ਬੜੇ ਗੁਲਾਮ ਅਲੀ ਖਾਂ

ਸੰਗੀਤ ਦੀ ਸਰਗਮæææ ਸੁਰਾਂ ਦੀ ਸੰਗਤ
ਸੰਗੀਤ ਦੇ ਖੇਤਰ ਵਿਚ ਬੜੇ ਗੁਲਾਮ ਅਲੀ ਖਾਨ (2 ਅਪਰੈਲ 1902-23 ਅਪਰੈਲ 1968) ਦਾ ਕੋਈ ਸਾਨੀ ਨਹੀਂ। ਕਲਾਸੀਕਲ ਅਤੇ ਸੁਗਮ ਸੰਗੀਤ ਨੂੰ ਉਨ੍ਹਾਂ ਨਵੀਆਂ ਬੁਲੰਦੀਆਂ ਉਤੇ ਪਹੁੰਚਾਇਆ। ਪੰਜਾਬੀ ਸਾਹਿਤ ਵਿਚ ਰੇਖਾ ਚਿੱਤਰਾਂ ਦੀ ਪਿਰਤ ਪਾਉਣ ਵਾਲੇ ਉਘੇ ਲੇਖਕ ਮਰਹੂਮ ਬਲਵੰਤ ਗਾਰਗੀ ਨੇ ਚਿਰ ਪਹਿਲਾਂ ਉਨ੍ਹਾਂ ਬਾਰੇ ਲੰਮਾ ਰੇਖਾ ਚਿੱਤਰ ਲਿਖਿਆ ਜਿਸ ਵਿਚ ਉਨ੍ਹਾਂ ਦੀ ਸ਼ਖਸੀਅਤ ਅਤੇ ਸੰਗੀਤ ਦੇ ਦਰਸ਼ਨ-ਦੀਦਾਰ ਹੁੰਦੇ ਹਨ।

ਇਹ ਲਿਖਤ ਅਸੀਂ ਪਾਠਕਾਂ ਲਈ ਛਾਪਣ ਦੀ ਖੁਸ਼ੀ ਲੈ ਰਹੇ ਹਾਂ। -ਸੰਪਾਦਕ

ਬਲਵੰਤ ਗਾਰਗੀ
ਮੋਟਾ ਸਰੀਰ, ਸਿਆਹ ਮੁੱਛਾਂ ਤੇ ਸੁਰਮੇ ਨਾਲ ਲਿੱਪੀਆਂ ਨਿੱਕੀਆਂ ਅੱਖਾਂ। ਬੜੇ ਗੁਲਾਮ ਅਲੀ ਖਾਂ ਹਮੇਸ਼ਾ ਸਵੱਰ ਮੰਡਲ ਨੂੰ ਛਾਤੀ ਨਾਲ ਲਾ ਕੇ ਇਸ ਦੇ ਤਾਰ ਛੇੜਦਾ ਹੋਇਆ ਗਾਉਂਦਾ। ਪਟਿਆਲਾ ਘਰਾਣੇ ਦੀ ਗਾਇਕੀ ਨੂੰ ਮਕਬੂਲ ਕਰਨ ਵਾਲਾ ਖਿਆਲ ਤੇ ਠੁਮਰੀ ਦਾ ਉਸਤਾਦ ਬੜੇ ਗੁਲਾਮ ਅਲੀ ਖਾਂ ਸ਼ਕਤੀਸ਼ਾਲੀ ਸੁਰੀਲੀ ਆਵਾਜ਼ ਦਾ ਮਾਲਕ ਸੀ। ਉਸ ਦੀ ਆਵਾਜ਼ ਖਰਜ ਦੇ ਹੇਠਲੇ ਸਾ ਤੀਕ ਜਾਂਦੀ ਤੇ ਤਾਰ ਸਪਤਕ ਦੇ ਟੀਪ ਦੇ ਸੁਰਾਂ ਤੀਕ ਗੂੰਜਦੀ। ਉਹ ਸਰੋਤਿਆਂ ਨਾਲ ਝੱਟ ਰਾਬਤਾ ਕਾਇਮ ਕਰ ਲੈਂਦਾ ਤੇ ਆਪਣੇ ਸੁਰਾਂ ਦੀ ਗਰਮੀ ਨਾਲ ਆਮ ਆਦਮੀ ਨੂੰ ਵੀ ਪੰਘਰਾ ਦੇਂਦਾ।
ਉਹ 2 ਅਪਰੈਲ 1902 ਨੂੰ ਕਸੂਰ ਵਿਚ ਪੈਦਾ ਹੋਇਆ। ਉਸ ਦਾ ਪਿਤਾ ਅਲੀ ਬਖਸ਼ ਸੂਫ਼ੀ ਫਕੀਰ ਸਈਅਦ ਸਾਹਿਬ ਦੇ ਡੇਰੇ ਗਿਆ ਹੋਇਆ ਸੀ। ਉਥੇ ਉਹ ਤਕੀਏ ਦੇ ਕੱਚੇ ਵਿਹੜੇ ਵਿਚ ਬੈਠਾ ਗਾ ਰਿਹਾ ਸੀ। ਜਦ ਉਸ ਨੂੰ ਸੁਨੇਹਾ ਮਿਲਿਆ ਕਿ ਉਸ ਦੇ ਘਰ ਪੁੱਤ ਜੰਮਿਆ ਹੈ, ਸੂਫ਼ੀ ਨੇ ਅਲੀ ਬਖਸ਼ ਨੂੰ ਆਸ਼ੀਰਵਾਦ ਦਿੱਤੀ ਤੇ ਆਖਿਆ ਕਿ ਨਵ ਜੰਮੇ ਬੱਚੇ ਦਾ ਨਾਂ ਗੁਲਾਮ ਅਲੀ (ਪੈਗੰਬਰ ਅਲੀ ਦਾ ਗੁਲਾਮ) ਰੱਖਿਆ ਜਾਵੇ। ਬੱਚੇ ਦਾ ਹੋਰ ਕੋਈ ਲਾਡਲਾ ਨਿੱਕਾ ਨਾਂ ਨਹੀਂ ਹੋਣਾ ਚਾਹੀਦਾ। ਕੁਝ ਸਾਲਾਂ ਪਿਛੋਂ ਉਸ ਦੇ ਨਾਂ ਅੱਗੇ ਬੜੇ ਜੋੜ ਦਿੱਤਾ ਗਿਆ ਤਾਂ ਜੁ ਉਹ ਦੂਸਰੇ ਗੁਲਾਮ ਅਲੀ ਨਾਂ ਦੇ ਦੋ ਸੰਗੀਤਕਾਰਾਂ ਤੋਂ ਵੱਖਰਾ ਜਾਣਿਆ ਜਾਵੇ।
ਉਸ ਦੀ ਪਰਵਰਿਸ਼ ਉਸਤਾਦ-ਸ਼ਾਗਿਰਦ ਦੀ ਰਵਾਇਤ ਵਿਚ ਹੋਈ ਜਿਸ ਵਿਚ ਸ਼ਾਗਿਰਦ ਚੌਵੀ ਘੰਟੇ ਉਸਤਾਦ ਦੇ ਨਾਲ ਰਹਿੰਦਾ ਹੈ, ਨਾਲ ਖਾਂਦਾ ਹੈ, ਖਿਦਮਤ ਕਰਦਾ ਹੈ, ਉਸ ਕੋਲੋਂ ਸਿਖਦਾ ਹੈ ਤੇ ਉਸ ਨਾਲ ਰਿਆਜ਼ ਕਰਦਾ ਹੈ। ਗੁਲਾਮ ਅਲੀ ਖਾਂ ਨੇ ਆਪਣੇ ਬਾਪ ਕੋਲੋਂ ਸੰਗੀਤ ਵਿਦਿਆ ਗ੍ਰਹਿਣ ਕੀਤੀ। ਗਾਣਾ ਉਸ ਲਈ ਇਸੇ ਤਰ੍ਹਾਂ ਸੀ ਜਿਵੇਂ ਕੋਈ ਗੱਲਾਂ ਕਰੇ। ਉਸ ਦਾ ਪੁੱਤ ਮੁਨੱਵਰ ਅਲੀ ਖਾਂ ਆਖਦਾ ਸੀ, “ਅੱਬਾ ਜਾਨ ਬਚਪਨ ਵਿਚ ਹੀ ਰਾਗ ਰਾਗਣੀਆਂ ਨੂੰ ਇਉਂ ਪਛਾਣਦੇ ਸਨ ਜਿਵੇਂ ਕੋਈ ਆਪਣੇ ਘਰ ਦੇ ਭਾਂਡੇ ਪਛਾਣਦਾ ਹੈ, ਜਿਸ ਤਰ੍ਹਾਂ ਤਖਾਣ ਦੇ ਪੁੱਤ ਨੂੰ ਪਤਾ ਹੁੰਦਾ ਹੈ ਕਿ ਇਹ ਆਰੀ ਹੈ, ਇਹ ਤੇਸਾ ਹੈ, ਇਹ ਵਰਮੀ ਹੈ, ਇਹ ਸੱਥਰੀ ਹੈ; ਇਸੇ ਤਰ੍ਹਾਂ ਅੱਬਾ ਜਾਨ ਨੂੰ ਪਤਾ ਸੀ ਭੈਰਵੀ ਤੇ ਦਰਬਾਰੀ ਦਾ।”
ਬੜੇ ਗੁਲਾਮ ਅਲੀ ਲਾਹੌਰ ਦੇ ਰੰਗ ਮਹਿਲ ਮਿਸ਼ਨ ਸਕੂਲ ਵਿਚ ਪੜ੍ਹਿਆ, ਪਰ ਪੰਜਵੀਂ ਤੋਂ ਅੱਗੇ ਨਾ ਟੱਪਿਆ। ਪੰਜਾਬੀ ਉਹਦੀ ਮਾਂ ਬੋਲੀ ਸੀ ਤੇ ਉਹ ਆਪਣੇ ਘਰ ਦੇ ਜੀਆਂ ਤੇ ਦੋਸਤਾਂ ਨਾਲ ਪੰਜਾਬੀ ਵਿਚ ਹੀ ਗੱਲ ਕਰਦਾ। ਉਰਦੂ ਉਸ ਦੀ ਦੂਜੇ ਦਰਜੇ ਦੀ ਭਾਸ਼ਾ ਸੀ, ਪਰ ਉਸ ਨੇ ਇਸ ਵਿਚ ਕਦੇ ਕੋਈ ਗੀਤ ਨਾ ਰਚਿਆ। ਉਸ ਨੇ ਸਦਾ ਹਿੰਦੀ ਵਿਚ ਗੀਤ ਗਾਏ ਜਿਨ੍ਹਾਂ ਦੇ ਸ਼ਬਦ ਬ੍ਰਜ ਭਾਸ਼ਾ ਦੇ ਰਸ ਵਿਚ ਭਿੱਜੇ ਹੋਏ ਸਨ। ਇਹ ਉਸ ਦੀ ਸਿਰਜਣਾਤਮਕ ਸ਼ਬਦਾਵਲੀ ਬਣ ਗਏ ਤੇ ਉਸ ਨੇ ਇਸੇ ਭਾਸ਼ਾ ਵਿਚ ਗੀਤ ਤੇ ਬੰਦਿਸ਼ਾਂ ਰਚੀਆਂ।
ਪਟਿਆਲਾ ਦਰਬਾਰ ਦੇ ਮਸ਼ਹੂਰ ਗਾਇਕ ਫ਼ਤਹਿ ਅਲੀ ਖਾਂ ਦੀ ਗਾਇਕੀ ਵਿਚ ਰੰਗ ਤੇ ਰਸ ਸੀ। ਵਿਅਕਤੀਗਤ ਨਿਵੇਕਲਾਪਣ। ਪਟਿਆਲਾ ਦਰਬਾਰ ਵਿਚ ਇਤਨਾ ਹੀ ਮਸ਼ਹੂਰ ਇਕ ਹੋਰ ਗਵੱਈਆ ਸੀ ਅਲੀ ਖਾਂ। ਮਹਾਰਾਜਾ ਭੁਪਿੰਦਰ ਸਿੰਘ ਨੇ ਉਸ ਦੀ ਗਾਇਕੀ ਵਿਚ ਤਾਨ ਪਲਟੇ ਦੀ ਮੁਹਾਰਤ ਤੇ ਦੂਹਰੀ-ਤੀਹਰੀ ਤਾਨ ਦੀ ਚੱਕਰਦਾਰ ਗਾਇਕੀ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਤਾਨ ਜਰਨੈਲ ਦਾ ਖਿਤਾਬ ਦਿੱਤਾ। ਉਹ ਅਤੇ ਫ਼ਤਹਿ ਅਲੀ ਖਾਂ, ਦੋਵੇਂ ਦੂਰ ਦੂਰ ਤੀਕ ਅਲੀ-ਫੱਤੂ ਦੀ ਜੋੜੀ ਦੇ ਨਾਂ ਨਾਲ ਮਸ਼ਹੂਰ ਸਨ।
ਬੜੇ ਗੁਲਾਮ ਅਲੀ ਖਾਂ ਨੇ ਇਨ੍ਹਾਂ ਦੋਹਾਂ ਗਾਇਕਾਂ ਦੀ ਪਰੰਪਰਾ ਨੂੰ ਅੱਗੇ ਤੋਰਿਆ ਅਤੇ ਇਸ ਉਤੇ ਆਪਣੀ ਛਾਪ ਲਾਈ- ਤਕਨੀਕ, ਰਸ ਤੇ ਸੁਰ ਦਾ ਵਿਲੱਖਣ ਸੁਮੇਲ। ਹੁਣ ਪਟਿਆਲਾ ਘਰਾਣਾ ਬੜੇ ਗੁਲਾਮ ਅਲੀ ਖਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਂਝ ਪਟਿਆਲੇ ਨਾਲ ਉਸ ਦਾ ਕੋਈ ਸਬੰਧ ਨਹੀਂ ਸੀ ਤੇ ਨਾ ਹੀ ਉਸ ਦਾ ਪਰਿਵਾਰ ਕਦੇ ਉਥੇ ਰਿਹਾ ਸੀ, ਪਰ ਉਸ ਨੇ Ḕਸਾਹ ਤੇ ਸੁਰ’ ਪਟਿਆਲਾ ਗਾਇਕੀ ਦੀ ਪਰੰਪਰਾ ਤੋਂ ਲਿਆ। ਇਕ ਪ੍ਰਕਾਰ ਬੜੇ ਗੁਲਾਮ ਅਲੀ ਨੇ ਪਟਿਆਲਾ ਦੀ ਸੰਗੀਤਕ ਧਰਤੀ ਉਤੇ ਹੀ ਜਨਮ ਲਿਆ ਸੀ।
ਮੈਂ ਬੜੇ ਗੁਲਾਮ ਅਲੀ ਖਾਂ ਨੂੰ ਪਹਿਲੀ ਵਾਰ 1958 ਵਿਚ ਇਕ ਸੰਗੀਤ ਸਮਾਰੋਹ ਵਿਚ ਦੇਖਿਆ ਜੋ ਦਿੱਲੀ ਦੇ ਕਾਂਸਟੀਟਿਊਸ਼ਨ ਕਲਬ ਵਿਚ ਹੋਇਆ। ਮੇਰੇ ਉਤੇ ਪਹਿਲਾਂ ਅਸਰ ਇਹ ਪਿਆ ਕਿ ਸ਼ਕਲ ਤੋਂ ਉਹ ਗਵੱਈਆ ਨਹੀਂ ਸੀ ਲਗਦਾ। ਦੂਹਰੇ-ਤੀਹਰੇ ਸਰੀਰ ਦਾ ਭਾਰੀ ਭਰਕਮ ਆਦਮੀ, ਦੋਹਾਂ ਗੱਲ੍ਹਾਂ ਦੇ ਵੱਖਰੇ ਰੰਗ, ਇਕ ਗੱਲ੍ਹ ਜਾਮਨੀ, ਦੂਜੀ ਕਣਕ ਭਿੰਨੀ, ਚਮਕਦਾਰ ਨਿੱਕੀਆਂ ਅੱਖਾਂ ਵਿਚ ਸੁਰਮਾ, ਵਸਮੇ ਨਾਲ ਰੰਗੀਆਂ ਮੁੱਛਾਂ, ਮਜ਼ਬੂਤ ਜਬ੍ਹਾੜੇ, ਬੁਰਜ ਮੱਥਾ। ਉਹ ਸ਼ਕਲ ਤੋਂ ਪਹਿਲਵਾਨ ਲਗਦਾ ਸੀ।
ਸੰਗੀਤ ਸਮਾਰੋਹ ਵਿਚ ਫਿਲਮ ਮਿਊਜ਼ਕ ਡਾਇਰੈਕਟਰ ਵਸੰਤ ਡੇਸਾਈ ਨੇ ਫਿਲਮੀ ਮਿਊਜ਼ਕ ਦੀ ਬਹੁਤ ਤਾਰੀਫ ਕੀਤੀ। ਕਲਾਸਕੀ ਸੰਗੀਤ ਉਤੇ ਚੋਟਾਂ ਕੀਤੀਆਂ ਤੇ ਲਤੀਫ਼ੇ ਸੁਣਾਏ ਜਿਸ ਨਾਲ ਲੋਕ ਬਹੁਤ ਖੁਸ਼ ਹੋਏ। ਉਸ ਨੇ ਲੋਰ ਵਿਚ ਆ ਕੇ ਇਹ ਵੀ ਆਖ ਦਿੱਤਾ ਕਿ ਪੱਕਾ ਰਾਗ ਗਾਉਣ ਲੱਗੇ ਤਾਂ ਇਉਂ ਲਗਦਾ ਹੈ ਜਿਵੇਂ ਕੋਈ ਗਰਾਰੇ ਕਰ ਰਿਹਾ ਹੋਵੇ। ਇਸ ਦੇ ਤਾਨ ਪਲਟੇ ਜਨਤਾ ਨੂੰ ਸਮਝ ਨਹੀਂ ਆਉਂਦੇ। ਲੋਕ ਉਸ ਦੀਆਂ ਟਿੱਪਣੀਆਂ ‘ਤੇ ਹੱਸੇ। ਇਸ ਪਿਛੋਂ ਬੜੇ ਗੁਲਾਮ ਅਲੀ ਖਾਂ ਦੀ ਵਾਰੀ ਆਈ। ਮਿਊਜ਼ਕ ਡਾਇਰੈਕਟਰ ਦੀਆਂ ਚੋਟਾਂ ਤੋਂ ਉਹ ਖਿਝ ਗਿਆ ਸੀ। ਉਸ ਨੇ ਸਵੱਰ ਮੰਡਲ ਨੂੰ ਛਾਤੀ ਨਾ ਲਾਇਆ ਤੇ ਆਖਿਆ, “ਸਾਡਾ ਪੱਕਾ ਰਾਗ ਬਹੁਤ ਵੱਡਾ ਖਜ਼ਾਨਾ ਹੈ। ਸਾਡੇ ਗੁਰੂਆਂ ਤੇ ਉਸਤਾਦਾਂ ਨੇ ਰਾਗ ਵਿਦਿਆ ਨੂੰ ਐਵੇਂ ਨਹੀਂ ਸੀ ਗਾਇਆ। ਉਹ ਹਰ ਰਾਗ ਦੇ ਭਾਵ, ਮੰਤਵ ਤੇ ਅਵਸਰ ਨੂੰ ਜਾਣਦੇ ਸਨ। ਉਹ ਗਾਉਂਦੇ ਤਾਂ ਪੱਥਰਾਂ ਵਿਚੋਂ ਪਾਣੀ ਸਿੰਮ ਪੈਂਦਾ, ਤੇ ਦੀਵੇ ਬਲ ਉਠਦੇ। ਸਾਡਾ ਰਾਗ ਸਾਧਨਾ ਹੈ, ਤਪੱਸਿਆ ਹੈ, ਪੂਜਾ ਹੈ। ਵਸੰਤ ਡੇਸਾਈ ਜਿਸ ਫਿਲਮੀ ਮਿਊਜ਼ਕ ਦੀ ਗੱਲ ਕਰਦਾ ਹੈ, ਉਹ ਇਸ ਤਰ੍ਹਾਂ ਦਾ ਹੈ: ਸੀਨ ਮੌਤ ਦਾ ਹੁੰਦਾ ਹੈ ਤੇ ਹੀਰੋਇਨ ਮੇਘ ਮਲ੍ਹਾਰ ਵਿਚ ਗਾ ਰਹੀ ਹੈ। ਮੌਸਮ ਬਸੰਤ ਦਾ ਹੈ ਤੇ ਹੀਰੋ ਆਸਾ ਰਾਗ ਵਿਚ ਇਸ਼ਕੀਆ ਗੀਤ ਗਾ ਰਿਹਾ ਹੈ। ਉਨ੍ਹਾਂ ਨੂੰ ਨਾ ਸਮੇਂ ਦਾ ਪਤਾ ਹੈ, ਨਾ ਭਾਵ ਦਾ। ਨਾ ਉਹ ਮੌਕਾ ਜਾਣਦੇ ਹਨ, ਨਾ ਥਾਂ। ਇਨ੍ਹਾਂ ਗੱਲਾਂ ਦਾ ਤਾਂ ਸਾਡੇ ਪਿੰਡ ਦੀਆਂ ਤੀਵੀਆਂ ਨੂੰ ਵੀ ਪਤਾ ਹੁੰਦਾ ਹੈ। ਜੋ ਰਾਗ ਵਿਦਿਆ ਮੈਂ ਉਸਤਾਦਾਂ ਤੋਂ ਸਿੱਖੀ ਹੈ, ਉਹ ਸਾਲਾਂ ਤੇ ਉਮਰਾਂ ਦੀ ਕਮਾਈ ਹੈ। ਇਸ ਸਾਡੀ ਰੂਹ ਦੀ ਗਜ਼ਾ ਹੈ।” ਇਹ ਆਖ ਕੇ ਉਸ ਨੇ ਸਵੱਰ ਮੰਡਲ ਦੀਆਂ ਤਾਰਾਂ ਛੇੜੀਆਂ ਤੇ ਪੱਕਾ ਰਾਗ Ḕਹਰੀ ਓਮ ਤਤਿ ਸਤਿ’ ਸ਼ੁਰੂ ਕੀਤਾ। ਸਰੋਤੇ ਮੁਗਧ ਹੋ ਗਏ। ਇਕ ਘੰਟਾ ਬੈਠੇ ਉਸ ਦੇ ਸੰਗੀਤ ਦਾ ਰਸ ਮਾਣਦੇ ਰਹੇ। ਬੜੇ ਗੁਲਾਮ ਅਲੀ ਖਾਂ ਨੇ ਲੋਕਾਂ ਦੇ ਦਿਲਾਂ ਨੂੰ ਝੰਜੋੜ ਦਿੱਤਾ। ਕੁਝ ਲੋਕ ਇਤਨੇ ਭਾਵੁਕ ਹੋ ਗਏ ਕਿ ਉਹ ਸ਼ਾਇਦ ਵਸੰਤ ਡੇਸਾਈ ਨੂੰ ਕੁੱਟ ਸੁੱਟਦੇ, ਪਰ ਵਸੰਤ ਡੇਸਾਈ ਪਹਿਲਾਂ ਹੀ ਛੂ-ਮੰਤਰ ਹੋ ਗਿਆ ਸੀ।
ਬੜੇ ਗੁਲਾਮ ਅਲੀ ਖਾਂ ਨੇ ਵਾਰ ਵਾਰ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਲਾਸਕੀ ਸੰਗੀਤ ਖੂਬਸੂਰਤ ਹੋਣਾ ਚਾਹੀਦਾ ਹੈ। ਸਵੱਰ ਨੂੰ ਇਸ ਤਰ੍ਹਾਂ ਭਰਿਆ ਜਾਵੇ, ਤੇ ਆਵਾਜ਼ ਨੂੰ ਇਸ ਤਰ੍ਹਾਂ ਸਾਧਿਆ ਜਾਵੇ ਕਿ ਉਹ ਸੁਣਨ ਵਾਲਿਆਂ ਨੂੰ ਮੋਹ ਲਵੇ। ਕਈ ਪੁਰਾਣੇ ਸੰਗੀਤਕਾਰਾਂ ਨੇ ਬੜੇ ਗੁਲਾਮ ਅਲੀ ਖਾਂ ਦੇ ਇਸ ਕਥਨ ਦੇ ਗਲਤ ਅਰਥ ਕੱਢ ਲਏ ਤੇ ਉਸ ਨੂੰ ਲੋਕਵਾਦੀ ਸੰਗੀਤ ਦਾ ਹਾਮੀ ਆਖ ਕੇ ਭੰਡਿਆ, ਪਰ ਇਹ ਕੇਵਲ ਬੜੇ ਗੁਲਾਮ ਅਲੀ ਖਾਂ ਗਾਇਕੀ ਦਾ ਹੀ ਕਮਾਲ ਸੀ ਕਿ ਸਾਧਾਰਨ ਆਦਮੀ ਵੀ ਪੱਕੇ ਰਾਗ ਦੀ ਖੂਬਸੂਰਤੀ ਨੂੰ ਗ੍ਰਹਿਣ ਕਰ ਕੇ ਦਾਦ ਦੇਂਦਾ ਸੀ।
ਮੈਨੂੰ ਬਹੁਤ ਵਾਰ ਬੜੇ ਗੁਲਾਮ ਅਲੀ ਖਾਂ ਨੂੰ ਸੁਣਨ ਦਾ ਮੌਕਾ ਮਿਲਿਆ। ਇਕ ਵਾਰ ਮੈਂ ਕਰੋਲ ਬਾਗ ਵਿਚ ਉਸ ਨੂੰ ਮਿਲਣ ਗਿਆ ਜਿਥੇ ਉਹ ਕਿਸੇ ਵਕੀਲ ਦੋਸਤ ਦੇ ਘਰ ਠਹਿਰਿਆ ਹੋਇਆ ਸੀ। ਸ਼ਾਮ ਡੂੰਘੀ ਹੋ ਗਈ ਸੀ। ਜਦ ਮੈਂ ਕਮਰੇ ਵਿਚ ਦਾਖਿਲ ਹੋਇਆ, ਉਹ ਸਵੱਰ ਮੰਡਲ ਲਈ ਮੰਜੇ ‘ਤੇ ਬੈਠਾ ਗੁਣਗੁਣਾ ਰਿਹਾ ਸੀ।
ਉਸ ਦਾ ਪੁੱਤਰ, ਤਿੰਨ ਸ਼ਗਿਰਦ, ਵਕੀਲ, ਹੇਠਾਂ ਦਰੀ ਉਤੇ ਬੈਠੇ ਸਨ। ਮੈਂ ਵੀ ਨਾਲ ਹੀ ਬੈਠ ਗਿਆ। ਇਕ ਨੌਕਰ ਭਾਫ਼ਾਂ ਛੱਡਦੀ ਬਰਿਆਨੀ ਤੇ ਗਰਮ-ਗਰਮ ਗੋਸ਼ਤ ਦਾ ਪਤੀਲਾ ਲੈ ਕੇ ਆਇਆ। ਪਲੇਟਾਂ ਵੀ ਆ ਗਈਆਂ। ਬੜੇ ਗੁਲਾਮ ਅਲੀ ਖਾਂ ਨੇ ਸਾਨੂੰ ਹੁਕਮ ਦਿੱਤਾ ਕਿ ਅਸੀਂ ਪਹਿਲਾਂ ਮੀਟ ਤੇ ਬਰਿਆਨੀ ਆਪਣੀਆਂ ਪਲੇਟਾਂ ਵਿਚ ਪਾਈਏ। ਉਸ ਨੇ ਸਵੱਰ ਮੰਡਲ ਵਿਚ ਇਕ ਪਾਸੇ ਰੱਖਿਆ। ਬਰਿਆਨੀ ਤੇ ਗੋਸ਼ਤ ਨਾਲ ਆਪਣੀ ਪਲੇਟ ਭਰੀ ਤੇ ਖਾਣ ਲੱਗਾ।
ਸੰਖੀ ਚੂਸਦਿਆਂ ਬੋਲਿਆ, “ਹੋਰ ਖਾਉ। ਹੱਡੀ ਵਾਲਾ ਗੋਸ਼ਤ ਦਿਮਾਗ ਲਈ ਬਹੁਤ ਚੰਗਾ ਹੈ।”
ਖਾਣਾ ਬਹੁਤ ਲਜ਼ੀਜ਼ ਸੀ। ਖਾਣੇ ਪਿਛੋਂ ਇਕ ਸ਼ਾਗਿਰਦ ਉਸ ਦੀ ਪਲੇਟ ਲੈ ਲਿਆ। ਤੌਲੀਏ ਨਾਲ ਬੜੇ ਗੁਲਾਮ ਅਲੀ ਖਾਂ ਨੇ ਆਪਣਾ ਮੂੰਹ ਤੇ ਚਮਕਦਾਰ ਮੁੱਛਾਂ ਪੂੰਝੀਆਂ ਤੇ ਫਿਰ ਸਵੱਰ ਮੰਡਲ ਚੁੱਕ ਕੇ ਛਾਤੀ ਨਾਲ ਲਾ ਲਿਆ। ਉਸ ਨੇ ਅੱਖਾਂ ਮੁੰਦ ਲਈਆਂ। ਸਵੱਰ ਮੰਡਲ ਦੀਆਂ ਤਾਰਾਂ ਨੂੰ ਜਗਾਇਆ ਤੇ ਦਰਬਾਰੀ ਰਾਗ ਛੇੜ ਦਿੱਤਾ। ਵਿਚ-ਵਿਚ ਉਸ ਨੇ ਸੰਗੀਤ ਦੇ ਗਹਿਰੇ ਰਾਜ਼ ਸਮਝਾਏ, ਸੁਰ ਤੇ ਅਲਾਪ ਤੇ ਤਾਨ ਬਾਰੇ ਕਈ ਗੁੱਝੇ ਨੁਕਤੇ ਦੱਸੇ, ਲਤੀਫ਼ੇ ਸੁਣਾਏ।
ਉਹ ਆਖਣ ਲੱਗਾ, “ਮੇਰੀ ਗਾਇਕੀ ਦਾ ਮਕਸਦ ਰੂਹਾਨੀ ਹੈ। ਜਿੰਨਾ ਮੈਂ ਲੋਕਾਂ ਨੂੰ ਦਿੰਦਾ ਹਾਂ, ਉਸ ਤੋਂ ਵੱਧ ਉਹ ਮੈਨੂੰ ਦੇਂਦੇ ਹਨ। ਮੈਂ ਗਾਉਂਦਾ ਹਾਂ ਤੇ ਮੇਰਾ ਗਾਣਾ ਲੋਕਾਂ ਦੀ ਆਤਮਾ ਨੂੰ ਟੁੰਬਦਾ ਹੈ। ਇਹੋ ਰੂਹਾਨੀ ਤਾਕਤ ਹੈ।”
ਦੋ ਘੰਟੇ ਗਾਉਣ ਪਿਛੋਂ ਉਸ ਨੇ ਸਵੱਰ ਮੰਡਲ ਸਿਰਹਾਣੇ ਰੱਖਿਆ, ਤੇ ਲੇਟ ਗਿਆ। ਰਾਤ ਦੇ ਗਿਆਰਾਂ ਵੱਜੇ ਸਨ। ਅਸੀਂ ਲੀਡਰਾਂ, ਅੰਤਰਰਾਸ਼ਟਰੀ ਝਗੜਿਆਂ, ਨਵੇਂ ਨਾਟਕਾਂ ਤੇ ਫਿਲਮਾਂ ਅਤੇ ਵਧ ਰਹੀਆਂ ਕੀਮਤਾਂ ਬਾਰੇ ਗੱਲਾਂ ਕਰਨ ਲੱਗੇ। ਅੱਧ ਸੁੱਤਾ ਬੜੇ ਗੁਲਾਮ ਅਲੀ ਖਾਂ ਦਰਬਾਰੀ ਦੀ ਉਹੀ ਸਰਗਮ ਗੁਣਗੁਣਾ ਰਿਹਾ ਸੀ।
ਉਹ ਆਖਦਾ ਸੀ, ਗਵੱਈਏ ਨੂੰ ਖੁੱਲ੍ਹੀ ਆਵਾਜ਼ ਵਿਚ ਗਾਉਣਾ ਚਾਹੀਦਾ ਹੈ। ਆਵਾਜ਼ ਧੁੰਨੀ ਤੋਂ ਨਿਕਲੇ, ਭਰਵੇਂ ਸੁਰ ਪੂਰੀ ਆਵਾਜ਼ ਵਿਚ ਨਿਕਲਣ। ਸੰਗਾਊ ਤੇ ਸ਼ਰਮੀਲੀ ਆਵਾਜ਼ ਚੰਗੀ ਨਹੀਂ। ਆਵਾਜ਼ ਨੂੰ ਦਬਾ ਕੇ ਗਾਉਣਾ ਠੀਕ ਨਹੀਂ। ਉਸ ਨੇ ਆਪਣੇ ਸ਼ਾਗਿਰਦਾਂ ਨੂੰ ਆਵਾਜ਼ ਨੂੰ ਪਕਾਉਣ ਦਾ ਪਹਿਲਾ ਸਬਕ ਇਹ ਦਿੱਤਾ ਕਿ ਪਹਿਲਾਂ ਖਰਜ ਭਰਨਾ ਸਿੱਖੋ। ਆਵਾਜ਼ ਨੂੰ ਖਰਜ ਦੇ ਸਾ ਤੀਕ ਪਹੁੰਚੋ ਤੇ ਆਵਾਜ਼ ਨੂੰ ਭਰਨਾ ਸਿੱਖੋ। ਆਵਾਜ਼ ਕੱਚੀ ਸੁਰਾਹੀ ਵਰਗੀ ਨਾ ਹੋਵੇ, ਸਗੋਂ ਆਵੇ ਵਿਚ ਪੱਕੇ ਹੋਏ ਘੜੇ ਵਰਗੀ ਹੋਵੇ। ਇਸ ਨੂੰ ਬਨਾਉਟੀ ਢੰਗ ਨਾਲ ਗਲੇ ਵਿਚੋਂ ਨਹੀਂ ਕੱਢਣਾ ਚਾਹੀਦਾ। ਉਸ ਨੇ ਖੁਦ ਭਿੰਨ-ਭਿੰਨ ਤਾਨਾਂ, ਪਲਟਿਆਂ, ਤਾਲ-ਬੱਧ ਵੰਨਗੀਆਂ ਤੇ ਸੂਤਰਾਂ ਵਿਚ ਰਾਗ ਦੀ ਵਿਸ਼ੇਸ਼ ਚੱਸ ਨੂੰ ਉਜਾਗਰ ਕੀਤਾ। ਪੱਕੇ ਰਾਗ ਦਾ ਧਨੀ, ਮੰਝੇ ਹੋਏ ਸੁਰ ਤੇ ਅਲਾਪ ਦਾ ਮਾਹਿਰ, ਬੜੇ ਗੁਲਾਮ ਅਲੀ ਖਾਂ ਖਯਾਲ ਗਾਇਕੀ ਦਾ ਬਾਦਸ਼ਾਹ ਸੀ।
ਉਸ ਨੇ ਦੱਸਿਆ, “ਆਵਾਜ਼ ਵਿਚ ਰੌਸ਼ਨੀ ਹੋਣੀ ਚਾਹੀਦੀ ਹੈæææ ਇਹ ਆਭਾ ਜੋ ਅਸੀਂ ਆਪਣੇ ਕੰਨਾਂ ਨਾਲ ਦੇਖ ਸਕਦੇ ਹਾਂ। ਅਸੀਂ ਆਵਾਜ਼ ਨੂੰ ਸਿਰਫ਼ ਸੁਣਦੇ ਨਹੀਂ, ਇਸ ਨੂੰ ਦੇਖਦੇ ਵੀ ਹਾਂ। ਇਸ ਵਿਚ ਦਰਸ਼ਨੀ ਗੁਣ ਹੋਣਾ ਚਾਹੀਦਾ ਹੈ। ਆਵਾਜ਼ ਨੂੰ ਰਿਆਜ਼ ਨਾਲ ਸਾਧਣਾ ਚਾਹੀਦਾ ਹੈ। ਆਵਾਜ਼ ਸਿਰਜਣਾ ਦਾ ਸੋਮਾ ਹੈ।”
ਜਦੋਂ ਉਸ ਨੇ ਠੁਮਰੀ ਗਾਈ ਤਾਂ ਉਸ ਨੇ ਇਸ ਦਾ ਰੂਪ ਬਦਲ ਦਿੱਤਾ। ਠੁਮਰੀ ਵਿਚ ਆਮ ਤੌਰ Ḕਤੇ ਲਚਕ ਅਤੇ ਸ਼ਿੰਗਾਰ ਦੀ ਕੋਮਲਤਾ ਹੁੰਦੀ ਹੈ, ਪਰ ਗੁਲਾਮ ਅਲੀ ਖਾਂ ਨੇ ਇਸ ਵਿਚ ਆਪਣੇ ਨਿੱਜੀ ਅੰਦਾਜ਼ ਦਾ ਜਲੌਅ, ਗੰਭੀਰਤਾ ਤੇ ਆਭਾ ਭਰ ਦਿੱਤੀ ਜਿਸ ਨਾਲ ਇਹ ਲਗਭਗ ਖਯਾਲ ਬਣ ਗਈ। ਮੁਨੱਵਰ ਅਲੀ ਖਾਂ ਆਖਦਾ ਸੀ, “ਮੇਰੇ ਅੱਬਾ ਦੀ ਮਸ਼ਹੂਰ ਰਚਨਾ Ḕਹਰੀ ਓਮ ਤਤਿ ਸਤਿ’ ਨੂੰ ਭਜਨ ਜਾਂ ਠੁਮਰੀ ਨਹੀਂ ਕਿਹਾ ਜਾ ਸਕਦਾ। ਵੱਧ ਤੋਂ ਵੱਧ ਇਸ ਨੂੰ ਬੜੇ ਗੁਲਾਮ ਅਲੀ ਖਾਂ ਦੀ ਬੰਦਿਸ਼ ਆਖਿਆ ਜਾ ਸਕਦਾ ਹੈ।”
ਉਹ ਹਰ ਸ਼ੈਅ ਨੂੰ ਸੰਗੀਤ ਦਾ ਰੂਪ ਦੇ ਦੇਂਦਾ ਸੀ। ਸੁਰਾਂ ਨੂੰ ਦ੍ਰਿਸ਼ਟੀਮੂਲਕ ਬਣਾ ਦੇਂਦਾ। ਇਕ ਵਾਰ ਕੁੱਕੜ ਸਵੇਰ ਸਾਰ ਬਾਂਗ ਦੇ ਰਿਹਾ ਸੀ। ਜਦੋਂ ਬੜੇ ਗੁਲਾਮ ਅਲੀ ਖਾਂ ਨੇ ਸਵੇਰ ਦੇ ਸ਼ਾਂਤ ਵਾਯੂ ਮੰਡਲ ਵਿਚ ਗੂੰਜਦੀ ਹੋਈ ਕੁਕੜੂ-ਘੁੜੂੰ ਸੁਣੀ ਤਾਂ ਉਹ ਆਖਣ ਲੱਗਾ, “ਇਹ ਕੁੱਕੜ, ਰਾਗ ਟੋਡੀ ਵਿਚ ਬਾਂਗਾਂ ਦੇ ਰਿਹਾ ਹੈ। ਇਹਦੇ ਸੁਰਾਂ ਨੂੰ ਸੁਣੋ-ਆਰੋਹੀ ਤੇ ਅਵਰੋਹੀæææ ਸਾ ਰੇ ਮਾ ਪਾ ਧਾ ਪਾ, ਧਾ, ਪਾ, ਮਾ ਪਾ ਧਾ ਮਾ ਪਾ ਗਾ ਰੇæææ ਸਾæææ।”
ਤਾਨ ਦੀ ਸਰਗਮ ਗਤੀ ਨੂੰ ਸਪਸ਼ਟ ਕਰਨ ਲਈ ਉਹ ਵਸਤੂਆਂ ਤੇ ਘਟਨਾਵਾਂ ਦੀਆਂ ਮਿਸਾਲਾਂ ਦੇਂਦਾ। ਜੋ ਤਾਨ ਉਪਰ ਚੜ੍ਹਦੀ ਚੱਕਰ ਕੱਟਦੀ ਤੇ ਅੰਤ ਵਿਚ ਠੀਕ ਸਮ ਉਤੇ ਡਿਗਦੀ ਹੈ, ਉਸ ਬਾਰੇ ਉਹ ਆਖਦਾ ਸੀ, “ਮੈਂ ਸਰਕਸ ਵਿਚ ਬਾਜ਼ੀਗਰ ਨੂੰ ਦੇਖਿਆ। ਉਸ ਨੇ ਚਾਕੂ ਨੂੰ ਹਵਾ ਵਿਚ ਉਛਾਲਿਆ ਤੇ ਜਦੋਂ ਚਾਕੂ ਘੁੰਮਦਾ ਹੋਇਆ ਹੇਠਾਂ ਡਿਗਿਆ ਤਾਂ ਉਸ ਨੇ ਇਸ ਨੂੰ ਦੰਦਾਂ ਵਿਚ ਬੋਚ ਲਿਆ। ਗਾਇਕ ਨੂੰ ਚਾਹੀਦਾ ਹੈ ਕਿ ਉਹ ਤਾਨ ਇਸ ਤਰ੍ਹਾਂ ਮਾਰੇ ਕਿ ਇਹ ਚਾਕੂ ਵਾਂਗ ਸਮ ਉਤੇ ਡਿੱਗੇ। ਇਹੀ ਕਮਾਲ ਹੈ ਤੇ ਸਾਧਨਾ ਹੈ ਸੁਰ ਦੀ।”
ਉਸ ਨੂੰ ਆਪਣੇ ਭਾਰੇ ਸਰੀਰ ਦਾ ਅਹਿਸਾਸ ਸੀ। ਉਸ ਨੇ ਆਪਣੇ ਪਹਿਲਵਾਨੀ ਰੂਪ ਬਾਰੇ ਕਹਾਣੀ ਸੁਣਾਈ। ਕੋਈ ਪੇਂਡੂ ਨਵੀਂ ਦਿੱਲੀ ਦੇ ਕਨਾਟ ਪਲੇਸ ਵਿਚ ਘੁੰਮ ਰਿਹਾ ਸੀ। ਉਸ ਦੀ ਨਜ਼ਰ ਸ਼ੋਅ ਰੂਮ ਵਿਚ ਰੱਖੇ ਰਿਕਾਰਡ ‘ਤੇ ਪਈ ਜਿਸ ਉਤੇ ਬੜੇ ਗੁਲਾਮ ਅਲੀ ਖਾਂ ਦੀ ਤਸਵੀਰ ਸੀ। ਭਾਰੇ ਚਿਹਰੇ ਤੇ ਕੁੰਡਲਦਾਰ ਸਿਆਹ ਮੁੱਛਾਂ ਵੱਲ ਦੇਖ ਕੇ ਪੇਂਡੂ ਨੇ ਆਖਿਆ, “ਬੱਲੇ ਬੱਲੇ ਉਏ ਗਾਮਿਆ, ਹੁਣ ਤੂੰ ਗਾਉਣਾ ਵੀ ਸ਼ੁਰੂ ਕਰ ਦਿੱਤਾ।”
ਉਹ ਸੰਗੀਤ ਬਾਰੇ ਬੜੀਆਂ ਡੂੰਘੀਆਂ ਗੱਲਾਂ ਕਰਦਾ। ਉਸ ਨੂੰ ਸੁਰ ਤੇ ਤਾਲ ਦੀ ਦੁਨੀਆਂ ਦਾ ਅਥਾਹ ਗਿਆਨ ਸੀ। ਕਦੇ ਕਦੇ ਉਹ ਹਉਕਾ ਭਰ ਕੇ ਆਖਦਾ, “ਤੁਹਾਨੂੰ ਕੀ ਪਤਾ ਕਿ ਮੈਂ ਕਿੱਡੇ ਵੱਡੇ ਵੱਡੇ ਉਸਤਾਦਾਂ ਨੂੰ ਸੁਣਿਆ ਹੈ। ਕਮਾਲ ਦਾ ਗਾਉਂਦੇ ਸਨ ਉਹ ਲੋਕ। ਮੈਂ ਕੀ ਹਾਂ ਉਨ੍ਹਾਂ ਸਾਹਮਣੇ। ਮੈਂ ਤਾਂ ਬਸ ਉਨ੍ਹਾਂ ਦੇ ਨਕਸ਼-ਇ-ਕਦਮ ਉਤੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹਾਂ।”
ਇਕ ਵਾਰ ਕਿਸੇ ਬੁੱਧੀਜੀਵੀ ਨੇ ਉਸ ਨੂੰ ਪੁੱਛਿਆ ਕਿ ਉਸ ਨੂੰ ਪਿਕਾਸੋ ਦੀ ਕਲਾ ਬਾਰੇ ਕੁਝ ਪਤਾ ਹੈ? ਬੜੇ ਗੁਲਾਮ ਅਲੀ ਖਾਂ ਨੇ ਤੁਰੰਤ ਜੁਆਬ ਦਿੱਤਾ, “ਪਿਕਾਸੋ ਨੂੰ ਮੇਰੀ ਗਾਇਕੀ ਦਾ ਪਤਾ ਹੈ? ਮੇਰੇ ਲਈ ਇਹ ਕਾਫ਼ੀ ਹੈ ਕਿ ਮੈਂ ਆਪਣੀ ਪਰੰਪਰਾ ਨੂੰ ਜਾਣਦਾ ਹਾਂ, ਰਾਗਾਂ ਦੀ ਦੁਨੀਆਂ ਨੂੰ ਤੇ ਸੁਰਾਂ ਦੇ ਰਾਜ਼ ਨੂੰ। ਸੰਗੀਤ ਨੂੰ ਜਾਣਨਾ ਆਪਣੇ ਆਪ ਨੂੰ ਜਾਣਨਾ ਹੈ। ਮੈਂ ਆਪਣੀ ਖੁਸ਼ੀ ਲਈ ਗਾਉਂਦਾ ਹਾਂ। ਪੈਸੇ ਖਾਤਰ ਵੀ ਗਾਉਂਦਾ ਹਾਂ, ਜਦ ਮੇਰੀ ਗਾਇਕੀ ਪ੍ਰਬੰਧਕਾਂ ਲਈ ਪੈਸੇ ਲਿਆਉਂਦੀ ਹੋਵੇ। ਇਕ ਵਾਰ ਫਿਲਮ ਡਾਇਰੈਕਟਰ ਕੇæ ਆਸਿਫ਼ ਨੇ ਮੈਨੂੰ Ḕਮੁਗਲ-ਇ-ਆਜ਼ਮḔ ਵਿਚ ਗਾਉਣ ਲਈ ਆਖਿਆ। ਅਸੀਂ ਪੈਸਿਆਂ ਬਾਰੇ ਗੱਲ ਕੀਤੀ ਤਾਂ ਉਸ ਨੇ ਪੁੱਛਿਆ, “ਕਿੰਨੇ ਪੈਸੇ ਲਵੋਗੇ ਖਾਂ ਸਾਹਿਬ?” ਮੈਂ ਆਖਿਆ, ਇਕ ਗੀਤ ਦਾ ਵੀਹ ਹਜ਼ਾਰ ਰੁਪਿਆ। ਉਹ ਝੱਟ ਰਜ਼ਾਮੰਦ ਹੋ ਗਿਆ। ਇਹੋ ਵਜ੍ਹਾ ਸੀ ਕਿ ਮੈਂ ਫਿਲਮ ਵਿਚ ਗਾਇਆ, ਪਰ ਜਦੋਂ ਮੈਂ ਆਪਣੇ ਘਰ, ਦੋਸਤਾਂ ਤੇ ਸ਼ਾਗਿਰਦਾਂ ਵਿਚ ਬੈਠ ਕੇ ਗਾਉਂਦਾ ਹਾਂ, ਤਾਂ ਸਿਰਫ਼ ਆਪਣੀ ਖੁਸ਼ੀ ਦੀ ਖਾਤਰ।”

ਬੜੇ ਗੁਲਾਮ ਅਲੀ ਖਾਂ ਦੀ ਸ਼ਾਦੀ 1927 ਵਿਚ ਲਾਹੌਰ ਵਿਚ ਹੋਈ। ਉਸ ਦੀ ਪਤਨੀ ਦਾ ਨਾਂ ਅੱਲਾ ਜਿਵਾਈ ਸੀ। ਉਨ੍ਹਾਂ ਦੇ ਘਰ ਦੋ ਪੁੱਤਰ ਜੰਮੇ- ਕਰਾਮਤ ਅਲੀ ਅਤੇ ਮੁਨੱਵਰ ਅਲੀ। ਅੱਲਾ ਜਿਵਾਈ 1935 ਵਿਚ ਪ੍ਰਲੋਕ ਸਿਧਾਰ ਗਈ ਜਿਸ ਪਿਛੋਂ ਬੜੇ ਗੁਲਾਮ ਅਲੀ ਖਾਂ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਸੰਗੀਤ ਦੇ ਅਰਪਣ ਕਰ ਦਿੱਤਾ। ਉਸ ਦੇ ਦੋਵੇਂ ਪੁੱਤਰ ਉਸ ਦੀ ਨਿਗਰਾਨੀ ਹੇਠ ਪਲਣ ਲੱਗੇ।
ਬੜੇ ਗੁਲਾਮ ਅਲੀ ਖਾਂ ਸਾਰੇ ਹਿੰਦੁਤਸਾਨ ਵਿਚ ਘੁੰਮਿਆ, ਆਪਣੇ ਸੰਗੀਤ ਦਾ ਜਲਵਾ ਦਿਖਾਇਆ ਤੇ ਰੱਜ ਕੇ ਪ੍ਰਸੰਸਾ ਹਾਸਲ ਕੀਤੀ। ਹਰ ਥਾਂ ਬਹੁਤ ਭਾਰੀ ਗਿਣਤੀ ਵਿਚ ਉਸ ਦੇ ਪ੍ਰਸੰਸਕ ਸਨ, ਖਾਸ ਤੌਰ ‘ਤੇ ਬੰਬਈ, ਕਲਕੱਤਾ ਤੇ ਦਿੱਲੀ ਵਿਚ।
ਮੁਲਕ ਦੇ ਬਟਵਾਰੇ ਵੇਲੇ ਉਹ ਆਪਣੇ ਪਰਿਵਾਰ ਸਮੇਤ ਬੰਬਈ ਛੱਡ ਕੇ ਕਰਾਚੀ ਚਲਾ ਗਿਆ ਤੇ ਫਿਰ ਉਥੋਂ ਕਾਬੁਲ। ਪਹਿਲੀ ਨਵੰਬਰ 1947 ਵਿਚ ਲਾਹੌਰ ਵਾਪਸ ਆ ਗਿਆ। ਉਦੋਂ ਤੀਕ ਪਾਕਿਸਤਾਨ ਤੇ ਹਿੰਦੁਸਤਾਨ ਦੋ ਵੱਖਰੇ ਦੇਸ਼ ਬਣ ਚੁੱਕੇ ਸਨ। ਬੜੇ ਗੁਲਾਮ ਅਲੀ ਖਾਂ ਦੀ ਕਲਾ ਭਰ ਜੋਬਨ ਉਤੇ ਸੀ। ਮੁਨੱਵਰ ਅਲੀ ਖਾਂ ਨੇ ਮੈਨੂੰ ਦੱਸਿਆ, “ਜਿਸ ਤਰ੍ਹਾਂ ਖੂਬਸੂਰਤ ਔਰਤ ਆਪਣੇ ਹੁਸਨ ਦਾ ਜਲੌਅ ਦਿਖਾਉਣ ਲਈ ਬੇਤਾਬ ਹੁੰਦੀ ਹੈ ਤੇ ਚਾਹੁੰਦੀ ਹੈ ਕਿ ਹਰ ਪਾਸੇ ਉਸ ਦੇ ਪ੍ਰਸੰਸਕ ਹੋਣ, ਮੇਰੇ ਅੱਬਾ ਨੂੰ ਪ੍ਰਸੰਸਕਾਂ ਤੇ ਸਰੋਤਿਆਂ ਦੀ ਭੁੱਖ ਸੀ। ਉਨ੍ਹੀਂ ਦਿਨੀਂ ਪਾਕਿਸਤਾਨ ਰਿਫਿਊਜੀਆਂ ਨੂੰ ਮੁੜ ਵਸਾਉਣ ਤੇ ਲੱਖਾਂ ਲੋਕਾਂ ਨੂੰ ਘਰ ਦੇਣ ਦੀਆਂ ਸਮੱਸਿਆਵਾਂ ਵਿਚ ਮਸਰੂਫ਼ ਸੀ। ਕਲਾਸਕੀ ਖਯਾਲ ਤੇ ਠੁਮਰੀ ਲਈ ਕਿਸ ਕੋਲ ਸਮਾਂ ਸੀ? ਅੱਬਾ ਜੀ ਨੂੰ ਇਹ ਨਹੀਂ ਸੀ ਪਤਾ ਲਗਦਾ ਕਿ ਕਿਥੇ ਗਾਵੇ ਤੇ ਆਪਣਾ ਸੰਗੀਤਕ ਖਜ਼ਾਨਾ ਕਿਥੇ ਪੇਸ਼ ਕਰੇ।”
ਉਹ ਲਾਹੌਰ ਵਿਚ ਹੀ ਰਿਹਾ। 1948 ਵਿਚ ਉਸ ਮੁੜ ਸ਼ਾਦੀ ਕੀਤੀ ਤੇ ਫਿਰ ਕਰਾਚੀ ਚਲਾ ਗਿਆ। ਦੋਹਾਂ ਸਭਿਆਚਾਰਕ ਰਾਜਧਾਨੀਆਂ ਵਿਚ ਉਸ ਦਾ ਚੱਕਰ ਲਗਦਾ ਰਿਹਾ। ਉਸ ਦੀ ਪੱਕੀ ਗਾਇਕੀ ਕ੍ਰਿਸ਼ਨ ਭਗਤੀ ਤੇ ਬ੍ਰਜ ਕਾਵਿ ਦੀ ਸੰਗੀਤਕਤਾ ਵਿਚ ਭਿੱਜੀ ਹੋਈ ਸੀ। ਇਹ ਕੱਟੜ ਇਸਲਾਮੀ ਖਿੱਤੇ ਵਿਚ ਭਰਵਾਂ ਹੁੰਗਾਰਾ ਨਾ ਪ੍ਰਾਪਤ ਕਰ ਸਕੀ। ਉਸ ਨੂੰ ਇਸ ਦੀ ਬੜੀ ਸਿੱਕ ਸੀ। ਉਸ ਨੇ ਹਉਕਾ ਭਰਿਆ ਤੇ ਮੁਨੱਵਰ ਨੂੰ ਆਖਣ ਲੱਗਾ, “ਪੁੱਤਰ, ਮੈਂ ਕ੍ਰਿਸ਼ਨ ਨੂੰ ਅਲੀ ਜਾਂ ਹੁਸੈਨ ਵਿਚ ਨਹੀਂ ਸਾਂ ਬਦਲ ਸਕਦਾ। ਸੰਗੀਤ ਦੇ ਲਫ਼ਜ਼ੀ ਅਰਥ ਨਹੀਂ ਹੁੰਦੇ, ਇਹ ਨਵਾਂ ਪਸਾਰ ਜਗਾਉਂਦੇ ਹਨ ਤੇ ਸੁਰਾਂ ਦੀਆਂ ਉਤੇਜਨਾਵਾਂ ਰੋਸ਼ਨ ਕਰਦੇ ਹਨ। ਪਾਕਿਸਤਾਨ ਵਿਚ ਕੱਟੜਪੰਥੀ ਲੋਕ ਹਰ ਚੀਜ਼ ਨੂੰ ਇਸਲਾਮੀ ਰੰਗ ਦੇ ਰਹੇ ਹਨ। ਮੈਂ ਭਾਵੇਂ ਆਪਣੇ ਧਰਮ ਤੇ ਆਪਣੀ ਪਰੰਪਰਾ ਨੂੰ ਪਿਆਰ ਕਰਦਾ ਹਾਂ, ਪਰ ਮੈਂ ਕ੍ਰਿਸ਼ਨ ਤੇ ਰਾਧਾ ਦੇ ਸ਼ਿੰਗਾਰਮਈ ਗੀਤਾਂ ਨੂੰ ਬਦਲ ਨਹੀਂ ਸਕਦਾ। ਨਾ ਹੀ ਹਿੰਦੂ ਦਰਸ਼ਨ ਦੀ ਵਿਲਾਸਤਾ ਨਾਲ ਜੁੜੀਆਂ ਠੁਮਰੀਆਂ ਤੇ ਖਯਾਲਾਂ ਦੇ ਸ਼ਬਦਾਂ ਨੂੰ ਨਵਾਂ ਰੂਪ ਦੇ ਸਕਦਾ ਸਾਂ।”
ਉਸ ਨੂੰ ਆਪਣੀ ਕਲਾ ਦੇ ਪ੍ਰਗਟਾਉ ਲਈ ਵਿਸਤਾਰ ਦੀ ਲੋੜ ਸੀ। ਉਹ ਬਗੈਰ ਕਿਸੇ ਸਿਆਸੀ ਬਖੇੜੇ ਦੇ ਆਪਣੀ ਪਤਨੀ ਤੇ ਮੁਨੱਵਰ ਅਲੀ ਨਾਲ 1955 ਵਿਚ ਹਿੰਦੁਸਤਾਨ ਆ ਗਿਆ। ਇਹ ਉਸ ਦੀ ਪ੍ਰਤਿਭਾ ਦਾ ਸੰਗੀਤਕ ਪ੍ਰਗਟਾਵਾ ਸੀ। ਉਸ ਦੇ ਪ੍ਰਸੰਸਕ ਸਾਰੇ ਧਰਮਾਂ ਤੇ ਖਿੱਤਿਆਂ ਦੇ ਸਨ ਤੇ ਉਸ ਦਾ ਸੰਗੀਤ ਧਾਰਮਿਕ ਤੇ ਜਾਤੀਗਤ ਹੱਦਾਂ ਤੋਂ ਮੁਕਤ ਸੀ। ਉਸ ਨੇ ਆਪਣਾ ਸਾਹਿਤਕ ਨਾਂ ḔਸਬਰੰਗḔ ਰੱਖਿਆ ਤੇ ਇਸ ਨਾਂ ਨੂੰ ਗੀਤਾਂ ਵਿਚ ਪਰੋ ਕੇ ਬੰਦਿਸ਼ਾਂ ਬੰਨ੍ਹੀਆਂ। ਇਹ ਨਾਂ ਉਸ ਨੇ ਆਪਣੀਆਂ ਰਚਨਾਵਾਂ ਵਿਚ ਇਤਨੀ ਪ੍ਰਬੁੱਧਤਾ ਨਾਲ ਜੜਿਆ ਕਿ ਇਸ ਦੇ ਸ਼ਾਬਦਿਕ ਅਰਥ ਗੀਤਾਂ ਵਿਚ ਐਨ ਢੁਕਵੇਂ ਬੈਠੇ। ਬੰਬਈ ਨੂੰ ਆਪਣਾ ਘਰ ਬਣਾਇਆ। ਇਥੇ ਉਹ ਮਾਲਾਬਾਰ ਹਿਲਜ਼ ਦੇ ਇਕ ਫਲੈਟ ਵਿਚ ਰਿਹਾ। ਕੁਝ ਸਾਲਾਂ ਪਿਛੋਂ ਆਪਣੀ ਦੂਜੀ ਬੀਵੀ ਨਾਲ ਕਲਕੱਤੇ ਚਲਾ ਗਿਆ।
1958 ਵਿਚ ਉਸ ਨੂੰ ਅਧਰੰਗ ਦਾ ਦੌਰਾ ਪਿਆ ਤੇ ਉਸ ਦਾ ਇਕ ਪਾਸਾ ਮਾਰਿਆ ਗਿਆ, ਪਰ ਉਸ ਨੇ ਫਿਰ ਰਿਆਜ਼ ਸ਼ੁਰੂ ਕਰ ਦਿੱਤਾ, ਡਾਕਟਰ ਦੇ ਮਸ਼ਵਰੇ ਦੇ ਖਿਲਾਫ਼ ਉਹ ਮਾਲਸ਼ੀਏ ਕੋਲੋਂ ਰੋਜ਼ ਮਾਲਿਸ਼ ਕਰਵਾਉਂਦਾ। ਲੱਕੜ ਦੇ ਦੀਵਾਨ ਉਤੇ ਲੇਟਿਆ ਉਹ ਆਪਣੇ ਸਿਰ, ਗਰਦਨ, ਛਾਤੀ, ਪਿੱਠ ਤੇ ਲੱਤਾਂ ਦੀ ਮਾਲਿਸ਼ ਦਾ ਆਨੰਦ ਲੈਂਦਾ ਤੇ ਨਾਲ-ਨਾਲ ਗਾਉਂਦਾ। ਮਾਲਸ਼ੀਏ ਦੀ ਲੈਆਤਮਕ ਚੰਪੀ ਨਾਲ ਸੁਰ ਤੇ ਤਾਲ ਮਿਲਾ ਕੇ ਗਾਉਂਦਾ। ਕਦੇ ਉਹ ਕਿਸੇ ਸਰਗਮ ਜਾਂ ਅਲਾਪ ਜਾਂ ਤਾਨ ਨੂੰ ਵਿਲੰਬਿਤ ਵਿਚ ਗਾਉਂਦੇ ਹੋਏ ਯਕਦਮ ਦ੍ਰਤ ਵਿਚ ਬਦਲ ਦੇਂਦਾ ਅਤੇ ਤਾਨ ਤੇ ਗਰਾਰੀ ਨੂੰ ਮਾਲਿਸ਼ ਦੀ ਤਾਲ ਤੇ ਚਾਲ ਅਨੁਸਾਰ ਤੋਰਦਾ।
ਇਕ ਵਾਰੀ ਉਸ ਨੇ ਮਾਲਸ਼ੀਏ ਨੂੰ ਆਪਣੇ ਸਾਹਮਣੇ ਬਿਠਾ ਲਿਆ ਤੇ ਸ਼ਿੰਗਾਰ ਰਸ ਦੀ ਠੁਮਰੀ ਗਾਉਣ ਲੱਗਾ। ਉਸ ਨੇ ਹੱਥਾਂ ਤੇ ਅੱਖਾਂ ਨਾਲ ਭਾਵ ਦੀ ਅਦਾਇਗੀ ਕੀਤੀ ਤੇ ਪਿਆਰ ਰਸ ਵਿਚ ਡੁੱਬੀ ਠੁਮਰੀ ਨੂੰ ਇਸ ਖੂਬਸੂਰਤੀ ਨਾਲ ਗਾਇਆ ਜਿਵੇਂ ਉਹ ਆਪਣੀ ਮਹਿਬੂਬਾ ਸਾਹਮਣੇ ਬੈਠਾ ਗਾ ਰਿਹਾ ਹੋਵੇ। ਮਾਲਸ਼ੀਆ ਕੀਲਿਆ ਹੋਇਆ ਬੈਠਾ ਸੁਣਦਾ ਰਿਹਾ ਤੇ ਬੜੇ ਗੁਲਾਮ ਅਲੀ ਖਾਂ ਪੇਚਦਾਰ ਤਾਨਾਂ ਤੇ ਪਲਟਿਆਂ ਨਾਲ ਆਪਣਾ ਸ਼ਿੰਗਾਰ ਭਾਵ ਪ੍ਰਗਟਾਉਣ ਵਿਚ ਮੁਗਧ ਸੀ। ਮਾਲਸ਼ੀਆ ਫਸੇ ਹੋਏ ਕਾਂ ਵਾਂਗ ਬੈਠਾ ਸੀ। ਨਾ ਉਠ ਸਕਦਾ ਸੀ, ਨਾ ਹਿਲ ਸਕਦਾ ਸੀ। ਬੜੇ ਗੁਲਾਮ ਅਲੀ ਖਾਂ ਤਾਂ ਮਾਲਸ਼ੀਏ ਦਾ ਸ਼ੁਕਰੀਆ ਅਦਾ ਕਰ ਰਿਹਾ ਸੀ ਤੇ ਠੁਮਰੀ ਉਸ ਦੇ ਹਿੱਤਾਂ ਭੇਟ ਕਰ ਰਿਹਾ ਸੀ। ਮਾਲਸ਼ੀਏ ਨੇ ਇਹੋ ਜਿਹੀ ਜਬਰੀ ਸੰਗੀਤਕ ਸਜ਼ਾ ਕਦੇ ਨਹੀਂ ਸੀ ਕੱਟੀ।
ਜੇ ਕੋਈ ਤਬਲਚੀ ਆਉਂਦਾ ਤਾਂ ਉਹ ਉਸ ਨਾਲ ਸੰਗੀਤ ਦੀਆਂ ਲੈਅਬੱਧ ਵੰਨਗੀਆਂ, ਤਾਲਾਂ, ਤੋੜੇ ਤੇ ਉਨ੍ਹਾਂ ਦੀ ਮਾਤਰਾ ਵੰਡ ਦੀਆਂ ਗੱਲਾਂ ਕਰਦਾ ਤਬਲਚੀ ਨੂੰ ਝੱਟ ਤਾਲ ਵਜਾਉਣ ਲਈ ਆਖਦਾ ਤੇ ਉਤਨੇ ਹੀ ਸਮੇਂ ਵਿਚ ਉਹ ਖੁਦ ਤੀਨ ਤਾਲ ਦੀਆਂ ਸੋਲਾਂ ਮਾਤਰਾਂ ਗਿਣਦਾ ਤੇ ਦੋਵੇਂ ਜਣੇ ਵੱਖ-ਵੱਖ ਤਾਲ ਚੱਕਰਾਂ ਨੂੰ ਕਟਦੇ ਇਕੋ ਵੇਲੇ ਸਮ ਉਤੇ ਆ ਡਿਗਦੇ। ਇਸ ਪ੍ਰਕਾਰ ਉਹ ਕਈ ਮਿਸ਼ਰਿਤ ਤਾਲ ਵੰਨਗੀਆਂ ਸਿਰਜਦਾ ਤੇ ਸ੍ਰੋਤਿਆਂ ਦੇ ਦਰਸ਼ਕਾਂ ਨੂੰ ਚਕ੍ਰਿਤ ਕਰ ਦੇਂਦਾ।
ਬਿਮਾਰੀ ਦੀ ਹਾਲਤ ਵਿਚ ਇਕ ਵਾਰ ਇਕ ਮਸ਼ਹੂਰ ਡਾਕਟਰ ਉਸ ਨੂੰ ਦੇਖਣ ਲਈ ਆਇਆ। ਡਾਕਟਰ ਨੇ ਸੋਚਿਆ ਕਿ ਉਹ ਬਿਸਤਰੇ ਵਿਚ ਪਏ ਅਧਰੰਗ ਦੇ ਮਾਰੇ ਕਿਸੇ ਮਰੀਜ਼ ਨੂੰ ਮਿਲੇਗਾ, ਪਰ ਉਸ ਨੇ ਬੜੇ ਗੁਲਾਮ ਅਲੀ ਖਾਂ ਨੂੰ ਤਖ਼ਤਪੋਸ਼ ਉਤੇ ਬੈਠੇ ਗਾਉਂਦੇ ਹੋਏ ਦੇਖਿਆ। ਡਾਕਟਰ ਨੂੰ ਹੈਰਾਨੀ ਹੋਈ ਕਿ ਬੜੇ ਗੁਲਾਮ ਅਲੀ ਖਾਂ ਰਿਆਜ਼ ਕਰ ਰਿਹਾ ਸੀ, ਸ਼ਾਗਿਰਦਾਂ ਨੂੰ ਹਦਾਇਤਾਂ ਦੇ ਰਿਹਾ ਸੀ, ਤਾਨਾਂ ਤੇ ਰਾਗਣੀਆਂ ਦੇ ਅਰਥ ਗਾ ਕੇ ਸਮਝਾ ਰਿਹਾ ਸੀ। ਡਾਕਟਰ ਆਖਣ ਲੱਗਾ ਕਿ ਇਹ ਗੱਲ ਸੰਗੀਤਕ ਇਤਿਹਾਸ ਵਿਚ ਹੀ ਨਹੀਂ, ਸਗੋਂ ਡਾਕਟਰੀ ਇਤਿਹਾਸ ਵਿਚ ਵੀ ਮਿਸਾਲ ਹੈ ਕਿ ਕਿਵੇਂ ਦ੍ਰਿੜ ਨਿਸਚੇ ਵਾਲਾ ਸੰਗੀਤਕਾਰ ਆਪਣੇ ਸਰੀਰ ਵਿਚ ਨਵੀਂ ਸ਼ਕਤੀ ਭਰ ਸਕਦਾ ਹੈ। ਅਧਰੰਗ ਦੇ ਦੌਰੇ ਕਾਰਨ ਉਸ ਦੇ ਚਿਹਰੇ ਦਾ ਇਕ ਪਾਸਾ ਵਿਗੜ ਗਿਆ ਸੀ ਤੇ ਜਿਸਮ ਦਾ ਅੱਧਾ ਹਿੱਸਾ ਨਿਸੱਤਾ ਹੋ ਗਿਆ ਸੀ। ਬੜੇ ਗੁਲਾਮ ਅਲੀ ਖਾਂ ਬੜੀ ਖੁਸ਼ੀ ਤੇ ਖੂਬੀ ਨਾਲ ਭਲੀ-ਭਾਂਤ ਦਸ-ਬਾਰਾਂ ਸਾਲ ਆਪਣੇ ਕਲਾ ਦੇ ਜੌਹਰ ਦਿਖਾਉਂਦਾ ਰਿਹਾ। ਉਹ ਆਖਣ ਲੱਗਾ, “ਡਾਕਟਰਾਂ ਦੀਆਂ ਗੱਲਾਂ ‘ਤੇ ਨਾ ਜਾਓ। ਉਹ ਮੈਨੂੰ ਆਖਦੇ ਨੇ- Ḕਬਸ ਬਿਸਤਰੇ ਵਿਚ ਪਏ ਰਹੋ, ਆਰਾਮ ਕਰੋḔ। ਡਾਕਟਰ ਨੇ ਮੈਨੂੰ ਮਸ਼ਵਰਾ ਦਿੱਤਾ ਕਿ ਮੈਂ ਰਿਆਜ਼ ਨਾ ਕਰਾਂ। ਭਲਾ ਦੱਸੋ, ਮੈਂ ਰਿਆਜ਼ ਕੀਤੇ ਬਿਨਾਂ ਕਿਵੇਂ ਰਹਿ ਸਕਦਾ ਹਾਂ? ਇਹ ਤਾਂ ਬਿਲਕੁਲ ਉਵੇਂ ਹੀ ਹੈ ਜਿਵੇਂ ਮੈਨੂੰ ਕੋਈ ਆਖੇ ਕਿ ਸਾਹ ਲੈਣਾ ਬੰਦ ਕਰ ਦੇ। ਰਿਆਜ਼ ਤਾਂ ਮੈਂ ਕਰਨਾ ਹੀ ਕਰਨਾ ਹੈ। ਇਹ ਮੇਰੀ ਜ਼ਿੰਦਗੀ ਹੈæææ।”
ਇਕ ਦਿਨ ਅਚਾਨਕ ਕੱਥਕ ਡਾਂਸਰ ਸ਼ੰਭੂ ਮਹਾਰਾਜ ਉਸ ਨੂੰ ਮਿਲਣ ਗਿਆ। ਬੜੇ ਗੁਲਾਮ ਅਲੀ ਖਾਂ ਨੇ ਉਸ ਨੂੰ ਖੁਸ਼-ਆਮਦੀਦ ਆਖਿਆ। ਆਪਣੇ ਪੁਰਾਣੇ ਮਿੱਤਰ ਦੇ ਆਉਣ ਦੀ ਖੁਸ਼ੀ ਵਿਚ ਝੂਮ ਕੇ ਠੁਮਰੀ ਗਾਉਣ ਲੱਗਾ। ਜਦੋਂ ਉਹ ਗਾ ਰਿਹਾ ਸੀ ਤਾਂ ਸ਼ੰਭੂ ਮਹਾਰਾਜ ਨੇ ਇਸ ਨੂੰ ਨ੍ਰਿਤ ਦੀਆਂ ਮੁਦਰਾਵਾਂ ਤੇ ਭਾਵਾਂ ਦੁਆਰਾ ਰੂਪਮਾਨ ਕਰਨਾ ਸ਼ੁਰੂ ਕਰ ਦਿੱਤਾ। ਇਹ ਇਕ ਪ੍ਰਕਾਰ ਦੀ ਦੋ ਉਸਤਾਦਾਂ ਦੀ ਜੁਗਲਬੰਦੀ ਸੀ, ਦੋਵੇਂ ਜਜ਼ਬੇ ਨੂੰ ਉਭਾਰ ਰਹੇ ਸਨ ਤੇ ਸਿਖਰਾਂ Ḕਤੇ ਪਹੁੰਚਾ ਰਹੇ ਸਨ। ਦੋਹਾਂ ਦਾ ਜਤਨ ਸੀ ਕਿ ਮਹਿਬੂਬ ਦੀ ਸਿਰਜਣਾਤਕ ਝਲਕ ਵਿਚ ਇਕ ਦੂਜੇ ਨੂੰ ਮਾਤ ਪਾਇਆ ਜਾਵੇ।
ਬੜੇ ਗੁਲਾਮ ਅਲੀ ਖਾਂ ਹਰ ਕਾਰਜ, ਰੌਂਅ ਤੇ ਅਵਸਰ ਨੂੰ ਸੰਗੀਤ ਵਿਚ ਪ੍ਰਗਟਾਉਣ ਦੀ ਹੱਦ ਤੀਕ ਜਾਂਦਾ। ਇਹ ਸੰਗੀਤਕ ਜਨੂੰਨ ਜੇ ਕਿਸੇ ਮਾੜੇ-ਮੋਟੇ ਸੰਗੀਤਕਾਰ ਵਿਚ ਹੁੰਦਾ ਤਾਂ ਲੋਕਾਂ ਨੇ ਉਸ ਨੂੰ ਸਿਰ ਫਿਰਿਆ ਆਖਣਾ ਸੀ, ਪਰ ਬੜੇ ਗੁਲਾਮ ਅਲੀ ਖਾਂ ਦੇ ਪ੍ਰਸੰਗ ਵਿਚ ਇਹ ਉਤਮ ਸੰਗੀਤਕ ਸਿਰਜਣਾ ਬਣ ਗਿਆ। ਇਹ ਜਨੂੰਨ ਉਸ ਉਤੇ ਇਤਨਾ ਹਾਵੀ ਸੀ ਕਿ ਦੰਦਾਂ ਨੂੰ ਬੁਰਸ਼ ਕਰਦਿਆਂ ਤੇ ਸ਼ੇਵ ਕਰਦਿਆਂ ਵੀ ਉਹ ਗਤੀ ਅਨੁਸਾਰ ਕੋਈ ਰਾਗਣੀ ਗੁਣਗੁਣਾਉਂਦਾ। ਗੱਡੀ ਵਿਚ ਸਫ਼ਰ ਕਰਦਿਆਂ ਉਹ ਇਸ ਦੀ ਰਫ਼ਤਾਰ ਤੇਜ਼ ਹੋਣ ਨਾਲ ਤਾਨ ਨੂੰ ਤੇਜ਼ ਕਰਦਾ ਤੇ ਜਦੋਂ ਗੱਡੀ ਸਟੇਸ਼ਨ ਦੇ ਨੇੜੇ ਆਉਣ ਲਗਦੀ ਤੇ ਇਸ ਦੀ ਰਫ਼ਤਾਰ ਹੌਲੀ ਹੁੰਦੀ ਤਾਂ ਉਹ ਸਰਗਮ ਦੀ ਰਫਤਾਰ ਵਿਚ ਦੇਖਿਆ ਜਾਂਦਾ ਹੈ- ਝੱਲਾ, ਖੂਬਸੂਰਤ, ਸੁੱਚਾ ਤੇ ਸਾਧਨ ਸੰਪੰਨ।
ਉਸ ਦੀ ਚਹੇਤੀ ਸ਼ਾਗਿਰਦ ਮਾਲਿਤੀ ਗਿਲਾਨੀ ਆਖਦੀ ਹੈ, “ਮੈਂ ਬੜੇ ਗੁਲਾਮ ਅਲੀ ਖਾਂ ਨੂੰ ਉਨੀ ਸੌ ਤਰੇਹਠ ਵਿਚ ਕਲਕੱਤੇ ਦੀ ਇਕ ਮਹਿਫ਼ਲ ਵਿਚ ਮਿਲੀ। ਗਾਣਾ ਖਤਮ ਹੋਣ ‘ਤੇ ਖਾਂ ਸਾਹਿਬ ਨੇ ਮੇਰੇ ਵੱਲ ਉਦਾਰਤਾ ਨਾਲ ਦੇਖਿਆ। ਉਹ ਬੜੇ ਖੁਸ਼ ਹੋਏ ਕਿ ਮੈਂ ਪੰਜਾਬੀ ਸਾਂ ਤੇ ਮੈਨੂੰ ਸੰਗੀਤ ਦਾ ਸ਼ੌਕ ਸੀ। ਉਨ੍ਹਾਂ ਮੈਨੂੰ ਆਪਣਾ ਪਤਾ ਦਿੱਤਾ। ਕੁਝ ਦਿਨਾਂ ਪਿਛੋਂ ਮੈਂ ਉਨ੍ਹਾਂ ਨੂੰ ਮਿਲਣ ਗਈ। ਉਹ ਕਮਰੇ ਵਿਚ ਤਖਤਪੋਸ਼ ਉਤੇ ਬੈਠੇ ਸਨ। ਉਨ੍ਹਾਂ ਦੇ ਬੰਗਾਲੀ ਸ਼ਾਗਿਰਦ ਹੇਠਾਂ ਦਰੀ ਉਤੇ। ਉਨ੍ਹਾਂ ਨੇ ਮੈਨੂੰ ਆਖਿਆ, ਮੈਂ ਉਨ੍ਹਾਂ ਨੂੰ ਗਾ ਕੇ ਸੁਣਾਵਾਂ। ਮੈਂ ਗੰਧਰਵ ਮਹਾਵਿਦਿਆਲਯ ਤੋਂ ਪੰਜ ਸਾਲ ਕਲਾਸਕੀ ਸੰਗੀਤ ਸਿਖਿਆ ਸੀ। ਪੱਕਾ ਰਾਗ ਗਾਇਆ। ਉਹ ਹੱਸ ਕੇ ਆਖਣ ਲੱਗੇ, “ਪੁੱਤਰ, ਇਹ ਕੋਈ ਸੰਗੀਤ ਨਹੀਂ। ਜੇ ਤੂੰ ਗਾਉਣਾ ਚਾਹੁੰਦੀ ਹੈ ਤਾਂ ਤੈਨੂੰ ਠੀਕ ਤਰੀਕੇ ਨਾਲ ਗਾਉਣਾ ਸਿੱਖਣਾ ਚਾਹੀਦਾ ਹੈ। ਸੰਗੀਤ ਰਿਆਜ਼ ਮੰਗਦਾ ਹੈ, ਸਾਧਨਾ ਤੇ ਤਵੱਜੋਂ।” ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਮੈਨੂੰ ਰਾਗ ਵਿਦਿਆ ਸਿਖਾ ਦੇਣ। ਉਨ੍ਹਾਂ ਦੇ ਆਖਿਆ, “ਪੁੱਤਰ, ਮੈਂ ਤੈਨੂੰ ਨਹੀਂ ਸਿਖਾ ਸਕਦਾ। ਮੈਂ ਬਹੁਤ ਮਸਰੂਫ਼ ਹਾਂ। ਕਈ ਵਾਰ ਮੈਂ ਲੰਮੇ ਸਫ਼ਰ ਉਤੇ ਜਾਂਦਾ ਹਾਂ। ਤੂੰ ਕਿਸੇ ਹੋਰ ਉਸਤਾਦ ਤੋਂ ਸਿੱਖ। ਇਹ ਬੜੀ ਮਿਹਨਤ ਦਾ ਕੰਮ ਹੈ।” ਪਰ ਮੈਂ ਉਨ੍ਹਾਂ ਨੂੰ ਹੀ ਮਨ ਵਿਚ ਆਪਣਾ ਗੁਰੂ ਧਾਰ ਚੁੱਕੀ ਸਾਂ। ਇਕ ਦਿਨ ਮੈਂ ਆਪਣੀ ਮਾਂ ਨੂੰ ਨਾਲ ਲੈ ਕੇ ਖਾਂ ਸਾਹਿਬ ਕੋਲ ਗਈ। ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਮੈਨੂੰ ਆਪਣੀ ਸ਼ਾਗਿਰਦੀ ਵਿਚ ਲੈ ਲੈਣ। ਸਾਡੇ ਮਜਬੂਰ ਕਰਨ Ḕਤੇ ਉਨ੍ਹਾਂ ਮੇਰੀ ਅਰਜ਼ ਕਬੂਲ ਕੀਤੀ। ਸ਼ਾਗਿਰਦੀ ਦੀ ਰਸਮ ਦਾ ਦਿਨ ਮੁਕੱਰਰ ਹੋਇਆ। ਮੈਂ ਫਲ, ਫੁੱਲ, ਨਾਰੀਅਲ, ਮਿਠਾਈ, ਰੇਸ਼ਮੀ ਕੁੜਤਾ ਪਜਾਮਾ ਤੇ ਰੇਸ਼ਮੀ ਸ਼ਾਲ ਲੈ ਕੇ ਗਈ ਤੇ ਇਹ ਚੀਜ਼ਾਂ ਉਨ੍ਹਾਂ ਨੂੰ ਭੇਟ ਕੀਤੀਆਂ। ਉਨ੍ਹਾਂ ਨੇ ਮੇਰੀ ਕਲਾਈ ਉਤੇ ਗੰਡਾ ਬੰਨ੍ਹਣ ਦੀ ਰਸਮ ਅਦਾ ਕੀਤੀ।”
ਕੁਝ ਦੇਰ ਸੋਚ ਕੇ ਮਾਲਿਤੀ ਨੇ ਆਖਿਆ, “ਜਦੋਂ ਖਾਂ ਸਾਹਿਬ ਉਦਾਸ ਹੁੰਦੇ, ਤਾਂ ਅਸੀਂ ਕਾਰ ਵਿਚ ਘੁੰਮਣ ਲਈ ਨਿਕਲਦੇ। ਜਦੋਂ ਮੈਂ ਕਾਰ ਚਲਾ ਰਹੀ ਹੁੰਦੀ, ਤਾਂ ਉਹ ਆਪਣੀਆਂ ਸੰਗੀਤਕ ਹਦਾਇਤਾਂ ਜਾਰੀ ਰੱਖਦੇ। ਉਹ ਆਖਦੇ, “ਪੁੱਤਰ ਅਹੁ ਦੇਖ ਸਾਹਮਣੇ ਲਾਲ ਬੱਤੀ। ਤੂੰ ਇਸ ਹਿਸਾਬ ਨਾਲ ਬਰੇਕ ਲਗਾ ਕਿ ਕਾਰ ਐਨ ਚਿੱਟੀ ਲੀਕ ਦੇ ਨਿਸ਼ਾਨ ‘ਤੇ ਜਾ ਕੇ ਰੁਕ ਜਾਵੇਗੀ। ਤੈਨੂੰ ਚਾਹੀਦਾ ਹੈ ਕਿ ਤਾਨ ਵੀ ਇਸ ਤਰ੍ਹਾਂ ਮਾਰੇ ਕਿ ਇਹ ਆਰੋਹੀ ਤੇ ਅਵਰੋਹੀ ਦੀਆਂ ਸਰਗਮਾਂ ਨੂੰ ਚੰਡਦੀ ਐਨ ਠੀਕ ਸਮ ਉਤੇ ਆ ਕੇ ਡਿੱਗੇ।” ਜੇ ਮੈਂ ਸੜਕ ਦਾ ਮੋੜ ਕੱਟਦੇ ਹੋਏ ਕਾਰ ਨੂੰ ਮੋੜਦੀ ਤਾਂ ਉਹ ਆਖਦੇ, “ਪੁੱਤਰ, ਆਪਣੀ ਆਵਾਜ਼ ਨੂੰ ਵੀ ਗਲੇ ਵਿਚ ਇਸੇ ਖੂਬੀ ਨਾਲ ਮੋੜਿਆ ਕਰ। ਤੂੰ ਕਾਰ ਏਨੀ ਵਧੀਆ ਚਲਾਉਂਦੀ ਏਂ, ਹੈਰਾਨੀ ਦੀ ਗੱਲ ਹੈ ਕਿ ਤੂੰ ਵਧੀਆ ਗਾ ਕਿਉਂ ਨਹੀਂ ਸਕਦੀ।” ਉਨ੍ਹਾਂ ਨੂੰ ਹਰ ਕੰਮ ਤੋਂ ਉਤਸ਼ਾਹ ਮਿਲਦਾ। ਪੰਛੀ ਦੀ ਉਡਾਣ ਤੋਂ, ਪਾਣੀ ਵਿਚ ਤੈਰਦੀ ਮੱਛੀ ਤੋਂ, ਸਰਪਟ ਦੌੜਦੇ ਘੋੜੇ ਤੋਂ, ਖਿੜੇ ਹੋਏ ਫੁੱਲ ਤੋਂ, ਗੁਲਾਬ ਦੀ ਪੱਤੀ Ḕਤੇ ਪਏ ਤ੍ਰੇਲ ਤੁਪਕਿਆਂ ਤੋਂ। ਉਹ ਇਨ੍ਹਾਂ ਸਭਨਾਂ ਨੂੰ ਤਾਨਾਂ ਤੇ ਲੈਅਮਈ ਸੁਰਾਂ ਵਿਚ ਪ੍ਰਗਟਾਉਂਦੇ।
ਬੜੇ ਗੁਲਾਮ ਅਲੀ ਖਾਂ ਦਾ ਸਮੁੱਚਾ ਜੀਵਨ ਸੰਗੀਤ ਸੀ ਤੇ ਇਸ ਨਾਲ ਜੁੜੇ ਹੋਏ ਸਾਰੇ ਤੱਤ- ਸਾਜ਼, ਸਵੱਰ, ਲੈਅ, ਬੋਲ। ਉਸ ਦੀ ਗਾਇਕੀ ਵਿਚ ਸਭ ਤੋਂ ਮਹੱਤਵਪੂਰਨ ਤੱਤ ਸੀ ਬੋਲ ਦੀ ਅਦਾਇਗੀ। ਸ਼ਬਦ ਨੂੰ ਕਿਸ ਤਰ੍ਹਾਂ ਲੰਮਾ ਕੀਤਾ ਜਾਵੇ, ਕਿਵੇਂ ਖਿੱਚਿਆ ਜਾਵੇ, ਕਿਵੇਂ ਇਸ ਵਿਚ ਜਜ਼ਬਾ ਭਰਿਆ ਜਾਵੇ। ਉਸ ਨੇ ਪੱਕੇ ਰਾਗ ਨੂੰ ਮਕਬੂਲ ਕੀਤਾ। ਕਲਾਸਕੀ ਰੂਹ ਨੂੰ ਬਰਕਰਰ ਰੱਖਦੇ ਹੋਏ ਆਪਣੇ ਸੰਗੀਤ ਨੂੰ ਖੂਬਸੂਰਤ ਦਿਲਕਸ਼ ਤੇ ਸੱਜਰਾ ਬਣਾਇਆ। ਉਹ ਸੰਗੀਤ ਨੂੰ ਕਮਾਈ ਦਾ ਸਾਧਨ ਨਹੀਂ ਸੀ ਸਮਝਦਾ। ਉਹ ਆਖਦਾ ਸੀ, “ਕੀ ਮੈਂ ਪੈਸੇ ਕਮਾਉਣ ਦੀ ਖਾਤਰ ਗਾਉਂਦਾ ਹਾਂ? ਨਹੀਂ। ਮੈਂ ਗਾਉਂਦਾ ਹਾਂ ਕਿਉਂਕਿ ਮੈਨੂੰ ਸੰਗੀਤ ਨਾਲ ਇਸ਼ਕ ਹੈ। ਇਹ ਅੱਲ੍ਹਾ ਦਾ ਫਜ਼ਲ ਹੈ। ਮੈਂ ਹੋਰ ਕੁਝ ਨਹੀਂ ਕਰ ਸਕਦਾ। ਮੈਂ ਸਿਰਫ਼ ਗਾ ਸਕਦਾ ਹਾਂ।”
ਕਿਸੇ ਪ੍ਰੋਗਰਾਮ ਜਾਂ ਸੰਗੀਤ ਵਾਦਨ ‘ਤੇ ਜਾਣਾ ਹੁੰਦਾ ਤਾਂ ਉਸ ਨੂੰ ਚਾਅ ਚੜ੍ਹ ਜਾਂਦਾ। ਸਵੇਰੇ ਤੋਂ ਹੀ ਉਹ ਤਿਆਰੀ ਕਰਨੀ ਸ਼ੁਰੂ ਕਰ ਦਿੰਦਾ। ਖਿਜ਼ਾਬ ਵਿਚ ਮਹਿੰਦੀ ਰਲਾ ਕੇ ਸਭ ਤੋਂ ਪਹਿਲਾਂ ਆਪਣੀਆਂ ਭਵਾਂ ਰੰਗਦਾ, ਫਿਰ ਮੁੱਛਾਂ ਤੇ ਅਖੀਰ ਵਿਚ ਸਿਰ Ḕਤੇ ਥੋੜ੍ਹੇ ਜਿਹੇ ਵਾਲਾਂ ਨੂੰ ਚਮਕਾਉਂਦਾ, ਜਿਸਤ ਦੇ ਸੁਰਮਚੂ ਨਾਲ ਅੱਖਾਂ ਵਿਚ ਸੁਰਮਾ ਪਾਉਂਦਾ। ਉਸ ਦੇ ਸੱਜ ਹੱਥ ਦੀ ਉਂਗਲ ਵਿਚ ਸੋਨੇ ਦੀ ਮੁੰਦਰੀ ਪਾਈ ਹੁੰਦੀ ਜਿਸ ਵਿਚ ਵੱਡਾ ਫਿਰੋਜ਼ਾ ਜੜਿਆ ਹੁੰਦਾ। ਉਹ ਕਮੀਜ਼ ਤੇ ਟੋਪੀ ਲਈ ਮਚਲ ਜਾਂਦਾ। ਘਰ ਵਿਚ ਸਾਰੇ ਜਣੇ ਇਹ ਟੋਪੀ ਲੱਭ ਰਹੇ ਹੁੰਦੇ ਤੇ ਉਹ ਰੁੱਸ ਜਾਂਦਾ ਕਿ ਇਸ ਟੋਪੀ ਬਗੈਰ ਉਸ ਨੇ ਪ੍ਰੋਗਰਾਮ ਕਰਨ ਹੀ ਨਹੀਂ ਜਾਣਾ। ਆਖਰ ਇਹ ਟੋਪੀ ਮਿਲ ਜਾਂਦੀ ਤੇ ਉਹ ਠਾਠ ਨਾਲ ਪਹਿਨ ਕੇ ਖਿੜ ਉਠਦਾ।
ਉਸ ਦੀ ਗਾਇਕੀ ਦੀ ਪ੍ਰਤਿਭਾ ਦੀ ਸ਼ਲਾਘਾ ਕਰਦਿਆਂ ਰਾਸ਼ਟਰਪਤੀ ਨੇ ਉਸ ਨੂੰ ਪਦਮ ਭੂਸ਼ਨ ਨਾਲ ਸਨਮਾਨਿਆ। ਵਿਸ਼ਵ ਭਾਰਤੀ ਵੱਲੋਂ ਡੀæਲਿਟæ ਦੀ ਡਿਗਰੀ ਤੇ ਸੰਗੀਤ ਨਾਟਕ ਅਕਾਦਮੀ ਵੱਲੋਂ ਹਿੰਦੁਸਤਾਨੀ ਮਿਊਜ਼ਕ ਦਾ ਐਵਾਰਡ ਮਿਲਿਆ। ਕਈ ਰਾਜਿਆਂ ਤੇ ਨਵਾਬਾਂ ਦੇ ਦਰਬਾਰਾਂ ਤੋਂ ਵੀ ਉਸ ਨੂੰ ਸਨਮਾਨ ਪ੍ਰਾਪਤ ਹੋਇਆ।
1967 ਦੇ ਅਖੀਰ ਵਿਚ ਉਹ ਹੈਦਰਾਬਾਦ ਗਿਆ ਅਤੇ ਨਵਾਬ ਜ਼ਹੀਰ ਯਾਰ ਜੰਗ ਦੇ ਮਹਿਲ ਵਿਚ ਠਹਿਰਿਆ। ਇਥੇ ਉਸ ਨੂੰ ਦਿਲ ਦਾ ਦੌਰਾ ਪਿਆ। ਉਹ ਇਤਨਾ ਬਿਮਾਰ ਤੇ ਕਮਜ਼ੋਰ ਹੋ ਗਿਆ ਕਿ ਸਫਰ ਨਹੀਂ ਸੀ ਕਰ ਸਕਦਾ। ਨਵਾਬ ਯਾਰ ਜੰਗ ਦੇ ਮਹਿਲ ਦੇ ਇਕ ਕਮਰੇ ਵਿਚ ਉਸ ਦਾ ਇਲਾਜ ਹੋਣ ਲੱਗਾ। ਉਸ ਦੇ ਕਮਰੇ ਦੀਆਂ ਵੱਡੀਆਂ ਖਿੜਕੀਆਂ ਵਿਚੋਂ ਦੀ ਦਰਖਤਾਂ ਤੇ ਆਸਮਾਨ ਦਾ ਦ੍ਰਿਸ਼ ਨਜ਼ਰ ਆਉਂਦਾ ਸੀ। ਉਸ ਦੇ ਸਿਰਹਾਂਦੀ ਕੰਧ ਉਤੇ ਚੁਗਤਾਈ ਦੀ ਬਣਾਈ ਹੋਈ ਕਿਸੇ ਔਰਤ ਦੀ ਪੇਂਟਿੰਗ ਟੰਗੀ ਹੋਈ ਸੀ।
ਖਾਂ ਸਾਹਿਬ ਦਾ ਜਿਗਰ ਵਧ ਗਿਆ ਸੀ, ਇਸ ਲਈ ਉਹ ਸਿੱਧਾ ਨਹੀਂ ਸੀ ਲੇਟ ਸਕਦਾ, ਸਗੋਂ ਵੱਡੇ ਤਕੀਏ ਦਾ ਢਾਸਣਾ ਲਾ ਕੇ ਲੇਟਣਾ ਪੈਂਦਾ ਸੀ। ਪੀੜ ਦੀ ਹਾਲਤ ਵਿਚ ਉਹ ਸੌਂ ਨਹੀਂ ਸੀ ਸਕਦਾ। ਬਿਜਲੀ ਦਾ ਪੁਰਾਣਾ ਪੱਖਾ ਘੂੰ-ਘੂੰ ਦੀ ਆਵਾਜ਼ ਕਰਦਾ ਸੀ। ਬੜੇ ਗੁਲਾਮ ਅਲੀ ਖਾਂ ਨੂੰ ਇਹ ਘੂੰ-ਘੂੰ ਦੇ ਸੁਰ ਵਾਂਗ ਜਾਪਦੀ। ਉਹ ਇਸ ਨੂੰ ਸਾਂ ਮੰਨ ਕੇ ਆਵਾਜ਼ ਚਲਾਉਂਦਾ ਤੇ ਕਈ-ਕਈ ਘੰਟੇ ਟੋਡੀ ਜਾਂ ਭੈਰਵੀ ਗੁਣਗੁਣਾਉਂਦਾ ਰਹਿੰਦਾ।
ਨਵਾਬ ਦੇ ਮਹਿਲ ਦਾ ਇਹ ਕੈਦੀ, ਇਹ ਮਹਾਨ ਸੰਗੀਤਕਾਰ, ਇਹ ਪਟਿਆਲਾ ਘਰਾਣੇ ਦੀ ਗਾਇਕੀ ਦਾ ਅਜ਼ੀਮ ਗਵੱਈਆ ਇਸੇ ਹਾਲਤ ਵਿਚ ਕਈ ਮਹੀਨੇ ਉਥੇ ਪਿਆ ਰਿਹਾ। ਉਸ ਦੀ ਆਜ਼ਾਦ ਤਬੀਅਤ ਦੀ ਪਰਵਾਜ਼ ਇਸ ਹਾਲਤ ਵਿਚ ਵੀ ਸੰਗੀਤ ਦੇ ਖੂਬਸੂਰਤ ਸਵੱਰ ਮਹਿਲ ਖੜ੍ਹੇ ਕਰਦੀ ਤੇ ਫਿਜ਼ਾ ਵਿਚ ਰਾਗ ਰਾਗਣੀਆਂ ਦਾ ਟੂਣਾ ਫੂਕਦੀ।
ਆਖਿਰ 23 ਅਪਰੈਲ 1968 ਦੀ ਸਵੇਰ ਨੂੰ ਉਹ ਬੇਹੋਸ਼ ਹੋ ਗਿਆ ਤੇ ਸਾਰਾ ਦਿਨ ਇਸ ਹਾਲਤ ਵਿਚ ਪਿਆ ਰਿਹਾ। ਰਾਤ ਦੇ ਸਵਾ ਦਸ ਵਜੇ ਉਸ ਨੇ ਪ੍ਰਾਣ ਤਿਆਗ ਦਿੱਤੇ। ਮੁਨੱਵਰ ਅਲੀ ਖਾਂ ਜੋ ਉਸ ਵੇਲੇ ਉਸ ਦੇ ਸਿਰਹਾਣੇ ਬੈਠਾ ਹੋਇਆ ਸੀ, ਆਖਦਾ ਸੀ- “ਮੇਰੇ ਅੱਬਾ ਆਖਰੀ ਵਕਤ ਮਾਲਕੌਂਸ ਦਾ ਅਲਾਪ ਕਰ ਰਹੇ ਸਨ।”
-0-