਜਾਪਦੇ ਹਨ ਜਦੋਂ ਉਹ ਕਹਿੰਦੇ ਹਨ ਕਿ ਮੈਂ ਨੀਵੀਂ ਕਹੀ ਜਾਣ ਵਾਲੀ ਜਾਤਿ ਦਾ ਚਮਾਰ ਹਾਂ ਪਰ ਜੁੱਤੀਆਂ ਗੰਢਣੀਆਂ ਨਹੀਂ ਜਾਣਦਾ ਜਦਕਿ ਲੋਕ ਤਾਂ ਆਪੋ ਆਪਣੀਆਂ ਜੁੱਤੀਆਂ ਗੰਢਾਉਣ ਲੱਗੇ ਹੋਏ ਹਨ। ਮੇਰੇ ਪਾਸ ਆਰ ਨਹੀਂ ਹੈ ਜਿਸ ਨਾਲ ਮੈਂ ਜੁੱਤੀ ਨੂੰ ਤੋਪਾ ਲਾਵਾਂ ਅਤੇ ਨਾ ਹੀ ਰੰਬੀ ਹੈ ਜਿਸ ਨਾਲ ਚਮੜਾ ਛਿੱਲ ਕੇ ਟਾਕੀ ਲਾ ਕੇ ਗੰਢਾਂ। ਲੋਕ ਜੁੱਤੀਆਂ ਗੰਢ ਗੰਢ ਕੇ ਖੁਆਰ ਹੋਏ ਹਨ ਪਰ ਮੈਂ ਬਿਨਾ ਜੁੱਤੀਆਂ ਗੰਢਣ ਦੇ ਹੀ ਪਰਮਾਤਮਾ ਦੇ ਚਰਨਾਂ ਵਿਚ ਪਹੁੰਚ ਗਿਆ ਹਾਂ। ਉਸ ਦੇ ਨਾਮ ਦਾ ਸਿਮਰਨ ਕਰਕੇ ਜਮ ਦੇ ਭੈ ਤੋਂ ਮੁਕਤ ਹੋ ਗਿਆ ਹਾਂ। ਭਗਤ ਜੀ ਕਹਿੰਦੇ ਹਨ, ਲੋਕ ਪਰਮਾਤਮਾ ਨੂੰ ਪਾਉਣ ਲਈ ਸੌ ਕਿਸਮ ਦੇ ਧੰਦੇ ਕਰਦੇ ਹਨ ਅਤੇ ਗਾਂਢੇ ਲਾ ਲਾ ਸਰੀਰ ਨੂੰ ਪਾਲਦੇ ਹਨ, ਮਾਇਆ ਵਿਚ ਲੀਨ ਮਨੁੱਖ ਸਰੀਰ ਨੂੰ ਚੰਗੀਆਂ ਖੁਰਾਕਾਂ ਅਤੇ ਪੁਸ਼ਾਕਾਂ ਨਾਲ ਚਿਰ-ਸਥਾਈ ਹੰਢਾਉਣ ਦੀ ਕੋਸ਼ਿਸ਼ ਕਰਦਾ ਹੈ,
ਚਮਰਟਾ ਗਾਂਠਿ ਨ ਜਨਈ॥
ਲੋਗੁ ਗਠਾਵੈ ਪਨਹੀ॥੧॥ਰਹਾਉ॥
ਆਰ ਨਹੀ ਜਿਹ ਤੋਪਉ॥
ਨਹੀ ਰਾਂਬੀ ਠਾਉ ਰੋਪਉ॥੧॥
ਲੋਗੁ ਗੰਠਿ ਗੰਠਿ ਖਰਾ ਬਿਗੂਚਾ॥
ਹਉ ਬਿਨੁ ਗਾਂਠੇ ਜਾਇ ਪਹੂਚਾ॥੨॥
ਰਵਿਦਾਸੁ ਜਪੈ ਰਾਮ ਨਾਮਾ॥
ਮੋਹਿ ਜਮ ਸਿਉਨਾਹੀ ਕਾਮਾ॥੩॥੭॥ (ਪੰਨਾ ੬੫੯)
ਭਗਤ ਰਵਿਦਾਸ ਦਲਿਤ ਹੋਣ ਦੀ ਚੇਤਨਾ ਦੇ ਅਹਿਸਾਸ ਨੂੰ ਪਰਗਟ ਕਰਦਿਆਂ ਮਨੁੱਖ ਦੀ ਪਰਮ-ਹਸਤੀ ਨਾਲ ਤੁਲਨਾ ਕਰਦੇ ਹਨ ਕਿ ਪਰਮਾਤਮਾ ਦੀ ਹਸਤੀ ਚੰਦਨ ਰੁੱਖ ਦੀ ਤਰ੍ਹਾਂ ਹੈ ਜਿਸ ਦੇ ਸਾਹਮਣੇ ਮਨੁੱਖ ਨਿਮਾਣਾ ਅਰਿੰਡ ਦਾ ਬੂਟਾ ਹੈ। ਪਰਮਾਤਮਾ ਗੁਣਾਂ ਨਾਲ ਭਰਪੂਰ ਪਰਉਪਕਾਰ ਕਰਨ ਵਾਲੀ ਹਸਤੀ ਹੈ ਅਤੇ ਮਨੁੱਖ ਔਗੁਣਾਂ ਦਾ ਪੁਤਲਾ ਹੈ। ਪਰ ਜਿਸ ਤਰ੍ਹਾਂ ਚੰਦਨ ਬ੍ਰਿਛ ਦੇ ਨੇੜੇ ਉਗੇ ਹੋਏ ਅਰਿੰਡ ਦੇ ਬੂਟੇ ਵਿਚੋਂ ਚੰਦਨ ਦੀ ਖੁਸ਼ਬੋ ਆਉਣ ਲੱਗ ਪੈਂਦੀ ਹੈ, ਇਸੇ ਤਰ੍ਹਾਂ ਸਤਿਸੰਗਤ ਵਿਚ ਜਾਣ ਨਾਲ ਮਨੁੱਖ ਦੇ ਅੰਦਰੋਂ ਪਰਮਾਤਮ-ਗੁਣਾਂ ਦੀ ਖੁਸ਼ਬੋ ਆਉਣ ਲੱਗ ਪੈਂਦੀ ਹੈ। ਪਰਮਾਤਮਾ ਚਿੱਟਾ ਸਾਫ ਅਤੇ ਪੀਲੇਰੰਗ ਦਾ ਮੁਲਾਇਮ ਰੇਸ਼ਮ ਹੈ ਅਤੇ ਮਨੁੱਖ ਦੀ ਹਸਤੀ ਇੱਕ ਕੀੜੇ ਵਰਗੀ ਹੈ। ਚੰਗੇ ਗੁਣ ਗ੍ਰਹਿਣ ਕਰਨ ਲਈ ਮਨੁੱਖ ਨੂੰ ਸਤਿਸੰਗਤ ਵਿਚ ਇਸ ਤਰ੍ਹਾਂ ਜੁੜੇ ਰਹਿਣ ਦੀ ਤਾਕੀਦ ਕੀਤੀ ਹੈ ਜਿਵੇਂ ਮਧੂ-ਮੱਖੀਆਂ ਸ਼ਹਿਦ ਨੂੰ ਚੁੰਬੜੀਆਂ ਰਹਿੰਦੀਆਂ ਹਨ।
ਭਗਤ ਰਵਿਦਾਸ ਕਹਿੰਦੇ ਹਨ, ਲੋਕਾਂ ਦੀਆਂ ਨਜ਼ਰਾਂ ਵਿਚ ਉਨ੍ਹਾਂ ਦੀ ਜਾਤ ਵੀ ਨੀਵੀਂ ਹੈ, ਕੁਲ ਵੀ ਨੀਵੀਂ ਹੈ ਅਤੇ ਜਨਮ ਵੀ ਨੀਵਾਂ ਹੈ ਪਰ ਉਹ ਆਪਣੇ ਆਪ ਨੂੰ ‘ਚਮਾਰ ਰਵਿਦਾਸ’ ਕਰਕੇ ਸੰਬੋਧਨ ਕਰਦਿਆਂ ਆਖਦੇ ਹਨ, ਪਰਮਾਤਮਾ ਦੀ ਭਗਤੀ ਨਾ ਕਰਨ ਨਾਲ ਇਹ ਨੀਵੇਂ ਰਹਿਣਗੇ, ਕੋਈ ਵੀ ਮਨੁੱਖ ਪਰਮਾਤਮ-ਭਗਤੀ ਤੋਂ ਬਿਨਾ ਨੀਵਾਂ ਹੈ ਪਰ ਪਰਮਾਤਮ-ਭਗਤੀ ਵਿਚ ਰਮੇ ਹੋਏ ਮਨੁੱਖ ਦਾ ਜਨਮ ਉਚਾ ਹੁੰਦਾ ਹੈ। (ਪੰਨਾ ੪੮੬)
ਇਸੇ ਲੜੀ ਦੇ ਅਗਲੇ ਸ਼ਬਦਾਂ ਵਿਚ ਭਗਤ ਜੀ ਦੱਸਦੇ ਹਨ ਕਿ ਇਸ ਦੁਨੀਆਂ ਦਾ ਰੰਗ ਕਸੁੰਭੇ ਦੀ ਤਰ੍ਹਾਂ ਕੱਚਾ ਹੈ, ਚਿਰਸਥਾਈ ਨਹੀਂ ਹੈ ਅਰਥਾਤ ਇਹ ਸੰਸਾਰ ਬਿਨਸਣਹਾਰ ਹੈ, ਇਸ ਨੇ ਇਸੇ ਤਰ੍ਹਾਂ ਸਦਾ ਕਾਇਮ ਨਹੀਂ ਰਹਿਣਾ। ਪਰਮਾਤਮਾ ਦੇ ਨਾਮ ਦਾ ਰੰਗ ਮਜੀਠ ਦੀ ਤਰ੍ਹਾਂ ਪੱਕਾ ਹੈ ਜੋ ਧੋਤਿਆਂ ਉਤਰਦਾ ਨਹੀਂ। ਅਗਲੇ ਸ਼ਬਦ ਦੀਆਂ ਅੰਤਲੀਆਂ ਤੁਕਾਂ ਵਿਚ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ, ਵੱਡੇ ਵੱਡੇ ਯੋਗੀ ਵੀ ਤੇਰੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ। ਭਗਤ ਜੀ ਕਹਿੰਦੇ ਹਨ, ਕਿਤੂੰ ਉਸ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰ ਤਾਂ ਕਿ ਤੈਨੂੰ ਉਸ ਪ੍ਰਭੂ ਦੇ ਪ੍ਰੇਮ ਦੀ ਦਾਤ ਪ੍ਰਾਪਤ ਹੋ ਜਾਵੇ।
ਧਰਮ ਦਾ ਅਸਲੀ ਮਕਸਦ ਜੀਵ ਨੂੰ ਪਰਮਾਤਮ-ਅਨੁਭਵ ਦਾ ਰਸਤਾ ਦੱਸਣਾ ਹੁੰਦਾ ਹੈ ਪਰ ਪੁਜਾਰੀ ਜਮਾਤ ਵੱਲੋਂ ਪਰਮਾਤਮ-ਅਨੁਭਵ ਦੇ ਰਸਤੇ ਦਾ ਗਿਆਨ ਦੇਣ ਦੀ ਥਾਂ ਧਰਮ ਨੂੰ ਮਹਿਜ ਕਰਮ-ਕਾਂਡ ਅਤੇ ਪੂਜਾ-ਵਿਧੀਆਂ ਦਾ ਮਾਰਗ ਬਣਾ ਦਿੱਤਾ ਗਿਆ ਹੈ (ਅੱਜ ਕੱਲ ਵੀ ਕਰਮ-ਕਾਂਡ ਹੀ ਪ੍ਰਧਾਨ ਹੈ)। ਇਸੇ ਦਾ ਖੁਲਾਸਾ ਕਰਦਿਆਂ ਭਗਤ ਰਵਿਦਾਸ ਪੁਜਾਰੀ ਜਮਾਤ ਵੱਲੋਂ ਸੁੱਚਮਤਾ ਦਾ ਢੰਡੋਰਾ ਪਿੱਟਣ ਦਾ ਵੀ ਪੋਲ ਖੋਲ੍ਹਦੇ ਹਨ। ਆਮ ਤੌਰ ‘ਤੇ ਮੂਰਤੀ ਪੂਜਾ ਵਿਚ ਦੁੱਧ, ਜਲ, ਫੁੱਲਾਂ ਅਤੇ ਖਾਧ-ਸਮੱਗਰੀ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ। ਗਾਂ ਦਾ ਦੁੱਧ ਚੋਣ ਲਈ ਪਹਿਲਾਂ ਵੱਛੇ-ਵੱਛੀ ਨੂੰ ਦੁੱਧ ਚੁੰਘਾਇਆ ਜਾਂਦਾ ਹੈ। ਭਗਤ ਜੀ ਇਸੇ ਵੱਲ ਇਸ਼ਾਰਾ ਕਰਦੇ ਹਨ ਕਿ ਦੁੱਧ ਤਾਂ ਪਹਿਲਾਂ ਹੀ ਜੂਠਾ ਹੋ ਗਿਆ ਜਦੋਂ ਵੱਛੇ ਨੇ ਗਾਂ ਦੇ ਥਣਾਂ ਨੂੰ ਮੂੰਹ ਲਾਇਆ। ਫੁੱਲਾਂ ਉਤੇ ਭੰਵਰੇ ਬੈਠ ਗਏ, ਇਸ ਲਈ ਉਹ ਵੀ ਜੂਠੇ ਹੋ ਗਏ ਅਤੇ ਜਲ ਵਿਚ ਮੱਛੀਆਂ ਹਰ ਸਮੇਂ ਰਹਿੰਦੀਆਂ ਹਨ ਜਿਸ ਕਰਕੇ ਜਲ ਵੀ ਜੂਠਾ ਹੋ ਗਿਆ। ਮਾਂ ਮੇਰੀਏ ਹੁਣ ਮੈਨੂੰ ਦੱਸ ਕਿ ਮੈਂ ਗੋਬਿੰਦ ਦੀ ਪੂਜਾ ਲਈ ਕੀ ਚੜ੍ਹਾਵਾਂ ਅਰਥਾਤ ਪਰਮਾਤਮਾ ਦੀ ਪੂਜਾ ਕਿਵੇਂ ਕਰਾਂ? ਹੋਰ ਕੋਈ ਫੁੱਲ ਆਦਿਕ ਚੀਜ਼ ਨਹੀਂ ਮਿਲਦੀ (ਜੋ ਸੁੱਚੀ ਹੋਵੇ)। ਚੰਦਨ ਵੀ ਪੂਜਾ ਦੀ ਸਮਗਰੀ ਵਿਚ ਸ਼ਾਮਲ ਕੀਤਾ ਜਾਂਦਾ ਹੈ ਜਿਸ ਬਾਰੇ ਭਗਤ ਰਵਿਦਾਸ ਕਹਿੰਦੇ ਹਨ ਕਿ ਚੰਦਨ ਨੂੰ ਜ਼ਹਿਰੀਲੇ ਸੱਪਾਂ ਨੇ ਵਲੇਟ ਮਾਰਿਆ ਹੋਇਆ ਹੈ, ਸੋ ਉਹ ਵੀ ਅਪਵਿੱਤਰ ਹੈ। ਇਸੇ ਤਰ੍ਹਾਂ ਅੰਮ੍ਰਿਤ ਅਤੇ ਜ਼ਹਿਰ ਵੀ ਇਕੱਠੇ ਵਸਦੇ ਹਨ (ਪੁਰਾਣਾਂ ਦੀ ਕਥਾ ਅਨੁਸਾਰ ਸਮੁੰਦਰ ਰਿੜਕ ਕੇ ਚੌਦਾਂ ਰਤਨ ਕੱਢੇ ਤਾਂ ਜ਼ਹਿਰ ਅਤੇ ਅੰਮ੍ਰਿਤ ਇਕੱਠੇ ਨਿਕਲੇ ਸਨ)। ਇਸ ਲਈ ਹੇ ਪ੍ਰਭੂ! ਤੇਰੇ ਭਗਤ ਇਨ੍ਹਾਂ ਸਾਰੀਆਂ ਚੀਜ਼ਾਂ ਧੂਪ, ਦੀਵੇ, ਖੁਸ਼ਬੂ, ਨਈਵੇਦ (ਮੂਰਤੀ ਨੂੰ ਚੜ੍ਹਾਇਆ ਜਾਂਦਾ ਭੋਜਨ) ਨਾਲ ਕਿਸ ਤਰ੍ਹਾਂ ਤੇਰੀ ਪੂਜਾ ਕਰਨ? ਇਸ ਕਿਸਮ ਦੀ ਤੇਰੀ ਪੂਜਾ ਮੈਂ ਨਹੀਂ ਕਰ ਸਕਦਾ, ਫਿਰ ਮੇਰੀ ਮੁਕਤੀ ਕਿਸ ਤਰ੍ਹਾਂ ਹੋਵੇਗੀ? ਤੇਰਾ ਭਗਤ ਹੋਣ ਦੇ ਨਾਤੇ ਮੈਂ ਆਪਣਾ ਤਨ ਅਤੇ ਮਨ ਤੈਨੂੰ ਅਰਪਣ ਕਰਦਾ ਹਾਂ ਅਤੇ ਇਸ ਤਰ੍ਹਾਂ ਗੁਰੂ ਦੀ ਮਿਹਰ ਸਦਕਾ ਉਸ ਮਾਇਆ ਤੋਂ ਨਿਰਲੇਪ ਪਰਮਾਤਮਾ ਨੂੰ ਪਾ ਲਵਾਂਗਾ। ਤੇਰੀ ਪੂਜਾ ਮੇਰੇ ਕੋਲੋਂ ਨਹੀਂ ਹੋ ਸਕਦੀ, ਫਿਰ ਮੇਰੀ ਕੀ ਗਤੀ ਹੋਵੇਗੀ?
ਦੂਧੁ ਤ ਬਛਰੈ ਥਨਹੁ ਬਿਟਾਰਿਓ॥
ਫੂਲੁ ਭਵਰਿ ਜਲੁ ਮੀਨਿ ਬਿਗਾਰਿਓ॥੧॥æææ (ਪੰਨਾ ੫੨੫)
ਭਗਤ ਰਵਿਦਾਸ ਅਨੁਸਾਰ ਮਨੁੱਖ ਕਿਸ ਕੁਲ ਜਾਂ ਜਾਤ ਵਿਚ ਪੈਦਾ ਹੁੰਦਾ ਹੈ, ਇਹ ਗੱਲ ਕੋਈ ਅਰਥ ਨਹੀਂ ਰੱਖਦੀ। ਪਰਮਾਤਮਾ ਦਾ ਭਗਤ ਜਿਸ ਕੁਲ ਜਾਂ ਜਾਤ ਵਿਚ ਵੀ ਪੈਦਾ ਹੋ ਜਾਵੇ ਭਾਵੇਂ ਉਹ ਕੰਗਾਲ ਹੈ, ਦੌਲਤਮੰਦ ਹੈ, ਚੰਗੀ ਹੈ ਮਾੜੀ ਹੈ, ਉਚੀ ਹੈ ਨੀਵੀਂ ਹੈ- ਇਸ ਦਾ ਕੋਈ ਅਰਥ ਨਹੀਂ, ਉਹ ਦੁਨੀਆਂ ਵਿਚ ਨਿਰਮਲ ਸ਼ੋਭਾ ਵਾਲਾ ਹੁੰਦਾ ਹੈ। ਕੋਈ ਬ੍ਰਾਹਮਣ ਹੋਵੇ, ਖੱਤਰੀ ਹੋਵੇ, ਡੂਮ ਚੰਡਾਲ ਹੋਵੇ, ਮਲੀਨ ਮਨ ਵਾਲਾ ਹੋਵੇ, ਪਰਮਾਤਮਾ ਦੇ ਸਿਮਰਨ ਨਾਲ ਮਨੁੱਖ ਪਵਿੱਤਰ ਹੋ ਜਾਂਦਾ ਹੈ। ਇਸ ਦੁਨੀਆਂ ਵਿਚ ਉਹ ਪਿੰਡ, ਥਾਂ, ਕੁਲ ਵੱਡੇ ਭਾਗਾਂ ਵਾਲੀ ਹੈ ਜਿਸ ਵਿਚ ਪਰਮਾਤਮਾ ਦਾ ਨਾਮ ਰਸ ਪੀਤਾ ਹੈ। ਹੋਰ ਵਿਕਾਰਾਂ ਦੇ ਸਾਰੇ ਮਾੜੇ ਰਸ ਛੱਡ ਦਿੱਤੇ ਹਨ ਅਤੇ ਪਰਮਾਤਮਾ ਦੇ ਨਾਮ-ਰਸ ਰਾਹੀਂ ਵਿਕਾਰ ਦੇ ਜ਼ਹਿਰ ਦਾ ਨਾਸ ਕਰ ਦੇਣਾ ਵੱਡੇ ਭਾਗਾਂ ਵਾਲੀ ਗੱਲ ਹੈ। ਕੋਈ ਵੱਡਾ ਵਿਦਵਾਨ, ਸੂਰਮਾ, ਛੱਤਰਪਤੀ ਰਾਜਾ ਜਾਂ ਕੋਈ ਹੋਰ ਮਨੁੱਖ ਰੱਬ ਦੇ ਭਗਤ ਦੇ ਬਰਾਬਰ ਨਹੀਂ ਹੋ ਸਕਦਾ। ਭਗਤ ਰਵਿਦਾਸ ਅਨੁਸਾਰ ਭਗਤਾਂ ਦਾ ਇਸ ਸੰਸਾਰ ‘ਤੇ ਪੈਦਾ ਹੋਣਾ ਮੁਬਾਰਕ ਹੈ। ਉਹ ਪਰਮਾਤਮਾ ਦਾ ਸਮੀਪੀ ਹੋ ਕੇ ਹੀ ਜੀਵਤ ਰਹਿ ਸਕਦਾ ਹੈ ਜਿਵੇਂ ਚੁਪੱਤੀ ਪਾਣੀ ਦੇ ਨੇੜੇ ਰਹਿ ਕੇ ਹਰੀ ਰਹਿੰਦੀ ਹੈ,
ਜਿਹ ਕੁਲ ਸਾਧੁ ਬੈਸਨੌ ਹੋਇ॥
ਬਰਨ ਅਬਰਨ ਰੰਕੁ ਨਹੀ ਈਸੁਰੁ ਬਿਮਲ
ਬਾਸੁ ਜਾਨੀਐ ਜਗਿ ਸੋਇ॥੧॥ਰਹਾਉ॥æææ (ਪੰਨਾ ੮੫੮)